ਹੁਣ
ਸਿਆਸਤ ਦਾ ਵੀ ਦੇਖੋ ਗਿਰ ਗਿਐ ਕਿੰਨਾ ਮਿਆਰ, ਸਿਰ ਸਲਾਮਤ ਚਾਹੀਦੈ ਦਸਤਾਰ ਦਾ
ਕੀ ਹੈ ਭਲਾ? (ਲਾਲ ਫਿਰੋਜ਼ਪੁਰੀ)
ਜਿਸ ਤਰ੍ਹਾਂ ਦੇ
ਹਾਲਾਤ ਪੰਜਾਬ ਦੀ ਰਾਜਨੀਤੀ ਵਿਚ ਦਿਖਾਈ ਦੇ ਰਹੇ ਹਨ, ਉਨ੍ਹਾਂ ਤੋਂ ਜਾਪਦਾ ਹੈ ਕਿ
ਕਿਸੇ ਵੀ ਪਾਰਟੀ ਲਈ ਤੇ ਕਿਸੇ ਵੀ ਨੇਤਾ ਲਈ ਕੁਰਸੀ, ਟਿਕਟ ਤੇ ਸੱਤਾ ਤੋਂ ਬਿਨਾਂ
ਬਾਕੀ ਕਿਸੇ ਚੀਜ਼ ਦੀ ਕੋਈ ਕੀਮਤ ਨਹੀਂ ਰਹੀ। ਰਾਜਨੀਤਕ ਪਾਰਟੀਆਂ ਲਈ ਵਿਚਾਰਧਾਰਾ ਦੀ
ਕੋਈ ਵੁੱਕਤ ਨਹੀਂ, ਬਸ ਉਮੀਦਵਾਰ ਦੀ ਜਿੱਤਣ ਦੀ ਸਮਰੱਥਾ, ਸੱਤਾ ਪ੍ਰਾਪਤੀ ਤੇ ਭਾਈ
ਭਤੀਜਾਵਾਦ ਹੀ ਵਿਚਾਰਧਾਰਾ ਬਣ ਗਈ ਜਾਪਦੀ ਹੈ।
ਇਸੇ ਲਈ ਇਕ ਦਿਨ ਪਹਿਲਾਂ
ਕਿਸੇ ਵਿਰੋਧੀ ਵਿਚਾਰਧਾਰਾ ਵਾਲੀ ਪਾਰਟੀ ਤੋਂ ਆਏ ਨੇਤਾਵਾਂ ਨੂੰ ਵੀ ਟਿਕਟਾਂ
ਦਿੱਤੀਆਂ ਜਾ ਰਹੀਆਂ ਹਨ। ਰਾਜਨੀਤੀ ਦਾ ਮਿਆਰ ਏਨਾ ਡਿਗ ਗਿਆ ਹੈ ਕਿ ਕੁਝ ਨੇਤਾ ਤਾਂ
ਆਪਣੀ ਬੋਲਬਾਣੀ ਤੇ ਆਪਣੇ ਰੁਤਬੇ ਦਾ ਖਿਆਲ ਵੀ ਨਹੀਂ ਰੱਖ ਰਹੇ। ਚੋਣਾਂ ਜਿੱਤਣ ਲਈ
ਅਜਿਹੇ ਵਾਅਦੇ ਵੀ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਸੰਭਵ ਹੀ ਨਹੀਂ
