ਲੋਕ
ਤਾਂ ਮਸਰੂਫ ਨੇ ਹਨੇਰੇ ਦੀ ਖ਼੍ਰੀਦੋ-ਫ੍ਰੋਖ਼ਤ ਵਿੱਚ, ਅਸੀਂ ਹਾਂ, ਰੋਸ਼ਨੀਆਂ ਦੀ
ਦੁਕਾਨ ਸਜਾਈ ਬੈਠੇ ਹਾਂ।
ਪ੍ਰਸਿੱਧ ਸ਼ਾਇਰ
'ਦੁਸ਼ਿਅੰਤ ਕੁਮਾਰ' ਦਾ ਮਸ਼ਹੂਰ ਸ਼ਿਅਰ ਪੰਜਾਬ ਦੀ ਰਾਜਨੀਤੀ ਦੇ ਅਜੋਕੇ ਹਾਲਾਤ 'ਤੇ
ਬਹੁਤ ਢੁਕਦਾ ਹੈ ਕਿਉਂਕਿ ਇਸ ਵੇਲੇ ਹਰ ਰਾਜਨੀਤਕ ਪਾਰਟੀ ਤੇ ਹਰ ਰਾਜਨੀਤੀਵਾਨ ਇਸ
ਤਰ੍ਹਾਂ ਦਾ ਵਿਹਾਰ ਕਰ ਰਿਹਾ ਹੈ ਕਿ ਉਸ ਲਈ ਜਿੱਤ ਹੀ ਸਭ ਤੋਂ ਵੱਡਾ ਨਿਸ਼ਾਨਾ ਹੈ।
ਫਿਰ ਉਸ ਜਿੱਤ ਲਈ ਭਾਵੇਂ ਜੋ ਮਰਜ਼ੀ ਕਿਉਂ ਨਾ ਕਰਨਾ ਪਵੇ। ਜਿੰਨਾ ਮਰਜ਼ੀ ਝੂਠ
ਬੋਲਣਾ ਪਵੇ, ਨਾ ਪੂਰੇ ਹੋਣ ਵਾਲੇ ਵਾਅਦੇ ਕਰਨੇ ਪੈਣ। ਕਿਸੇ ਨੂੰ ਉਸ ਦੀ ਸਜ਼ਾ ਪੂਰੀ
ਹੋਣ ਦੇ ਬਾਵਜੂਦ ਜੇਲ੍ਹ ਵਿਚ ਡੱਕੀ ਰੱਖਣਾ ਪਵੇ ਜਾਂ ਵੋਟਾਂ ਦੇ ਲਾਲਚ ਵਿਚ ਜੇਲ੍ਹ
ਤੋਂ ਬਾਹਰ ਕੱਢਣਾ ਪਵੇ। ਬਸ ਵੋਟ ਚਾਹੀਦੀ ਹੈ, ਸਮਾਜ ਵਿਚ ਇਸ ਦਾ ਕੀ ਪ੍ਰਭਾਵ ਪੈਂਦਾ
ਹੈ, ਕਿਸੇ ਨੂੰ ਕੋਈ ਫ਼ਿਕਰ ਨਹੀਂ। ਬਸ ਹਨੇਰੇ ਦਾ ਵਪਾਰ ਹੋ ਰਿਹਾ ਹੈ ਤੇ ਚਾਨਣ ਦਾ
ਕੋਈ ਗਾਹਕ ਨਹੀਂ।
ਉਂਜ ਜੇਕਰ ਡੇਰਿਆਂ ਦੀਆਂ ਵੋਟਾਂ ਸੱਚਮੁੱਚ ਹੀ ਚੋਣਾਂ
'ਤੇ ਏਨੀਆਂ ਹੀ ਅਸਰਅੰਦਾਜ਼ ਹੁੰਦੀਆਂ ਤਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਜਦੋਂ
