WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਦੇਸੀ ਏਅਰਲਾਈਨਾਂ ਸਾਨੂੰ ਕਦੇ ਵੀ ਵਫ਼ਾ ਨਹੀਂ ਕਰਨਗੀਆਂ - ਪ੍ਰਵਾਸੀਆਂ ਨੂੰ ਉਹ ਸਿਰਫ਼ ਮੁੰਨਣ ਵਾਲ਼ੀਆਂ ਭੇਡਾਂ ਹੀ ਸਮਝਦੇ ਨੇ     
ਸ਼ਿਵਚਰਨ ਜੱਗੀ ਕੁੱਸਾ, ਲੰਡਨ              (21/01/2022)

kussa

04ਭਾਰਤ, ਖ਼ਾਸ ਤੌਰ 'ਤੇ ਪੰਜਾਬ ਜਾਣ ਲਈ ਹਰ ਕਿਸੇ ਪ੍ਰਵਾਸੀ ਪੰਜਾਬੀ ਦਾ ਮਨ ਤੜਫ਼ਦਾ ਰਹਿੰਦਾ ਹੈ। ਆਪਣੀ ਮਾਂ-ਮਿੱਟੀ ਨਾਲ਼ ਬੇਹੱਦ ਮੋਹ ਅਤੇ ਅਥਾਹ ਲਗਾਉ ਸਾਨੂੰ ਪੰਜਾਬ ਧੂਹ ਕੇ ਲੈ ਜਾਂਦਾ ਹੈ। ਪਰ ਜਿੰਨਾਂ ਚਾਅ ਅਤੇ ਉਤਸ਼ਾਹ ਅਸੀਂ ਦਿਲ ਵਿੱਚ ਲੈ ਕੇ ਤੁਰਦੇ ਹਾਂ, ਉਸ ਤੋਂ ਕਿਤੇ ਜਿ਼ਆਦਾ ਨਿਰਾਸ਼ਾ ਅਤੇ ਉਦਾਸੀ ਅਸੀਂ ਦਿਲ ਦਿਮਾਗ ਉਪਰ ਲੱਦ ਕੇ ਲੈ ਆਉਂਦੇ ਹਾਂ। ਦਿੱਲੀ ਮਹਾਂ-ਨਗਰੀ ਦੇ ਏਅਰਪੋਰਟ ਉਪਰ ਕੰਮ ਕਰਦੇ ਏਅਰਲਾਈਨਾਂ ਦੇ ਕਰਮਚਾਰੀਆਂ ਦੀ ਲਾਪ੍ਰਵਾਹੀ, ਸ਼ੈਤਾਨੀਆਂ, ਦੁਰਵਿਵਹਾਰ ਅਤੇ ਗਿੱਦੜਮਾਰੀਆਂ ਅਸੀਂ ਲੰਮੇ ਸਮੇਂ ਤੱਕ ਭੁਲਾ ਨਹੀਂ ਸਕਦੇ ਅਤੇ ਯਾਦ ਕਰ-ਕਰ ਦੁਖੀ ਹੁੰਦੇ ਰਹਿੰਦੇ ਹਾਂ। ਬਿਨਾ ਕਸੂਰ ਤੁਹਾਡਾ ਹੋਇਆ ਨੁਕਸਾਨ ਤੁਹਾਨੂੰ ਰੜਕਦਾ ਰਹਿੰਦਾ ਹੈ ਅਤੇ ਤੁਸੀਂ ਮੱਕੜ ਜਾਲ਼ ਵਾਂਗ ਇੱਕੋ ਸੁਆਲ ਵਿੱਚ ਉਲ਼ਝ ਕੇ ਰਹਿ ਜਾਂਦੇ ਹੋ, "ਯਾਰ ਸਾਡਾ ਕਸੂਰ ਕੀ ਸੀ...?"

ਕੋਰੋਨਾ ਦੇ ਕਹਿਰ ਕਾਰਨ ਚਾਹੇ ਮੀਡੀਆ ਪ੍ਰਦੇਸੀਆਂ ਨੂੰ ਘੱਟੋ-ਘੱਟ ਇੱਕ ਸਾਲ ਹੋਰ ਘਰਾਂ ਵਿੱਚ ਟਿਕ ਕੇ ਬੈਠਣ ਦੀ ਸਲਾਹ ਦੇ ਰਿਹਾ ਸੀ। ਪਰ ਪੰਜਾਬ ਦਾ ਮੋਹ ਬੰਦੇ ਨੂੰ ਕਿੱਥੇ ਟਿਕਣ ਦਿੰਦੈ..? ਕੰਮ ਤੋਂ ਤਿੰਨ ਹਫ਼ਤੇ ਦੀਆਂ ਛੁੱਟੀਆਂ ਹੋ ਗਈਆਂ। ਸੋਚਿਆ ਇੱਥੇ ਤਿੰਨ ਹਫ਼ਤੇ ਰਹਿ ਕੇ ਕੀ ਕੜਛ ਮਾਂਜਾਂਗੇ, ਢਾਈ ਕੁ ਹਫ਼ਤੇ ਲਈ ਪੰਜਾਬ ਦਾ ਗੇੜਾ ਕੱਢ ਕੇ ਆਉਂਦੇ ਹਾਂ। ਦਿੱਲੀ ਵਸਦੇ ਮੇਰੇ ਪੁਲੀਸ ਅਫ਼ਸਰ ਮਿੱਤਰ ਜਸਬੀਰ ਜਲਾਲਾਬਾਦੀ ਤੋਂ ਕੋਰੋਨਾ ਬਾਰੇ ਕਨਸੋਅ ਜਿਹੀ ਲਈ। ਪਰ ਉਸ ਨੇ ਇਹੀ ਗੱਲ ਕਹੀ, "ਦੁਨੀਆਂ ਤੁਰੀ ਫਿ਼ਰਦੀ ਐ ਬਾਈ ਜੀ, ਡਰਦੇ ਕਾਹਤੋਂ ਐਂ? ਆ ਜੋ ਜੱਫ਼ੀਆਂ ਪਾਈਏ ਤੇ ਪੈੱਗ ਸ਼ੈੱਗ ਲਾਈਏ...!" ਅਜਿਹੀਆਂ ਹੱਲਾਸ਼ੇਰੀਆਂ ਸੁਣ ਕੇ ਮੈਂ ਵੀ ਸ਼ੇਰ ਬਣ ਗਿਆ ਅਤੇ ਭਾਰਤ ਦੀ ਤਿਆਰੀ ਕਰ ਲਈ। 'ਵਿਸਤਾਰਾ ਏਅਰਲਾਈਨ' ਦੀ ਟਿਕਟ ਬੁੱਕ ਕਰ ਲਈ ਅਤੇ ਤਿਆਰੀਆਂ ਖਿੱਚ ਦਿੱਤੀਆਂ। ਦੁਨੀਆਂ ਤਾਂ ਰੂਸ, ਉਜ਼ਬੇਕ ਵਰਗੀਆਂ ਏਅਰਲਾਈਨਾਂ ਨੂੰ ਭੰਡਦੀ ਨਹੀਂ ਸੀ ਥੱਕਦੀ, ਪਰ ਮੇਰੇ ਨਿੱਜੀ ਤਜ਼ਰਬੇ ਮੁਤਾਬਿਕ Vistara Air (ਵਿਸਤਾਰਾ ਏਅਰ) ਦੁਨੀਆਂ ਦੀ ਸਭ ਤੋਂ ਨਖਿੱਧ ਏਅਰਲਾਈਨ ਹੈ, ਜਿਸ ਦੇ ਦਿੱਲੀ ਏਅਰਪੋਰਟ ਸਟਾਫ਼ ਦੇ ਰੁੱਖੇ ਵਤੀਰੇ ਦਾ ਸੁਆਦ ਸਿਰਫ਼ ਮੈਂ ਹੀ ਨਹੀਂ, ਹੋਰ ਹਜ਼ਾਰਾਂ ਲੋਕਾਂ ਨੇ ਚੱਖਿਆ ਹੋਵੇਗਾ। ਇੱਕ ਵਾਰ ਮੈਂ ਏਅਰ ਇੰਡੀਆਂ ਦੀਆਂ 'ਭਦਰਕਾਰੀਆਂ' ਉਪਰ ਵੀ "ਇਹ-ਰੰਡੀ-ਆ" ਨਾਂ ਦਾ ਲੇਖ ਲਿਖਿਆ ਸੀ।