ਜਾਪਦਾ ਅਤੇ ਅਜਿਹੇ ਝੂਠ ਵੀ ਬੋਲੇ ਜਾ ਰਹੇ ਹਨ, ਜਿਨ੍ਹਾਂ ਨੂੰ ਸੱਚ ਮੰਨਣਾ ਕਿਸੇ
ਹੋਸ਼ਮੰਦ ਆਦਮੀ ਲਈ ਅਸੰਭਵ ਜਿਹਾ ਜਾਪਦਾ ਹੈ।
ਇਹ ਚੰਗੀ ਗੱਲ ਹੈ ਕਿ ਦੇਸ਼
ਦੀ ਸਰਬਉੱਚ ਅਦਾਲਤ ਨੇ ਕਥਿਤ ਤੌਰ 'ਤੇ ਸਿਆਸੀ ਪਾਰਟੀਆਂ ਵਲੋਂ ਅਮਲ ਵਿਚ ਨਾ ਲਿਆਏ
ਜਾ ਸਕਣ ਵਾਲੇ ਲੁਭਾਉਣੇ ਵਾਅਦੇ ਕਰਨ ਦੇ ਮੁੱਦੇ ਸੰਬੰਧੀ ਇਕ ਜਨਹਿਤ ਪਟੀਸ਼ਨ 'ਤੇ
ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਇਹ ਵੀ ਖ਼ੁਸ਼ੀ ਦੀ ਗੱਲ
ਹੈ ਕਿ ਚੀਫ਼ ਜਸਟਿਸ ਨੇ ਅਪੀਲ ਕਰਤਾ ਨੂੰ ਇਹ ਸਵਾਲ ਵੀ ਪੁੱਛੇ ਹਨ ਕਿ
ਸਿਰਫ ਦੋ ਸਿਆਸੀ ਪਾਰਟੀਆਂ ਅਤੇ ਸਿਰਫ ਪੰਜਾਬ ਦਾ ਜ਼ਿਕਰ ਹੀ ਕਿਉਂ ਕੀਤਾ ਗਿਆ ਹੈ?
ਬੇਸ਼ੱਕ ਇਹ ਤਾਂ ਸਮਾਂ ਹੀ ਦੱਸੇਗਾ ਕਿ ਅਦਾਲਤ ਇਸ ਬਾਰੇ ਕੀ ਫ਼ੈਸਲਾ ਕਰਦੀ
ਹੈ ਪਰ ਇਹ ਜ਼ਰੂਰ ਚੰਗੀ ਗੱਲ ਹੈ ਕਿ ਲੁਭਾਉਣੇ ਤੇ ਝੂਠੇ ਵਾਅਦਿਆਂ ਬਾਰੇ ਦੇਸ਼ ਦੀ
ਸੁਪਰੀਮ ਕੋਰਟ ਵਿਚ ਵਿਚਾਰ ਸ਼ੁਰੂ ਹੋਇਆ ਹੈ।
ਉਂਜ ਖ਼ੈਰ ਇਸ ਹਮਾਮ ਵਿਚ
ਸਾਰੇ ਹੀ ਨੰਗੇ ਹਨ। ਹਰ ਸਿਆਸੀ ਪਾਰਟੀ ਕਿਸੇ ਨਾ ਕਿਸੇ ਜਗ੍ਹਾ ਕਿਸੇ ਨਾ ਕਿਸੇ ਮਿਆਰ
ਨਾਲ ਸਮਝੌਤਾ ਕਰਦੀ ਨਜ਼ਰ ਆ ਰਹੀ ਹੈ। ਹਾਲਤ ਇਹ ਹੈ ਕਿ ਚੋਣਾਂ ਵਿਚ ਭਾਵੇਂ ਕੋਈ ਵੀ