ਲਗਭਗ ਸਾਰੇ ਡੇਰੇਦਾਰ ਅਕਾਲੀ-ਭਾਜਪਾ ਗੱਠਜੋੜ ਦੀ ਪਿੱਠ 'ਤੇ ਆ ਗਏ ਸਨ ਤਾਂ ਇਸ
ਗੱਠਜੋੜ ਦੀ ਸਰਕਾਰ ਜ਼ਰੂਰ ਬਣਨੀ ਚਾਹੀਦੀ ਸੀ। ਪਰ ਜੋ ਹੋਇਆ ਸਭ ਜਾਣਦੇ ਹਨ। ਅਸੀਂ
ਨਹੀਂ ਜਾਣਦੇ ਕਿ ਡੇਰਾਵਾਦ ਕੋਲ ਅਸਲ ਵਿਚ ਏਨੀਆਂ ਵੋਟਾਂ ਹਨ, ਜਿੰਨੀਆਂ ਦਾ ਦਾਅਵਾ
ਕੀਤਾ ਜਾਂਦਾ ਹੈ। ਪਿਛਲੀ ਵਾਰ ਦੇ ਨਤੀਜੇ ਇਹ ਸਾਬਤ ਕਰ ਚੁੱਕੇ ਹਨ ਤੇ ਇਸ ਵਾਰ ਦੀਆਂ
ਚੋਣਾਂ ਇਕ ਵਾਰ ਫਿਰ ਸਾਬਤ ਕਰ ਦੇਣਗੀਆਂ ਕਿ ਭਾਵੇ ਡੇਰਾਵਾਦ ਆਪਣਾ ਕੁਝ ਨਾ ਕੁਝ ਅਸਰ
ਜ਼ਰੂਰ ਰੱਖਦਾ ਹੈ ਪਰ ਡੇਰਿਆਂ ਦੇ ਸਿਰ 'ਤੇ ਹੀ ਚੋਣਾਂ ਜਿੱਤੀਆਂ ਨਹੀਂ ਜਾ ਸਕਦੀਆਂ।
ਵੋਟਾਂ ਪਾਉਣ ਵੇਲੇ ਸਾਰੇ ਲੋਕ ਸਿਰਫ ਡੇਰਾ ਮੁਖੀਆਂ ਦੇ ਇਸ਼ਾਰਿਆਂ 'ਤੇ ਅੱਖਾਂ ਮੀਟ
ਕੇ ਵੋਟਾਂ ਨਹੀਂ ਪਾਉਂਦੇ ਜਦੋਂ ਕਿ ਲੋਕਾਂ ਕੋਲ ਦਿਮਾਗ ਵੀ ਹੈ ਤੇ ਉਨ੍ਹਾਂ 'ਚ ਆਪਣਾ
ਵਿਵੇਕ ਵੀ ਹੈ। ਫਿਰ ਸਥਾਨਕ ਹਾਲਾਤ ਵੀ ਲੋਕਾਂ ਨੂੰ ਵੋਟ ਪਾਉਣ ਸਮੇਂ ਪ੍ਰਭਾਵਿਤ
ਕਰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ
ਮੋਦੀ ਆਪਣੇ ਭਾਸ਼ਨਾਂ ਵਿਚ ਸਿੱਖਾਂ ਨਾਲ ਆਪਣਾ ਪਿਆਰ ਵਾਰ-ਵਾਰ ਜਤਾ ਰਹੇ ਹਨ ਤੇ
ਅਜਿਹੇ ਕਿਤਾਬਚੇ ਵੀ ਛਾਪ ਕੇ ਵੰਡੇ ਜਾ ਰਹੇ ਹਨ ਕਿ ਮੋਦੀ ਦੀ ਅਗਵਾਈ ਵਿਚ ਸਿੱਖਾਂ
