ਅਗਾਂਹ-ਵਧੂ ਸੋਚ ਦੇ ਮਿਹਨਤੀ, ਸਿਦਕੀ, ਸਿਰੜੀ, ਹਿੰਮਤੇ, ਇਮਾਨਦਾਰ
ਅਤੇ ਦਿਆਂਤਦਾਰ ਜਿਹੜੇ ਲੋਕ ਸੰਘਰਸ਼ ਕਰਦਿਆਂ ਸਮਾਜ ਨੂੰ ਉਪਰ ਚੁੱਕਣ ਲਈ
ਆਪਾ ਸਮਰਪਣ ਕਰ ਕੇ ਨਵੀਆਂ ਲੀਹਾਂ ਸਿਰਜਦੇ ਹਨ, ਸਮਾਜ ਵੀ ਉਨਾਂ ਦੀ
ਉਚੀ-ਸੁੱਚੀ ਪਾਕਿ-ਪਵਿੱਤਰ ਸੋਚ ਅਤੇ ਪਾਕਿ-ਇਰਾਦਿਆਂ ਨੂੰ ਸਲਾਮ ਕਰਦਿਆਂ
ਉਨਾਂ ਨੂੰ ਹੱਥਾਂ ਉਤੇ ਚੁੱਕਦਾ ਹੈ। ਸਤਿਕਾਰਤ ਨਜਰਾਂ ਨਾਲ ਉਨਾਂ
ਸੰਘਰਸ਼ਸ਼ੀਲਾਂ ਨੂੰ 'ਮਾਰਗ-ਦਰਸ਼ਕ' ਅਤੇ 'ਚਾਨਣ-ਮੁਨਾਰਾ' ਵਰਗੇ ਰੁੱਤਬੇ
ਪ੍ਰਦਾਨ ਕਰਦਾ ਹੈ। ਇਨਾਂ ਸਤਰਾਂ ਰਾਂਹੀ ਜਿਸ ਮਾਰਗ-ਦਰਸ਼ਕ ਦਾ ਮੈਂ ਜ਼ਿਕਰ
ਕਰਨ ਜਾ ਰਿਹਾ ਹਾਂ, ਬੀਬੀ ਗੁਰਨਾਮ ਕੌਰ ਨਾਂਉਂ ਦੀ ਉਹ ਇਕ ਐਸੀ ਸਖ਼ਸ਼ੀਅਤ
ਹੈ, ਜਿਸਨੇ ਸਮਾਜ-ਸੇਵੀ ਅਤੇ ਖਾਸ ਕਰ ਕੇ ਸਿੱਖਿਆ ਖੇਤਰ ਵਿਚ ਬੜੇ ਅਹਿਮ
ਅਤੇ ਨਿਵੇਕਲੇ ਪੂਰਨੇ ਪਾਏ ਹਨ।
ਘੁੰਨਸ਼ਾਮ ਪੁਰ (ਅੰਮ੍ਰਿਤਸਰ) ਦੀ ਜੰਮਪਲ ਗੁਰਨਾਮ ਕੌਰ ਨੇ ਦੱਸਿਆ ਕਿ
ਵਿਦਿਆਰਥੀ ਜੀਵਨ ਦੌਰਾਨ ਜਿੱਥੇ ਉਹ ਸ. ਹਾਈ ਸਕੂਲ ਜਲਾਲ ਉਸਮਾ ਵਿੱਚ
ਵਾਲੀਬਾਲ-ਟੀਮ ਦੀ ਕਪਤਾਨ ਰਹਿਣ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮਾਂ
ਵਿੱਚ ਵੀ ਹਮੇਸ਼ਾਂ ਮੂਹਰਲੀ ਕਤਾਰ ਦੀ ਭਾਗੀ ਬਣੀ ਰਹੀ, ਉਥੇ ਫੇਰੂਮਾਨ ਕਾਲਜ
