ਵਿੱਦਿਅਕ
ਖੇਤਰ ਵਿਚ ਉੱਚ ਸਿੱਖਿਆ ਦੀਆਂ ਡਿਗਰੀਆਂ ਵਿਚੋਂ ਐਮ.ਫਿਲ, ਪੀ.ਐਚ.
ਡੀ.ਅਤੇ ਡੀ. ਲਿੱਟ ਦੀ ਡਿਗਰੀ ਮੁੱਖ ਹਨ। ਇਹ ਡਿਗਰੀਆਂ ਤਾਂ ਨੌਕਰੀ
ਤੇ ਸਮਾਜ ਵਿੱਚ ਟੌਹਰ ਟੱਪੇ ਜਾਂ ਦਿਖਾਵੇ ਲਈ ਹਨ ਪਰ ਜੇ ਮਨੁੱਖ ਨੇ ਸੱਚਮੁੱਚ ਹੀ
ਗਿਆਨ ਹਾਸਲ ਕਰਨਾ ਹੋਵੇ ਤਾਂ ਉਸ ਲਈ ਸਾਰੀ ਉਮਰ ਵੀ ਘੱਟ ਹੈ। ਜੇ ਉਹ ਚਾਹੇ ਵੀ ਤਾਂ
ਇੱਕ ਹੀ ਵਿਸ਼ੇ ਉੱਪਰ ਮੁਕੰਮਲ ਜਾਣਕਾਰੀ ਹਾਸਲ ਨਹੀਂ ਕਰ ਸਕਦਾ ਕਿਉਂਕਿ ਵਿਸ਼ੇ ਦੀ
ਆਪਣੀ ਦੁਨੀਆਂ ਹੈ। ਦੁਨੀਆਂ ਨੂੰ ਜਾਨਣ ਲਈ ਬਹੁਤ ਸਾਰੀਆਂ ਪੁਸਤਕਾਂ ਦੇ ਵਿੱਚੀਂ ਲੰਘ
ਕੇ ਹੀ ਕੋਈ ਅਸਲ ਗਿਆਨ ਹਾਸਲ ਕੀਤੀ ਜਾ ਸਕਦਾ ਹੈ। ਸਾਡੀਆਂ ਯੂਨੀਵਰਸਿਟੀਆਂ
ਵਿਚ ਹਰ ਵਿਸ਼ੇ ਉੱਪਰ ਇਸ ਤਰਾਂ ਦੀਆਂ ਡਿਗਰੀਆਂ ਪਰਾਪਤ ਕਰਨ ਲਈ ਪ੍ਰਬੰਧ ਹਨ ਪਰ
ਅਸੀਂ ਇਥੇ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਨਾਲ ਸਬੰਧਤ ਕਰਵਾਈ ਜਾ ਰਹੀ
'ਖੋਜ' ਤੱਕ ਹੀ ਸੀਮਤ ਰਹਾਂਗੇ ਕਿਉਂਕਿ ਅੱਜ ਇਹ ਬਹੁਤ ਹੀ ਗੰਭੀਰ ਵਿਸ਼ਾ ਬਣ ਗਿਆ
ਹੈ। ਇਸ 'ਤੇ ਕਲਮ ਚੁੱਕਦਿਆਂ ਹਰ ਕੋਈ ਡਰਦਾ ਹੈ। ਉਹ ਇਸ ਲਈ ਕਿ ਯੂਨੀਵਰਸਟੀਆਂ ਵਿਚ
ਬੈਠੇ “ਉੱਚ ਕੋਟੀ ਵਿਦਵਾਨ” ਉਹਨਾਂ ਵੱਲ ਪਿੱਠ ਨਾ ਮੋੜ ਲੈਣ। ਪਰ ਹਨੇਰ ਗਰਦੀ
ਫੈਲਾਉਣ ਵਿਚ ਜਿਹੜੀ ਭੂਮਿਕਾ ਯੂਨੀਵਰਸਟੀਆਂ ਵਿਚ ਇਹਨਾਂ ਵਿਭਾਗ ਨਾਲ ਸੰਬੰਧਤ
ਕੁਰਸੀਆਂ ਉੱਪਰ ਬੈਠੇ ਵਿਦਵਾਨ ਨਿਭਾ ਰਹੇ ਹਨ, ਇਹਨਾਂ ਵਾਰੇ ਦੱਸਣ ਲੱਗਿਆ ਜਿੱਥੇ ਡਰ
ਲੱਗਦਾ ਹੈ ਉੱਥੇ ਕਲਮ ਵੀ ਕੰਬਦੀ ਹੈ। ਪਰ ਜਦੋਂ ਅਸੀ ਇਹਨਾਂ ਡਿਗਰੀਆਂ ਲਈ ਪੇਸ਼
ਕੀਤੇ ਖੋਜ ਨਿਬੰਧ ਤੇ ਖੋਜ ਪ੍ਰਬੰਧ ਨੂੰ ਅਪਣੀ ਤੀਸਰੀ ਅੱਖ ਨਾਲ ਵਾਚਦੇ ਹਾਂ ਤਾਂ ਆਪ