ਲਈ ਕੀ-ਕੀ ਕੀਤਾ ਗਿਆ ਹੈ ਪਰ ਦੂਸਰੇ ਪਾਸੇ ਭਾਜਪਾ ਦੀ ਹੀ ਹਰਿਆਣਾ ਸਰਕਾਰ ਐਨ ਉਸ
ਵੇਲੇ ਸਿਰਸਾ ਡੇਰੇ ਦੇ ਮੁਖੀ ਨੂੰ 21 ਦਿਨਾਂ ਦੀ ਫਰਲੋ 'ਤੇ ਭੇਜ ਕੇ ਇਹ ਅਹਿਸਾਸ
ਕਰਵਾਉਂਦੀ ਹੈ ਕਿ ਭਾਜਪਾ ਨੂੰ ਸਿੱਖ ਭਾਵਨਾਵਾਂ ਦੀ ਪ੍ਰਵਾਹ ਨਹੀਂ ਹੈ। ਉਂਜ ਦੂਜੀਆਂ
ਪਾਰਟੀਆਂ ਵੀ ਬਹੁਤੀ ਵਾਰ ਅਜਿਹਾ ਹੀ ਕਰਦੀਆਂ ਹਨ।
ਅਜੇ ਵੀ
ਭਵਿੱਖਬਾਣੀ ਸੰਭਵ ਨਹੀਂ ਨੂਜੂਮੀ ਨੇ ਕੀ ਹੈ ਪੇਸ਼-ਗੋਈ,
ਰੁਲਾਇਗਾ ਮੁਕੱਦਰ ਦੇਖ ਲੇਨਾ।
ਕਫ਼ੀਲ ਆਜ਼ਰ ਦਾ ਇਹ ਸ਼ਿਅਰ ਉਸ ਵੇਲੇ
ਅਚਾਨਕ ਯਾਦ ਆ ਗਿਆ ਜਦੋਂ ਇਹ ਲੇਖ ਲਿਖਦੇ ਸਮੇਂ ਇਹ ਸੋਚਿਆ ਕਿ ਹੁਣ ਤਾਂ ਪੰਜਾਬ
ਵਿਧਾਨ ਸਭਾ ਦੀਆਂ ਵੋਟਾਂ ਪੈਣ ਦੇ ਦਰਮਿਆਨ ਸਿਰਫ ਸਵਾ ਕੁ ਹਫ਼ਤਾ ਹੀ ਬਾਕੀ ਹੈ, ਇਸ
ਲਈ ਅੰਦਾਜ਼ਾ ਲਾਇਆ ਜਾਵੇ ਕਿ ਕਿਹੜੀ ਪਾਰਟੀ ਜਿੱਤ ਰਹੀ ਹੈ?
ਅਸਲੀਅਤ ਇਹ
ਹੈ ਕਿ ਇਸ ਵੇਲੇ ਵੀ ਪੰਜਾਬ ਦੀ ਰਾਜਨੀਤੀ ਏਨੀ ਉਲਝੀ ਹੋਈ ਹੈ ਕਿ ਕੋਈ ਸਟੀਕ
ਅੰਦਾਜ਼ਾ ਲਾਉਣਾ ਜਾਂ ਕੋਈ ਭਵਿੱਖਬਾਣੀ ਕਰਨੀ ਅਜੇ ਵੀ, ਕਿਸੇ ਵੀ ਪਾਰਖੂ ਲਈ ਸੰਭਵ
ਨਹੀਂ ਜਾਪਦੀ। ਪਰ ਹਾਂ ਉਪਰੋਕਤ ਸ਼ਿਅਰ ਵਾਂਗ ਨਜੂਮੀ (ਜੋਤਸ਼ੀ) ਦੀ ਇਹ ਭਵਿੱਖਬਾਣੀ
ਬਿਲਕੁਲ ਠੀਕ ਜਾਪਦੀ ਹੈ ਕਿ ਜਿੱਤੇ ਭਾਵੇਂ ਕੋਈ ਪਰ ਸਾਡਾ ਮੁਕੱਦਰ, ਸਾਡੀ ਕਿਸਮਤ
ਸਾਨੂੰ ਰੁਆਏਗੀ ਜ਼ਰੂਰ। ਕਿਉਂਕਿ ਕਿਸੇ ਵੀ ਨੁਮਾਇੰਦੇ ਤੇ ਕਿਸੇ ਵੀ ਪਾਰਟੀ ਤੋਂ
