ਯੇ
ਜਬਰ ਭੀ ਦੇਖਾ ਹੈ ਤਾਰੀਖ਼ ਕੀ ਨਜ਼ਰੋਂ ਨੇ, ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ
ਸਜ਼ਾ ਪਾਈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ
ਤੇ ਉਨ੍ਹਾਂ ਦੇ ਸਾਥੀ, ਐਸ.ਪੀ.ਐਸ. ਪਰਮਾਰ ਦੀ ਅਗਵਾਈ ਵਾਲੀ ਸਿੱਟ
ਦੀ ਰਿਪੋਰਟ ਤੋਂ ਬਹੁਤ ਖੁਸ਼ ਅਤੇ ਉਤਸ਼ਾਹਿਤ ਹਨ।
ਅਕਾਲੀ ਦਲ ਦੀ ਪ੍ਰਚਾਰ
ਮਸ਼ੀਨਰੀ ਤੇ ਉਨ੍ਹਾਂ ਦੇ ਵਫ਼ਾਦਾਰ ਬਹੁਤ ਜ਼ੋਰ-ਸ਼ੋਰ ਨਾਲ ਇਸ ਰਿਪੋਰਟ ਨੂੰ ਬਾਦਲ
ਪਰਿਵਾਰ ਲਈ 'ਕਲੀਨ ਚਿੱਟ' ਕਰਾਰ ਦੇ ਰਹੇ ਹਨ। ਹਾਲਾਂ ਕਿ ਵਿਰੋਧੀ ਪਾਰਟੀਆਂ 'ਆਪ'
ਤੇ ਕਾਂਗਰਸ ਨੇ ਅਤੇ ਖ਼ਾਸ ਕਰਕੇ ਭਗਵੰਤ ਮਾਨ ਨੇ ਤਾਂ ਸਤੰਬਰ 2018 ਵਿਚ ਸਪੱਸ਼ਟ
ਬਿਆਨ ਦਿੱਤਾ ਸੀ ਕਿ ਸੂਬੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਾਬਕ ਮੁੱਖ
ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ
ਕਰਵਾਈ ਹੈ।
ਸਾਬਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਬਾਦਲ ਪਰਿਵਾਰ
ਨੂੰ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਦੋਸ਼ੀ ਠਹਿਰਾਇਆ ਸੀ। ਹੋਰ ਵੀ ਕਈ
ਰਾਜਨੇਤਾਵਾਂ ਨੇ ਇਸ ਨਾਲ ਮਿਲਦੇ-ਜੁਲਦੇ ਇਲਜ਼ਾਮ ਲਾਏ ਸਨ, ਜਿਨ੍ਹਾਂ ਵਿਚ 'ਆਪ'
ਮੁਖੀ ਅਰਵਿੰਦ ਕੇਜਰੀਵਾਲ ਵੀ ਸ਼ਾਮਿਲ ਸਨ।
ਹੁਣ ਇਸ ਰਿਪੋਰਟ ਤੋਂ ਬਾਅਦ
ਇਨ੍ਹਾਂ ਵਿਚੋਂ ਕੁਝ 'ਤੇ ਅਕਾਲੀ ਦਲ ਹੱਤਕ ਇੱਜ਼ਤ ਦੇ ਕੇਸ ਕਰਨ ਦੀਆਂ ਤਿਆਰੀਆਂ ਵੀ
ਕਰ ਰਿਹਾ ਹੈ। ਇਨ੍ਹਾਂ ਨੇਤਾਵਾਂ ਦੇ ਬਿਆਨਾਂ ਦੇ ਨਾਲ-ਨਾਲ ਉਸ ਵੇਲੇ ਦੇ ਪੁਲਿਸ