ਦੋ ਨਵੰਬਰ ਨੂੰ ਮੇਰਾ ਬੇਟਾ ਕਬੀਰ ਮੈਨੂੰ ਲੰਡਨ ਹੀਥਰੋ ਏਅਰਪੋਰਟ ਛੱਡ ਗਿਆ ਅਤੇ ਮੇਰੇ ਅਟੈਚੀ ਬਗੈਰਾ ਜਮ੍ਹਾਂ ਕਰਵਾ ਕੇ ਪਰਤ ਆਇਆ। ਫ਼ਲਾਈਟ ਸਹੀ ਸਮੇਂ 'ਤੇ ਹੀ ਜਾ ਰਹੀ ਸੀ। ਸਹੀ ਸਮੇਂ ਉਪਰ ਉਡੀ ਫ਼ਲਾਈਟ ਸਵੇਰ ਦੇ ਦਸ ਵੱਜ ਕੇ ਪੰਜਾਹ ਮਿੰਟ ਉਪਰ ਦਿੱਲੀ ਜਾ ਉੱਤਰੀ। ਦਿੱਲੀ ਏਅਰਪੋਰਟ ਉਪਰ ਕੋਈ ਬਹੁਤੀ ਭੀੜ੍ਹ ਨਹੀਂ ਸੀ। ਸਾਰੀ ਕਾਰਵਾਈ ਉਪਰੰਤ ਮੈਂ ਪੌਣੇ ਕੁ ਬਾਰਾਂ ਵਜੇ ਬਾਹਰ ਆ ਗਿਆ। ਆਪਣੀ ਧਰਤੀ 'ਤੇ ਪਹੁੰਚ ਕੇ ਬੰਦਾ ਕਿਵੇਂ ਹੌਲ਼ਾ ਫੁੱਲ ਵਰਗਾ ਅਤੇ ਸੰਤੁਸ਼ਟ ਜਿਹਾ ਮਹਿਸੂਸ ਕਰਦਾ ਹੈ, ਇਹ ਏਅਰਪੋਰਟ ਉਪਰ ਉਤਰਨ ਸਾਰ ਹੀ ਵਿਲੱਖਣ ਜਿਹਾ ਅਹਿਸਾਸ ਹੁੰਦਾ ਹੈ। 

ਦਸ ਕੁ ਦਿਨ ਕੰਮਾਂ ਧੰਦਿਆਂ ਵਿੱਚ ਲੰਘ ਗਏ। 15 ਦਸੰਬਰ 2020 ਨੂੰ ਮੇਰੇ ਵੱਡੇ ਭੈਣ ਜੀ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ਼ ਜੂਝਦੇ ਚੜ੍ਹਾਈ ਕਰ ਗਏ ਸਨ। ਅੰਨ੍ਹਾਂ ਖਰਚਾ ਅਤੇ ਤਕੜੇ-ਤਕੜੇ ਹਸਪਤਾਲ਼ਾਂ ਦਾ ਇਲਾਜ਼ ਵੀ ਉਹਨਾਂ ਨੂੰ ਬਚਾ ਨਾ ਸਕਿਆ। ਭੈਣ ਜੀ ਦੇ ਸਹੁਰੀਂ ਵੀ ਜਾ ਕੇ ਹਾਜ਼ਰੀ ਭਰੀ। ਪੂਰੇ ਹੋਣ ਤੋਂ ਪਹਿਲਾਂ ਮੈਂ ਨੌਂ ਦਿਨ ਭੈਣ ਜੀ ਦੇ ਸਿਰ੍ਹਾਣੇ ਬੈਠਾ ਰਿਹਾ ਸੀ। ਪਰ ਦੁਖੀ ਹੋਣ ਅਤੇ ਉਹਨਾਂ ਨੂੰ ਫ਼ੋਕਾ ਦਿਲਾਸਾ ਦੇਣ ਤੋਂ ਇਲਾਵਾ ਮੇਰੇ ਹੱਥ ਵੱਸ ਕੁਛ ਵੀ ਨਹੀਂ ਸੀ। ਪਰ ਅਫ਼ਸੋਸ, ਜਿਸ ਦਿਨ ਭੈਣ ਜੀ ਨੇ ਸਰੀਰ ਛੱਡਿਆ, ਉਸ ਤੋਂ ਪੰਜ ਦਿਨ ਪਹਿਲਾਂ ਮੈਂ ਲੰਡਨ ਪਹੁੰਚ ਚੁੱਕਿਆ ਸੀ। ਪਰ ਮੈਨੂੰ ਫਿ਼ਰ ਵੀ ਕੁਛ-ਕੁਛ ਆਤਮਿਕ ਤਸੱਲੀ ਹੈ ਕਿ ਘੱਟੋ-ਘੱਟ ਨੌਂ ਕੁ ਦਿਨ ਤਾਂ ਮੈਂ ਭੈਣ ਜੀ ਦੀ ਸੇਵਾ ਕਰ ਸਕਿਆ। ਖ਼ੈਰ, ਮੇਰੀ ਵਾਪਸੀ ਫ਼ਲਾਈਟ 23 ਨਵੰਬਰ 2021 ਦੀ ਸੀ। ਦੋ ਦਿਨ ਪਹਿਲਾਂ ਕੋਰੋਨਾ ਟੈਸਟ ਕਰਵਾ ਲਿਆ ਅਤੇ ਏਅਰਪੋਰਟ ਉਪਰ ਜਾ ਕੇ ਵੀ ਟੈਸਟ ਕਰਵਾਇਆ। ਰਿਜ਼ਲਟ ਦੋਵਾਂ ਟੈਸਟਾਂ ਦਾ "ਨੇਗੇਟਿਵ" ਹੀ ਆਇਆ।