ਮੁਹਾਰੇ ਇਹ ਗੱਲ ਸਾਹਮਣੇ ਆ ਜਾਂਦੀ ਹੈ। ਆਪ ਮੁਹਾਰੇ ਮੂੰਹੋਂ ਨਿੱਕਲ਼ ਜਾਂਦਾ ਹੈ:
“ਤੂੰ ਇੱਕ ਨੂੰ ਰੋਨੀ ਏ ਇੱਥੇ ਤਾਂ ਆਵਾ ਹੀ ਊਤਿਆ ਪਿਆ ਹੈ !” ਇਹ ਵਿਭਾਗ, ਡਿਗਰੀਆਂ ਰਾਹੀ ਸਾਡੇ
ਸਮਾਜ ਦੇ ਵਿਚ ਅਜਿਹੇ ਪੜ੍ਹੇ ਲਿਖੇ ਅਨਪੜਾਂ ਦਾ ਵੱਗ ਇੱਕਠਾ ਕਰ ਰਹੇ ਹਨ ਜਿਹੜੇ
ਹੱਥਾਂ ਵਿਚ ਡਿਗਰੀਆਂ ਤਾਂ ਹਨ ਪਰ ਉਹਨਾਂ ਕੋਲ ਗਿਆਨ ਵਰਗਾ ਕੁੱਝ ਵੀ ਨਹੀਂ ਹੁੰਦਾ।
ਉਹ ਇਹਨਾਂ ਡਿਗਰੀਆਂ ਦੇ ਸਹਾਰੇ ਅਤੇ ਅਪਣੇ ਨਿਗਰਾਨਾਂ ਦੀ ਕ੍ਰਿਪਾ ਦ੍ਰਿਸ਼ਟੀ ਦੇ
ਨਾਲ ਨੌਕਰੀਆਂ ਤਾਂ ਪਾਪ੍ਰਤ ਕਰ ਲੈਂਦੇ ਹਨ ਪਰ ਉਹਨਾਂ ਦੇ ਅਸਲ ਗਿਆਨ ਦਾ ਭਾਂਡਾ
ਉਦੋਂ ਭੱਜਦਾ ਹੈ ਜਦੋਂ ਉਹ ਕਲਾਸ ਵਿਚ ਜਾ ਕੇ ਵਿਦਆਰਥੀਆਂ ਨੂੰ ‘ਸੋਨੀਆ ਗਾਇਡ’
ਵਿੱਚੋ ਸਵਾਲਾਂ ਦੇ ਜੁਆਬ ਦੱਸਦੇ ਹਨ। ਜਾਂ ਫਿਰ ‘ਬਣੇ ਬਣਾਏ ਨੋਟਿਸਾਂ’ ਤੋਂ ਜਵਾਬ
ਲਿਖਵਾ ਕੇ ਘਰਾਂ ਨੂੰ ਪਰਤ ਜਾਂਦੇ ਹਨ। ਉਨ੍ਹਾਂ ਲਈ ਵਿਦਿਆਰਥੀਆਂ ਨੂੰ ਪੜ੍ਹਾਉਣਾ
ਜਾਂ ਕੁੱਝ ਸਿਖਾਉਣਾ ਨਹੀ ਹੁੰਦਾ ਸਗੋਂ ਅਪਣੀ ਤਨਖਾਹ ਹਾਸਲ ਕਰਨ ਲਈ ਇੱਕ ਜ਼ਾਬਤਾ
ਪੂਰਾ ਕਰਨਾ ਹੁੰਦਾ ਹੈ। ਕਈ ਵਰੇ ਪਹਿਲਾਂ ਇੱਕ ਡਾਕਟਰ 'ਸਤਿੰਦਰ ਸਿੰਘ
ਨੂਰ' ਨੇ ਆਖਿਆ ਸੀ "ਪੰਜਾਬ, ਪੰਜਾਬੀ, ਜੰਮੂ, ਕੁਰੂਕੁਸ਼ੇਤਰ, ਦਿੱਲੀ ਤੇ
ਅੰਮ੍ਰਿਤਸਰ ਯੂਨੀਵਰਸਿਟੀਆਂ ਵਿਚ ਦੋ ਹਜ਼ਾਰ ਦੇ ਕਰੀਬ ਖੋਜਾਰਥੀ ਪੀ.ਐਚ. ਡੀ. ਡਿਗਰੀ
ਹਾਸਲ ਕਰ ਚੁੱਕੇ ਹਨ। ਇਹਨਾਂ ਵਿਚੋਂ ਦੋ ਸੌ ਕੁ ਹੀ ਖੋਜ ਕਾਰਜ ਹੈ ਬਾਕੀ ਬੋਗਸ ਹੈ
!” ਐਮ.ਫਿਲ ਕਰਨ ਵਾਲਿਆਂ ਦੀ ਗਿਣਤੀ ਕਈ ਹਜ਼ਾਰਾਂ ਤੋਂ ਉੱਤੇ ਲੰਘ ਗਈ ਹੈ। ਇਨਾਂ
ਪੀ.ਐਚ. ਡੀ. ਕਰ ਚੁਕੇ ਅਖੌਤੀ 'ਫ਼ਿਲਾਸਫੀ ਦੇ ਡਾਕਟਰ' ਵਿਦਵਾਨਾਂ ਵਿਚੋਂ ਕੋਈ ਸਵਾ
