ਮੌਸਮ
ਬਹੁਤ ਕਰੀਬ ਹੈ ਸਾਹਿਲ ਚੁਨਾਵ ਕਾ। ਯੂੰ ਹੀ ਨਹੀਂ ਹੈ ਹਮ ਪੇ ਇਨਾਇਤ ਕਾ
ਸਿਲਸਿਲਾ।
'ਸਾਹਿਲ ਕਲਮਨੂਰੀ' ਦਾ ਸ਼ਿਅਰ ਕਾਫੀ ਢੁਕਵਾਂ
ਲਗਦਾ ਹੈ, ਕਿਉਂਕਿ ਦੇਸ਼ ਵਿਚ ਕਿਤੇ ਨਾ ਕਿਤੇ ਚੋਣਾਂ ਦਾ ਮੌਸਮ ਨਜ਼ਦੀਕ ਹੀ ਰਹਿੰਦਾ
ਹੈ। ਹੁਣੇ ਜਿਹੇ ਪੰਜਾਬ ਤੇ ਹੋਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਹੋ ਕੇ ਹਟੀਆਂ
ਹਨ। ਫਿਰ ਉਪ ਚੋਣਾਂ ਤੇ ਹੁਣ ਹਿਮਾਚਲ ਤੇ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਵੀ ਸਿਰ
'ਤੇ ਹਨ। ਉਂਜ ਤਾਂ ਜੰਮੂ ਤੇ ਕਸ਼ਮੀਰ ਦੀਆਂ ਚੋਣਾਂ ਵੀ 2022 ਵਿਚ ਹੀ ਹੋਣੀਆਂ ਬਾਕੀ
ਹਨ। ਫਿਰ 2023 ਵਿਚ ਰਾਜਸਥਾਨ, ਮੱਧ ਪ੍ਰਦੇਸ਼, ਕਰਨਾਟਕਾ ਤੇ ਤੇਲੰਗਾਨਾ ਸਮੇਤ 9
ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਬੇਸ਼ੱਕ ਅਜੇ ਲੋਕ ਸਭਾ
ਚੋਣਾਂ ਵਿਚ ਕਰੀਬ ਪੌਣੇ 2 ਸਾਲ ਦਾ ਸਮਾਂ ਬਾਕੀ ਹੈ ਪਰ ਇਸ ਦੀਆਂ ਤਿਆਰੀਆਂ ਦੀ
'ਆਹਟ' ਤਾਂ ਸੁਣਾਈ ਦੇਣ ਵੀ ਲੱਗ ਪਈ ਹੈ।
ਇਕ ਪਾਸੇ ਬਿਹਾਰ ਦੇ ਮੁੱਖ ਮੰਤਰੀ
ਨਿਤਿਸ਼ ਕੁਮਾਰ ਦਾ ਪਾਸਾ ਪਲਟਣਾ ਤੇ ਭਾਜਪਾ ਨੂੰ ਛੱਡ ਕੇ ਵਿਰੋਧੀ ਧਿਰ ਨਾਲ ਸਰਕਾਰ
ਬਣਾਉਣਾ ਸਪੱਸ਼ਟ ਸੰਕੇਤ ਦੇ ਰਿਹਾ ਹੈ ਕਿ ਉਨ੍ਹਾਂ ਦੀਆਂ ਨਜ਼ਰਾਂ 2024 ਦੀਆਂ ਆਮ
