ਕੁਛ
ਹੈਂ ਮੰਜਰ ਹਾਲ ਕੇ ਕੁਛ ਖ਼ਵਾਬ ਮੁਸਤਕਬਿਲ ਕੇ ਹੈਂ, ਯੇ ਤਮੰਨਾ ਆਂਖ ਕੀ ਹੈ ਵੋ
ਤਕਾਜ਼ੇ ਦਿਲ ਕੇ ਹੈਂ।
ਸਲੀਮ ਅਹਿਮਦ ਦਾ ਇਹ ਸ਼ਿਅਰ
ਮੈਨੂੰ 'ਅਕਾਲੀ ਦਲ' ਦੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਸਿੱਖ ਕੌਮ ਦੇ ਮੌਜੂਦਾ
ਹਾਲਾਤ 'ਤੇ ਮੁਸਤਕਬਿਲ ਭਾਵ ਭਵਿੱਖ ਬਾਰੇ ਸੋਚਦਿਆਂ ਯਾਦ ਆ ਗਿਆ।
ਅਸਲ ਵਿਚ
ਪਿਛਲੀ ਇਕ ਸਦੀ ਤੋਂ ਸਿੱਖ ਕੌਮ ਅਤੇ ਅਕਾਲੀ ਦਲ ਇਕ-ਦੂਜੇ ਦੇ ਸਮਾਨਅਰਥਕ ਸ਼ਬਦਾਂ
ਵਾਂਗ ਦੇਖੇ ਜਾਣ ਲੱਗੇ ਸਨ। ਇਹ ਵੱਖਰੀ ਗੱਲ ਹੈ ਕਿ ਜਿਵੇਂ ਹੀ ਅਕਾਲੀ ਦਲ ਨੂੰ ਸੱਤਾ
ਦੇ ਨਸ਼ੇ ਦੀ ਆਦਤ ਪਈ, ਅਕਾਲੀ ਦਲ ਸਿੱਖਾਂ ਦੀ ਇਕ ਨੁਮਾਇੰਦਾ ਜਮਾਤ ਹੁੰਦੇ ਹੋਏ ਵੀ
ਸਿੱਖੀ ਦੇ ਆਸ਼ਿਆਂ ਤੋਂ ਦੂਰ ਹੁੰਦਾ ਗਿਆ। ਪਰ ਸਿੱਖ ਕੌਮ ਨੂੰ ਕੋਈ ਬਦਲਵੀਂ
ਲੀਡਰਸ਼ਿਪ ਵੀ ਨਹੀਂ ਮਿਲ ਸਕੀ। ਕਿਉਂਕਿ ਜਿਨ੍ਹਾਂ ਲੋਕਾਂ ਨੇ ਵੀ ਅਕਾਲੀ ਦਲ
ਛੱਡਿਆ ਭਾਵੇਂ ਉਨ੍ਹਾਂ ਨੇ ਨਾਅਰਾ ਤਾਂ ਇਹੀ ਦਿੱਤਾ ਕਿ ਉਹ ਸਿੱਖ ਕੌਮ ਦੀ ਬਿਹਤਰੀ
ਅਤੇ ਸਮੱਸਿਆਵਾਂ ਦੇ ਹੱਲ ਲਈ ਹੀ ਇਹ ਕਦਮ ਚੁੱਕ ਰਹੇ ਹਨ ਪਰ ਉਨ੍ਹਾਂ ਦੀਆਂ
ਕਾਰਗੁਜ਼ਾਰੀਆਂ ਵਿਚੋਂ ਕਿਤੇ ਵੀ ਇਹ ਨਾ ਦਿਖਿਆ ਕਿ ਉਹ ਅਕਾਲੀ ਦਲ ਦੇ ਮੁਢਲੇ ਨਾਅਰੇ
'ਮੈਂ ਮਰਾਂ ਪੰਥ ਜੀਏ' ਦੀ ਧਾਰਨਾ 'ਤੇ ਕੰਮ ਕਰ ਰਹੇ ਹਨ। ਜਿਸ ਕਾਰਨ ਬਗ਼ਾਵਤ ਕਰਨ
ਵਾਲੇ ਸਾਰੇ ਲੋਕ ਫੇਲ੍ਹ ਹੁੰਦੇ ਗਏ।
ਹੁਣ ਤੱਕ ਹਰ ਬਗ਼ਾਵਤ ਪਹਿਲੀ ਜਾਂ
