ਉਹ
ਝਿੰਮਣਾਂ ਨਾਲ਼ ਕਸੁੰਭੜੇ ਚੁਗਣ ਵਾਲੀ ਰੁੱਤ ਸੀ, ਸੰਦਲੀ ਜਿਹੀ ਦੁਪਹਿਰ,
ਹੋਲੀ ਦੀਆਂ ਮਸਤੀਆਂ ਵਿੱਚ ਨਹਾਤੀ ਹੋਈ, ਅੱਲ੍ਹੜ ਸ਼ਰਾਰਤਾਂ ਨਾਲ ਚਹਿਕਦੀ
ਹੋਈ। ਗੁਲਾਲ ਮਲ਼, ਭੱਜ-ਭਜਾ, ਰੰਗਦਾਰ ਪਾਣੀਆਂ ਦੀਆਂ ਬਾਲਟੀਆਂ ਮੁਧਿਆ,
ਅਸੀਂ ਹੰਭੀਆਂ ਹੁੱਟੀਆਂ ਕੰਧ ਦੀ ਟੇਕ ਲੈ ਕੇ ਬੈਠੀਆਂ ਹੀ ਸੀ ਕਿ
ਚੌਂਕੀਦਾਰ ਦਾ ਹੋਕਾ ਸੁਣਿਆ,“ ਗੁਰਮਿੰਦਰ ਡਾਕਟਰ ਸਾਹਬ ਕੇ ਗੈਸਟ ਹੈਂ,
ਨੀਚੇ ਗੈਸਟ-ਰੂਮ ਮੇਂ ਪਹੁੰਚੇਂ! ਡਾਕਟਰ ਸਾਹਬ ਗੁਰਮਿੰਦਰ ਕੇ…!”
“ ਕੌਣ ਹੋਇਆ ਅੱਜ ਦੇ ਦਿਨ ? ” ਬਾਥਰੂਮ ਵਿੱਚ ਮੂੰਹ ਧੋਂਦੀ ਮੈਂ ਸੋਚਣ
ਲੱਗੀ। ਰੰਗ ਮੁੱਕ ਗਏ ਤਾਂ ਅਸੀਂ ਇੱਕ ਦੂਜੀ ਦੇ ਚਿਹਰੇ ਨੀਲੀ ਸਿਆਹੀ ਨਾਲ਼
ਲਿੱਪ ਦਿੱਤੇ ਸੀ ਤੇ ਹੁਣ ਇਹ ਸਿਆਹੀ ਸਾਬਣ ਮਲ਼ ਮਲ਼ ਕੇ ਵੀ ਉੱਤਰ ਨਹੀਂ ਸੀ
ਰਹੀ।
“ ਚਲੋ ਕੋਈ ਆਪਣਾ ਈ ਹੋਊ!” ਮੈਂ ਤੌਲੀਏ ਨਾਲ਼ ਚਿਹਰਾ ਦੱਬ
ਦੱਬ ਕੇ ਰਗੜਨ ਲੱਗੀ ਤੇ ਫਿਰ ੳਵੇਂ ਜਿਵੇਂ ਹੀ ਬਿੱਖਰੇ ਵਾਲ਼ੀਂ ਹੇਠਾਂ ਆ
ਗਈ। ਵੇਟਿੰਗ ਰੂਮ ਵਿੱਚ ਕਾਫੀ ਲੋਕ ਖੜ੍ਹੇ ਸਨ ਪਰ ਮੇਰੀ ਜਾਣ-ਪਛਾਣ ਦਾ
ਤਾਂ ਕੋਈ ਵੀ ਨਹੀਂ ਸੀ।
“ ਇਹ ਚੌਂਕੀਦਾਰ ਵੀ ਅਜੀਬ ਐ, ਭੋਰਾ ਕੁ
ਉੱਚਾ ਸੁਣਦੈ, ਹਰਜੀਤ ਦੇ ਮਹਿਮਾਨ ਆਉਣ ਤਾਂ ਗੁਰਜੀਤ ਨੂੰ ਬੁਲਾ ਲਿਆਉਂਦੈ,
ਨਰਿੰਦਰ ਦੇ ਆਉਣ ਤਾਂ ਸੁਰਿੰਦਰ ਨੂੰ ਬੁਲਾ ਲਿਆਉਂਦੈ, ਨਿੱਤ ਕੁੜੀਆਂ ਤੋਂ
ਡਾਂਟ ਖਾਂਦੈ।” ਮਨ ਹੀ ਮਨ ਕਹਿੰਦੀ ਉਸ ਵਿਚਾਰੇ ਨੂੰ ਡਾਂਟਣ ਲੱਗੀ,“ ਮੋਹਣ
ਲਾਲ ! ਤੈਥੋਂ ਚੰਗੀ ਤਰ੍ਹਾਂ ਨੀ ਸੁਣ ਹੁੰਦਾ ? ਹੁਣ ਦੱਸ ਕੌਣ ਮਿਲਣ ਆਇਐ
ਮੈਨੂੰ? ਤੀਜੀ ਮੰਜ਼ਿਲ ਤੋਂ ਸੱਦ ਕੇ ਲਿਆਇਐਂ! ਧਿਆਨ ਕਿੱਥੇ ਰਹਿੰਦੈ ਤੇਰਾ?
ਕੁਸ਼ ਅਕਲ ਤੋਂ…!”
“ ਆਰ ਯੂ ਡਾਕਟਰ ਗੁਰਮਿੰਦਰ?
ਆਈ ਐਮ ਕੈਪਟਨ ਬਲਦੇਵ ਸਿੰਘ ਫਰਾਮ ਜੰਮੂ!” ਇੱਕ ਬਾਂਕਾ ਸਜੀਲਾ ਫੌਜੀ
ਗੱਭਰੂ ਮੇਰੇ ਵੱਲ ਓਕੜਿਆ।
ਮੇਰੇ ’ਤੇ ਜਾਣੀ ਸੱਤ ਘੜੇ ਪਾਣੀ ਪੈ
ਗਿਆ। ਇਹ ਪਾਪਾ ਜੀ ਦੇ ਫੌਜੀ ਦੋਸਤ ਦਾ ਬੇਟਾ ਸੀ, ਜਿਹਦੇ ਨਾਲ਼ ਮੇਰੇ ਸਾਕ
ਦੀ ਗੱਲਬਾਤ ਚੱਲ ਰਹੀ ਸੀ, ਉਹਦੇ ਬਾਰੇ ਬਹੁਤ ਕੁਝ ਸੁਣਿਆ ਹੋਇਆ ਸੀ ਮੈਂ,
ਸਿਰਫ਼ ਸੁਣਿਆ ਹੀ ਨਹੀਂ, ਇਸ ਨਾਂ ਦੇ ਤਾਂ ਸੁਫ਼ਨੇ ਵੀ ਬੁਣਨੇ ਸ਼ੁਰੂ ਕਰ
ਦਿੱਤੇ ਸਨ। ਪਰ ਉਹ ਇੰਝ ਅਚਾਨਕ? ਬਿਨਾਂ ਖ਼ਬਰ ਦਿੱਤਿਆਂ? ਮੇਰੇ
ਸਾਹਮਣੇ...? ਮੈਂ ਤਾਂ ਭਮੱਤਰ ਜਿਹੀ ਗਈ।
ਗੈਸਟ ਰੂਮ ਵਿਹਲਾ ਨਹੀਂ ਸੀ, ਬਾਹਰ ਲਾਅਨ ਵਿੱਚ ਹੀ ਦੋ
ਕੁਰਸੀਆਂ ਡਾਹ ਲਈਆਂ ਤੇ ਆਹਮੋ-ਸਾਹਮਣੇ ਬੈਠ ਗਏ, “ ਕੀ ਹਾਲ ਐ?...ਘਰ ਦੇ
ਕਿਵੇਂ ਨੇ?...ਪੜ੍ਹਾਈ ਕਿੱਦਾਂ ਚੱਲਦੀ ਐ?...ਤੁਹਾਡੀ ਨੌਕਰੀ ਕਿਵੇਂ?...”