ਚੋਣਾਂ 'ਤੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ
ਰਾਸ਼ਟਰੀ ਮਿਸ਼ਨ 'ਮੇਕ ਇੰਡੀਆ ਨੰਬਰ-1' ਦੀ ਸ਼ੁਰੂਆਤ ਵੀ 2024 ਦੀਆਂ ਲੋਕ ਸਭਾ
ਚੋਣਾਂ ਦੀ ਤਿਆਰੀ ਦੀ ਸ਼ੁਰੂਆਤ ਦਾ ਅਹਿਸਾਸ ਕਰਵਾ ਰਹੀ ਹੈ। ਹਾਲਾਂ ਕਿ ਹੁਣ ਕਾਂਗਰਸ
ਵੀ ਕਿਤੇ-ਕਿਤੇ ਮਹਿੰਗਾਈ ਤੇ ਹੋਰ ਮੁੱਦਿਆਂ 'ਤੇ ਬੋਲਦੀ ਨਜ਼ਰ ਆ ਰਹੀ ਹੈ ਪਰ ਅਜੇ
ਵੀ ਉਸ ਦੀ ਕਾਰਗੁਜ਼ਾਰੀ ਵਿਚ ਨਿਰੰਤਰਤਾ ਦੀ ਘਾਟ ਹੈ। ਜਦੋਂ ਕਿ ਪ੍ਰਧਾਨ ਮੰਤਰੀ
ਨਰਿੰਦਰ ਮੋਦੀ ਨੂੰ ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਪਛਾੜਨ ਵਾਲੀ ਮਮਤਾ ਬੈਨਰਜੀ
ਦੀਆਂ ਕੌਮੀ ਨੇਤਾ ਤੇ ਸਮੁੱਚੀ ਵਿਰੋਧੀ ਧਿਰ ਦੀ ਆਗੂ ਬਣਨ ਦੀਆਂ ਕੋਸ਼ਿਸ਼ਾਂ ਕੁਝ
ਮੱਠੀਆਂ ਪਈਆਂ ਦਿਖਾਈ ਦੇ ਰਹੀਆਂ ਹਨ ਪਰ ਸ਼ਿਵ ਸੈਨਾ ਤੇ ਨੈਸ਼ਨਲ ਕਾਂਗਰਸ ਪਾਰਟੀ
(ਸ਼ਰਦ ਪਵਾਰ) ਵਿਰੋਧੀ ਧਿਰ ਨੂੰ ਇਕੱਠਾ ਕਰਨ ਲਈ ਹੱਥ ਪੈਰ ਤਾਂ ਮਾਰ ਰਹੇ ਹਨ।
ਭਾਵੇਂ ਸਫਲਤਾ ਕਿਤੇ ਨਜ਼ਰ ਨਹੀਂ ਆ ਰਹੀ, ਜਦੋਂ ਕਿ ਭਾਜਪਾ ਵਲੋਂ ਮਹਾਰਾਸ਼ਟਰ ਵਿਚ
ਸ਼ਿਵ ਸੈਨਾ ਨੂੰ ਤੋੜ ਕੇ ਸਰਕਾਰ ਬਣਾਉਣੀ ਅਤੇ ਭਾਜਪਾ ਦੇ ਸਰਬਉੱਚ ਤਾਕਤੀ ਸੰਸਦੀ
ਬੋਰਡ ਵਿਚ ਨਵੀਆਂ ਨਿਯੁਕਤੀਆਂ ਵੀ 2023 ਅਤੇ 2024 ਦੀਆਂ ਚੋਣਾਂ ਦੀ ਤਿਆਰੀਆਂ ਦੇ
ਹੀ ਪਹਿਲੇ ਕਦਮ ਹਨ।
ਮੋਦੀ ਦੀ ਟੱਕਰ ਵਿਚ ਕੇਜਰੀਵਾਲ?
