ਸ਼ਬਦ-ਗੁਰੂ
ਤੋਂ ਤੱਤੀ ਤਵੀ ਤੱਕ ਦਾ ਸਫ਼ਰ ਸ਼ਬਦ ਮਨੁੱਖ ਦਾ ਮੁੱਢ ਕਦੀਮੀ ਹਮਸਫ਼ਰ ਹੈ।
ਸ਼ਬਦ ਮਨੁੱਖ ਨੂੰ ਜੋੜਦਾ ਵੀ ਹੈ ਤੇ ਰੋਲ਼ਦਾ ਵੀ ਹੈ। ਅਕਸਰ ਬਿਨਾਂ ਸੋਚੇ ਵਿਚਾਰੇ
ਬੋਲੇ ਸ਼ਬਦਾਂ ਕਾਰਨ ਲੈਣੇ ਦੇ ਦੇਣੇ ਵੀ ਪੈ ਜਾਂਦੇ ਹਨ:
ਗੱਲ ਕਹੇ 'ਤੂੰ ਮੈਨੂੰ ਮੂਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢਦੀ ਆਂ'
ਸ਼ਬਦ ਮਨੁੱਖ ਦਾ ਹਮਸਫ਼ਰ ਕਦੋਂ ਤੇ ਕਿਵੇਂ ਬਣਿਆ, ਇਸਦੀ ਇਤਹਾਸਕ ਗਵਾਹੀ
ਪੱਥਰਾਂ ਤੇ ਉਕਰੇ ਹਰਫ਼ਾਂ ਅਤੇ ਚਿੜੀ ਜਨੌਰਾਂ ਦੇ ਰੇਖਾ ਚਿੱਤਰਾਂ ਤੋਂ ਮਿਲ਼ਦੀ ਹੈ।
ਸ਼ਬਦ ਮੂੰਹ ਜ਼ੁਬਾਨੀ, ਪੱਥਰਾਂ, ਭੋਜ ਪੱਤਰਾਂ ਅਤੇ ਕਾਗਜ਼ਾਂ ਤੋਂ ਹੁੰਦਾ ਹੋਇਆ ਹੁਣ
ਇੰਟਰਨੈੱਟ ਤੀਕ ਆਣ ਪਹੁੰਚਿਆ ਹੈ। ਸ਼ਬਦ, ਮਨੁੱਖੀ ਚੇਤਨਾ ਦਾ ਆਦਿ
ਜੁਗਾਦੀ ਭਾਈਵਾਲ਼ ਹੈ। ਇਸ ਕਰਕੇ ਸ਼ਬਦ ਦੀ ਅਹਿਮੀਅਤ ਦੇ ਜਾਣਕਾਰ ਇਸ ਨੂੰ ਆਪਣਾ
ਗੁਰੂ ਮੰਨਦੇ ਹਨ। ਇਸ ਗਿਆਨ ਗੁਰੂ ਸਦਕਾ ਹੀ ਸਾਡੇ ੩੫ ਮਹਾਂਪੁਰਖ ਅਮਰ ਹੋ ਗਏ ਹਨ।
ਸ਼ਬਦ ਉਸਤੋਂ ਪਿੱਠ ਮੋੜ ਲੈਣ ਵਾਲ਼ਿਆਂ ਵੱਲੋਂ ਪਿੱਠ ਨਹੀਂ ਮੋੜਦਾ, ਸਗੋਂ ਉਹਨਾਂ ਲਈ
ਸਦਾ ਰਾਹ ਦਸੇਰਾ ਬਣਿਆ ਰਹਿੰਦਾ ਹੈ। ਸ਼ਬਦ ਦੀਆਂ ਬਾਰੀਕੀਆਂ ਦਾ ਗਿਆਨ ਜਿਸ ਨੂੰ ਹੋ
ਜਾਂਦਾ ਹੈ ਉਹ ਉੱਤਮ ਪਦਵੀ ਹਾਸਲ ਕਰ ਲੈਂਦਾ ਹੈ। ਜਦੋਂ ਕਿਸੇ ਨੂੰ ਸ਼ਬਦ ਦੀ ਅੰਤਰੀਵ
ਭਾਵਨਾ ਦੀ ਸਮਝ ਪੈ ਜਾਂਦੀ ਹੈ ਤਾਂ ਉਹ ਉਸਦਾ ਮੁਰੀਦ ਬਣ ਜਾਂਦਾ ਹੈ।
ਸੰਸਾਰ ਰਚਨਾ ਦੇ ਵਿਕਾਸ ਦੇ ਲੰਮੇ ਸਫ਼ਰ ਦੌਰਾਨ ਇਹ ਸ਼ਬਦ ਕਿਵੇਂ ਮਨੁੱਖੀ ਚੇਤਨਾ ਦਾ
ਅਟੁੱਟ ਅੰਗ ਬਣੇ, ਇਹ ਖੋਜ ਦਾ ਵਿਸ਼ਾ ਹੈ। ਆਪਾਂ ਗੱਲ 'ਸ਼ਬਦ ਗੁਰੂ ਤੋਂ ਤੱਤੀ ਤਵੀ'
ਦੀ ਕਰਨੀ ਹੈ। ਸ਼ਬਦ ਤੇ ਆਪਣੀ ਇਜਾਰੇਦਾਰੀ ਦਾ ਦਾਅਵਾ ਸਭ ਤੋਂ ਪਹਿਲਾਂ
