ਕਸ਼ਮਕਸ਼
ਮੇਂ ਹੈ ਮੇਰੀ ਜਾਨ ਬੜੀ ਮੁਸ਼ਕਿਲ ਹੈ। ਦਿਲ ਮੇਂ ਹੈ ਅਰਮਾਨੋਂ ਕਾ ਤੂਫਾਨ ਬੜੀ
ਮੁਸ਼ਕਿਲ ਹੈ।
ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਨਵੇਂ
ਮੁੱਖ ਮੰਤਰੀ ਭਗਵੰਤ ਮਾਨ ਦੀ ਮਾਨਸਿਕ ਹਾਲਤ 'ਮੋਹਸਿਨ ਸਦੀਕੀ' ਦੇ ਉਪਰੋਕਤ ਸ਼ਿਅਰ
ਨਾਲ ਮੇਲ ਖਾ ਰਹੀ ਹੋਵੇਗੀ। ਕਿਉਂਕਿ ਜਿਥੋਂ ਤੱਕ ਭਗਵੰਤ ਮਾਨ ਨੂੰ ਅਸੀਂ ਜਾਣਦੇ ਹਾਂ,
ਉਹ ਬਹੁਤ ਮਜ਼ਬੂਤ ਇੱਛਾ ਸ਼ਕਤੀ ਦਾ ਮਾਲਿਕ ਹੈ। ਉਹ ਪੰਜਾਬ ਵਿਚ ਵੱਡੀਆਂ ਤਬਦੀਲੀਆਂ
ਲਿਆਉਣ ਦਾ ਚਾਹਵਾਨ ਹੈ ਤੇ ਉਸ ਦੇ ਅਰਮਾਨ ਵੀ ਬਹੁਤ ਵੱਡੇ ਹਨ। ਉਹ ਇਕ ਯੁੱਗ-ਪੁਰਸ਼
ਬਣਨ ਦੀ ਚਾਹਤ ਵੀ ਰੱਖਦਾ ਹੈ। ਬੇਸ਼ੱਕ ਉਹ ਆਪਣੀ ਪਾਰਟੀ ਦੇ ਮੁਖੀ ਅਰਵਿੰਦ
ਕੇਜਰੀਵਾਲ ਨੂੰ ਝੁਕ ਕੇ ਸਲਾਮ ਕਰਦਾ ਨਿਮਾਣਾ ਜਿਹਾ ਦਿਖਦਾ ਹੈ ਪਰ ਸਾਨੂੰ ਅਹਿਸਾਸ
ਹੈ ਕਿ ਉਸ ਨੂੰ ਪੰਜਾਬ ਦੇ ਦਰਦਾਂ ਦੀ ਸਾਰ ਹੈ ਤੇ ਉਹ ਵਕਤ ਆਉਣ 'ਤੇ ਪੰਜਾਬ ਦੇ
ਹਿਤਾਂ ਲਈ ਅੜ ਵੀ ਸਕਦਾ ਹੈ ਤੇ ਖੜ੍ਹ ਵੀ ਸਕਦਾ ਹੈ।
ਉਂਜ ਵੀ 'ਆਮ ਆਦਮੀ
ਪਾਰਟੀ' ਦੀ ਪਹਾੜ ਜਿੱਡੀ ਜਿੱਤ ਲੋਕਾਂ ਦੀਆਂ ਪਹਾੜ ਜਿੱਡੀਆਂ ਆਸਾਂ ਦੀ ਹੀ ਲਖਾਇਕ
ਹੈ।
ਜੇਕਰ ਭਗਵੰਤ ਮਾਨ ਇਨ੍ਹਾਂ ਉਮੀਦਾਂ 'ਤੇ ਪੂਰਾ ਨਾ ਉਤਰਿਆ ਤਾਂ ਲੋਕਾਂ
ਦਾ ਮੋਹ ਭੰਗ ਹੋਣ ਲੱਗਿਆਂ ਵੀ ਦੇਰ ਨਹੀਂ ਲੱਗਣੀ। ਆਪ ਦੀ ਏਨੀ ਵੱਡੀ ਜਿੱਤ ਸਿਰਫ ਆਪ