'ਆਪ' ਮੁਖੀ ਅਰਵਿੰਦ ਕੇਜਰੀਵਾਲ ਨੇ 'ਮੇਕ ਇੰਡੀਆ ਨੰਬਰ-1' ਮਿਸ਼ਨ ਸ਼ੁਰੂ ਕਰਕੇ ਇਕ
ਤਰ੍ਹਾਂ ਨਾਲ ਆਪਣੇ ਤੌਰ 'ਤੇ ਇਹ ਐਲਾਨ ਕਰ ਦਿੱਤਾ ਹੈ ਕਿ 2024 ਦੀਆਂ ਆਮ ਚੋਣਾਂ
ਵਿਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿੱਧੇ ਮੁਕਾਬਲੇ ਵਿਚ ਉਤਰਨਗੇ। ਇਸ ਦਾ
ਸਿੱਧਾ ਤੇ ਸਾਫ਼ ਪ੍ਰਭਾਵ ਇਹ ਹੈ ਕਿ ਉਹ 'ਏਕਲਾ ਚਲੋ ਰੇ' ਦੀ ਰਣਨੀਤੀ 'ਤੇ ਚੱਲਣਗੇ।
ਉਹ ਕਿਸੇ ਵਿਰੋਧੀ ਗੱਠਜੋੜ ਵਿਚ ਸ਼ਾਮਿਲ ਹੋਣ ਜਾਂ ਉਸ ਦੀ ਅਗਵਾਈ ਕਰਨ ਵਿਚ ਵਿਸ਼ਵਾਸ
ਨਹੀਂ ਰੱਖਦੇ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਮੋਦੀ ਨੂੰ ਟੱਕਰ ਦੇਣ ਲਈ ਕੋਈ
ਮੋਦੀ ਵਰਗਾ ਹੀ ਜਾਂ ਉਸ ਤੋਂ ਵੀ ਵੱਧ 'ਹੁਸ਼ਿਆਰ' ਨੇਤਾ ਹੀ ਚਾਹੀਦਾ ਹੈ। ਕੇਜਰੀਵਾਲ
ਕਾਫੀ ਹੱਦ ਤੱਕ ਮੋਦੀ ਵਰਗੀ ਹੀ ਰਣਨੀਤੀ 'ਤੇ ਚੱਲਣ ਵਾਲੇ ਨੇਤਾ ਹਨ ਤੇ ਉਨ੍ਹਾਂ
ਵਾਂਗ ਹੀ ਲੋਕਾਂ ਨੂੰ 'ਭਰਮਾਉਣ' ਦੀ ਸਮਰੱਥਾ ਵੀ ਰੱਖਦੇ ਹਨ।
ਪਰ ਉਨ੍ਹਾਂ
ਦੀ 'ਏਕਲਾ ਚਲੋ' ਦੀ ਰਣਨੀਤੀ ਭਾਜਪਾ ਵਿਰੋਧੀ ਤਾਕਤਾਂ ਦੀ ਏਕਤਾ ਦੀ ਸੰਭਾਵਨਾ
ਘਟਾਏਗੀ, ਜੋ ਸਿੱਧੇ ਰੂਪ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਲਈ ਫਾਇਦੇਮੰਦ
ਹੁੰਦੀ ਜਾਪਦੀ ਹੈ। ਇਸ ਸਥਿਤੀ ਵਿਚ ਜੇਕਰ ਕੋਈ ਕ੍ਰਿਸ਼ਮਾ ਜਾਂ ਕੋਈ ਵੱਡੀ ਘਟਨਾ
ਨਹੀਂ ਹੁੰਦੀ ਤਾਂ 2024 ਦੀਆਂ ਚੋਣਾਂ ਵਿਚ ਭਾਜਪਾ ਨੂੰ ਹਰਾਉਣਾ ਸੌਖਾ ਨਹੀਂ
ਹੋਵੇਗਾ।
ਕੇਜਰੀਵਾਲ ਤੇ 'ਆਪ' ਨੂੰ ਆਰ.ਐਸ.ਐਸ. ਦੀ ਬੀ ਟੀਮ
