ਬਸੰਤ
ਰੁੱਤ ਤਾਂ ਫ਼ਰਵਰੀ ਮਾਰਚ ਦੇ ਮਹੀਨਿਆਂ ਵਿੱਚ ਹੀ ਲੰਘ ਜਾਂਦੀ ਹੈ। ਉਸਤੋਂ ਬਾਅਦ
ਅਪ੍ਰੈਲ ਮਹੀਨੇ ਵਿੱਚ ਗਰਮੀ ਦੇ ਵੱਧਣ ਨਾਲ ਬਸੰਤ ਰੁੱਤ ਵੀ ਚਲੀ ਜਾਂਦੀ ਹੈ ਅਤੇ
ਬਸੰਤ ਰੁੱਤ ਦੇ ਜਾਣ ਨਾਲ ਹੀ ਇਸ ਰੁੱਤ ਦੇ ਰੰਗ ਬਿਰੰਗੇ ਫੁੱਲ ਵੀ ਖਤਮ ਹੋ ਜਾਂਦੇ
ਨੇ। ਮਈ-ਜੂਨ ਵਿੱਚ ਪੈਂਦੀ ਗਰਮੀ ਅਤੇ ਵਗਦੀਆਂ ਲੋਆਂ ਵਿੱਚ ਨਿੱਕੇ ਨਿੱਕੇ ਫੁੱਲਾਂ
ਦੇ ਬੂਟੇ ਹੀ ਨਹੀਂ ਬਲਕਿ ਵੱਡੇ ਵੱਡੇ ਦਰੱਖਤਾਂ ਦੇ ਫੁੱਲ ਪੱਤੇ ਵੀ ਕੁਮਲਾ ਜਾਂਦੇ
ਹਨ। ਬਰਸਾਤਾਂ ਦੇ ਦੌਰਾਨ ਜਦੋਂ ਮੀਂਹ ਪੈਣ ਨਾਲ ਤਾਪਮਾਨ ਵਿੱਚ ਕੁਝ ਗਿਰਾਵਟ ਆਉਂਦੀ
ਹੈ ਤਾਂ ਕੁੱਲ ਆਲਮ ਨੂੰ ਕੁਝ ਸੁੱਖ ਦਾ ਸਾਹ ਮਿਲਦਾ ਹੈ। ਕੰਮ ਕਾਰ ਦੇ ਸਿਲਸਿਲੇ
ਕਾਰਨ ਮੈਨੂੰ ਰੋਜ਼ਾਨਾ ਹੀ ਮੋਗੇ ਜਾਣਾ ਪੈਂਦਾ ਹੈ। ਇਸ ਗਰਮੀ ਵਿੱਚ ਮੈਂ ਹੀ ਨਹੀਂ
ਬਲਕਿ ਹਰ ਕਿਸੇ ਦਾ ਦਿਲ ਕਰਦਾ ਹੋਵੇਗਾ ਕਿ ਆਪੋ ਆਪਣੇ ਘਰਾਂ ਵਿੱਚ ਟਿਕ ਕੇ ਬੈਠੀਏ,
ਪਰ ਕੀ ਕਰੀਏ ਸਭ ਦੀ ਆਪੋ ਆਪਣੀ ਮਜਬੂਰੀ ਹੈ।
ਪਿਛਲੇ ਦਿਨੀਂ ਪੈਣ ਵਾਲੀ
ਗਰਮੀ ਦੌਰਾਨ ਮੋਗਾ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡਣ ਵਾਲਾ
ਲੁਧਿਆਣਾ-ਫ਼ਿਰੋਜ਼ਪੁਰ ਰਾਸ਼ਟਰੀ ਮਾਰਗ ਕਿਸੇ ਤਪਦੀ ਭੱਠੀ ਨਾਲ਼ੋਂ ਘੱਟ ਮਹਿਸੂਸ
ਨਹੀਂ ਸੀ ਹੁੰਦਾ। ਲਗਪਗ 45 ਡਿਗਰੀ ਤਾਪਮਾਨ, ਗਰਮ ਲੋਅ ਅਤੇ ਵਾਹਨਾਂ ਦੇ ਪ੍ਰਦੂਸ਼ਣ
ਕਾਰਨ ਹਰ ਕੋਈ ਬਿਨ੍ਹਾ ਆਸੇ ਪਾਸੇ ਧਿਆਨ ਮਾਰੇ ਆਪਣੇ ਰਸਤੇ ਤੁਰਿਆ ਜਾਂਦਾ ਸੀ। ਪਰ
ਪਿਛਲੇ ਦਿਨੀਂ ਪੈਣ ਵਾਲੇ ਮੀਂਹ ਨਾਲ ਤਾਪਮਾਨ ਵਿੱਚ ਗਿਰਾਵਟ ਵੀ ਆਈ ਅਤੇ ਸੜਕ ਦੇ