ਉਹਨਾਂ ਲੋਕਾਂ ਵੱਲੋਂ ਕੀਤਾ ਗਿਆ ਜਿਹਨਾਂ ਨੂੰ ਸਮਾਜ ਵਿੱਚ ਸਰਬ ਉੱਚ ਹੋਣ ਦਾ ਭਰਮ
ਹੋ ਗਿਆ ਸੀ। ਉਹਨਾਂ ਨੇ ਜੋੜਤੋੜ ਨਾਲ਼ ਸ਼ਬਦ ਦੁਆਲ਼ੇ 'ਵਿਆਕਰਨ' ਦੇ ਨਾਂ ਤੇ ਅਜਿਹੀ
ਕਿਲ੍ਹੇਬੰਦੀ ਕੀਤੀ ਕਿ ਇਹ ਕਿਸੇ ਦੇ ਸਮਝ ਹੀ ਨਾ ਆਵੇ । ਸ਼ਬਦ ਨੂੰ ਦੂਜਿਆਂ ਦੇ
ਕੰਨਾਂ ਤੱਕ ਪਹੁੰਚਣ ਤੋਂ ਰੋਕਣ ਲਈ ਉਹਨਾਂ ਨੇ ਆਪਣੇ ਤੋਂ ਨੀਵੇਂ ਮਿਥ ਲਏ ਗਏ ਲੋਕਾਂ
ਦੇ ਕੰਨਾਂ ਵਿੱਚ ਸਿੱਕਾ ਢਾਲ਼ਕੇ ਪਾਉਣ ਦਾ ਘਟੀਆ ਕਾਨੂੰਨ ਬਣਾ ਧਰਿਆ ਤਾਂ ਕਿ ਉਹਨਾਂ
ਦਾ ਲਿਖਿਆ ਨਾ ਕੋਈ ਪੜ੍ਹ ਤੇ ਨਾ ਸੁਣ ਸਕੇ। ਮੂੰਹ 'ਤੇ ਵੀ ਛਿਕਲੀਆਂ ਬੰਨ੍ਹ
ਦਿੱਤੀਆਂ ਸਨ ਕਿ ਉਹ ਕੁਝ ਬੋਲ ਵੀ ਨਾ ਸਕਣ। ਪਰ ਉਹ ਲੋਕ ਮੁਗਾਲਤੇ ਵਿਚ ਸਨ ਕਿਉਂਕਿ
ਸ਼ਬਦਾਂ ਨੂੰ ਹਮੇਸ਼ਾ ਕੈਦ ਵਿੱਚ ਨਹੀਂ ਰੱਖਿਆ ਜਾ ਸਕਦਾ। ਉਹ ਰੂਪ ਵਟਾ ਕੇ ਫਿਰ
ਪ੍ਰਗਟ ਹੋ ਜਾਂਦੇ ਹਨ। ਸਾਡੇ ਮਹਾਨ ਗੁਰੂਆਂ, ਭਗਤਾਂ, ਪੀਰਾਂ, ਫਕੀਰਾਂ ਨੇ ਆਪਣੇ
ਨਵੇਂ ਸ਼ਬਦ ਘੜ ਲਏ ਤੇ ਉਹਨਾਂ ਰਾਹੀਂ ਆਪਣੇ ਲੋਕਾਂ ਨੂੰ ਪਖੰਡੀ ਪੁਜਾਰੀਆਂ ਤੇ
ਜ਼ਾਲਮ ਹਾਕਮਾਂ ਖ਼ਿਲਾਫ਼ ਜਗਾਉਣਾ ਸ਼ੁਰੂ ਕਰ ਦਿੱਤਾ। ਇਸੇ ਕਰਕੇ ਅੱਜ ਅਸੀਂ ਉਹਨਾਂ
ਦੇ ਉਚਾਰੇ ਹੋਏ ਸ਼ਬਦਾਂ ਦਾ ਜਾਪ ਨਿੱਤਾਪ੍ਰਤੀ ਕਰਦੇ ਹਾਂ। ਸ਼ਬਦ ਗੁਰੂ ਦਾ
ਗਿਆਨ ਜਦੋਂ ਸਾਡੇ ਮਹਾਨ ੩੫ ਮਹਾਂਪੁਰਖਾਂ ਨੂੰ ਹੋਇਆ ਤਾਂ ਉਹਨਾਂ ਨੇ ਸੱਚ ਨੂੰ
ਆਧਾਰ ਬਣਾ ਕੇ ਨਸਲਵਾਦੀ ਪੁਜਾਰੀ ਵੱਲੋਂ ਕੈਦ ਕੀਤੀ ਨਕਲੀ ਤੇ ਔਖੀ ਸ਼ਬਦਾਵਲੀ ਦੀ
ਥਾਂ ਆਮ ਲੋਕਾਂ ਵੱਲੋਂ ਵਰਤੇ ਜਾਂਦੇ ਸੌਖੇ ਸ਼ਬਦਾਂ ਵਿਚ ਬਾਣੀ ਉਚਾਰਨੀ ਸ਼ੁਰੂ ਕਰ
ਦਿੱਤੀ। ਹੁਣ ਜਦੋਂ ਅਸੀਂ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ ਤਾਂ ਸਾਡਾ ਇਸ਼ਾਰਾ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਵੱਲ ਹੁੰਦਾ ਹੈ। ਗੁਰੂ ਸਾਹਿਬਾਨ ਨੇ ਜਿੱਥੇ ਆਪਣੇ ਸਮਾਜ
