ਬੀਬੀ
'ਦਰੋਪਦੀ' 'ਰਾਸ਼ਟਰਪਤੀ' ਜਾਂ 'ਰਾਸ਼ਟਰਪਤਨੀ'?- ਇਹ ਗੱਲ ਕਿਵੇਂ ਕਿਸੇ ਸਿਰੇ ਲੱਗੇ?
ਇਹ ਸਵਾਲ ਅੱਜ ਕੱਲ੍ਹ ਹਰ ਭਾਰਤੀ ਦੀ ਜ਼ੁਬਾਨ ‘ਤੇ ਚੜ੍ਹਿਆ ਪਿਆ ਹੈ। ਕਿਸੇ
ਵਲੋਂ ਭਾਰਤ ਦੀ “ਪ੍ਰੈਜ਼ੀਡੈਂਟ” ਨੂੰ ‘ਰਾਸ਼ਟਰਪਤਨੀ’ ਕਹਿਣ ਪਿੱਛੇ ਕੋਈ ਮਨੋਰਥ ਸੀ
ਜਾਂ ਕੋਈ ਸ਼ਰਾਰਤ ਸੀ ਜਾਂ ਡੂੰਘਾ ਗਿਆਨ ਸੀ ਜਾਂ ਅਗਿਆਨਤਾ ਸੀ ਜਾਂ ਕੁਝ ਹੋਰ ਸੀ,
ਇਹ ਤਾਂ ਪਤਾ ਨਹੀਂ ਪਰ ਦੋ ਗੱਲਾਂ ਜ਼ਰੂਰ ਪਤਾ ਲੱਗ ਗਈਆਂ। ਇੱਕ, ਕਿ ਆਪਣਾ ਵਿਰੋਧ
ਹੁੰਦਾ ਦੇਖ ਕੇ ਅਸੀਂ ਆਪਣਾ ਆਤਮ ਵਿਸ਼ਵਾਸ ਬਹੁਤ ਜਲਦੀ ਢਹਿ ਢੇਰੀ ਕਰ ਲੈਂਦੇ ਹਾਂ,
ਫਿਰ ਆਪਣੀ ਕਹੀ ‘ਤੇ ਖੜ੍ਹਦੇ ਨਹੀਂ। ਇਸੇ ਕਰ ਕੇ ‘ਰਾਸ਼ਟਰਪਤਨੀ’ ਕਹਿਣ ਵਾਲਾ ਦਾਬਾ
ਨਾ ਝੱਲ ਸਕਿਆ ਅਤੇ ਜ਼ੁਬਾਨ ਤਿਲਕ ਗਈ ਕਹਿ ਕੇ ਮਾਫ਼ੀ ਮੰਗ ਗਿਆ। ਦੂਜੀ ਗੱਲ, ਇਹ ਕਿ
ਭਾਵੇਂ ਉਸ ਵਲੋਂ ‘ਰਾਸ਼ਟਰਪਤਨੀ’ ਕਹੇ ਜਾਣ ਦੀ ਵਜ੍ਹਾ ਕੋਈ ਵੀ ਹੋਵੇ ਪਰ ਉਸ ਨੇ ਇੱਕ
ਮਹੱਤਵਪੂਰਨ ਮੁੱਦੇ ਨੂੰ ਛੇੜ ਦਿੱਤਾ ਹੈ ਕਿ ਜੇ ‘ਰਾਸ਼ਟਰਪਤੀ’ ਨੂੰ ਅਸੀਂ ਸਾਰੇ
ਦੇਸ਼ ਦਾ ‘ਪਤੀ’ ਸਮਝਦੇ ਹਾਂ ਜਾਂ ਨਹੀਂ ਸਮਝਦੇ, ਤਾਂ 'ਰਾਸ਼ਟਰਪਤਨੀ' ਨੂੰ ਅਸੀਂ
ਸਾਰੇ ਦੇਸ਼ ਦੀ ਪਤਨੀ ਸਮਝਣ ਜਾਂ ਨਾ ਸਮਝਣ ਵੇਲੇ ਵੱਖਰੇ ਮਾਪ-ਦੰਡ ਕਿਉਂ ਅਪਣਾ ਰਹੇ
ਹਾਂ। ਭਾਰਤ ਦਾ ‘ਰਾਸ਼ਟਰਪਤੀ’ ਜਾਂ ਭਾਰਤ ਦੀ ‘ਰਾਸ਼ਟਰਪਤਨੀ’ ਬਾਰੇ ਦੋਹਾਂ
ਸ਼ਬਦਾਂ ਦੇ ਅਰਥ ਅਸੀਂ ਕਿਸੇ ਵੀ ਸੰਦਰਭ ‘ਚ ਜਿੰਨੇ ਮਰਜ਼ੀ ਡੂੰਘੇ ਜਾਂ ਵਿਸ਼ਾਲ ਕੱਢ
