ਹਮ
ਉਨਕੀ ਆਸ ਮੇਂ ਉਮਰੇਂ ਗੁਜ਼ਾਰ ਦੇਤੇ ਹੈਂ, ਵੋ ਮੁਅਜਜ਼ੇ ਜੋ ਕਭੀ ਰੂ-ਨੁਮਾ ਨਹੀਂ
ਹੋਤੇ॥
'ਅਜ਼ਹਰ ਅਦੀਮ' ਦਾ ਇਹ ਸ਼ਿਅਰ ਕਿ ਅਸੀਂ ਉਨ੍ਹਾਂ
ਚਮਤਕਾਰਾਂ ਦੀ ਆਸ ਵਿਚ ਜ਼ਿੰਦਗੀ ਗੁਜ਼ਾਰ ਦਿੰਦੇ ਹਾਂ ਜੋ ਕਦੇ ਨਹੀਂ ਹੁੰਦੇ, ਮੈਨੂੰ
ਉਸ ਵੇਲੇ ਯਾਦ ਆਇਆ ਜਦੋਂ ਮੈਂ 'ਆਮ ਆਦਮੀ ਪਾਰਟੀ' ਦੀ ਪੰਜਾਬ ਸਰਕਾਰ ਦਾ ਪਹਿਲਾ ਬਜਟ
ਦੇਖਿਆ।
ਬੇਸ਼ੱਕ ਇਸ ਬਜਟ ਵਿਚ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਵਿਚ ਕੁਝ ਇਮਾਨਦਾਰੀ
ਦੀ ਝਲਕ ਨਜ਼ਰ ਆਉਂਦੀ ਹੈ ਤੇ ਬੇਸ਼ੱਕ ਇਸ ਵਾਰ ਹਕੂਮਤ ਨੇ ਬਜਟ ਇਜਲਾਸ ਦਾ ਟੀ.ਵੀ.
(ਟੈ: ਵੀ:)
'ਤੇ ਸਿੱਧਾ ਪ੍ਰਸਾਰਨ ਕਰਕੇ ਪਿਛਲੀਆਂ ਸਰਕਾਰਾਂ ਵਾਂਗ ਲੋਕਾਂ ਤੋਂ ਕੁਝ ਲੁਕਾਉਣ ਦੀ
ਕੋਸ਼ਿਸ਼ ਨਹੀਂ ਕੀਤੀ, ਪਰ ਬਹੁਤ ਸਾਰੀਆਂ ਖ਼ੂਬੀਆਂ ਦੇ ਬਾਵਜੂਦ ਇਸ ਬਜਟ ਨੂੰ
'ਇਨਕਲਾਬੀ ਬਜਟ' ਕਰਾਰ ਨਹੀਂ ਦਿੱਤਾ ਜਾ ਸਕਦਾ। ਫਿਰ ਵੀ ਇਸ ਬਜਟ ਵਿਚ 'ਫਰਿਸ਼ਤੇ'
ਵਰਗੀ ਸਕੀਮ ਲਿਆਉਣਾ 'ਕਾਬਿਲ-ਏ-ਤਾਰੀਫ਼' ਹੈ।
ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਵਿਚ
80 ਲੱਖ ਬੂਟੇ ਲਾਉਣੇ, ਪੰਜਾਬੀ ਯੂਨੀਵਰਸਿਟੀ ਲਈ 200 ਕਰੋੜ ਰੁਪਏ ਰੱਖਣੇ ਵੀ ਚੰਗੇ
ਕਦਮ ਹਨ। ਪਰ ਬਸ਼ਰਤੇ ਇਹ 200 ਕਰੋੜ ਰੁਪਏ ਰੈਗੂਲਰ ਗਰਾਂਟ ਤੋਂ ਵੱਖਰੀ ਹੋਵੇ ਨਹੀਂ