ਕੁ ਸੌ ਵਿਦਵਾਨ ਹਨ ਜਿਹੜੇ ਸਰਗਰਮ ਰੂਪ ਵਿਚ ਆਪਣੀ ਭੂਮਿਕਾ ਨਿਭਾਅ ਰਹੇ ਹਨ ਜਦ ਕਿ
ਬਾਕੀ ਦੇ 'ਵਿਦਵਾਨ ਡਾਕਟਰ’ ਆਪਣੀ ਡਿਗਰੀ ਨੂੰ ਨੌਕਰੀ ਵੱਟੇ ਪਾ ਕੇ ਸਿਰਫ਼ ਤਨਖ਼ਾਹ
ਲੈ ਰਹੇ ਹਨ ਅਤੇ ਟੱਬਰ ਪਾਲ਼ ਰਹੇ ਹਨ। ਇਨਾਂ ਸਵਾ ਸੌ ਵਿਚੋਂ ਮਸਾਂ ਤੀਹ ਕੁ ਦੇ
ਕਰੀਬ ਵਿਦਵਾਨ ਹਨ ਜਿਹੜੇ ਖੋਜ ਅਤੇ ਅਲੋਚਨਾ ਵਿਚ ਪੂਰੀ ਸੁਹਿਰਦਾ ਨਾਲ ਕੰਮ ਕਰ ਰਹੇ
ਹਨ ਅਤੇ ਕਰਵਾ ਰਹੇ ਹਨ, ਬਾਕੀ ਦੇ 'ਵਿਦਵਾਨ’ ਸਮੀਖਿਆ ਸੇਵਾਵਾਂ ਤੋਂ ਵੱਧ ਕੁਝ ਵੀ
ਨੀ ਕਰ ਰਹੇ। ਇਕ ਖੋਜ ਅਨੁਸਾਰ 1980 ਤੱਕ ਦੇ ਖੋਜਾਰਥੀਆਂ ਜਿਹਨਾਂ ਨੇ
ਪੀ.ਐਚ. ਡੀ. ਦੀ ਡਿਗਰੀ ਹਾਸਲ ਕਰਨ ਲਈ ਆਪਣਾ ਖੋਜ ਕਾਰਜ ਅਜਿਹਾ ਕੀਤਾ ਕਿ ਉਨ੍ਹਾਂ
ਦੁਆਰਾ ਕੀਤੀ ਗਈ ਖੋਜ ਅੱਜ ਦੇ ਖੋਜਾਰਥੀਆਂ ਲਈ ਮਾਰਗ ਦਰਸ਼ਨ ਦਾ ਰੂਪ ਹੀ ਨਹੀਂ
ਸਗੋਂ ਉਨਾਂ ਲਈ ਡਿਗਰੀ ਹਾਸਲ ਕਰਨ ਲਈ ਬੜੀ ਗੁਣਕਾਰੀ ਸਿੱਧ ਹੁੰਦੀ ਹੈ। ਇਹ ਖੋਜ
ਕਿਵੇਂ ਕੰਮ ਆਉਂਦੀ ਹੈ ਇਹ ਆਪਾਂ ਕਿਤੇ ਫੇਰ ਦੱਸਾਂਗੇ। ਆਪਾਂ ਤਾਂ ਗੱਲ ਕਰ ਰਹੇ ਹਾਂ
ਡਾਕਟਰਾਂ ਵਿਦਵਾਨਾਂ ਦੀ ਜਿਹੜੇ ਡਿਗਰੀ ਹਾਸਲ ਕਰਨ ਲਈ ਅਨੇਕਾਂ ਪਾਪੜ ਵੇਲਦੇ ਹਨ।
ਫੇਰ ਅੱਗੇ ਉਹ ਕੀ ਕਰਦੇ ਹਨ ਇਹਦੇ ਬਾਰੇ ਕਿਤੇ ਫੇਰ ਸਹੀ ਅਜੇ ਤੁਸੀਂ ਇਹਦੇ ਨਾਲ ਹੀ
ਕੰਮ ਸਾਰੋ। ਯੂਨੀਵਰਸਿਟੀਆਂ ਦੇ ਨਿਯਮਾਂ ਅਨੁਸਾਰ ਪੀ.ਐਚ. ਡੀ ਕਰਨ ਦੇ ਲਈ
ਖੋਜਾਰਥੀ ਨੂੰ ਆਪਣਾ ਨਿਗਰਾਨ ਲੱਭਣਾ ਲਾਜ਼ਮੀ ਹੈ। ਇਸ ਕੰਮ ਲਈ ਖੋਜਾਰਥੀ ਨੂੰ
ਯੂਨੀਵਰਸਿਟੀਆਂ ਵਿਚ ਗੇੜੇ ਮਾਰਨੇ ਪੈਂਦੇ ਹਨ। ਉਸਦੇ ਏਨੇ ਗੇੜੇ ਮਰਵਾਏ ਜਾਂਦੇ ਹਨ
ਕਿ ਕਈ ਵਾਰ ਤਾਂ ਖੋਜਾਰਥੀ ਥੱਕ ਹਾਰ ਕੇ ਘਰ ਹੀ ਬੈਠ ਜਾਂਦਾ ਹੈ। ਫੇਰ ਉਸਨੂੰ ਕਈ