ਦੂਸਰੀ ਕਤਾਰ ਦੇ ਨੇਤਾਵਾਂ ਨੇ ਹੀ ਕੀਤੀ ਸੀ। ਪਰ ਹੁਣ ਜਦੋਂ ਅਕਾਲੀ ਦਲ ਆਪਣੇ
ਇਤਿਹਾਸ ਦੇ ਸਭ ਤੋਂ ਵੱਧ ਬੁਰੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਤਾਂ ਇਹ ਪਹਿਲੀ ਵਾਰ
ਹੈ ਕਿ ਬਗ਼ਾਵਤ ਇਕ ਨੌਜਵਾਨ ਨੇਤਾ ਦੀ ਅਗਵਾਈ ਵਿਚ ਹੋ ਰਹੀ ਹੈ। ਭਾਵੇਂ ਅਕਾਲੀ
ਵਿਧਾਇਕ 'ਮਨਪ੍ਰੀਤ ਸਿੰਘ ਇਯਾਲੀ' ਨਿੱਜੀ ਗੱਲਬਾਤ ਵਿਚ ਇਹ ਸਾਫ਼ ਕਰਨ ਦੀ ਕੋਸ਼ਿਸ਼
ਕਰਦੇ ਹਨ ਕਿ ਉਹ ਅਕਾਲੀ ਦਲ ਤੋਂ ਬਗ਼ਾਵਤ ਨਹੀਂ ਕਰ ਰਹੇ ਤੇ ਨਾ ਹੀ ਅਕਾਲੀ ਦਲ ਛੱਡ
ਰਹੇ ਹਨ, ਸਗੋਂ ਉਹ ਇਹ ਦਾਅਵਾ ਕਰਦੇ ਹਨ ਕਿ ਉਹ ਤਾਂ ਅਕਾਲੀ ਦਲ ਨੂੰ ਫਿਰ ਤੋਂ
ਸਿੱਖਾਂ ਅਤੇ ਪੰਜਾਬ ਦੀ ਨੁਮਾਇੰਦਾ ਜਮਾਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਮਨਪ੍ਰੀਤ ਸਿੰਘ ਇਯਾਲੀ ਦਾਅਵਾ ਕਰਦੇ ਹਨ ਕਿ ਉਹ ਪਾਰਟੀ ਦੇ ਅੰਦਰ ਪਿਛਲੇ 7 ਸਾਲ
ਤੋਂ ਅਕਾਲੀ ਦਲ ਦੀਆਂ ਨੀਤੀਆਂ ਸਿੱਖ-ਪੱਖੀ ਨਾ ਹੋਣ ਦਾ ਵਿਰੋਧ ਕਰ ਰਹੇ ਹਨ ਪਰ
ਉਨ੍ਹਾਂ ਦੀ ਗੱਲ ਕਦੇ ਸੁਣੀ ਨਹੀਂ ਗਈ। ਇਯਾਲੀ ਕਹਿੰਦੇ ਹਨ ਕਿ ਹੁਣ ਉਨ੍ਹਾਂ ਨੇ
ਫ਼ੈਸਲਾ ਕਰ ਲਿਆ ਹੈ ਕਿ ਭਾਵੇਂ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ
ਪਵੇ, ਉਹ ਅਕਾਲੀ ਦਲ ਨੂੰ ਵਾਪਸ ਪੰਥ ਅਤੇ ਪੰਜਾਬ ਦੀ ਹਮਾਇਤੀ ਪਾਰਟੀ ਵਜੋਂ ਖੜ੍ਹਾ
ਕਰਨ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ ਕਿਸਾਨੀ ਵਿਰੋਧੀ