ਰਈਆ ਜਾ ਕੇ ਕਾਲਜ ਪੱਧਰ ਤੇ ਗਿੱਧੇ ਦੀ ਵੀ ਉਹ ਚੈਂਪੀਅਨ ਰਹੀ।
ਇਸ ਸਮੇ ਸ. ਸੀਨੀ. ਸੈਕੰਡਰੀ ਸਕੂਲ ਸਠਿਆਲਾ ਵਿਖੇ ਬਤੌਰ
ਲੈਕਚਰਾਰ ਸੇਵਾਵਾਂ ਨਿਭਾ ਰਹੀ ਗੁਰਨਾਮ ਕੌਰ ਨੇ ਵਿਦਿਆਰਥੀਆਂ ਪ੍ਰਤੀ
ਆਪਣੀਆਂ ਗਤੀ-ਵਿਧੀਆਂ ਦਾ ਜਿਕਰ ਕਰਦਿਆਂ ਦੱਸਿਆ ਕਿ ਉਹ ਪਾਰਟ-ਟਾਈਮ ਅਤੇ
ਛੁੱਟੀਆਂ ਵਿੱਚ ਵੀ ਬੱਚਿਆਂ ਨੂੰ ਨਾ-ਸਿਰਫ ਖੇਡਾਂ ਅਤੇ ਹੋਰ ਸਹਾਇਕ
ਗਤੀ-ਵਿਧੀਆਂ ਕਰਵਾਉਂਦੀ ਹੈ, ਬਲਕਿ ਨਾਲ ਹੀ ਬੱਚਿਆਂ ਲਈ ਵਰਦੀਆਂ,
ਕੋਟੀਆਂ, ਬੂਟ, ਫੀਸਾਂ ਅਤੇ ਕਿਤਾਬਾਂ ਆਦਿ ਦੇ ਕੇ ਵੀ ਉਹ ਉਨਾਂ ਦੀ
ਸਹਾਇਤਾ ਕਰਦੀ ਹੈ। ਉਹ ਕਈ ਐਨ. ਜੀ. ਓ. ਨਾਲ ਜੁੜੀ ਹੋਈ ਹੈ: ਜਿਨਾਂ ਵਿਚ
ਵਿੱਤੀ ਮਦਦ ਦਿੰਦੀ ਹੋਈ ਉਹ ਖਾਸ ਕਰਕੇ ਲੜਕੀਆਂ ਨੂੰ ਅੱਗੇ ਲਿਆਉਣ ਲਈ
ਉਨਾਂ ਦੀ ਸਹਾਇਤਾ ਕਰਦੀ ਹੈ।
ਵਿਸ਼ੇਸ਼ ਵਰਣਨ ਯੋਗ ਹੈ ਕਿ ਗੁਰਨਾਮ ਕੌਰ ਨੇ 1993 ਵਿਚ ਸ. ਸੀਨੀ.
ਸੈਕੰ. ਸਕੂਲ ਢਿਲਵਾਂ ਵਿਖੇ ਲੇਬਰ ਅਤੇ ਇੱਟਾਂ ਦਾ ਖਰਚਾ ਪੱਚੀ ਹਜਾਰ
ਆਪਣੀ ਜੇਬ ਚੋਂ ਅਤੇ ਸੱਤਰ ਹਜਾਰ ਲੋਕਾਂ ਤੋ ਇਕੱਤਰ ਕਰਕੇ ਕੀਤਾ। ਉਪਰੰਤ,
1994 ਵਿਚ ਸ. ਸੀ. ਸੈਕ. ਸਕੂਲ ਬਿਆਸ ਵਿਚ ਗਿਆਰਾਂ ਹਜਾਰ ਰੁਪਏ ; ਸ.