ਵਾਰ ਸਿਫਾਰਸ਼ਾਂ ਵੀ ਕਰਵਾਉਣੀਆਂ ਪੈਂਦੀਆਂ ਨੇ ਗਾਈਡ ਨਾਲ ਰਿਸ਼ਤੇਦਾਰੀਆਂ
ਕੱਢੀਆਂ ਪੈਂਦੀਆਂ ਨੇ, ਮਿੰਨਤਾਂ ਤਰਲੇ ਕਰਨੇ ਪੈਂਦੇ ਨੇ ਤਾਂ ਕਿਤੇ ਜਾ ਕੇ
ਗਾਈਡ ਦੇ ਮਨ 'ਚ ਮਿਹਰ ਪੈਂਦੀ ਹੈ।
ਫੇਰ ਉਸਨੂੰ ਦਾਖਲਾ ਲੈਣ ਤੇ
ਆਪਣੇ ਵਿਸ਼ੇ ਦੀ ਚੋਣ ਕਰਨੀ ਪੈਂਦੀ ਹੈ। ਵਿਸ਼ੇ ਦੀ ਚੋਣ ਤੋਂ ਬਾਅਦ ਫੇਰ ਸਾਰੀਆਂ
ਯੂਨੀਵਰਸਿਟੀਆਂ ਤੋਂ ਇਹ ਖੋਜ ਕੀਤੀ ਜਾਂਦੀ ਹੈ ਕਿ ਜਿਹੜਾ ਖੋਜਾਰਥੀ ਜਿਸ ਵਿਸ਼ੇ ਉਪਰ
ਕੰਮ ਕਰਨਾ ਚਾਹੁੰਦਾ ਹੈ ਕੀ ਇਸ ਵਿਸ਼ੇ ਉਪਰ ਪਹਿਲਾਂ ਖੋਜ ਤਾਂ ਨਹੀਂ ਹੋ ਚੁੱਕੀ? ਇਸ
ਦਾ ਪਤਾ ਖੋਜਾਰਥੀ ਨੂੰ ਖੁਦ ਹੀ ਕਰਨਾ ਪੈਂਦਾ ਹੈ ਜਦ ਕਿ ਇਹ ਕੰਮ ਯੂਨੀਵਰਸਿਟੀ ਦਾ
ਹੁੰਦਾ ਕਿ ਉਹ ਆਪਸ 'ਚ ਰਾਬਤਾ ਰੱਖਣ ਤੇ ਖੋਜ ਲਈ ਇਕ ਦੂਜੀ ਨੂੰ ਜਾਣਕਾਰੀ ਦੇਣ ਅਤੇ
ਹਰ ਨਵੇਂ ਵਿਸ਼ੇ 'ਤੇ ਖੋਜ ਕਰਵਾਉਣ ਤਾਂ ਕਿ ਕਿਤੇ ਦੁਹਰਾਉ ਨਾ ਹੋ ਜਾਵੇ। ਪਰ ਇਹ
ਖੇਚਲ਼ ਹਰ ਖੋਜਾਰਥੀ ਨੂੰ ਆਪ ਕਰਨੀ ਪੈਂਦੀ ਹੈ। ਜਿਹੜੇ ਤਾਂ ਸਿਰੜੀ
ਖੋਜਾਰਥੀ ਹੁੰਦੇ ਹਨ, ਉਹ ਤਾਂ ਸਿਰ ਮੱਥੇ ਹੁਕਮ ਮੰਨਦੇ ਹਨ। ਜਿਹੜੇ ਖੋਜਾਰਥੀ ਖੋਜ
ਕਰਨ ਦੀ ਬਜਾਏ ਡਿਗਰੀ ਲੈਣ ਤੱਕ ਹੀ ਮਹਿਦੂਦ ਹੁੰਦੇ ਹਨ ਉਹ ਸਾਰਾ ਕੁਝ ‘ਜੈੱਕ ਤੇ
ਚੈੱਕ’ ਨਾਲ ਹਾਸਲ ਕਰ ਲੈਂਦੇ ਹਨ। ਕੁੜੀਆਂ ਲਈ ਇਸ ਮਾਰਗ ਨੂੰ ਥੋੜਾ ਜਿਹਾ ਇਸ ਲਈ
ਮੁਸ਼ਕਿਲ ਬਣਾ ਕੇ ਵਿਖਾਇਆ ਜਾਂਦਾ ਹੈ ਕਿ ਉਹ ਉਨ੍ਹਾਂ ਦੀਆਂ ਮਨੋਕਾਮਨਾਵਾਂ ਨੂੰ
ਪੂਰੀਆਂ ਕਰ ਸਕਣ। ਇਸੇ ਲਈ ਉਨ੍ਹਾਂ ਦੇ ਵੱਧ ਤੋਂ ਵੱਧ ਚੱਕਰ ਯੂਨੀਵਰਸਿਟੀਆਂ ਦੇ
ਲਵਾਏ ਜਾਂਦੇ ਹਨ ਤਾਂ ਕਿ ਉਹ ਔਖੀ ਭੱਜ ਨੱਠ ਤੋਂ ਬਚਣ ਲਈ ਸਿੱਧੀਆਂ ਉਨਾਂ ਦੀ ਛੱਤਰ
ਛਾਇਆ ਹੇਠ ਆ ਜਾਣ।
ਅਜੋਕੇ ਸਮੇਂ ਦੀਆਂ ਕੁੜੀਆਂ ਲਈ ਨੈਤਿਕ ਕਦਰਾਂ ਕੀਮਤਾਂ
