|
ਦਲਜੀਤ ਸਿੰਘ ਮਾਂਗਟ |
ਦੁਨੀਆਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਭਰੀ ਪਈ ਹੈ। ਕੁਝ ਐਸੇ ਵੀ
ਹੁੰਦੇ ਹਨ ਜੋ ਸਾਰੀ ਉਮਰ ਹਨੇਰਾ ਢੋਂਹਦੇ ਰਹਿੰਦੇ ਹਨ ਪਰ ਕੁਝ ਕੁ ਐਸੇ ਵੀ
ਹੁੰਦੇ ਹਨ ਜੋ ਨ੍ਹੇਰਿਆਂ ਵਿੱਚੋਂ ਵੀ ਰੌਸ਼ਨੀ ਦੀ ਲੀਕ ਲੱਭ ਹੀ ਲੈਂਦੇ
ਹਨ। ਕੁਝ ਲੋਕ ਐਸੇ ਹੁੰਦੇ ਹਨ ਜੋ ਜ਼ਿੰਦਗੀ ਵੱਲੋਂ ਲਏ ਛੋਟੇ ਜਿਹੇ
ਇਮਤਿਹਾਨ ਅੱਗੇ ਹੀ ਗੋਡੇ ਟੇਕ ਦਿੰਦੇ ਹਨ ਤੇ ਕੁਝ ਐਸੇ ਵੀ ਹੁੰਦੇ ਹਨ ਜੋ
ਇਹਨਾਂ ਇਮਤਿਹਾਨਾਂ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਮੌਤ ਨੂੰ ਵੀ
ਸ਼ਰਮਸ਼ਾਰ ਹੋ ਕੇ ਮੁੜਨ ਲਈ ਮਜ਼ਬੂਰ ਕਰ ਦਿੰਦੇ ਹਨ। ਅਜਿਹਾ ਹੀ ਇੱਕ
ਸ਼ਖਸ਼ ਹੈ ਲੁਧਿਆਣਾ ਜਿਲ੍ਹੇ ਦੇ ਪਿੰਡ ਬੇਗੋਵਾਲ ਦਾ ਸੱਤਰ ਕੁ ਸਾਲਾ
ਦਲਜੀਤ ਸਿੰਘ ਮਾਂਗਟ, ਜਿਸਨੇ ਆਪਣੀ ਜ਼ਿੰਦਾਦਿਲੀ ਸਦਕਾ ਆਪਣੇ ਸਾਹਾਂ ਦੀ
ਲੜੀ ਅਜੇ ਤੱਕ ਜੋੜੀ ਹੋਈ ਹੈ ਬਸ਼ਰਤੇ ਕਿ ਹਾਲਾਤਾਂ ਨੇ ਉਹ ਲੜੀ ਤੋੜਨ ਦੀ
ਕੋਈ ਕਸਰ ਬਾਕੀ ਨਹੀਂ ਛੱਡੀ।
ਸੂਲ ਤੋਂ ਸੂਲੀ ਬਣਨ ਦਾ ਹੱਡੀਂ ਹੰਢਾਇਆ ਤਲਖ ਸੱਚ ਇਹਨਾਂ ਸਤਰਾਂ ਦੇ
ਲੇਖਕ ਨਾਲ ਹਲਫੀਆ ਬਿਆਨਾਂ ਜ਼ਰੀਏ ਸਾਂਝਾ ਕਰਦਿਆਂ ਦਲਜੀਤ ਸਿੰਘ ਨੇ ਦੱਸਿਆ
ਹੈ ਕਿ ਦਾਦਾ ਜੀ, ਪਿਤਾ ਜੀ ਤੇ ਵੱਡੇ ਭਰਾ ਦੇ ਫੌਜ ਵਿੱਚ ਹੋਣ ਕਾਰਨ
ਉਸਨੂੰ ਵੀ ਭਰਤੀ ਹੋਣ ਦਾ ਬੜਾ ਚਾਅ ਸੀ। ਇਹੀ ਚਾਅ ਉਸਨੂੰ ਕਿਲ੍ਹਾ
ਬਹਾਦਰਗੜ੍ਹ ਜਿਲ੍ਹਾ ਪਟਿਆਲਾ ਵਿਖੇ ਫੌਜ 'ਚ ਭਰਤੀ ਹੋਣ ਲਈ ਲੈ ਗਿਆ। ਸਿਹਤ
ਪੱਖੋਂ ਮਾੜਕੂ ਜਿਹਾ ਹੋਣ ਕਰਕੇ ਉਸਨੂੰ ਵਰਦੀ ਸਟੋਰ 'ਤੇ ਸਹਾਇਕ ਵਜੋਂ
ਭਰਤੀ ਕਰ ਲਿਆ। 1960 'ਚ ਉਹ ਪੱਕੇ ਤੌਰ 'ਤੇ ਪੀ. ਏ. ਪੀ. ਦਾ
ਮੁਲਾਜ਼ਮ ਬਣ ਗਿਆ। 1964 'ਚ ਉਸ ਦੀ ਬਦਲੀ ਕਸ਼ਮੀਰ ਦੀ ਹੋ ਗਈ ਜਿੱਥੇ ਉਸ
ਨੇ ਦੇਸ਼ ਦੀਆਂ 1962, 1965 ਤੇ 1971 ਤਿੰਨ ਪ੍ਰਮੁੱਖ ਲੜਾਈਆਂ ਦੁਸ਼ਮਣ