ਪਾਰਟੀ ਜਿੱਤੇ ਪਰ ਪੰਜਾਬ ਦਾ ਭਵਿੱਖ ਤਾਂ ਧੁੰਦਲਾ ਹੀ ਰਹਿੰਦਾ ਨਜ਼ਰ ਆ ਰਿਹਾ ਹੈ।
ਅਜਿਹਾ ਨਹੀਂ ਜਾਪਦਾ ਕਿ ਪੰਜਾਬ ਦੀ ਕੋਈ ਵੀ ਰਾਜਸੀ ਪਾਰਟੀ ਪੰਜਾਬ ਨੂੰ ਕਰਜ਼ੇ,
ਭ੍ਰਿਸ਼ਟਾਚਾਰ, ਨਸ਼ਿਆਂ, ਮਾਫੀਆ ਅਤੇ ਹੋਰ ਮੁਸ਼ਕਿਲਾਂ ਤੋਂ ਨਿਜਾਤ ਦਿਵਾ ਸਕਣ ਦੇ
ਸਮਰੱਥ ਹੈ ਕਿਉਂਕਿ ਜੇਕਰ ਕਿਸੇ ਪਾਰਟੀ ਦੇ ਕਿਸੇ ਲੀਡਰ ਕੋਲ ਦ੍ਰਿਸ਼ਟੀ ਜਾਂ
ਵਿਜ਼ਨ ਅਤੇ ਇੱਛਾ ਵੀ ਹੋਵੇ, ਤਦ ਵੀ ਉਸ ਦੇ ਸਾਥੀ ਤਾਂ ਉਹੀ ਹਨ ਜੋ ਪਹਿਲਾਂ
ਹੀ ਨਮਕ ਦੀ ਖਾਨ ਵਿਚ ਰਹਿ ਕੇ ਨਮਕੀਨ ਹੋ ਚੁੱਕੇ ਹਨ।
ਪੰਜਾਬ ਦੀਆਂ
ਰਵਾਇਤੀ ਮੰਗਾਂ ਤੇ ਜ਼ਰੂਰਤਾਂ ਦੀ ਤਾਂ ਗੱਲ ਹੀ ਛੱਡੋ, ਇਹ ਤਾਂ ਚੋਣਾਂ ਦਾ ਮੁੱਦਾ
ਹੀ ਨਹੀਂ ਬਣ ਸਕੀਆਂ। ਜਿਥੇ ਪਾਰਟੀਆਂ ਮੁਫ਼ਤਖੋਰੀ ਦੇ ਪ੍ਰਚਾਰ ਨਾਲ ਚੋਣਾਂ ਜਿੱਤਣ
ਦੀ ਕੋਸ਼ਿਸ਼ ਵਿਚ ਹਨ, ਉਥੇ ਅਸੀਂ ਲੋਕ ਵੀ ਬਹੁਤੀ ਵਾਰ ਨਿੱਜੀ ਫਾਇਦਿਆਂ ਨੂੰ ਹੀ
ਪਹਿਲ ਦਿੰਦੇ ਹਾਂ। ਆਪਣੇ ਰੌਸ਼ਨ ਮੁਸਤਕਬਿਲ ਕੀ ਬਾਤੇਂ ਕਰਤੇ ਹੈਂ॥
ਸ਼ਾਇਰ ਭੀ ਦੀਵਾਨੋਂ ਜੈਸੀ ਬਾਤੇਂ ਕਰਤੇ ਹੈਂ॥
(ਅਹਿਮਦ ਵਾਸਿਫ਼)
ਸਭ ਤੋਂ ਦਿਲਚਸਪ ਮੁਕਾਬਲਾ?