ਆਰਡੀਨੈਂਸ ਜਾਰੀ ਹੋਣ ਵੇਲੇ ਹੀ ਖੁੱਲ੍ਹ ਕੇ ਮੰਗ ਕੀਤੀ ਸੀ ਕਿ ਬੀਬਾ ਹਰਸਿਮਰਤ
ਕੌਰ ਬਾਦਲ ਨੂੰ ਭਾਜਪਾ ਦੇ ਕਿਸਾਨ ਵਿਰੋਧੀ ਰਵੱਈਏ ਦੇ ਖਿਲਾਫ਼ ਕੇਂਦਰੀ ਮੰਤਰੀ ਦਾ
ਅਹੁਦਾ ਛੱਡ ਦੇਣਾ ਚਾਹੀਦਾ ਹੈ ਪਰ ਅਕਾਲੀ ਦਲ ਨੇ ਇਹ ਫ਼ੈਸਲਾ ਬਹੁਤ ਬਾਅਦ ਵਿਚ ਵਕਤ
ਲੰਘ ਜਾਣ ਉਪਰੰਤ ਕੀਤਾ।
ਜਦੋਂ ਕਿ ਦੂਜੇ ਪਾਸੇ ਅਕਾਲੀ ਦਲ ਬਾਦਲ ਉਨ੍ਹਾਂ ਦੇ
ਬਿਆਨਾਂ ਅਤੇ ਰਾਸ਼ਟਰਪਤੀ ਦੀ ਚੋਣ ਵਿਚ ਪਾਰਟੀ ਲਾਈਨ ਤੋਂ ਪਾਸੇ ਜਾ ਕੇ
ਵੋਟ ਨਾ ਪਾਉਣ ਬਾਰੇ ਭਾਵੇਂ ਬਿਲਕੁਲ ਖਾਮੋਸ਼ ਨਜ਼ਰ ਆ ਰਿਹਾ ਹੈ ਪਰ ਅਕਾਲੀ ਦਲ ਬਾਦਲ
ਇਸ ਸਥਿਤੀ ਵਿਚੋਂ ਨਿਕਲਣ ਲਈ ਅੰਦਰਖਾਤੇ ਗੰਭੀਰ ਵਿਚਾਰ-ਵਟਾਂਦਰਾ ਵੀ ਕਰ ਰਿਹਾ ਹੈ।
ਅਸੀਂ ਸਮਝਦੇ ਹਾਂ ਕਿ ਦੋਵੇਂ ਧਿਰਾਂ ਆਪਣੇ-ਆਪ ਨੂੰ ਮਜ਼ਬੂਤ ਕਰਨ ਲਈ ਜੋ ਰਣਨੀਤੀ
ਅਪਣਾ ਰਹੀਆਂ ਹਨ ਤੇ ਉਸ ਬਾਰੇ ਜੋ 'ਸਰਗੋਸ਼ੀਆਂ' ਸੁਣਾਈ ਦੇ ਰਹੀਆਂ ਹਨ, ਉਨ੍ਹਾਂ ਦਾ
ਜ਼ਿਕਰ ਸਾਡੇ ਪਾਠਕਾਂ ਲਈ ਜ਼ਰੂਰ ਦਿਲਚਸਪੀ ਦਾ ਵਿਸ਼ਾ ਹੋਵੇਗਾ।
ਨਵੇਂ
ਕਿਰਦਾਰ ਆਤੇ ਜਾ ਰਹੇ ਹੈਂ, ਮਗ਼ਰ ਨਾਟਕ ਪੁਰਾਣਾ ਚਲ ਰਹਾ ਹੈ। (ਰਾਹਤ
ਇੰਦੌਰੀ)
ਅਕਾਲੀ ਦਲ ਬਾਦਲ ਦੀ ਰਣਨੀਤੀ? ਸਾਡੀ
ਜਾਣਕਾਰੀ ਅਨੁਸਾਰ 'ਅਕਾਲੀ ਦਲ ਬਾਦਲ' ਇਕ ਪਾਸੇ ਤਾਂ ਮਨਪ੍ਰੀਤ ਸਿੰਘ ਇਯਾਲੀ ਤੇ
ਉਨ੍ਹਾਂ ਦੇ ਸਾਥੀਆਂ ਬਾਰੇ ਖਾਮੋਸ਼ ਰਹਿ ਕੇ ਉਨ੍ਹਾਂ ਨੂੰ ਅਣਗੌਲਿਆਂ ਕਰਕੇ
ਮਹੱਤਵਹੀਣ ਦਰਸਾਉਣ ਦੀ ਰਣਨੀਤੀ 'ਤੇ ਚੱਲ ਰਿਹਾ ਹੈ, ਪਰ ਦੂਜੇ ਪਾਸੇ ਉਹ ਇਯਾਲੀ ਦੇ