ਦੱਸਣ ਵਾਲੇ ਲੋਕ ਤਾਂ ਇਹ ਵੀ ਕਹਿ ਰਹੇ ਹਨ ਕਿ ਕੇਜਰੀਵਾਲ ਦਾ ਮੁੱਖ ਨਿਸ਼ਾਨਾ ਦੇਸ਼
ਦੀ ਸੱਤਾ ਹਾਸਲ ਕਰਨਾ ਨਹੀਂ, ਸਗੋਂ ਆਮ ਆਦਮੀ ਪਾਰਟੀ ਨੂੰ ਕਾਂਗਰਸ ਦਾ ਬਦਲ ਬਣਾਉਣਾ
ਹੈ ਤੇ ਭਾਜਪਾ ਦੇ ਕਾਂਗਰਸ ਮੁਕਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ। ਇਸ
ਤਰ੍ਹਾਂ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਹਿੰਦੂ ਰਾਸ਼ਟਰ ਦੇ ਸੁਪਨੇ ਦੇ ਰਾਹ ਦੀਆਂ
ਅੜਚਣਾਂ ਦੂਰ ਹੋ ਸਕਦੀਆਂ ਹਨ ਪਰ ਆਮ ਆਦਮੀ ਪਾਰਟੀ ਦੇ ਨੇਤਾ ਇਨ੍ਹਾਂ ਦੋਸ਼ਾਂ ਤੇ
ਸੋਚਾਂ ਨੂੰ ਨਹੀਂ ਮੰਨਦੇ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਪੌਣੇ ਦੋ ਸਾਲਾਂ ਦੇ
ਸਮੇਂ ਵਿਚ ਪੂਰੇ ਦੇਸ਼ ਵਿਚ ਪੰਜਾਬ ਤੇ ਦਿੱਲੀ ਵਰਗੀ ਹਵਾ ਚਲਾ ਕੇ ਯਕਤਰਫ਼ਾ ਜਿੱਤ
ਵੱਲ ਵਧ ਸਕਦੀ ਹੈ। ਵਿਰੋਧੀ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਤੇ
ਹੁਣ ਉਹ ਭਾਜਪਾ ਦੀ ਕਾਰਗੁਜ਼ਾਰੀ ਤੋਂ ਵੀ ਨਿਰਾਸ਼ ਹਨ। ਇਸ ਲਈ ਪੰਜਾਬ ਵਾਂਗ ਪੂਰੇ
ਦੇਸ਼ ਵਿਚ ਵੀ ਬਦਲਾਅ ਦੀ ਹਵਾ ਚੱਲ ਸਕਦੀ ਹੈ ਤੇ 'ਆਪ' ਜਿੱਤ ਸਕਦੀ ਹੈ।
ਉਂਜ ਨਰਿੰਦਰ ਮੋਦੀ ਤੇ ਕੇਜਰੀਵਾਲ ਲਗਭਗ ਇਕੋ ਜਿਹੇ ਤਰੀਕੇ ਨਾਲ ਹੀ ਰਾਜਨੀਤੀ ਕਰਦੇ
ਹਨ। ਦੋਵੇਂ ਹੀ ਆਪੋ-ਆਪਣੀ ਪਾਰਟੀ ਵਿਚ ਸੁਪਰੀਮ ਹਨ, ਦੋਵੇਂ ਹੀ
ਕੇਂਦਰੀਕਰਨ ਦੇ ਸਮਰਥਕ ਨਜ਼ਰ ਆਉਂਦੇ ਹਨ। ਦੋਵਾਂ ਲਈ ਫੈਡਰਲਿਜ਼ਮ ਦੀ ਕੋਈ
ਖ਼ਾਸ ਮਹੱਤਤਾ ਨਹੀਂ ਤੇ ਦੋਵੇਂ ਹੀ ਰਾਸ਼ਟਰਵਾਦ ਦੇ ਹਾਮੀ ਦਿਖਾਈ ਦਿੰਦੇ ਹਨ।
ਬੇਸ਼ੱਕ ਭਾਜਪਾ ਬਹੁਗਿਣਤੀਵਾਦ ਦੇ ਉਭਾਰ ਦੇ ਸਿਰ 'ਤੇ ਜਿੱਤਣ ਵਾਲੀ ਪਾਰਟੀ ਹੈ