ਸੀਨੀ. ਸੈਕੰ. ਸਕੂਲ ਸਠਿਆਲਾ ਵਿੱਚ ਮਿਡ-ਡੇ-ਮੀਲ ਦੇ ਤਿਆਰ ਕੀਤੇ ਗਏ ਹਾਲ
ਅਤੇ 13 ਕਮਰਿਆਂ ਨੂੰ ਬੱਚਿਆਂ ਦੇ ਬੈਠਣ ਦੇ ਅਨਕੂਲ ਬਣਾਉਣ ਲਈ ਲਗਭਗ ਢਾਈ
ਲੱਖ ਰੁ: ਫਿਰ, ਗੁਰਨਾਮ ਕੌਰ ਵਲੋਂ ਗੋਦ ਲਏ ਗਏ ਸ. ਮਿਡਲ ਸਕੂਲ
ਦੌਲੋਨੰਗਲ ਵਿਚ ਗੰਦੇ ਪਾਣੀ ਦਾ ਨਿਕਾਸ-ਪ੍ਰਬੰਧ ਕਰਨ ਦੇ ਨਾਲ-ਨਾਲ ਚਾਰ
ਕਮਰਿਆਂ ਦੀ ਮੁਰੰਮਤ ਲ਼ਈ ਹੁਣ ਤੱਕ ਢਾਈ ਲੱਖ ਦੇ ਕਰੀਬ ਖਰਚ ਆਪਣੀ ਨਿੱਜੀ
ਜੇਬ ਵਿੱਚੋਂ ਹੀ ਕੀਤਾ।
ਹੋਰ-ਤਾਂ-ਹੋਰ ਸਟੇਟ ਐਵਾਰਡ ਲਈ ਸਰਕਾਰ ਵੱਲੋ ਜੋ ਪੱਚੀ ਹਜਾਰ ਰੁ: ਦੀ
ਗਰਾਂਟ ਦਿੱਤੀ ਜਾਣੀ ਸੀ, ਉਹ ਭਾਂਵੇ ਕਿ ਅਜੇ ਤੱਕ ਵੀ ਸਰਕਾਰ ਵਲੋ ਤਾਂ
ਨਹੀਂ ਮਿਲੀ, ਪਰ, ਫਿਰ ਵੀ ਗੁਰਨਾਮ ਨੇ ਸਤੰਬਰ, 2016 ਨੂੰ ਪੱਚੀ ਹਜਾਰ
ਰੁ: ਬੱਚਿਆਂ ਦੇ ਭਲਾਈ-ਫੰਡ ਵਿੱਚ ਆਪਣੀ ਜੇਬ ਚੋਂ ਜਮਾਂ ਕਰਵਾ ਦਿੱਤੇ ਸਨ।
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸਕੂਲ ਵਿੱਚ ਆਈ ਆਰਮੀ ਦੀ ਟੁੱਕੜੀ
ਨੇ ਸਕੂਲ ਵਿੱਚ ਗੁਰਨਾਮ ਕੌਰ ਦੁਆਰਾ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ
ਕੰਮਾਂ ਤੋ ਪ੍ਰਭਾਵਿਤ ਹੋ ਕੇ ਪੰਜ ਹਜਾਰ ਰੁ: ਵਿਦਿਆਰਥੀਆਂ ਦੀ ਭਲਾਈ ਹਿੱਤ
ਸਕੂਲ ਨੂੰ ਦਿੱਤੇ।
ਇਸ ਤਰਾਂ ਗੁਰਨਾਮ ਕੌਰ ਦੀਆਂ ਨਿੱਜੀ ਕੋਸ਼ਿਸ਼ਾਂ ਸਦਕਾ ਕੁੱਲ ਮਿਲਾਕੇ,
ਲਗਭਗ ਪੰਜ ਲੱਖ ਰੁਪਏ ਦਾ ਐਨ. ਆਰ. ਆਈ ਅਤੇ ਹੋਰ ਦਾਨੀ ਸੱਜਣਾ
ਵਲੋਂ ਫਰਨੀਚਰ ਅਤੇ ਸਮਾਨ ਦੇ ਰੂਪ ਵਿਚ ਵਿੱਤੀ ਹੱਥ ਵਟਾਇਆ ਗਿਆ, ਜਦ ਕਿ
ਲ਼ਗਭਗ ਸੋਲ਼ਾਂ ਲੱਖ ਰੁਪਏ ਬੀਬੀ ਗੁਰਨਾਮ ਕੌਰ ਦੀ ਨਿੱਜੀ ਜੇਬ ਵਿਚੋਂ
ਵਿਦਿਆਰਥੀਆਂ ਦੀ ਭਲਾਈ ਹਿੱਤ ਖਰਚ ਹੋਇਆ। ਬਲਿਹਾਰ ਜਾਈਏ, ਵਿਦਿਆ ਦਾ ਚਾਨਣ