ਮੁੱਖ ਮੁੱਦੇ ਕਿ ਅਕਾਲੀ ਦਲ ਵਲੋਂ ਬਣਾਈ ਗਈ 'ਇਕਬਾਲ ਸਿੰਘ ਝੂੰਦਾਂ' ਦੀ ਅਗਵਾਈ
ਵਾਲੀ 13 ਮੈਂਬਰੀ ਕਮੇਟੀ ਦੇ 90 ਫ਼ੀਸਦੀ ਫ਼ੈਸਲਿਆਂ ਨੂੰ ਲਾਗੂ ਕਰਨ ਦੀ ਰਣਨੀਤੀ
'ਤੇ ਵਿਚਾਰ ਕਰ ਰਿਹਾ ਹੈ ਤਾਂ ਕਿ ਇਯਾਲੀ ਤੇ ਸਾਥੀਆਂ ਦੀ ਲੜਾਈ ਦਾ ਆਧਾਰ ਹੀ
ਪ੍ਰਸੰਗਹੀਣ ਹੋ ਜਾਵੇ।
ਇਸ ਮੰਤਵ ਲਈ ਅਗਲੇ ਕੁਝ ਦਿਨਾਂ ਵਿਚ ਹੀ ਅਕਾਲੀ ਦਲ
ਦੀ 16 ਮੈਂਬਰੀ ਕਮੇਟੀ ਦੀ ਮੀਟਿੰਗ ਹੋਣ ਦੇ ਆਸਾਰ ਹਨ ਤੇ ਉਸ ਉਪਰੰਤ ਕੋਰ ਕਮੇਟੀ ਦੀ
ਮੀਟਿੰਗ ਬੁਲਾ ਕੇ ਅਕਾਲੀ ਦਲ ਦੇ ਢਾਂਚੇ ਨੂੰ ਭੰਗ ਕਰਕੇ ਨਵਾਂ ਢਾਂਚਾ ਬਣਾਉਣ ਦਾ
ਫ਼ੈਸਲਾ ਵੀ ਕੀਤਾ ਜਾ ਸਕਦਾ ਹੈ। ਹੁਣ ਤੱਕ ਮਿਲੀਆਂ ਸੂਚਨਾਵਾਂ ਅਨੁਸਾਰ ਸੁਖਬੀਰ
ਸਿੰਘ ਬਾਦਲ ਦੇ ਬਹੁਤੇ ਨਜ਼ਦੀਕੀ ਸਲਾਹਕਾਰ ਤੇ ਇਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ
ਵੀ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨਗੀ ਛੱਡਣ ਦੇ ਹੱਕ ਵਿਚ ਨਹੀਂ ਹਨ। ਪਰ ਅਕਾਲੀ ਦਲ
ਬਾਦਲ ਸਿੱਖਾਂ ਅਤੇ ਪੰਜਾਬੀਆਂ ਵਿਚ ਫਿਰ ਤੋਂ ਮਕਬੂਲ ਹੋਣ ਲਈ ਜਿਥੇ ਪੰਜਾਬ ਅਤੇ
ਸਿੱਖਾਂ ਦੇ ਪੁਰਾਣੇ ਮਸਲਿਆਂ ਦੇ ਹੱਲ ਲਈ ਹਰ ਕੁਰਬਾਨੀ ਦੇਣ ਅਤੇ ਸੰਘਰਸ਼ ਕਰਨ ਦਾ
ਫ਼ੈਸਲਾ ਲੈ ਸਕਦਾ ਹੈ, ਉਥੇ ਬਾਦਲ ਪਰਿਵਾਰ ਸਮੇਤ ਸਮੁੱਚੀ ਲੀਡਰਸ਼ਿਪ
ਪਿਛਲੇ ਸਮੇਂ ਕੀਤੀਆਂ ਜਾਂ ਹੋਈਆਂ ਗ਼ਲਤੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼
ਹੋ ਕੇ ਪਸ਼ਚਾਤਾਪ ਕਰਨ ਉਪਰੰਤ ਅੱਗੇ ਤੋਂ ਕੌਮ ਦੇ ਮਸਲਿਆਂ ਦੇ ਹੱਲ ਲਈ ਹਰ ਕੁਰਬਾਨੀ
ਕਰਨ ਦਾ ਪ੍ਰਣ ਵੀ ਲੈ ਸਕਦੀ ਹੈ।
ਪਤਾ ਲੱਗਾ ਹੈ ਕਿ ਪਾਰਟੀ ਵਿਚ ਇਸ ਦੇ
ਫਾਇਦੇ-ਨੁਕਸਾਨਾਂ ਬਾਰੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਇਸ ਤੋਂ ਇਲਾਵਾ 'ਝੂੰਦਾ'
ਕਮੇਟੀ ਵਲੋਂ ਸੁਝਾਏ ਸੁਝਾਵਾਂ 'ਤੇ ਅਮਲ ਕਰਦੇ ਹੋਏ ਇਕ 'ਪਰਿਵਾਰ-ਇਕ ਟਿਕਟ', 'ਇਕ
ਵਿਅਕਤੀ-ਇਕ ਅਹੁਦਾ', ਦੋ ਜਾਂ ਤਿੰਨ ਵਾਰ ਹਾਰੇ ਨੇਤਾ ਨੂੰ ਟਿਕਟ ਨਾ ਦੇਣਾ,
ਰਾਜਨੀਤੀ ਵਿਚ ਕੁਝ ਅਹੁਦਿਆਂ ਲਈ ਉਮਰ ਦੀ ਹੱਦ ਨਿਸਚਿਤ ਕਰਨਾ, ਅਕਾਲੀ ਦਲ ਵਿਚ
ਅਹੁਦੇਦਾਰ ਬਣਨ ਵਾਲੇ ਹਰ ਸਿੱਖ ਦਾ ਸਾਬਤ ਸੂਰਤ ਹੋਣਾ ਜ਼ਰੂਰੀ ਹੋਣਾ, ਸ਼੍ਰੋਮਣੀ
ਕਮੇਟੀ ਦੇ ਉਮੀਦਵਾਰ ਲਈ ਇਹ ਜ਼ਰੂਰੀ ਕਰਨਾ ਕਿ ਉਹ ਕੋਈ ਹੋਰ ਰਾਜਨੀਤਕ ਚੋਣ ਨਹੀਂ
ਲੜੇਗਾ ਆਦਿ ਫ਼ੈਸਲੇ ਲਾਗੂ ਕੀਤੇ ਜਾਣ 'ਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਅਕਾਲੀ ਦਲ ਇਕ ਵਾਰ ਫਿਰ ਹਿੰਦੂ-ਸਿੱਖ ਏਕਤਾ ਲਈ ਅਕਾਲੀ-ਭਾਜਪਾ
ਸਮਝੌਤੇ ਨੂੰ ਤਰਜੀਹ ਦੇਣ 'ਤੇ ਵੀ ਵਿਚਾਰ ਕਰ ਰਿਹਾ ਦੱਸਿਆ ਜਾਂਦਾ ਹੈ। ਭਾਵੇਂ ਹਾਲ
ਦੀ ਘੜੀ ਅਜਿਹੇ ਸੰਕੇਤ ਹਨ ਕਿ 'ਭਾਜਪਾ' ਲੀਡਰਸ਼ਿਪ ਇਹ ਸਮਝਦੀ ਹੈ ਕਿ ਉਹ
ਬਾਦਲ ਪਰਿਵਾਰ ਤੋਂ ਬਿਨਾਂ ਬਣਨ ਵਾਲੇ ਸੰਭਾਵਿਤ ਅਕਾਲੀ ਦਲ ਨਾਲ ਸਮਝੌਤਾ ਕਰੇ ਪਰ
