ਪੰਜਾਬ
ਵਿਚ ਤੇ ਸਿੱਖ ਧਰਮ ਵਿਚ ਧਰਮ ਪਰਿਵਰਤਨ ਦੀ ਲਹਿਰ ਪਿਛਲੇ ਕੁਝ ਦਹਾਕਿਆਂ ਤੋਂ ਹੀ
ਜਾਰੀ ਹੈ। ਪਹਿਲਾਂ ਇਹ ਡੇਰਾਵਾਦ ਦੇ ਰੂਪ ਵਿਚ ਚਲਦੀ ਰਹੀ। ਸਮੇਂ ਦੀਆਂ ਹਕੂਮਤਾਂ ਵੀ
ਵੋਟ ਦੀ ਰਾਜਨੀਤੀ 'ਤੇ ਚਲਦਿਆਂ ਇਨ੍ਹਾਂ ਡੇਰਿਆਂ ਦੀ ਸਰਪ੍ਰਸਤੀ ਕਰਦੀਆਂ ਰਹੀਆਂ।
ਹੁਣ ਕੁਝ ਇਸਾਈ ਜਥੇਬੰਦੀਆਂ ਵਲੋਂ ਵੀ ਧਰਮ ਪਰਿਵਰਤਨ ਦੀ ਲਹਿਰ ਤੇਜ਼ ਕੀਤੀ ਗਈ ਹੈ।
ਪਰ ਪਿਛਲੇ ਲੰਮੇ ਸਮੇਂ ਤੋਂ ਹੀ ਸਿੱਖ ਲੀਡਰਸ਼ਿਪ ਵਲੋਂ ਇਨ੍ਹਾਂ ਲਹਿਰਾਂ
ਦਾ ਜ਼ੁਬਾਨੀ ਕਲਾਮੀ ਵਿਰੋਧ ਜਾਂ ਫਿਰ ਕੁਝ ਜਥੇਬੰਦੀਆਂ ਵਲੋਂ ਹਥਿਆਰਬੰਦ ਟਕਰਾਅ
ਵਾਲਾ ਵਿਰੋਧ ਤਾਂ ਕੀਤਾ ਗਿਆ ਪਰ ਇਸ ਬਾਰੇ ਕੁਝ ਨਹੀਂ ਸੋਚਿਆ ਗਿਆ ਕਿ ਆਖ਼ਰ ਸਿੱਖ,
ਖਾਸ ਕਰ ਗ਼ਰੀਬ ਤੇ ਦਲਿਤ ਸਿੱਖ ਇਨ੍ਹਾਂ ਡੇਰਿਆਂ ਦੇ ਅਨੁਆਈ ਜਾਂ ਇਸਾਈ ਬਣਨ ਵੱਲ੍ਹ
ਕਿਉਂ ਰੁਚਿਤ ਹੋ ਰਿਹਾ ਹੈ? ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?
ਹੁਣ ਤਾਜ਼ਾ ਘਟਨਾਕ੍ਰਮ ਜਿਸ ਵਿਚ ਇਕ ਚਰਚ ਵਿਚ ਹੋਈ ਮੂਰਤੀਆਂ ਦੀ ਭੰਨਤੋੜ
ਅਤੇ ਪਾਦਰੀ ਦੀ ਕਾਰ ਸਾੜਨ ਦੀ ਘਟਨਾ ਨੇ ਇਹ ਸਵਾਲ ਪ੍ਰਮੁੱਖ ਤੌਰ 'ਤੇ ਸਾਹਮਣੇ ਲੈ
ਆਂਦਾ ਹੈ। ਹਾਲਾਂ ਕਿ ਅਜੇ ਇਹ ਬਿਲਕੁਲ ਪਤਾ ਨਹੀਂ ਹੈ ਕਿ ਇਹ ਭੰਨਤੋੜ ਅਸਲ ਵਿਚ ਕਿਸ
ਨੇ ਕੀਤੀ ਹੈ? ਉਨ੍ਹਾਂ ਦਾ ਅਸਲ ਮਕਸਦ ਕੀ ਹੈ? ਪੰਜਾਬ ਸਰਕਾਰ ਨੂੰ ਇਸ ਮਾਮਲੇ ਦੀ
ਤਹਿ ਤੱਕ ਜ਼ਰੂਰ ਜਾਣਾ ਚਾਹੀਦਾ ਹੈ। ਪਰ ਸੋਸ਼ਲ ਮੀਡੀਆ 'ਤੇ ਚੱਲ ਰਿਹਾ