ਅਤੇ 'ਆਪ' ਤੇ ਕੇਜਰੀਵਾਲ ਘੱਟ-ਗਿਣਤੀਆਂ ਦੇ ਵਿਰੋਧੀ ਤਾਂ ਨਹੀਂ ਜਾਪਦੇ ਪਰ ਉਹ
ਘੱਟ-ਗਿਣਤੀਆਂ ਦੇ ਹੱਕ ਵਿਚ ਬੋਲਣ ਨਾਲੋਂ ਚੁੱਪ ਰਹਿਣ ਨੂੰ ਮਹੱਤਵ ਦਿੰਦੇ ਹਨ। ਉਹ
ਬਹੁਗਿਣਤੀਵਾਦ ਦੇ ਮਹੱਤਵ ਨੂੰ ਸਮਝਦੇ ਹਨ ਤੇ ਉਸ ਨੂੰ ਨਾਲ ਰੱਖਣ ਦੀਆਂ ਕੋਸ਼ਿਸ਼ਾਂ
ਵੀ ਕਰਦੇ ਹਨ। ਹੁਣੇ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ 'ਹਰ ਘਰ ਤਿਰੰਗਾ' ਮੁਹਿੰਮ
ਚਲਾਈ ਤਾਂ ਕੇਜਰੀਵਾਲ ਨੇ ਵੀ 'ਹਰ ਹੱਥ ਤਿਰੰਗਾ' ਮੁਹਿੰਮ ਦਾ ਐਲਾਨ ਕਰਕੇ ਆਪਣੇ-ਆਪ
ਨੂੰ ਤੇ ਆਪਣੀ ਪਾਰਟੀ ਨੂੰ ਮੋਦੀ ਤੇ ਭਾਜਪਾ ਨਾਲੋਂ ਵੀ ਵੱਡਾ ਦੇਸ਼ ਭਗਤ ਤੇ
ਰਾਸ਼ਟਰਵਾਦੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਕੇਜਰੀਵਾਲ ਕਾਂਗਰਸ ਦੇ
ਸਾਫਟ ਹਿੰਦੂਤਵ 'ਤੇ ਚੱਲਣ ਦੀ ਕੋਸ਼ਿਸ਼ ਨੂੰ ਨਾਕਾਮ ਕਰਕੇ ਅੱਗੇ ਵਧਦੇ
ਨਜ਼ਰ ਆਉਂਦੇ ਹਨ।
ਫਿਰ ਕੇਜਰੀਵਾਲ ਦੇ ਮੁਫ਼ਤ ਵਿੱਦਿਆ ਤੇ ਸਿਹਤ ਸਹੂਲਤਾਂ,
ਹਰ ਨੌਜਵਾਨ ਨੂੰ ਰੁਜ਼ਗਾਰ, ਹਰ ਔਰਤ ਦਾ ਸਨਮਾਨ ਤੇ ਸੁਰੱਖਿਆ, ਕਿਸਾਨਾਂ ਦੀਆਂ
ਫ਼ਸਲਾਂ ਦੀ ਪੂਰੀ ਕੀਮਤ ਦੀ ਗਾਰੰਟੀ ਦੇ ਵਾਅਦਿਆਂ ਦੇ ਨਾਲ-ਨਾਲ ਭਾਰਤ ਦੇ 130 ਕਰੋੜ
ਲੋਕਾਂ ਨੂੰ 'ਆਪਣੀ' ਸਰਕਾਰ ਬਣਾਉਣ ਦਾ ਸੱਦਾ, ਲੋਕਾਂ ਨੂੰ ਪ੍ਰਭਾਵਿਤ ਤਾਂ ਕਰੇਗਾ
ਹੀ। ਭਾਵੇਂ ਹਕੀਕੀ ਤੌਰ 'ਤੇ ਉਹ ਪੰਜਾਬ ਵਿਚ ਕੀ ਕਰਕੇ ਦਿਖਾਉਂਦੇ ਹਨ, ਇਸ ਦਾ ਪਤਾ
ਤਾਂ ਵਕਤ ਆਉਣ 'ਤੇ ਲੱਗੇਗਾ।
ਵਕਤ ਤੋ ਵਕਤ ਹੈ ਰੁਕਤਾ ਨਹੀਂ ਇਕ ਪਲ ਕੇ
ਲੀਏ। ਹੋ ਵਹੀ ਬਾਤ ਜੋ ਕਾਇਮ ਭੀ ਰਹੇ ਕਲ ਕੇ ਲੀਏ॥