ਕਿਸੇ ਇਨਕਲਾਬ ਦੀ ਆਸ ਤਾਂ ਉੱਕਾ ਹੀ ਦਿਖਾਈ ਨਹੀਂ ਦੇ ਰਹੀ।
ਬੇਸ਼ੱਕ ਅਜੇ
ਚੋਣਾਂ ਬਾਰੇ ਭਵਿੱਖਬਾਣੀ ਕਰਨੀ ਸੰਭਵ ਨਹੀਂ ਪਰ ਰਾਜਨੀਤੀ ਦੇ ਪੰਡਿਤ ਅਤੇ ਬਹੁਤੇ
ਸਰਵੇ ਇਹ ਪ੍ਰਭਾਵ ਦੇ ਰਹੇ ਹਨ ਕਿ ਇਸ ਵਾਰ ਕਿਸੇ ਇਕ ਪਾਰਟੀ ਨੂੰ ਬਹੁਮਤ ਮਿਲਣ ਦੇ
ਆਸਾਰ ਨਹੀਂ ਹਨ ਤੇ 'ਖਿਚੜੀ ਵਿਧਾਨ ਸਭਾ' ਬਣਨ ਦੀ ਆਸ ਵਧੇਰੇ ਹੈ। ਪਰ ਅਸੀਂ ਨਹੀਂ
ਸਮਝਦੇ ਕਿ ਇਹ ਜ਼ਰੂਰੀ ਹੈ ਕਿ ਪੰਜਾਬ ਵਿਚ 'ਖਿਚੜੀ ਵਿਧਾਨ ਸਭਾ' ਹੀ ਬਣੇਗੀ, ਸਗੋਂ
ਸਾਨੂੰ ਇਹ ਸੰਭਾਵਨਾ ਜ਼ਿਆਦਾ ਜਾਪਦੀ ਹੈ ਕਿ ਇਸ ਵਾਰ ਹੋ ਰਹੇ 5 ਕੋਨੇ ਮੁਕਾਬਲਿਆਂ
ਕਰਕੇ ਸਪੱਸ਼ਟ ਬਹੁਮਤ ਦੀ ਸਰਕਾਰ ਬਣਨ ਦੇ ਆਸਾਰ ਜ਼ਿਆਦਾ ਹੋ ਸਕਦੇ ਹਨ। ਕਿਉਂਕਿ ਇਸ
ਵਾਰ ਜ਼ਿਆਦਾ ਪਾਰਟੀਆਂ ਤੇ ਜ਼ਿਆਦਾ ਉਮੀਦਵਾਰ ਹੋਣ ਕਾਰਨ ਜਿੱਤ-ਹਾਰ ਦਾ ਅੰਤਰ
ਬੇਸ਼ੱਕ ਘੱਟ ਹੋ ਸਕਦਾ ਹੈ ਪਰ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ
ਜਿਹੜੀ ਪਾਰਟੀ ਦੂਸਰੀਆਂ ਪਾਰਟੀਆਂ ਤੋਂ ਇਕ ਜਾਂ ਦੋ ਫ਼ੀਸਦੀ ਵੋਟ ਜ਼ਿਆਦਾ ਲੈ ਗਈ ਉਹ
ਸਪੱਸ਼ਟ ਬਹੁਮਤ ਵੀ ਲੈ ਸਕਦੀ ਹੈ।
ਗ਼ੌਰਤਲਬ ਹੈ ਕਿ 2017 ਦੀਆਂ ਪੰਜਾਬ
ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਨੇ ਕੁੱਲ 59 ਲੱਖ 45 ਹਜ਼ਾਰ 899 ਵੋਟਾਂ
