ਕਮਜ਼ੋਰ
ਸੀ ਨਹੀਫ਼ ਸੀ ਬੁਲਬੁਲ ਕੇ ਵਾਸਤੇ, ਘਮਸਾਨ ਕੀ ਲੜਾਈ ਹੈ ਚੀਲੋਂ ਕੇ ਦਰਮਿਆਂ॥
ਦਾਨਿਸ਼ ਅਜ਼ੀਜ਼ ਦੇ ਇਸ ਸ਼ਿਅਰ ਵਿਚ ਮੈਂ ਲੜਾਈ 'ਥੀ'
ਨੂੰ 'ਹੈ' ਵਿਚ ਇਸ ਲਈ ਲਿਖਣ ਦੀ ਗੁਸਤਾਖ਼ੀ ਕੀਤੀ ਹੈ ਕਿਉਂਕਿ ਪੰਜਾਬ ਦੀ ਰਾਜਨੀਤੀ
ਦੀਆਂ ਪਾਰਟੀਆਂ ਰੂਪੀ ਇੱਲ੍ਹਾਂ (ਚੀਲਾਂ) ਵਿਚ ਵੀ ਪੰਜਾਬ ਦੀ ਨਿਤਾਣੀ ਤੇ ਕਮਜ਼ੋਰ
ਜਨਤਾ ਦੀਆਂ ਵੋਟਾਂ ਲੈਣ ਲਈ ਘਮਸਾਨ ਮਚਿਆ ਹੋਇਆ ਹੈ। ਪੰਜਾਬ ਦੀ ਜਨਤਾ ਦੀ ਹਾਲਤ ਵੀ
ਇੱਲ੍ਹਾਂ ਵਿਚ ਘਿਰੀ ਮਾਸੂਮ ਬੁਲਬੁਲ ਤੋਂ ਵੱਖਰੀ ਨਹੀਂ ਹੈ। ਹਾਲਾਂਕਿ ਇਸ ਵੇਲੇ
ਲਿਖਣ ਲਈ ਬਹੁਤ ਵਿਸ਼ੇ ਹਨ ਪਰ ਸਭ ਤੋਂ ਵੱਧ ਚਰਚਾ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ
ਚੰਨੀ ਦੀ ਸਾਲੀ ਦੇ ਬੇਟੇ (ਭਣੇਵੇਂ) 'ਤੇ ਈ.ਡੀ. ਵਲੋਂ ਮਾਰੇ ਗਏ ਛਾਪੇ ਅਤੇ ਬਰਾਮਦ
ਹੋਏ ਕਰੋੜਾਂ ਰੁਪਈਆਂ ਦੀ ਹੈ।
ਇਸ ਛਾਪੇ ਵਿਚ ਫੜੇ ਗਏ ਕਰੋੜਾਂ ਰੁਪਈਆਂ ਨੇ
ਭਾਵੇਂ ਚੰਨੀ ਦੇ ਇਸ ਦਾਅਵੇ ਕਿ ਉਹ ਇਕ ਗ਼ਰੀਬ ਪਰਿਵਾਰ ਦਾ ਪੁੱਤਰ ਹੈ, ਨੂੰ ਕਾਫੀ
ਨੁਕਸਾਨ ਵੀ ਪਹੁੰਚਾਇਆ ਹੈ ਪਰ ਮੁੱਖ ਮੰਤਰੀ ਵਲੋਂ ਖੇਡਿਆ ਜਾ ਰਿਹਾ ਮਜ਼ਲੂਮ ਹੋਣ ਦਾ
ਕਾਰਡ ਚੰਨੀ ਦੀ ਦਲਿਤਾਂ ਵਿਚ ਆਮ ਤੌਰ 'ਤੇ ਰਵਿਦਾਸੀਆਂ ਵਿਚ ਖ਼ਾਸ ਤੌਰ 'ਤੇ ਪਕੜ
ਹੋਰ ਮਜ਼ਬੂਤ ਕਰ ਰਿਹਾ ਵੀ ਦਿਖਾਈ ਦਿੰਦਾ ਹੈ।
ਪਰ ਜੇਕਰ ਈ.ਡੀ.