ਵਰਗੀਆਂ ਰਸਮੀ ਗੱਲਾਂ ਪਲਾਂ ਵਿਚ ਮੁੱਕ ਗਈਆਂ, ਮੈਂ ਘਬਰਾਈ ਜਿਹੀ ਚੁੰਨੀ
ਦਾ ਲੜ ਚੀਚੀ ਉੱਤੇ ਲਪੇਟਦੀ ਰਹੀ, ਫਿਰ ਅਚਾਨਕ ਉੱਠੀ,“ ਮੈਂ ਚਾਹ ਲਈ ਆਖ
ਆਵਾਂ…ਮੈੱਸ ਵਿੱਚ..!” ਕਹਿ ਕੇ ਅੰਦਰ ਬਾਥਰੂਮ ਵਿੱਚ ਗਈ, ਪਾਣੀ ਪੀਤਾ,
ਸ਼ੀਸ਼ੇ ਵਿੱਚ ਦੇਖਦਿਆਂ ਖਿੱਲਰੇ ਵਾਲ਼ਾਂ ਉਤੇ ਸੂਈਆਂ ਟੰਗੀਆਂ ਤੇ ਉਵੇਂ
ਜਿਵੇਂ ਬਾਹਰ ਆ ਗਈ।
ਗੱਲ ਤਾਂ ਸਾਨੂੰ ਦੋਵਾਂ ਨੂੰ ਕੋਈ ਔੜ ਨਹੀਂ ਰਹੀ ਸੀ।
ਉਹਨੇ ਬਹੁਤ ਵਧੀਆ ਸਮਝਿਆ ਜਾਂਦਾ ‘ਲਿਟਮੈਨ’ ਦਾ ਸਟੈਥੋਸਕੋਪ ਦਿੱਤਾ, ਮੈਂ
‘ਥੈਂਕਯੂ’ ਕਿਹਾ ਤੇ ਫਿਰ ਚੁੱਪ-ਚਾਂਦ...ਮੈਂ ਘੜੀ ਮੁੜੀ ਪਿਛੇ ਗਰਦਣ ਭੁਆ
ਕੇ ਦੇਖਦੀ ਕਿ ਚਾਹ ਵਾਲ਼ਾ ਹੀ ਆ ਜਾਵੇ ਤੇ ਮੇਰੀ ਕੁਝ ਦੇਰ ਲਈ ਬੰਦ-ਖੁਲਾਸੀ
ਹੋਵੇ, ਪਰ ਉਹ ਕਿੱਥੋਂ ਆਉਂਦਾ...ਮੈਂ ਤਾਂ ਬਿਨਾਂ ਮੈੱਸ ਵਿੱਚ ਗਏ ਹੀ ਪਰਤ
ਆਈ ਸੀ। ਇਸ ਕੁਤਾਹੀ ਦਾ ਚੇਤਾ ਆਇਆ ਤਾਂ ਬੋਲੀ, “ ਮੈਂ ਫਿਰ ਦੇਖ ਕੇ ਆਉਨੀ
ਆਂ ਕਿ ਚਾਹ ਕਿਉਂ ਨਹੀਂ ਆਈ, ਏਥੋਂ ਦੇ ਨੌਕਰ ਵੀ ਬੜੇ ਲਾਪਰਵਾਹ ਨੇ।” ਉਹ
ਹਲਕਾ ਜਿਹਾ ਮੁਸਕੁਰਾਇਆ।
ਆਖ਼ਿਰ ਚਾਹ ਆ ਹੀ ਗਈ… ਨਾਲ਼ ਟੋਸਟ…ਜਿਵੇਂ ਕਿਵੇਂ
ਵਕਤ ਲੰਘਿਆ ਤੇ ਉਹ ‘ਫਿਰ ਮਿਲ਼ਾਂਗੇ ...!’ ਕਹਿ ਕੇ ਤੁਰ ਗਿਆ। ਪਰ ਉਹਦੇ
ਮੱਠੇ-ਮੱਠੇ ਬੋਲ ਤੇ ਦਿਲਫ਼ਰੇਬ ਨੈਣਾਂ ਦੀ ਕਸ਼ਿਸ਼ ਮੇਰੇ ਕੋਲ਼ ਹੀ ਰਹਿ ਗਏ।
ਇਸ ਮੁਲਾਕਾਤ ਨੇ ਮੇਰੇ ਸਾਰੇ ਸੁਫ਼ਨੇ ਮਜੀਠ ਕਰ ਦਿੱਤੇ। ਹੋਲੀ ਦੇ ਸਾਰੇ
ਰੰਗ ਮਨ ਦੀਆਂ ਕੱਚੀਆਂ ਕੋਰੀਆਂ ਤੰਦਾਂ ਉੱਤੇ ਗੂੜ੍ਹੇ ਪੱਕੇ ਚੜ੍ਹ ਗਏ।
ਹੁਣ ਤਾਂ ਕਦੀ ਦਿਲ ਦੀ ਬਗੀਚੀ ਵਿੱਚ ਮੋਤੀਆ ਚੰਬੇਲੀ ਖਿੜਦੇ, ਕਦੀ ਮਨ ਦੇ
ਚੁਬਾਰੇ ਵਿੱਚ ਰੀਝਾਂ ਦੀ ਸਿਤਾਰ ਵੱਜਦੀ। ਰੋਜ਼ ਰਾਤ ਬਹਾਰ ਮੇਰੇ ਸਿਰਹਾਣੇ
ਆ ਬੈਠਦੀ, ਰੋਜ਼ ਸਵੇਰ ਸੂਰਜ ਮੇਰੇ ਇਸ਼ਕ ਨੂੰ ਸਿਜਦਾ ਕਰਦਾ...ਕਿ ਇੱਕ ਦਿਨ
ਇਹ ਸਤਰੰਗੀ ਪੀਂਘ ਤੜੱਕ ਕਰਕੇ ਟੁੱਟ ਗਈ।
ਦੋ ਮਹੀਨੇ ਦੀਆਂ
ਛੁੱਟੀਆਂ…ਗੋਰੀ ਗੋਰੀ ਚਾਨਣੀ ਵਿੱਚ ਮੈਂ ਕੋਠੇ ’ਤੇ ਅਧ-ਸੁੱਤੀ ਜਿਹੀ ਪਈ
ਸਾਂ। ਮੁੰਦੀਆਂ ਪਲਕਾਂ ਵਿੱਚ ਮਹਿਬੂਬ ਚਿਹਰਾ ਲਹਿਰਾ ਰਿਹਾ ਸੀ, ਉਹਨੂੰ
ਮਿਲਣ ਦੀ ਤਾਂਘ ਰੂਹ ਦੇ ਬਨੇਰੇ ’ਤੇ ਔਸੀਆਂ ਪਾ ਰਹੀ ਸੀ। ਨਾਲ਼ ਦੇ ਮੰਜੇ
’ਤੇ ਹੋ ਰਹੀ ਖ਼ੁਸਰਫੁਸਰ ਵਿੱਚ ਆਪਣਾ ਨਾਂ ਸੁਣ ਕੇ ਮੈਂ ਕੰਨ ਚੁੱਕ ਲਏ,
“ ਬੱਚਿਆਂ ਦੀ ਭਾਵਨਾ ਦਾ ਖਿਆਲ ਰੱਖਣਾ ਚਾਹੀਦੈ! ਹੁਣ ਦੇਖ ਲਓ ਬਾਈ ਜੀ!
ਆਪਣੀ ਗੁਰਮਿੰਦਰ ਲਈ ਕੈਪਟਨ ਲੜਕਾ ਦੇਖਿਆ ਸੀ, ਡਾਕਟਰ ਐ ਆਰਮੀ ’ਚ, ਪਰ
ਇਹਨੂੰ ਪਸਿੰਦ ਨੀ ਆਇਆ। ਮੈਂ ਰਿਸ਼ਤੇ ਨੂੰ ਨਾਂਹ ਕਰ’ਤੀ।”
“ ਚੰਗਾ
ਕੀਤਾ ਕਰਨੈਲ! ਹੁਣ ਫਿਰ ਕੋਈ ਹੋਰ ਲੜਕਾ ਭਾਲ਼ੋ! ਪੜ੍ਹਾਈ ਮੁੱਕਣ ਆਲ਼ੀ ਐ
ਇਹਦੀ।”
ਕਿੰਨੇ ਹੀ ਵਰ੍ਹੇ ਪਹਿਲਾਂ ਮੇਰੇ ਪਾਪਾ ਜੀ ਤੇ
ਦਾਦਾ ਜੀ ਸਲਾਹੀਂ ਪਏ ਸਨ। ਮੇਰੇ ਤਾਂ ਜਿਵੇਂ ਕੋਈ ਬਿੱਛੂ ਲੜ ਗਿਆ, ਮੈਂ ਤ੍ਰਬ੍ਹਕ ਕੇ ਉੱਠ ਬੈਠੀ।
ਇੱਕ ਦਿਨ ਭੂਆ ਜੀ ਨੇ ਮੇਰੇ ਸਿਰ ’ਚ ਤੇਲ ਝਸਦਿਆਂ ਇਸ ਮੁੰਡੇ ਬਾਰੇ ਮੇਰੀ
ਰਾਇ ਪੁੱਛੀ ਸੀ। ਅੰਤਾਂ ਦੀ ਸੰਗਦੀ ਸ਼ਰਮਾਉਂਦੀ ਨੇ ਮੈਂ ਟਾਲਣ ਲਈ ਕਹਿ
ਦਿੱਤਾ ਸੀ, “ ਮੈਂ ਨੀ ਅਜੇ ਵਿਆਹ ਕਰਾਉਣਾ।”
ਮੇਰੇ ਕਥਨ ਦਾ ਉਲਟਾ ਮਾਇਨਾ ਨਿੱਕਲ ਗਿਆ ਸੀ, ਇਹ ਮਾਇਨਾ ‘ਜ਼ਿੰਦਗੀ’ ਦੇ
ਅਰਥ ‘ਮੌਤ’ ਕਰ ਗਿਆ ਸੀ।
ਬਿੱਛੂ ਦਾ ਜ਼ਹਿਰ ਮੇਰੇ ਦਿਮਾਗ ਨੂੰ ਚੜ੍ਹਨ
ਲੱਗਾ, ਮੈਂ ਦੋਹਾਂ ਹੱਥਾਂ ਨਾਲ਼ ਸਿਰ ਨੱਪ ਕੇ ਬਹਿ ਗਈ, ਸੰਘ ਵਿੱਚ ਜਿਵੇਂ
ਕੋਈ ਵੱਟਾ ਅੜ ਗਿਆ, ਹੌਂਕਣੀ ਜਿਹੀ ਵੱਜਣ ਲੱਗੀ। ਪਾਪਾ ਜੀ ਨੇ ਭੱਜ
ਕੇ ਪਾਣੀ ਦਾ ਗਲਾਸ ਮੇਰੇ ਬੁੱਲ੍ਹਾਂ ਨੂੰ ਲਾਇਆ, ਫਿਰ ਮੋਢਿਆਂ ਤੋਂ ਫੜ ਕੇ
ਲਿਟਾ ਦਿੱਤਾ ਤੇ ਦੋਵਾਂ ਅੰਗੂਠਿਆਂ ਨਾਲ ਮੇਰੀਆਂ ਪੁੜਪੁੜੀਆਂ ਦੱਬਣ ਲੱਗੇ।
“ ਤਾਂ ਤੂੰ ਐਵੇਂ ਈ ਕਹਿ’ਤਾ ਸੀ, ਮੈਂ ਵਿਆਹ ਨੀ ਕਰਾਉਣਾ?” “ ਜੀ
ਪਾਪਾ ਜੀ…।” “ ਲੜਕਾ ਪਸਿੰਦ ਐ ਤੈਨੂੰ?” “ ਹਾਂ ਪਾਪਾ ਜੀ…।”
ਅੱਥਰੂ ਮੇਰੀਆਂ ਅੱਖਾਂ ’ਚੋਂ ਪਰਲ ਪਰਲ ਡਿੱਗਣ ਲੱਗੇ।
“ ਕੋਈ ਨੀ,
ਮੈਂ ਭਲ਼ਕੇ ਈ ਚਿੱਠੀ ਲਿਖਦਾਂ ਚੰਨਣ ਸਿਹੁੰ ਨੂੰ, ਸ਼ੈਦ ਅਜੇ ਕਿਤੇ ਪੱਕ-ਠੱਕ
ਨਾ ਹੋਇਆ ਹੋਵੇ, ਵਾਹਿਗੁਰੂ ਭਲੀ ਕਰੂ !”