ਤਾਂ ਪਿਛਲੀ ਸਰਕਾਰ ਨੇ ਤਾਂ 207 ਕਰੋੜ ਰੁਪਏ ਦਿੱਤੇ ਸਨ।
16 ਨਵੇਂ ਮੈਡੀਕਲ ਕਾਲਜ
ਖੋਲ੍ਹਣ ਦਾ ਸੁਪਨਾ ਤੇ ਸੋਚ ਵੀ ਚੰਗੀ ਗੱਲ ਹੈ। ਸਿੱਖਿਆ ਤੇ ਸਿਹਤ ਸੇਵਾਵਾਂ ਵਿਚ
ਸੁਧਾਰ ਦੀ ਕੋਸ਼ਿਸ਼ ਚੰਗੀ ਗੱਲ ਹੈ। ਪਰ ਖ਼ੁਦ ਸਰਕਾਰ ਵਲੋਂ ਪੰਜਾਬ ਦੀ ਆਰਥਿਕ ਦਸ਼ਾ
ਬਾਰੇ ਵਾਈਟ ਪੇਪਰ ਜਾਰੀ ਕਰਨ ਉਪਰੰਤ ਅਤੇ ਇਹ ਸਾਫ਼-ਸਾਫ਼ ਸਮਝ ਕੇ ਕਿ ਪੰਜਾਬ ਸਿਰ
ਕਾਰੋਪਰੇਸ਼ਨਾਂ, ਬੋਰਡਾਂ ਆਦਿ ਦੀ 55,000 ਕਰੋੜ ਦੀ ਦੇਣਦਾਰੀ ਸਮੇਤ ਕੁੱਲ 3.18 ਲੱਖ
ਕਰੋੜ ਰੁਪਏ ਦਾ ਕਰਜ਼ਾ ਹੋਣ ਦੇ ਬਾਵਜੂਦ ਪੰਜਾਬ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਅਤੇ
ਕਰਜ਼ਾ ਘਟਾਉਣ ਵੱਲ ਧਿਆਨ ਦੇਣ ਦੀ ਥਾਂ ਮੁਫ਼ਤ ਦੀਆਂ ਗਾਰੰਟੀਆਂ ਪੂਰੀਆਂ ਕਰਨ ਵੱਲ
ਤੁਰਨਾ ਤੇ ਪਹਿਲਾਂ ਤੋਂ ਜਾਰੀ ਸਬਸਿਡੀਆਂ ਨੂੰ ਤਰਕਸੰਗਤ ਬਣਾਉਣ ਵਲ ਕੋਈ ਕਦਮ ਨਾ
ਪੁੱਟਣਾ, ਨਿਰਾਸ਼ਾਜਨਕ ਜਾਪਦਾ ਹੈ।
ਨਵੀਂ ਪੰਜਾਬ ਸਰਕਾਰ ਨੇ ਸਿਰਫ਼ 3 ਮਹੀਨੇ ਵਿਚ
ਹੀ 8,000 ਕਰੋੜ ਰੁਪਏ ਦਾ ਹੋਰ ਨਵਾਂ ਕਰਜ਼ਾ ਲੈ ਲਿਆ ਹੈ ਤਾਂ ਪੰਜਾਬ ਕਿਸ ਮੁਅਜਜ਼ੇ
(ਕ੍ਰਿਸ਼ਮੇ) ਦੀ ਆਸ ਕਰ ਸਕਦਾ ਹੈ?
ਉਂਝ ਮੁੱਖ ਮੰਤਰੀ ਭਗਵੰਤ ਮਾਨ ਦੀ
ਨੀਅਤ ਠੀਕ ਜਾਪਦੀ ਹੈ ਤੇ ਅਸੀਂ ਸਮਝਦੇ ਹਾਂ ਕਿ ਜੇਕਰ ਕੇਜਰੀਵਾਲ ਉਨ੍ਹਾਂ ਨੂੰ