ਵਲੋਂ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਤੇ ਸੰਦੀਪ ਕੌਂਸਲ ਨੂੰ ਨੇੜ ਭਵਿੱਖ
ਵਿਚ ਸੰਮਨ ਜਾਰੀ ਕਰਕੇ ਬੁਲਾਇਆ ਗਿਆ ਅਤੇ ਪੁਛਗਿੱਛ ਦੌਰਾਨ ਚੰਨੀ ਜਾਂ ਹੋਰ ਕਾਂਗਰਸੀ
ਲੀਡਰਾਂ ਦੇ ਖਿਲਾਫ਼ ਸਬੂਤ ਲੱਭ ਗਏ ਤਾਂ ਕਾਂਗਰਸੀ ਆਗੂਆਂ ਸਮੇਤ ਕਾਂਗਰਸ ਨੂੰ ਵੱਡਾ
ਨੁਕਸਾਨ ਵੀ ਹੋ ਸਕਦਾ ਹੈ।
ਇਸ ਦਰਮਿਆਨ ਜਿਸ ਤਰ੍ਹਾਂ ਕਾਂਗਰਸੀ ਮੰਤਰੀਆਂ,
ਜਿਨ੍ਹਾਂ ਵਿਚ ਬ੍ਰਹਮ ਮਹਿੰਦਰਾ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ
ਬਾਜਵਾ ਤੇ ਰਾਣਾ ਗੁਰਜੀਤ ਸਿੰਘ ਆਦਿ ਸ਼ਾਮਿਲ ਹਨ, ਨੇ ਖੁੱਲ੍ਹ ਕੇ ਚੰਨੀ ਦਾ ਸਾਥ
ਦਿੱਤਾ ਹੈ, ਉਸ ਨੇ ਵੀ ਚੰਨੀ ਦੀ ਪੁਜ਼ੀਸ਼ਨ ਕਾਂਗਰਸ ਵਿਚ ਕਮਜ਼ੋਰ ਹੋਣ ਤੋਂ ਬਚਾਈ
ਹੈ। ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਮਾਮਲੇ 'ਤੇ
ਖੁੱਲ੍ਹ ਕੇ ਨਹੀਂ ਬੋਲੇ, ਸ਼ਾਇਦ ਉਹ ਆਪਣਾ ਅਕਸ ਸਾਫ਼ ਰੱਖਣ ਦੀ ਕੋਸ਼ਿਸ਼ ਕਰ ਰਹੇ
ਹਨ।
ਇਸ ਦਰਮਿਆਨ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਨੂੰ ਘੇਰਨ ਦਾ ਯਤਨ
ਕੀਤਾ ਹੈ ਤੇ ਅਜਿਹਾ ਉਨ੍ਹਾਂ ਵਲੋਂ ਕੀਤਾ ਜਾਣਾ ਸੁਭਾਵਿਕ ਹੀ ਹੈ।
ਅਕਾਲੀ
ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਈ.ਡੀ. ਦੇ ਛਾਪੇ ਨਾਲ
ਸਾਡੀ ਗੱਲ ਠੀਕ ਸਾਬਤ ਹੋ ਗਈ ਕਿ ਚੰਨੀ ਹੀ ਸਭ ਤੋਂ ਵੱਡਾ ਰੇਤ ਮਾਫੀਆ ਹੈ।