ਲਈਏ, ਉਹਨਾਂ ਦੇ ਮਾਪ ਤੋਲ ਵੇਲੇ ਸਹੀ ਵਜ਼ਨ ਲਈ ਵੱਟੇ ਤਾਂ ਇੱਕੋ ਜਿਹੇ ਵਰਤੀਏ। ਅੱਜ
ਮੈਂ ਪੰਜਾਬੀ ਦੇ ਕਈ ਵਿਦਵਾਨਾਂ ਅਤੇ ਆਪਣੇ ਰੇਡੀਓ ਸਰੋਤਿਆਂ ਸਮੇਤ ਕਈ ਲੋਕਾਂ ਨਾਲ
ਇਸ ਵਿਸ਼ੇ ‘ਤੇ ਗੱਲਬਾਤ ਕੀਤੀ। ਚਲੋ ਸਧਾਰਨ ਪਾਠਕਾਂ-ਸਰੋਤਿਆਂ ਦੇ ਖ਼ਿਆਲਾਂ ਨੂੰ
ਹਾਲ ਦੀ ਘੜੀ ਇੱਕ ਪਾਸੇ ਵੀ ਰੱਖ ਦਿੰਦੀ ਹਾਂ, ਹੈਰਾਨੀ ਤਾਂ ਉਦੋਂ ਹੋਈ ਜਦੋਂ ਦੇਖਿਆ
ਕਿ ਬਹੁਤੇ ਵਿਦਵਾਨਾਂ ਕੋਲ ਸ਼ਬਦਾਂ ਨੂੰ ਦੇਖਣ, ਸਮਝਣ ਅਤੇ ਵਰਤਣ ਦੀਆਂ ਤੱਕੜੀਆਂ
ਅਤੇ ਵੱਟੇ ਵੱਖ ਵੱਖ ਹਨ ਅਤੇ ਇਸੇ ਕਰ ਕੇ ਸ਼ਬਦਾਂ ਦਾ ਵਜ਼ਨ ਵੀ ਵੱਖ ਵੱਖ ਹੀ ਕੱਢ
ਰਹੇ ਹਨ। ਪਰ ਉਹਨਾਂ ‘ਚੋਂ ਬਹੁਤੇ ‘ਰਾਸ਼ਟਰਪਤੀ’ ਅਤੇ ‘ਰਾਸ਼ਟਰਪਤਨੀ’ ਦੇ ਮੁੱਦੇ
‘ਤੇ ਗੱਲ ਕਰਨ ਤੋਂ ਪਹਿਲਾਂ ‘ਪਤੀ’ ਸ਼ਬਦ ਦੇ ਅਰਥ ਇੱਕੋ ਜਿਹੇ ਹੀ ਦੱਸ ਰਹੇ ਹਨ -
ਸਵਾਮੀ, ਮਾਲਕ, ਮੁਖੀ, ਸ਼ਾਸਕ, ਰੱਬ, ਰਖਵਾਲਾ, ਪਤ ਬਚਾਉਣ ਵਾਲਾ ਆਦਿ।
ਕੁਝ ਵਿਦਵਾਨਾਂ ਦਾ ਤਰਕ ਹੈ ਕਿ ਆਪਾਂ ‘ਪਤੀ’ ਸ਼ਬਦ ਨੂੰ ਸਿਰਫ਼ ਔਰਤ-ਮਰਦ ਦੇ
ਰਿਸ਼ਤੇ ਦੇ ਹਿਸਾਬ ਨਾਲ ਨਾ ਦੇਖੀਏ, ਸਗੋਂ ਇਸ ਦੇ ਵਿਸ਼ਾਲ ਅਰਥਾਂ ਨੂੰ ਦੇਖੀਏ ਕਿ
ਉਹ 'ਮੁਖੀ' ਹੈ ਜਾਂ 'ਸਵਾਮੀ' ਹੈ ਜਾਂ 'ਮਾਲਕ' ਹੈ ਜਿਵੇਂ ਪਰਜਾਪਤੀ, ਸੈਨਾਪਤੀ,
ਲੱਖਪਤੀ, ਕਰੋੜਪਤੀ ਜਾਂ ਭੂਮੀਪਤੀ ਆਦਿ। ਇਸ ਲਈ ‘ਰਾਸ਼ਟਰਪਤੀ' ਵਿਚ ਵਰਤਿਆ ‘ਪਤੀ’
ਔਰਤ-ਮਰਦ ਵਾਲੇ ਰਿਸ਼ਤੇ ਨੂੰ ਨਾ ਦਰਸਾ ਕੇ ਮਲਕੀਅਤ ਵੱਲ ਇਸ਼ਾਰਾ ਕਰ ਰਿਹਾ ਹੈ। ਪਰ
ਜਦੋਂ ਉਹਨਾਂ ਨੂੰ ‘ਪਤਨੀ’ ਸ਼ਬਦ ਦਾ ਅਰਥ ਪੁੱਛਿਆ ਗਿਆ ਤਾਂ ਉਹਨਾਂ ਦਾ ਇਹੀ ਜੁਆਬ