ਪਾਪਾ ਜੀ
ਮੇਰੇ ਮੱਥੇ ’ਤੇ ਪੋਲੀਆਂ ਪੋਲੀਆਂ ਥਪਕੀਆਂ ਮਾਰਦੇ ਰਹੇ, ਮੈਂ ਮਿੱਠੀ
ਗਹਿਰੀ ਸਕੂਨ ਦੀ ਨੀਂਦਰੇ ਸੌਂ ਗਈ। ਉਦੋਂ ਹੀ ਜਾਗ ਆਈ ਜਦੋਂ ਛੱਤ ਉੱਤੇ
ਝੁਕੇ ਹੋਏ ਨਿੰਮ ਦੇ ਟਾਹਣ ’ਤੇ ਚਿੜੀਆਂ ਚੂਕਣ ਲੱਗ ਪਈਆਂ, ਕੁਝ ਦੇਰ ਹੋਰ
ਤੇ ਧੁੱਪ ਦੀ ਪਲੇਠੀ ਟੁਕੜੀ ਬਨੇਰੇ ’ਤੇ ਹੱਥ ਜਿਹਾ ਲਾ ਕੇ ਮੇਰੇ ਅੰਦਰ ਆ
ਕੇ ਬਹਿ ਗਈ, “ ਜੇ ਉਹਨੂੰ ਕੋਈ ਫਰਕ ਨਹੀਂ ਪਿਆ ਤਾਂ ਮੈਨੂੰ ਕਿਉਂ ਪਵੇ?
ਖ਼ਬਨੀਂ ਕਿੰਨਾ ਚਿਰ ਹੋ ਗਿਆ ਸਾਕ ਟੁੱਟੇ ਨੂੰ, ਜੇ ਉਹਨੂੰ ਕੋਈ ਪਰਵਾਹ
ਨਹੀਂ ਤਾਂ ਮੈਨੂੰ ਕਿਉਂ? ਕਿਉਂ ਮੇਰੇ ਪਾਪਾ ਲਿਖਣ ਚਿੱਠੀ? ਕਿਉਂ ਮੇਰੇ
ਪਾਪਾ ਹੋਣ ਨੀਵੇਂ?” ਧੁੱਪ ਦੀ ਟੁਕੜੀ ਮੇਰੇ ਪੂਰੇ ਵਜੂਦ ਵਿੱਚ
ਘੁਲਣ ਲੱਗ ਪਈ। ਦਰੀ ਖੇਸ ਵਲ੍ਹੇਟ ਕੇ ਮੋਢੇ ’ਤੇ ਸੁੱਟਦੀ ਮੈਂ ਪੌੜੀਆਂ
ਉੱਤਰਨ ਲੱਗੀ।
“ ਨਹੀਂ ਲਿਖਣਗੇ ਮੇਰੇ ਪਾਪਾ ਚਿੱਠੀ।”
ਬਾਂਸ ਦੀ ਪੌੜੀ ਦਾ ਹਰੇਕ ਟੰਬਾ ਮੈਨੂੰ ਇਹ ਵਾਕ ਰਟਾਉਣ ਲੱਗਿਆ। ਬਿਸਤਰਾ
ਵਰਾਂਡੇ ’ਚ ਪਏ ਤਖ਼ਤਪੋਸ਼ ’ਤੇ ਵਗਾਹ ਕੇ ਮੈਂ ਤੀਰ ਵਾਂਗ ਬੈਠਕ ਵਿੱਚ ਗਈ।
“ ਪਾਪਾ ਜੀ! ਤੁਸੀਂ ਨਹੀਂ ਲਿਖਣੀ ਉਨ੍ਹਾਂ ਨੂੰ ਚਿੱਠੀ-ਚੁੱਠੀ!”
“ ਕੋਈ ਨੀ ਰਾਣੋ! ਲਿਖ ਦਿੰਨਾਂ, ਮੈਨੂੰ ਕੋਈ ਫਰਕ ਨੀ ਪੈਂਦਾ, ਸਭ ਠੀਕ
ਹੋ ਜੂ।” “ ਨਹੀਂ ਪਾਪਾ ਜੀ! ਪਲੀਜ਼ ਕੁਸ਼ ਨੀ ਲਿਖਣਾ! ” “
ਆਖ਼ਰੀ ਫ਼ੈਸਲਾ…?” “ ਜੀ ਪਾਪਾ ਜੀ!” “ ਇੱਟ ਵਰਗਾ ਪੱਕਾ…?”
“ ਹਾਂ ਪਾਪਾ ਜੀ!” ਮੈਂ ਮਨ ਦੇ ਘੋੜੇ ਦੀਆਂ ਲਗਾਮਾਂ ਕਸਦੀ ਬਾਹਰ ਆ ਗਈ।
ਛੁੱਟੀਆਂ ਮੁੱਕ ਗਈਆਂ, ਅਸੀਂ ਫਿਰ ਹੌਸਟਲ ਵਿੱਚ ਸਾਂ। ਸਖੀਆਂ ਸਹੇਲੀਆਂ
ਹੋਈਆਂ ਬੀਤੀਆਂ ਮਸਾਲੇ ਲਾ ਲਾ ਕੇ ਸੁਣਾਉਣ ਲੱਗੀਆਂ। ਕਿਸੇ ਦੀ ਮੰਗਣੀ,
ਕਿਸੇ ਦੀ ਦੇਖ-ਦਿਖਾਈ, ਕਿਸੇ ਦੀ ਪ੍ਰੇਮ-ਕਥਾ, ਐਮ.ਬੀ.ਬੀ.ਐਸ. ਦੇ ਆਖ਼ਰੀ
ਸਾਲ ਵਿੱਚ ਇਹੋ ਕੁਝ ਤਾਂ ਹੁੰਦੈ, ਪੜ੍ਹਾਈ ਦੀ ਸਿਖ਼ਰ...ਮੁਹੱਬਤਾਂ ਦਾ
ਜ਼ਿਕਰ ਤੇ ਫਿਰ ਮੇਰੀ ਮੁਹੱਬਤ ਤਾਂ ਇੱਕ ਆਰਮੀ ਅਫਸਰ ਨਾਲ਼ ਹੋਣ ਕਰਕੇ ਉਂਝ
ਹੀ ਕੁਆਰੀਆਂ ਜੀਭਾਂ ’ਤੇ ਪਤਾਸੇ ਭੋਰਦੀ ਸੀ, ਇੱਕ ਮੁਲਾਕਾਤ ਦੀ ਪ੍ਰੀਤ…।
“ ਹਾਂ ਫਿਰ ਤੂੰ ਦੱਸ ਜਹਾਂਆਰਾ! ਆਪਣੇ ਮਿਸਟਰ ਦੀ ਯਾਦ ’ਚ ਕਿੰਨੀਆਂ ਕੁ
ਕਵਿਤਾਵਾਂ ਲਿਖ ਮਾਰੀਆਂ?” ਮੇਰੀ ਪੱਕੀ ਸਹੇਲੀ ਭੂਪਿੰਦਰ ਨੇ ਵੱਖੀ ਵਿੱਚ
ਕੂਹਣੀ ਮਾਰੀ। ਕੁੜੀਆਂ ਨੇ ਮੇਰਾ ਨਾਂ
‘ਜਹਾਂਆਰਾ’ ਪਾਇਆ ਹੋਇਆ ਸੀ ਤੇ ਭੂਪਿੰਦਰ ਦਾ ‘ਭੂਪੀ’
ਮੇਰੇ ਸਬਰ ਦਾ ਬੰਨ੍ਹ ਕਾਅੜ ਕਰਕੇ ਟੁੱਟ ਗਿਆ, ਮੈਂ ਫੁੱਟ ਫੁੱਟ ਕੇ ਰੋਣ
ਲੱਗ ਪਈ। ਭੂਪੀ ਨੇ ਸਾਰਾ ਕਿੱਸਾ ਸੁਣਿਆ ਤਾਂ ਅਵਾਕ ਰਹਿ ਗਈ। ਚੋਰੀ ਚੋਰੀ
ਮੇਰਾ ਹਾਲ-ਹਵਾਲ ਲਿਖ ਕੇ ਉਹਨੇ ਚਿੱਠੀ ਪਾ ਦਿੱਤੀ, ਮਿਲਟਰੀ ਹਸਪਤਾਲ ਜੰਮੂ