23 ਨਵੰਬਰ ਨੂੰ ਮੇਰੀ ਫ਼ਲਾਈਟ ਬਾਅਦ ਦੁਪਿਹਰ ਦੋ ਵੱਜ ਕੇ ਤੀਹ ਮਿੰਟ 'ਤੇ ਸੀ। ਬਾਈ ਡਾਕਟਰ ਇੰਦਰ ਮੈਨੂੰ ਚੜ੍ਹਾਉਣ ਆਇਆ ਹੋਇਆ ਸੀ। ਮੈਂ ਸਵੇਰੇ ਦਸ ਵਜੇ ਦਿੱਲੀ ਦੇ ਏਅਰਪੋਰਟ ਅੰਦਰ ਦਾਖਲ ਹੋ ਗਿਆ। ਅੱਗੇ ਬੜੀ ਲੰਬੀ ਲਾਈਨ ਲੱਗੀ ਹੋਈ ਸੀ। ਇੱਕ ਪੈਂਹਟ ਕੁ ਸਾਲ ਦਾ ਅਧਗੰਜਾ, ਗਿੱਠਾ ਜਿਹਾ ਕਰਮਚਾਰੀ ਅਤੇ ਇੱਕ ਪੱਚੀ ਕੁ ਸਾਲ ਦਾ ਮੁੰਡਾ ਯਾਤਰੀਆਂ ਦੇ ਕਾਗਜ਼ ਚੈੱਕ ਕਰ ਰਹੇ ਸਨ। ਅਧਗੰਜੇ ਕਰਮਚਾਰੀ ਨੇ ਚਾਰ ਪੰਜ ਪੰਜਾਬੀ ਮੁੰਡੇ ਇੱਕ ਪਾਸੇ ਖੜ੍ਹਾਏ ਹੋਏ ਸਨ। ਉਹਨਾਂ ਦੇ ਕੋਲ਼ ਖੜ੍ਹਨ ਲਈ ਉਸ ਨੇ ਮੈਨੂੰ ਵੀ ਇਸ਼ਾਰਾ ਕਰ ਦਿੱਤਾ। ਜਦ ਅਸੀਂ ਅੱਧਾ ਕੁ ਘੰਟਾ ਖੜ੍ਹੇ ਰਹੇ ਤਾਂ ਮੈਂ ਉਹਨਾਂ ਮੁੰਡਿਆਂ ਨੂੰ ਪੁੱਛਿਆ, "ਤੁਸੀਂ ਅੱਗੇ ਕਿਉਂ ਨੀ ਤੁਰਦੇ ਸ਼ੇਰੋ...?" ਤਾਂ ਇੱਕ ਪੱਗ ਵਾਲ਼ਾ ਪੰਜਾਬੀ ਮੁੰਡਾ ਬੋਲਿਆ, "ਅਸੀਂ ਪਹਿਲੀ ਵਾਰ ਇੰਗਲੈਂਡ ਚੱਲੇ ਆਂ ਜੀ, ਇੰਗਲੈਂਡ ਦੀ ਅੰਬੈਸੀ ਨੇ ਸਾਨੂੰ ਵੀਜ਼ਾ ਦਿੱਤੈ, ਤੇ ਇਹ ਵਿਸਤਾਰਾ ਏਅਰਲਾਈਨ ਵਾਲ਼ੇ ਕਹਿੰਦੇ ਤੁਹਾਡਾ ਵੀਜ਼ਾ ਸਹੀ ਨਹੀਂ ਲੱਗਦਾ। ਇਹਨਾਂ ਨੇ ਤਸਦੀਕ ਕਰਨ ਲਈ ਅੰਬੈਸੀ ਨੂੰ ਫ਼ੈਕਸ ਭੇਜੀ ਐ, ਪਰ ਅਜੇ ਤੱਕ ਕੋਈ ਉਤਰ ਨੀ ਆਇਆ...!"

-"ਥੋਡੇ ਸਾਰਿਆਂ ਦੇ ਤਾਂ ਵੀਜ਼ੇ ਫ਼ਰਜ਼ੀ ਨਹੀਂ ਹੋ ਸਕਦੇ...?" ਮੈਂ ਵੀ ਦੁਬਿਧਾ ਵਿੱਚ ਪਿਆ ਖੜ੍ਹਾ ਸੀ। 
-"ਅੰਨ੍ਹੀ ਨੂੰ ਬੋਲ਼ਾ ਘੜ੍ਹੀਸਦੈ ਅੰਕਲ ਜੀ, ਕਿਹੜਾ ਕੋਈ ਸੁਣਦੈ...?" ਇੱਕ ਹੋਰ ਅੱਕਿਆ ਹੋਇਆ ਬੋਲਿਆ।
-"ਮੈਨੂੰ ਲੱਗਦੈ ਇਹ ਮੇਰੇ ਅਰਗਿਆਂ ਨੂੰ ਪਾਸੇ ਕਰ ਕੇ, ਪੈਸੇ ਲੈ ਕੇ ਦੂਜਿਆਂ ਨੂੰ ਚੜ੍ਹਾਉਂਦੇ ਹੋਣਗੇ...!" ਦੂਜਾ ਮੁੰਡਾ ਬੋਲਿਆ।

ਮੈਂ ਉਸ ਅੱਧਗੰਜੇ ਕਰਮਚਾਰੀ ਕੋਲ਼ ਚਲਿਆ ਗਿਆ।

-"ਇਹਨਾਂ ਦੇ ਤਾਂ ਤੁਸੀਂ ਵੀਜ਼ੇ ਫ਼ਰਜ਼ੀ ਦੱਸਦੇ ਹੋ, ਤੇ ਮੈਨੂੰ ਐਥੇ ਕਾਸ ਨੂੰ ਖੜ੍ਹਾਇਐ...? ਮੇਰੇ ਕੋਲ਼ ਤਾਂ ਵਿਦੇਸ਼ੀ ਪਾਸਪੋਰਟ ਐ...!" ਜਦ ਮੈਂ ਉਸ ਕਰਮਚਾਰੀ ਨੂੰ ਕਰੜਾ ਜਿਹਾ ਹੋ ਕੇ ਕਿਹਾ ਤਾਂ ਉਸ ਨੇ ਬੈਲਟ ਜਿਹੀ ਲਾਹ ਕੇ ਮੈਨੂੰ ਲਾਈਨ ਵਿੱਚ ਵੜਦੇ ਕਰ ਦਿੱਤਾ। ਮੇਰੇ ਹੱਥ ਵਿੱਚ ਪਾਸਪੋਰਟ ਸਮੇਤ ਸਾਰੇ ਲੋੜੀਂਦੇ ਕਾਗਜ਼ ਫ਼ੜੇ ਹੋਏ ਸਨ। ਤਿੰਨ ਕਾਊਂਟਰ ਚੱਲ ਰਹੇ ਸਨ। ਅੱਧਗੰਜਾ ਤਾਂ ਲੋਕਾਂ ਦੇ ਪੇਪਰਾਂ ਵਿੱਚ ਨਿਘੋਚਾਂ ਹੀ ਕੱਢ ਰਿਹਾ ਸੀ, ਜਦ ਕਿ ਲਵਾ ਜਿਹਾ ਮੁੰਡਾ ਯਾਤਰੀਆਂ ਦੇ ਕਾਗਜ਼ ਪੱਤਰ ਨਿਰਖ ਰਿਹਾ ਸੀ। ਜਿਸ ਦੇ ਪੇਪਰਾਂ ਵਿੱਚ ਘਾਟ ਹੁੰਦੀ, ਉਸ ਨੂੰ ਬੈਲਟ ਖੋਲ੍ਹ ਕੇ ਲਾਈਨ ਤੋਂ ਬਾਹਰ ਕਰ ਦਿੱਤਾ ਜਾਂਦਾ। ਮੇਰੇ ਮਗਰ ਇੱਕ ਅੱਸੀ ਕੁ ਸਾਲ ਦੀ ਬੇਬੇ ਆ ਖੜ੍ਹੀ।
-"ਤੂੰ ਵੀ ਇੰਗਲੈਂਡ ਜਾਣੈ ਪੁੱਤ..?" ਉਸ ਮਾਤਾ ਨੇ ਮੈਨੂੰ ਪੇਂਡੂ ਲਹਿਜੇ ਵਾਲ਼ੀ ਅਪਣੱਤ ਨਾਲ਼ ਪੁੱਛਿਆ।
-"ਹਾਂ ਬੇਬੇ, ਜਾਣਾ ਤਾਂ ਇੰਗਲੈਂਡ ਈ ਐ, ਜੇ ਜਾਣ ਦੇਣਗੇ...!" ਮੈਂ ਗੱਲ ਹਾਸੇ ਵਿੱਚ ਪਾ ਲਈ। 
ਜਦ ਮੇਰੀ ਵਾਰੀ ਆਈ ਤਾਂ ਮੈਂ ਪਾਸਪੋਰਟ ਸਮੇਤ ਸਾਰੇ ਕਾਗਜ਼ ਉਸ ਦੇ ਹਵਾਲੇ ਕਰ ਦਿੱਤੇ। 