ਸੀ ਕਿ 'ਪਤਨੀ' ਵੀ ਆਪਣੇ 'ਪਤੀ' ਦੀ ਸਵਾਮੀ, ਰਖਵਾਲ਼ੀ ਅਤੇ ਪਤ ਬਚਾਉਣ ਵਾਲੀ ਹੁੰਦੀ
ਹੈ। ਮੇਰਾ ਅਗਲਾ ਸਵਾਲ ਸੀ ਕਿ ਫਿਰ ‘ਰਾਸ਼ਟਰਪਤਨੀ’ ਅਤੇ 'ਰਾਸ਼ਟਰਪਤੀ' ਦੀ ਭੂਮਿਕਾ
ਜੇ ਇੱਕੋ ਹੈ ਤਾਂ ਫਿਰ ਰੱਫ਼ੜ ਕਿਸ ਗੱਲ ਦਾ ਹੈ? ਫਿਰ ‘ਰਾਸ਼ਟਰਪਤਨੀ’ ‘ਤੇ ਇਤਰਾਜ਼
ਕਿਉਂ? ਪਰ ਸਾਡਾ ਦੋਗਲਾਪਨ ਦੇਖੋ ਕਿ ਜਿਹੜੇ ਵਿਦਵਾਨ ‘ਰਾਸ਼ਟਰਪਤੀ’ ਨੂੰ ਵਿਸ਼ਾਲ
ਅਰਥਾਂ ‘ਚ ਦੇਖਣ ਦੀ ਸਲਾਹ ਦਿੰਦੇ ਹਨ, ਉਹੀ ਵਿਦਵਾਨ ਸੌੜੀ ਦ੍ਰਿਸ਼ਟੀ ਨਾਲ ਦੇਖਦੇ
ਹੋਏ ‘ਰਾਸ਼ਟਰਪਤਨੀ’ ਸ਼ਬਦ ‘ਚੋਂ ਸਿਰਫ਼ ਔਰਤ-ਮਰਦ ਦੇ ਰਿਸ਼ਤੇ ਵਾਲੀ ‘ਪਤਨੀ’ ਹੀ
ਦੇਖ ਸਕੇ। ਇਸ ਲਈ ਉਹ ‘ਰਾਸ਼ਟਰਪਤਨੀ’ ਨੂੰ ਅਨੈਤਿਕ ਅਤੇ ਅਪਮਾਨਜਨਕ ਸਮਝਦੇ ਹਨ।
ਉਹਨਾਂ ਅਨੁਸਾਰ 'ਪਟਵਾਰੀ' ਦੀ ਪਤਨੀ ਨੂੰ 'ਪਟਵਾਰਨ', 'ਡਾਕਟਰ' ਦੀ ਪਤਨੀ ਨੂੰ
'ਡਾਕਟਰਨੀ', 'ਪ੍ਰੋਫ਼ੈਸਰ' ਦੀ ਪਤਨੀ ਨੂੰ 'ਪ੍ਰੋਫ਼ੈਸਰਨੀ', 'ਵਕੀਲ' ਦੀ ਪਤਨੀ ਨੂੰ
'ਵਕੀਲਣੀ', 'ਸਰਪੰਚ' ਦੀ ਪਤਨੀ ਨੂੰ 'ਸਰਪੰਚਣੀ' ਕਹਿਣਾ ਵੀ ਗ਼ਲਤ ਹੈ। ਉਹ ਅਜਿਹਾ
ਬੋਲਣ ਨੂੰ ਮੂਰਖ਼ਤਾ ਤੇ ਅਨਪੜ੍ਹਤਾ ਦੀ ਉਪਜ ਅਤੇ ਭਾਸ਼ਾ ਦਾ ਵਿਗਾੜ ਆਖਦੇ ਹਨ।
ਉਹਨਾਂ ਮੁਤਾਬਕ ਜੇ ਭਾਸ਼ਾ ਵਿਗਿਆਨੀ, ਸਾਹਿਤਕਾਰ ਅਤੇ ਪੱਤਰਕਾਰ ਇਹਨਾਂ ਸ਼ਬਦਾਂ ਦਾ
ਇਸਤੇਮਾਲ ਬੰਦ ਕਰ ਕੇ ਨਵੇਂ ਸ਼ਬਦ ਪ੍ਰਚਲਿਤ ਕਰਨ ਤਾਂ ਇਹ ‘ਭੱਦੇ’ ਅਤੇ ਅਪਮਾਨਜਨਕ
ਸ਼ਬਦ ਖ਼ਤਮ ਹੋ ਸਕਦੇ ਹਨ। ਪਰ ‘ਪਤੀ’ ਜਾਂ ਰਾਸ਼ਟਰਪਤੀ ਸ਼ਬਦ ਉਹਨਾਂ ਮੁਤਾਬਕ ਇਸ
ਤਰਾਂ ਦੇ ਨਹੀਂ ਹਨ, ਹਾਂ ਜੇ ‘ਰਾਸ਼ਟਰਪਤਨੀ’ ਸ਼ਬਦ ਬਣਦਾ ਹੈ ਤਾਂ ਉਹ ਇਹਨਾਂ