ਪ੍ਰਚਾਰ ਤੇ ਕੁਝ ਨੇਤਾਵਾਂ ਦੀ ਬਿਆਨਬਾਜ਼ੀ ਇਸ ਨੂੰ ਸਿੱਖ-ਇਸਾਈ ਝਗੜੇ ਵਜੋਂ ਦਿਖਾਉਣ
ਦਾ ਪ੍ਰਭਾਵ ਬਣਾ ਰਹੀ ਹੈ ਜੋ ਕਿਸੇ ਤਰ੍ਹਾਂ ਵੀ ਸਿੱਖਾਂ ਦੇ ਹੱਕ ਵਿਚ ਨਹੀਂ, ਨਾ
ਦੇਸ਼ ਪੱਧਰ 'ਤੇ ਅਤੇ ਨਾ ਅੰਤਰਰਾਸ਼ਟਰੀ ਪੱਧਰ 'ਤੇ ਹੀ।
ਇਹ ਸਿੱਖ ਧਰਮ ਦੇ
ਸਿਧਾਂਤਾਂ ਅਨੁਸਾਰ ਵੀ ਨਹੀਂ ਕਿਉਂਕਿ ਸਿੱਖ ਸਿਧਾਂਤ ਨਾ ਤਾਂ ਜ਼ੁਲਮ ਕਰਨ ਦੀ
ਇਜਾਜ਼ਤ ਦਿੰਦਾ ਹੈ ਤੇ ਨਾ ਹੀ ਜ਼ੁਲਮ ਸਹਿਣ ਦੀ। ਗੁਰੂ ਤੇਗ ਬਹਾਦਰ ਸਾਹਿਬ ਦਾ
ਫੁਰਮਾਨ ਹੈ:
''ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥''
(ਅੰਗ : 1427)
ਸਿੱਖੀ ਵਿਚਾਰਧਾਰਾ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ
ਸਾਹਿਬ ਵੇਲੇ ਤੋਂ ਹੀ ਵਿਚਾਰ ਵਟਾਂਦਰੇ ਤੇ ਸੰਵਾਦ ਰਚਾਉਣ ਦੀ ਵਿਚਾਰਧਾਰਾ ਹੈ। ਇਥੇ
ਇਸਾਈਆਂ ਦੀ ਜਲੰਧਰ ਡਾਇਓਸਿਸ ਦੇ ਮੁਖੀ ਬਿਸ਼ਪ ਅਗਨੈਲੋ ਰੂਫੀਨੋ ਗਰਾਸੀਅਸ
ਦੀ ਤਾਜ਼ਾ ਇੰਟਰਵਿਊ ਦਾ ਜ਼ਿਕਰ ਜ਼ਰੂਰੀ ਹੈ, ਜਿਸ ਵਿਚ ਉਹ ਕਹਿੰਦੇ ਹਨ ਕਿ ਛੋਟੇ
ਗਿਰਜਾਘਰ (ਪੰਜਾਬ ਵਿਚ) ਸਾਰੇ ਪਾਸੇ ਬਣ ਗਏ ਹਨ। ਉਹ ਕਿਸੇ ਨੂੰ ਆਪਣੀਆਂ ਸਰਗਰਮੀਆਂ
ਲਈ ਜਵਾਬਦੇਹ ਨਹੀਂ ਹਨ। ਮੁੱਖ ਧਾਰਾ ਦੇ ਚਰਚ ਅਤੇ ਪਾਦਰੀ ਜਵਾਬਦੇਹ ਹਨ। ਇਹ ਨਿਯਮ
ਨਿਜੀ ਚਰਚਾਂ 'ਤੇ ਲਾਗੂ ਨਹੀਂ ਹੁੰਦਾ। ਇਥੋਂ ਤੱਕ ਕਿ ਕੈਥੋਲਿਕ ਇਸਾਈ ਵੀ ਇਨ੍ਹਾਂ
ਵਿਚ ਸ਼ਾਮਿਲ ਹੋ ਰਹੇ ਹਨ, ਜੋ ਸਾਡੇ ਲਈ ਵੀ ਚਿੰਤਾ ਦੀ ਗੱਲ ਹੈ।
ਉਨ੍ਹਾਂ