-"ਪੈਸੈਂਜਰ ਲੋਕੇਟਰ ਫ਼ਾਰਮ ਕਹਾਂ ਹੈ...?" ਉਸ ਨੇ ਕੋਚਰ ਨਜ਼ਰ ਨਾਲ਼ ਸਾਰੇ ਕਾਗਜ਼ ਦੇਖ ਕੇ ਮੈਨੂੰ ਸੁਆਲ ਕੀਤਾ।
-"ਉਹਦੇ ਬਾਰੇ ਤਾਂ ਮੈਨੂੰ ਪਤਾ ਹੀ ਨੀ ਸੀ ਯਾਰ...!"
-"ਪੈਸੇਂਜਰ ਲੋਕੇਟਰ ਫ਼ਾਰਮ ਲਾਉ..!" ਉਸ ਨੇ ਬੈਲਟ ਖੋਲ੍ਹ ਕੇ ਮੈਨੂੰ ਲਾਈਨ ਤੋਂ ਬਾਹਰ ਕਰ ਦਿੱਤਾ। ਬਿਰਧ ਮਾਤਾ ਵੀ ਮੇਰੇ ਮਗਰ ਹੀ ਤੁਰੀ ਆ ਰਹੀ ਸੀ। 
-"ਬੇਬੇ, ਤੁਸੀਂ ਤਾਂ ਕਾਗਜ਼ ਪੱਤਰ ਚੈੱਕ ਕਰਵਾ ਲੋ...!" ਮੈਂ ਮਾਤਾ ਨੂੰ ਵਾਪਸ ਭੇਜਿਆ ਅਤੇ ਆਪ ਆਪਣੇ ਬੇਟੇ ਨੂੰ ਫ਼ੋਨ ਕਰਨ ਲੱਗ ਪਿਆ। ਲੰਡਨ ਵਿੱਚ ਸਵੇਰ ਦੇ ਛੇ ਵੱਜੇ ਹੋਏ ਸਨ। 
-"ਯਾਰ ਕਬੀਰ, ਮੇਰਾ ਪੈਸੇਂਜਰ ਲੋਕੇਟਰ ਫ਼ਾਰਮ ਬਣਾ ਕੇ ਭੇਜ ਯਾਰ, ਜੇ ਮੈਂ ਫ਼ੋਨ 'ਤੇ ਕਰਨ ਲੱਗਿਆ ਤਾਂ ਮੈਨੂੰ ਐਥੇ ਈ ਦਿਨ ਛਿਪ-ਜੂ...!" 
-"ਮੈਂ ਹੁਣੇ ਬਣਾ ਕੇ ਥੋਨੂੰ ਈਮਲੇ ਕਰਦੈਂ, ਡੈਡ...!" ਕਹਿ ਕੇ ਕਬੀਰ ਆਪਣੇ ਕੰਮ ਲੱਗ ਗਿਆ ਅਤੇ ਮੈਂ ਇੱਕ ਪਾਸੇ ਬੈਠ ਕੇ ਉਡੀਕ ਕਰਨ ਲੱਗ ਪਿਆ। ਉਥੇ ਪੈਸੇਂਜਰ ਲੋਕੇਟਰ ਫ਼ਾਰਮ (Passenger Locator Form) ਵਾਲ਼ਾ ਮੈਂ ਇਕੱਲਾ ਹੀ ਨਹੀਂ, ਹੋਰ ਵੀ ਬਹੁਤ ਸਨ। ਵੀਜ਼ੇ ਵਾਲ਼ੇ ਮੁੰਡੇ ਅਜੇ ਵੀ ਅੰਬੈਸੀ ਦੀ ਫ਼ੈਕਸ ਉਡੀਕਦੇ ਥੱਕ ਗਏ ਸਨ। ਮੈਂ ਵਾਈ-ਫ਼ਾਈ ਨਾਲ਼ ਕੁਨੈਕਟ ਕਰ ਕੇ ਈਮੇਲ ਚੈੱਕ ਕਰਨ ਲੱਗ ਪਿਆ। ਅਜੇ ਕਬੀਰ ਦੀ ਕੋਈ ਈਮੇਲ ਨਹੀਂ ਆਈ ਸੀ। ਜਦ ਮੈਂ ਫ਼ੋਨ ਜੇਬ 'ਚ ਪਾ ਕੇ ਉਪਰ ਦੇਖਿਆ ਤਾਂ ਉਹੀ ਪੰਜਾਬਣ ਬੇਬੇ ਮੇਰੇ ਕੋਲ਼ ਖੜ੍ਹੀ ਸੀ। 

-"ਕਰਵਾਤਾ ਸਮਾਨ ਜਮ੍ਹਾਂ, ਬੇਬੇ...?" ਮੈਂ ਪੁੱਛਿਆ।
-"ਵੇ ਪੁੱਤ ਮੈਨੂੰ ਤਾਂ ਇਹਨਾਂ ਦੀ ਬਾਤ ਨੀ ਸਮਝ ਆਉਂਦੀ, ਔਹਨੂੰ ਪੁੱਛ ਮੁੰਡੇ ਨੂੰ, ਕੀ ਕਹਿੰਦੈ...?" 
ਮੈਂ ਉਠ ਕੇ ਬੇਬੇ ਨਾਲ਼ ਤੁਰ ਪਿਆ। ਬੇਬੇ ਨੂੰ ਕਰਮਚਾਰੀ ਦੀ ਗੂੜ੍ਹ ਹਿੰਦੀ ਸਮਝ ਨਹੀਂ ਆਉਂਦੀ ਸੀ, ਤੇ ਉਹਨਾਂ ਨੂੰ ਬੇਬੇ ਦੀ ਠੇਠ ਪੰਜਾਬੀ ਦੀ ਸਮਝ ਨਹੀਂ ਪੈਂਦੀ ਸੀ।
-"ਇਸ ਮਾਤਾ ਕੀ ਕਿਆ ਪ੍ਰਾਬਲਮ ਹੈ...?" ਮੈਂ ਪੱਚੀ ਕੁ ਸਾਲ ਦੇ ਕਰਮਚਾਰੀ ਨੂੰ ਪੁੱਛਿਆ।
-"ਮਾਤਾ ਕਾ ਵੀਜ਼ਾ ਵੈਰੀਫਿ਼ਕੇਸ਼ਨ ਕੇ ਲਿਏ ਗਯਾ ਹੈ, ਜਬ ਆਏਗਾ, ਫ਼ਲਾਈਟ ਹੋ ਜਾਏਗੀ...!" ਉਹ ਬੜੇ ਅਰਾਮ ਨਾਲ਼ ਬੋਲਿਆ।
-"ਮਾਤਾ ਇਸ ਉਮਰ ਮੇਂ ਜਾਅਲ੍ਹੀ ਵੀਜ਼ਾ ਲੇਕਰ ਜਾਏਗੀ..? ਕਯਾ ਬਾਤ ਕਰ ਰਹੇ ਹੈਂ ਆਪ...? ਕੁਛ ਤੋ ਸੋਚੋ..!" 
-"ਹਮਾਰੀ ਮਜਬੂਰੀ ਹੈ...!" ਕਹਿ ਕੇ ਉਹ ਪੂੰਝਾ ਜਿਹਾ ਛੁਡਾ ਕੇ ਭੱਜ ਗਿਆ। ਭੇਡੂ ਵਾਂਗ ਉਸ ਦੇ ਛੱਤਰੇ ਹਿਲਦੇ ਜਾ ਰਹੇ ਸਨ। 
-"ਇੱਕ ਅੱਖ ਤੋਂ ਤਾਂ ਪੁੱਤ ਮੈਨੂੰ ਜਮਾਂ ਨੀ ਦਿਸਦਾ, ਤੇ ਦੂਜੀ ਤੋਂ ਵੀ ਮੈਨੂੰ ਘੱਟ ਈ ਦਿਸਦੈ...!" ਬੇਬੇ ਨੇ ਦੁੱਖ ਦੱਸਿਆ।
-"ਬੇਬੇ ਕੀ ਕਰਨ ਚੱਲੇ ਹੋ ...?"