ਲਾਲਪੁਰਾ ਦੀ ਨਿਯੁਕਤੀ ਇਕਬਾਲ ਸਿੰਘ ਲਾਲਪੁਰਾ ਦੀ ਭਾਜਪਾ ਦੇ ਸਰਬਉੱਚ
ਸੰਸਦੀ ਮੰਡਲ ਦੇ ਮੈਂਬਰ ਵਜੋਂ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਕਿ ਉਨ੍ਹਾਂ ਦੀ
ਕਾਰਗੁਜ਼ਾਰੀ ਦੀ ਪਰਖ਼ ਭਾਰਤ ਦੇ ਇਤਿਹਾਸ ਵਿਚ ਤਿੱਖੀ ਨਜ਼ਰ ਨਾਲ ਕੀਤੀ ਜਾਵੇਗੀ।
ਭਾਜਪਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਪਾਰਟੀ ਦੇ ਏਨੇ ਤਾਕਤਵਰ ਫੋਰਮ ਦੇ
11 ਮੈਂਬਰਾਂ ਵਿਚ ਕਿਸੇ ਸਿੱਖ ਨੂੰ ਸ਼ਾਮਿਲ ਕੀਤਾ ਗਿਆ ਹੈ। ਬੇਸ਼ੱਕ ਪ੍ਰਧਾਨ ਮੰਤਰੀ
ਕਈ ਵਾਰ 'ਸਭ ਦਾ ਸਾਥ ਸਭ ਦਾ ਵਿਕਾਸ ਤੇ ਸਭ ਦਾ ਵਿਸ਼ਵਾਸ' ਦਾ ਨਾਅਰਾ ਦੇ ਚੁੱਕੇ ਹਨ
ਪਰ ਦੇਸ਼ ਵਿਚ ਜਿਸ ਤਰ੍ਹਾਂ ਦੀਆਂ ਸਥਿਤੀਆਂ ਬਣਦੀਆਂ ਦਿਖਾਈ ਦੇ ਰਹੀਆਂ ਹਨ, ਉਨ੍ਹਾਂ
ਤੋਂ ਜਾਪਦਾ ਹੈ ਕਿ ਭਾਜਪਾ ਹੌਲੀ-ਹੌਲੀ ਹਿੰਦੂ ਰਾਸ਼ਟਰਵਾਦ ਵੱਲ ਵਧਦੀ ਜਾ ਰਹੀ ਹੈ।
ਬੇਸ਼ੱਕ ਹਿੰਦੂ ਧਰਮ ਸੰਸਦ ਦਾ ਭਾਜਪਾ ਨਾਲ ਸਿੱਧਾ ਵਾਸਤਾ ਨਹੀਂ ਪਰ ਇਹ ਤਾਂ ਸਪੱਸ਼ਟ
ਹੈ ਕਿ ਇਹ ਧਰਮ ਸੰਸਦ ਵਾਲੇ ਭਾਜਪਾ ਸਮਰਥਕ ਹਨ ਤੇ ਉਨ੍ਹਾਂ ਦੀਆਂ ਹਿੰਦੂ ਰਾਸ਼ਟਰ
ਬਣਾਉਣ ਦੀਆਂ ਸਰਗਰਮੀਆਂ ਵੀ ਭਾਜਪਾ ਰਾਜ ਵਿਚ ਹੀ ਤੇਜ਼ ਹੋਈਆਂ ਹਨ।
ਪਿਛਲੇ
ਦਿਨੀਂ 30 ਪ੍ਰਮੁੱਖ ਹਿੰਦੂ ਸੰਤਾਂ ਅਤੇ ਵਿਦਵਾਨਾਂ ਨੇ ਹਿੰਦੂ ਰਾਸ਼ਟਰ ਦੇ ਸੰਵਿਧਾਨ
ਦਾ ਪਹਿਲਾ ਮਸੌਦਾ ਤਿਆਰ ਕਰਨ ਦਾ ਐਲਾਨ ਤਾਂ ਕਰ ਹੀ ਦਿੱਤਾ ਹੈ, ਜਿਸ ਵਿਚ ਭਾਰਤ ਵਿਚ
ਰਹਿਣ ਵਾਲੇ ਮੁਸਲਮਾਨਾਂ ਤੇ ਈਸਾਈਆਂ ਨੂੰ ਵੋਟ ਦਾ ਅਧਿਕਾਰ ਨਾ ਦੇਣ ਦੀ ਗੱਲ ਕਹੀ ਗਈ