ਵਿਚ ਫੈਲੀਆਂ ਕੁਰੀਤੀਆਂ ਬਾਰੇ ਲੋਕਾਂ ਨੂੰ ਆਗਾਹ ਕੀਤਾ ਉੱਥੇ ਪੌਣ ਨੂੰ ਗੁਰੂ, ਪਾਣੀ
ਨੂੰ ਪਿਤਾ ਅਤੇ ਸਾਡੀ ਇਸ ਧਰਤੀ ਨੂੰ ਮਾਤਾ ਦਾ ਦਰਜਾ ਦੇਕੇ ਮਨੁੱਖ ਦੀਆਂ ਆਉਣ
ਵਾਲ਼ੀਆਂ ਪੀੜ੍ਹੀਆਂ ਨੂੰ ਇਹਨਾਂ ਦੀ ਸੰਭਾਲ਼ ਕਰਨ ਦਾ ਸੰਦੇਸ਼ ਵੀ ਦੇ ਦਿੱਤਾ।
ਸ਼ਬਦ ਜਦੋਂ ਰਾਗਬੱਧ ਹੋਕੇ ਬ੍ਰਹਿਮੰਡ ਵਿੱਚ ਗੂੰਜਦਾ ਹੈ ਤਾਂ ਮਨੁੱਖ ਦੀ ਚੇਤਨਾ ਨੂੰ
ਟੁੰਬ੍ਹਣ ਲਗਦਾ ਹੈ। ਇਸ ਨਾਲ਼ ਜਦੋਂ ਮਨੁੱਖ ਚੇਤੰਨ ਹੋ ਜਾਂਦਾ ਹੈ ਤਾਂ ਉਸਦੀ ਸੁਰਤ
ਵਿੱਚ ਗਿਆਨ ਦਾ ਭੰਡਾਰ ਭਰਨ ਲਗਦਾ ਹੈ ਤੇ ਬਹੁਤ ਕੁਝ ਨਵਾਂ ਜੁੜਦਾ ਜਾਂਦਾ ਹੈ।
ਗੁਰਬਾਣੀ ਪੜ੍ਹਕੇ ਹੀ ਅਸੀਂ ਜਾਣ ਸਕਦੇ ਹਾਂ ਕਿ ਸੱਚ ਦੇ ਸਿਧਾਂਤ ਨੂੰ ਨਪੇ ਤੁਲੇ
ਸ਼ਬਦਾਂ ਰਾਹੀਂ ਪ੍ਰਗਟ ਕਰਨਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਹੈ।
ਗੁਰੂ ਨਾਨਕ ਸਾਹਿਬ ਜੀ ਦੀ ਸੁਰਤ ਵਿੱਚ ਜਦੋਂ ਸ਼ਬਦਾਂ ਦਾ ਹੜ੍ਹ ਆਉਣ ਲਗਦਾ ਤਾਂ ਉਹ
ਆਪਣੇ ਬਚਪਨ ਦੇ ਸੰਗੀ ਸਾਥੀ ਭਾਈ ਮਰਦਾਨਾ ਜੀ ਨੂੰ ਕਹਿੰਦੇ, “ਮਰਦਾਨਿਆ ਰਬਾਬ ਛੇੜ,
ਬਾਣੀ ਆਈ ਹੈ।” ਸ਼ਬਦ ਜਦੋਂ ਬਾਣੀ ਬਣਕੇ ਝਰਨੇ ਵਾਂਗੂੰ ਬਾਹਰ ਵਹਿਣ ਲਗਦਾ ਹੈ ਤਾਂ
ਬੜਾ ਕੁਝ ਆਪਣੇ ਅੰਦਰ ਸਮੋਅ ਲੈਂਦਾ ਹੈ ਤੇ ਬੜਾ ਕੁਝ ਪਰਗਟ ਵੀ ਕਰ ਦੇਂਦਾ ਹੈ।
ਹੁਣ ਜਦੋਂ ਅਸੀਂ ਸ਼ਬਦ ਗੁਰੂ ਦੀ ਗੱਲ ਕਰਨ ਲਗਦੇ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ
ਦੇ ਉਚਾਰੇ ਸਭ ਤੋਂ ਪਹਿਲੇ ਅੱਖਰ ੴ ਤੇ ਹੀ ਉਲ਼ਝ ਜਾਂਦੇ ਹਾਂ ਤੇ ਇਸਦੇ ਸੰਦਰਭ ਅਤੇ
ਵਿਆਕਰਨ ਨੂੰ ਸਮਝਣ ਦੀ ਬਜਾਏ, ਨਸਲਾਂ, ਜਾਤਾਂ, ਗੋਤਾਂ ਤੇ ਮਜਹਬਾਂ ਦੇ ਦਾਇਰੇ ਵਿੱਚ