ਦੇ ਚੋਣ ਪ੍ਰਚਾਰ ਜਾਂ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਹੀ ਨਤੀਜਾ ਨਹੀਂ, ਸਗੋਂ
ਲੋਕਾਂ ਦੇ 'ਅਕਾਲੀ ਦਲ' ਅਤੇ 'ਕਾਂਗਰਸ' ਤੋਂ ਮੋਹ ਭੰਗ ਹੋਣ ਅਤੇ ਪੰਜਾਬ ਦੀ
ਭਾਈਚਾਰਕ ਸਾਂਝ ਬਣੇ ਰਹਿਣ ਦਾ ਵੀ ਨਤੀਜਾ ਹੈ।
ਜਿਸ ਤਰ੍ਹਾਂ ਦੀ ਸਥਿਤੀ
ਪੰਜਾਬ ਦੀ ਅੱਜ ਹੈ, ਉਸ ਵਿਚ ਮੁੱਖ ਮੰਤਰੀ ਦਾ ਤਾਜ 'ਕੰਡਿਆਂ ਦੇ ਤਾਜ' ਤੋਂ ਘੱਟ
ਨਹੀਂ ਹੈ।
ਪੰਜਾਬ ਸਿਰ ਲੱਖਾਂ ਕਰੋੜਾਂ ਦਾ ਕਰਜ਼ਾ, ਪਹਿਲਾਂ ਹੀ ਚੱਲ
ਰਹੀਆਂ ਲੋਕ ਲੁਭਾਊਂ ਸਕੀਮਾਂ ਦੀ ਭਰਮਾਰ ਤੇ ਉੱਤੋਂ ਕੇਜਰੀਵਾਲ ਦੀਆਂ ਨਵੀਆਂ
ਗਾਰੰਟੀਆਂ ਦਾ ਭੁਗਤਾਨ। ਕੇਂਦਰ ਵਿਚ ਵਿਰੋਧੀ ਸਰਕਾਰ, ਪੰਜਾਬ ਵਿਚ ਤਾਕਤਵਰ ਮਾਫ਼ੀਆ,
'ਆਪ' ਵਿਚ ਦੂਜੀਆਂ ਪਾਰਟੀਆਂ ਦੇ ਸੱਭਿਆਚਾਰ ਵਿਚੋਂ ਆਏ ਵਿਧਾਇਕ, ਨਸ਼ੇ, ਰੇਤੇ ਤੇ
ਸ਼ਰਾਬ ਦੇ ਕਾਰੋਬਾਰ ਵਿਚ ਮਾਫ਼ੀਆ, ਅਫ਼ਸਰਸ਼ਾਹੀ ਤੇ ਰਾਜਨੀਤਕ ਗੱਠਜੋੜ, ਕਣ-ਕਣ ਵਿਚ
ਫੈਲਿਆ ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਵਰਗੀਆਂ ਅਨੇਕਾਂ ਚੁਣੌਤੀਆਂ ਹਨ।
ਪੰਜਾਬ ਦੀ ਆਰਥਿਕਤਾ ਨੂੰ ਰਾਹੇ ਪਾਉਣ ਲਈ ਦਿੱਲੀ ਮਾਡਲ ਹੂ-ਬਹੂ ਲਾਗੂ ਨਹੀਂ ਹੋ
ਸਕੇਗਾ।
ਚੰਗਾ ਹੋਵੇਗਾ ਜੇ ਇਸ ਮੰਤਵ ਲਈ ਨਵਜੋਤ ਸਿੰਘ ਸਿੱਧੂ ਦੇ 'ਪੰਜਾਬ
ਦੇ ਏਜੰਡੇ' ਨੂੰ ਵੀ ਵਿਚਾਰ ਲਿਆ ਜਾਵੇ ਕਿਉਂਕਿ ਸ਼ਰਾਬ ਕਾਰਪੋਰੇਸ਼ਨ ਵਰਗੇ ਵਿਚਾਰ
ਸਚਮੁੱਚ ਹੀ ਫਾਇਦੇਮੰਦ ਹੋ ਸਕਦੇ ਹਨ।