'ਆਪ' ਦੇ ਮੁਖੀ ਕੇਜਰੀਵਾਲ ਨੇ ਕਿਹਾ ਕਿ ਚੰਨੀ 'ਆਮ ਆਦਮੀ' ਨਹੀਂ ਸਗੋਂ
'ਬੇਈਮਾਨ ਆਦਮੀ' ਹੈ, ਰਾਘਵ ਚੱਢਾ ਨੇ ਕਿਹਾ ਕਿ ਚੰਨੀ ਨੇ 111 ਦਿਨਾਂ ਦੇ ਰਾਜ ਵਿਚ
ਭ੍ਰਿਸ਼ਟਾਚਾਰ ਵਿਚ ਕੈਪਟਨ ਤੇ ਬਾਦਲਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪਣੇ ਪਰਿਵਾਰ ਦੇ ਗੁਨਾਹਾਂ ਲਈ ਮੈਨੂੰ ਦੋਸ਼
ਨਾ ਦਿਓ, ਈ.ਡੀ. ਮੈਨੂੰ ਰਿਪੋਰਟ ਨਹੀਂ ਕਰਦੀ।
ਭਾਜਪਾ ਨੇ ਵੀ
ਚੰਨੀ 'ਤੇ ਤਿੱਖੇ ਹਮਲੇ ਕੀਤੇ ਹਨ।
ਪਰ ਜਵਾਬ ਵਿਚ ਇਕ ਪਾਸੇ ਚੰਨੀ ਮਜ਼ਲੂਮ
ਤੇ ਬਦਲਾਖੋਰੀ ਦਾ ਸ਼ਿਕਾਰ ਹੋਣ ਦਾ ਰੋਲ ਨਿਭਾਅ ਰਹੇ ਹਨ ਤੇ ਕਹਿ ਰਹੇ ਹਨ ਕਿ
ਉਨ੍ਹਾਂ ਤੋਂ ਪ੍ਰਧਾਨ ਮੰਤਰੀ ਦੀ ਰੈਲੀ ਅਸਫਲ ਰਹਿਣ ਦਾ ਬਦਲਾ ਲਿਆ ਜਾ ਰਿਹਾ ਹੈ। ਇਹ
ਇਕ ਦਲਿਤ ਮੁੱਖ ਮੰਤਰੀ ਨੂੰ ਚੋਣ ਲੜਨ ਤੋਂ ਰੋਕਣ ਦੀ ਕੋਸ਼ਿਸ਼ ਹੈ ਅਤੇ 'ਭਾਜਪਾ' ਤੇ
'ਆਪ' ਵਿਚ ਸਮਝੌਤਾ ਹੈ। 'ਭਾਜਪਾ', 'ਆਪ' ਨੂੰ ਜਿਤਾਉਣਾ ਚਾਹੁੰਦੀ ਹੈ ਪਰ ਦੂਜੇ
ਪਾਸੇ ਚੰਨੀ ਦੇ ਸਮਰਥਕ ਮੰਤਰੀ 'ਭਾਜਪਾ' ਅਤੇ ਕੇਂਦਰ ਸਰਕਾਰ 'ਤੇ ਹਮਲਾਵਰ ਹਨ। ਉਹ
ਚੰਨੀ 'ਤੇ ਹਰਫ਼ ਆਉਣ 'ਤੇ ਜੇਲ੍ਹਾਂ ਭਰਨ ਦੀ ਗੱਲ ਵੀ ਕਰਦੇ ਹਨ ਤੇ ਲਲਕਾਰੇ ਵੀ ਮਾਰ
ਰਹੇ ਹਨ। ਉਹ ਇਹ ਵੀ ਕਹਿੰਦੇ ਹਨ ਕਿ ਜਦੋਂ ਕੇਜਰੀਵਾਲ ਦੇ ਰਿਸ਼ਤੇਦਾਰ ਦੇ ਘਰ
ਈ.ਡੀ. ਦਾ ਛਾਪਾ ਪਿਆ ਸੀ ਉਦੋਂ ਉਹੀ ਕਿਉਂ ਚੀਕ-ਚਿਹਾੜਾ ਪਾਉਂਦੇ ਸਨ?