ਦੀ ਕੋਈ ਵੁੱਕਤ ਨਹੀੰ ਰਹਿ ਗਈ। ਉਨ੍ਹਾਂ ਸਿਰ ਤਾਂ ਡਿਗਰੀ ਦਾ ਭੂਤ ਸਵਾਰ ਹੁੰਦਾ ਹੈ।
ਉਹ ਤਾਂ ਆਪਣੇ ਨਾਮ ਨਾਲ 'ਡਾਕਟਰ’ ਲੱਗਿਆ ਵੇਖਣ ਲਈ ਹਰ ਪੁਲ਼ ਦੇ ਹੇਠੋਂ ਲੰਘਣ ਲਈ
ਖੁੱਦ ਉਤਾਵਲੀਆਂ ਹਨ ਨਹੀਂ ਤਾਂ ਕਈਆਂ ਨੂੰ ਇਸ ਹੱਦ ਤੱਕ ਪਹੁੰਚਾ ਦਿੱਤਾ ਜਾਂਦਾ ਹੈ।
ਜਿਹੜੀਆਂ ਵਿੱਚ ਅਣਖ਼ ਇੱਜ਼ਤ ਦੀ ਕੋਈ ਚਿਣਗ ਹੁੰਦੀ ਹੈ ਉਹ ਤਾਂ ਆਪ ਹੀ ਆਪਣੀ ਅੱਗ
ਵਿਚ ਸੜਕੇ ਬੁਝ ਜਾਂਦੀਆਂ ਹਨ। ਇਹ ਸਭ ਕੁਝ ਕਿਸੇ ਇਕ ਯੂਨੀਵਰਸਿਟੀ ਵਿਚ
ਨਹੀਂ ਹੁੰਦਾ ਇਹ ਲਗਪਗ ਹਰ ਯੂਨੀਵਰਸਿਟੀ ਵਿਚ ਹੋ ਰਿਹਾ ਹੈ ਪਰ ਇਸ ਡਿੱਗ ਰਹੀ
ਨੈਤਿਕਤਾ ਬਾਰੇ ਕਿਤੇ ਕਿਤੇ ਕੋਈ ਅਣਖ਼ ਦੀ ਕੋਈ ਲਾਟ ਉੱਠਦੀ ਹੈ, ਜਿਵੇਂ ਪਿਛਲੇ
ਸਮੇਂ 'ਪੰਜਾਬੀ ਯੂਨੀਗਰਸਿਟੀ ਪਟਿਆਲਾ' ਵਿਚ ਉੱਠੀ ਸੀ। ਇਹ ਤਾਂ ਸਿਰਫ਼ ਇਕ ਹੀ ਲਾਟ
ਸੀ ਪਰ ਅਜਿਹੀਆਂ ਬਹੁਤ ਸਾਰੀਆਂ ਲਾਟਾਂ ਹਨ, ਜਿਹੜੀਆਂ ਆਪਣੇ ਨਿਗਰਾਨਾਂ ਦੀਆਂ
ਕੋਠੀਆਂ ਦੇ 'ਬੈੱਡ ਰੂਮਾਂ' ਜਾਂ ਹੋਰ ਸੁਰੱਖਿਅਤ ਥਾਵਾਂ ਉਪਰ ਜਗਦੀਆਂ ਹਨ। ਉਨਾਂ
'ਲਾਟਾਂ' ਦੇ ਸਨੌਪਸਿਜ਼, ਖੋਜ ਪੱਤਰ, ਥੀਸਿਸ ਨਿਗਰਾਨ ਖੁਦ
ਲਿਖਣ ਅਤੇ ਫੇਰ ਬਾਈਵਾ ਕਰਵਾਉਣ ਤੱਕ ਹਰ ਤਰਾਂ ਦਾ 'ਪਰਉਪਕਾਰ’ ਕਰਨ ਤੱਕ
ਜਾਂਦੇ ਹਨ। ਇਹਨਾਂ ਪਰਉਪਕਾਰਾਂ ਦੀ ਚਰਚਾ ਕਦੇ ਫੇਰ ਕਰਾਂਗੇ।
ਇਸ ਸੱਚ ਦਾ
ਦੂਸਰਾ ਪਾਸਾ ਇਹ ਵੀ ਹੈ ਕਿ ਜੇ ਤੁਸੀਂ ਕਿਸੇ ਨਿਗਰਾਨ ਲਈ 'ਲਾਟ' ਬਣ ਰੌਸ਼ਨੀ ਨਹੀਂ
ਦੇ ਸਕਦੇ ਤੇ ਤੁਹਾਡੀ ਜੇਬ੍ਹ ‘ਚ ਦਮ ਹੈ ਤਾਂ ਫਿਰ ਤੁਸੀਂ 'ਮਾਇਆ’ ਰਾਹੀਂ ਇਹ ਕੰਮ
ਕਰਵਾ ਸਕਦੇ ਹੋ। ਫੇਰ ਤੁਹਾਡੇ ਦੁਆਰਾ ਕੀਤਾ ਗਿਆ ਕੰਮ 'ਮਹਾਨ' ਖੋਜ ਕਾਰਜ ਬਣ ਜਾਂਦਾ