ਵਿਚਾਲੇ ਡਿਵਾਇਡਰਾਂ ਵਿੱਚ ਲੱਗੇ ਬੂਟੇ ਵੀ ਹਰੇ ਭਰੇ ਹੋ ਗਏ। ਅੱਤ ਦੀ
ਗਰਮੀ ਨਾਲ ਮੁਰਝਾਏ ਪੱਤਿਆਂ ਵਿੱਚ ਨਵੀਂ ਜਾਨ ਪੈ ਗਈ ਅਤੇ ਮੀਂਹ ਦੇ ਪਾਣੀ ਨਾਲ
ਧੋਤਿਆਂ ਸਾਫ਼ ਵੀ ਹੋ ਗਏ। ਮੀਂਹ ਤੋਂ ਬਾਅਦ ਸੜਕ ਦੇ ਵਿਚਕਾਰ ਬਣੇ ਡਿਵਾਇਡਰਾਂ
ਤੇ ਲੱਗੇ ਬੋਗਨਵੀਲੀਆ ਦੀਆਂ ਵੇਲਾਂ ਇੱਕ ਦੋ ਦਿਨਾਂ ਵਿੱਚ ਹੀ ਗੂੜ੍ਹੇ ਗੁਲਾਬੀ
ਫੁੱਲਾਂ ਨਾਲ ਭਰ ਗਈਆਂ। ਲੁਧਿਆਣੇ ਤੋਂ ਫ਼ਿਰੋਜ਼ਪੁਰ ਜਾਂਦੇ ਇਸ ਪੰਜ ਨੰਬਰ ਰਾਸ਼ਟਰੀ
ਮਾਰਗ ਵਿੱਚ ਹਜੇ ਵੀ ਬਹੁਤ ਕਮੀਆਂ ਹਨ, ਜਿਸ ਵਜ੍ਹਾ ਨਾਲ ਇਹ ਰਾਸ਼ਟਰੀ ਮਾਰਗ ਹੁਣ
ਤੱਕ ਚਰਚਾ ਦਾ ਵਿਸ਼ਾ ਹੀ ਰਿਹਾ ਹੈ। ਪਰ ਅੱਜ-ਕੱਲ੍ਹ ਇਹ ਗੁਲਾਬੀ ਫੁੱਲਾਂ ਦੀ ਬਹਾਰ
ਇਸ ਮਾਰਗ ਦੀ ਵੱਖਰੀ ਹੀ ਟੌਹਰ ਬਣਾ ਰਹੀ ਹੈ, ਜਿਸ ਨਾਲ ਇਸ ਮਾਰਗ ਦੀਆਂ ਹੋਰ ਕਮੀਆਂ
ਕੋਈ ਬਹੁਤੀਆਂ ਉਜਾਗਰ ਨਹੀਂ ਹੋ ਰਹੀਆਂ।
ਤੇਜ਼ ਧੁੱਪ ਵਿੱਚ ਫੁੱਲਾਂ ਦਾ
ਗੂੜ੍ਹਾ ਗੁਲਾਬੀ ਰੰਗ ਅੱਖਾਂ ਨੂੰ ਚੁੰਧਿਆ ਦਿੰਦਾ ਹੈ। ਅੱਜ-ਕੱਲ੍ਹ ਇਸ ਮਾਰਗ ਤੇ
ਬੋਗਨਵੀਲੀਆ ਦੀਆਂ ਇਹ ਫੁੱਲਾਂ ਨਾਲ ਲੱਦੀਆਂ ਹੋਈਆਂ ਵੇਲਾਂ ਤਲਵੰਡੀ ਭਾਈ ਤੋਂ ਲੈ ਕੇ
ਲੁਧਿਆਣੇ ਸ਼ਹਿਰ ਵਿੱਚ ਦਾਖਲ ਹੋਣ ਤੱਕ ਵੇਖੀਆਂ ਜਾ ਸਕਦੀਆਂ ਨੇ। ਇਨ੍ਹਾਂ ਫੁੱਲਾਂ
ਦੀ ਸੁੰਦਰਤਾ ਇੱਥੋਂ ਲੰਘਣ ਵਾਲੇ ਹਰ ਰਾਹਗੀਰ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।
ਮੇਰੇ ਵਰਗੇ ਜੋ ਲੋਕ ਪਹਿਲਾਂ ਰੋਜ਼ ਆਪਣੇ ਧਿਆਨ ਜਾਂਦੇ ਹੁੰਦੇ ਸਨ ਉਹ ਵੀ ਇੱਕ ਨਜ਼ਰ