ਇਸ ਤਰ੍ਹਾਂ ਚੰਨੀ ਆਪਣਾ ਦਲਿਤ ਵੋਟ ਬੈਂਕ ਹੋਰ ਪੱਕਾ ਕਰਨ ਦੀ ਕੋਸ਼ਿਸ਼ ਵਿਚ
ਕਾਮਯਾਬ ਹੁੰਦੇ ਹੀ ਨਜ਼ਰ ਨਹੀਂ ਆ ਰਹੇ, ਸਗੋਂ ਉਨ੍ਹਾਂ ਦੇ ਕਈ ਮੰਤਰੀ ਖੁੱਲ੍ਹ ਕੇ
ਇਹ ਵੀ ਕਹਿਣ ਲੱਗ ਪਏ ਹਨ ਕਿ ਚੰਨੀ ਨੂੰ ਕਾਂਗਰਸ ਵਲੋਂ ਮੁੱਖ ਮੰਤਰੀ ਦਾ ਚਿਹਰਾ
ਐਲਾਨਿਆ ਜਾਵੇ, ਹਾਲਾਂ ਕਿ ਕਾਂਗਰਸ ਇਹ ਫ਼ੈਸਲਾ ਕਰ ਚੁੱਕੀ ਹੈ ਕਿ ਉਹ ਇਹ ਚੋਣਾਂ
ਸਮੂਹਿਕ ਲੀਡਰਸ਼ਿਪ ਅਧੀਨ ਹੀ ਲੜੇਗੀ।
ਇਸ ਦਰਮਿਆਨ ਅਪੁਸ਼ਟ ਖ਼ਬਰਾਂ ਇਹ ਵੀ
ਹਨ ਕਿ 'ਆਪ' ਅਤੇ 'ਕਾਂਗਰਸ' ਦੇ ਕੁਝ ਪ੍ਰਮੁੱਖ ਨੇਤਾਵਾਂ ਦਰਮਿਆਨ ਚੋਣ ਨਤੀਜਿਆਂ
ਤੋਂ ਬਾਅਦ ਜੇ ਲਟਕਵੀਂ ਵਿਧਾਨ ਸਭਾ ਬਣਦੀ ਹੈ ਤਾਂ ਕਿਵੇਂ ਕਰਨਾ ਹੈ, ਬਾਰੇ ਵੀ
ਗੱਲਬਾਤ ਚੱਲ ਪਈ ਹੈ, ਹਾਲਾਂ ਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਬਾਰੇ
ਕਾਂਗਰਸ ਹਾਈਕਮਾਨ ਅਜੇ ਬਹੁਤੀ ਫ਼ਿਕਰਮੰਦ ਨਹੀਂ ਹੈ।
ਸੰਯੁਕਤ
ਮੋਰਚੇ ਦੀ ਨਵੀਂ ਰਣਨੀਤੀ? ਮੁਲਕ ਤੋ ਮੁਲਕ ਘਰੋਂ ਪਰ ਭੀ ਹੈ
ਕਬਜ਼ਾ ਉਸ ਕਾ, ਅਬ ਤੋ ਘਰ ਭੀ ਨਹੀ ਚਲਤੇ ਹੈਂ ਸਿਆਸਤ ਕੇ ਬਗੈਰ॥
'ਸੰਯੁਕਤ ਸਮਾਜ ਮੋਰਚਾ' ਆਪਣੀ ਸਿਆਸੀ ਰਣਨੀਤੀ ਬਣਾਉਣ ਵਿਚ ਰੁੱਝਾ ਹੋਇਆ ਹੈ। ਵੋਟਾਂ
ਵਿਚ 6 ਦਿਨ ਦਾ ਹੋਰ ਸਮਾਂ ਮਿਲਣਾ ਉਸ ਲਈ ਬਹੁਤ ਫਾਇਦੇ ਵਾਲੀ ਗੱਲ ਹੈ।
ਪਤਾ
ਲੱਗਾ ਹੈ ਕਿ ਐਸ.ਐਸ.ਐਮ. ਇਸ ਵੇਲੇ ਦੋ ਪੜਾਵੀ ਰਣਨੀਤੀ 'ਤੇ ਕੰਮ ਕਰ