ਇਸ ਤੋਂ ਇਲਾਵਾ ਬੇਅਦਬੀਆਂ ਦੇ
ਮਾਮਲਿਆਂ ਨੂੰ ਕਿਸੇ ਸਿਰੇ ਲਾਉਣਾ ਵੀ ਜ਼ਰੂਰੀ ਹੈ। ਪੰਜਾਬ ਦੀਆਂ ਲਟਕਦੀਆਂ
ਪਰੰਪਰਾਗਤ ਮੰਗਾਂ ਤੇ ਮਸਲਿਆਂ ਦਾ ਹੱਲ, ਰਾਜਾਂ ਦੇ ਅਧਿਕਾਰਾਂ ਲਈ ਲੜਨਾ ਅਤੇ ਨਾਲ
ਹੀ ਕੇਂਦਰ ਤੋਂ ਸਹਾਇਤਾ ਵੀ ਲੈਣਾ ਇਕੋ ਸਮੇਂ ਦੋ ਬਹੁਤ ਹੀ ਸੰਤੁਲਨ ਬਣਾ ਕੇ ਕਰਨ
ਵਾਲੇ ਕੰਮ ਹਨ।
ਪਾਣੀਆਂ ਦੇ ਮਾਮਲੇ ਵਿਚ ਪੰਜਾਬ ਅਤੇ ਦਿੱਲੀ ਦੇ ਹਿਤ
ਟਕਰਾਉਂਦੇ ਹਨ। ਭਗਵੰਤ ਮਾਨ ਲਈ ਜ਼ਰੂਰੀ ਹੋਵੇਗਾ ਕਿ ਅਜਿਹਾ ਕੋਈ ਪ੍ਰਭਾਵ ਨਾ ਬਣੇ
ਕਿ ਇਸ ਮਾਮਲੇ ਵਿਚ ਉਹ ਪੰਜਾਬ ਦੇ ਹਿਤਾਂ ਨਾਲ ਕੋਈ ਸਮਝੌਤਾ ਕਰ ਰਹੇ ਹਨ। ਬੇਸ਼ੱਕ
ਕੁਝ ਲੋਕਾਂ ਵਲੋਂ 'ਸਹੁੰ ਚੁੱਕ ਸਮਾਗਮ' ਅਤੇ 'ਅੰਮ੍ਰਿਤਸਰ ਰੋਡ ਸ਼ੋਅ' ਲਈ ਅਪਣਾਈ
ਪਹੁੰਚ ਅਤੇ ਖ਼ਰਚੇ 'ਤੇ ਉਂਗਲੀਆਂ ਖੜ੍ਹੀਆਂ ਕੀਤੀਆਂ ਗਈਆਂ ਹਨ. ਅਜਿਹੀਆਂ ਕਾਰਵਾਈਆਂ
ਸਰਕਾਰ ਦੇ ਪ੍ਰਭਾਵ ਨੂੰ ਘਟਾਉਂਦੀਆਂ ਹੀ ਹਨ। ਇਸ ਲਈ ਅੱਗੇ ਤੋਂ ਸੰਭਲ ਕੇ ਚੱਲਣ ਦੀ
ਲੋੜ ਹੈ।
ਵਿਧਾਇਕਾਂ ਨੂੰ ਦਿੱਤੀਆਂ ਜਾ ਰਹੀਆਂ ਬੇਅੰਤ ਸਹੂਲਤਾਂ ਨੂੰ ਵੀ
ਘਟਾਉਣ ਤੇ ਤਰਕਸੰਗਤ ਬਣਾਉਣ ਦੀ ਲੋੜ ਹੈ। ਹਾਲਾਂਕਿ ਪੰਜਾਬ ਵਿਚੋਂ ਚੁਣੇ ਜਾਣ ਵਾਲੇ
ਰਾਜ ਸਭਾ ਦੇ ਮੈਂਬਰਾਂ ਦੇ ਮਾਮਲੇ ਵਿਚ ਅਜੇ ਵੀ ਕੇਜਰੀਵਾਲ ਦੀ ਹੀ ਜ਼ਿਆਦਾ ਚੱਲਣ ਦੀ
ਸੰਭਾਵਨਾ ਹੈ। ਪਰ ਅਸੀਂ ਸਮਝਦੇ ਹਾਂ ਕਿ ਜੇਕਰ 'ਆਪ' ਨੇ ਪੰਜਾਬੀਆਂ ਵਿਚ ਆਪਣੀ ਭੱਲ