ਇਨ੍ਹਾਂ ਫੁੱਲਾਂ ਵੱਲ ਜ਼ਰੂਰ ਮਾਰਦੇ ਹੋਣਗੇ। ਮੈਂ ਨਿੱਤ ਹੀ ਕੁਝ ਲੋਕਾਂ ਨੂੰ
ਇਨ੍ਹਾਂ ਫੁੱਲਾਂ ਨਾਲ ਸੈਲਫੀਆਂ ਲੈਂਦੇ ਵੀ ਦੇਖਦਾ ਹੁੰਦਾ ਸੀ ਤਾਂ ਮੇਰਾ
ਵੀ ਦਿਲ ਕੀਤਾ ਕਿ ਬੋਗਨਵੀਲੀਆ ਦੀ ਇਹ ਗੁਲਾਬੀ ਬਹਾਰ ਨੂੰ ਆਪਣੇ ਫ਼ੋਨ ਦੇ ਕੈਮਰੇ
ਵਿੱਚ ਕੈਦ ਕਰਾਂ ਤਾਂ ਕੁਝ ਤਸਵੀਰਾਂ ਖਿੱਚ ਲਈਆਂ।
ਪੰਜਾਬ ਵਿੱਚ ਜਦੋਂ
ਸਾਰੇ ਰਾਸ਼ਟਰੀ ਅਤੇ ਰਾਜ ਮਾਰਗ ਹੋਰ ਚੌੜੇ ਕਰਕੇ ਬਣਾਏ ਗਏ ਸਨ ਤਾਂ ਪੁਰਾਣੀਆਂ
ਸੜਕਾਂ ਦੇ ਕਿਨਾਰੇ ਹਜ਼ਾਰਾਂ ਦੀ ਤਾਦਾਦ ਵਿੱਚ ਖੜ੍ਹੇ ਪੁਰਾਣੇ ਰੁੱਖਾਂ ਨੂੰ ਪੱਟ
ਦਿੱਤਾ ਗਿਆ। ਰਾਸ਼ਟਰੀ ਮਾਰਗ ਅਥਾਰਟੀ ਵੱਲੋਂ ਭਾਵੇਂ ਨਵੇਂ ਬਣਾਏ ਗਏ
ਮਾਰਗਾਂ ਦੇ ਦੁਆਲੇ ਹੋਰ ਨਵੇਂ ਰੁੱਖ ਵੀ ਲਗਾਏ ਗਏ ਹਨ, ਪਰ ਉਨ੍ਹਾਂ ਨੂੰ ਵੱਡੇ ਹੋਣ
ਵਿੱਚ ਹਜੇ ਕੁਝ ਸਮਾਂ ਲੱਗੇਗਾ। ਸੜਕਾਂ ਵਿਚਕਾਰ ਡਿਵਾਇਡਰਾਂ ਉੱਪਰ ਹੋਰ
ਵੀ ਕਈ ਸਜਾਵਟੀ ਅਤੇ ਛੋਟੇ ਕੱਦ ਦੇ ਫੁੱਲਾਂ ਵਾਲੇ ਬੂਟੇ ਲਗਾਏ ਗਏ ਹਨ ਜੋ ਕਿ
ਕਿਨਾਰਿਆਂ ਵਾਲੇ ਰੁੱਖਾਂ ਨਾਲ਼ੋਂ ਛੇਤੀ ਵੱਧ ਗਏ ਹਨ। ਇਨ੍ਹਾਂ ਵਿੱਚੋਂ ਹੁਣ
ਬੋਗਨਵੀਲੀਆ ਦੀਆਂ ਵੇਲਾਂ ਹੀ ਸਭ ਤੋਂ ਵੱਧ ਖ਼ੂਬਸੂਰਤ ਅਤੇ ਰੰਗ ਬਿੰਰੰਗੇ ਫੁੱਲਾਂ
ਨਾਲ ਲੱਦੀਆਂ ਹੋਈਆਂ ਹਨ।
ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ
ਮੱਤੇਵਾੜਾ ਜੰਗਲ ਨੂੰ ਇੰਡਸਟਰੀਅਲ ਪਾਰਕ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤਾਂ ਵਿਰੋਧ
ਹੋਣ ਤੋਂ ਬਾਅਦ ਸਰਕਾਰ ਨੂੰ ਇਹ ਪ੍ਰਾਜੈਕਟ ਰੱਦ ਕਰਨਾ ਪਿਆ। ਭਾਰਤੀ ਵਣ ਨੀਤੀ ਦੇ