ਅਕਾਲੀ ਦਲ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ
ਸੀਨੀਅਰ ਅਕਾਲੀ ਨੇਤਾ ਤੇ ਆਪਣੇ 'ਮਾਝੇ ਦੇ ਜਰਨੈਲ' ਬਿਕਰਮ ਸਿੰਘ ਮਜੀਠੀਆ ਨੂੰ
'ਅੰਮ੍ਰਿਤਸਰ ਪੂਰਬੀ' ਦੀ ਸੀਟ ਤੋਂ ਉਤਾਰਨ ਦੇ ਐਲਾਨ ਤੋਂ ਬਾਅਦ ਇਹ ਸੀਟ ਪੰਜਾਬ ਵਿਚ
ਸਭ ਤੋਂ ਵੱਧ ਦਿਲਚਸਪ ਮੁਕਾਬਲੇ ਵਾਲੀ ਸੀਟ ਬਣਦੀ ਜਾਪਦੀ ਹੈ।
ਹਾਲਾਂ ਕਿ
ਅਸੀਂ ਨਵਜੋਤ ਸਿੰਘ ਸਿੱਧੂ ਦੀ ਬੋਲਬਾਣੀ ਦੇ ਅੰਦਾਜ਼ ਦੇ ਪ੍ਰਸੰਸਕ ਨਹੀਂ ਸਗੋਂ ਇਹ
ਸਮਝਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਰਾਜਨੀਤਕ ਕੱਦ ਦੇਖਦੇ ਹੋਏ ਆਪਣਾ
ਅੰਦਾਜ਼-ਏ-ਬਿਆਂ ਜ਼ਰੂਰ ਸੁਧਾਰਨਾ ਚਾਹੀਦਾ ਹੈ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ
ਨੇ ਆਪਣੇ 'ਪੰਜਾਬ ਏਜੰਡੇ' ਨੂੰ ਏਨਾ ਉਭਾਰਿਆ ਤੇ ਪ੍ਰਚਾਰਿਆ ਹੈ ਕਿ ਉਸ ਵਿਚੋਂ ਕੁਝ
ਆਸ ਦੀਆਂ ਕਿਰਨਾਂ ਜ਼ਰੂਰ ਦਿਸਦੀਆਂ ਹਨ।
ਪਰ ਅਸੀਂ ਇਹ ਵੀ ਸਮਝਦੇ ਹਾਂ ਕਿ
ਇਕੱਲਾ ਸਿੱਧੂ ਕੀ ਕਰ ਸਕੇਗਾ ਜਦੋਂ ਕਿ ਕਾਂਗਰਸ ਦੇ ਬਹੁਤੇ ਉਮੀਦਵਾਰ ਤਾਂ ਉਹੀ ਹਨ
ਜਿਹੜੇ ਪਿਛਲੇ 5 ਸਾਲ ਹਕੂਮਤ ਕਰਦੇ ਰਹੇ ਹਨ। ਬਲਕਿ ਖ਼ੁਦ ਸਿੱਧੂ ਵੀ 5 ਸਾਲ
ਹੁਕਮਰਾਨ ਪਾਰਟੀ ਦੇ ਵਿਧਾਇਕ ਰਹੇ। ਫਿਰ ਅਜੇ ਇਹ ਵੀ ਕੁਝ ਵੀ ਸਾਫ਼ ਨਹੀਂ ਕਿ ਕਿਹੜੀ
ਪਾਰਟੀ ਜਿੱਤੇਗੀ ਜਾਂ ਕਿਹੜੀਆਂ-ਕਿਹੜੀਆਂ ਪਾਰਟੀਆਂ ਹਾਰਨਗੀਆਂ। ਅਜੇ ਤਾਂ ਇਹ ਵੀ
ਸਾਫ਼ ਨਹੀਂ ਕਿ ਚੋਣ ਤੋਂ ਬਾਅਦ ਜੇ ਕਾਂਗਰਸ ਜਿੱਤ ਵੀ ਜਾਏ ਤਾਂ ਪਾਰਟੀ ਅੰਦਰਲੇ
ਸਮੀਕਰਨ ਕਿਹੋ ਜਿਹੇ ਬਣਨਗੇ। ਕੌਣ ਮੁੱਖ ਮੰਤਰੀ ਬਣੇਗਾ।