ਹੈ। ਇਸ ਸੰਭਾਵਿਤ ਸੰਵਿਧਾਨ ਅਨੁਸਾਰ ਦੇਸ਼ ਦੀ ਰਾਜਧਾਨੀ ਦਿੱਲੀ ਦੀ ਥਾਂ ਵਾਰਾਨਸੀ
(ਕਾਸ਼ੀ) ਹੋਵੇਗੀ। ਇਸ ਕਥਿਤ ਸੰਵਿਧਾਨ ਦੇ ਮੁੱਖ ਸਫ਼ੇ 'ਤੇ ਦੇਵੀ ਦੇਵਤਿਆਂ ਅਤੇ
ਭਾਰਤ ਦੀਆਂ ਮਹਾਨ ਹਸਤੀਆਂ ਦੀਆਂ ਤਸਵੀਰਾਂ ਵਿਚ ਭਗਵਾਨ ਰਾਮ, ਭਗਵਾਨ ਕ੍ਰਿਸ਼ਨ,
ਮਹਾਤਮਾ ਬੁੱਧ ਤੇ ਹੋਰ ਕਈਆਂ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਵੀ
ਛਾਪੀ ਗਈ ਹੈ।
ਭਾਵੇਂ ਅਜੇ ਇਸ ਸੰਵਿਧਾਨ ਨੂੰ ਸੰਖੇਪ ਵਿਚ 32 ਸਫ਼ਿਆਂ ਦਾ
ਹੀ ਬਣਾਇਆ ਗਿਆ ਹੈ ਪਰ ਇਹ ਵਿਸਥਾਰ ਵਿਚ ਕੁੱਲ 750 ਸਫ਼ਿਆਂ ਦਾ ਬਣਨ ਦਾ ਅਨੁਮਾਨ
ਹੈ। ਇਸ ਤੋਂ ਸਾਫ਼ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਸੋਚ ਰੱਖਣ ਵਾਲੇ
ਸਿੱਖਾਂ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਰਹੇ ਹਨ। ਪਰ ਬਹੁਤ ਸਾਰੇ ਸਿੱਖ ਵਿਦਵਾਨ ਇਸ
ਸਥਿਤੀ ਨੂੰ ਭਾਰਤ ਵਿਚ ਸਿੱਖ, ਬੁੱਧ ਅਤੇ ਜੈਨ ਮੱਤ ਨੂੰ ਵਿਸ਼ਾਲ ਹਿੰਦੂ ਧਰਮ ਵਿਚ
ਸਮੋ ਲੈਣ ਵਰਗੀ ਕੋਸ਼ਿਸ਼ ਵਜੋਂ ਹੀ ਦੇਖ ਰਹੇ ਹਨ।
ਅਜਿਹੀ ਸਥਿਤੀ ਵਿਚ ਇਕ
ਸਿੱਖ ਇਕਬਾਲ ਸਿੰਘ ਲਾਲਪੁਰਾ ਦਾ ਹੁਕਮਰਾਨ ਭਾਜਪਾ ਦੀ ਸਭ ਤੋਂ ਤਾਕਤਵਰ ਕਮੇਟੀ
(ਬੋਰਡ) ਵਿਚ ਸ਼ਾਮਿਲ ਹੋਣਾ ਬਹੁਤ ਮਹੱਤਵਪੂਰਨ ਹੈ। ਇਹ ਉਸ ਤੋਂ ਵੀ ਵੱਡੀ ਗੱਲ ਹੈ
ਜਦੋਂ ਉਸ ਵੇਲੇ ਦੀ ਹੁਕਮਰਾਨ ਕਾਂਗਰਸ ਪਾਰਟੀ ਨੇ ਆਪਣੀ ਵਰਕਿੰਗ ਕਮੇਟੀ ਵਿਚ ਇਕ
ਸਿੱਖ ਪ੍ਰਤਾਪ ਸਿੰਘ ਕੈਰੋਂ ਨੂੰ ਸ਼ਾਮਿਲ ਕੀਤਾ ਸੀ।
ਉਂਜ ਸਿੱਖਾਂ ਦਾ
ਤਜਰਬਾ ਕੋਈ ਬਹੁਤਾ ਵਧੀਆ ਨਹੀਂ ਰਿਹਾ। ਜਦੋਂ-ਜਦੋਂ ਵੀ ਸਿੱਖ ਦੇਸ਼ ਦੇ ਵੱਡੇ