ਦੇ ਸਿਰਨਾਵੇਂ ’ਤੇ, ਪਿਛੋਂ ਮੈਨੂੰ ਦੱਸ ਵੀ ਦਿੱਤਾ।
ਕੁਝ ਦਿਨਾਂ ਦੀ ਉਡੀਕ…ਤੇ ਆਥਣ ਦੀ ਡਾਕ
ਵਿੱਚ ਮੋਨਾਲਿਜ਼ਾ ਦੀ ਮੂਰਤ ਵਾਲ਼ਾ ਪੱਤਰ ਮੈਨੂੰ ਮੁਖਾਤਿਬ ਸੀ, “ ਮੈਂ
ਮੈਰਿਜ ਲਈ ਤਿਆਰ ਹਾਂ, ਪਰ ਤੂੰ ਆਪਣੇ ਹੱਥ ਨਾਲ਼ ‘ਸਹਿਮਤੀ’ ਲਿਖ, ਵੈਸੇ
ਮਾਪੇ ਜੋ ਵੀ ਕਰਦੇ ਨੇ ਬੱਚਿਆਂ ਦੀ ਬੇਹਤਰੀ ਲਈ ਹੀ ਕਰਦੇ ਨੇ, ਇਹ ਮੈਰਿਜ
ਵੀ ਤਾਂ ਈ ਸਿਰੇ ਚੜ੍ਹ ਸਕੂਗੀ ਜੇ ਮੇਰੇ ਘਰਵਾਲ਼ੇ ਰਜ਼ਾਮੰਦ ਹੋਏੇ, ਉਨ੍ਹਾਂ
ਦੀ ਮਰਜ਼ੀ ਤੋਂ ਬਿਨਾਂ ਮੈਂ ਇੱਕ ਕਦਮ ਵੀ ਨਹੀਂ ਪੁੱਟਣਾ।”
ਇਹ ਮੇਰੀ ਹਯਾਤੀ ਵਿੱਚ ਮਿਲ਼ਿਆ ਪਹਿਲਾ ਪ੍ਰੇਮ-ਪੱਤਰ ਸੀ।
ਪੀ.ਐਸ: ਆਈ
ਵਿਲ ਵੇਟ ਫਾਰ ਸੈਵਨ ਡੇਜ਼ ੳਨਲੀ, ਦੈੱਨ ਆਈ ਵਿਲ ਥਿੰਕ ਆਫ ਸਮਬਾਡੀ ਐਲਸ.”
ਸਾਰੀ ਜ਼ਿੰਦਗੀ ਦਾ ਫ਼ੈਸਲਾ...ਤੇ ਦਿਨ ਸਿਰਫ਼ ਸੱਤ…ਸੱਤ ਵੀ ਕਦੋਂ?
ਤਿੰਨ ਦਿਨ ਤਾਂ ਉਹਨੂੰ ਇਹ ਚਿੱਠੀ ਲਿਖੀ ਨੂੰ ਹੋ ਗਏ ਸਨ ਤੇ ਤਿੰਨ ਦਿਨ
ਮੇਰੀ ਉਸ ਤੱਕ ਉਪੜਦੀ ਨੂੰ ਲੱਗ ਜਾਣਗੇ। ਲੈ ਦੇ ਕੇ ਮੇਰੇ ਕੋਲ਼ ਬੱਸ ਇੱਕੋ
ਅੱਜ ਦਾ ਦਿਨ ਸੀ, ਦਿਨ ਵੀ ਕਿੱਥੇ? ਪਲਾਤਾ ਪਲਾਤਾ ਹਨ੍ਹੇਰਾ ਤਾਂ ਹੋ ਵੀ
ਗਿਆ ਸੀ। ਮੇਰੇ ਕੋਲ਼ ਸਿਰਫ਼ ਕੁਝ ਘੰਟੇ ਸਨ, ਵੱਧ ਤੋਂ ਵੱਧ ਇੱਕ ਰਾਤ, ਭਲ਼ਕੇ
ਮੇਰੀ ਚਿੱਠੀ ਨੂੰ ਤੁਰ ਪੈਣਾ ਚਾਹੀਦਾ ਸੀ।
“ ਭੂਪੀ ਨੇ ਵੀ ਅੱਜ ਈ
ਪਿੰਡ ਜਾਣਾ ਸੀ?” ਉਹਤੋਂ ਬਿਨਾਂ ਮੇਰੀ ਸੱਚੀ ਹਿਤੈਸ਼ੀ ਕੋਈ ਨਹੀਂ ਸੀ।
ਮੇਰੇ ਤਾਂ ਹੱਥਾਂ ਦੇ ਤੋਤੇ ਈ ਉੱਡ ਗਏ। ਟੈਲੀਫੋਨ ਦਾ ਤਾਂ ਓਦੋਂ ਕਿਤੇ
ਨਾਂ ਨਿਸ਼ਾਨ ਵੀ ਨਹੀਂ ਸੀ…ਤੇ ਫਿਰ ਘਰਦਿਆਂ ਨੇ ਤਾਂ ਉਂਝ ਹੀ ਸਾਰੀ ਡੋਰ
ਮੇਰੇ ’ਤੇ ਸੁੱਟ ਛੱਡੀ ਹੋਈ ਸੀ। ਐਨਾ ਇਤਬਾਰ ਸੀ ਉਹਨਾਂ ਨੂੰ ਮੇਰੇ ’ਤੇ!
ਸਿਆਹ ਕਰਾਂ ਜਾਂ ਸਫ਼ੈਦ, ਉਹਨਾਂ ਆਪਣੀ ਮੋਹਰ ਲਾ ਦੇਣੀ ਸੀ। ਇਹ ਇਤਬਾਰ ਮੈਂ
ਬੜੇ ਜਤ-ਸਤ ਨਾਲ਼ ਏਨੇ ਜੁਆਨ ਜਹਾਨ ਵਰ੍ਹਿਆਂ ਵਿੱਚ ਕਮਾਇਆ ਸੀ...ਤੇ ਹੁਣ
ਇਸ ਮੁੰਡੇ ਨੇ ਵੀ ਫ਼ੈਸਲੇ ਦਾ ਹੱਕ ਮੇਰੇ ਹਵਾਲੇ ਕਰ ਦਿੱਤਾ ਸੀ
ਜਦੋਂ
ਕਿਸੇ ਨੂੰ ਪੂਰੇ ਅਧਿਕਾਰ ਮਿਲ਼ ਜਾਣ ਤੇ ਉਹਦਾ ਫ਼ੈਸਲਾ ਸਾਰਿਆਂ ਨੂੰ ਹੀ
ਬਿਨਾਂ ਕਿਸੇ ਕਿੰਤੂ ਪ੍ਰੰਤੂ ਤੋਂ ਮਨਜ਼ੂਰ ਹੋਵੇ ਤਾਂ ਉਹ ਸਥਿਤੀ ਕਿੰਨੀ
ਨਾਜ਼ੁਕ, ਕਿੰਨੀ ਜ਼ਿੰਮੇਵਾਰਾਨਾ, ਕਿੰਨੀ ਇਮਤਿਹਾਨੀ, ਕਿੰਨੀ ਖ਼ਤਰਨਾਕ ਹੋ
ਸਕਦੀ ਹੈ! ਇਹ ਸਿਰਫ਼ ਮੈਂ ਹੀ ਜਾਣਦੀ ਹਾਂ। ਖ਼ੁਦ ਹੀ ਜੂਝ-ਜੂਝ ਕੇ
ਜਵਾਬ ਲਿਖਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਰਾਤ ਦੀ ਰੋਟੀ ਤੋਂ ਬਾਅਦ
ਮੈਂ ਬੂਹਾ ਅੰਦਰੋਂ ਬੰਦ ਕਰ ਲਿਆ ਤੇ ਲੈਟਰਪੈਡ ਲੈ ਕੇ ਬਹਿ ਗਈ।
ਪਹਿਲਾ ਖ਼ਤ ‘ਹਾਂ’ ਦਾ ਲਿਖਿਆ। “ ਕਿਤੇ ਮੈਂ ਗ਼ਲਤੀ ਤਾਂ ਨਹੀਂ ਕਰ
ਰਹੀ? ਕਿਧਰੇ ਪਛਤਾਉਣਾ ਤਾਂ ਨੀ ਪੈ ਜਾਊ?”