ਖੈਰ, ਗੱਲ ਕਰ
ਰਹੇ ਸਾਂ ਕਿ ਜੇਕਰ ਮਜੀਠੀਆ ਦੇ ਖੜ੍ਹਨ ਦੇ ਬਾਵਜੂਦ ਸਿੱਧੂ ਜਿੱਤਦੇ ਹਨ ਤਾਂ ਉਨ੍ਹਾਂ
ਦਾ ਕੱਦ ਹੋਰ ਉੱਚਾ ਹੋਵੇਗਾ ਪਰ ਜੇਕਰ ਹਾਰਦੇ ਹਨ ਤਾਂ ਉਨ੍ਹਾਂ ਲਈ ਇਹ ਬਹੁਤ ਵੱਡਾ
ਰਾਜਨੀਤਕ ਝਟਕਾ ਹੋਵੇਗਾ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਮਜੀਠੀਆ ਲਈ ਵੀ ਇਹ ਚੋਣ
ਜਿੱਤਣੀ ਕੋਈ ਸੌਖੀ ਨਹੀਂ ਹੋਵੇਗੀ। ਪਹਿਲੀ ਗੱਲ ਤਾਂ ਇਹ ਹੈ ਕਿ ਮਜੀਠੀਆ ਜੇਕਰ ਦੋ
ਥਾਵਾਂ ਤੋਂ ਚੋਣ ਲੜਦੇ ਹਨ ਤਾਂ ਉਨ੍ਹਾਂ ਦੀ ਇਸ ਸੀਟ ਪ੍ਰਤੀ ਗੰਭੀਰਤਾ 'ਤੇ ਸਵਾਲ
ਖੜ੍ਹੇ ਹੋਣਗੇ ਕਿ ਇਹ ਕਿਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ
ਸਿੰਘ ਤੇ ਰਵਨੀਤ ਸਿੰਘ ਬਿੱਟੂ ਵਲੋਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ
ਵਿਰੁੱਧ ਲੜੀਆਂ ਗਈਆਂ ਚੋਣਾਂ ਵਾਂਗ ਸਿਰਫ ਪਬਲੀਸਿਟੀ ਸਟੰਟ ਤਾਂ ਨਹੀਂ ਬਣ
ਜਾਵੇਗਾ।
ਫਿਰ ਮਜੀਠੀਆ ਲਈ ਇਹ ਸਵਾਲ ਵੀ ਖੜ੍ਹਾ ਹੈ ਕਿ ਉਨ੍ਹਾਂ ਨੂੰ
ਸੁਪਰੀਮ ਕੋਰਟ ਵਿਚੋਂ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਜਾਂ ਉਨ੍ਹਾਂ ਨੂੰ ਇਹ
ਚੋਣ ਜੇਲ੍ਹ ਵਿਚੋਂ ਬੈਠ ਕੇ ਹੀ ਲੜਨੀ ਪਵੇਗੀ।
ਇਸ ਦਰਮਿਆਨ ਮੌਜੂਦਾ
ਰਾਜਨੀਤਕ ਸਥਿਤੀਆਂ ਅਤੇ ਕਾਂਗਰਸ ਅੰਦਰਲੀ ਮੁੱਖ ਮੰਤਰੀ ਬਣਨ ਦੀ ਜੰਗ ਨੂੰ ਦੇਖਦਿਆਂ
ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ
ਵਾਲੀਆਂ ਸਾਰੀਆਂ ਤਾਕਤਾਂ ਵਿਚਕਾਰ ਆਪਸੀ ਸਹਿਯੋਗ ਹੋ ਜਾਵੇ। ਸਾਨੂੰ ਪਤਾ ਹੈ ਕਿ