''ਸਲਾਹ ਤੇ ਗਿਆਨ'' ਦੇਣ ਤੋਂ ਅੱਗੇ ਵਧ ਕੇ ਅਜਿਹੀਆਂ ਨੀਤੀਆਂ ਬਣਾਉਣ ਲਈ ਤੇ ਖ਼ਰਚੇ
ਕਰਨ ਲਈ ਮਜਬੂਰ ਨਾ ਕਰਨ ਜੋ ਸਿਰਫ਼ 'ਆਪ' ਦੀ ਰਾਸ਼ਟਰੀ ਰਾਜਨੀਤੀ 'ਤੇ ਆਉਂਦੀਆਂ
ਚੋਣਾਂ ਵਿਚ ਪ੍ਰਚਾਰ ਲਈ ਜ਼ਰੂਰੀ ਹੋਣ ਤਾਂ ਇਹ ਪੰਜਾਬ, ਭਗਵੰਤ ਮਾਨ ਤੇ ਪੰਜਾਬ ਦੀ
'ਆਪ' ਲਈ ਹੀ ਚੰਗਾ ਹੋਵੇਗਾ।
ਇਸ ਬਜਟ ਵਿਚ ਬਹੁਤ ਕੁਝ ਚੰਗੇ ਹੋਣ ਦੇ ਬਾਵਜੂਦ ਕੁਝ
ਗੱਲਾਂ ਪੰਜਾਬੀਆਂ ਲਈ ਕਾਫ਼ੀ ਨਿਰਾਸ਼ਾਜਨਕ ਵੀ ਹਨ। ਜਿਵੇਂ ਰਾਜਸਥਾਨ ਫੀਡਰ
ਭਾਵ
ਇੰਦਰਾ ਗਾਂਧੀ ਨਹਿਰ ਨੂੰ ਪੱਕਾ ਕਰਨ ਲਈ 780 ਕਰੋੜ ਰੁਪਏ ਦੀ ਇਕ ਵੱਡੀ ਰਾਸ਼ੀ ਰੱਖੀ
ਗਈ ਹੈ। ਇਹ ਤਾਂ ਆਪਣੇ ਗਲ਼ ਵਿਚ ਆਪ ਅੰਗੂਠਾ ਦੇਣ ਵਰਗੀ ਗੱਲ ਹੈ। ਪਹਿਲੀ ਗੱਲ ਤਾਂ
ਇਹ ਕਿ ਪੰਜਾਬ ਦਾ ਪਾਣੀ ਜੋ ਮੁਫ਼ਤ ਵਿਚ ਰਾਜਸਥਾਨ ਜਾ ਰਿਹਾ ਹੈ, ਲਈ ਖ਼ਰਚਾ ਪੰਜਾਬ
ਕਿਉਂ ਕਰੇ? ਜੇਕਰ ਇਸ ਨਹਿਰ ਕਾਰਨ ਪੰਜਾਬ ਦਾ ਕੋਈ ਨੁਕਸਾਨ ਹੋ ਰਿਹਾ ਹੈ ਤਾਂ ਪਾਣੀ
ਲੈਣ ਵਾਲੀ ਧਿਰ ਹਰਜ਼ਾਨਾ ਵੀ ਭਰੇ ਤੇ ਇਸ 'ਤੇ ਲਗਾਈ ਰਾਸ਼ੀ ਵੀ ਖ਼ਰਚ ਕਰੇ। ਅਸੀਂ
ਤਾਂ ਕਹਿੰਦੇ ਹਾਂ ਕਿ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਲਈ ਜਾਵੇ, ਇਥੇ ਉਸ ਨੂੰ
ਮੁਫ਼ਤ ਪਾਣੀ ਦੇਣ ਲਈ ਬਣੀ ਨਹਿਰ 'ਤੇ ਸੈਂਕੜੇ ਕਰੋੜ ਅਸੀਂ ਕਰਜ਼ੇ ਮਾਰੇ ਵੀ ਜੇਬ
ਵਿਚੋਂ ਖ਼ਰਚ ਕਰਨ ਲਈ ਤਿਆਰ ਹਾਂ ਕਿਉਂ?