ਮੈਂ ਫਟਾਫਟ
ਵਰਕਾ ਪਾੜਿਆ ਤੇ ਗੁੱਛਾ-ਮੁੱਛਾ ਕਰਕੇ ਇੱਕ ਖੂੰਜੇ ਵੱਲ ਵਗਾਹ ਮਾਰਿਆ। ਦੂਜਾ ਖ਼ਤ ‘ਨਾਂਹ’ ਦਾ ਲਿਖਿਆ।
ਚਿੱਤ ਨੂੰ ਡੋਬੂ ਪੈਣ ਲੱਗੇ, ਧੜਕਣ
ਤੇਜ਼ ਹੋ ਗਈ, ਇਉਂ ਲੱਗੇ ਕਿ ਧਕ-ਧਕ ਕਰਦਾ ਦਿਲ ਰੇਲਗੱਡੀ ਦਾ ਇੰਜਣ ਹੈ
ਜਿਹੜਾ ਹੁਣੇ ਸੀਨੇ ਦੀ ਕੰਧ ਪਾੜ ਕੇ ਬਾਹਰ ਆ ਜਾਏਗਾ, ਉਸਤੋਂ ਵੀ ਵੱਧ
ਫੁਰਤੀ ਨਾਲ਼ ਇਹਨੂੰ ਪਾੜ ਕੇ ਵਗਾਹਿਆ। ਫਿਰ ਤਾਂ ਕਦੇ ‘ਹਾਂ’ ਕਦੇ ‘ਨਾਂਹ’,
ਸਾਰਾ ਫਰਸ਼ ਗੁੱਛਾ-ਮੁੱਛਾ ਕਾਗ਼ਜ਼ਾਂ ਨਾਲ਼ ਭਰ ਗਿਆ।
ਉਸ ਵੇਲ਼ੇ ਤਿੰਨ
ਹੋਰ ਮੁੰਡੇ ਮੇਰੀ ‘ਹਾਂ’ ਦੀ ਤਮੰਨਾ ਪਾਲ਼ ਰਹੇ ਸਨ। ਅਚੰਭਾ ਇਹ ਕਿ ਉਹਨਾਂ
ਵਿੱਚੋਂ ਇੱਕ ਨੇ ਵੀ ਮੇਰੇ ਨਾਲ਼ ਸਿੱਧਾ ਸੰਪਰਕ ਕਰਨ ਦੀ ਜੁਅੱਰਤ ਨਹੀਂ
ਕੀਤੀ ਸੀ। ਮੈਡੀਕਲ ਕਾਲਜ ਵਿੱਚ ਮੇਰਾ ਕੁਝ ਇਹੋ ਜਿਹਾ ਹੀ ਨਿਵੇਕਲਾ
ਪ੍ਰਭਾਵ ਸੀ। ਇੱਕ ਹਮਜਮਾਤੀ ਸੀ, ਮਲੇਸ਼ੀਆ ਤੋਂ, ਉਹਨੇ ਮੇਰੀ ਅੰਗਲੀ-ਸੰਗਲੀ
’ਚੋਂ ਕਿਸੇ ਰਾਹੀਂ ਆਪਣੀ ਅਮੀਰੀ ਦਾ ਵਿਖਾਲ਼ਾ ਪਾ ਕੇ ਪਹੁੰਚ ਕੀਤੀ ਸੀ।
ਮੈਨੂੰ ਨਾ ਉਹ ਪਸੰਦ ਸੀ ਨਾ ਉਹਦਾ ਇਹ ਢੰਗ-ਤਰੀਕਾ।
ਇੱਕ ਹੋਰ ਥਾਪਰ ਕਾਲਜ ਵਿੱਚ ਇੰਜਨੀਅਰਿੰਗ ਪੜ੍ਹਦਾ ਸੀ। ਪਹਿਲੇ ਸਾਲ ਤੋਂ
ਹੀ ਮੇਰੇ ਪਿੱਛੇ ਲੱਗਿਆ ਹੋਇਆ ਸੀ। ਜਿੱਥੇ ਵੀ ਮੈਂ ਜਾਂਦੀ ਉਹ ਹਾਜ਼ਿਰ
ਹੁੰਦਾ, ਹਸਪਤਾਲ, ਸਿਨੇਮਾ-ਘਰ, ਗੁਰਦਵਾਰੇ, ਬਜ਼ਾਰ, ਬੱਸ-ਸਟੈਂਡ, ਹਰ
ਜਗਾਹ। ਪਤਾ ਨਹੀਂ ਉਹਨੂੰ ਮੇਰੀ ਸੂਹ ਕਿੱਥੋਂ ਲੱਗਦੀ ਸੀ? ਖ਼ੌਰੇ ਉਹ
ਪੜ੍ਹਦਾ ਵੀ ਸੀ ਕਿ ਨਹੀਂ? ਮੈਂ ਰਾਹ ਬਦਲ ਬਦਲ ਕੇ ਤੁਰਦੀ, ਵਕਤ ਬਦਲ ਬਦਲ
ਕੇ ਜਾਂਦੀ, ਪਰ ਉਹ ਪਹੁੰਚ ਜਾਂਦਾ। ਬੱਸ ਚੁਪਚਾਪ ਖੜ੍ਹਾ ਤੱਕਦਾ ਰਹਿੰਦਾ
ਜਾਂ ਕੁਝ ਵਿੱਥ ਰੱਖ ਕੇ ਪਿੱਛੇ ਪਿੱਛੇ ਤੁਰਦਾ ਰਹਿੰਦਾ। ਮੈਨੂੰ ਇਹ ਹਰਕਤ
ਬੜੀ ਹੋਛੀ ਲੱਗਦੀ ਸੀ, ਬਿਨਾਂ ਕਿਸੇ ਅਧਾਰ ਤੋਂ ਮੇਰੇ ਉੱਜਲੇ ਦਾਮਨ ’ਤੇ
ਦਾਗ ਲੱਗ ਸਕਦਾ ਸੀ, ਉਹਦੇ ਨਾਲ਼ ਮੈਨੂੰ ਬੇਹੱਦ ਨਫਰਤ ਸੀ।
ਇੱਕ ਸੀਨੀਅਰ ਡਾਕਟਰ ਸੀ, ਹਾਊਸ-ਜਾਬ ਕਰ ਰਿਹਾ, ਗੋਰਾ-ਚਿੱਟਾ, ਬਿੱਲੀਆਂ
ਅੱਖਾਂ, ਛੈਲ ਜਵਾਨ, ਉਹਨੇ ਆਪਣੀ ਮਸੇਰ ਹੱਥ ਰੁੱਕਾ ਘੱਲਿਆ ਸੀ, “ ਮੈਂ
ਤੇਰੇ ਲਈ ਸਭ ਕੁਝ ਕਰ ਸਕਦਾਂ, ਜਾਨ ਦੇ ਸਕਦਾਂ, ਆਪਣੇ ਪੇਰੈਂਟਸ ਨੂੰ ਵੀ
ਛੱਡ ਸਕਦਾਂ, ਬੱਸ ਇੱਕ ਵਾਰ ਯੈੱਸ ਕਰ ਦੇ।”
ਤੇ ਇੱਕ
ਇਹ ਸੀ ਜਿਹਨੇ ਲਿਖਿਆ ਸੀ, “ ਮੈਂ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ
ਇੱਕ ਕਦਮ ਵੀ ਨਹੀਂ ਪੁੱਟਣਾ।” ਮੈਨੂੰ ਇਹਦਾ ਪਲੜਾ ਭਾਰੀ ਜਾਪਿਆ, “ ਜਿਹੜਾ
ਆਪਣੇ ਮਾਪਿਆਂ ਦੀ ਕਦਰ ਕਰਦੈ, ਉਸੇ ਨੂੰ ਮੋਹ ਪਿਆਰ ਦਾ ਮਤਲਬ ਪਤਾ ਹੈ,
ਬੱਸ ਉਹੀ ਕਦਰ ਕਰ ਸਕਦੈ ਹਰ ਰਿਸ਼ਤੇ ਦੀ, ਉਹੀ ਮੇਰੀ ਕਦਰ ਕਰੂਗਾ, ਜਿਹੜਾ
ਪਾਲਣ-ਪੋਸਣ ਵਾਲ਼ੇ ਮਾਂ-ਪਿਓ ਨੂੰ ਏਦਾਂ ਛੱਡ ਸਕਦੈ, ਉਹ ਭਲਾ ਹੋਰ ਕਿਸੇ
ਨਾਲ਼ ਕਿੱਥੇ ਖੜ੍ਹੂਗਾ?...ਉਹ ਕੋਈ ਬੰਦੈ?”