ਅਧਿਕਾਰੀ 'ਕੁੰਵਰ ਵਿਜੇ ਪ੍ਰਤਾਪ ਸਿੰਘ' ਦੀ ਜਾਂਚ ਬਾਰੇ ਉੱਠੇ ਸਵਾਲਾਂ ਜਿਨ੍ਹਾਂ
ਬਾਰੇ ਹਾਈ ਕੋਰਟ ਨੇ ਸਖ਼ਤ ਟਿੱਪਣੀਆਂ ਵੀ ਕੀਤੀਆਂ ਸਨ, ਨੇ ਵੀ ਇਹ ਪ੍ਰਭਾਵ ਬਣਾਇਆ
ਸੀ ਕਿ ਬਾਦਲ ਪਰਿਵਾਰ ਦਾ ਬੇਅਦਬੀ ਦੀਆਂ ਘਟਨਾਵਾਂ ਕਰਵਾਉਣ ਨਾਲ ਕੋਈ ਸੰਬੰਧ ਸੀ।
ਹੁਣ ਇਸ ਰਿਪੋਰਟ ਨਾਲ ਇਹ ਜ਼ਰੂਰ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ ਕਿ ਬਾਦਲ
ਪਰਿਵਾਰ ਦਾ ਬੇਅਦਬੀ ਦੀ ਸਾਜਿਸ਼ ਵਿਚ ਕੋਈ ਹੱਥ ਨਹੀਂ ਸੀ।
ਪਰ ਇਸ ਬਾਰੇ
ਅਜੇ ਅੰਤਿਮ ਫ਼ੈਸਲਾ ਅਦਾਲਤ ਨੇ ਹੀ ਕਰਨਾ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਹਰ ਕੋਈ
ਰਾਜਨੀਤੀ ਖੇਡ ਰਿਹਾ ਹੈ। ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਰਿਪੋਰਟ
ਜਾਰੀ ਕੀਤੀ ਹੈ, ਉਹ ਵੀ ਚਰਚਾ ਦਾ ਵਿਸ਼ਾ ਹੈ ਤੇ ਕਈ ਸਵਾਲ ਵੀ ਖੜ੍ਹੇ ਕਰਦਾ ਹੈ।
ਹੁਣ ਅਕਾਲੀ ਸਰਕਾਰ ਦੀ ਬਣਾਈ ਰਣਬੀਰ ਸਿੰਘ ਖਟਰਾ ਦੀ ਅਗਵਾਈ ਵਾਲੀ ਸਿੱਟ
ਵਲੋਂ ਕੀਤੀ ਜਾਂਚ ਦੇ ਆਧਾਰ 'ਤੇ ਤਿੰਨ ਡੇਰਾ ਪ੍ਰੇਮੀਆਂ ਨੂੰ ਬੇਅਦਬੀ ਦੇ ਇਕ ਕੇਸ
ਵਿਚ ਮਿਲੀ ਸਜ਼ਾ ਅਕਾਲੀ ਦਲ ਦੇ ਹੱਕ ਵਿਚ ਜਾਂਦੀ ਹੈ।
ਪਰ ਜਾਪਦਾ ਨਹੀਂ ਕਿ
ਅਕਾਲੀ ਦਲ ਅਤੇ ਬਾਦਲ ਪਰਿਵਾਰ ਏਨੇ ਨਾਲ ਹੀ ਸਿੱਖ ਮਾਨਸਿਕਤਾ ਵਿਚ ਫਿਰ ਪ੍ਰਵਾਨ ਹੋ
ਜਾਏਗਾ, ਕਿਉਂਕਿ ਅਕਾਲੀ ਦਲ 'ਤੇ ਜਿਹੜੇ ਇਲਜ਼ਾਮ ਲਗਦੇ ਹਨ, ਉਨ੍ਹਾਂ ਵਿਚੋਂ ਬਹੁਤ
ਸਾਰੇ ਅਜੇ ਵੀ ਜਵਾਬ ਮੰਗਦੇ ਹਨ।
ਪਹਿਲਾ ਇਲਜ਼ਾਮ ਤਾਂ ਇਹ ਹੈ ਕਿ ਉਨ੍ਹਾਂ
ਦੇ ਰਾਜ ਵਿਚ ਕਥਿਤ ਤੌਰ 'ਤੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ
ਫੜਨ ਵਿਚ ਵਰਤੀ ਗਈ ਲਾਪ੍ਰਵਾਹੀ, ਲਾਪ੍ਰਵਾਹੀ ਹੀ ਸੀ ਜਾਂ ਇਹ ਡੇਰਾ ਪ੍ਰੇਮੀਆਂ ਨੂੰ
ਬਚਾਉਣ ਦੀ ਕੋਈ ਕੋਸ਼ਿਸ਼ ਸੀ? ਫਿਰ ਬੇਅਦਬੀ ਦੀਆਂ ਘਟਨਾਵਾਂ ਖਿਲਾਫ਼ ਪ੍ਰਦਰਸ਼ਨ ਕਰਨ
ਵਾਲਿਆਂ 'ਤੇ ਗੋਲੀ ਜਿਸ ਵਿਚ 2 ਸਿੰਘ ਸ਼ਹੀਦ ਹੋ ਗਏ, ਅਕਾਲੀ ਦਲ ਦੇ ਰਾਜ ਵਿਚ ਚੱਲੀ
ਸੀ। ਪਰ ਉਸ ਵੇਲੇ ਲੰਮੇ ਵਿਰੋਧ ਦੇ ਬਾਵਜੂਦ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਹੋਈ।
ਜਦੋਂ ਕਿ ਇਹ ਲਗਭਗ ਸਪੱਸ਼ਟ ਹੋ ਚੁੱਕਾ ਸੀ ਕਿ ਬੇਅਦਬੀ ਪਿੱਛੇ ਡੇਰਾ ਸਿਰਸਾ
ਨਾਲ ਸੰਬੰਧਿਤ ਲੋਕ ਸ਼ਾਮਿਲ ਸਨ। ਫਿਰ ਜਿਸ ਤਰ੍ਹਾਂ ਡੇਰਾ ਸਿਰਸਾ ਮੁਖੀ ਨੂੰ ਸ੍ਰੀ
ਅਕਾਲ ਤਖ਼ਤ ਤੋਂ ਮੁਆਫ਼ੀ ਦਿੱਤੀ ਗਈ ਤੇ ਬਾਅਦ ਵਿਚ ਸਿੱਖ ਸੰਗਤਾਂ ਦੇ ਵਿਰੋਧ ਕਾਰਨ
ਦਿੱਤੀ ਮੁਆਫ਼ੀ ਵਾਪਸ ਲੈਣੀ ਪਈ ਤੇ ਉਸ ਬਾਰੇ ਜੋ ਇਲਜ਼ਾਮ ਲੱਗੇ ਕਿ ਇਹ ਸਭ ਰਾਜ
ਸੱਤਾ ਦੇ ਹੁਕਮਾਂ 'ਤੇ ਹੋਇਆ, ਨੇ ਵੀ ਅਕਾਲੀ ਦਲ ਨੂੰ ਕਟਹਿਰੇ ਵਿਚ ਹੀ ਖੜ੍ਹਾ ਕੀਤਾ
ਸੀ। ਪਰ 'ਅਕਾਲ ਤਖ਼ਤ' ਦੇ ਹੁਕਮਨਾਮੇ ਦੇ ਖਿਲਾਫ਼ ਜਾਂਦਿਆਂ 'ਅਕਾਲੀ ਦਲ' ਵਲੋਂ
2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਜਿਸ ਤਰ੍ਹਾਂ ਡੇਰਾ ਸਿਰਸਾ ਤੋਂ ਮਦਦ ਲਈ ਗਈ
ਅਤੇ ਜਿਵੇਂ ਵਹੀਰਾਂ ਘੱਤ ਕੇ ਅਕਾਲੀ ਉਮੀਦਵਾਰ ਸਥਾਨਕ ਡੇਰਿਆਂ ਵਿਚ ਪੁੱਜੇ, ਉਸ ਨੇ
ਵੀ ਸਿੱਖਾਂ ਨੂੰ ਅਕਾਲੀ ਦਲ ਤੋਂ ਦੂਰ ਕੀਤਾ। ਹਾਲਾਂਕਿ ਕਾਂਗਰਸ, 'ਆਪ' ਤੇ ਭਾਜਪਾ
ਉਮੀਦਵਾਰ ਵੀ ਡੇਰਾ ਸਿਰਸਾ ਦੇ ਡੇਰਿਆਂ ਵਿਚ ਗਏ ਸਨ ਪਰ ਲੋਕਾਂ ਨੂੰ ਮੁੱਖ ਇਤਰਾਜ਼