ਦੂਸਰਾ ਸੇਮ ਵਾਲੇ ਇਲਾਕੇ ਵਿਚ ਤਾਂ ਨਹਿਰ
ਪਹਿਲਾਂ ਹੀ ਪੱਕੀ ਹੋ ਚੁੱਕੀ ਹੈ। ਸਾਡਾ ਇਸ ਤੋਂ ਵੀ ਵੱਡਾ ਇਤਰਾਜ਼ ਇਹ ਹੈ ਕਿ ਜੇ
ਨਹਿਰ ਹੇਠੋਂ ਪੱਕੀ ਕਰ ਦਿੱਤੀ ਗਈ ਤਾਂ ਨਹਿਰ ਵਿਚੋਂ ਸਿੰਮ ਕੇ ਧਰਤੀ ਵਿਚ ਜਾਣ ਵਾਲਾ
ਪਾਣੀ ਵੀ ਰੀਚਾਰਜ ਹੋਣਾ ਬੰਦ ਹੋ ਜਾਵੇਗਾ ਤਾਂ ਪੰਜਾਬ ਦਾ ਧਰਤੀ ਹੇਠਲਾ ਪਾਣੀ ਹੋਰ
ਹੇਠਾਂ ਚਲਾ ਜਾਵੇਗਾ। ਚਾਹੀਦਾ ਤਾਂ ਇਹ ਹੈ ਕਿ ਇਸ ਨਹਿਰ ਦੇ ਪੱਕੇ ਕੀਤੇ ਤਲੇ ਵਿਚ
ਵੀ ਪੰਜਾਬ ਵਿਚ ਪਾਣੀ ਰੀਚਰਾਜ ਕਰਨ ਲਈ ਫਰਲਾਂਗ, ਫਰਲਾਂਗ ਦੇ ਫਾਸਲੇ 'ਤੇ ਉਚੇਚੇ
ਤੌਰ 'ਤੇ ਨਵੀਂ ਤਕਨੀਕ ਦੇ ਵੱਡੇ-ਵੱਡੇ ਬੋਰ ਕੀਤੇ ਜਾਣ, ਜੋ ਏਨੇ ਡੂੰਘੇ ਹੋਣ ਕਿ
ਸੇਮ ਦਾ ਕਾਰਨ ਤਾਂ ਨਾ ਬਣਨ ਪਰ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਪਰ ਚੁੱਕਣ ਵਿਚ
ਸਹਾਇਕ ਹੋਣ।
ਦੂਜਾ ਇਸ ਬਜਟ ਵਿਚ ਪੰਜਾਬ ਦੇ ਬਰਬਾਦ ਹੋ ਚੁੱਕੇ ਨਹਿਰੀ ਸਿਸਟਮ ਨੂੰ
ਸੁਧਾਰਨ ਲਈ ਕੁਝ ਵਿਸ਼ੇਸ਼ ਨਜ਼ਰ ਨਹੀਂ ਆਇਆ। ਜੇ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ
ਬਚਾਉਣਾ ਹੈ ਤਾਂ ਜ਼ਰੂਰੀ ਹੈ ਕਿ ਕਿਸਾਨਾਂ ਵਲੋਂ ਨਹਿਰਾਂ, ਸੂਇਆਂ, ਕੱਸੀਆਂ ਦੀਆਂ
ਦੱਬੀਆਂ ਜ਼ਮੀਨਾਂ ਖਾਲੀ ਕਰਵਾ ਕੇ ਅਖ਼ੀਰਲੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ
ਇੰਤਜ਼ਾਮ ਕੀਤਾ ਜਾਵੇ।
ਮੱਤੇਵਾੜਾ ਜੰਗਲ ਵਿਚ ਸਨਅਤੀ ਪਾਰਕ ਬਣਾਉਣ ਦਾ ਫ਼ੈਸਲਾ ਵੀ
ਚੰਗਾ ਨਹੀਂ। ਪੰਜਾਬ ਵਿਚ ਜੰਗਲ ਹੇਠ ਸਿਰਫ 3.67 ਫ਼ੀਸਦੀ ਰਕਬਾ ਹੀ ਬਚਿਆ ਹੈ, ਜਦੋਂ