ਕਾਨੂੰਨੀ ਤੌਰ 'ਤੇ ਕਿਸੇ ਵੀ ਉਮੀਦਵਾਰ ਦੇ ਦੋ ਜਗ੍ਹਾ ਲੜਨ 'ਤੇ ਕੋਈ ਪਾਬੰਦੀ ਨਹੀਂ।
ਪਰ ਨੈਤਿਕਤਾ ਤੇ ਪੰਜਾਬ ਦਾ ਭਲਾ ਤਾਂ ਇਹੀ ਮੰਗ ਕਰਦਾ ਹੈ ਕਿ ਇਕ ਵਿਅਕਤੀ ਇਕ ਹੀ
ਸੀਟ ਤੋਂ ਚੋਣ ਲੜੇ, ਕਿਉਂਕਿ ਜੇ ਇਕ ਵਿਅਕਤੀ ਦੋ ਜਗ੍ਹਾ ਤੋਂ ਜਿੱਤਦਾ ਹੈ, ਤਾਂ ਉਸ
ਨੂੰ ਇਕ ਸੀਟ ਤਾਂ ਖਾਲੀ ਕਰਨੀ ਹੀ ਪਵੇਗੀ, ਜਿਸ ਨਾਲ ਪੰਜਾਬ ਨੂੰ ਫਿਰ ਇਕ ਸੀਟ ਦੀ
ਉਪ ਚੋਣ ਦਾ ਖ਼ਰਚਾ ਅਤੇ ਸਮਾਂ ਖ਼ਰਾਬ ਕਰਨਾ ਪਵੇਗਾ।
ਅਸੀਂ ਸਮਝਦੇ ਹਾਂ
ਜਦੋਂ ਇਕ ਵਿਅਕਤੀ ਦੋ ਜਗ੍ਹਾ ਤੋਂ ਵਿਧਾਇਕ ਜਾਂ ਐਮ.ਪੀ. ਰਹਿ ਨਹੀਂ ਸਕਦਾ
ਤਾਂ ਕਾਨੂੰਨ ਵਿਚ ਅਜਿਹੀ ਸੋਧ ਜ਼ਰੂਰ ਹੋਣੀ ਚਾਹੀਦੀ ਹੈ ਕਿ ਇਕ ਵਿਅਕਤੀ ਦੋ ਥਾਵਾਂ
ਤੋਂ ਲੜ ਹੀ ਨਾ ਸਕੇ। ਪਰ ਅਜਿਹੀ ਕੋਈ ਸੋਧ ਅੱਜ ਹੀ ਹੋਣ ਨਹੀਂ ਲੱਗੀ।
ਕੈਪਟਨ ਦੇ ਮੁਕਾਬਲੇ ਕੌਣ? ਕਾਂਗਰਸੀ ਹਲਕਿਆਂ ਵਿਚ ਚਰਚਾ ਹੈ
ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਨਾਲ ਜਾਣ
ਤੋਂ ਬਹੁਤ ਨਾਰਾਜ਼ ਹਨ ਤੇ ਉਹ ਚਾਹੁੰਦੇ ਹਨ ਕਿ ਕੈਪਟਨ ਦੇ ਮੁਕਾਬਲੇ ਅਜਿਹਾ ਮਜ਼ਬੂਤ
ਉਮੀਦਵਾਰ ਦਿੱਤਾ ਜਾਵੇ ਜੋ ਉਨ੍ਹਾਂ ਨੂੰ ਹਰਾ ਸਕੇ।
ਸਾਡੀ ਜਾਣਕਾਰੀ
ਅਨੁਸਾਰ ਪਹਿਲਾਂ ਇਸ ਬਾਰੇ ਨਵਜੋਤ ਸਿੰਘ ਸਿੱਧੂ ਦਾ ਨਾਂਅ ਵਿਚਾਰਿਆ ਜਾ ਰਿਹਾ ਸੀ ਪਰ
ਅਕਾਲੀ ਦਲ ਵਲੋਂ ਸਿੱਧੂ ਦੇ ਮੁਕਾਬਲੇ ਮਜੀਠੀਆ ਦਾ ਨਾਂਅ ਐਲਾਨ ਦੇਣ ਤੋਂ ਬਾਅਦ ਇਸ
ਦੀ ਸੰਭਾਵਨਾ ਕਾਫੀ ਘੱਟ ਹੋ ਗਈ ਹੈ ਕਿਉਂਕਿ ਜੇਕਰ ਉਹ ਹੁਣ ਆਪਣੀ ਸੀਟ ਛੱਡ ਕੇ