ਅਕਾਲੀ ਦਲ ਇਹ ਸਮਝਦਾ ਹੈ ਕਿ ਜਿਵੇਂ ਇਯਾਲੀ ਨੇ ਕਾਂਗਰਸ ਦੇ ਨਾਲ ਭਾਜਪਾ ਦਾ ਵੀ
ਵਿਰੋਧ ਕੀਤਾ ਹੈ ਅਤੇ ਜੇਕਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ
ਸਿੱਖਾਂ ਵਿਚ ਆਪਣੀ ਸਾਖ਼ ਬਹਾਲ ਕਰ ਲਵੇ ਤਾਂ 'ਭਾਜਪਾ' ਕੋਲ ਅਕਾਲੀ ਦਲ ਬਾਦਲ ਨਾਲ
ਸਮਝੌਤਾ ਕਰਨ ਬਿਨਾਂ ਕੋਈ ਚਾਰਾ ਨਹੀਂ ਰਹੇਗਾ। ਪਰ ਇਸ ਵਾਰ ਬਾਦਲ ਅਕਾਲੀ ਦਲ ਭਾਜਪਾ
ਨਾਲ ਸਮਝੌਤਾ ਕਰਨ ਵੇਲੇ ਪੰਜਾਬ ਅਤੇ ਸਿੱਖਾਂ ਦੀਆਂ ਮੰਗਾਂ ਨੂੰ ਪਾਸੇ ਨਹੀਂ
ਰੱਖੇਗਾ।
ਇਯਾਲੀ ਸਮਰਥਕਾਂ ਦੀ ਰਣਨੀਤੀ? ਹਾਲਾਂ ਕਿ
ਮਨਪ੍ਰੀਤ ਸਿੰਘ ਇਯਾਲੀ ਇਹ ਸਾਫ਼ ਕਹਿ ਰਹੇ ਹਨ ਕਿ ਉਨ੍ਹਾਂ ਦੀ ਲੜਾਈ ਕਿਸੇ ਅਹੁਦੇ
ਲਈ ਨਹੀਂ ਹੈ। ਉਹ ਤਾਂ ਅਕਾਲੀ ਦਲ ਤੋਂ ਬਗ਼ਾਵਤ ਵੀ ਨਹੀਂ ਕਰ ਰਹੇ, ਸਗੋਂ ਉਹ ਤਾਂ
ਸਿਰਫ ਅਕਾਲੀ ਦਲ ਦੇ ਗੌਰਵ ਨੂੰ ਬਹਾਲ ਕਰਨ ਅਤੇ ਪੰਥ ਤੇ ਪੰਜਾਬ ਲਈ ਹਰ ਕੁਰਬਾਨੀ
ਕਰਨ ਦਾ ਮਨ ਬਣਾ ਚੁੱਕੇ ਹਨ ਤੇ ਇਸੇ ਲਈ ਹੀ ਉਨ੍ਹਾਂ ਨੇ ਕਾਂਗਰਸ ਅਤੇ ਭਾਜਪਾ ਦੋਵਾਂ
ਨੂੰ ਵੋਟ ਨਾ ਪਾਉਣ ਦਾ ਫ਼ੈਸਲਾ ਕੀਤਾ ਸੀ।
ਪਰ ਸਾਡੀ ਜਾਣਕਾਰੀ ਅਨੁਸਾਰ
ਉਨ੍ਹਾਂ ਦੇ ਸਮਰਥਕ ਅੰਦਰਖਾਤੇ ਜਿਸ ਰਣਨੀਤੀ 'ਤੇ ਕੰਮ ਕਰ ਰਹੇ ਹਨ, ਉਸ ਅਨੁਸਾਰ
ਅਗਲੇ ਦੋ ਹਫ਼ਤਿਆਂ ਵਿਚ ਉਹ ਸਿੱਖ ਬੁੱਧੀਜੀਵੀਆਂ ਤੇ ਹੋਰ ਨਿਰਪੱਖ ਪਰ ਮਹੱਤਵਪੂਰਨ
ਸਿੱਖਾਂ ਨਾਲ ਸੰਪਰਕ ਕਰਕੇ ਇਕ ਮੀਟਿੰਗ ਬੁਲਾ ਸਕਦੇ ਹਨ। ਇਸ ਵਿਚ ਵਿਚਾਰ ਕੀਤਾ
ਜਾਵੇਗਾ ਕਿ ਪੰਥ ਅਤੇ ਪੰਜਾਬ ਦੇ ਭਲੇ ਲਈ ਕੀ ਕੀਤਾ ਜਾਣਾ ਚਾਹੀਦਾ ਹੈ। ਇਸ ਉਪਰੰਤ