ਬਰਕਰਾਰ ਰੱਖਣੀ ਹੈ ਤਾਂ ਉਨ੍ਹਾਂ ਨੂੰ 'ਰਾਜ ਸਭਾ' ਵਿਚ ਵਿਦਵਾਨ ਤੇ ਪੰਜਾਬ, ਪੰਜਾਬੀ
ਤੇ ਪੰਜਾਬੀਅਤ ਨੂੰ ਸਮਰਪਿਤ ਵਿਅਕਤੀਆਂ ਨੂੰ ਹੀ ਭੇਜਣਾ ਚਾਹੀਦਾ ਹੈ। ਪਰ ਅਜਿਹੇ
ਚਰਚੇ ਹੁਣ ਤੋਂ ਹੀ ਸੁਣਾਈ ਦੇਣ ਲੱਗ ਪਏ ਹਨ ਕਿ ਆਪ ਹਾਈਕਮਾਨ ਅੱਧੇ ਤੋਂ ਵਧੇਰੇ
ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਰਾਜ ਸਭਾ ਵਿਚ ਭੇਜ ਸਕਦੀ ਹੈ। ਜੇਕਰ ਸੱਚਮੁੱਚ
ਅਜਿਹਾ ਹੋਇਆ ਤਾਂ ਇਹ ਪੰਜਾਬੀਆਂ ਦਾ ਆਪ ਤੋਂ ਮੋਹ ਭੰਗ ਕਰਨ ਵੱਲ ਪਹਿਲਾ ਕਦਮ ਸਾਬਤ
ਹੋਵੇਗਾ। ਦੀਕਸ਼ਤ ਦਨਕੌਰੀ ਅਨੁਸਾਰ,
ਕਾਟੋਂ ਸੇ ਭਰਾ ਤਾਜ ਯੇ ਪਹਿਨਾ
ਤੋ ਦੀਆ ਹੈ, ਦਰਬਾਰ ਸੰਭਾਲੂੰ ਕਿ ਮੈਂ ਸਰਕਾਰ ਸੰਭਾਲੂੰ।
ਪਹਿਲਾਂ ਛੋਟਾ ਮੰਤਰੀ ਮੰਡਲ ਬਣੇਗਾ? ਭਾਵੇਂ ਇਹ ਚਰਚੇ
ਸ਼ੁਰੂ ਵੀ ਹੋ ਗਏ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਮ ਆਦਮੀ ਪਾਰਟੀ' ਮੁਖੀ
ਅਰਵਿੰਦ ਕੇਜਰੀਵਾਲ ਦਰਮਿਆਨ ਮੰਤਰੀ ਮੰਡਲ ਵਿਚ ਸ਼ਾਮਿਲ ਕੀਤੇ ਜਾਣ ਵਾਲੇ ਵਿਧਾਇਕਾਂ
ਬਾਰੇ ਮਤਭੇਦ ਹਨ। ਪਰ ਸਾਡੀ ਜਾਣਕਾਰੀ ਅਨੁਸਾਰ ਅਜੇ ਅਜਿਹੀ ਕੋਈ ਗੱਲ ਨਹੀਂ ਹੈ।
ਜੋ 'ਸਰਗੋਸ਼ੀਆਂ' ਸਾਡੇ ਤੱਕ ਪੁੱਜੀਆਂ ਹਨ, ਉਨ੍ਹਾਂ ਅਨੁਸਾਰ ਹਾਲ ਦੀ ਘੜੀ
ਪੂਰਾ ਮੰਤਰੀ ਮੰਡਲ ਨਹੀਂ ਬਣਾਇਆ ਜਾਏਗਾ, ਸਗੋਂ ਪਹਿਲਾਂ ਪਾਰਟੀ ਦੇ ਜਾਂਚੇ ਪਰਖੇ