-"ਮੇਰੇ ਦੋਹਤੇ ਦਾ ਵਿਆਹ ਐ ਪੁੱਤ, ਦੋਹਤੇ ਦੇ ਵਿਆਹ 'ਤੇ ਚੱਲੀ ਆਂ...!" ਬੇਬੇ ਨੇ ਖ਼ੁਸ਼ ਹੁੰਦਿਆਂ ਦੱਸਿਆ।
ਮੇਰੇ ਫ਼ੋਨ ਦੀ "ਟਿੰਗ" ਨੇ ਮੇਰੀ ਸੁਰਤੀ ਤੋੜੀ। ਕਬੀਰ ਦੀ ਈਮੇਲ ਸੀ। ਮੇਰਾ ਲੋਕੇਟਰ ਫ਼ਾਰਮ ਬਣ ਕੇ ਆ ਗਿਆ ਸੀ। 
-"ਬੇਬੇ ਮੈਨੂੰ ਆਪਣਾ ਸਮਾਨ ਜਮ੍ਹਾਂ ਕਰਵਾ ਲੈਣ ਦੇ, ਫ਼ੇਰ ਥੋਡਾ ਹੱਲ ਵੀ ਕਰਦੇ ਆਂ...!" ਮੈਂ ਸਮਾਨ ਵਾਲ਼ੀ ਟਰਾਲੀ ਕਾਊਂਟਰ ਵੱਲ ਨੂੰ ਕਰ ਲਈ। ਜਦ ਮੈਂ ਕਾਊਂਟਰ ਕੋਲ਼ ਗਿਆ ਤਾਂ ਇੱਕ ਤੀਹ-ਬੱਤੀ ਕੁ ਸਾਲ ਦੀ ਕੁੜੀ ਕਿਸੇ ਨਾਲ਼ ਫ਼ੋਨ 'ਤੇ ਗੱਲ ਕਰਦੀ, ਰੋਈ ਜਾ ਰਹੀ ਸੀ। 
-"ਕਿਆ ਹੂਆ...? ਆਪ ਰੋ ਕਿਉਂ ਰਹੀ ਹੋ...?" ਮੈਂ ਉਸ ਨੂੰ ਪੁੱਛਿਆ ਤਾਂ ਉਸ ਨੇ ਕਾਊਂਟਰ ਵੱਲ ਹੱਥ ਕਰ ਦਿੱਤਾ। ਮੈਂ ਕਾਊਂਟਰ ਕੋਲ਼ ਜਾ ਕੇ ਅਟੈਚੀ ਬੈਲਟ ਉਪਰ ਰੱਖਣਾ ਚਾਹਿਆ ਤਾਂ ਕੁੜੀ ਦੋ ਟੁੱਕ ਬੋਲੀ, "ਕਾਊਂਟਰ ਬੰਦ ਹੋ ਚੁੱਕਾ ਹੈ, ਸਰ...!"

-"ਅਰ੍ਹੇ ਫ਼ਲਾਈਟ ਜਾਨੇ ਮੇਂ ਤੋ ਅਭੀ ਡੇੜ੍ਹ ਘੰਟਾ ਬਾਕੀ ਹੈ...!" ਮੈਂ ਘੜ੍ਹੀ ਵੱਲ ਇਸ਼ਾਰਾ ਕੀਤਾ।
-"ਸੌਰੀ ਸਰ...!" ਉਹ ਕਾਊਂਟਰ ਤੋਂ ਉਠ ਕੇ ਦੁੜਕੀ ਹੋ ਲਈ।
-"ਅਰ੍ਹੇ ਮੈਂ ਤੋ ਪੈਸੇਂਜਰ ਲੋਕੇਟਰ ਫ਼ਾਰਮ ਕਰ ਕੇ ਉਧਰ ਖੜ੍ਹਾ ਥਾ, ਅਬ ਤੋ ਮੇਰੇ ਪਾਸ ਪੈਸੇਂਜਰ ਲੋਕੇਟਰ ਫ਼ਾਰਮ ਭੀ ਹੈ...!"
-"ਕਾਊਂਟਰ ਬੰਦ ਹੋ ਚੁੱਕਾ ਹੈ, ਸਰ...!" ਇੱਕ ਹੋਰ ਦੇ ਚੱਪਣ ਵਰਗੇ ਬੁੱਲ੍ਹ ਹਿੱਲੇ।
-"ਤੋ ਹਮਾਰੀ ਟਿਕਟ ਕਾ ਕਯਾ ਬਨੇਗਾ, ਭੱਈਆ...?" ਉਹ ਰੋਣ ਵਾਲ਼ੀ ਕੁੜੀ ਬੋਲੀ।
-"ਕਸਟਮਰ ਸਰਵਿਸ ਕਾਊਂਟਰ ਪਰ ਜਾਈਏ...!" ਉਸ ਨੇ ਚੜ੍ਹਦੀ ਵੱਲ ਬੇਥ੍ਹਵੀ ਬਾਂਹ ਚੁੱਕ ਕੇ ਇਸ਼ਾਰਾ ਕੀਤਾ। 

ਤਕਰੀਬਰ ਵੀਹ-ਬਾਈ ਜਾਣੇ ਜੱਥਾ ਬਣਾ ਕੇ ਉਧਰ ਨੂੰ ਤੁਰ ਪਏ। ਪਰ ਸਾਨੂੰ ਕਿਤੇ ਵੀ ਕਸਟਮਰ ਸਰਵਿਸ ਵਾਲ਼ਾ ਕਾਊਂਟਰ ਨਾ ਮਿਲਿ਼ਆ ਅਤੇ ਰੁਲ਼ ਖੁਲ਼ ਕੇ ਅਸੀਂ ਮੁੜ ਕੇ ਉਸੇ ਕਾਊਂਟਰ ਕੋਲ਼ ਫਿ਼ਰ ਆ ਗਏ। ਅੱਧਗੰਜਾ ਕਰਮਚਾਰੀ ਤਾਂ ਪੱਤੇ ਤੋੜ ਗਿਆ ਸੀ। ਇੱਕ ਪੱਚੀ ਕੁ ਸਾਲ ਦੀ ਕੁੜੀ ਵਿਗੜੀ ਸਥਿਤੀ ਸੰਭਾਲਣ ਲਈ ਕਾਊਂਟਰ ਕੋਲ਼ ਆ ਖੜ੍ਹੀ ਸੀ। ਨਵੇਂ ਵੀਜ਼ੇ ਵਾਲ਼ੇ ਮੁੰਡੇ ਉਸ ਦੁਆਲ਼ੇ ਘੇਰਾ ਘੱਤੀ ਖੜ੍ਹੇ ਸਨ। 

-"ਜਦੋਂ ਅੰਬੇਸੀ ਨੇ ਸਾਨੂੰ ਵੀਜ਼ਾ ਦਿੱਤਾ ਹੈ, ਤੁਸੀਂ ਬਿਨਾ ਸਬੂਤ ਤੋਂ ਕਿਵੇਂ ਉਂਗਲ਼ ਧਰ ਕੇ ਕਹਿ ਸਕਦੇ ਹੋ ਕਿ ਸਾਡੇ ਵੀਜ਼ੇ ਫ਼ਰਜ਼ੀ ਨੇ...?" ਇੱਕ ਮੁੰਡੇ ਨੇ ਸੁਆਲ ਪੁੱਛਿਆ ਤਾਂ ਕੁੜੀ ਨੂੰ ਕੋਈ ਉਤਰ ਨਾ ਔੜਿਆ। ਉਹ ਧੂੜ 'ਚ ਟੱਟੂ ਰਲਾਉਂਦੀ ਹੋਈ ਬੋਲੀ, "ਮੁਝੇ ਤੋ ਆਪ ਕੇ ਕੇਸ ਕਾ ਪਤਾ ਨਹੀਂ, ਆਪ ਕਸਟਮਰ ਸਰਵਿਸ ਸੇ ਬਾਤ ਕੀਜੀਏ...?" ਉਸ ਨੇ ਇੱਕ ਨੰਬਰ 'ਤੇ ਉਂਗਲ਼ ਧਰ ਕੇ ਦਿਖਾਉਂਦੀ ਹੋਈ ਨੇ ਸਲਾਹ ਦਿੱਤੀ, "ਇਸ ਨੰਬਰ ਪਰ ਕਾਲ ਕੀਜੀਏ...!"