ਉਲ਼ਝ ਕੇ ਰਹਿ ਜਾਂਦੇ ਹਾਂ। ਇਨ੍ਹਾਂ ਉਲ਼ਝਣਾਂ ਕਾਰਨ ਅਸੀਂ ਸ਼ਬਦ ਗੁਰੂ ਦੇ ਨਾਲ਼
ਨਾਲ਼ ਆਪਣੇ ਅੰਦਰੋਂ ਵੀ ਟੁੱਟ ਗਏ ਹਾਂ। ਅੰਦਰੋਂ ਟੁਟਿਆ ਮਨੁੱਖ ਕਦੇ ਵੀ ਸਾਬਤ ਨਹੀਂ
ਰਹਿੰਦਾ। ਸ਼ਬਦ ਜਦੋਂ ਤੁਰਦਾ ਹੈ ਤਾਂ ਬਹੁਤ ਕੁਝ ਨਾਲ਼ ਲੈ ਕੇ ਤੁਰਦਾ ਹੈ। ਸ਼ਬਦ
ਗੁਰੂ ਬਣ ਕੇ ਜਦੋਂ ਸੰਗਤ, ਪੰਗਤ ਤੇ ਤੱਤੀ ਤਵੀ ਤੀਕ ਪੁੱਜਦਾ ਹੈ ਤਾਂ ਆਪਣੇ ਆਪ ਇੱਕ
ਨਵਾਂ ਇਤਿਹਾਸ ਸਾਹਮਣੇ ਆ ਜਾਂਦਾ ਹੈ। ਸ਼ਬਦ ਰਾਹੀਂ ਜਦੋਂ ਸੰਗਤ ਤੇ ਪੰਗਤ ਦਾ ਹੋਕਾ
ਦਿੱਤਾ ਗਿਆ ਤਾਂ ਉਹ ਸਮੇਂ ਦੇ ਪਖੰਡੀ ਪੁਜਾਰੀ ਅਤੇ ਜ਼ਾਲਮ ਹਕੂਮਤ ਵਿਰੁਧ ਵਿੱਢਿਆ
ਗਿਆ ਇੱਕ ਅਜਿਹਾ ਸੰਘਰਸ਼ ਸੀ ਜਿਸ ਨੂੰ ਸ਼ਬਦ ਦੀ ਸਾਰ ਜਾਨਣ ਵਾਲ਼ਾ ਕੋਈ ਬਿਬੇਕ
ਬੁੱਧ ਦਾ ਧਾਰਨੀ ਹੀ ਸਮਝ ਸਕਦਾ ਸੀ। ਉਸ ਵੇਲ਼ੇ ਸਮਾਜ ਅੰਦਰ ਜਾਤ-ਪਾਤ ਅਤੇ ਊਚ-ਨੀਚ
ਦਾ ਬੋਲ ਬਾਲਾ ਸੀ। ਗੁਰੂ ਸ਼ਬਦ ਦਾ ਮਕਸਦ ਸਭ ਨੂੰ ਇੱਕ ਥਾਂ ਇੱਕਠੇ ਕਰਕੇ 'ਸਭੇ
ਸਾਂਝੀਵਾਲ ਸਦਾਇਨ ਤੂ ਕਿਸੈ ਨ ਦਿਸੈ ਬਾਹਰਾ ਜੀਉ' ਆਧਾਰਿਤ ਸਮਾਜ ਦੀ
ਸਿਰਜਣਾ ਕਰਨੀ ਸੀ ਤਾਂ ਕਿ ਸਭ ਨੂੰ ਅਹਿਸਾਸ ਹੋ ਸਕੇ ਕਿ ਇਸ ਧਰਤੀ ਤੇ ਪੈਦਾ ਹੋਣ
ਵਾਲ਼ੇ ਸਾਰੇ ਮਨੁੱਖ ਕੁਦਰਤੀ ਨਿਜ਼ਾਮ ਦੇ ਹਿਸਾਬ ਨਾਲ਼ ਬਰਾਬਰ ਹਨ। ਗੁਰੂ ਸਾਹਿਬਾਨ
ਨੇ ਮਨੁੱਖੀ ਦੇਹ ਨੂੰ ਸਾਰੇ ਜੀਵਾਂ ਤੋਂ ਉਤਮ ਮੰਨਿਆ ਤੇ ਕਿਹਾ ਕਿ ਹਰ ਮਨੁੱਖ ਵਿੱਚ
ਇੱਕ ਅਕਾਲ ਪੁਰਖ ਦੀ ਹੀ ਜੋਤ ਜਗਦੀ ਹੈ । ਦੂਜੇ ਪਾਸੇ ਸਮੇਂ ਦੇ ਸ਼ਾਤਰ ਦਿਮਾਗ
ਮਨੁੱਖਾਂ ਨੇ ਅਕਾਲ ਪੁਰਖ ਨੂੰ ਵੀ ਆਪਣੀ ਇਜਾਰੇਦਾਰੀ ਐਲਾਨ ਕੇ ਆਮ ਲੋਕਾਂ ਦੀ ਲੁੱਟ
ਦਾ ਜ਼ਰੀਆ ਬਣਾਇਆ ਹੋਇਆ ਸੀ। ਇਸ ਲਈ ਗੁਰੂ ਸਾਹਿਬਾਨ ਨੂੰ ਇਹ ਹੋਕਾ ਦੇਣਾ ਪਿਆ ਸੀ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ
ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ (ਪੰਨਾ ੧੩੪੯) ਸ਼ਬਦ
ਗੁਰੂ ਰਾਹੀਂ ਆਏ ਇਸ ਇਨਕਲਾਬ ਦਾ ਏਨਾ ਅਸਰ ਹੋਇਆ ਕਿ ਕਰਮਕਾਂਡੀ ਧਰਮਾਂ ਦੇ
ਪੁਜਾਰੀਆਂ ਨੂੰ ਅਪਣੀ ਹੋਂਦ ਗੁਆਚਦੀ ਜਾਪੀ। ਉਨ੍ਹਾਂ ਨੇ ਹਾਕਮਾਂ ਨਾਲ਼ ਰਲ਼ਕੇ ਸ਼ਬਦ
ਗੁਰੂ ਦੇ ਮੁੱਦਈਆਂ ਖਿਲਾਫ਼ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦਾ
ਸਿੱਟਾ ਇਹ ਨਿਕਲ਼ਿਆ ਕਿ ਮਨੁੱਖੀ ਹਿਰਦਿਆਂ ਨੂੰ ਠਾਰਨ ਵਾਲ਼ੀ ਦੇਸ਼ ਭਰ ਦੇ
ਮਹਾਂਪੁਰਖਾਂ ਦੀ ਮਿੱਠੀ ਬਾਣੀ ਨੂੰ ਇਕੱਠਾ ਕਰਕੇ ਇਕ ਮਹਾਨ ਗ੍ਰੰਥ ਦਾ ਰੂਪ ਦੇਣ
ਵਾਲ਼ੇ ਗੁਰੂ ਅਰਜਨ ਪਾਤਸ਼ਾਹ ਨੂੰ ਤੱਤੀ ਤਵੀ ਤੇ ਬੈਠਣਾ ਪੈ ਗਿਆ । ਇਸ ਨਾਲ਼ ਇੱਕ
ਮਨੁੱਖੀ ਸਰੀਰ ਤਾਂ ਭਾਂਵੇਂ ਖ਼ਤਮ ਹੋ ਗਿਆ ਪਰ ਸ਼ਬਦ ਗੁਰੁ ਨੂੰ ਮਾਸਾ ਵੀ ਸੇਕ ਨਾ
ਲੱਗਾ। ਸਮੇਂ ਦੀ ਹਕੂਮਤ ਨੇ ਕੁਝ ਸਵਾਰਥੀ ਲੋਕਾਂ ਦੀ ਹਉਮੈ ਨੂੰ ਪੱਠੇ ਪਾਉਣ ਖ਼ਾਤਰ
ਗ਼ਲਤ ਜਾਣਕਾਰੀਆਂ ਦੇ ਆਧਾਰ ਤੇ ਇਕ ਮਹਾਨ ਸ਼ਖ਼ਸੀਅਤ ਨੂੰ ਤਸੀਹੇ ਦੇਕੇ ਹਮੇਸ਼ਾ ਲਈ
ਚੁੱਪ ਕਰਵਾ ਦਿੱਤਾ। ਭਾਰਤ ਦੇ ਇਤਿਹਾਸ ਵਿੱਚ ਪੰਜ ਸਦੀਆਂ ਤੋਂ ਸ਼ਬਦ ਰਾਹੀਂ
ਪ੍ਰਚਾਰੀ ਜਾ ਰਹੀ ਭਗਤੀ ਲਹਿਰ ਦੇ ਕਿਸੇ ਪੈਰੋਕਾਰ ਦੀ ਇਹ ਪਹਿਲੀ ਕੁਰਬਾਨੀ ਸੀ। ਇਸ
ਸਮੇਂ ਤੱਕ ਸ਼ਬਦ ਨੇ ਏਨਾ ਵਿਕਾਸ ਕਰ ਲਿਆ ਸੀ ਕਿ ਸਦੀਆਂ ਤੋਂ ਹਾਰ ਹੁੱਟ ਕੇ ਸਿਰ
ਸੁੱਟੀ ਬੈਠੇ ਲੋਕਾਂ ਨੂੰ ਆਪਣੇ ਜੀਉਂਦੇ ਹੋਣ ਦਾ ਅਹਿਸਾਸ ਹੋਣ ਲੱਗ ਗਿਆ ਤੇ ਓਹ
ਸੋਚਣ ਲੱਗ ਪਏ ਕਿ ਸ਼ਬਦ ਗੁਰੂ ਨੂੰ ਬਚਾਉਣ ਲਈ ਵਾਰ ਵਾਰ ਤੱਤੀ ਤਵੀ ਤੇ ਬੈਠਣ
ਨਾਲ਼ੋਂ ਤੇਗ ਉਠਾਕੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਦਾ ਸਮਾਂ ਆ ਗਿਆ ਹੈ।