ਮੈਂ
ਗੂੜ੍ਹੀ ਗੂੜ੍ਹੀ ‘ਹਾਂ’ ਲਿਖੀ ਤੇ ਚੰਗੀ ਤਰ੍ਹਾਂ ਗੂੰਦ ਲਾ ਕੇ ਲਿਫਾਫਾ
ਬੰਦ ਕਰ ਦਿੱਤਾ। ਤੜਕੇ ਦੇ ਤਿੰਨ ਵੱਜ ਚੁੱਕੇ ਸਨ। ਚੌਕੀਦਾਰ ਤੋਂ ਮੇਨ ਗੇਟ
ਖੁਲ੍ਹਵਾਇਆ ਤੇ ਬਾਹਰ ਟਾਹਲੀ ’ਤੇ ਟੰਗੇ ਲੈਟਰਬਕਸ ਵਿੱਚ ਚਿੱਠੀ ਪਾ ਕੇ
ਪੂਰੇ ਅਮਨ-ਚੈਨ ਨਾਲ਼ ਸੌਂ ਗਈ। ਬੱਸ
ਫਿਰ ਮੁਹੱਬਤ ਨੂੰ ਖੰਭ ਲੱਗ ਗਏ, ਹੁਣ ਉਹ ਮੈਨੂੰ ਰੋਜ਼ ਇੱਕ ਖ਼ਤ ਲਿਖਣ
ਲੱਗਿਆ ਤੇ ਮੈਂ ਵੀ। ਬੈਂਚ ਉੱਤੇ ਹਰ ਦੁਪਹਿਰ ਖਿੱਲਰੇ ਚਿੱਟੇ, ਪੀਲ਼ੇ,
ਨੀਲੇ ਪੱਤਰਾਂ-ਪੋਸਟਕਾਰਡਾਂ ਵਿੱਚ ਨਿੱਖੜਵਾਂ ਫੌਜੀ ਖ਼ਤ ਦੂਰੋਂ ਹੀ ’ਵਾਜਾਂ
ਮਾਰਦਾ। ਸਭ ਸੀਨੀਅਰ ਜੂਨੀਅਰ ਕੁੜੀਆਂ ਮੇਰੇ ਵੱਲ ਸ਼ੋਖ਼ ਨਿਗਾਹਾਂ ਨਾਲ਼
ਤੱਕਦੀਆਂ, ਖਿਚੜੀ ਦਾਹੜੀ ਵਾਲ਼ੇ ਡਾਕੀਏ ਦੀ ਅੱਖ ਵਿੱਚ ਖਚਰੀ ਜਿਹੀ ਮੁਸਕਾਨ
ਤਰਦੀ, ਮੈਂ ਖ਼ੁਸ਼ਬੋਆਂ ਪਹਿਨ ਕੇ ਉੱਡੀ ਫਿਰਦੀ। ਦੋ-ਤਿੰਨ ਵਾਰ ਉਹ
ਮਿਲਣ ਵੀ ਆ ਗਿਆ, ਅਸੀਂ ਫਿਲਮਾਂ ਵੀ ਦੇਖੀਆਂ, ਪਟਿਆਲੇ ਦੇ ਮਸ਼ਹੂਰ ਹੋਟਲਾਂ
‘ਗਰੀਨ’, ‘ਸਟੈਂਡਰਡ’ ਤੇ ‘ਕੁਆਲਿਟੀ’ ਵਿੱਚ ਖਾਣਾ ਵੀ ਖਾਧਾ, ਬਜ਼ਾਰ ਵੀ
ਘੁੰਮੇ, ਉਹਨੇ ਮੈਨੂੰ ਬੜੀ ਨਫੀਸ ਸ਼ਾਲ ਤੇ ਸੂਟ ਖਰੀਦ ਦਿੱਤਾ, ਮੈਂ ਉਹਦੇ
ਜਨਮ-ਦਿਨ ’ਤੇ ਪਾਰਕਰ-ਪੈੱਨ ਅਤੇ ਵਧੀਆ ਕਿਤਾਬਾਂ ਪਾਰਸਲ ਕਰ ਦਿੱਤੀਆਂ।
ਉਹਤੋਂ ਵਿਛੜਨ ਪਿੱਛੋਂ ਮੈਂ ਬਾਂਵਰੀ ਜਿਹੀ ਹੋ ਜਾਂਦੀ, ਹੌਸਟਲ ਦੀ ਛੱਤ
’ਤੇ ਘੁੰਮਦੀ ਹੋਈ ‘ਮੌਸਮ ਹੈ ਆਸ਼ਿਕਾਨਾ…’ ਵਰਗੇ ਗੀਤ ਗਾਉਂਦੀ, ਉਹਦੀ ਫੋਟੋ
ਸਿਰਹਾਣੇ ਰੱਖ ਕੇ ਸੌਂਦੀ, ਉਸ ਬੇਜਾਨ ਨਾਲ਼ ਗੱਲਾਂ ਕਰਦੀ ਰਹਿੰਦੀ।
ਉਦੋਂ
ਤਾਂ ਮੈਂ ਪਰੀਆਂ ਵਾਂਗ ਉੱਡੀ ਫਿਰਦੀ ਸਾਂ, ਇੱਕ ਤਾਰੇ ਤੋਂ ਦੂਜੇ ਤਾਰੇ
’ਤੇ ਛਲਾਂਗਾਂ ਮਾਰਦੀ, ਕਦੀ ਚੰਦ ਦਾ ਟਿੱਕਾ ਲਾਉਂਦੀ, ਕਦੀ ਸੂਰਜ ਦਾ ਲੌਕਟ
ਪਾਉਂਦੀ, ਕਿ ਇੱਕ ਦਿਨ ਅਚਾਨਕ ਕੰਡਿਆਲੀ ਪਥਰੀਲੀ ਧਰਤੀ ’ਤੇ ਪਟੱਕ ਦੇ ਕੇ
ਆ ਡਿੱਗੀ। ਵਿਆਹ ਵਿੱਚ ਗਿਣਤੀ ਦੇ ਦਿਨ ਹੀ ਰਹਿ ਗਏ ਸਨ। ਸਾਕਾਂ
ਸਕੀਰੀਆਂ ਵੱਲ ਗੰਢਾਂ ਘੱਲੀਆਂ ਜਾ ਚੁੱਕੀਆਂ ਸਨ। ਇੰਟਰਨਸ਼ਿਪ ਵਿਚ ਛੇਤੀ
ਛੁੱਟੀ ਨਹੀਂ ਸੀ ਮਿਲ਼ ਰਹੀ, ਮੈਂ ਮਾਂਈਂਏ ’ਤੇ ਹੀ ਪਹੁੰਚ ਸਕਣਾ ਸੀ।
ਅੰਮੜੀ ਦੇ ਵਿਹੜੇ ਸ਼ਗਨਾਂ ਦੀ ਫ਼ਿਜ਼ਾ ਮਹਿਕ ਰਹੀ ਸੀ। ਲਾਗੀ-ਦੱਥੀ ਭੱਜੇ
ਫਿਰਦੇ ਸਨ, ਹਲਵਾਈ ਚੁਰਾਂ ਪੁੱਟ ਗਏ ਸਨ। ਤਾਈਆਂ ਚਾਚੀਆਂ ਸੁਹਾਗ
ਗਾਉਂਦੀਆਂ ਕਣਕ ਛੱਟ ਰਹੀਆਂ ਸਨ, ਦਾਲ ਚੁਗ ਰਹੀਆਂ ਸਨ ਕਿ ਹੋਣ ਵਾਲ਼ੇ
ਸਹੁਰਿਆਂ ਵੱਲੋਂ ਦਾਜ ਦੀ ਫਹਿਰਿਸਤ ਆ ਗਈ।
ਪਾਪਾ ਜੀ ਨੇ ਉਵੇਂ ਜਿਵੇਂ
ਨੀਲਾ ਅੰਤਰਦੇਸ਼ੀ-ਪੱਤਰ ਮੈਨੂੰ ਪਟਿਆਲੇ ਭੇਜ ਦਿੱਤਾ ਤੇ ਨਾਲ਼ ਲਿਖ ਦਿੱਤਾ,
“ ਔਖੇ ਸੌਖੇ ਕਰ ਲਵਾਂਗੇ।”
ਇਹ ਪੱਤਰ ਇੱਕ ਧਰਮੀ ਬਾਬਲ ਦੀ ਹੱਤਕ ਸੀ,
ਮੁਹੱਬਤ ਦੀ ਬੇਇਜ਼ਤੀ ਸੀ, ਹੁਨਰ ਦਾ ਮਜ਼ਾਕ ਸੀ, ਧੀ ਦੇ ਧਨ ਦੀ ਹੇਠੀ ਸੀ।
ਮੈਂ ਪੜ੍ਹਦੀ ਪੜ੍ਹਦੀ ਲਾਲ ਪੀਲ਼ੀ ਹੋ ਰਹੀ ਸਾਂ ਕਿ ਮੋਹਣ ਲਾਲ ਮੇਰੇ ਗੈਸਟ
ਆਉਣ ਦਾ ਹੋਕਾ ਦੇਣ ਲੱਗਿਆ।
ਗੁਲਮੋਹਰ ਹੇਠਾਂ ਮੇਰਾ ਮੰਗੇਤਰ ਖੜ੍ਹਾ
ਸੀ, ਆਉਂਦੇ ਨੇ ਹੀ ਪਿਕਚਰ ਚੱਲਣ ਲਈ ਆਖਿਆ। ਮੈਂ ਸੋਚਿਆ, “ ਜ਼ਖਮਾਂ
’ਤੇ ਮੱਲ੍ਹਮ ਲਾਉਣੀ ਚਾਹੁੰਦੈ।”
ਇੰਟਰਵਲ ਵਿੱਚ ਗੋਲਡਸਪਾਟ ਦੀ ਬੋਤਲ
ਫੜਾਉਂਦਾ ਬੋਲਿਆ, “ ਮੇਰੇ ਮਦਰ ਕਹਿੰਦੇ ਨੇ, ਕੜਿਆਂ ਦੀ ਜੋੜੀ ਪਾਇਓ, ਇੱਕ
ਨਾਲ਼ ਸਾਡੀ ਇੱਜ਼ਤ ਨੀ ਰਹਿਣੀ।” ਇਸ ਤੋਂ ਪਿੱਛੋਂ ਉਹਨੇ ਕੀ ਕਿਹਾ,
ਮੈਨੂੰ ਕੁਝ ਨਹੀਂ ਸੁਣਿਆ। ਮੇਰੇ ਸੱਤੀਂ ਕਪੜੀਂ ਅੱਗ ਲੱਗ ਗਈ ਸੀ।
“
ਚਲੋ ਹੌਸਟਲ ਚੱਲੀਏ!” ਮੈਂ ਸੀਟ ਤੋਂ ਉੱਠ ਖੜੋਤੀ। “ ਪੂਰੀ ਪਿਕਚਰ
ਨਹੀਂ ਦੇਖਣੀ?” “ ਨਹੀਂ...।” “ ਕੀ ਹੋ ਗਿਆ?” “ ਤਬੀਅਤ
ਠੀਕ ਨਹੀਂ।”
ਹੌਸਟਲ ਪਹੁੰਚ ਕੇ ਮੈਂ ਉਹਦੇ ਸਾਹਮਣੀ ਕੁਰਸੀ ਉਤੇ
ਚੁੱਪਚਾਪ ਬਹਿ ਗਈ। ਉਹਨੇ ਵਾਰ ਵਾਰ ਮੇਰੇ ਇੰਝ ਗੁੰਮ-ਸੁੰਮ ਹੋ ਜਾਣ ਦਾ
ਕਾਰਨ ਪੁੱਛਿਆ ਪਰ ਮੇਰੀ ਜੀਭ ਵਿੱਚ ਮੇਖਾਂ ਠੁਕੀਆਂ ਹੋਈਆਂ ਸਨ।
“
ਤੂੰ ਕੋਈ ਗੱਲ ਈ ਨੀ ਕਰਨੀ ਤਾਂ ਮੈਂ ਜਾਵਾਂ…?”