ਵਿਧਾਇਕਾਂ ਨੂੰ ਹੀ ਮੰਤਰੀ ਮੰਡਲ ਵਿਚ ਸ਼ਾਮਿਲ ਕੀਤਾ ਜਾਵੇਗਾ। ਪਹਿਲੇ ਮੰਤਰੀ ਮੰਡਲ
ਵਿਚ ਸ਼ਾਮਿਲ ਮੰਤਰੀਆਂ ਦੀ ਗਿਣਤੀ 6 ਤੋਂ 10 ਤੱਕ ਹੋਣ ਦੇ ਆਸਾਰ ਦੱਸੇ ਜਾ ਰਹੇ ਹਨ।
ਇਨ੍ਹਾਂ ਵਿਚ ਪਾਰਟੀ ਦੇ ਹੁਣ ਤੱਕ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ,
ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ, ਕੁੰਵਰ ਵਿਜੇ ਪ੍ਰਤਾਪ ਸਿੰਘ, ਸਰਵਜੀਤ ਕੌਰ
ਮਾਣੂਕੇ, ਪ੍ਰੋ. ਬਲਜਿੰਦਰ ਕੌਰ, ਐਡਵੋਕੇਟ ਹਰਜੋਤ ਸਿੰਘ ਬੈਂਸ, ਗੁਰਮੀਤ ਸਿੰਘ ਮੀਤ
ਆਦਿ ਦੌੜ ਵਿਚ ਸਭ ਤੋਂ ਅੱਗੇ ਦੱਸੇ ਜਾ ਰਹੇ ਹਨ।
ਜਦੋਂ ਕਿ ਦੂਜੀ ਕਤਾਰ
ਵਿਚ ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਸਿਮਰਨਜੀਤ ਸਿੰਘ ਮਾਨ ਨੂੰ
ਹਰਾਉਣ ਵਾਲੇ ਜਸਵੰਤ ਸਿੰਘ ਗੱਜਣ ਮਾਜਰਾ, ਪ੍ਰਿੰ. ਬੁੱਧ ਰਾਮ ਤੇ ਡਾ. ਜੀਵਨਪ੍ਰੀਤ
ਕੌਰ ਦੇ ਨਾਂਅ ਵੀ ਚਰਚਾ ਵਿਚ ਹਨ।
ਇਨ੍ਹਾਂ ਵਿਚੋਂ ਹੀ ਕਿਸੇ ਨੂੰ
ਸਪੀਕਰ ਵੀ ਬਣਾਇਆ ਜਾ ਸਕਦਾ ਹੈ। ਸਾਡੀ ਜਾਣਕਾਰੀ ਅਨੁਸਾਰ 'ਆਪ ਹਾਈਕਮਾਨ'
ਛੋਟਾ ਮੰਤਰੀ ਮੰਡਲ ਰੱਖ ਕੇ ਇਕ ਤਾਂ ਮੰਤਰੀ ਬਣਨ ਦੇ ਚਾਹਵਾਨਾਂ ਦੀਆਂ ਆਸਾਂ ਨੂੰ
ਜ਼ਿੰਦਾ ਰੱਖੇਗੀ ਤੇ ਦੂਜਾ ਨਤੀਜੇ ਦੇਣ ਲਈ ਹਰ ਖੇਤਰ ਦੇ ਮਾਹਰਾਂ ਦੀਆਂ ਸੇਵਾਵਾਂ ਵੀ
ਲਈਆਂ ਜਾਣਗੀਆਂ। ਜੋ ਮੰਤਰਾਲਿਆਂ ਦੇ ਸਲਾਹਕਾਰ ਲਾਏ ਜਾ ਸਕਦੇ ਹਨ ਤਾਂ ਜੋ ਸਰਕਾਰ ਦੇ