ਰਿਹਾ ਹੈ। ਪਹਿਲੀ ਰਣਨੀਤੀ ਅਜਿਹਾ ਚੋਣ ਮੈਨੀਫੈਸਟੋ ਦੇਣ ਦੀ ਹੈ ਜਿਸ 'ਤੇ ਲੋਕ
ਵਿਸ਼ਵਾਸ ਕਰ ਸਕਣ। ਉਹ ਪੰਜਾਬ ਸਿਰ ਚੜ੍ਹੇ ਕਰੀਬ 3 ਲੱਖ ਕਰੋੜ ਰੁਪਏ ਦੇ ਕਰਜ਼ੇ ਨੂੰ
ਹਲਕਾ ਕਰਨ ਅਤੇ ਅਜਿਹੇ ਵਾਅਦੇ ਕਰਨ ਨੂੰ ਤਰਜੀਹ ਦੇਣਗੇ, ਜਿਨ੍ਹਾਂ ਨੂੰ ਕਿਵੇਂ ਤੇ
ਕਿੰਨੇ ਸਮੇਂ ਵਿਚ ਲਾਗੂ ਕਰਨਾ ਹੈ, ਬਾਰੇ ਵੀ ਲੋਕਾਂ ਨੂੰ ਯਕੀਨ ਦੁਆ ਸਕਣ ਤਾਂ ਕਿ
ਉਹ ਇਹ ਕਹਿ ਸਕਣ ਕਿ ਉਹ ਰਵਾਇਤੀ ਪਾਰਟੀਆਂ ਵਾਂਗ ਨਾ ਪੂਰੇ ਕੀਤੇ ਜਾ ਸਕਣ ਵਾਲੇ
ਵਾਅਦੇ ਨਹੀਂ ਕਰਦੇ।
ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਬਾਕੀ ਪਾਰਟੀਆਂ ਦੇ
ਚੋਣ ਮਨੋਰਥ ਪੱਤਰਾਂ ਨੂੰ 'ਝੂਠੇ ਮਨੋਰਥ ਪੱਤਰ' ਸਾਬਤ ਕਰ ਸਕਣ ਤੇ ਆਪਣੇ ਚੋਣ ਮਨੋਰਥ
ਪੱਤਰ ਨੂੰ 'ਇਕ ਪਵਿੱਤਰ ਦਸਤਾਵੇਜ਼' ਕਰਾਰ ਦੇ ਸਕਣ, ਹਾਲਾਂਕਿ ਉਹ ਪਹਿਲਾਂ ਚਲਦੀਆਂ
ਮੁਫ਼ਤ ਆਟਾ ਦਾਲ ਵਰਗੀਆਂ ਸਕੀਮਾਂ ਨੂੰ ਖ਼ਤਮ ਕਰਨ ਦੀ ਗੱਲ ਨਹੀਂ ਕਰਨਗੇ।
ਦੂਜੇ ਪਾਸੇ 'ਸੰਯੁਕਤ ਸਮਾਜ ਮੋਰਚਾ' (ਸੰ:ਸ:ਮੋ:) ਆਪਣੇ-ਆਪ ਨੂੰ ਬਾਕੀ ਸਭ ਪਾਰਟੀਆਂ
ਨਾਲੋਂ ਵੱਖਰਾ ਸਾਬਤ ਕਰਦਿਆਂ ਇਹ ਪ੍ਰਚਾਰ ਕਰਨ ਦੀ ਤਿਆਰੀ ਵਿਚ ਦੱਸਿਆ ਜਾਂਦਾ ਹੈ ਕਿ
ਪੰਜਾਬੀ ਪਹਿਲਾਂ 'ਕਾਂਗਰਸ', 'ਅਕਾਲੀ-ਭਾਜਪਾ' ਅਤੇ 'ਆਪ' ਨੂੰ ਵੀ ਅਜ਼ਮਾ ਚੁੱਕੇ ਹਨ
ਤੇ ਇਹ ਸਾਰੇ ਹੀ ਕਸਵੱਟੀ 'ਤੇ ਫੇਲ੍ਹ ਸਾਬਤ ਹੋਏ ਹਨ।