ਅਹੁਦਿਆਂ 'ਤੇ ਪੁੱਜੇ, ਸਿੱਖਾਂ ਨੂੰ ਤਾਂ ਉਨ੍ਹਾਂ 'ਤੇ ਮਾਣ ਜ਼ਰੂਰ ਮਹਿਸੂਸ ਹੋਇਆ।
ਪਰ ਉਹ 70 ਸਾਲਾਂ ਵਿਚ ਸਿੱਖ ਪੰਥ ਦੇ ਤੇ ਪੰਜਾਬ ਦੇ ਮਸਲੇ ਹੱਲ ਕਰਵਾਉਣ ਵਿਚ ਕੋਈ
ਖ਼ਾਸ ਸਹਾਈ ਸਾਬਤ ਨਹੀਂ ਹੋਏ। ਇਸ ਲਈ 'ਲਾਲਪੁਰਾ' ਦੀ ਇਹ ਨਿਯੁਕਤੀ ਉਨ੍ਹਾਂ ਲਈ
ਸਿਰਫ ਮਾਣ ਦੀ ਗੱਲ ਹੀ ਨਹੀਂ ਸਗੋਂ ਉਨ੍ਹਾਂ ਸਿਰ ਇਹ ਬਹੁਤ ਵੱਡੀ ਜ਼ਿੰਮੇਵਾਰੀ ਆ ਗਈ
ਹੈ ਕਿ ਉਹ ਸਿੱਖਾਂ ਅਤੇ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਕਿੰਨੀ ਕੁ ਸਮਰੱਥਾ, ਸਿਆਣਪ
ਤੇ ਹੌਸਲੇ ਦਾ ਪ੍ਰਗਟਾਵਾ ਕਰਦੇ ਹਨ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ
ਉਨ੍ਹਾਂ ਦੀ ਕਾਰਗੁਜ਼ਾਰੀ ਹੁਣ ਦੇਸ਼ ਦੇ ਇਤਿਹਾਸ ਵਿਚ ਵੀ ਤੇ ਖ਼ਾਸ ਕਰਕੇ ਪੰਜਾਬ
ਅਤੇ ਸਿੱਖਾਂ ਦੇ ਇਤਿਹਾਸ ਵਿਚ ਦਰਜ ਹੋਵੇਗੀ। ਉਂਜ 'ਸਰਗੋਸ਼ੀਆਂ' ਹਨ ਕਿ ਭਾਜਪਾ ਵਿਚ
ਉਨ੍ਹਾਂ ਦੇ ਤੇਜ਼ੀ ਨਾਲ ਉਭਾਰ ਵਿਚ ਉਨ੍ਹਾਂ ਦੇ ਬੇਟੇ ਦੀ ਭਾਜਪਾ ਨੇਤਾਵਾਂ ਨਾਲ
ਨੇੜਤਾ ਦਾ ਵੀ ਅਸਰ ਹੈ, ਪਰ ਸਾਡੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਭਾਜਪਾ ਵਿਚ
ਲਿਆਉਣ ਦਾ ਪਹਿਲਾ ਰੋਲ ਸਵਰਗੀ ਅਰੁਣ ਜੇਤਲੀ ਅਤੇ ਕਮਲ ਸ਼ਰਮਾ ਦਾ ਸੀ। ਅੱਜਕਲ੍ਹ
ਚਰਚਾ ਹੈ ਕਿ ਉਹ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਭਾਜਪਾ ਦੇ ਕੌਮੀ
ਪ੍ਰਧਾਨ ਜੇ.ਪੀ. ਨੱਢਾ ਦੇ ਵੀ ਕਾਫੀ ਨਜ਼ਦੀਕ ਹਨ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000
|