-"ਹਮੇਂ ਯੇਹ ਬਤਾਈਏ ਕਿ ਹਮਾਰੀ ਟਿਕਟ ਆਪ ਨੇ ਖਰਾਬ ਕਰ ਦੀ, ਯਾਂ ਹਮੇਂ ਇਸੀ ਟਿਕਟ ਪਰ ਲੇ ਕਰ ਜਾਏਂਗੇ, ਕਿਉਂਕਿ ਕਸੂਰ ਤੋ ਹਮਾਰਾ ਕੋਈ ਭੀ ਨਹੀਂ..!"
-"ਹਮ ਤੋ ਸਵੇਰੇ ਦਸ ਵਜੇ ਸੇ ਯਹਾਂ ਖੜ੍ਹੇ ਹੈਂ...!"
-"ਕਰਜ਼ਾ ਚੱਕ ਕੇ ਟਿਕਟ ਖਰੀਦੀ ਸੀ, ਤੇ ਇਹ ਸਾਨੂੰ ਬੇਵਕੂਫ਼ ਬਣਾਈ ਜਾਂਦੇ ਆ...!" ਇੱਕ ਮੁੰਡੇ ਨੇ ਅੱਖਾਂ ਭਰ ਲਈਆਂ। 
-"ਪੁੱਤ ਮੇਰਾ ਕੀ ਬਣੂੰ...?" ਬੇਬੇ ਨੇ ਮੈਨੂੰ ਸੁਆਲ ਕੀਤਾ। ਬੇਬੇ ਦਾ ਮੈਨੂੰ ਅਥਾਹ ਤਰਸ ਆਇਆ।
-"ਹਮਾਰੀ ਤੋ ਬਾਤ ਛੋੜੋ, ਇਸ ਬਿਰਧ ਮਾਤਾ ਕੋ ਤੋ ਜਾਨੇ ਦੋ...! ਕਯਾ ਆਪ ਸੋਚ ਸਕਤੇ ਹੈਂ ਕਿ ਇਸ ਉਮਰ ਮੇਂ ਯੇਹ ਕਿਸੀ ਫ਼ਰਜ਼ੀ ਵੀਜ਼ੇ ਪਰ ਇੰਗਲੈਂਡ ਜਾਏਗੀ...?" ਮੈਂ ਕੁੜੀ ਨੂੰ ਮਾਤਾ ਵੱਲ ਹੱਥ ਕਰ ਕੇ ਕਿਹਾ।

-"ਸਰ, ਯੇਹ ਮੇਰਾ ਕਾਮ ਨਹੀਂ, ਕਸਟਮਰ ਸਰਵਿਸ ਸੇ ਬਾਤ ਕਰ ਲੇਨਾ...! ਨੰਬਰ ਆਪ ਨੇ ਨੋਟ ਕਰ ਹੀ ਲੀਆ..!" ਉਸ ਨੇ ਭੌਣ ਤੋਂ ਲਾਹ ਦਿੱਤੀ।
-"ਪੁੱਤ ਹੁਣ ਕੀ ਕਹਿੰਦੀ ਆ...?" ਆਸ ਭਰੀਆਂ ਨਜ਼ਰਾਂ ਨਾਲ਼ ਮਾਤਾ ਮੇਰੇ ਵੱਲ ਝਾਕ ਰਹੀ ਸੀ।
-"ਬੇਬੇ ਇਹ ਫ਼ਲਾਈਟ ਤਾਂ ਸਮਝ ਲਉ, ਚਲੀ ਗਈ...!"
-"ਚਲੀ ਗਈ...? ਪੁੱਤ ਮੈਨੂੰ ਤਾਂ ਮੁੰਡੇ ਸਵੇਰੇ ਦਸ ਵਜੇ ਲਾਹ ਕੇ ਪਿੰਡ ਨੂੰ ਮੁੜਗੇ, ਹੁਣ ਮੇਰਾ ਵਾਲੀਵਾਰਸ ਕੌਣ ਆਂ..?" ਘਬਰਾਈ ਮਾਤਾ ਬੌਂਦਲ਼ ਗਈ। ਉਸ ਨੂੰ ਹਨ੍ਹੇਰ ਗੁਬਾਰ ਹੀ ਨਜ਼ਰ ਆਇਆ ਸੀ।
-"ਪਿੰਡ ਨੂੰ ਮੁੜ ਗਏ...?"
-"ਉਹ ਤਾਂ ਪੁੱਤ ਮੈਨੂੰ ਅੰਦਰ ਵਾੜ ਕੇ ਤੁਰਗੇ ਸੀ...!"
-"ਉਹਨਾਂ ਦਾ ਨੰਬਰ ਹੈ ਬੇਬੇ ਕੋਈ...?" 
ਬੇਬੇ ਨੇ ਇੱਕ ਵੱਡੇ ਸਾਰੇ ਕਾਗਜ਼ ਉਪਰ ਵੱਡੇ-ਵੱਡੇ ਅੱਖਰਾਂ 'ਚ ਲਿਖਿਆ ਇੰਗਲੈਂਡ ਦਾ ਨੰਬਰ ਦਿਖਾਇਆ। 
-"ਇਹ ਤਾਂ ਬੇਬੇ ਬਾਹਰਲਾ ਨੰਬਰ ਐ, ਕੋਈ ਐਥੋਂ ਦਾ ਨੰਬਰ ਹੈਨ੍ਹੀ...?"
-"ਮੈਨੂੰ ਤਾਂ ਆਹੀ ਲੰਬਰ ਦੇ ਕੇ ਗਏ ਸੀ, ਪੱੁਤ...!" ਮਾਤਾ ਦੀਆਂ ਬੁਝੀਆਂ ਅੱਖਾਂ ਫਿ਼ਕਰ ਵਿੱਚ ਡੁੱਬ ਗਈਆਂ।

-"ਮਾਤਾ ਕੇ ਲੜਕੇ ਇਸ ਕੋ ਯਹਾਂ ਛੋੜ ਕਰ ਪੰਜਾਬ ਪਰਤ ਗਏ ਹੈਂ, ਆਪ ਇਸ ਮਾਤਾ ਕੀ ਕੋਈ ਮੱਦਦ ਨਹੀਂ ਕਰ ਸਕਤੇ..?" ਮੈਂ ਉਸ ਕੁੜੀ ਨੂੰ ਕਿਹਾ, "ਆਪ ਕੀ ਕੋਈ ਔਰ ਫ਼ਲਾਈਟ ਨਹੀਂ ਜਾ ਰਹੀ..?"