ਕੰਮ ਵਿਚ ਗੁਣਾਤਮਿਕ ਸੁਧਾਰ ਲਿਆਂਦਾ ਜਾ ਸਕੇ। ਉਂਜ ਪਤਾ ਲੱਗਾ ਹੈ ਕਿ ਮੰਤਰੀ ਚੁਣਨ
ਲੱਗਿਆਂ, ਜਾਤ, ਧਰਮ ਤੇ ਇਲਾਕੇ ਨੂੰ ਨਹੀਂ, ਸਗੋਂ ਕਾਬਲੀਅਤ ਨੂੰ ਹੀ ਵੇਖਿਆ
ਜਾਵੇਗਾ।
ਅਕਾਲੀ ਦਲ ਬਾਦਲ ਦੀ ਸਥਿਤੀ
ਜ਼ਿੰਦਗੀ ਅਪਨੇ ਸਵਾਰੋਂ ਕੋ ਗਿਰਾਤੀ ਹੈ ਜਬ, ਏਕ ਮੌਕਾ ਭੀ ਨਹੀਂ ਦੇਤੀ ਸੰਭਲਨੇ
ਕੇ ਲੀਏ। ਸ਼ਕੀਲ ਆਜ਼ਮੀ
ਉਪਰੋਕਤ ਸ਼ਿਅਰ 'ਅਕਾਲੀ ਦਲ ਬਾਦਲ' ਦੀ ਮੌਜੂਦਾ ਸਥਿਤੀ 'ਤੇ ਕਾਫੀ ਢੁਕਦਾ ਹੈ। ਅਜੇ
ਵਿਧਾਨ ਸਭਾ ਚੋਣਾਂ ਵਿਚ ਹੋਈ ਅੱਜ ਤੱਕ ਦੀ 'ਅਕਾਲੀ ਦਲ ਬਾਦਲ' ਦੀ ਸਭ ਤੋਂ ਵੱਡੀ
ਹਾਰ ਤੋਂ ਬਾਅਦ ਇਹ ਦਲ ਸੰਭਲਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਕਿ ਉਸ ਨੂੰ ਹੋਰ ਵੀ
ਝਟਕੇ ਲੱਗਣੇ ਸ਼ੁਰੂ ਹੋ ਗਏ ਹਨ।
'ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ
ਕਮੇਟੀ' ਦੇ ਬਾਦਲ ਦਲ ਦੇ 28 ਮੈਂਬਰਾਂ ਨੇ ਬਾਦਲ ਦਲ ਤੋਂ ਵੱਖਰੇ ਹੋ ਕੇ 'ਸ਼੍ਰੋਮਣੀ
ਅਕਾਲੀ ਦਲ ਦਿੱਲੀ ਸਟੇਟ' ਬਣਾਉਣ ਦਾ ਫ਼ੈਸਲਾ ਲਿਆ ਹੈ। ਇਹ ਨਵਾਂ ਦਲ ਸਿੱਖਾਂ ਦੇ
ਸਿਰਫ ਧਾਰਮਿਕ ਮਸਲਿਆਂ ਦੇ ਹੱਲ ਲਈ ਹੀ ਹੋਵੇਗਾ ਪਰ ਇਸ ਵਿਚ ਸ਼ਾਮਿਲ ਵਿਅਕਤੀਆਂ ਨੂੰ
ਇਹ ਅਧਿਕਾਰ ਹੋਵੇਗਾ ਕਿ ਉਹ ਰਾਜਸੀ ਤੌਰ 'ਤੇ ਜਿਹੜੀ ਮਰਜ਼ੀ ਪਾਰਟੀ ਨਾਲ ਚੱਲਣ। ਇਸ
ਤੋਂ ਬਾਅਦ 'ਅਕਾਲੀ ਦਲ ਬਾਦਲ' ਨੇ ਦਿੱਲੀ ਵਿਚ ਆਪਣਾ ਯੂਨਿਟ ਚਲਦਾ ਰੱਖਣ ਲਈ ਅਵਤਾਰ