ਕੋਈ ਵੱਡਾ ਇਕੱਠ ਕਰਨ ਦਾ ਫ਼ੈਸਲਾ ਵੀ ਲਿਆ ਜਾ ਸਕਦਾ ਹੈ ਪਰ ਇਸ ਦਰਮਿਆਨ ਇਯਾਲੀ ਤੇ
ਉਨ੍ਹਾਂ ਦੇ ਸਾਥੀ ਅਕਾਲੀ ਦਲ ਛੱਡਣ ਵਰਗਾ ਕੋਈ ਫ਼ੈਸਲਾ ਨਹੀਂ ਲੈਣਗੇ, ਸਗੋਂ ਪਾਰਟੀ
ਵਿਚ ਰਹਿ ਕੇ ਆਵਾਜ਼ ਉਠਾਉਂਦੇ ਰਹਿਣਗੇ।
ਸਾਡੀ ਜਾਣਕਾਰੀ ਅਨੁਸਾਰ ਉਨ੍ਹਾਂ
ਦਾ ਮੁੱਖ ਜ਼ੋਰ 'ਸ਼੍ਰੋਮਣੀ ਕਮੇਟੀ' ਮੈਂਬਰਾਂ ਨਾਲ ਸੰਪਰਕ ਕਰਨ 'ਤੇ ਲੱਗਾ ਹੋਇਆ
ਹੈ। ਇਸ ਵਾਰ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਬਾਦਲ ਦਲ ਦੇ ਨਾਮਜ਼ਦ
ਕੀਤੇ ਅਧਿਕਾਰਿਤ ਉਮੀਦਵਾਰ ਦੇ ਮੁਕਾਬਲੇ ਅਕਾਲੀ ਮੈਂਬਰਾਂ ਦੀ ਸਹਿਮਤੀ ਨਾਲ ਬਣਾਏ
ਕਿਸੇ ਉਮੀਦਵਾਰ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾਉਣਗੇ। ਇਸ ਲਈ ਇਸ ਤਰ੍ਹਾਂ ਜਾਪਦਾ
ਹੈ ਕਿ ਇਹ ਲੜਾਈ ਹੌਲੀ-ਹੌਲੀ ਹੀ ਆਪਣੇ ਅੰਜਾਮ ਤੱਕ ਪੁੱਜ ਸਕੇਗੀ ਅਤੇ ਸਿੱਧੇ
ਮੁਕਾਬਲੇ ਦੀ ਨੌਬਤ ਨਵੰਬਰ ਦੇ ਅੰਤ ਵਿਚ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਦੀ ਚੋਣ ਵੇਲੇ ਹੀ ਆਵੇਗੀ। ਬਾਕੀ ਸਮਾਂ ਦੱਸੇਗਾ ਕਿ ਅਸਲ ਵਿਚ ਕੀ ਹੁੰਦਾ ਹੈ।
ਕੌਣ ਡੂਬੇਗਾ ਕਿਸੇ ਪਾਰ ਉਤਰਨਾ ਹੈ 'ਜ਼ਫ਼ਰ' ਫ਼ੈਸਲਾ ਵਕਤ ਕੇ ਦਰਿਆ
ਮੇਂ ਉਤਰ ਕਰ ਹੋਗਾ। 1044, ਗੁਰੂ
ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ ਫੋਨ : 92168-60000 E. mail :
hslall@ymail.com
|