ਕਿਹਾ ਕਿ ਮੁੱਖ ਲੋੜ ਇਕੱਠੇ ਹੋਣ ਦੀ ਹੈ। ਕੈਥੋਲਿਕਾਂ ਦੇ ਮਾਮਲੇ ਵਿਚ ਹਰ ਬਪਤਿਸਮਾ
ਰਿਕਾਰਡ ਵਿਚ ਦਰਜ ਕੀਤਾ ਜਾਂਦਾ ਹੈ। ਪਰ ਆਜ਼ਾਦ ਚਰਚਾਂ ਵਿਚ ਅਜਿਹਾ ਨਹੀਂ ਹੁੰਦਾ।
ਉਨ੍ਹਾਂ ਤਾਰੀਫ਼ ਵੀ ਕੀਤੀ ਕਿ ਸਿੱਖਾਂ ਨੇ ਅੱਤਿਆਚਾਰਾਂ ਦਾ ਸਾਹਮਣਾ ਕੀਤਾ ਅਤੇ ਉਹ
ਹੋਰ ਅੱਤਿਆਚਾਰਾਂ ਦਾ ਸਾਹਮਣਾ ਕਰਨ ਵਾਲਿਆਂ ਵਾਸਤੇ ਵੀ ਬੋਲੇ। ਉਨ੍ਹਾਂ ਇਹ ਵੀ
ਮੰਨਿਆ ਕਿ ਮੁੱਖ ਇਸਾਈ ਸਮੂਹਾਂ ਤੋਂ ਇਲਾਵਾ ਹੋਰ ਵੱਖਰੇ ਛੋਟੇ ਸਮੂਹ ਹਨ ਜੋ ਪਿਛਲੇ
ਸਮੇਂ ਵਿਚ ਤੇਜ਼ੀ ਨਾਲ ਵਧੇ ਹਨ ਤੇ ਧਰਮ ਪਰਿਵਰਤਨ ਵਿਚ ਹਮਲਾਵਰ ਹਨ, ਜੋ ਸਮੱਸਿਆਵਾਂ
ਪੈਦਾ ਕਰਦੇ ਹਨ।
ਬੇਸ਼ੱਕ ਬਿਸ਼ਪ ਧਰਮ ਪਰਿਵਰਤਨ ਨੂੰ ਮਨੁੱਖੀ ਅਧਿਕਾਰ
ਮੰਨਦੇ ਹਨ ਪਰ ਉਹ ਇਹ ਵੀ ਮੰਨਦੇ ਹਨ ਕਿ ਮੈਨੂੰ (ਕਿਸੇ ਨੂੰ) ਕੋਈ ਅਧਿਕਾਰ ਨਹੀਂ ਹੈ
ਕਿ ਮੈਂ ਕਿਸੇ ਹੋਰ ਦੀ ਧਰਮ ਤਬਦੀਲੀ ਕਰਾਂ। ਉਹ ਕਿਸੇ ਦਾ ਧਰਮ ਧੱਕੇ ਨਾਲ ਜਾਂ ਧੋਖੇ
ਨਾਲ ਬਦਲਵਾਉਣ ਦੀ ਨਿਖੇਧੀ ਵੀ ਕਰਦੇ ਹਨ। ਉਹ ਹਿੰਦੂਆਂ ਵਲੋਂ ਇਸਾਈ ਧਰਮ ਦੇ ਬੇਹੱਦ
ਪ੍ਰਸਾਰ ਦੇ ਇਲਜ਼ਾਮਾਂ ਦੇ ਜਵਾਬ ਵਿਚ ਕਹਿੰਦੇ ਹਨ ਕਿ ਇਹ ਦਾਅਵੇ ਗ਼ਲਤ ਹਨ। ਇਸਾਈ
ਤਾਂ ਭਾਰਤ ਵਿਚ 2.5 ਫ਼ੀਸਦੀ ਤੋਂ ਘਟ ਕੇ 2.3 ਫ਼ੀਸਦੀ 'ਤੇ ਆ ਗਏ ਹਨ। ਸੋ ਇਸ
ਇੰਟਰਵਿਊ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਸਾਈ ਮੁਖੀਆਂ ਨਾਲ ਗੱਲਬਾਤ ਤੇ
ਦਲੀਲ ਦਾ ਰਾਹ ਅਜੇ ਖੁੱਲ੍ਹਾ ਹੈ।
ਕਿਉਂ ਕਰ ਰਹੇ ਹਨ ਸਿੱਖ ਧਰਮ