‘ਭੱਦੇ’ ਸ਼ਬਦਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋਵੇਗਾ। ਮੈਨੂੰ ਲਗਦਾ ਕਿ ਇਹ
ਹਿਸਾਬ-ਕਿਤਾਬ ਏਨਾ ਸੌਖਾ ਨਹੀਂ ਹੈ ਜਿੰਨਾ ਪ੍ਰਤੀਤ ਕਰਾਇਆ ਜਾ ਰਿਹਾ ਹੈ।
ਪੰਜਾਬੀ-ਹਿੰਦੀ ਭਾਸ਼ਾਵਾਂ ਵਿੱਚ ਸਾਰੇ ਹੀ ਸ਼ਬਦ 'ਲਿੰਗ' ਅਧਾਰਤ ਹਨ, ਕਮਜ਼ੋਰ,
ਕੋਮਲ, ਸੂਖਮ, ਛੋਟੀਆਂ ਅਤੇ ਪਤਲੀਆਂ ਚੀਜ਼ਾਂ ਨੂੰ 'ਇਸਤਰੀ ਲਿੰਗ' ਅਤੇ ਮਜ਼ਬੂਤ,
ਸਖ਼ਤ, ਵੱਡੀਆਂ ਅਤੇ ਮੋਟੀਆਂ ਚੀਜ਼ਾਂ ਨੂੰ 'ਪੁਲਿੰਗ' ਸ਼੍ਰੇਣੀ ‘ਚ ਰੱਖਿਆ ਗਿਆ
ਹੈ। ਕੁਝ ਹੋਰ ਵਿਦਵਾਨਾਂ ਦੇ ਅਨੁਸਾਰ, ਸ਼ਬਦ ਸਾਡੇ ਸਮਾਜਕ ਅਤੇ ਸਭਿਆਚਾਰਕ
ਢਾਂਚੇ ‘ਚੋਂ ਉਪਜਦੇ ਹਨ ਅਤੇ ਉਸੇ ਤਰਾਂ ਚਲਦੇ ਆਏ ਹਨ। ਉਹਨਾਂ ਮੁਤਾਬਕ ਅਹੁਦਿਆਂ
ਨੂੰ ਦਰਸਾਉਂਦੇ ਸ਼ਬਦਾਂ ਨੂੰ ‘ਲਿੰਗ ਰਹਿਤ’ (‘ਜੈਂਡਰ ਨਿਊਟ੍ਰਲ’) ਰੱਖਿਆ ਜਾਵੇ।
ਜਿਵੇਂ ਪਟਵਾਰੀ, ਡਾਕਟਰ, ਪ੍ਰੋਫ਼ੈਸਰ, ਵਕੀਲ, ਸਰਪੰਚ, ਪ੍ਰਧਾਨ, ਮੰਤਰੀ ਆਦਿ।
ਉਹਨਾਂ ਨੇ ‘ਰਾਸ਼ਟਰਪਤੀ’ ਵੀ ਇਸੇ ਸ਼੍ਰੇਣੀ ਹੇਠ ਰੱਖਿਆ ਹੈ। ਪਰ ਮੈਂ ਸਮਝਦੀ ਹਾਂ
ਕਿ ‘ਰਾਸ਼ਟਰਪਤੀ’ ਲਿੰਗ ਰਹਿਤ ਹੋਣ ਦੀ ਥਾਂ ਇਸ ਵਿਚਲਾ ‘ਪਤੀ’ ਸ਼ਬਦ ਲਿੰਗ
ਸ਼੍ਰੇਣੀ ਦਾ ਠੋਸ ਲਖਾਇਕ ਹੈ। ਅਹੁਦਿਆਂ ਨੂੰ ਲਿੰਗ ਰਹਿਤ ਰੱਖਣ ਦੀ ਸਲਾਹ ਦੇਣ
ਵਾਲਿਆਂ ਦੀ ਇਹ ਰਾਇ ਵੀ ਹੈ ਕਿ ਪਟਵਾਰੀ ਦੀ ਪਤਨੀ (ਜਿਹੜੀ ਪਟਵਾਰ ਨਹੀਂ ਜਾਣਦੀ)
ਨੂੰ ਪਟਵਾਰਨ, ਡਾਕਟਰ ਦੀ ਪਤਨੀ (ਜਿਹੜੀ ਡਾਕਟਰੀ ਨਹੀਂ ਜਾਣਦੀ) ਨੂੰ ਡਾਕਟਰਨੀ,
ਪ੍ਰੋਫ਼ੈਸਰ ਦੀ ਪਤਨੀ (ਜਿਸਦਾ ਪੜ੍ਹਾਉਣ ਨਾਲ ਕੋਈ ਸੰਬੰਧ ਨਹੀਂ ਹੈ) ਨੂੰ