ਫਲਾ ਰਹੀ ਤੇ ਸਰਬੱਤ ਦਾ ਭਲਾ ਲੋੜਦੀ ਗੁਰਨਾਮ ਕੌਰ ਦੇ : ਜਿਸ ਨੇ ਤਨਖਾਹ
ਤੋਂ ਸਿਵਾਏ ਆਮਦਨ ਦਾ ਕੋਈ ਹੋਰ ਵਸੀਲਾ ਨਾ ਹੁੰਦੇ ਹੋਏ ਵੀ ਆਪਣੀ ਦਸਾਂ
ਨੌਹਾਂ ਦੀ ਨੇਕ ਕਮਾਈ ਵਿਚੋਂ ਇੰਨੀ ਵੱਡੀ ਰਕਮ ਕੱਢਣ ਦਾ ਵਿਸ਼ਾਲ ਜਿਗਰਾ
ਦਿਖਾਕੇ ਨਿਵੇਕਲਾ ਪੂਰਨਾ ਪਾ ਦਿਖਾਇਆ।
ਪਿਛਲੇ 27 ਸਾਲਾਂ ਤੋਂ ਹੁਣ ਤੱਕ ਦੇ ਆਪਣੇ ਨਤੀਜੇ ਲਗਭਗ 100 ਫੀ ਸਦੀ
ਦੱਸਣ ਵਾਲੀ ਗੁਰਨਾਮ ਕੌਰ ਨੇ ਸਕੂਲ ਵਿਚ ਪੜਾਉਣ ਦੇ ਆਪਣੇ ਢੰਗ-ਤਰੀਕੇ ਦੀ
ਗੱਲ ਸਾਂਝੀ ਕਰਦਿਆਂ ਕਿਹਾ, 'ਮੈਂ ਆਪਣੀਆਂ ਲਿਖੀਆਂ ਕਵਿਤਾਵਾਂ ਰਾਂਹੀਂ
ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਅਨੁਸਾਸ਼ਨ, ਸਫਾਈ, ਟਰੈਫਿਕ ਨਿਯਮ,
ਬਜੁਰਗਾਂ ਦਾ ਸਤਿਕਾਰ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਆਦਿ ਨੈਤਿਕ
ਕਦਰਾਂ-ਕੀਮਤਾਂ ਦੀ ਪ੍ਰੇਰਨਾ ਦਿੰਦੀ ਹਾਂ। ਇਸ ਤੋਂ ਇਲਾਵਾ ਬੱਚਿਆਂ ਵਿੱਚ
ਮਾਂ-ਬੋਲੀ ਪੰਜਾਬੀ ਅਤੇ ਸਾਹਿਤ ਲਿਖਣ ਦੀ ਰੁਚੀ ਪੈਦਾ ਕਰਨ ਲਈ ਹਰ ਵਕਤ
ਯਤਨਸ਼ੀਲ ਰਹਿੰਦੀ ਹਾਂ।'
ਸਾਹਿਤਕ ਖੇਤਰ ਦੀ ਗੱਲ ਸਾਂਝੀ ਕਰਦਿਆਂ ਗੁਰਨਾਮ ਕੌਰ ਨੇ ਦੱਸਿਆ ਕਿ
ਲਗਭਗ ਪਿਛਲੇ 20 ਸਾਲਾਂ ਤੋਂ ਉਹ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ
ਨਾਲ ਜੁੜੀ ਚਲੀ ਆ ਰਹੀ ਹੈ। ਉਥੋਂ ਸਰਵ ਸ੍ਰ. ਦੀਪਦਵਿੰਦਰ ਸਿੰਘ, ਪ੍ਰਿੰ:
ਸੇਵਾ ਸਿੰਘ ਕੌੜਾ, ਸੰਤੋਖ ਸਿੰਘ ਗੌਰਾਇਆ ਅਤੇ ਸ੍ਰ. ਸ਼ਲਿੰਦਰਜੀਤ ਸਿੰਘ
ਰਾਜਨ ਜਿਹੀਆਂ ਸਿਰਮੌਰ ਹਸਤੀਆਂ ਦੀ ਪ੍ਰੇਰਨਾ ਸਦਕਾ ਉਸਨੂੰ ਲਿਖਣ ਦਾ ਸ਼ੌਕ
ਵੀ ਲੱਗਾ ਅਤੇ ਲਗਾਤਾਰ ਸੇਧ ਵੀ ਮਿਲੀ। 'ਸੱਭਿਆਚਾਰਕ ਗੁਲਦਸਤਾ' ਜਿੱਥੇ
ਉਸਦੀ ਮੌਲਿਕ ਪੁਸਤਕ ਹੈ, ਉਥੇ ਕਈ ਸਾਂਝੀਆਂ ਪ੍ਰਕਾਸ਼ਨਾਵਾਂ ਵਿਚ ਵੀ ਛਪਣ