ਭਾਵ 38.5 ਫ਼ੀਸਦੀ ਵੋਟਾਂ ਲਈਆਂ। ਆਪ ਨੇ 36 ਲੱਖ 62 ਹਜ਼ਾਰ 665 ਵੋਟਾਂ ਨਾਲ 23.7
ਫ਼ੀਸਦੀ, ਅਕਾਲੀ ਦਲ ਨੇ 38 ਲੱਖ 98 ਹਜ਼ਾਰ, 161 ਵੋਟਾਂ ਲੈ ਕੇ 25.2 ਫ਼ੀਸਦੀ ਅਤੇ
ਉਸ ਵੇਲੇ ਦੀ ਉਸ ਦੀ ਭਾਵੀਵਾਲ ਭਾਜਪਾ ਨੇ ਜੋ 23 ਸੀਟਾਂ 'ਤੇ ਚੋਣ ਲੜੀ ਦੇ 8 ਲੱਖ
33 ਹਜ਼ਾਰ 92 ਵੋਟਾਂ ਨਾਲ 5.4 ਫ਼ੀਸਦੀ ਵੋਟਾਂ ਲਈਆਂ ਸਨ। ਬਸਪਾ ਜੋ ਉਸ ਵੇਲੇ 117
ਸੀਟਾਂ 'ਤੇ ਚੋਣ ਲੜੀ ਸੀ, ਨੇ ਸਿਰਫ਼ 1.5 ਫ਼ੀਸਦੀ ਵੋਟਾਂ ਲਈਆਂ, ਲੋਕ ਇਨਸਾਫ਼
ਪਾਰਟੀ ਨੇ 1.2 ਫ਼ੀਸਦੀ ਤੇ ਆਜ਼ਾਦਾਂ, ਨੋਟਾ ਅਤੇ ਬਾਕੀ ਸਾਰਿਆਂ ਨੇ 4.7 ਫ਼ੀਸਦੀ
ਵੋਟਾਂ ਹਾਸਲ ਕੀਤੀਆਂ ਸਨ। ਛੋਟੀਆਂ ਪਾਰਟੀਆਂ ਦੀਆਂ ਵੋਟਾਂ ਤਾਂ ਅੱਧਾ-ਅੱਧਾ ਫ਼ੀਸਦੀ
ਵੀ ਨਹੀਂ ਸਨ।
ਇਸ ਵਾਰ ਸਥਿਤੀ ਕਾਫ਼ੀ ਬਦਲੀ ਹੋਈ ਹੈ।
ਪਿਛਲੀ ਵਾਰ
3 ਧਿਰਾਂ ਮੁੱਖ ਮੁਕਾਬਲੇ ਵਿਚ ਸਨ। ਇਸ ਵਾਰ 3 ਪ੍ਰਮੁੱਖ ਧਿਰਾਂ ਤੋਂ ਇਲਾਵਾ 2 ਹੋਰ
ਧਿਰਾਂ ਵੀ ਮੈਦਾਨ ਵਿਚ ਹਨ। ਇਸ ਲਈ ਇਕ ਗੱਲ ਸਪੱਸ਼ਟ ਹੈ ਕਿ ਇਸ ਵਾਰ ਬਹੁਮਤ ਲੈਣ ਲਈ
ਪਿਛਲੀ ਵਾਰ ਨਾਲੋਂ ਘੱਟ ਪ੍ਰਤੀਸ਼ਟ ਵੋਟਾਂ ਦੀ ਲੋੜ ਪਵੇਗੀ। ਜਿਸ ਤਰ੍ਹਾਂ ਦੇ ਹਾਲਾਤ
ਨਜ਼ਰ ਆ ਰਹੇ ਹਨ, ਉਨ੍ਹਾਂ ਮੁਤਾਬਿਕ ਇਸ ਵਾਰ ਕਾਂਗਰਸ ਦੀ ਵੋਟ ਪ੍ਰਤੀਸ਼ਤ ਪਿਛਲੀ