ਪ੍ਰੋਫ਼ੈਸਰਨੀ, ਵਕੀਲ ਦੀ ਪਤਨੀ (ਜਿਸ ਨੂੰ ਵਕਾਲਤ ਬਾਰੇ ਕੋਈ ਗਿਆਨ ਨਹੀਂ ਹੈ) ਨੂੰ
ਵਕੀਲਣੀ, ਸਰਪੰਚ ਦੀ ਪਤਨੀ ਨੂੰ (ਜਿਸ ਨੂੰ ਸਰਪੰਚੀ ਬਾਰੇ ਕੁਝ ਨਹੀਂ ਪਤਾ) ਸਰਪੰਚਣੀ
ਆਦਿ ਕਹਿ ਲਿਆ ਜਾਵੇ ਤਾਂ ਠੀਕ ਹੈ। ਪਰ ਫਿਰ ਉਹਨਾਂ ਕੋਲ ਇਸ ਗੱਲ ਦਾ ਕੋਈ
ਜੁਆਬ ਨਹੀਂ ਹੈ ਕਿ ਜੇ ਕੋਈ ਔਰਤ ਪਟਵਾਰੀ, ਡਾਕਟਰ, ਪ੍ਰੋਫ਼ੈਸਰ, ਵਕੀਲ, ਸਰਪੰਚ ਆਦਿ
ਅਹੁਦਿਆਂ ‘ਤੇ ਹੈ ਤਾਂ ਫਿਰ ਉਸ ਦੇ ਪਤੀ ਨੂੰ ਕੀ ਕਹਾਂਗੇ? ਇੱਥੇ ਇੱਕ ਗੱਲ ਤਾਂ
ਸਪੱਸ਼ਟ ਹੈ ਕਿ ਅਸੀਂ ਪਤਨੀ ਨੂੰ ਪਤੀ ਦੇ ਨਾਲ ਜੋੜਦੇ ਹਾਂ, ਪਰ ਪਤੀ ਨੂੰ ਪਤਨੀ ਨਾਲ
ਨਹੀਂ। ਇਹ ਗੱਲ ਅਹੁਦੇ ਅਤੇ ਗੋਤ ਦੋਹਾਂ ਮਾਮਲਿਆਂ ‘ਚ ਲਾਗੂ ਹੁੰਦੀ ਹੈ। ਸਾਡੀ ਸੋਚ
ਹਾਲੇ ਵੀ ਇਹੀ ਹੈ ਕਿ ਪਤੀ ਦਾ ਅਹੁਦਾ ਅਤੇ ਗੋਤ ਔਰਤ ਨੂੰ ਨਵੀਂ ਪਛਾਣ ਦੇ ਸਕਣ ਦੇ
ਕਾਬਲ ਹਨ, ਪਰ ਪਤਨੀ ਦਾ ਅਹੁਦਾ ਅਤੇ ਗੋਤ ਬੇ-ਅਰਥੇ ਹਨ। ਸ਼ਾਇਦ ਸਾਡੀ ਸੋਚ ਦੇ
ਦਾਇਰੇ ਤੋਂ ਬਾਹਰ ਦੀਆਂ ਗੱਲਾਂ ਹਨ ਇਹ ਸਭ।
ਆਓ ਇਸ ਸਥਿਤੀ ਨੂੰ ਹੋਰ ਸੌਖੇ
ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ। ਜੇ ਪਤੀ ਵਕੀਲ ਹੈ ਤਾਂ ਕੇਵਲ ਉਹੀ ਵਕੀਲ ਹੈ,
ਪਤਨੀ ਨੂੰ ਵਕੀਲਣ ਜਾਂ ਵਕੀਲਣੀ ਕਹਿਣ ਦੀ ਲੋੜ ਕੀ ਹੈ? ਇਸੇ ਤਰਾਂ ਜੇ ਪਤਨੀ ਵਕੀਲ
ਹੈ ਤਾਂ ਉਹੀ ਵਕੀਲ ਹੈ, ਉਸ ਦੇ ਪਤੀ ਦਾ ਰੁਤਬਾ ਦਰਸਾਉਣ ਲਈ ਕੋਈ ਨਵਾਂ ਸ਼ਬਦ ਲੱਭਣ
ਦੀ ਲੋੜ ਨਹੀਂ ਹੈ। ਕਿੱਤੇ ਵਜੋਂ ਜਿਸ ਦਾ ਰੁਤਬਾ ਜੋ ਹੈ ਉਹੀ ਰਹੇ, ਜੇ ਵਕੀਲ ਦੀ