-"ਹਮ ਕੁਛ ਨਹੀਂ ਕਰ ਸਕਤੇ, ਸਰ...!" ਉਹ ਰਜਿ਼ਸਟਰ ਵਿੱਚ ਸਾਡੇ ਨਾਂ ਦਾਖਲ ਕਰ ਕੇ ਸਾਨੂੰ ਬਾਹਰ ਛੱਡ ਗਈ। ਮੈਂ ਮਾਤਾ ਤੋਂ ਨੰਬਰ ਫ਼ੜ ਕੇ ਇੰਗਲੈਂਡ ਦਾ ਨੰਬਰ ਮਿਲ਼ਾ ਲਿਆ ਅਤੇ ਉਹਨਾਂ ਨੂੰ ਸਾਰੀ ਖ਼ਬਰ ਦੇ ਦਿੱਤੀ ਅਤੇ ਮਾਤਾ ਨਾਲ਼ ਵੀ ਗੱਲ ਕਰਵਾ ਦਿੱਤੀ। ਇੰਗਲੈਂਡ ਵਾਲਿ਼ਆਂ ਨੇ ਇੱਥੋਂ ਦੇ ਮੁੰਡਿਆਂ ਨਾਲ਼ ਰਾਬਤਾ ਕੀਤਾ। ਚੰਗੇ ਭਾਗਾਂ ਨੂੰ ਮਾਤਾ ਦੇ ਵਾਰਸ ਮੁੰਡੇ ਅਜੇ ਦਿੱਲੀ ਦੇ ਕਿਸਾਨ ਮੋਰਚੇ ਵਾਲ਼ੀ ਜਗਾਹ 'ਤੇ ਮੌਜੂਦ ਸਨ, ਪਿੰਡ ਨਹੀਂ ਗਏ ਸਨ। ਇਸ ਲਈ ਉਹਨਾਂ ਨੇ ਸਾਨੂੰ ਇੱਕ ਘੰਟੇ ਦੇ ਅੰਦਰ-ਅੰਦਰ ਏਅਰਪੋਰਟ ਪਹੁੰਚਣ ਦਾ ਵਾਅਦਾ ਦਿੱਤਾ। ਮੈਂ ਅਤੇ ਦੂਜੇ ਮੁੰਡੇ ਉਹਨਾਂ ਦੀ ਉਡੀਕ ਵਿੱਚ ਬੈਠ ਗਏ ਕਿ ਮਾਤਾ ਇਕੱਲੀ ਕਿਤੇ ਉਦਾਸ ਹੋ ਕੇ ਦਿਲ ਨਾ ਛੱਡ ਜਾਵੇ। ਮੁੰਡੇ ਆਪਣਾ ਆਪਣਾ ਦੁੱਖ ਰੋ ਰਹੇ ਸਨ। ਪੰਜਾਹ ਹਜ਼ਾਰ ਦੀ ਇੱਕ ਪਾਸੇ ਦੀ ਟਿਕਟ ਬਗੈਰ ਕਿਸੇ ਕਸੂਰ ਤੋਂ ਘੱਟੇ ਪਾ ਦਿੱਤੀ ਗਈ ਸੀ। 

ਮਾਤਾ ਨੂੰ ਉਸ ਦੇ ਵਾਰਸਾਂ ਨੂੰ ਸੌਂਪ ਕੇ ਮੈਂ ਟੈਕਸੀ ਫ਼ੜ ਕੇ ਦਿੱਲੀ ਡਾਕਟਰ ਬਾਈ ਕੋਲ਼ ਆ ਗਿਆ।

ਆਥਣੇ ਚਾਰ ਕੇ ਵਜੇ ਮੈਂ ਵਿਸਤਾਰਾ ਏਅਰ ਦੇ ਕਸਟਮਰ ਸਰਵਿਸ ਨੂੰ ਫ਼ੋਨ ਕੀਤਾ। ਇੱਕ ਲੜਕੀ "ਖ਼ੁਸ਼ੀ" ਨਾਲ਼ ਗੱਲ ਹੋਈ। ਉਸ ਨੂੰ ਜਦ ਸਾਰਾ ਕੁਛ ਮੈਂ ਵਿਸਥਾਰ ਨਾਲ਼ ਦੱਸਿਆ ਤਾਂ ਉਹ ਬੜੇ ਮਿਜ਼ਾਜ਼ ਨਾਲ਼ ਆਖਣ ਲੱਗੀ, "ਮੈਂ ਆਪ ਕੋ ਵੱਨ ਵੇਅ ਟਿਕਟ ਫਿਫਟੀ ਫ਼ੋਰ ਥਾਊਜ਼ੈਂਟ ਰੁਪੀਜ਼ ਕੀ ਦੇ ਸਕਤੀ ਹੂੰ, ਯੇਹ ਹਮਾਰੀ ਬੈੱਸਟ ਔਫ਼ਰ ਹੈ...!"
-"ਆਪ ਹਮਾਰਾ ਕਸੂਰ ਤੋ ਬਤਾਈਏ ਕਿ ਹਮਾਰਾ ਦੋਸ਼ ਕਯਾ ਹੈ..? ਹਮ ਫ਼ਲਾਈਟ ਜਾਨੇ ਕੇ ਪਾਂਚ ਘੰਟੇ ਪਹਿਲੇ ਪਹੁੰਚੇ, ਪੈਸੇਂਜਰ ਲੋਕੇਟਰ ਫ਼ਾਰਮ ਮਾਂਗਾ, ਆਧੇ ਘੰਟੇ ਮੇਂ ਵੋਹ ਦੇ ਦਿਆ, ਹਮਾਰਾ ਕਸੂਰ ਤੋ ਬਤਾਈਏ ਕੀ ਹਮਾਰੀ ਟਿਕਟ ਆਪ ਨੇ ਕਿਯੂੰ ਖਰਾਬ ਕੀ ਔਰ ਅਬ ਹਮ ਨਈ ਟਿਕਟ ਲੇ ਕਰ ਕਿਯੂੰ ਜਾਏਂ...? ਹਮਾਰਾ ਦੋਸ਼ ਤੋ ਬਤਾਈਏ...?"
-"ਆਪ ਐਸਾ ਕਰੀਏ, ਮੁਝੇ ਦੋ ਦਿਨ ਕਾ ਸਮਾਂ ਦੀਜੀਏ, ਮੈਂ ਆਪ ਕੋ ਕਾਲ ਕਰੂੰਗੀ...!" 

-"ਭੂਲ ਮੱਤ ਜਾਨਾ...!" ਹੌਲ਼ੀ-ਹੌਲ਼ੀ ਮੇਰੀ ਹਿੰਦੀ ਵੀ ਮੁੱਕ ਚੱਲੀ ਸੀ। ਖੁਰਚ-ਖੁਰਚ ਕੇ ਅੰਦਰੋਂ ਕੱਢੀ ਹਿੰਦੀ ਦਾ ਕੋਟਾ ਵੀ ਹੁਣ ਪੰਜਾਬ ਸਰਕਾਰ ਦੇ ਖਜ਼ਾਨੇ ਵਾਂਗ ਖਾਲੀ ਹੁੰਦਾ ਜਾ ਰਿਹਾ ਸੀ।

ਤੀਜੇ ਦਿਨ ਕਿਸੇ ਹੋਰ ਬੀਬੀ ਦਾ ਫ਼ੋਨ ਆ ਗਿਆ। ਉਹੀ ਬੈਂਹਾਂ ਅਤੇ ਉਹੀ ਕੁਹਾੜੀ। ਉਸ ਨੇ ਤਾਂ ਸਿੱਧਾ ਹੀ ਝੱਗਾ ਚੁੱਕ ਦਿੱਤਾ ਕਿ ਜਿੱਥੋਂ ਤੁਸੀਂ ਟਿਕਟ ਖਰੀਦੀ ਸੀ, ਉਸ ਏਜੰਟ ਨਾਲ਼ ਗੱਲ ਕਰੋ, ਸ਼ਾਇਦ ਉਹ ਤੁਹਾਨੂੰ 'ਰੀਫੰਡ' ਦੇ ਦੇਣ...?