ਅਕਾਲੀ ਦਲ 'ਤੇ ਹੀ ਸੀ, ਕਿਉਂਕਿ ਅਕਾਲੀ ਦਲ ਦੀ ਗੱਲ ਉਨ੍ਹਾਂ ਤੋਂ ਬਹੁਤ ਵੱਖਰੀ ਹੈ।
ਬੇਸ਼ੱਕ ਬਹੁਤ ਬਾਅਦ ਵਿਚ ਅਕਾਲੀ ਨੇਤਾਵਾਂ ਨੇ ਅਕਾਲ ਤਖ਼ਤ 'ਤੇ ਪੇਸ਼ ਹੋ ਕੇ
ਅਸਿੱਧੇ ਢੰਗ ਨਾਲ ਮੁਆਫ਼ੀ ਵੀ ਮੰਗੀ ਤੇ ਸਜ਼ਾ ਵੀ ਭੁਗਤੀ ਪਰ ਇਹ ਸਭ ਕੁਝ ਜਿਸ
ਤਰ੍ਹਾਂ ਕੀਤਾ ਗਿਆ, ਉਸ ਨੇ ਵੀ ਅਕਾਲੀ ਦਲ ਦੀ ਸਾਖ਼ ਸਿੱਖਾਂ ਵਿਚ ਬਹਾਲ ਨਹੀਂ
ਕੀਤੀ।
ਅਸਲ ਵਿਚ ਅਕਾਲੀ ਦਲ ਦੀ ਸਾਖ਼ ਸਿੱਖਾਂ ਵਿਚ ਉਸ ਵੇਲੇ ਤੋਂ ਹੀ
ਡਿੱਗਣੀ ਸ਼ੁਰੂ ਹੋ ਗਈ ਸੀ ਜਦੋਂ ਅਜਿਹੇ ਪੁਲਿਸ ਅਫ਼ਸਰ, ਜਿਨ੍ਹਾਂ 'ਤੇ 10 ਸਾਲ ਦੇ
ਕਾਲੇ ਦੌਰ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਤੇ ਧੱਕਿਆਂ ਦੇ ਇਲਜ਼ਾਮ ਲੱਗੇ ਸਨ,
ਵਿਰੁੱਧ ਜਾਂਚ ਦੀ ਬਜਾਏ ਉਨ੍ਹਾਂ ਨੂੰ ਵੱਡੇ ਅਹੁਦਿਆਂ 'ਤੇ ਬਿਠਾ ਦਿੱਤਾ ਗਿਆ ਸੀ।
ਜਦੋਂ ਕਿ ਸਿੱਖ ਮਾਨਸਿਕਤਾ ਉਨ੍ਹਾਂ ਨੂੰ ਆਪਣਾ ਦੁਸ਼ਮਣ ਸਮਝ ਰਹੀ ਸੀ।
ਹੁਣ ਅਕਾਲੀ ਦਲ ਕੀ ਕਰੇ? ਭਾਵੇਂ ਪੰਜਾਬ ਦੇ ਲੋਕਾਂ ਨੇ 'ਆਮ
ਆਦਮੀ ਪਾਰਟੀ' ਨੂੰ ਇਕ ਲਾ-ਮਿਸਾਲ ਜਿੱਤ ਦਿੱਤੀ ਹੈ ਪਰ ਸਿੱਖ ਮਾਨਸਿਕਤਾ ਅਜੇ ਵੀ
ਜ਼ਖ਼ਮੀ ਹੈ। ਸਿੱਖਾਂ ਨੂੰ ਆਪਣੀ ਅਗਵਾਈ ਕਰਨ ਵਾਲਾ ਅਜੇ ਵੀ ਕੋਈ ਨਹੀਂ ਦਿਖ ਰਿਹਾ।
ਸਿਮਰਨਜੀਤ ਸਿੰਘ ਮਾਨ ਦੀ ਜਿੱਤ ਵਿਚ ਭਾਵੇਂ ਹੋਰ ਕਿੰਨੇ ਵੀ ਸਹਾਇਕ ਕਾਰਨ
ਹੋਣ ਪਰ ਸਭ ਤੋਂ ਵੱਡਾ ਕਾਰਨ ਤਾਂ ਸਿੱਖੀ ਸੋਚ ਦਾ ਉਭਾਰ ਹੀ ਹੈ। ਲੋਕਾਂ ਨੇ ਰਵਾਇਤੀ
ਪਾਰਟੀਆਂ ਨੂੰ ਇਕ ਵਾਰ ਫੇਰ ਰੱਦ ਕੀਤਾ ਹੈ ਪਰ 'ਆਪ' ਦੇ 3 ਮਹੀਨਿਆਂ ਦੇ ਰਾਜ 'ਤੇ
ਨਿਰਾਸ਼ਾ ਦਾ ਵੀ ਪ੍ਰਗਟਾਵਾ ਕੀਤਾ ਹੈ।
ਦੀਪ ਸਿੱਧੂ ਦੀ ਮੌਤ ਤੇ ਸਿੱਧੂ