ਸਿੰਘ ਹਿਤ ਦੀ ਅਗਵਾਈ ਵਿਚ ਜਿਹੜੀ 7 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਹੈ, ਉਸ ਦੇ ਵੀ
ਬਹੁਤੇ ਮੈਂਬਰਾਂ ਵਲੋਂ ਉਸ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕੀਤੇ ਜਾਣ ਦੇ ਆਸਾਰ ਨਜ਼ਰ
ਆ ਰਹੇ ਹਨ।
ਬਠਿੰਡਾ ਸ਼ਹਿਰ ਤੋਂ ਅਕਾਲੀ ਦਲ ਦੇ ਉਮੀਦਵਾਰ ਤੇ ਦਲ ਦੇ ਜਨਰਲ
ਸਕੱਤਰ ਸਰੂਪ ਚੰਦ ਸਿੰਗਲਾ ਨੇ ਬਾਦਲ ਪਰਿਵਾਰ 'ਤੇ ਜੋ ਪਰਿਵਾਰਵਾਦ ਤੇ ਪਾਰਟੀ ਦਾ
ਵਿਰੋਧ ਕਰਨ ਦੇ ਇਲਜ਼ਾਮ ਲਾਏ ਹਨ, ਉਹ ਵੀ 'ਅਕਾਲੀ ਦਲ' ਲਈ ਕਿਸੇ ਝਟਕੇ ਤੋਂ ਘੱਟ
ਨਹੀਂ ਹਨ। ਵਿਧਾਨ ਸਭਾ ਵਿਚ ਹਾਰ ਤੋਂ ਬਾਅਦ 'ਅਕਾਲੀ ਦਲ ਬਾਦਲ' ਕੋਲੋਂ 'ਦਿੱਲੀ
ਗੁਰਦੁਆਰਾ ਕਮੇਟੀ' ਅਤੇ 'ਤਖ਼ਤ ਪਟਨਾ ਸਾਹਿਬ' ਦਾ ਪ੍ਰਬੰਧ ਤਾਂ ਨਿਕਲ ਹੀ ਗਿਆ ਹੈ
ਪਰ ਸਾਡੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਵੀ ਸ਼੍ਰੋਮਣੀ ਕਮੇਟੀ ਵਿਚ ਬਗ਼ਾਵਤ ਦੇ
ਆਸਾਰ ਬਣ ਸਕਦੇ ਹਨ। ਉਂਜ ਵੀ ਜਿਹੜੀ ਪਾਰਟੀ ਧਾਰਮਿਕ ਕਾਰਨਾਂ ਕਰਕੇ ਹੀ ਰਾਜਨੀਤਕ
ਤੌਰ 'ਤੇ ਨਕਾਰੀ ਗਈ ਹੋਵੇ, ਉਹ ਧਾਰਮਿਕ ਖੇਤਰ ਵਿਚ ਸਵੀਕ੍ਰਿਤ ਕਿਵੇਂ ਰਹਿ ਸਕਦੀ
ਹੈ? ਸਿੱਖ ਨੀਤੀ ਸਪੱਸ਼ਟ ਹੈ,
ਰਾਜ ਬਿਨਾ ਨਹਿ ਧਰਮ ਚਲੇ ਹੈਂ। ਧਰਮ
ਬਿਨਾ ਸਭ ਦਲੇ ਮਲੇ ਹੈਂ।
ਸਪੱਸ਼ਟ ਹੈ ਕਿ ਰਾਜ, ਧਰਮ ਨੂੰ ਚਲਾਉਣ ਲਈ