ਪਤਨੀ ਕਿਸੇ ਹੋਰ ਕਿੱਤੇ ‘ਚ ਹੈ (ਮੰਨ ਲਓ ਡਾਕਟਰ, ਫ਼ੈਸ਼ਨ ਡਿਜ਼ਾਇਨਰ, ਸਾਇੰਸਦਾਨ
ਜਾਂ ਲ਼ੇਖਕ ਜਾਂ ਕੁਝ ਹੋਰ) ਤਾਂ ਉਹ ਵਕੀਲਣੀ ਕਿਉਂ ਕਹਾਵੇ? ਬੀਤੇ ਸਮੇਂ
‘ਚ ਜਦ ਔਰਤਾਂ ਕੋਲ ਪੜ੍ਹਨ-ਲਿਖਣ ਅਤੇ ਘਰੋਂ ਬਾਹਰ ਕੰਮ ਕਰਨ ਦੇ ਮੌਕੇ ਘੱਟ ਸਨ,
ਸ਼ਾਇਦ ਉਹਨਾਂ ਨੂੰ ਪਤੀ ਦੇ ਅਹੁਦੇ ਨਾਲ ਜੋੜ ਕੇ ਉਹਨਾਂ ਦਾ ਰੁਤਬਾ ਉੱਚਾ ਕਰਨ ਜਾਂ
ਦਿਖਾਉਣ ਲਈ ਉਹਨਾਂ ਨੂੰ ਅਜਿਹੇ ਤਰੀਕੇ ਨਾਲ ਸੰਬੋਧਨ ਕਰਨਾ ਠੀਕ ਸਮਝਿਆ ਜਾਂਦਾ ਸੀ,
ਜਾਂ ਕਿਸੇ ਹੱਦ ਤੱਕ ਉਹ ਖ਼ੁਦ ਵੀ ਇਸ ‘ਮਾਣ’ ਨੂੰ ਹਾਸਲ ਕਰਨ ‘ਚ ਖ਼ੁਸ਼ੀ ਮਹਿਸੂਸ
ਕਰਦੀਆਂ ਸਨ। ਇਹ ਸੰਬੋਧਨ ਉਸ ਸਮੇਂ ਦੇ ਸਮਾਜ ਨੇ ਹੀ ਉਸ ਨੂੰ ਦਿੱਤੇ ਸਨ। ਪਰ ਹੁਣ
ਬਹੁਤ ਕੁਝ ਬਦਲ ਚੁੱਕਾ ਹੈ। ਅੱਜ-ਕਲ੍ਹ ਪਤੀ-ਪਤਨੀ ਇਕੱਠੇ ਰਹਿ ਕੇ, ਆਪੋ ਆਪਣੇ
ਕਿੱਤਿਆਂ ‘ਚ ਆਪੋ ਆਪਣੀ ਵੱਖਰੀ ਪਛਾਣ ਰੱਖਦੇ ਹੋਏ, ਇੱਕ ਦੂਜੇ ਦੇ ਸਮਾਜਿਕ ਰੁਤਬੇ
ਦਾ ਮਾਣ ਜ਼ਰੂਰ ਕਰਦੇ ਹਨ, ਪਰ ਦੋਹਾਂ ਦੀ ਵਿਅਕਤੀਗਤ ਪਛਾਣ ਕਾਇਮ ਰਹਿੰਦੀ ਹੈ। (ਇਕ
ਦੂਜੇ ਦੇ ਰੁਤਬੇ ਦਾ ਲਾਹਾ ਲੈਣਾ ਵੱਖਰਾ ਵਿਸ਼ਾ ਹੈ, ਉਸ ਬਾਰੇ ਗੱਲ ਕਦੇ ਫਿਰ ਸਹੀ)
ਵੈਸੇ ਹੋਣਾ ਵੀ ਇਸੇ ਤਰਾਂ ਚਾਹੀਦਾ ਹੈ। ਦੋਹਾਂ ਦਾ ਮਾਣ ਅਤੇ ਸ੍ਵੈਮਾਣ ਬਣੇ ਰਹਿੰਦੇ
ਹਨ। ਗੱਲ ‘ਰਾਸ਼ਟਰਪਤੀ/ ਰਾਸ਼ਟਰਪਤਨੀ’ ਤੋਂ ਸ਼ੁਰੂ ਹੋਈ ਸੀ। ਪਰ ਮੈਂ
ਇੱਥੇ ‘ਰਾਸ਼ਟਰਪਿਤਾ’ ਬਾਰੇ ਵੀ ਗੱਲ ਕਰਨਾ ਚਾਹੁੰਦੀ ਹਾਂ। ਮੰਨ ਲਓ ਕਿ ਅੱਜ ਭਾਰਤ
ਵਿੱਚ ਕਿਸੇ ਔਰਤ ਨੂੰ ਮਹਾਤਮਾ ਗਾਂਧੀ ਵਰਗਾ ਮਾਣ-ਤਾਣ ਦਿੱਤਾ ਜਾਣਾ ਹੋਵੇ ਤਾਂ ਉਸ