ਹੈ। ਉਹ ਇਸ ਲਈ ਕਿ ਤੁਹਾਡੇ ਹੁਸਨ ਦੀ ਜਾਂ ਨੋਟਾਂ ਦੀ 'ਰੌਸ਼ਨੀ' ਨੇ ਸਾਡੀਆਂ
ਯੂਨੀਵਰਸਿਟੀਆਂ ਵਿਚ ਬੈਠੇ 'ਵਿਦਵਾਨਾਂ' ਦੇ ਹਨੇਰੇ ਘਰਾਂ ਅੰਦਰ ਚਾਨਣ ਕਰ ਦਿੱਤਾ
ਹੁੰਦਾ ਹੈ। ਇਸ ਸਾਰੇ ਚੱਕਰ ਵਿੱਚ
ਹੁੰਦਾ ਉਹੀ ਕੁਝ ਹੈ ਜੋ ਨਿਗਰਾਨ ਚਾਹੁੰਦਾ ਹੈ।
ਜਦੋਂ ਨਿਗਰਾਨ ਦੇ
ਇਸ਼ਾਰਿਆਂ ਉਪਰ ਖੋਜਾਰਥੀ ਨੱਚਦਾ ਹੈ, ਫੇਰ ਉਸ ਦੇ ਪੇਸ਼ ਕੀਤੇ ਥੀਸਿਸ
ਉਪਰ ਸਾਡੇ ਪ੍ਰੀਖਿਅਕ ਵੀ ਅੱਖਾਂ ਮੀਟ ਕੇ 'ਮਹਾਨ ਖੋਜ' ਦਾ ਤਸਦੀਕ ਸ਼ੁਦਾ
ਸਰਟੀਫ਼ਕੇਟ ਯੂਨੀਵਰਸਿਟੀ ਨੂੰ ਭੇਜ ਦਿੰਦੇ ਹਨ ਕਿਉਕਿ ਇਹ ਸਾਰਾ 'ਕਾਰੋਬਾਰ'
ਰਲ ਮਿਲ ਕੇ ਭਾਵ ਭਾਈਵਾਲੀ ਤਹਿਤ ਹੀ ਚੱਲਦਾ ਹੈ। ਥੀਸਿਸ ਵਿਚ ਜੋ ਕੁਝ ਵੀ
ਲਿਖਿਆ ਹੁੰਦਾ ਹੈ ਉਹ ਸਾਰਾ ਇਧਰ ਉਧਰ ਤੋਂ ਚੁੱਕਿਆ ਚੁੱਕਿਆ ਤੇ ਨਿਗਰਾਨ ਦੀ ਦੱਸੀ
ਤਰਕੀਬ ਮੁਤਾਬਿਕ ਹੀ ਹੁੰਦਾ ਹੈ। ਜੇਕਰ ਤੁਸੀਂ ਪ੍ਰੀਖਿਅਕ ਨੂੰ ਦਿੱਤੇ ਥੀਸਿਸ
ਉਪਰ ਪੰਛੀ ਝਾਤ ਮਾਰੋ ਤਾਂ ਤੁਹਾਨੂੰ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਵੇਗਾ ਜਿਥੇ
ਉਨਾਂ ਨੇ ਕੋਈ ਨਿਸ਼ਾਨੀ ਲਾਈ ਹੋਵੇ। ਭਾਵੇਂ ਉਹਨਾਂ ਲਈ ਨਿਸ਼ਾਨੀ ਲਾਉਣੀ ਔਖੀ ਨਹੀਂ
ਹੁੰਦੀ, ਸਗੋਂ ਔਖ ਇਹ ਹੁੰਦੀ ਹੈ ਕਿ ਉਹ ਥੀਸਿਸ ਉਨ੍ਹਾਂ ਵਰਗੇ 'ਮਹਾਨ
ਵਿਦਵਾਨ' ਦੇ ਨਿਗਰਾਨੀ ਹੇਠ ਹੋਇਆ ਹੁੰਦਾ ਹੈ ਫ਼ੇਰ ਕੱਲ ਨੂੰ ਇਹੋ ਜਿਹਾ 'ਮਹਾਨ
ਕੰਮ' ਉਨ੍ਹਾਂ ਖ਼ੁਦ ਵੀ ਕਰਵਾਉਣਾ ਹੁੰਦਾ ਹੈ। ਜਿਵੇਂ ਕਿ ਕਹਿੰਦੇ ਹੁੰਦੇ ਨੇ 'ਚੋਰ
ਚੋਰ ਮਸੇਰੇ ਭਾਈ’ ਤੇ ‘ਈਸਬਗੋਲ ਕੁਝ ਨਾ ਬੋਲ।’ ਪਰ ਇਕੋ ਵਿਸ਼ੇ 'ਤੇ ਖੋਜ
ਕਰਨੀ ਕਿੰਨੀ ਕੁ ਜਾਇਜ਼ ਹੈ ਇਹ ਤਾਂ ਯੂਨੀਵਰਸਿਟੀਆਂ ਦੇ ਇਹ 'ਮਹਾਨ ਵਿਦਵਾਨ' ਹੀ
ਦੱਸ ਸਕਦੇ ਹਨ ਕਿ ਇਸ 'ਕਾਰੋਬਾਰ' 'ਚ ਕੀ ਕੀ ਹੁੰਦਾ ਹੈ ? ਪੀ.ਐਚ. ਡੀ ਦੇ ਕਿੰਨੇ