ਕਿ ਦੇਸ਼ ਦੀ ਔਸਤ 21.71 ਫ਼ੀਸਦੀ ਹੈ। ਮੁਹੱਲਾ ਕਲੀਨਿਕਾਂ ਨੂੰ ਬੰਦ ਹੋਏ ਸੇਵਾ
ਕੇਂਦਰਾਂ ਵਿਚ ਖੋਲ੍ਹਣਾ, ਸੇਵਾ ਕੇਂਦਰਾਂ ਵਿਚ ਲੱਗਾ ਸਰਮਾਇਆ ਬੇਕਾਰ ਕਰਨ ਵਾਲੀ ਗੱਲ
ਹੈ। ਸੇਵਾ ਕੇਂਦਰਾਂ ਦੀ ਘਾਟ ਪਹਿਲਾਂ ਹੀ ਰੜਕਦੀ ਹੈ, ਲੋਕ ਪ੍ਰੇਸ਼ਾਨ ਹਨ ਤੇ
ਰੁਜ਼ਗਾਰ ਵੀ ਘਟਿਆ ਹੈ। ਬੰਦ ਸੇਵਾ ਕੇਂਦਰ ਫਿਰ ਤੋਂ ਚਾਲੂ ਕਰਨ ਦੀ ਜ਼ਰੂਰਤ ਹੈ।
ਪੰਜਾਬ ਵਿਚ ਹਸਪਤਾਲਾਂ ਦੀ ਗਿਣਤੀ ਵੀ ਬਹੁਤੀ ਘੱਟ ਨਹੀਂ। ਲੋੜ ਇਨ੍ਹਾਂ ਦੀ
ਕਾਰਗੁਜ਼ਾਰੀ ਸੁਧਾਰਨ ਦੀ ਹੈ। ਹਰ ਚੀਜ਼ ਵਿਚ ਦਿੱਲੀ ਦੀ ਨਕਲ ਕਰਨੀ ਜ਼ਰੂਰੀ ਨਹੀਂ।
ਉਂਝ 'ਅਗਨੀਪਥ ਸਕੀਮ' ਨੂੰ ਵਾਪਸ ਲੈਣ ਦਾ ਮਤਾ ਪੇਸ਼ ਕਰਨਾ ਵੀ ਭਗਵੰਤ ਮਾਨ ਦੀ ਹਿੰਮਤ
ਤੇ ਦਲੇਰੀ ਦਾ ਸਬੂਤ ਹੈ।
ਇਕੱਲਾ ਬਜਟ ਕਿਸੇ ਸਰਕਾਰ ਦੀ ਕਾਰਗੁਜ਼ਾਰੀ ਦਾ ਪੈਮਾਨਾ
ਨਹੀਂ ਹੁੰਦਾ। ਫਿਰ ਬਜਟ ਤਾਂ ਇਕ ਤਰ੍ਹਾਂ ਨਾਲ ਚੋਣਾਵੀ ਵਾਅਦਿਆਂ ਵਰਗਾ ਹੀ ਹੁੰਦਾ
ਹੈ। ਸਾਲ ਬਾਅਦ ਦੇਖਣ ਵਾਲੀ ਗੱਲ ਹੁੰਦੀ ਹੈ ਕਿ ਬਜਟ ਦੀਆਂ ਕਿਹੜੀਆਂ ਤਜਵੀਜ਼ਾਂ 'ਤੇ
ਕਿੰਨਾ ਅਮਲ ਹੋਇਆ ਤੇ ਕਿੰਨਾ ਨਹੀਂ?
ਉਂਝ ਅਜੇ ਅਸੀਂ ਪੰਜਾਬ ਦੇ ਨਵੇਂ ਮੁੱਖ ਮੰਤਰੀ
ਤੋਂ ਨਿਰਾਸ਼ ਨਹੀਂ ਹੋਏ ਤੇ ਆਸ ਕਰਦੇ ਹਾਂ ਕਿ ਉਹ ਪੰਜਾਬ ਦੀ ਆਰਥਿਕ, ਸਮਾਜਿਕ ਤੇ
ਪ੍ਰਸ਼ਾਸਨਿਕ ਸਥਿਤੀ ਨੂੰ ਸੁਧਾਰਨ ਦੇ ਨਾਲ-ਨਾਲ ਪੰਜਾਬ ਦੇ ਪਾਣੀਆਂ, ਸੱਭਿਆਚਾਰ,
ਬੋਲੀ ਤੇ ਪੰਜਾਬ ਦੀਆਂ ਲਟਕਰਦੀਆਂ ਮੰਗਾਂ ਮਨਵਾਉਣ ਲਈ ਕੰਮ ਕਰਨਗੇ।
ਕਰ ਭਲੇ ਹੀ ਨਾ