ਮੂਸੇਵਾਲੇ ਦੇ ਕਤਲ ਨੇ ਵੀ ਸਿੱਖੀ ਪ੍ਰਭਾਵ ਨੂੰ ਉਭਾਰਿਆ ਹੈ ਭਾਵੇਂ ਉਹ ਆਪ ਪਤਿਤ ਹੀ
ਸਨ। ਅਜਿਹੀ ਹਾਲਤ ਵਿਚ ਪੰਜਾਬ ਵਿਚ ਕਿਸੇ ਸਿੱਖ ਨੁਮਾਇੰਦਾ ਜਮਾਤ ਦੀ ਘਾਟ ਦਾ ਖਲਾਅ
ਅਜੇ ਵੀ ਭਰਿਆ ਨਹੀਂ ਭਾਵੇਂ ਸਿਮਰਨਜੀਤ ਸਿੰਘ ਮਾਨ ਜਿੱਤ ਵੀ ਚੁੱਕੇ ਹਨ। ਪਰ ਮੈਂ
ਸਮਝਦਾ ਹਾਂ ਕਿ ਜੇ ਅਕਾਲੀ ਦਲ ਚਾਹੁੰਦਾ ਹੈ ਕਿ ਉਹ ਫਿਰ ਤੋਂ ਪੰਜਾਬ ਵਿਚ ਆਪਣੀ ਥਾਂ
ਬਣਾਵੇ ਤਾਂ ਉਸ ਨੂੰ ਸਿੱਖ ਮਾਨਸਿਕਤਾ ਵਿਚ ਉਸ ਪ੍ਰਤੀ ਉਪਜੀ ਉਪਰਾਮਤਾ ਤੇ
ਬੇਵਿਸ਼ਵਾਸੀ ਖ਼ਤਮ ਕਰਨੀ ਪਵੇਗੀ, ਜੋ ਸੌਖਾ ਕੰਮ ਨਹੀਂ।
ਇਸ ਲਈ ਸ਼ੁਰੂਆਤ
ਡਿੱਗ ਚੁੱਕੇ ਮਲਵੇ ਨੂੰ ਹਟਾ ਕੇ ਨਵੀਂ ਉਸਾਰੀ ਕਰ ਕੇ ਹੀ ਕੀਤੀ ਜਾ ਸਕਦੀ ਹੈ, ਜਿਸ
ਲਈ ਪਹਿਲਾਂ ਪੂਰੀ ਵਿਉਂਤਬੰਦੀ ਕਰਨੀ ਪਵੇਗੀ। ਪਰ ਇਸ ਵਿਚ ਕੋਈ ਸ਼ੱਕ ਨਹੀਂ ਪੰਜਾਬ
ਅਤੇ ਖ਼ਾਸ ਕਰਕੇ ਸਿੱਖ ਇਸ ਵੇਲੇ ਪੂਰੀ ਤਰ੍ਹਾਂ ਨਿਰਾਸ਼ਾ ਵਿਚ ਹਨ ਤੇ ਉਨ੍ਹਾਂ ਨੂੰ
ਅਕਾਲੀ ਦਲ ਵਰਗੀ ਕਿਸੇ ਪਾਰਟੀ ਦੀ ਸਖ਼ਤ ਲੋੜ ਹੈ, ਜਿਸ ਦਾ ਪਹਿਲਾ ਨਿਸ਼ਾਨਾ
ਰਾਜ-ਸੱਤਾ ਨਾ ਹੋਵੇ ਸਗੋਂ ਕੌਮ ਅਤੇ ਖ਼ਿੱਤੇ ਦੀ ਭਲਾਈ ਲਈ ਰਾਜ ਸੱਤਾ ਨੂੰ ਠੋਕਰ
ਮਾਰਨ ਦੀ ਹਿੰਮਤ ਉਸ ਪਾਰਟੀ ਵਿਚ ਹੋਵੇ ਤੇ ਪੰਥ ਤੇ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ
ਲਈ ਹਰ ਕੁਰਬਾਨੀ ਕਰਨ ਦਾ ਜਜ਼ਬਾ ਵੀ ਉਸ ਦੀ ਲੀਡਰਸ਼ਿਪ ਵਿਚ ਹੋਵੇ ਤੇ ਉਹੀ ਜਜ਼ਬਾ
ਇਹ ਲੀਡਰਸ਼ਿਪ ਵਰਕਰਾਂ ਵਿਚ ਵੀ ਪੈਦਾ ਕਰਨ ਦੀ ਸਮਰਥਾ ਵੀ ਰੱਖਦੀ ਹੋਵੇ।
ਸਿਮਰਨਜੀਤ ਸਿੰਘ ਮਾਨ ਸਟੈਂਡ 'ਤੇ ਕਾਇਮ ਸੰਗਰੂਰ ਲੋਕ ਸਭਾ