ਪਟਿਆਲੇ ਜਾਂਦੇ ਹਨ ਤਾਂ ਇਹ ਪ੍ਰਭਾਵ ਬਣੇਗਾ ਕਿ ਉਹ ਮਜੀਠੀਏ ਤੋਂ ਡਰ ਕੇ ਸੀਟ ਬਦਲ
ਗਏ ਹਨ, ਜੋ ਸਿੱਧੂ ਨੂੰ ਸ਼ਾਇਦ ਪ੍ਰਵਾਨ ਨਾ ਹੋਵੇ।
ਜੇਕਰ ਉਹ ਵੀ ਮਜੀਠੀਆ
ਵਾਂਗ ਦੋ ਸੀਟਾਂ 'ਤੇ ਲੜਦੇ ਹਨ ਤਾਂ ਉਨ੍ਹਾਂ ਲਈ ਇਹ ਸੌਖਾ ਨਹੀਂ ਹੋਵੇਗਾ। ਪਤਾ
ਲੱਗਾ ਹੈ ਕਿ ਕਾਂਗਰਸ ਹਾਈਕਮਾਨ , ਕੈਪਟਨ ਦੇ ਮੁਕਾਬਲੇ 'ਤੇ ਜਿਹੜੇ
ਵਿਅਕਤੀਆਂ ਦੇ ਨਾਵਾਂ 'ਤੇ ਵਿਚਾਰ ਕਰ ਰਹੀ ਹੈ ਉਨ੍ਹਾਂ ਵਿਚੋਂ ਤਿੰਨ ਪ੍ਰਮੁੱਖ
ਨਾਵਾਂ ਵਿਚੋਂ ਪਹਿਲਾ ਨਾਂਅ ਬ੍ਰਹਮ ਮਹਿੰਦਰਾ ਦਾ ਲਿਆ ਜਾ ਰਿਹਾ ਹੈ, ਹਾਲਾਂ ਕਿ
ਸਾਡੀ ਜਾਣਕਾਰੀ ਅਨੁਸਾਰ ਖ਼ੁਦ ਮਹਿੰਦਰਾ ਨੇ ਇਹ ਸੀਟ ਨਹੀਂ ਮੰਗੀ।
ਪਰ
ਹਾਈਕਮਾਨ ਦੇ ਕਹਿਣ 'ਤੇ ਉਹ ਪਿੱਛੇ ਵੀ ਨਹੀਂ ਹਟਣਗੇ ਜਦੋਂ ਕਿ ਦੂਸਰਾ ਨਾਂਅ ਸਾਬਕਾ
ਮੰਤਰੀ ਲਾਲ ਸਿੰਘ ਦਾ ਹੈ ਜੋ ਇਥੋਂ ਕੈਪਟਨ ਦੇ ਮੁਕਾਬਲੇ ਲੜਨਾ ਵੀ ਚਾਹੁੰਦੇ ਹਨ।
ਗ਼ੌਰਤਲਬ ਹੈ ਕਿ ਮਹਿੰਦਰਾ ਲੰਮਾ ਸਮਾਂ ਕੈਪਟਨ ਵਿਰੋਧੀ ਰਹੇ ਪਰ
ਕੈਪਟਨ-ਸਿੱਧੂ ਲੜਾਈ ਵਿਚ ਉਹ ਕੈਪਟਨ ਨਾਲ ਖੜ੍ਹੇ ਸਨ ਜਦੋਂ ਕਿ ਲਾਲ ਸਿੰਘ ਲੰਮਾ
ਸਮਾਂ ਕੈਪਟਨ ਸਮਰਥਕ ਰਹੇ ਪਰ ਪਿਛਲੇ ਕੁਝ ਸਮੇਂ ਤੋਂ ਕੈਪਟਨ ਵਿਰੋਧੀ ਹਨ।
ਤੀਸਰਾ ਨਾਂਅ ਨਵਜੋਤ ਸਿੰਘ ਸਿੱਧੂ ਵਲੋਂ 10 ਸਾਲਾਂ ਬਾਅਦ ਕਾਂਗਰਸ ਵਿਚ ਵਾਪਸ ਲਿਆਦੇ
ਗਏ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਦਾ ਦੱਸਿਆ ਜਾ ਰਿਹਾ ਹੈ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ,
ਖੰਨਾ ਫੋਨ : 92168-60000 E. mail :
hslall@ymail.com
|