ਰਹਿਮਤ ਕੀ ਮੁਝ ਪਰ ਤੂ ਬਾਰਿਸ਼, ਤੇਰੇ ਕਰਮ ਕੀ ਮੇਰੇ ਦਿਲ ਮੇਂ ਇਕ ਆਸ ਤੋ ਹੈ॥
ਸਿਮਰਨਜੀਤ ਸਿੰਘ ਮਾਨ ਦੀ ਜਿੱਤ ਜਦੋਂ ਜਿੱਤੇ ਬਣੇ
ਨਾਇਕ, ਜਦੋਂ ਹਾਰੇ ਬਣੇ ਬਾਗ਼ੀ, ਕਿ ਜਿੱਤੇ ਦੀ ਸਦਾ ਜੈ, ਹਾਰਿਆਂ ਨੂੰ ਕੌਣ
ਪੁੱਛਦਾ ਹੈ।' (ਲਾਲ ਫ਼ਿਰੋਜ਼ਪੁਰੀ)
ਸੰਗਰੂਰ ਲੋਕ ਸਭਾ ਉਪ ਚੋਣ ਵਿਚ ਸਿਮਰਨਜੀਤ
ਸਿੰਘ ਮਾਨ ਦੀ ਜਿੱਤ ਇਕ ਕ੍ਰਿਸ਼ਮੇ ਵਰਗੀ ਜਾਪਦੀ ਹੈ, ਹਾਲਾਂਕਿ ਅਸੀਂ ਇਸ ਜਿੱਤ ਨੂੰ
ਐਨ ਉਸੇ ਤਰ੍ਹਾਂ ਹੀ ਸਮਝਦੇ ਹਾਂ ਜਿਵੇਂ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਸਜ਼ਾ
ਦੇਣ ਲਈ ਹਰਾ ਕੇ 'ਆਪ' ਨੂੰ ਵਿਧਾਨ ਸਭਾ ਵਿਚ ਰਿਕਾਰਡ ਤੋੜ ਜਿੱਤ ਦਿਵਾਈ ਸੀ।
ਹੁਣ
ਵੀ ਦੇਖਿਆ ਜਾਵੇ ਤਾਂ ਅਜੇ ਭਗਵੰਤ ਮਾਨ ਦੀ ਸਰਕਾਰ ਦੇ ਪੱਧਰ 'ਤੇ ਕੋਈ ਅਜਿਹੀ ਵੱਡੀ
ਗ਼ਲਤੀ ਨਹੀਂ ਦਿਖਾਈ ਦਿੰਦੀ ਕਿ ਲੋਕ ਏਨੀ ਛੇਤੀ ਹੀ ਉਸ ਨੂੰ ਏਨੀ ਵੱਡੀ ਸਜ਼ਾ ਦਿੰਦੇ
ਕਿ ਜਿਹੜੀ ਪਾਰਟੀ ਸਿਰਫ਼ 3 ਮਹੀਨੇ ਪਹਿਲਾਂ 6 ਲੱਖ 43 ਹਜ਼ਾਰ 354 ਵੋਟਾਂ ਲੈਂਦੀ
ਹੈ, 3 ਮਹੀਨੇ ਬਾਅਦ ਸਿਰਫ 2 ਲੱਖ 47 ਹਜ਼ਾਰ, 332 ਵੋਟਾਂ 'ਤੇ ਆਣ ਖੜ੍ਹੇ।
ਅਸਲ
ਵਿਚ ਮਾਨ ਦੀ ਇਸ ਜਿੱਤ ਪਿੱਛੇ ਜਿਥੇ ਪੰਜਾਬੀਅਤ ਤੇ ਸਿੱਖੀ ਜਜ਼ਬੇ ਦੇ ਉਭਾਰ ਦਾ
ਪ੍ਰਭਾਵ ਹੈ, ਉਥੇ 'ਆਪ' ਦੇ ਸੁਪਰੀਮੋ ਕੇਜਰੀਵਾਲ ਵਲੋਂ ਪੰਜਾਬ ਤੋਂ ਚੁਣੇ 3 ਰਾਜ
ਸਭਾ ਮੈਂਬਰਾਂ ਦੇ ਪੰਜਾਬੀਅਤ ਤੇ ਸਿੱਖੀ ਪ੍ਰਤੀ ਉੱਠੇ ਸਵਾਲਾਂ ਦਾ ਵੀ ਵੱਡਾ ਅਸਰ
ਹੈ। ਅਸੀਂ ਭਗਵੰਤ ਮਾਨ ਦੇ ਇਸ ਜਵਾਬ ਨਾਲ ਬਿਲਕੁਲ ਸਹਿਮਤ ਨਹੀਂ ਹਾਂ ਕਿ ਕਾਂਗਰਸ ਨੇ