ਸ਼ਬਦ ਗੁਰੂ ਦਾ ਓਟ ਆਸਰਾ ਲੈਕੇ ਸਾਡੇ ਰਹਿਬਰਾਂ ਨੇ ਜਿਸ ਤਰ੍ਹਾਂ ਸਾਡਾ 'ਮਾਰਗ
ਦਰਸ਼ਨ' ਤੱਤੀ ਤਵੀ ਤੱਕ ਕੀਤਾ, ਅੱਜ ਅਸੀਂ ਉਸ ਇਤਿਹਾਸ ਨੂੰ ਇਸ ਕਦਰ ਮਨੋਂ ਵਿਸਾਰ
ਚੁੱਕੇ ਹਾਂ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਸ਼ਬਦ ਨੂੰ ਗੁਰੂ ਮੰਨਣ ਵਾਲ਼ੀ ਕੋਈ
ਸ਼ਖ਼ਸੀਅਤ ਜਦੋਂ ਸ਼ਹਾਦਤ ਦੇਂਦੀ ਹੈ, ਓਦੋਂ ਸ਼ਬਦ ਦਾ ਤਾਂ ਭਾਂਵੇਂ ਕੁਝ ਨਹੀਂ
ਵਿਗੜਦਾ, ਪਰ ਸ਼ਬਦ ਤੋਂ ਸ਼ਹਾਦਤ ਤੱਕ ਜਾਣ ਲਈ ਪ੍ਰੇਰਨਾ ਦੇਣ ਵਾਲ਼ੀ ਇਕ ਸੋਚ ਦਾ
ਅੰਤ ਜ਼ਰੂਰ ਹੋ ਜਾਂਦਾ ਹੈ। ਅਜਿਹੀ ਪ੍ਰੇਰਨਾਦਾਇਕ ਸੋਚ ਨੂੰ ਜਦੋਂ ਮਾਰਨ ਦੀ ਨੌਬਤ ਆ
ਜਾਵੇ ਤਾਂ ਮੰਨ ਲੈਣਾ ਚਾਹੀਦਾ ਹੈ ਕਿ ਸਮਾਜ ਵਿਚ ਸਭ ਕੁਝ ਗਲਤ ਹੋ ਰਿਹਾ ਹੈ। ਅੱਜ
ਸਾਡੇ ਅੰਦਰੋਂ ਸ਼ਬਦ ਦੀ ਮੂਲ਼ ਭਾਵਨਾ ਨੂੰ ਸਮਝਣ ਅਤੇ ਸ਼ਬਦ ਗੁਰੂ ਦੀ ਵਿਚਾਰਧਾਰਾ
ਉਤੇ ਪਹਿਰਾ ਦੇਣ ਦੀ ਸੋਚ ਇਸ ਕਦਰ ਮਰ ਗਈ ਹੈ, ਕਿ ਅਸੀਂ ਆਪਣੇ ਹੀ ਇਤਿਹਾਸ ਨੂੰ
ਆਪਣੇ ਹੱਥੀਂ ਖਤਮ ਕਰਨ ਦੇ ਰਾਹ ਪੈ ਗਏ ਹਾਂ। ਖ਼ੂਬਸੂਰਤੀ ਅਤੇ ਵਿਕਾਸ ਦੇ ਨਾਂ ਹੇਠ
ਸਾਡੇ ਮਾਣਮੱਤੇ ਇਤਿਹਾਸ ਦਾ ਜਿੰਨਾ ਘਾਣ ਸਾਡੇ 'ਕਾਰ ਸੇਵਾ' ਵਾਲ਼ੇ ਬਾਬਿਆਂ ਨੇ
ਕੀਤਾ ਹੈ ਉਸਤੋਂ ਵਧੇਰੇ ਤਾਂ ਮੁਗ਼ਲ, ਅੰਗਰੇਜ਼ ਜਾਂ ਅੱਜ ਵਾਲ਼ੇ ਰਾਸ਼ਟਰਵਾਦੀ ਵੀ
ਨਹੀਂ ਕਰ ਸਕੇ । ਜੰਗਲਾਂ, ਬੇਲਿਆਂ, ਪਹਾੜਾਂ, ਟਿੱਬਿਆਂ ਵਿਚ ਘੋੜਿਆਂ
ਦੀਆਂ ਕਾਠੀਆਂ ਉਤੇ ਰਹਿਣ ਵਾਲ਼ੇ ਸ਼ਬਦ ਗੁਰੂ ਦੇ ਉਪਾਸ਼ਕ ਤਾਂ ਉਦੋਂ ਵੀ ਖ਼ਤਮ ਨਹੀ
ਸਨ ਹੋਏ ਜਦੋਂ ਅਠਾਰਵੀਂ ਸਦੀ ਵਿੱਚ ਉਹਨਾਂ ਦਾ ਪੱਤਾ ਪੱਤਾ ਵੈਰੀ ਬਣਿਆ ਹੋਇਆ ਸੀ।
ਪਰ ਹੁਣ ਜਦੋਂ ਅਸੀਂ ਆਪਣੇ ਆਲ਼ੇ ਦੁਆਲ਼ੇ ਝਾਤ ਪਾਉਂਦੇ ਹਾਂ ਤਾਂ ਬੜਾ ਦੁੱਖ ਲੱਗਦਾ
ਹੈ ਕਿ ਅਸੀਂ ਆਪਣੇ ਵਿਰਸੇ ਦਾ ਕਿਵੇਂ ਕਤਲ ਕਰੀ ਜਾ ਰਹੇ ਹਾਂ। ਅਸਲ ਵਿੱਚ ਸ਼ਬਦ