ਪਤਾ ਲੱਗਾ ਹੈ ਕਿ
ਉਨ੍ਹਾਂ ਦੇ ਪ੍ਰਚਾਰ ਦੀ ਧਾਰ ਹੀ ਇਹ ਹੋਵੇਗੀ ਕਿ ਤੁਸੀਂ ਸਭ ਨੂੰ ਅਜਮਾ ਕੇ ਵੇਖ ਲਿਆ
ਹੈ ਹੁਣ ਸਾਨੂੰ ਪੰਜਾਬ ਦੀ ਸੇਵਾ ਦਾ ਇਕ ਮੌਕਾ ਦੇ ਕੇ ਵੇਖੋ। ਅਸੀਂ ਪਹਿਲਾਂ
'ਮੋਰਚਾ' ਜਿੱਤ ਕੇ ਪੰਜਾਬ ਦੀਆਂ ਆਸਾਂ 'ਤੇ ਪੂਰੇ ਉਤਰੇ ਹਾਂ ਹੁਣ ਸਰਕਾਰ ਬਣਨ 'ਤੇ
ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਨੂੰ ਨਵੀਆਂ ਉਚਾਈਆਂ 'ਤੇ ਲਿਜਾ ਕੇ ਵਿਖਾਵਾਂਗੇ।
ਪਤਾ ਲੱਗਾ ਹੈ ਕਿ ਉਹ 'ਆਪ' ਨੂੰ ਅਜ਼ਮਾਇਆ ਹੋਇਆ ਕਹਿਣ ਲਈ ਇਹ ਕਹਿਣਗੇ ਕਿ
ਪਹਿਲਾਂ ਪੰਜਾਬੀਆਂ ਨੇ 'ਆਪ' ਦੇ 4 ਐਮ.ਪੀ. ਜਿਤਾਏ, ਪਰ ਇਕ ਵੀ ਪੰਜਾਬ
ਦੀ ਗੱਲ ਨਹੀਂ ਕਰ ਸਕਿਆ। ਫਿਰ 'ਆਪ' ਨੂੰ ਪੰਜਾਬ ਦੀ ਪ੍ਰਮੁੱਖ ਵਿਰੋਧੀ ਧਿਰ ਬਣਾਇਆ
ਗਿਆ। ਪਰ 5 ਸਾਲ ਇਹ ਆਪਸ ਵਿਚ ਹੀ ਲੜਦੇ ਰਹੇ ਤੇ ਇਨ੍ਹਾਂ ਦੇ ਅੱਧੇ ਵਿਧਾਇਕ ਪਾਰਟੀ
ਛੱਡ ਗਏ। ਜਿਹੜੇ ਵਿਰੋਧੀ ਧਿਰ ਦਾ ਰੋਲ ਹੀ ਨਹੀਂ ਨਿਭਾਅ ਸਕੇ, ਉਹ ਸਰਕਾਰ ਕੀ
ਚਲਾਉਣਗੇ? ਉਹ ਭਗਵੰਤ ਮਾਨ ਦੇ ਮੁੱਖ ਮੰਤਰੀ ਵਰਗੇ ਅਹੁਦੇ ਦੇ ਕਾਬਲ ਨਾ ਹੋਣ ਅਤੇ
ਅਰਵਿੰਦ ਕੇਜਰੀਵਾਲ ਦੇ ਸੁਪਰ ਮੁੱਖ ਮੰਤਰੀ ਬਣਨ ਦੀ ਗੱਲ ਵੀ ਪੂਰੇ ਜ਼ੋਰ ਨਾਲ
ਉਠਾਉਣਗੇ।
ਇਸ ਦੇ ਨਾਲ ਹੀ 'ਕਿਸਾਨ ਸਮਾਜ ਮੋਰਚੇ' ਵਲੋਂ 'ਅਕਾਲੀ ਦਲ' ਨੂੰ