ਵਾਰ ਤੋਂ ਘਟ ਸਕਦੀ ਹੈ। ਜਦੋਂ ਕਿ ਪਿਛਲੀ ਵਾਰ 23 ਸੀਟਾਂ 'ਤੇ ਚੋਣ ਲੜਨ ਵਾਲੀ
ਭਾਜਪਾ ਵਲੋਂ ਇਸ ਵਾਰ ਕਰੀਬ 3 ਗੁਣਾ ਸੀਟਾਂ 'ਤੇ ਚੋਣ ਲੜਨ ਅਤੇ ਇਸ ਵਾਰ ਪੰਜਾਬ ਵਿਚ
ਫ਼ਿਰਕਾਪ੍ਰਸਤੀ ਦਾ ਅਸਰ ਪਿਛਲੀ ਵਾਰ ਨਾਲੋਂ ਵੱਧ ਦਿਸਦਿਆਂ ਭਾਜਪਾ ਦੀ ਵੋਟ
ਪ੍ਰਤੀਸ਼ਤਤਾ ਵਧਣੀ ਯਕੀਨੀ ਹੈ। ਅਜੇ 'ਆਪ' ਤੇ ਅਕਾਲੀ ਦਲ ਦੇ ਵੋਟ ਪ੍ਰਤੀਸ਼ਤ ਬਾਰੇ
ਅੰਦਾਜ਼ਾ ਲਗਾਉਣਾ ਔਖਾ ਜਾਪਦਾ ਹੈ। ਜਦੋਂ ਕਿ 'ਸੰਯੁਕਤ ਸਮਾਜ ਮੋਰਚਾ' (ਸੰ:ਸ:ਮੋ:)
ਸੀਟਾਂ ਦੇ ਮਾਮਲੇ ਵਿਚ ਭਾਵੇਂ ਕਾਫ਼ੀ ਪਛੜਦਾ ਜਾਪਦਾ ਹੈ ਪਰ ਉਸ ਵਲੋਂ ਲਏ ਜਾਣ ਵਾਲੀ
ਵੋਟ ਪ੍ਰਤੀਸ਼ਤ ਦੂਸਰੀਆਂ ਪਾਰਟੀਆਂ ਦੀ ਹਾਰ ਜਿੱਤ 'ਤੇ ਅਸਰਅੰਦਾਜ਼ ਹੋ ਸਕਦੀ ਹੈ।
ਪਰ ਸਾਡੇ ਚੁਣੇ ਹੋਏ ਨੁਮਾਇੰਦੇ ਕਿਹੋ ਜਿਹੇ ਹੋਣਗੇ, ਇਸ ਦਾ ਮੁਜੱਫ਼ਰ ਰਜ਼ਮੀ ਦੇ ਇਸ
ਸ਼ਿਅਰ ਵਾਂਗ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।
ਯੇ ਰਹਿਬਰ ਹੈਂ ਕਿ
ਰਹਿਜ਼ਨ ਹੈਂ ਮਸੀਹਾ ਹੈਂ ਕਿ ਕਾਤਿਲ ਹੈਂ, ਹਮੇਂ ਅਪਣੇ ਨੁਮਾਇਦੋਂ ਕਾ ਅੰਦਾਜ਼ਾ
ਹੀ ਨਹੀਂ ਹੋਤਾ॥
ਹਰੀਸ਼ ਚੌਧਰੀ ਦੀ ਢਿੱਲੀ ਲਗ਼ਾਮ
ਕਾਂਗਰਸ ਦੇ ਪ੍ਰਮੁੱਖ ਨੇਤਾ ਰਾਹੁਲ ਗਾਂਧੀ ਦਾ ਇਹ ਕਹਿਣਾ ਕਿ ਅਸੀਂ ਕਾਂਗਰਸ ਵਿਚ