ਗੁਰੂ ਦੀ ਰਾਖੀ ਲਈ ਹੋਈਆਂ ਕੁਰਬਾਨੀਆਂ ਨੂੰ ਅਸਾਂ ਇਸ ਕਦਰ ਵੇਚ ਦਿੱਤਾ ਹੈ ਕਿ ਅਸੀਂ
ਆਪਣੇ ਦੋਸਤ ਦੁਸ਼ਮਣ ਦੀ ਪਛਾਣ ਕਰਨੀ ਵੀ ਭੁੱਲ ਗਏ ਹਾਂ। ਅਸੀਂ ਜਿਹਨਾਂ ਲੋਕਾਂ ਲਈ
ਰਾਹ ਦਸੇਰੇ ਬਣਨਾ ਸੀ, ਅੱਜ ਉਹਨਾਂ ਹੀ ਲੋਕਾਂ ਦੀ ਘੰਡੀ ਉਤੇ ਅੰਗੂਠਾ ਧਰੀ ਖੜੇ
ਹਾਂ। ਅਸੀਂ ਸ਼ਬਦ ਦੀ ਤਾਕਤ ਭੁੱਲ ਗਏ ਹਾਂ। ਅਸਾਂ ਸ਼ਬਦ ਗੁਰੂ ਵੱਲ ਪਿੱਠ ਕਰ ਲਈ
ਹੈ, ਇਸ ਕਰਕੇ ਜ਼ਮੀਰ ਪੱਖੋਂ ਭਾਂਵੇਂ ਅਸੀਂ ਮਰ ਚੁੱਕੇ ਹਾਂ ਪਰ ਭਰਮ ਅਸਾਂ ਜਿਉਂਦੇ
ਹੋਣ ਦਾ ਹੀ ਪਾਲ਼ਿਆ ਹੋਇਆ ਹੈ। ਹੁਣ ਜਦੋਂ ਅਸੀਂ ਤੱਤੀ ਤਵੀ ਦੀ ਤਪਸ਼ ਨੂੰ ਵੀ ਭੁੱਲ
ਗਏ ਹਾਂ ਤਾਂ ਸ਼ਬਦ ਗੁਰੂ ਭੁੱਲਣਾ ਵੀ ਸਾਡੇ ਲਈ ਕੋਈ ਔਖਾ ਨਹੀਂ ਰਹਿ ਗਿਆ ਹੈ,
ਕਿਉਂਕਿ ਅਸੀਂ ਕੁੱਝ ਦੇਣ ਨਾਲ਼ੋਂ ਮੰਗਣਾ ਵਧੇਰੇ ਜਾਣਦੇ ਹਾਂ। ਸ਼ਬਦ ਗੁਰੂ ਨੇ
ਸਾਨੂੰ ਸਾਰਿਆਂ ਨੂੰ 'ਏਕ ਨੂਰ' ਦੀ ਉਪਜ ਆਖਿਆ ਹੈ, ਪਰ ਜਦੋਂ
ਵੀ ਅਸੀ ਕਿਤੇ ਵੀ ਇੱਕਠੇ ਹੁੰਦੇ ਹਾਂ ਤਾਂ ਅਸੀਂ ਧਰਮਾਂ, ਗੋਤਾਂ, ਜਾਤਾਂ ਤੇ ਨਸਲਾਂ
ਦੇ ਖੇਮਿਆਂ ਵਿੱਚ ਵੰਡੇ ਜਾਂਦੇ ਹਾਂ। ਇਹ ਵੰਡ ਉਹਨਾਂ ਤਾਕਤਾਂ ਦੀ ਨਾਪਾਕ ਸੋਚ ਨੂੰ
ਹੁਲਾਰਾ ਦੇਂਦੀ ਹੈ ਜਿਹੜੇ ਇਹ ਚਾਹੁੰਦੇ ਹਨ ਕਿ 'ਸ਼ਬਦ ਗੁਰੂ ਸੁਰਤਿ ਧੁਨਿ
ਚੇਲਾ' ਦੇ ਸਿਧਾਂਤ ਦਾ ਬੋਲ ਬਾਲਾ ਇਸ ਧਰਤੀ ਤੋਂ ਸਦਾ ਲਈ ਖ਼ਤਮ ਹੋ
ਜਾਵੇ। ਸਾਡੇ ਵਿੱਚੋਂ ਬਹੁਤੇ 'ਸ਼ਬਦ ਗੁਰੂ' ਨਾਲ਼ੋਂ ਮੌਕੇ ਦੇ ਹਾਕਮ ਨੂੰ
ਹੀ ਗੁਰੂ ਮੰਨਣ ਲੱਗ ਪਏ ਹਨ। ਇਸੇ ਕਰਕੇ ਅਸੀ ਦੁੱਖਾਂ ਕਲੇਸ਼ਾਂ ਦੀ ਦਲਦਲ ਵਿੱਚ
ਫਸਦੇ ਜਾ ਰਹੇ ਹਾਂ। ਹੁਣ ਜਦੋਂ ਅਸੀਂ ਇੱਕਵੀਂ ਸੱਦੀ ਵਿੱਚ ਪੁੱਜ ਗਏ ਹਾਂ ਤਾਂ ਸਾਡੇ
ਕੋਲ਼ ਸ਼ਬਦ ਨੂੰ ਸਮਝਣ ਦੇ ਸਾਧਨ ਵੀ ਬਹੁਤ ਹੋ ਗਏ ਹਨ। ਇਸ ਦੇ ਬਾਵਜੂਦ ਇਤਿਹਾਸ ਨੂੰ