ਤਬਦੀਲ? ਇਹ ਵਿਚਾਰਨਯੋਗ ਗੱਲ ਹੈ ਆਖਰ ਸਿੱਖ ਜੋ ਦੂਸਰਿਆਂ ਧਰਮਾਂ ਦੀ
ਜਬਰੀ ਤਬਦੀਲੀ ਦੇ ਵਿਰੋਧ ਵਿਚ ਜਾਨਾਂ ਤੱਕ ਵਾਰ ਦਿੰਦੇ ਹਨ, ਜੋ ਪਾਕਿਸਤਾਨ ਬਣਨ
ਵੇਲੇ ਆਪਣੇ ਧਰਮ ਦੀ ਆਜ਼ਾਦੀ ਬਰਕਰਾਰ ਰੱਖਣ ਲਈ ਲੱਖਾਂ ਜਾਨਾਂ ਵਾਰ ਕੇ ਤੇ ਲੱਖਾਂ
ਅਰਬਾਂ ਰੁਪਏ ਦੀ ਜਾਇਦਾਦ ਛੱਡ ਕੇ ਭਾਰਤ ਆਏ ਸਨ, ਅੱਜ ਖ਼ੁਦ ਹੀ ਆਪਣਾ ਧਰਮ ਤਬਦੀਲ
ਕਿਉਂ ਕਰ ਰਹੇ ਹਨ?
ਇਹ ਸਿਰਫ਼ ਸਿੱਖਾਂ ਦੇ ਇਸਾਈ ਬਨਣ ਦੀ ਗੱਲ ਨਹੀਂ ਹੈ।
ਇਸ ਤੋਂ ਪਹਿਲਾਂ ਡੇਰਾਵਾਦ ਨੇ ਵੀ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਹੈ। ਡੇਰਾਵਾਦ
ਨੂੰ ਸਮੇਂ ਦੀਆਂ ਅਕਾਲੀ ਤੇ ਕਾਂਗਰਸੀ ਸਰਕਾਰਾਂ ਦੀ ਸਰਪ੍ਰਸਤੀ ਵੀ ਮਿਲਦੀ ਰਹੀ ਹੈ।
ਪਰ ਸਿੱਖ ਲੀਡਰਸ਼ਿਪ ਸਿੱਖਾਂ ਦੀ ਹਰ ਨਵੀਂ ਪੀੜ੍ਹੀ ਨੂੰ ਸਿੱਖ ਸਿਧਾਂਤ, ਇਤਿਹਾਸ
ਸਮਝਾਉਣ ਵਿਚ ਹੋਰ ਜ਼ਿਆਦਾ ਅਸਫ਼ਲ ਹੀ ਨਹੀਂ ਹੁੰਦੀ ਰਹੀ, ਸਗੋਂ ਉਹ ਸਿੱਖਾਂ ਦੇ
ਸਮਾਜਿਕ, ਆਰਥਿਕ ਪਛੜੇਪਨ ਨੂੰ ਦੂਰ ਕਰਨ ਅਤੇ ਹੋਰ ਜ਼ਰੂਰਤਾਂ ਦਾ ਧਿਆਨ ਰੱਖਣ ਵਿਚ
ਵੀ ਅਸਫਲ ਰਹੀ ਹੈ।
ਹਰ ਪਿੰਡ ਵਿਚ ਜੱਟਾਂ ਅਤੇ ਉੱਚ ਜਾਤੀਆਂ ਦੇ ਵੱਖਰੇ
ਗੁਰਦੁਆਰੇ ਤੇ ਸ਼ਮਸ਼ਾਨਘਾਟ ਉਸਰਨੇ ਸਿੱਖ ਲੀਡਰਸ਼ਿਪ ਦੀ ਸਭ ਤੋਂ ਪਹਿਲੀ ਤੇ ਵੱਡੀ
ਅਸਫ਼ਲਤਾ ਮੰਨੀ ਜਾ ਸਕਦੀ ਹੈ। ਅਸੀਂ ਗ਼ਰੀਬ ਸਿੱਖਾਂ ਦੇ ਜੀਵਨ ਉਥਾਨ ਲਈ ਕਿਸੇ
ਯੋਜਨਾ 'ਤੇ ਕੰਮ ਕਰਨਾ ਤਾਂ ਦੂਰ ਕਦੇ ਸੋਚਿਆ ਤੱਕ ਵੀ ਨਹੀਂ। ਅਸੀਂ ਕੌਮ ਦੇ ਲੋੜਵੰਦ