ਮੈਂ
ਹਾਂ ਵਿੱਚ ਸਿਰ ਹਿਲਾ ਦਿੱਤਾ, ਉਹ ਉੱਠ ਕੇ ਤੁਰ ਪਿਆ। ਮੈਂ ਜਾਂਦੇ ਰਾਹੀ
ਦੀ ਪਿੱਠ ਵੱਲ ਨੀਝ ਲਾ ਕੇ ਤੱਕਣ ਲੱਗੀ,“ ਮਨਾਂ! ਹੁਣ ਰੱਜ ਰੱਜ ਕੇ ਇਹਨੂੰ
ਦੇਖ ਲੈ! ਮੁੜ ਕੇ ਇਹ ਸੂਰਤ ਦੇਖਣ ਨੂੰ ਨਹੀਂ ਮਿਲਣੀ।”
ਮੈਂ
ਉਹਨੂੰ ਹਮੇਸ਼ਾ ਲਈ ਮਨ ’ਚ ਵਸਾ ਲੈਣਾ ਚਾਹੁੰਦੀ ਸਾਂ, ਮੈਂ ਉਹਨੂੰ ਹਮੇਸ਼ਾ
ਲਈ ਮਨ ’ਚੋਂ ਉਖਾੜ ਦੇਣਾ ਚਾਹੁੰਦੀ ਸਾਂ।
ਉੱਪਰ ਕਮਰੇ ਵਿੱਚ ਜਾ ਕੇ ਮੈਂ ਮੂਧੇ ਮੂੰਹ ਡਿੱਗ ਪਈ। ਜਿੰਨਾ ਤੜਪ
ਸਕਦੀ ਸੀ ਤੜਪੀ, ਜਿੰਨਾ ਰੋ ਸਕਦੀ ਸੀ ਰੋਈ। ਇਹ ਉਹ ਪਲ ਸਨ, ਜਦੋਂ ਕਿਸੇ
ਨੇ ਮੈਨੂੰ ਹਿਲਦਾ-ਜੁਲਦਾ ਤਾਜਮਹਿਲ ਬਣਾ ਦਿੱਤਾ ਸੀ, ਜਿਸ ਵਿੱਚ ਮੁਹੱਬਤ
ਦਫ਼ਨ ਸੀ ਤੇ ਜਿਸਮ ਜਿਉਂਦਾ ਸੀ, ਜਿਸਦੀਆਂ ਵਿਲਕਣੀਆਂ ਹੁਣ ਵੀ ਜਦੋਂ
ਸੁਣਦੀਆਂ ਨੇ ਤਾਂ ਸਾਹ-ਸੱਤ ਕੱਢ ਲੈਂਦੀਆਂ ਨੇ।
ਪਰ ਮੈਂ ਇੰਝ ਹਾਰ
ਮੰਨਣ ਵਾਲ਼ੀ ਨਹੀਂ ਸਾਂ, ਇਕ ਝਟਕੇ ਨਾਲ਼ ਉੱਠੀ, ਰਗੜ ਰਗੜ ਕੇ ਅੱਖਾਂ
ਪੂੰਝੀਆਂ ਤੇ ‘ਆਖ਼ਰੀ ਖ਼ਤ’ ਲਿਖਣ ਲੱਗੀ, ਹੱਥੀਂ ਤੋਰੇ ਸੱਜਣ ਨੂੰ…ਉਹਦੇ
ਪਿਤਾ ਨੂੰ…ਲਿਖਿਆ ਕਿ ਉਹ ਲਾਲਚ ਦੇ ਪੁਤਲੇ ਸਨ, ਕਿ ਆਪਣੇ ਜਿਗਰ ਦਾ ਟੁਕੜਾ
ਦਾਨ ਕਰਨ ਵਾਲ਼ੇ ਇੱਕ ਇਮਾਨਦਾਰ ਸ਼ਖ਼ਸ ਨੂੰ ਆਰਥਿਕ/ਮਾਨਸਿਕ ਤਸ਼ੱਦਦ ਦੇ ਰਹੇ
ਸਨ, ਕਿ ਉਹਨਾਂ ਨੂੰ ਰੱਬ ਦਾ ਕੋਈ ਡਰ ਭੌ ਨਹੀਂ ਸੀ, ਕਿ ਜ਼ਮੀਨ ਜਾਇਦਾਦ ਸਭ
ਨੇ ਏਥੇ ਹੀ ਛੱਡਕੇ ਮਰ-ਮੁੱਕ ਜਾਣਾ ਹੈ, ਕਿ ਉਹਨਾਂ ਦੀ ਜ਼ਮੀਰ ਮਰ ਗਈ ਹੈ
ਤੇ ਬੇਜ਼ਮੀਰੇ ਘਰ ਵਿੱਚ ਤਾਂ ਮੈਂ ਸ਼ਾਦੀ ਹੀ ਨਹੀਂ ਕਰਾਉਣੀ…ਹੋਰ ਪਤਾ ਨਹੀਂ
ਕੀ ਕੁਝ...ਇੱਕ ਸਫ਼ਾ…ਦੋ ਸਫ਼ੇ...ਦਸ...ਵੀਹ...ਤੀਹ ਸਫ਼ੇ...ਇਹ ਖ਼ਤ ਨਹੀਂ
ਕਾਗ਼ਜ਼ਾਂ ਦਾ ਵੱਡਾ ਸਾਰਾ ਪੁਲੰਦਾ ਸੀ, ਇੱਕ ਨਿੱਕਾ ਜਿਹਾ ਜ਼ਫ਼ਰਨਾਮਾ ਸੀ,
ਜਿਹਨੂੰ ਮੈਂ ਇੱਕ ਵਾਰ ਵੀ ਮੁੜਕੇ ਨਹੀਂ ਪੜ੍ਹਿਆ, ਵੱਡੇ ਸਾਰੇ ਲਿਫ਼ਾਫ਼ੇ
ਵਿੱਚ ਬੰਦ ਕਰਕੇ ਡਾਕੇ ਪਾ ਦਿੱਤਾ। ਆਪਣੇ ਪਿੰਡ ਤਾਰ ਭੇਜ ਦਿੱਤੀ,“
ਤਿਆਰੀਆਂ ਬੰਦ ਕਰ ਦਿਓ! ਮੈਂ ਇਹ ਵਿਆਹ ਨਹੀਂ ਕਰਨਾ।” ਹੁਣ ਮੈਂ ਆਪਣੇ ਕਮਰੇ ਵਿੱਚ ਨਹੀਂ...ਖਿਲਾਅ ਵਿੱਚ ਸਾਂ...ਪੂਰੀ ਸੁੰਨ…ਨਾ
ਕੋਈ ਸੋਚ…ਨਾ ਕੋਈ ਅਹਿਸਾਸ... ਨਾ ਜ਼ਿੰਦਗੀ ਨਾ ਮੌਤ…ਨਾ ਭੁੱਖ ਨਾ
ਤੇਹ…ਮੁਕੰਮਲ ਖਾਲੀਪਨ…।
ਇਹ ਹਾਲਤ ਦੋ ਦਿਨ ਹੋਰ ਰਹੀ ਤੇ ਉਹ ਗੈਸਟ ਰੂਮ ਵਿੱਚ ਮੇਰੇ ਸਾਹਮਣੇ ਖੜੋਤਾ
ਸੀ, ਕਰੀਮ ਸਿਲਕ ਦੀ ਕਮੀਜ਼, ਉਨ੍ਹਾਬੀ ਪੱਗ, ਦਗ ਦਗ ਕਰਦਾ ਮੱਥਾ।
“ ਆਪਣੀਆਂ ਫਰੈਂਡਜ਼ ਨੂੰ ਲੈ ਲੈ! ਵਾਰਡਨ ਨੂੰ ਵੀ ਲੈ ਚੱਲ! ਜੇ ਕੋਈ ਲੋਕਲ
ਗਾਰਡੀਅਨ ਨੇ ਤਾਂ ਉਹਨਾਂ ਨੂੰ ਬੁਲਾ ਲੈ! ਹੁਣੇ ਦੁੱਖ-ਨਿਵਾਰਨ ਸਾਹਿਬ
ਚੱਲਣੈ! ਸਵਾ ਰੁਪੱਈਏ ਵਿੱਚ ਅਨੰਦ ਪੜ੍ਹਾਉਣੇ ਨੇ।”
ਉਹ ਪੂਰੇ ਦਾਈਏ ਅਤੇ ਰੋਹਬ ਨਾਲ਼ ਆਖ ਰਿਹਾ ਸੀ। ਇਹ ਕੇਹੇ ਬੋਲ ਸਨ! ਜੋ ਮੇਰੇ ਅੰਦਰ ਜਲਤਰੰਗ ਛੇੜ ਰਹੇ ਸਨ। ਇਹ ਕੇਹੇ ਬੋਲ
ਸਨ! ਜੋ ਮੇਰੇ ਦਹਿਕਦੇ ਸੀਨੇ ਨੂੰ ਠੰਢਾ-ਠਾਰ ਕਰ ਰਹੇ ਸਨ। ਇਹ ਕੇਹੇ ਬੋਲ
ਸਨ! ਜੋ ਮੈਨੂੰ ਸਖ਼ਤ ਨਾ-ਮਨਜ਼ੂਰ ਸਨ! ਮੈਂ ਸੋਫ਼ੇ ਦੇ ਢੋਅ ਨੂੰ ਫੜ ਕੇ ਪੱਥਰ
ਹੋਈ ਖੜ੍ਹੀ ਸਾਂ।
“ ਏਦਾਂ ਕਿਵੇਂ ਹੋ ਸਕਦੈ?” ਜਿਵੇਂ ਮੈਂ ਨਹੀਂ, ਮੇਰਾ ਬੁੱਤ ਫ਼ੁਸਫ਼ੁਸਾਇਆ।
“ ਇਹ ਤਾਂ ਏਦਾਂ ਈ ਹੋਣੈਂ।” ਉਹਦੇ ਸਾਂਵਲੇ ਮੁੱਖ ’ਤੇ ਦ੍ਰਿੜ੍ਹਤਾ ਭਖ
ਰਹੀ ਸੀ।
“ ਅੱਛਾ ਬੈਠੋ ਤਾਂ ਸਹੀ…ਚਾਹ…?”