ਨੂੰ ਕੀ ਕਹੋਗੇ? ਰਾਸ਼ਟਰਪਿਤਾ ਤਾਂ ਬਿਲਕੁਲ ਨਹੀਂ ਨਾ? ਯਕੀਨਨ ਤੌਰ ‘ਤੇ
‘ਰਾਸ਼ਟਰਮਾਂ ਜਾਂ ਰਾਸ਼ਟਰਮਾਤਾ’ ਹੀ ਕਹੋਗੇ ਨਾ? ਜਾਂ ਕੁਝ ਹੋਰ? ਹੁਣ ਪਿਤਾ ਅਤੇ
ਮਾਤਾ ਦੀ ਭੂਮਿਕਾ ਵੀ ਤਾਂ ਬਰਾਬਰ ਹੀ ਹੁੰਦੀ ਹੈ, ਬਿਲਕੁਲ ਉਸੇ ਤਰਾਂ ਜਿਵੇਂ
ਪਤੀ-ਪਤਨੀ ਦੀ ਹੈ। ਸੁਆਲ ਉੱਥੇ ਹੀ ਖੜ੍ਹਾ ਹੈ ਕਿ ਜੇ ‘ਰਾਸ਼ਟਰਪਤੀ’ ਆਦਰਯੋਗ ਹੈ,
ਤਾਂ ‘ਰਾਸ਼ਟਰਪਤਨੀ’ ਅਪਮਾਨਜਨਕ ਕਿਵੇਂ ਹੈ? ਰਾਸ਼ਟਰਪਤੀ ਕਹਿਣ ਵੇਲੇ
ਸਾਨੂੰ ਉਸ ਸ਼ਬਦ ਵਿਚਲਾ ‘ਪਤੀ’ ਉਹ ਕੇਵਲ ਰਾਸ਼ਟਰ ਦਾ ਸਵਾਮੀ, ਮੁਖੀ, ਸ਼ਾਸਕ ਆਦਿ
ਦਿਸ ਰਿਹਾ ਹੈ, ਪਰ ‘ਰਾਸ਼ਟਰਪਤਨੀ’ ਕਹਿਣ ਵੇਲੇ ਸਾਨੂੰ ਉਸ ਸ਼ਬਦ ਵਿਚਲੀ ‘ਪਤਨੀ’
ਪੂਰੇ ਰਾਸ਼ਟਰ ਦੇ ਆਦਮੀਆਂ ਦੀ ਪਤਨੀ ਦਿਸ ਰਹੀ ਹੈ ਅਤੇ ਇਹ ਅਪਮਾਨਜਨਕ ਇਸ ਲਈ ਹੈ ਕਿ
ਸਾਡੇ ਅਚੇਤ ਮਨਾਂ ਦੇ ਅੰਦਰ ਅਸੀਂ ‘ਪਤਨੀ’ ਸ਼ਬਦ ਨੂੰ ਅਧੀਨਗੀ ਜਾਂ ਗ਼ੁਲਾਮੀ ਦੇ
ਨਾਲ ਜੋੜਿਆ ਹੋਇਆ ਹੈ, ਇਹ ਸ਼ਬਦ ਸਾਨੂੰ ਮਾਲਕਣ, ਮੁਖੀ, ਸ਼ਾਸਕ ਜਾਂ ਸਵਾਮਣ ਵਜੋਂ
ਨਹੀਂ ਦਿਸਦਾ। ਜੇ ਅਜਿਹਾ ਨਹੀਂ ਹੈ ਤਾਂ ਦੱਸੋ ‘ਪਤਨੀ’ ਹੋਣਾ ਅਤੇ ਉਹ ਵੀ
‘ਰਾਸ਼ਟਰਪਤਨੀ’ ਹੋਣਾ ਅਪਮਾਨਜਨਕ ਕਿਵੇਂ ਹੈ? ਸਿਰਫ਼ ਇਸ ਲਈ ਕਿ ਅਸੀਂ ਪਤੀ ਦੇ ਅਰਥ
ਵਿਸ਼ਾਲ ਲੈਂਦੇ ਹਾਂ ਅਤੇ ਪਤਨੀ ਦੇ ਅਰਥ ਸੁੰਗੇੜ ਕੇ ਦੇਖਦੇ ਹਾਂ, ਕਿਉਂ ਕਿ
ਪਿੱਤਰਸੱਤਾ ਨੇ ਸਾਨੂੰ ਇਹੀ ਸਿਖਾਇਆ ਹੈ। ਜੇ ਬਰਾਬਰ ਤੋਲਣਾ ਚਾਹੁੰਦੇ ਹੋ ਤਾਂ
ਆਪਣੀਆਂ ਤੱਕੜੀਆਂ ਪਾਂਸਕੂ ਕਰੋ ਪਹਿਲਾਂ, ਨਹੀਂ ਤਾਂ ਗ਼ਲਤ ਹੀ ਤੋਲੋਗੇ ਅਤੇ ਗ਼ਲਤ