ਹੀ ਅਜਿਹੇ 'ਮਹਾਨ ਥੀਸਿਸ’ ਹਨ ਜਿਨ੍ਹਾਂ ਦਾ ਵਿਸ਼ਾ ਇਕੋ ਹੀ ਹੈ ਜਾਂ ਫਿਰ ਉਸ ਵਿਚ
ਸ਼ਬਦਾਂ ਦੀ ਨਿੱਕੀ ਮੋਟੀ ਹੇਰ ਫੇਰ ਹੀ ਹੈ। ਇਹੀ ਹੇਰ ਫੇਰ ਉਨ੍ਹਾਂ ਨੇ ਅਧਿਆਏ ਵੰਡ
ਵਿਚ ਕੀਤੀ ਹੁੰਦੀ ਹੈ। ਇਹ ਸ਼ਬਦਾਂ ਦੀ ਚਰਸ ਖੇਡ 'ਚ ਕਿਵੇਂ ਸਿਧਾਂਤਕ ਅਧਿਆਏ ਨੂੰ
ਅੱਗੇ ਪਿੱਛੇ ਕਰ ਕੇ ਆਪਣੇ ਥੀਸਿਸ ਵਿਚ ਚੇਪਿਆ ਜਾਂਦਾ ਹੈ ਇਸ ਬਾਰੇ ਕਦੇ
ਫਿਰ ਪਰਦੇ ਚਾਕ ਕਰਾਂਗੇ। ਅੱਜ ਤਾਂ ਆਪਾਂ ਇਹਨਾਂ ਯੂਨੀਵਰਸਿਟੀਆਂ ਵਿਚ ਬੈਠੇ ਇਨਾਂ
'ਮਹਾਨ ਵਿਦਵਾਨਾਂ' ਵਲੋਂ ਫੈਲਾਏ ਜਾ ਰਹੇ ਹਨੇਰ ਬਾਰੇ ਹੀ ਥੋੜੀ ਜਿਹੀ ‘ਰੋਸ਼ਨੀ’
ਤੁਹਾਨੂੰ ਦਿਖਾਈ ਹੈ। ਮੁੱਕਦੀ ਅਤੇ ਦੁੱਖ ਦੀ ਗੱਲ ਤਾਂ ਇਹ ਹੈ ਕਿ
ਯੂਨੀਵਰਸਿਟੀਆਂ ਵਿਚ ਆਏ ਸਾਲ ਅਜਿਹੇ ਥੀਸਿਸ ਪੇਸ਼ ਕਰ ਰਹੀਆਂ ਨੇ
ਜਿਨ੍ਹਾਂ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਚ ਕਰਵਾਈ ਜਾਵੇ ਤਾਂ ਬਹੁਤ ਕੁਝ ਅਜਿਹਾ
ਸਾਹਮਣੇ ਆਵੇਗਾ ਜਿਸ ਵਾਰੇ ਅਸੀਂ ਸੋਚ ਵੀ ਨਹੀਂ ਸਕਦੇ। ਪਰ ਉਹ ਨਿਰਪੱਖ ਅਜੰਸੀ
ਕਿਹੜੀ ਹੋਵੇਗੀ? ਤੁਸੀਂ ਖ਼ੁਦ ਹੀ ਅੰਦਾਜ਼ਾ ਲਗਾ ਸਕਦੇ ਹੋ।
ਇਕ ਗੱਲ ਤਾਂ
ਇਹ ਹੋਵੇਗੀ ਕਿ ਬਹੁਤ ਸਾਰੇ 'ਮਹਾਨ ਵਿਦਵਾਨਾਂ’ ਦੀ ਰੋਜ਼ੀ ਰੋਟੀ ਤਾਂ ਜਾਵੇਗੀ ਤੇ
ਨਾਲ ਹੀ ਉਨਾਂ ਦੇ ਨਾਂਅ ਦੇ ਨਾਲ ਲੱਗੀ ਕਲਗੀ 'ਡਾਕਟਰ’ ਵੀ ਉਨ੍ਹਾਂ ਲਈ ਬਿੱਛੂ ਬਣ
ਜਾਵੇਗੀ। ਪਰ ਇਹ ਪੜਤਾਲ਼ ਕੌਣ ਕਰੇਗਾ ਜਾਂ ਕਰਵਾਏਗਾ? ਸੁਣਨ ‘ਚ ਆਇਐ ਕਿ ਹੁਣ ਦੇ
ਕੇਂਦਰੀ ਮੰਤਰੀ ਵਲੋਂ ਪੀ.ਐਚ. ਡੀ. ਦੇ ਥੀਸਿਸਾਂ ਦੀ ਪੜਤਾਲ ਕਰਨ ਦਾ ਹੁਕਮ ਹੋਇਆ
ਹੈ। ਦੇਖੋ ਊਠ ਕਿਸ ਕਰਵਟ ਬੈਠਦਾ ਹੈ ? ਇਹ ਸੱਚ ਹੈ ਕਿ ਇਸ ਹਮਾਮ ਵਿਚ ਸਭ