-"ਲੇਕਿਨ ਪੈਸੇ ਤੋ ਆਪ ਕੀ ਏਅਰਲਾਈਨ ਕੋ ਹੀ ਆਏ ਹੈਂ, ਏਜੰਸੀ ਕੋ ਤੋ ਸਿਰਫ਼ ਥੋੜਾ ਬਹੁਤਾ ਕਮਿਸ਼ਨ ਮਿਲਾ ਹੋਗਾ...?"
-"ਸਰ, ਸਿਲਿਊਸ਼ਨ ਮੈਨੇ ਆਪ ਕੋ ਬਤਾ ਦੀਆ, ਕਰਨਾ ਨਾ ਕਰਨਾ ਆਪ ਕਾ ਕਾਮ ਹੈ...!" ਤੇ ਉਹ ਫ਼ੋਨ ਕੱਟ ਕੇ ਤਿੱਤਰ ਹੋ ਗਈ। 
-"ਫ਼ੜ ਲਉ ਪੂਛ...! ਇੱਕ ਤਾਂ ਜੁਆਕ ਦਰਵਾਜੇ 'ਚ ਹੱਥ ਦੇ ਲੈਂਦੈ, ਤੇ ਦੂਜਾ ਘਰ ਦੇ ਉਤੋਂ ਕੁੱਟਣ ਲੱਗ ਜਾਂਦੇ ਐ, ਬਈ ਸਾਲਿ਼ਆ ਹੱਥ ਦਿੱਤਾ ਕਿਉਂ...? ਦੂਹਰੀ ਮਾਰ..!" ਮੇਰੇ ਮਨ ਨੇ ਕਿਹਾ। ਹੁਣ ਮੈਂ ਵੀ ਦੂਹਰੀ ਮਾਰ ਦਾ ਸੰਤਾਪ ਝੱਲ ਰਿਹਾ ਸੀ। ਮੈਂ ਅਜੇ ਫ਼ੋਨ ਰੱਖਿਆ ਹੀ ਸੀ ਕਿ ਮੇਰੇ ਬੇਟੇ ਕਬੀਰ ਦਾ ਫ਼ੋਨ ਆ ਗਿਆ, "ਡੈਡ, ਨਵੇਂ ਵਾਇਰਸ ਉਮੀਕਰੋਨ ਤੇ ਡੈਲਟਾ ਕਾਰਨ ਇੱਕ ਦਸੰਬਰ ਤੋਂ ਇਹਨਾਂ ਨੇ ਫ਼ਲਾਈਟਾਂ ਬੰਦ ਕਰ ਦੇਣੀਐਂ, ਮੈਂ ਤੁਹਾਨੂੰ ਵੰਨ ਵੇਅ ਟਿਕਟ ਵਾਇਆ ਡੁਬਈ ਭੇਜ ਰਿਹੈਂ, ਚੁੱਪ ਕਰ ਕੇ ਚੜ੍ਹ ਆਉ, ਕਿਤੇ ਦਿੱਲੀ ਹੀ ਨਾ ਫ਼ਸ ਕੇ ਰਹਿ ਜਿਉ...!" 

-"ਕਿੰਨੇ ਦੀ ਆਈ ਐ...?"
-"ਛੇ ਸੌ ਪੌਂਡ ਦੀ...! ਤੁਸੀਂ ਇਹ ਚਿੰਤਾ ਨਾ ਕਰੋ ਤੇ ਬੱਸ ਚੜ੍ਹ ਆਉ...!" ਪੁੱਤ ਦੇ ਹੌਸਲੇ ਨੇ ਮੇਰਾ ਸੇਰ ਖ਼ੂਨ ਵਧਾ ਦਿੱਤਾ। ਪਰ ਰੰਨ ਗਈ ਨਾਲ਼ੇ ਕੰਨ ਪਾਟੇ, ਰਾਂਝੇ ਦੱਸ ਪਿਆਰ 'ਚੋਂ ਖੱਟਿਆ ਕੀ ਬਾਰੇ ਸੋਚ ਕੇ ਮੈਨੂੰ ਵਿਸਤਾਰਾ ਵਾਲਿ਼ਆਂ 'ਤੇ ਰਹਿ ਰਹਿ ਕੇ ਖਿਝ ਆ ਰਹੀ ਸੀ। ਜਿਹਨਾਂ ਨੇ ਬਿਨਾ ਗੱਲੋਂ ਮੇਰਾ ਹਫ਼ਤਾ ਬਰਬਾਦ ਕਰ ਦਿੱਤਾ ਸੀ ਅਤੇ ਜਿਹੜੇ ਕੋਰੋਨਾ ਦੇ ਟੈਸਟ ਹੋਣੇ ਸੀ, ਉਹ ਵੱਖਰੇ ਅਤੇ ਲੱਖ ਰੁਪਏ ਦਾ ਬਿਨਾ ਗੱਲੋਂ ਵਾਧੂ ਨੁਕਸਾਨ ਹੋ ਗਿਆ ਸੀ। ਅਗਲੇ ਦਿਨ ਕੋਰੋਨਾ ਦੇ ਦੋ ਟੈਸਟ ਕਰਵਾਏ ਅਤੇ 30 ਨਵੰਬਰ ਨੂੰ ਮੈਂ Emirates Airline ਦੀ ਫ਼ਲਾਈਟ ਫ਼ੜ ਕੇ ਡੁਬਈ ਰਾਹੀਂ ਹੀਥਰੋ ਆ ਉੱਤਰਿਆ ਅਤੇ ਮੁੜ ਕੇ ਕੰਨਾਂ ਨੂੰ ਹੱਥ ਲਾਏ ਕਿ ਅੱਜ ਤੋਂ ਕਿਸੇ ਵੀ ਦੇਸੀ ਏਅਰਲਾਈਨ ਵਿੱਚ ਸਫ਼ਰ ਨਹੀਂ ਕਰੂੰਗਾ। ਜਿੰਨਾਂ 'ਨ੍ਹਾਤੀ ਉਨਾਂ ਈ ਪੁੰਨ!
 
jaggikussa@yahoo.de
 

 
 

 
04ਦੇਸੀ ਏਅਰਲਾਈਨਾਂ ਸਾਨੂੰ ਕਦੇ ਵੀ ਵਫ਼ਾ ਨਹੀਂ ਕਰਨਗੀਆਂ - ਪ੍ਰਵਾਸੀਆਂ ਨੂੰ ਉਹ ਸਿਰਫ਼ ਮੁੰਨਣ ਵਾਲ਼ੀਆਂ ਭੇਡਾਂ ਹੀ ਸਮਝਦੇ ਨੇ     
ਸ਼ਿਵਚਰਨ ਜੱਗੀ ਕੁੱਸਾ, ਲੰਡਨ
03ਕਾਂਗਰਸ ਦੀ ਛਵ੍ਹੀ ਉੱਤੇ ਈ. ਡੀ. ਦੇ ਛਾਪੇ
ਹਰਜਿੰਦਰ ਸਿੰਘ ਲਾਲ
02ਮੋਦੀ ਜੀ ਦੀ ਰੈਲੀ ਰੱਦ ਹੋਣ ਬਾਦ ਕਿਉਂ  ਭੜਕੀ ਭਾਜਪਾ?    
ਬੁੱਧ ਸਿੰਘ ਨੀਲੋਂ  
01ਮੋਦੀ ਜੀ ਦੇ ਪੰਜਾਬ ਦੌਰੇ ਦੇ ਸੰਭਾਵੀ ਨਤੀਜੇ
ਹਰਜਿੰਦਰ ਸਿੰਘ ਲਾਲ 
  912021 ਦਾ ਸਤਿਕਾਰਤ ਸਰਵੋਤਮ ਪੰਜਾਬੀ
ਪੰਜਾਬੀਆਂ ਦਾ ਮਾਣ: ਡਾ ਸਵੈਮਾਨ ਸਿੰਘ ਪੱਖੋਕੇ  
ਉਜਾਗਰ ਸਿੰਘ, ਪਟਿਆਲਾ
90ਏਕਤਾ ਕਮਜ਼ੋਰ ਨਹੀਂ ਹੋਰ ਮਜਬੂਤ ਕਰਨ ਦੀ ਲੋੜ 
ਕੇਹਰ ਸ਼ਰੀਫ਼, ਜਰਮਨੀ 
89ਪੰਜਾਬ ਦਾ ਚੋਣ ਦ੍ਰਿਸ਼ ਅਜੇ ਵੀ ਅਸਪਸ਼ਟ 
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com