ਬੋਲਣ ਦੀ ਖੁੱਲ੍ਹ ਦਿੰਦੇ ਹਾਂ, ਹਾਲਾਤ ਨੂੰ ਵੇਖਦਿਆਂ ਇਹ ਜਮਹੂਰੀ ਤਕਾਜ਼ਾ ਨਹੀਂ
ਸਗੋਂ ਉਨ੍ਹਾਂ ਦੀ ਮਜਬੂਰੀ ਜਾਪਦੀ ਹੈ। ਕਾਂਗਰਸ ਵਿਚ ਅਰੁਕ-ਅਜ਼ਾਦੀ ਵਾਲੀ ਸਥਿਤੀ
ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਭਾਵੇਂ
ਲਗਾਤਾਰ ਪੰਜਾਬ ਵਿਚ ਬੈਠੇ ਹਨ ਪਰ ਉਹ ਕਾਂਗਰਸੀਆਂ ਵਿਚ ਅਨੁਸ਼ਾਸਨ ਲਿਆਉਣ ਵਿਚ
ਬਿਲਕੁਲ ਅਸਮਰੱਥ ਜਾਪਦੇ ਹਨ। ਉਨ੍ਹਾਂ ਦੇ ਆਪਣੇ ਕਰੀਬੀ ਮੰਨੇ ਜਾਂਦੇ ਜਸਬੀਰ ਸਿੰਘ
ਡਿੰਪਾ ਤੇ ਰਾਣਾ ਗੁਰਜੀਤ ਸਿੰਘ ਖ਼ੁਦ ਪਾਰਟੀ ਵਿਚ ਹਨ ਤੇ ਉਨ੍ਹਾਂ ਦੇ ਪਰਿਵਾਰਕ
ਮੈਂਬਰ ਸ਼ਰੇਆਮ ਬਗ਼ਾਵਤ ਕਰਦੇ ਨਜ਼ਰ ਆ ਰਹੇ ਹਨ। ਇਹੀ ਹਾਲਤ ਮੁੱਖ ਮੰਤਰੀ ਚਰਨਜੀਤ
ਸਿੰਘ ਚੰਨੀ ਦੇ ਭਰਾ ਦੀ ਵੀ ਹੈ। ਹਾਲਤ ਇਹ ਹੈ ਕਿ ਕਾਂਗਰਸ ਦੀ ਚੋਣ ਮੁਹਿੰਮ ਦੇ
ਇੰਚਾਰਜ ਸਿਆਸਤ ਤੋਂ ਕਿਨਾਰਾ ਕਰਕੇ ਘਰ ਬੈਠ ਗਏ ਹਨ, ਪਾਰਟੀ ਪ੍ਰਧਾਨ ਹਲਕੇ ਤੋਂ
ਬਾਹਰ ਚੋਣ ਪ੍ਰਚਾਰ ਕਰਦੇ ਨਜ਼ਰ ਨਹੀਂ ਆ ਰਹੇ। ਪਾਰਟੀ ਅਜੇ ਤੱਕ ਚੋਣ ਮੈਨੀਫੈਸਟੋ
ਤੱਕ ਵੀ ਜਾਰੀ ਨਹੀਂ ਕਰ ਸਕੀ। ਪਾਰਟੀ ਦੇ ਕਈ ਸੰਸਦ ਮੈਂਬਰ ਪਾਰਟੀ ਨੂੰ ਨੁਕਸਾਨ
ਪਹੁੰਚਾਉਣ ਵਾਲੇ ਬਿਆਨ ਦੇਣ ਤੋਂ ਗੁਰੇਜ਼ ਨਹੀਂ ਕਰ ਰਹੇ ਜੋ ਹਰ ਲਈ ਨੁਕਸਾਨ ਦੇਹ ਹੋ
ਸਕਦਾ ਨਹੀਂ - ਸਗੋਂ ਹੁੰਦਾ ਹੈ!