ਮੁਤਾਬਕ ਕਿਸੇ ਵੀ ਸੂਬੇ ਦਾ 33 ਫ਼ੀਸਦੀ ਹਿੱਸਾ ਜੰਗਲੀ ਰਕਬੇ ਹੇਠ ਹੋਣਾ ਜ਼ਰੂਰੀ ਹੈ
ਪਰ ਪੰਜਾਬ ਵਿੱਚ ਜੰਗਲੀ ਰਕਬਾ ਤਕਰੀਬਨ 3.67 ਫ਼ੀਸਦੀ ਹੀ ਹੈ ਜੋ ਕਿ ਬਹੁਤ ਘੱਟ ਹੈ।
ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਅਤੇ ਇਸਨੂੰ ਹੋਰ ਹਰਿਆ
ਭਰਿਆ ਬਣਾਉਣ ਲਈ ਵੱਧ ਤੋਂ ਵੱਧ ਖੇਤਰ ਵਿੱਚ ਦਰੱਖਤ ਲਗਾਉਣੇ ਵੀ ਪੈਣਗੇ ਅਤੇ ਉਨ੍ਹਾਂ
ਦੀ ਸਾਂਭ ਸੰਭਾਲ ਵੀ ਕਰਨੀ ਪਵੇਗੀ। ਜੰਗਲੀ ਰਕਬੇ ਦੇ ਇਸ ਘਾਟੇ ਨੂੰ ਪੂਰਾ ਕਰਨ ਲਈ
ਸੜਕਾਂ, ਰੇਲ ਪਟੜੀਆਂ, ਨਹਿਰਾਂ ਅਤੇ ਦਰਿਆਵਾਂ ਆਦਿ ਦੇ ਕਿਨਾਰਿਆਂ ਤੇ ਵੱਧ ਤੋਂ ਵੱਧ
ਰੁੱਖ ਲਗਾਕੇ ਪੱਟੀਨੁਮਾ ਜੰਗਲ ਬਣਾਏ ਜਾ ਸਕਦੇ ਹਨ। ਪਿੰਡਾਂ ਸ਼ਹਿਰਾਂ ਵਿੱਚ ਖਤਮ
ਕੀਤੀਆਂ ਜਾ ਚੁੱਕੀਆਂ ਪੁਰਾਣੀਆਂ ਝਿੜੀਆਂ ਮੁੜ ਤੋਂ ਤਿਆਰ ਕਰਕੇ ਵੀ ਇਸ ਪਾਸੇ
ਯੋਗਦਾਨ ਪਾਇਆ ਜਾ ਸਕਦਾ ਹੈ। ਪੰਜਾਬ ਵਿੱਚ ਹਜੇ ਵੀ ਬਹੁਤੇ ਰਾਜ ਮਾਰਗ, ਰਾਸ਼ਟਰੀ
ਮਾਰਗ ਅਤੇ ਲਿੰਕ ਸੜਕਾਂ ਰੁੱਖਾਂ ਤੋਂ ਬਿਨ੍ਹਾਂ ਸੱਖਣੀਆਂ ਨੇ ਜਿੱਥੇ ਵਿਰਾਸਤੀ
ਰੁੱਖਾਂ ਦੇ ਨਾਲ ਨਾਲ ਹੋਰ ਫਲਦਾਰ ਰੁੱਖ ਅਤੇ ਸਜਾਵਟੀ ਵੇਲ ਬੂਟੇ ਵੀ ਲਗਾਏ ਜਾ ਸਕਦੇ
ਨੇ। ਰੁੱਖਾਂ ਦੀ ਗਿਣਤੀ ਤਾਂ ਵਧੇਗੀ ਹੀ ਨਾਲ ਦੀ ਨਾਲ ਪੰਛੀਆਂ ਲਈ ਵੀ ਰੈਣ ਬਸੇਰਿਆਂ
ਦਾ ਇੰਤਜ਼ਾਮ ਵੀ ਹੋ ਜਾਵੇਗਾ। ਹੋਰ ਤੇ ਹੋਰ ਸੜਕੀ ਸਫ਼ਰ ਵੀ ਛਾਂਦਾਰ ਅਤੇ ਸੋਹਣਾ
ਲੱਗਣ ਲੱਗੇਗਾ।
ਲਖਵਿੰਦਰ ਜੌਹਲ ‘ਧੱਲੇਕੇ’
ਫ਼ੋਨ ਨੰਬਰ:- +91 9815959476 ਈਮੇਲ:-
johallakwinder@gmail.com
|