ਵੀ ਨਿਸ਼ਾਨਾ ਬਣਾਇਆ ਜਾਏਗਾ ਕਿ ਇਹ ਹੁਣ ਇਕ ਪਰਿਵਾਰਕ ਪਾਰਟੀ ਬਣ ਕੇ ਰਹਿ ਗਈ ਹੈ ਤੇ
ਪੰਜਾਬ ਨੂੰ ਕਰਜ਼ਈ ਕਰਨ ਵਿਚ ਇਸ ਦਾ ਵੀ ਵੱਡਾ ਹੱਥ ਹੈ। ਪੰਜਾਬ ਦੀ ਵਫ਼ਾਦਾਰ ਪਾਰਟੀ
ਹੋਣ ਦਾ ਇਸ ਦਾ ਦਾਅਵਾ ਸਹੀ ਨਹੀਂ ਹੈ। ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ
'ਸੰਯੁਕਤ ਮੋਰਚਾ' ਆਪਣੀ ਪ੍ਰਚਾਰ ਮੁਹਿੰਮ ਕਿੰਨੇ ਜ਼ੋਰ ਨਾਲ ਚਲਾਉਂਦਾ ਹੈ ਤੇ
ਪੰਜਾਬੀਆਂ 'ਤੇ ਉਸ ਦਾ ਕੀ ਅਸਰ ਪੈਂਦਾ ਹੈ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਕਿ
'ਕਾਂਗਰਸ', 'ਅਕਾਲੀ ਦਲ', 'ਆਪ' ਅਤੇ 'ਭਾਜਪਾ' ਤੇ ਸਾਥੀ ਪਾਰਟੀਆਂ ਇਸ ਦਾ ਜਵਾਬ
ਕਿਸ ਤਰ੍ਹਾਂ ਦਿੰਦੀਆਂ ਹਨ?
ਕਾਲਕਾ ਦਾ ਪ੍ਰਧਾਨ ਬਣਨਾ ਲਗਭਗ
ਯਕੀਨੀ ਸਿਆਸਤ ਜਬ ਜ਼ਰੂਰਤ ਹੋ ਨਯਾ ਰਿਸ਼ਤਾ ਬਨਾਤੀ ਹੈ। ਕੋਈ
ਕਿਤਨਾ ਮੁਖ਼ਾਲਿਫ਼ ਹੋ ਉਸੇ ਅਪਨਾ ਬਨਾਤੀ ਹੈ॥
'ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ' (ਦਿ:ਸਿੱ:ਗੁ:ਪ੍ਰ:ਕ) ਦੀ ਚੋਣ ਵਿਚ ਹਰਮੀਤ ਸਿੰਘ
ਕਾਲਕਾ ਦਾ ਪ੍ਰਧਾਨ ਚੁਣਿਆ ਜਾਣਾ ਲਗਭਗ ਯਕੀਨੀ ਜਾਪਦਾ ਹੈ। ਇਸ ਵੇਲੇ 'ਅਕਾਲੀ ਦਲ'
ਤੋਂ 'ਭਾਜਪਾ' ਵਿਚ ਗਏ ਮਨਜਿੰਦਰ ਸਿੰਘ ਸਿਰਸਾ ਨਾਲ 20 ਤੋਂ 22 ਮੈਂਬਰ ਦੱਸੇ ਜਾ
ਰਹੇ ਹਨ ਅਤੇ ਬਾਦਲ ਦਲ ਦੇ ਕਾਲਕਾ ਨਾਲ ਵੀ 8 ਤੋਂ 10 ਮੈਂਬਰ ਹੋਣ ਦੀ ਸੰਭਾਵਨਾ ਹੈ।