ਉਹਦੇ ਬਹਿਣ ਤੋਂ ਪਹਿਲਾਂ ਹੀ ਮੈਂ
ਸੋਫ਼ੇ ਉੱਤੇ ਧੜੰਮ ਕਰਕੇ ਢੇਰੀ ਹੋ ਗਈ।
“ ਨਹੀਂ! ਮੈਂ ਆਪਣੇ ਮਦਰ ਨੂੰ ਕਹਿ ਆਇਆਂ ਕਿ ਤੁਹਾਡੀ ਨੂੰਹ ਨੂੰ ਲੈਣ
ਚੱਲਿਐਂ, ਸਵਾਗਤ ਦੀ ਤਿਆਰੀ ਕਰ ਲਓ!”
“ ਪਰ ਮੈਨੂੰ ਸੋਚਣ ਦਾ ਵਕਤ ਤਾਂ ਦਿਓ!”
“ ਹੁਣ ਸੋਚਣ ਨੂੰ ਰਹਿ ਕੀ ਗਿਐ?”
“ ਏੇਹੀ ਬਈ ਕਿਹਨੂੰ ਕਿਹਨੂੰ ਸੱਦਾਂ? ’ਕੱਠੀਆਂ ਕਰਨ ’ਚ ਥੋੜ੍ਹਾ ਟਾਈਮ
ਤਾਂ ਲੱਗੂ…!”
ਮੈਂ ਜਿਵੇਂ ਵਕਤ ਨੂੰ ਫੜ ਰਹੀ ਸਾਂ, ਮੈਂ ਜਿਵੇਂ ਵਕਤ
ਨੂੰ ਧੱਕਾ ਦੇ ਰਹੀ ਸਾਂ।
“ ਠੀਕ ਐ ! ਸੋਚ ਲੈ ਦੋ ਮਿੰਟ!” ਉੇਹ ਸਾਹਮਣੇ ਸੋਫ਼ੇ ’ਤੇ ਬੈਠ ਗਿਆ।
“ ਹਾਇ ਰੱਬਾ! ਹੁਣ ਕੀ ਹੋਊ? ਮੇਰੇ ਨਿਰਦੋਸ਼ ਬਾਪ ਦੀ ਤਾਂ ਪੱਗ ਸੱਥ ’ਚ
ਰੁਲ਼ ਜੂਗੀ! ਆਪਣੇ ਪਿੰਡ ਈ ਨੀ, ਉਹਦੀ ਤਾਂ ਸਾਰੇ ਇਲਾਕੇ ’ਚ ਸਰਦਾਰੀ ਐ!
ਉਹਨੇ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ, ਸਾਰੇ ਪਿੰਡ ’ਚ
ਲਾਲਾ-ਲਾਲਾ ਹੋ ਜੂਗੀ, ਵੱਡੇ ਛੋਟੇ ਤੋਇ੍ਹ ਤੋਇ੍ਹ ਕਰਨਗੇ! ਹਾੜ੍ਹਾ ਰੱਬਾ!
ਬਹੁੜ ਕਿਤੋਂ…!”
ਤੇ ਰੱਬ ਸੱਚਮੁਚ ਬਹੁੜ ਪਿਆ…ਸੱਚਮੁਚ
ਬਹੁੜ ਪਿਆ ਰੱਬ...ਮੇਰੇ ਸਹੁਰਾ ਸਾਹਿਬ ਦਾ ਰੂਪ ਧਾਰ ਕੇ। ਪੁੱਤ ਦਾ ਐਲਾਨ
ਸੁਣਦਿਆਂ ਹੀ ਮਾਂ ਨੇ ਬਾਪ ਦੇ ਦਫਤਰ ਵੱਲ ਬੰਦਾ ਭਜਾ ਦਿੱਤਾ ਸੀ ਤੇ ਬਾਪ
ਤਾਬੜਤੋੜ ਚੰਡੀਗੜ੍ਹ ਤੋਂ ਮੋਟਰਸਾਈਕਲ ’ਤੇ ਪਟਿਆਲੇ ਆ ਪਹੁੰਚਿਆ ਸੀ।
“ ਓ ਬਈ ! ਥੋਡੀ ਬੀਬੀ ਤਾਂ ਐਵੇਂ ਲੋਕਾਂ ਦੀਆਂ ਗੱਲਾਂ ’ਚ ਆ’ਗੀ ਸੀ,
ਭੁੱਲ ਜੋ ਉਹ ਲਿਸਟ ਵਿਸਟ, ਤੁਸੀਂ ਜਿਵੇਂ ਕਹੋਂਗੇ ਉਵੇਂ ਈ ਵਿਆਹ ਕਰਾਂਗੇ,
ਪਰ ਏਦਾਂ ਨਾ ਕਰੋ!” ਉਹਨਾਂ ਦਾ ਇੱਕ ਇੱਕ ਲਫ਼ਜ਼ ਸੰਜੀਵਨੀ ਰਸ ਵਰਗਾ ਸੀ,
ਮੈਂ ਜਿਊਂਦਿਆਂ ਵਿੱਚ ਹੋ ਗਈ।
“ ਅਸੀਂ ਮਿਥੇ ਦਿਨ ਹੀ ਵਿਆਹੁਣ
ਢੁਕਾਂਗੇ।” ਚਾਹ ਦਾ ਖਾਲੀ ਗਲਾਸ ਤਿਪਾਈ ’ਤੇ ਧਰਦੇ ਉਹ ਬੋਲੇ।
ਹੱਸਦੇ ਮੁਸਕਾਉਂਦੇ ਪਿਓ-ਪੁੱਤ ਮੋਟਰਸਾਈਕਲ ’ਤੇ ਸਵਾਰ ਹੋ ਗਏ।
ਫਿਰ ਉਹ ਸੁਲੱਖਣੀ ਘੜੀ ਵੀ ਆ ਗਈ ਜਦੋਂ ਮੇਰੇ ਪੇਕਿਆਂ ਦੇ ਦਰ ’ਤੇ ਬੈਂਡ
ਵਾਜੇ ਵੱਜੇ, ਮੈਂ ਬੜੀ ਸਾਵਧਾਨੀ ਨਾਲ਼ ਓਹਲਾ ਜਿਹਾ ਕਰਕੇ ਬੈਠਕ ਦੀ ਬਾਰੀ
ਖੋਲ੍ਹੀ, ਉਹ ਸਾਹਮਣੇ ਸਿਹਰਾ ਬੰਨ੍ਹੀ ਖੜ੍ਹਾ ਸੀ।
ਕੁਝ ਰਸਮਾਂ...ਕੁਝ
ਸ਼ਗਨ…ਫਿਰ ਗੁਰੂ ਦੀ ਹਜ਼ੂਰੀ ਵਿੱਚ ਭਾਈ ਜੀ ਨੇ ਸ਼ਬਦ ਛੋਹਿਆ,“ ਪੱਲੇ ਤੈਂਡੇ
ਲਾਗੀ…” ਤੇ ਉਹ ਮਨ-ਚਿੰਦਿਆ ਪੱਲਾ ਮੈਂ ਹੁਣ
ਤੱਕ ਘੁੱਟ ਕੇ ਫੜਿਆ ਹੋਇਆ ਹੈ।
ਡਾ. ਗੁਰਮਿੰਦਰ ਸਿੱਧੂ #12573, 70 ਏ ਐਵੇਨਿਊ, ਸਰੀ, ਬ੍ਰਿਟਿਸ਼
ਕੋਲੰਬੀਆ, ਕੈਨੇਡਾ ਮੋਬਾਈਲ ਫੋਨ:1 236 518
5952 ਈਮੇਲ: gurmindersidhu13@gmail.com
|