ਲੋਕਾਂ ਲਈ ਮੁਫ਼ਤ ਸਿੱਖਿਆ, ਮੁਫ਼ਤ ਇਲਾਜ ਵਰਗੀਆਂ ਸਹੂਲਤਾਂ 'ਤੇ ਪੈਸਾ ਖਰਚਣ ਦੀ
ਥਾਂ ਵੱਡੇ-ਵੱਡੇ ਸੰਗਮਰਮਰੀ ਅਦਾਰੇ ਉਸਾਰਨ ਨੂੰ ਤਰਜੀਹ ਦਿੱਤੀ। ਵੱਡੇ-ਵੱਡੇ
ਸਮਾਰੋਹਾਂ 'ਤੇ ਕਰੋੜਾਂ ਰੁਪਏ ਖ਼ਰਚੇ।
ਸਾਡੇ ਖ਼ਾਲਸਾ ਸਕੂਲਾਂ ਤੇ
ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਵਿਚ ਬਹੁਤੇ ਕਾਰਜਕਰਤਾ ਖ਼ੁਦ ਹੀ ਸਿੱਖੀ ਜੀਵਨ ਜਾਚ
ਤੋਂ ਬਹੁਤ ਦੂਰ ਹਨ। ਬਹੁਤੇ ਖ਼ਾਲਸਾ ਸਕੂਲਾਂ ਵਿਚ ਤਾਂ ਪੜ੍ਹਾਈ ਦਾ ਪੱਧਰ ਵੀ ਏਨਾ
ਨਿੱਘਰ ਗਿਆ ਹੈ ਕਿ ਸਰਦੇ ਪੁੱਜਦੇ ਲੋਕ ਉਥੇ ਬੱਚਾ ਦਾਖ਼ਲ ਕਰਵਾਉਣ ਲਈ ਵੀ ਤਿਆਰ
ਨਹੀਂ। ਜਦੋਂ ਕਿ ਡੇਰੇ ਅਤੇ 'ਨਵ ਇਸਾਈਵਾਦ' ਦੇ ਪ੍ਰਚਾਰਕ ਲੋਕਾਂ ਨੂੰ ਇਕ ਪਾਸੇ
ਆਰਥਿਕ ਮਦਦ ਦੇ ਰਹੇ ਹਨ ਤੇ ਦੂਸਰੇ ਪਾਸੇ ਉਨ੍ਹਾਂ ਦੇ ਸਾਰੇ ਦੁੱਖਾਂ ਤੋਂ ਮੁਕਤੀ ਦਾ
ਸੱਚਾ-ਝੂਠਾ ਪ੍ਰਚਾਰ ਵੀ ਕਰ ਰਹੇ ਹਨ ਅਤੇ ਊਚ-ਨੀਚ ਤੋਂ ਵੀ ਬਚਾਅ ਰਹੇ ਹਨ।
ਹੁਣ ਸਿੱਖ ਕੀ ਕਰਨ? ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖੀ
ਸਿਧਾਂਤ ਜਬਰ ਦਾ ਮੁਕਾਬਲਾ ਜਬਰ ਨਾਲ ਕਰਨ ਦੀ ਇਜਾਜ਼ਤ ਹੀ ਨਹੀਂ ਦਿੰਦਾ। ਗੁਰੂ
ਸਾਹਿਬਾਨ ਵੇਲੇ ਵੀ ਤੇ ਬਾਅਦ ਵਿਚ ਵੀ ਸਿੱਖਾਂ ਨੇ ਕਿਸੇ ਬੇਗੁਨਾਹ 'ਤੇ ਜਬਰ ਨਹੀਂ
ਕੀਤਾ। ਇਥੋਂ ਤੱਕ ਕਿ ਪਵਿੱਤਰ ਹਰਿਮੰਦਰ ਸਾਹਿਬ ਨੂੰ ਢਹਿ-ਢੇਰੀ ਕਰਨ ਵਾਲਿਆਂ ਨੂੰ
ਤਾਂ ਮੌਕਾ ਮਿਲਣ 'ਤੇ ਸੋਧਿਆ ਗਿਆ ਪਰ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ,