ਫ਼ਿਰਕਾਪ੍ਰਸਤੀ ਇਸ ਵਾਰ
ਜ਼ਿਆਦਾ ਭਾਰੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ
ਫ਼ਿਰਕਾਪ੍ਰਸਤੀ ਦੀ ਰਾਜਨੀਤੀ ਜ਼ਿਆਦਾ ਭਾਰੀ ਹੁੰਦੀ ਨਜ਼ਰ ਆ ਰਹੀ ਹੈ। ਜਦੋਂ ਪੰਜਾਬ
ਕਾਂਗਰਸ ਦੇ ਸਾਬਕ ਪ੍ਰਧਾਨ ਸੁਨੀਲ ਜਾਖੜ ਇਹ ਕਹਿੰਦੇ ਹਨ ਕਿ 42 ਵਿਧਾਇਕਾਂ ਦਾ
ਸਮਰਥਨ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਹਿੰਦੂ ਹੋਣ ਕਾਰਨ ਮੁੱਖ ਮੰਤਰੀ ਨਹੀਂ ਬਣਾਇਆ
ਗਿਆ ਤਾਂ ਇਸ ਗੱਲ 'ਤੇ ਭਾਜਪਾ ਵਲੋਂ ਹਿੰਦੂ ਵੋਟਾਂ ਨੂੰ ਉਕਸਾਉਣਾ ਤਾਂ ਸਮਝ ਵਿਚ
ਆਉਂਦਾ ਹੈ, ਕਿਉਂਕਿ ਭਾਜਪਾ ਤਾਂ ਸਾਰੇ ਦੇਸ਼ ਵਿਚ ਸੱਤਾ ਵਿਚ ਹੀ ਬਹੁ-ਸੰਖਿਅਕ-ਵਾਦ
ਦੇ ਸਿਰ 'ਤੇ ਆਈ ਹੈ।
ਪਰ 'ਅਕਾਲੀ ਦਲ' ਤੇ 'ਆਮ ਆਦਮੀ ਪਾਰਟੀ' ਦਾ
ਸਟੈਂਡ ਸਮਝ ਵਿਚ ਨਹੀਂ ਆਉਂਦਾ। 'ਆਪ' ਦੇ ਪੰਜਾਬ ਦੇ ਸਹਿ ਇੰਚਾਰਜ ਅਸਲ ਵਿਚ
ਇੰਚਾਰਜ ਤੋਂ ਵੀ ਉੱਪਰ ਨਜ਼ਰ ਆਉਂਦੇ ਰਾਘਵ ਚੱਢਾ ਜਦੋਂ ਇਹ ਕਹਿੰਦੇ ਹਨ ਕਿ ਪੰਜਾਬ
ਵਿਚ ਹਿੰਦੂ-ਸਿੱਖ ਦਾ ਸਵਾਲ ਕਾਂਗਰਸ ਨੇ ਪੈਦਾ ਕੀਤਾ ਹੈ ਤਾਂ ਉਹ ਇਹ ਕਿਉਂ ਭੁੱਲ
ਜਾਂਦੇ ਹਨ ਕਿ ਉਨ੍ਹਾਂ ਦੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਇਹ
ਵਾਰ-ਵਾਰ ਐਲਾਨ ਕਰਦੇ ਰਹੇ ਕਿ ਉਨ੍ਹਾਂ ਦੀ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ
ਕਿਸੇ ਸਿੱਖ ਨੂੰ ਹੀ ਐਲਾਨਿਆ ਜਾਵੇਗਾ। ਕੀ ਇਹ ਫ਼ਿਰਕਾਪ੍ਰਸਤੀ ਨਹੀਂ? ਅਸਲ ਵਿਚ ਇਸ
ਹਮਾਮ ਵਿਚ ਸਾਰੀਆਂ ਰਾਜਸੀ ਪਾਰਟੀਆਂ ਹੀ ਨੰਗੀਆਂ ਹਨ ਤੇ ਉਨ੍ਹਾਂ ਦਾ ਇਕੋ-ਇਕ
ਨਿਸ਼ਾਨਾ 'ਕਿਸੇ ਵੀ ਤਰ੍ਹਾਂ' ਸੱਤਾ ਪ੍ਰਾਪਤ ਕਰਨਾ ਹੀ ਹੈ।
ਫੋਨ : 92168-60000 E. mail : hslall@ymail.com
|