ਦਾ ਮਾਣ ਹਾਸਲ ਹੋਇਆ ਹੈ, ਉਸ ਨੂੰ। ਇਸ ਤੋਂ ਇਲਾਵਾ ਉਸ ਦੇ ਤਿੰਨ ਪੁਸਤਕਾਂ
ਦੇ ਖਰੜੇ 'ਭਲੇ ਸਮੇਂ' ਦੀ ਇੰਤਜਾਰ ਕਰਦੇ, ਹਾਲੇ ਪੁਸਤਕ-ਰੂਪ ਨੂੰ ਤਰਸ
ਰਹੇ ਹਨ।
ਛੋਟੀਆਂ-ਵੱਡੀਆਂ ਅਨਗਿਣਤ ਸਟੇਜਾਂ ਤੋ ਮਾਨ-ਸਨਮਾਨ ਆਪਣੀ ਝੋਲੀ ਪੁਆਉਣ
ਵਾਲੀ ਗੁਰਨਾਮ ਕੌਰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ
ਪ੍ਰਸ਼ੰਸਾ-ਪੱਤਰ ਅਤੇ ਅਧਿਆਪਕ ਰਾਜ ਪੁਰਸਕਾਰ, ਸਿੱਖਿਆ ਵਿਭਾਗ ਵੱਲੋਂ ਸਟੇਟ
ਐਵਾਰਡ 2016 ਤੱਕ ਦੀਆਂ ਮੱਲਾਂ ਮਾਰ ਗਈ ਹੈ। ਪਰ, ਜੇਕਰ ਉਸ ਦੇ ਸੰਘਰਸ਼
ਅਤੇ ਉਸ ਦੀ ਤਪੱਸਿਆ ਦੇਖੀ ਜਾਵੇ ਤਾਂ ਸਟੇਟ ਅਵਾਰਡ ਉਸ ਦੇ ਕੀਤੇ ਕਾਰਜਾਂ
ਦੇ ਕੱਦ-ਕਾਠ ਮੂਹਰੇ 'ਬੌਨੇ' ਜਿਹੇ ਕੱਦ ਦਾ ਲੱਗਦਾ ਹੈ।
'ਕੀ ਤੁਹਾਡਾ ਨਾਂਓ ਨੈਸ਼ਨਲ ਐਵਾਰਡ ਲਈ ਨਹੀਂ ਸੀ ਵਿਚਾਰਿਆ ਗਿਆ?' ਦਾ
ਉਤਰ ਦਿੰਦਿਆਂ ਗੁਰਨਾਮ ਕੌਰ ਨੇ ਕਿਹਾ, 'ਮੈਨੂੰ 2016-17 ਦੇ ਨੈਸ਼ਨਲ
ਐਵਾਰਡ ਲਈ ਇੰਟਰਵਿਊ ਦੀ ਸੂਚਨਾ ਵਿਭਾਗ ਵਲੋਂ ਭੇਜੀ ਜਾਣੀ ਸੀ, ਪਰ
ਨਾ-ਜਾਣੇ ਮੈਨੂੰ ਇਹ ਸੂਚਨਾ ਕਿਉਂ ਨਹੀ ਦਿੱਤੀ ਗਈ। ਵਿਭਾਗ ਵਲੋਂ ਅਜਿਹਾ
ਨਾ ਕਰਨ ਕਾਰਨ ਮੇਰਾ ਸੁਨਹਿਰੀ ਮੌਕਾ ਹੱਥੋਂ ਨਿਕਲ ਗਿਆ, ਜਿਸਦਾ ਕਿ ਮੈਨੂੰ
ਕਾਫੀ ਮਹਿਸੂਸ ਹੋ ਰਿਹਾ ਹੈ। ਹੁਣ 2017-18 ਵਾਲਾ ਸਾਲ ਮੇਰਾ ਆਖਰੀ ਮੌਕਾ
ਹੀ ਰਹਿ ਗਿਆ ਹੈ।'
ਇਕ ਹੋਰ ਸਵਾਲ ਦਾ ਜੁਵਾਬ ਦਿੰਦਿਆਂ ਗੁਰਨਾਮ ਨੇ ਕਿਹਾ, 'ਮੇਰੇ ਪਤੀ
ਮਾ: ਨਿਰਮਲ ਸਿੰਘ, ਵਿਦਿਆਰਥੀਆਂ ਦੇ ਭਵਿੱਖ ਨੂੰ ਸਵਾਰਨ ਹਿੱਤ ਗਰਮੀ-ਸਰਦੀ
ਦੀਆਂ ਪੂਰੀਆਂ ਛੁੱਟੀਆਂ ਅਤੇ ਸਕੂਲ ਡਿਊਟੀ ਤੋਂ ਬਾਅਦ ਦਾ ਸਮਾਂ ਵੀ ਪਿਛਲੇ
ਸੱਤ ਸਾਲਾਂ ਤੋਂ ਮੇਰੇ ਮੌਜੂਦਾ ਸਕੂਲ ਅਤੇ ਮੇਰੇ ਦੁਆਰਾ 'ਗੋਦ' ਲਏ ਸ.