ਸਿੱਖ ਮਿਸਲਾਂ ਤੇ ਹੋਰ ਸਿੱਖ ਰਾਜਿਆਂ ਦੇ ਰਾਜ ਵਿਚ ਕਿਸੇ ਮਸਜਿਦ ਨੂੰ ਧੱਕੇ ਨਾਲ
ਢਾਹੁਣ ਦੀ ਕੋਈ ਉਦਾਹਰਨ ਨਹੀਂ ਮਿਲਦੀ।
ਇਸ ਹਾਲਤ ਵਿਚ ਅਸੀਂ ਨਹੀਂ ਸਮਝਦੇ
ਕਿ ਚਰਚ ਵਿਚ ਇਹ ਭੰਨਤੋੜ ਕਿਸੇ ਸਿੱਖ ਜਥੇਬੰਦੀ ਨੇ ਹੀ ਕੀਤੀ ਹੋਵੇਗੀ। ਇਸ ਦੀ ਪੂਰੀ
ਜਾਂਚ ਹੋਣੀ ਜ਼ਰੂਰੀ ਹੈ ਕਿ ਇਸ ਪਿੱਛੇ ਕਿਹੜੀਆਂ ਦੇਸੀ ਜਾਂ ਵਿਦੇਸ਼ੀ ਤਾਕਤਾਂ ਦਾ
ਹੱਥ ਹੈ ਤੇ ਇਨ੍ਹਾਂ ਦਾ ਕੀ ਰਾਜਨੀਤਕ, ਧਾਰਮਿਕ ਜਾਂ ਕੋਈ ਹੋਰ ਮਕਸਦ ਹੈ? ਇਥੇ ਇਹ
ਜ਼ਿਕਰ ਵੀ ਜ਼ਰੂਰੀ ਹੈ ਕਿ 'ਰਾਸ਼ਟਰੀ ਸੋਇਮ ਸੇਵਕ ਸੰਘ' ਲੰਮੇ ਸਮੇਂ ਤੋਂ ਪੰਜਾਬ
ਵਿਚ ਇਸਾਈ ਧਰਮ ਪਰਿਵਰਤਨ ਦਾ ਵਿਰੋਧ ਕਰਦਾ ਆ ਰਿਹਾ ਹੈ ਤੇ ਉਸ ਨੇ ਕਈ ਵਾਰ ਸਿੱਖਾਂ
ਨੂੰ ਇਸ ਤੋਂ ਸੁਚੇਤ ਹੋਣ ਲਈ ਵੀ ਕਿਹਾ ਹੈ।
ਪਰ ਕੁਝ ਲੋਕ ਇਸ ਨੂੰ ਘੱਟ
ਗਿਣਤੀਆਂ ਵਿਚ ਪਾੜ ਪਾਉਣ ਦੀ ਕੋਸ਼ਿਸ਼ ਵਜੋਂ ਵੀ ਦੇਖ ਰਹੇ ਹਨ। ਪਰ ਸਿੱਖਾਂ ਲਈ
ਮੁਢਲੀ ਲੋੜ ਤਾਂ ਆਪਣਾ ਘਰ ਸੰਵਾਰਨ ਦੀ ਹੈ, ਜਿਸ ਵਿਚ 'ਗ਼ਰੀਬ ਦਾ ਮੂੰਹ ਗੁਰੂ ਦੀ
ਗੋਲਕ' ਦੇ ਸਿਧਾਂਤ ਦੇ ਨਾਲ-ਨਾਲ ਸਿੱਖ ਸੰਸਥਾਵਾਂ ਦੇ ਭ੍ਰਿਸ਼ਟਾਚਾਰ ਨੂੰ ਖ਼ਤਮ
ਕਰਕੇ ਸਿੱਖਾਂ ਦਾ ਫਿਰ ਤੋਂ ਸਿੱਖ ਸੰਸਥਾਵਾਂ ਵਿਚ ਵਿਸ਼ਵਾਸ ਬਹਾਲ ਕਰਨਾ ਸਭ ਤੋਂ
ਜ਼ਰੂਰੀ ਹੈ। ਇਸ ਦੇ ਨਾਲ-ਨਾਲ ਹੀ ਗ਼ੈਰ ਸਿੱਖਾਂ ਦੀ ਮੁਸੀਬਤ ਵੇਲੇ ਮਦਦ ਕਰਨ ਦੇ
ਗੁਣ ਨੂੰ ਜਾਰੀ ਰੱਖਣ ਦੇ ਨਾਲ-ਨਾਲ ਗ਼ਰੀਬ ਤੇ ਲੋੜਵੰਦ ਸਿੱਖਾਂ ਦੀ ਮਦਦ ਕਰਨ ਨੂੰ
ਵੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ।
ਸਰਦੇ ਪੁੱਜਦੇ ਸਿੱਖਾਂ ਵਿਚ ਇਹ
ਪ੍ਰਚਾਰ ਕੀਤਾ ਜਾਵੇ ਕਿ ਉਹ ਆਪਣੇ ਦਸਵੰਧ ਨਾਲ ਆਪਣੇ ਆਸ-ਪਾਸ ਰਹਿੰਦੇ ਜਾਂ ਆਪਣੇ
ਗ਼ਰੀਬ ਸਿੱਖ ਰਿਸ਼ਤੇਦਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਤੇ ਰੁਜ਼ਗਾਰ ਕਮਾਉਣ ਵਿਚ
ਮਦਦ ਕਰਨ। ਸਿੱਖ ਅਦਾਰਿਆਂ ਵਿਚ ਸਾਬਤ ਸੂਰਤ ਸਿੱਖ (ਸਿਰਫ ਅੰਮ੍ਰਿਤਧਾਰੀ ਨਹੀਂ) ਨੂੰ
ਨੌਕਰੀਆਂ ਵਿਚ ਪਹਿਲ ਦੇਣ ਦੀ ਵੀ ਲੋੜ ਹੈ ਅਤੇ ਸਭ ਤੋਂ ਜ਼ਰੂਰੀ ਹੈ ਕਿ ਸਾਡੇ
ਸਕੂਲਾਂ ਤੇ ਹਸਪਤਾਲਾਂ ਦੀ ਹਾਲਤ ਸੁਧਾਰੀ ਜਾਵੇ ਤੇ ਗਿਣਤੀ ਵੀ ਵਧਾਈ ਜਾਵੇ, ਜਿਥੇ
ਸਿੱਖ ਸਿਧਾਂਤ, ਇਤਿਹਾਸ ਤੇ ਹੋਰ ਕਿਤਾਬਚੇ ਮੁਫ਼ਤ ਵੰਡੇ ਜਾਣ ਅਤੇ ਅੱਜ ਦੇ ਯੁੱਗ ਦੇ
ਹਾਣ ਦੇ ਪ੍ਰਚਾਰ ਮਾਧਿਅਮਾਂ ਰਾਹੀਂ ਪ੍ਰਚਾਰ ਵੀ ਕੀਤੇ ਜਾਣ। ਸਿੱਖਾਂ ਵਿਚ ਉਪਜ
ਚੁੱਕੀ ਊਚ-ਨੀਚ ਦੀ ਭਾਵਨਾ ਦਾ ਖ਼ਾਤਮਾ ਕਰਨ ਲਈ ਸਾਰਥਕ ਯਤਨ ਕੀਤੇ ਜਾਣ।
ਯੇ ਬਜ਼ਮ-ਏ-ਸ਼ਬ ਹੈ ਯਹਾਂ ਇਲਮ-ਓ-ਆਗਹੀ ਕਮ ਹੈ॥ ਕਈ ਚਰਾਗ਼ ਜਲੇ ਫਿਰ ਭੀ
ਰੌਸ਼ਨੀ ਕਮ ਹੈ॥ (ਨਾਮੀ ਅੰਸਾਰੀ)
(ਅਰਥਾਤ : ਇਹ ਰਾਤ ਦੀ ਮਹਿਫ਼ਲ ਹੈ
ਜਿਥੇ ਗਿਆਨ ਘੱਟ ਹੈ, ਬਹੁਤ ਸਾਰੇ ਦੀਵੇ ਜਗ ਰਹੇ ਹਨ ਪਰ ਫਿਰ ਵੀ ਰੌਸ਼ਨੀ ਮੱਧਮ ਹੈ)
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ,
ਖੰਨਾ-141401. ਮੋਬਾਈਲ : 92168-60000 email :
hslall@ymail.com
|