ਹੀ ਬੋਲੋਗੇ। ਜੇ ‘ਰਾਸ਼ਟਰਪਤਨੀ’ ਅਪਮਾਨਜਨਕ ਹੈ ਤਾਂ ਰਾਸ਼ਟਰਪਤੀ ‘ਚ ਵੀ
ਕੋਈ ਮਾਣ ਨਹੀਂ ਹੈ। ਪਿੱਤਰਸੱਤਾ ਦੇ ਪ੍ਰਭਾਵ ਹੇਠ ਬਣੇ ਸ਼ਬਦਾਂ ਨੂੰ ਖ਼ਤਮ ਕਿਉਂ
ਨਹੀਂ ਕਰ ਸਕਦੇ? ਬਹੁਤ ਸਾਰੀਆਂ ਔਰਤ ਜੱਥੇਬੰਦੀਆਂ ‘ਰਾਸ਼ਟਰਪਤਨੀ’ ਸ਼ਬਦ ਦੇ
ਖ਼ਿਲਾਫ਼ ਉੱਠ ਖੜ੍ਹੀਆਂ ਹਨ, ਪਰ ‘ਰਾਸ਼ਟਰਪਤੀ’ ਉਹਨਾਂ ਨੂੰ ਕਿਉਂ ਠੀਕ ਲੱਗ ਰਿਹਾ
ਹੈ? ਇਹ ਵੀ ਪਿੱਤਰਸੱਤਾ ਦੀ ਡੂੰਘੀ ਛਾਪ ਦਾ ਪ੍ਰਭਾਵ ਹੈ। ਗੱਲ ਤਾਂ ਫਿਰ ਬਣਦੀ ਜੇ
ਕੋਈ ਇਸ ‘ਪਤੀ-ਪਤਨੀ’ ਦੇ ਚੱਕਰ ਦਾ ਪਤਨ ਕਰਨ ਦੀ ਗੱਲ ਛੇੜਦਾ ਜਾਂ ਛੇੜਦੀ।
‘ਪ੍ਰੈਜ਼ੀਡੈਂਟ’ ਦਾ ਉਲੱਥਾ ਕਰਨਾ ਸੀ ਤਾਂ ‘ਪ੍ਰਧਾਨ’ ਵੀ ਹੋ ਸਕਦਾ ਸੀ, ਪਰ
ਸਾਡੇ 'ਰਾਸ਼ਟਰ' ਵਾਲਿਆਂ ਨੇ ਅਜਿਹਾ ਨਹੀਂ ਕੀਤਾ, ਸਗੋਂ ਰਾਸ਼ਟਰਪਤੀ ਬਣਾ ਲਿਆ।
ਅੰਗਰੇਜ਼ੀ ਵਾਲਿਆਂ ਨੇ “ਚੇਅਰਮੈਨ” ਨੂੰ “ਚੇਅਰਪਰਸਨ” ਬਣਾ ਲਿਆ ਹੈ, ਕਿਉਂ ਕਿ ਅਗਲੇ
ਸੁਣਦੇ ਹਨ, ਸਮਝਦੇ ਹਨ, ਵਿਚਾਰ ਕਰਦੇ ਹਨ। ਅਫ਼ਸੋਸ ਕਿ ਸਾਡੇ ਵਾਲਿਆਂ ਨੂੰ ਨਾ
ਸੁਣਨਾ ਆਉਂਦਾ, ਨਾ ਸਮਝਣਾ ਆਉਂਦਾ ਨਾ ਵਿਚਾਰ ਕਰਨਾ ਆਉਂਦਾ। ਸ਼ਕਤੀਸ਼ਾਲੀ ਨੂੰ ਆਪਣਾ
ਦਾਬਾ ਪਾ ਕੇ ਆਪਣੀ ਗੱਲ ਮੰਨਵਾਉਣੀ ਆਉਂਦੀ ਹੈ। ‘ਰਾਸ਼ਟਰਪਤੀ’ ਬੀਬੀ ਦਰੋਪਦੀ ਨੂੰ
ਵੀ ਕੁਝ ਬੋਲਣਾ ਚਾਹੀਦਾ ਇਸ ਬਾਰੇ, ਵੈਸੇ ਕਿਸੇ ਰਾਸ਼ਟਰ ਦੇ ਸਵਾਮੀ, ਮੁਖੀ ਅਤੇ
ਰਖਵਾਲੇ ਦੀ ਸਥਿਤੀ ਏਨੀ ਵੀ ਕਮਜ਼ੋਰ ਨਾ ਹੋਵੇ ਕਿ ਕੋਈ ਉਸ ਨੂੰ ਕਿਵੇਂ ਸੰਬੋਧਨ
ਕਰੇ, ਇਸ ਬਾਰੇ ਫ਼ੈਸਲਾ ਕਰਨ ਦਾ ਹੱਕ ਵੀ ਨਾ ਹੋਵੇ ਉਸ ਕੋਲ।
ਨਵਜੋਤ
ਢਿੱਲੋਂ
|