ਮਿਡਲ ਸਕੂਲ ਦੌਲੋਨੰਗਲ ਵਿੱਚ ਬਿਤਾਉਂਦੇ ਆ ਰਹੇ ਹਨ। ਮੇਰੇ ਭਾਬੀ ਨੀਲਮ ਜੀ
(ਜਿਨਾਂ ਨੇ ਮੇਰੀ ਪ੍ਰੇਰਨਾ ਨਾਲ ਐਨ. ਆਰ. ਆਈ. ਰਾਜ ਇਦਨਾਨੀ ਕੋਲੋਂ ਮੇਰੇ
ਸਕੂਲ ਦੇ ਬੱਚਿਆਂ ਅਤੇ ਸਟਾਫ ਲਈ ਤਿੰਨ ਲੱਖ ਨੌ ਸੌ ਰੁ: ਦਾ ਫਰਨੀਚਰ
ਦਿਵਾਇਆ। ਐਨ. ਆਰ. ਆਈ. ਮਾਸਟਰ ਹਰਦਿਆਲ ਸਿੰਘ ਤੇ ਸਰਬਜੀਤ ਸਿਘ ਕਾਲਾ
ਸਠਿਆਲਾ ਨੇ ਲਗਭਗ ਦੋ ਲੱਖ ਦਾ ਫਰਨੀਚਰ ਦਿੱਤਾ। ਇਵੇਂ ਹੀ ਸਰਕਲ ਪ੍ਰਧਾਨ
ਸ੍ਰ: ਬੂਟਾ ਸਿੰਘ ਸਠਿਆਲਾ, ਪਿੰਡ ਸਠਿਆਲਾ ਦੇ ਸਰਪੰਚ ਸ੍ਰ: ਦਲਵਿੰਦਰ
ਸਿੰਘ, ਸਤਨਾਮ ਸਿੰਘ, ਸ੍ਰ: ਸਕੱਤਰ ਸਿੰਘ, ਅਜਾਦਬੀਰ ਸਿੰਘ, ਪ੍ਰਿੰ.
ਕਸ਼ਮੀਰ ਕੌਰ, ਸਕੂਲ ਸਟਾਫ ਅਤੇ.ਇਲਾਕੇ ਦੇ ਹੋਰ ਬਹੁਤ ਸਾਰੇ ਪਤਵੰਤੇ
ਸੱਜਣਾਂ ਨੇ ਮੇਰਾ ਬਹੁਤ ਸਾਥ ਦਿੱਤਾ।'
ਇਨਾਂ ਸਤਰਾਂ ਦੇ ਲੇਖਕ ਦਾ ਪੰਜਾਬ ਸਰਕਾਰ ਨੂੰ ਸੁਝਾਓ ਵੀ ਅਤੇ ਪੁਰ
ਜ਼ੋਰ ਇਕ ਸਿਫਾਰਿਸ਼ ਵੀ ਕਿ ਜਿਹੜੇ ਅਧਿਆਪਕ ਆਪਣੀ ਇਕੱਲੀ ਤਨਖਾਹ ਵਿੱਚੋਂ ਹੀ
ਸਰਕਾਰੀ ਸਕੂਲ ਦੇ ਬੱਚਿਆਂ ਨੂੰ ਇੰਨੀਆਂ ਵਧੀਆ ਸਹੂਲਤਾਂ ਦਿੰਦੇ ਹੋਏ
ਕਦਮ-ਕਦਮ ਉਤੇ ਵਿਦਿਆਰਥੀਆਂ ਦੀ ਭਲਾਈ ਹਿੱਤ ਸੋਚਦੇ ਅਮਲੀ ਜਾਮਾ ਪਹਿਨਾਉਦੇ
ਹਨ ਅਤੇ ਪੰਜਾਬ ਸਰਕਾਰ ਦੇ 'ਖਾਲੀ ਹੋਏ ਭੁੱਬਾਂ ਮਾਰਦੇ ਖ਼ਜਾਨੇ ਨੂੰ' ਆਪਣੇ