ਵਾਚਣਾ ਤਾਂ ਕਿੱਧਰੇ ਰਿਹਾ ਅਸੀਂ ਇਤਿਹਾਸ ਸੰਭਾਲਣ ਦੇ ਲਾਇਕ ਵੀ ਨਹੀਂ ਰਹਿ ਗਏ।
ਸ਼ਬਦ ਗੁਰੂ ਦੇ 'ਹਉ ਢਾਢੀ ਕਾ ਨੀਚ ਜਾਤਿ ਹੋਰ ਉਤਮ ਜਾਤਿ ਸਦਾਇਦੇ॥'
(ਪੰਨਾ ੪੬੭) ਦਾ ਹੋਕਾ ਦੇਣ ਵਾਲ਼ੇ 'ਬਾਣੀ ਕੇ ਬੋਹਿਥੇ' ਨੂੰ ਪਹੁੰਚੇ ਤੱਤੀ ਤਵੀ ਦੇ
ਸੇਕ ਨੂੰ ਜਦੋਂ ਅਸੀਂ ਠੰਢੇ ਪਾਣੀ ਦੀਆਂ ਛਬੀਲਾਂ ਰਾਹੀਂ ਘਟਾਉਣ ਦਾ ਯਤਨ ਕਰਦੇ ਹਾਂ
ਤਾਂ ਅਸੀਂ ਸ਼ਬਦ ਗੁਰੂ ਦੀ ਕੁਰਬਾਨੀ ਨੂੰ ਪੁੱਠੇ ਪਾਸਿਓਂ ਪੜ੍ਹਦੇ ਤੇ ਸਮਝ ਰਹੇ
ਹੁੰਦੇ ਹਾਂ। ਸ਼ਬਦ ਗੁਰੂ ਨਾਲ਼ੋਂ ਟੁੱਟਿਆ ਮਨੁੱਖ ਹੁਣ ਵੱਖ–ਵੱਖ ਖੇਮਿਆਂ
ਅੰਦਰ ਵੰਡਿਆ ਗਿਆ ਹੈ। ਇਸੇ ਕਰਕੇ ਸਾਡੀ ਦੁੱਖਾਂ ਦੀ ਪੰਡ ਭਾਰੀ ਹੁੰਦੀ ਜਾ ਰਹੀ
ਹੈ। ਅਸੀਂ ਅੰਦਰੋਂ ਟੁੱਟ ਗਏ ਹਾਂ ਇਸ ਕਰਕੇ ਅਸੀਂ ਤੱਤੀ ਤਵੀ ਤੱਕ ਦੇ ਸਫਰ ਨੂੰ
ਭੁੱਲ ਗਏ ਹਾਂ । ਇਸੇ ਕਰਕੇ ਅਸੀਂ ਦੁੱਖਾਂ ਦੇ ਦਲਦਲ ਵਿੱਚ ਫਸ ਗਏ ਹਾਂ। ਪਤਾ ਨਹੀਂ
ਅਸੀਂ 'ਸ਼ਬਦ ਗੁਰੂ ਤੋਂ ਤੱਤੀ ਤਵੀ ਤੱਕ ਦਾ ਸਫ਼ਰ' ਕਦੋਂ ਪੜ੍ਹਨਾ ਸ਼ੁਰੂ ਕਰਾਂਗੇ?
ਕਦੋਂ ਇਸ ਦੀ ਰਾਖੀ ਕਰਾਂਗੇ? ਕਦੋਂ ਇਸ ਦੀ ਗੌਰਵ ਗਾਥਾ ਸਮਝਾਂਗੇ? ਸ਼ਬਦ
ਗੁਰੂ 'ਸਿਰ ਧਰ ਤਲੀ ਗਲੀ ਮੋਰੀ ਆਉ' (ਪੁਰਾਣੀ ਸੋਚ ਨੂੰ ਛੱਡ ਕੇ ਆਉਣ) ਦੀ ਮੰਗ
ਕਰਦਾ ਹੈ। ਸ਼ਬਦ 'ਤੇ ਪਹਿਰਾ ਦੇਣ ਵਾਲ਼ੇ ਸਦਾ ਹੀ ਸ਼ਹਾਦਤਾਂ ਦਾ ਜਾਮ ਪੀਂਦੇ ਰਹੇ
ਹਨ ਤੇ ਪੀ ਰਹੇ ਹਨ। ਪਰ ਹੰਕਾਰੀ ਲੋਕ ਇਨਸਾਨਾਂ ਨੂੰ ਤਾਂ ਭਾਂਵੇਂ ਜਾਨੋਂ ਮਾਰ ਦੇਣ
ਪਰ ਸ਼ਬਦ ਦੀ ਸੱਚਾਈ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਅੱਜ ਸ਼ਬਦਾਂ ਦੇ ਵਣਜਾਰਿਆਂ
ਮਗਰ ਸ਼ਿਕਾਰੀ ਕੁੱਤੇ ਦੌੜ ਰਹੇ ਹਨ। ਫਿਰ ਵੀ ਸ਼ਬਦ ਤਾਂ ਸਦਾ ਹੀ ਸੱਚ ਬੋਲਦੇ ਹਨ ਤੇ
ਹਮੇਸ਼ਾ ਬੋਲਦੇ ਰਹਿਣਗੇ? -ਬੁੱਧ
94643-70823
|