ਨੰਗੇ ਹਨ। ਇਹ ਨੈਤਿਕਤਾ ਪੱਖੋਂ ਨੰਗੇ 'ਮਹਾਨ ਵਿਦਵਾਨ' ਦਿਨੋਂ ਦਿਨ ਹਨੇਰ ਫੈਲਾਅ
ਰਹੇ ਹਨ ਅਤੇ ਉਹ ਅਜਿਹੇ 'ਡਾਕਟਰ' ਸਿੱਖਿਆ ਵਰਗੇ ਖੇਤਰ ਵਿਚ ਭੇਜ ਰਹੇ ਹਨ, ਜਿਹੜੇ
ਅੱਗੇ ਹਨੇਰ ਫੈਲਾਉਣ ਵਿਚ ਆਪਣੀ ਕਿਵੇਂ ਭੂਮਿਕਾ ਨਿਭਾਅ ਰਹੇ ਹਨ ਤੇ ਕਿਵੇਂ ਸਿਲੇਬਸ
'ਚ ਆਪਣੀਆਂ ਕਿਤਾਬਾਂ ਲਵਾਉਂਦੇ ਹਨ ਅਤੇ ਉਨ੍ਹਾਂ ਦਾ ਪ੍ਰਕਾਸ਼ਕਾਂ ਦੇ ਨਾਲ ਕਿਵੇਂ
ਗੰਢਤੁਪ ਹੈ ਇਸ ਬਾਰੇ ਅਗਲੀ ਵਾਰ ਸਹੀ।
ਇਹ ਅਖੌਤੀ ਵਿਦਵਾਨ ਕੀ ਕੀ ਕਰਦੇ
ਹਨ ਇਸ ਦਾ ਅੰਦਰਲਾ ਸੱਚ ਹੁਣ ਸਾਹਮਣੇ ਆਉਣ ਲੱਗ ਪਿਆ ਹੈ। ਭਾਵੇਂ ਸਾਰੇ ਹੀ ਨਿਗਰਾਨ
ਤੇ ਖੋਜਾਰਥੀ ਗ਼ਲਤ ਨਹੀਂ ਪਰ ਵੱਡੀ ਗਿਣਤੀ ਵਿੱਚ ਜੋ ਕੁੱਝ ਹੋ ਰਿਹਾ ਹੈ ਉਹ ਗ਼ਲਤ
ਹੈ। ਹੁਣ ਤੱਕ ਢਕੀ ਰਿੱਝਦੀ ਰਹੀ ਹੈ। ਕਈ ਮਹਾਨ ਵਿਦਵਾਨਾਂ ਨੇ ਕਈਆਂ ਨੂੰ ਨਾ ਤਾਂ
ਪੀ.ਐਚ. ਡੀ ਹੀ ਕਰਵਾਈ ਤੇ ਨਾ ਹੀ ਉਹਨਾਂ ਦਾ ਕਿੱਧਰੇ ਵਿਆਹ ਹੋਣ ਦਿੱਤਾ। ਬਹੁਤਿਆਂ
ਨੇ ਵਿਚਕਾਰ ਹੀ ਖੋਜ ਦਾ ਕੰਮ ਛੱਡ ਦਿੱਤਾ। ਇਸ ਕੰਮ ਵਿੱਚ ਕਈ ਵਿਦਵਾਨ ਤਾਂ ਬਹੁਤ ਹੀ
ਮਸ਼ਹੂਰ ਹੋ ਗਏ ਅਤੇ ਕਦੇ ਉਹਨਾਂ ਦੇ ਨਾਮ ਵੀ ਪਰਦੇ ‘ਤੇ ਆ ਜਾਣਗੇ ਸਾਹਮਣੇ। ਪਰ
ਕੁੱਝ ਵਿਦਵਾਨ ਹਨ ਜੋ ਖੋਜ ਕਾਰਜ ਦੇ ਲਈ ਤਨੋਂ ਮਨੋਂ ਸੁਹਿਰਦ ਹਨ ਤੇ ਉਹ ਚੁਪਚਾਪ
ਕੰਮ ਕਰਵਾ ਰਹੇ ਹਨ, ਪਰ ਉਹਨਾਂ ਦਾ ਕੋਈ ਨਾਮ ਹੀ ਨਹੀਂ ਲੈਂਦਾ। ਉਹ ਗੁੱਝੇ ਹੀ ਆਪੋ
ਆਪਣੇ ਕੰਮ, ਧਿਆਨ ਵਿੱਚ ਮਸਤ ਹਨ। ਇਹ ਸਿਲਸਿਲਾ ਕਦੋਂ ਰੁਕੇਗਾ - ਕੌਣ
ਰੋਕੇਗਾ? ਨਿੱਜੀ ਯੂਨੀਵਰਸਿਟੀਆਂ ਨੇ ਤਾਂ ਠੇਕਾ ਕਰ ਲਿਆ ਹੈ - ਮਾਇਆ ਦਵੋ ਅਤੇ
ਡਿਗਰੀ ਲਵੋ !
ਪੰਜਾਬੀਅਤ ਤੇਰਾ ਰੱਬ ਰਾਖਾ ! ਬੁੱਧ ਸਿੰਘ ਨੀਲੋਂ 9464370823
|