ਵੀ ਤਾਂ ਡਾ. ਮਨਮੋਹਨ ਸਿੰਘ ਨੂੰ ਆਸਾਮ ਤੇ ਅੰਬਿਕਾ ਸੋਨੀ ਨੂੰ ਪੰਜਾਬ ਤੋਂ ਰਾਜ ਸਭਾ
ਵਿਚ ਭੇਜਿਆ ਸੀ।
ਭਗਵੰਤ ਮਾਨ ਜੀ, ਕਾਂਗਰਸ ਇਸ ਤਰ੍ਹਾਂ ਕਰਦੀ ਸੀ ਤਾਂ ਉਸ ਦਾ ਹਾਲ ਵੀ
ਵੇਖ ਲਵੋ। ਫਿਰ ਇਹ ਦਲੀਲ ਕਿ ਜੇ ਉਹ ਗ਼ਲਤ ਕਰਦੇ ਸੀ ਤਾਂ ਕੀ ਤੁਹਾਨੂੰ ਵੀ ਗ਼ਲਤ ਹੀ
ਕਰਨਾ ਚਾਹੀਦਾ ਹੈ? ਫਿਰ 'ਆਪ' ਦੇ 7 ਵਿਚੋਂ 4 ਮੈਂਬਰਾਂ ਦੀ ਚੋਣ ਸੰਬੰਧੀ ਤਾਂ
ਗੰਭੀਰ ਇਲਜ਼ਾਮ ਵੀ ਲਗਦੇ ਰਹੇ ਹਨ, ਜਿਨ੍ਹਾਂ ਦਾ ਜਵਾਬ ਦੇਣਾ 'ਆਪ' ਦੇ ਕਿਸੇ ਨੇਤਾ
ਨੇ ਯੋਗ ਨਹੀਂ ਸਮਝਿਆ।
ਉਂਝ ਦੂਜੇ ਪਾਸੇ ਇਸ ਜਿੱਤ ਨਾਲ ਸਿਮਰਨਜੀਤ ਸਿੰਘ ਮਾਨ ਦੇ
ਮੋਢਿਆਂ 'ਤੇ ਜੋ ਜ਼ਿੰਮੇਵਾਰੀ ਪੈ ਗਈ ਹੈ, ਉਸ ਨੂੰ ਨਿਭਾਉਣ ਲਈ ਉਨ੍ਹਾਂ ਨੂੰ ਬੜੀ
ਸੂਝ ਤੇ ਜ਼ਿੰਮੇਵਾਰੀ ਅਤੇ ਚੰਗੇ ਸਲਾਹਕਾਰਾਂ ਦੀ ਸਲਾਹ ਨਾਲ ਕਦਮ ਪੁੱਟਣੇ ਚਾਹੀਦੇ
ਹਨ। ਇਸ ਸਮੇਂ ਰਾਜ ਵਿਚ ਪੰਜਾਬ ਪੱਖੀ ਤੇ ਸਿੱਖ ਪੱਖੀ ਖੇਤਰੀ ਪਾਰਟੀ ਦੀ ਜਗ੍ਹਾ
ਖਾਲੀ ਪਈ ਹੈ। ਨਹੀਂ ਤਾਂ 1989 ਦੀ ਜਿੱਤ ਬਾਅਦ ਉਹ ਤੇ ਉਨ੍ਹਾਂ ਦੀ ਰਾਜਨੀਤੀ ਕਿਸ
ਹਾਲਾਤ ਵਿਚੋਂ ਲੰਘੀ ਹੈ, ਇਸ ਬਾਰੇ ਉਹ ਆਪ ਵੀ ਵਾਕਫ਼ ਹੀ ਹਨ।
ਸੰਧਵਾਂ, ਬਾਜਵਾ, ਬੈਂਸ ਤੇ ਕੁੰਵਰ ਇਸ ਬਜਟ ਇਜਲਾਸ ਵਿਚ ਕਈ ਵਿਧਾਇਕ ਤੇ
ਮੰਤਰੀ ਉੱਭਰ ਕੇ ਸਾਹਮਣੇ ਆਏ ਹਨ, ਜਿਨ੍ਹਾਂ ਨੇ ਵਿਧਾਨ ਸਭਾ ਵਿਚ ਪ੍ਰਭਾਵਿਤ ਕੀਤਾ
ਹੈ। ਸਾਰਿਆਂ ਦਾ ਜ਼ਿਕਰ ਕਰਨਾ ਤੇ ਔਖਾ ਹੈ ਪਰ ਪ੍ਰਭਾਵਿਤ ਕਰਨ ਵਾਲਿਆਂ ਵਿਚ ਸਿਖ਼ਰ
'ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਜ਼ਰ ਆ ਰਹੇ ਹਨ। ਉਨ੍ਹਾਂ ਦੇ
ਕੰਮ ਕਰਨ ਦੇ ਢੰਗ ਤੋਂ ਬਿਲਕੁਲ ਨਹੀਂ ਜਾਪਦਾ ਕਿ ਉਹ ਪਹਿਲੀ ਵਾਰ ਸਪੀਕਰ ਬਣੇ ਹਨ।
ਬਹੁਤੀ ਵਾਰ ਉਹ ਬਹੁਤ ਹੀ ਸੂਝਵਾਨ ਤਜਰਬੇਕਾਰ ਅਤੇ ਨਿਰਪੱਖ ਨਜ਼ਰ ਆਏ ਹਨ। ਜਿਥੇ ਲੋੜ
ਪਈ ਸੱਤਾਧਾਰੀ ਤੇ ਵਿਰੋਧੀਆਂ ਦੋਵਾਂ ਨਾਲ ਸਖ਼ਤੀ ਨਾਲ ਵੀ ਪੇਸ਼ ਆਏ ਤੇ ਕਈ ਨਾਜ਼ੁਕ
ਸਥਿਤੀਆਂ ਨੂੰ ਵੀ ਸੰਭਾਲਿਆ ਹੈ।
ਵਿਰੋਧੀ ਲੀਡਰ ਵਜੋਂ ਪ੍ਰਤਾਪ ਸਿੰਘ ਬਾਜਵਾ ਉਲਟ
ਸਥਿਤੀਆਂ ਵਿਚ ਵੀ ਚੰਗਾ ਰੋਲ ਨਿਭਾ ਰਹੇ ਹਨ। ਹਾਲਾਂਕਿ ਆਪਣੀ ਪਿਛਲੀ ਸਰਕਾਰ ਦੀਆਂ
ਕਾਰਗੁਜ਼ਾਰੀਆਂ ਦਾ ਬਚਾਅ ਕਰਨਾ ਉਨ੍ਹਾਂ ਲਈ ਕੋਈ ਸੌਖੀ ਗੱਲ ਨਹੀਂ। ਉਹ ਪੰਜਾਬ ਦੇ
ਮਸਲੇ ਉਠਾਉਣ ਵਿਚ ਵੀ ਚੰਗਾ ਪ੍ਰਭਾਵ ਦੇ ਰਹੇ ਹਨ। ਜਦੋਂ ਕਿ ਮੰਤਰੀਆਂ ਵਿਚੋਂ
ਨੌਜਵਾਨ ਮੰਤਰੀ ਹਰਜੋਤ ਸਿੰਘ ਬੈਂਸ ਐਡਵੋਕੇਟ ਜੋਸ਼ ਅਤੇ ਹੋਸ਼ ਦੋਵਾਂ ਤੋਂ ਕੰਮ
ਲੈਂਦੇ ਕਾਫ਼ੀ ਪ੍ਰਭਾਵਿਤ ਕਰ ਰਹੇ ਹਨ।
ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ
'ਬੇਅਦਬੀਆਂ' ਦੇ ਮਾਮਲੇ 'ਤੇ ਸਵਾਲ ਉਠਾਉਣਾ ਉਨ੍ਹਾਂ ਦੇ ਇੱਕ ਮਹਾਨ ਸਿੱਖਾਂ ਦੇ
ਵਲੂੰਧਰੇ ਦਿਲਾਂ ਦੀ ਗੱਲ ਕਰਦਾ, ਸੰਸਾਰ ਭਰ ਦੀਆਂ ਸਿੱਖ ਸਫਾਂ ਵਿੱਚ ਪ੍ਰਭਾਵਸ਼ਾਲੀ
ਚਰਿੱਤਰ ਦੀ ਲਗਾਤਾਰਤਾ ਦਾ ਪ੍ਰਤੱਖ ਪ੍ਰਗਟਾਵਾ ਕਰ ਰਿਹਾ ਹੈ।
1044,
ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ-141401. ਫੋਨ : 92168-60000
email : hslall@ymail.com
|