ਸੀਟ ਦੀ ਜਿੱਤ ਤੋਂ ਬਾਅਦ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ
ਨਾਲ ਗੱਲ ਕਰਨ 'ਤੇ ਭਾਵੇਂ ਉਨ੍ਹਾਂ ਸਪੱਸ਼ਟ ਰੂਪ ਵਿਚ ਇਹ ਕਿਹਾ ਹੈ ਕਿ ਉਹ
ਖ਼ਾਲਿਸਤਾਨ ਦੇ ਸਟੈਂਡ 'ਤੇ ਅੱਜ ਵੀ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸਾਡਾ
ਧਰਮ ਵੱਖਰਾ ਹੈ, ਸਾਡੀ ਬੋਲੀ ਅਲਿਹਦਾ ਹੈ। ਸਾਨੂੰ ਵੱਖਰਾ ਦੇਸ਼ ਚਾਹੀਦਾ ਹੈ। ਅਸੀਂ
ਇਸ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ। ਮੈਂ ਖ਼ਾਲਿਸਤਾਨ ਲਈ 'ਕਮਿਟਡ'
(ਪ੍ਰਤੀਬੱਧ) ਹਾਂ ਜਿਊਂਦੇ ਜੀਅ ਮੈਂ ਇਹ ਮੰਗ ਨਹੀਂ ਛੱਡ ਸਕਦਾ। ਪਰ ਮੈਂ ਜਮਹੂਰੀਅਤ
ਦੇ ਤਰੀਕੇ ਨਾਲ ਪੰਜਾਬ ਦੇ ਜਮਹੂਰੀ ਹੱਕਾਂ ਲਈ ਲੜਦਾ ਰਹਾਂਗਾ।
ਉਨ੍ਹਾਂ
ਕਿਹਾ ਕਿ 11 ਸਾਲ ਤੋਂ 'ਸ਼੍ਰੋਮਣੀ ਕਮੇਟੀ' ਦੀਆਂ ਚੋਣਾਂ ਲਟਕਾ ਕੇ ਸਾਡਾ ਜਮਹੂਰੀ
ਹੱਕ ਮਾਰਿਆ ਜਾ ਰਿਹਾ ਹੈ। ਕੌਮ ਦੇ ਕਈ ਮਸਲੇ ਹਨ, ਬੇਅਦਬੀਆਂ ਦੇ ਦੋਸ਼ੀਆਂ ਨੂੰ
ਸਜ਼ਾ ਨਾ ਮਿਲੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੀ ਗੁੰਮਸ਼ੁਦਗੀ,
ਪੰਜਾਬ ਦੇ ਪਾਣੀਆਂ ਦੇ ਮਸਲੇ, ਪਾਕਿਸਤਾਨ ਨਾਲ ਸਰਹੱਦ ਖੋਲ੍ਹ ਕੇ ਵਪਾਰ ਕਰਨਾ,
ਕਿਸਾਨਾਂ, ਮਜ਼ਦੂਰਾਂ ਦੀ ਹਾਲਤ ਵਿਚ ਸੁਧਾਰ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ
ਰੰਗਰੇਟੇ ਸਿੱਖਾਂ ਨੂੰ ਗ਼ਰੀਬੀ ਵਿਚੋਂ ਬਾਹਰ ਕੱਢਣਾ ਵੀ ਜ਼ਰੂਰੀ ਹੈ। ਮੈਂ ਇਨ੍ਹਾਂ
ਸਾਰੇ ਅਤੇ ਹੋਰ ਮਸਲਿਆਂ ਲਈ ਕੰਮ ਕਰਾਂਗਾ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ ਫੋਨ : 92168-60000
ਈ-ਮੇਲ : hslall@ymail.com
|