ਖੂਨ-ਪਸੀਨੇ ਦੇ ਯਤਨਾਂ ਨਾਲ ਰੋਂਦੇ ਨੂੰ ਚੁੱਪ ਕਰਵਾ ਕੇ ਪੰਜਾਬ ਸਰਕਾਰ ਦੀ
ਲਾਜ ਰੱਖ ਰਹੇ ਹਨ, ਪੰਜਾਬ ਸਰਕਾਰ ਨੂੰ ਵੀ ਅਜਿਹੇ ਅਧਿਆਪਕਾਂ ਨੂੰ ਉਨਾਂ
ਦੇ ਸਨਮਾਨ ਦੇ ਬਣਦੇ ਹੱਕਾਂ ਤੋਂ ਵਾਂਝਾ ਨਹੀ ਰਹਿਣ ਦੇਣਾ ਚਾਹੀਦਾ। ਬੀਬੀ
ਗੁਰਨਾਮ ਕੌਰ ਨੂੰ ਜੇਕਰ ਪੰਜਾਬ ਸਰਕਾਰ ਨੈਸ਼ਨਲ ਅਵਾਰਡ ਲਈ ਰਾਸ਼ਟਰਪਤੀ ਭਵਨ
ਤੱਕ ਪਹੁੰਚਾ ਦਿੰਦੀ ਹੈ, ਜਿਸਦੇ ਲਈ ਕਿ ਉਹ ਹਰ ਪੱਖੋਂ ਹੱਕਦਾਰ ਵੀ ਬਣਦੀ
ਹੈ ਤਾਂ ਇਸ ਨਾਲ ਜਿੱਥੇ ਹੋਰ ਮਿਹਨਤੀ, ਇਮਾਨਦਾਰ ਅਤੇ ਤਪੱਸਵੀ ਅਧਿਆਪਕਾਂ
ਦਾ ਮਨੋ-ਬੱਲ ਉਚਾ ਹੋਵੇਗਾ, ਉਥੇ ਪੰਜਾਬ ਸਰਕਾਰ ਦੇ ਭਾਗ 'ਤੇ ਵੀ ਇਹ ਇਕ
ਇਨਸਾਫ ਭਰਿਆ ਸ਼ਲਾਘਾ-ਯੋਗ ਕਦਮ ਹੋਵੇਗਾ।
ਸਿੱਖਿਆ, ਸਾਹਿਤ ਅਤੇ ਸਮਾਜ-ਸੇਵੀ ਖੇਤਰਾਂ ਵਿਚ ਬੀਬੀ ਗੁਰਨਾਮ ਕੌਰ
ਵਲੋਂ ਗੱਡੇ ਗਏ 'ਮਾਣ-ਮੱਤੇ ਮੀਲ ਪੱਥਰ' ਬਿਨਾਂ ਸ਼ੱਕ ਆਉਣ ਵਾਲੀਆਂ ਪੀੜੀਆਂ
ਲਈ ਮਾਰਗ-ਦਰਸ਼ਕ ਦਾ ਕੰਮ ਦਿੰਦੇ ਹੋਏ ਦੇਰ ਤੱਕ ਚਮਕਦੇ ਰਹਿਣਗੇ : ਮੇਰਾ
ਦਾਅਵਾ ਵੀ ਹੈ ਤੇ ਵਿਸ਼ਵਾਸ਼ ਵੀ ! ਆਮੀਨ !
ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)
ਸੰਪਰਕ : ਗੁਰਨਾਮ ਕੌਰ, ਲੈਕਚਰਾਰ ਪੰਜਾਬੀ, ਸ. ਸੀ. ਸੈਕੰ. ਸਕੂਲ,
ਸਠਿਆਲਾ (ਅੰਮ੍ਰਿਤਸਰ)
|