ਚਾਹੀਦਾ ਹੈ ਪਰ ਅਕਾਲੀਆਂ ਦੇ ਰਾਜ ਵਿਚ ਧਰਮ ਸਿਰਫ ਰਾਜ ਦੇ ਅਧੀਨ ਹੀ ਨਹੀਂ ਹੋਇਆ,
ਸਗੋਂ ਅਕਾਲੀ ਦਲ ਧਰਮ ਤੋਂ ਵੀ ਦੂਰ ਚਲਾ ਗਿਆ।
ਸਾਡੇ ਸਾਹਮਣੇ ਹੈ ਕਿ
ਭਾਜਪਾ ਨੇ ਰਾਜ ਲੈ ਕੇ ਹਿੰਦੂ ਧਰਮ ਨੂੰ ਉਭਾਰਿਆ ਹੈ। ਪਰ ਅਕਾਲੀ ਰਾਜ ਵਿਚ ਸਿੱਖ
ਧਰਮ ਰਸਾਤਲ ਵਿਚ ਗਿਆ ਹੈ। ਡੇਰਾਵਾਦ ਦਾ ਉਭਾਰ ਵੀ ਇਸ ਰਾਜ ਵਿਚ ਹੀ ਹੋਇਆ ਤੇ
ਰਾਜਨੀਤੀਵਾਨ ਡੇਰਿਆਂ 'ਤੇ ਮੱਥੇ ਘਿਸਾਉਂਦੇ ਵੀ ਦੇਖੇ ਗਏ। ਪੰਜਾਬ ਵਿਚ ਸਿੱਖਾਂ ਵਿਚ
ਇਸਾਈਅਤ ਅੰਗਰੇਜ਼ਾਂ ਦੇ ਰਾਜ ਵਿਚ ਵੀ ਓਨੀ ਨਹੀਂ ਫੈਲੀ ਜਿੰਨੀ ਪਿਛਲੇ ਦੋ ਦਹਾਕਿਆਂ
ਵਿਚ ਫੈਲੀ ਹੈ। ਭਾਵੇਂ ਇਸ ਦਰਮਿਆਨ ਸ. ਪ੍ਰਕਾਸ਼ ਸਿੰਘ ਬਾਦਲ ਦੇ ਨਾਲ-ਨਾਲ ਕੈਪਟਨ
ਅਮਰਿੰਦਰ ਸਿੰਘ ਦਾ ਰਾਜ ਵੀ ਰਿਹਾ। ਹੁਣ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ
ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੀ ਹਾਰ 'ਤੇ ਜੋ ਬਿਆਨ ਦਿੱਤਾ ਹੈ, ਉਸ ਨੇ ਵੀ ਅਕਾਲੀ
ਦਲ ਦਾ ਫਾਇਦਾ ਕਰਨ ਦੀ ਬਜਾਏ ਨੁਕਸਾਨ ਹੀ ਕੀਤਾ ਹੈ। ਕਿਉਂਕਿ ਉਹ ਇਹ ਪ੍ਰਭਾਵ ਦੇ
ਗਿਆ ਹੈ ਕਿ ਜਥੇਦਾਰ ਸਾਹਿਬ ਭਾਵੇਂ ਪੰਥ ਦੀ ਗੱਲ ਕਰ ਰਹੇ ਹਨ ਪਰ ਉਨ੍ਹਾਂ ਨੂੰ
ਵਧੇਰੇ ਫ਼ਿਕਰ ਬਾਦਲ ਪਰਿਵਾਰ ਦਾ ਹੈ।
1044,
ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ ਫੋਨ : 92168-60000 E.
mail : hslall@ymail.com
|