ਇਸ ਦਰਮਿਆਨ 'ਸਰਨਾ' ਭਰਾ ਅਤੇ ਮਨਜੀਤ ਸਿੰਘ ਜੀ.ਕੇ. ਦੇ ਧੜੇ ਵੀ ਇਕੱਠੇ
ਹੋ ਗਏ ਸਨ। ਪਤਾ ਲੱਗਾ ਹੈ ਕਿ ਸਰਨਾ-ਮਨਜੀਤ ਧੜਾ ਵੀ ਕਾਲਕਾ ਨਾਲ ਸਮਝੌਤੇ ਦੀ
ਕੋਸ਼ਿਸ਼ ਵਿਚ ਸੀ। ਇਸ ਸਥਿਤੀ ਨੂੰ ਭਾਂਪਦਿਆਂ ਹੋਇਆਂ ਸਿਰਸਾ ਨੇ ਬਾਦਲ ਦਲ ਦੇ
ਮੈਂਬਰਾਂ ਅਤੇ ਆਪਣੇ ਸਮਰਥਕ ਮੈਂਬਰਾਂ ਦੀ ਇਕ ਸਾਂਝੀ ਮੀਟਿੰਗ ਦਿੱਲੀ ਦੇ ਇੰਡੀਆ ਗੇਟ
ਸਕੂਲ ਵਿਚ ਬੁਲਾਈ। ਪਤਾ ਲੱਗਾ ਹੈ ਕਿ ਇਸ ਮੀਟਿੰਗ ਵਿਚ ਕਾਲਕਾ ਨੂੰ ਪ੍ਰਧਾਨ ਅਤੇ
ਬਾਕੀ ਸਾਰੇ ਅਹੁਦੇ ਸਿਰਸਾ ਸਮਰਥਕਾਂ ਨੂੰ ਦੇਣ ਦਾ ਫ਼ੈਸਲਾ ਹੋ ਚੁੱਕਾ ਹੈ।
ਇਸ ਮੀਟਿੰਗ ਵਿਚ 29 ਜਾਂ 30 ਮੈਂਬਰਾਂ ਦੇ ਸ਼ਾਮਿਲ ਹੋਣ ਦੀ ਖ਼ਬਰ ਹੈ।
'ਸਿਰਸਾ' ਗਰੁੱਪ ਦੀ ਕਮੇਟੀ ਵਿਚ ਅਗਵਾਈ ਐਮ.ਪੀ.ਐਸ. ਚੱਢਾ ਵਲੋਂ ਕੀਤੇ
ਜਾਣ ਦੀ ਚਰਚਾ ਹੈ। ਅਜਿਹੀ ਸਥਿਤੀ ਵਿਚ ਸਿਰਸਾ ਭਾਵੇਂ ਖ਼ੁਦ ਕਮੇਟੀ ਦੇ ਮੈਂਬਰ ਤਾਂ
ਨਹੀਂ ਬਣਨਗੇ ਪਰ ਉਨ੍ਹਾਂ ਦੀ ਸਥਿਤੀ ਸਭ ਤੋਂ ਮਜ਼ਬੂਤ ਹੋਵੇਗੀ। ਪਤਾ ਲੱਗਾ ਹੈ ਕਿ
ਦੂਸਰੇ ਪਾਸੇ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ.ਕੇ. ਦੇ ਧੜੇ ਅਜੇ ਵੀ
ਹੌਸਲਾ ਨਹੀਂ ਹਾਰੇ ਤੇ ਉਹ ਇਨ੍ਹਾਂ ਵਿਚੋਂ ਕੁਝ ਮੈਂਬਰ ਤੋੜਨ ਦੀ ਕੋਸ਼ਿਸ਼ ਵਿਚ
ਲੱਗੇ ਹੋਏ ਹਨ। 1044, ਗੁਰੂ ਨਾਨਕ
ਸਟਰੀਟ, ਸਮਰਾਲਾ ਰੋਡ, ਖੰਨਾ ਫੋਨ : 92168-60000 E.mail :
hslall@ymail.com
|