ਦੇ ਦੰਦ ਖੱਟੇ ਕੀਤੇ। ਕਿਸੇ ਵੇਲੇ ਦਗੜ ਦਗੜ ਕਰਦੇ ਫਿਰਨ ਵਾਲੇ ਦਲਜੀਤ
ਸਿੰਘ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜਿਹੜੇ ਸੁਪਨੇ ਉਸਨੇ
ਸੰਜੋਏ ਹੋਏ ਹਨ ਉਹ ਇੱਕ ਦਿਨ ਬੈਸਾਖੀਆਂ ਸਹਾਰੇ ਹੋ ਜਾਣਗੇ। ਹੋਇਆ ਇੰਝ ਕਿ
1974 'ਚ ਉਸਦੇ ਬੂਟ ਵਿੱਚੋਂ ਆਰ ਪਾਰ ਹੋ ਕੇ ਮੇਖ ਉਸਦੇ ਅੰਗੂਠੇ ਨੂੰ ਲੱਗ
ਗਈ। ਮਿਲਟਰੀ ਹਸਪਤਾਲ ਰਾਜੌਰ 150 ਜੀ. ਐੱਚ. ਵਿਖੇ ਭਰਤੀ ਕਰਵਾ ਦਿੱਤਾ
ਗਿਆ। ਬੜੀ ਉਮੀਦ ਸੀ ਕਿ ਠੀਕ ਹੋ ਕੇ ਫਿਰ ਦੇਸ਼ ਸੇਵਾ ਦੇ ਖੇਤਰ ਵਿੱਚ
ਆਵਾਂਗਾ। ਨੌਕਰੀ ਤੋਂ 45 ਦਿਨ ਦੀ ਛੁੱਟੀ ਦੇ ਕੇ ਉਸਨੂੰ ਘਰ ਤੋਰ ਦਿੱਤਾ
ਗਿਆ। ਜਦ ਵਾਪਸ ਆ ਕੇ ਦੇਖਿਆ ਤਾਂ ਜਾਣਿਆ ਕਿ ਮਹਿਕਮੇ ਨੂੰ ਹੁਣ ਉਸ ਦੀਆਂ
ਸੇਵਾਵਾਂ ਦੀ ਲੋੜ ਨਹੀਂ ਸੀ ਰਹੀ। ਮਹੀਨੇ ਬਾਦ ਉਸਨੂੰ ਡਿਸਚਾਰਜ
ਸਰਟੀਫਿਕੇਟ ਦੇ ਕੇ ਘਰ ਤੋਰ ਦਿੱਤਾ ਗਿਆ। ਰੋਟੀ ਟੁੱਕ ਚਲਦਾ ਰੱਖਣ ਲਈ
ਬਿਜਲੀ ਦਾ ਕੰਮ ਸਿੱਖ ਕੇ 1984 'ਚ ਇੱਕ ਵਿਦੇਸ਼ੀ ਕੰਪਨੀ 'ਚ ਇਲੈਕਟ੍ਰੀਕਲ
ਭਰਤੀ ਹੋ ਗਿਆ। 1990 'ਚ ਫਰਾਂਸ ਦੀ ਕੰਪਨੀ ਨੇ ਇਲੈਕਟ੍ਰੀਕਲ ਫੋਰਮੈਨ
ਭਰਤੀ ਕਰਕੇ ਮੁੜ ਉਸੇ ਹੀ ਕਸ਼ਮੀਰ ਭੇਜ ਦਿੱਤਾ ਜਿੱਥੋਂ ਕਿਸੇ ਵੇਲੇ
ਜ਼ਿੰਦਗੀ ਨੇ ਅਹਿਮ ਮੋੜਾ ਖਾਧਾ ਸੀ। ਕਸ਼ਮੀਰ ਫੇਰ ਰਾਸ ਨਾ ਆਇਆ ਤੇ 30
ਜਨਵਰੀ 1990 ਨੂੰ ਸੱਜੇ ਪੈਰ ਨੂੰ ਬਰਫ਼ ਲੱਗਣ ਕਾਰਨ ਗੈਂਗਰੀਨ ਹੋ ਗਈ।
ਤੁਰੰਤ ਪੰਜਾਬ ਭੇਜ ਦਿੱਤਾ ਗਿਆ ਜਿੱਥੇ ਉਸਨੂੰ ਦਿਆਨੰਦ ਹਸਪਤਾਲ ਲੁਧਿਆਣਾ
ਦਾਖਲ ਕਰਵਾ ਦਿੱਤਾ। ਲੱਤ ਕੱਟਣੀ ਪਈ... ਦੋ ਪਰਾਂ ਨਾਲ ਉੱਡਣ ਵਾਲਾ ਪੰਛੀ
ਇੱਕ ਪਰਾ ਹੋ ਗਿਆ ਸੀ ਹੁਣ। ਹਾਲਾਤਾਂ ਤੋਂ ਫੇਰ ਵੀ ਹਾਰ ਨਹੀਂ ਮੰਨੀ ਪੂਰੇ
ਸੂਰੇ ਦਲਜੀਤ ਸਿੰਘ ਤੋਂ ਅਪਾਹਜ ਬਣੇ ਦਲਜੀਤ ਸਿੰਘ ਨੇ। 1990 'ਚ ਉਸਨੂੰ
ਅਪਾਹਜ ਵਜੋਂ ਪੀ. ਸੀ. ਓ. ਅਲਾਟ ਹੋਇਆ। ਘਰ ਦਾ ਗੁਜ਼ਾਰਾ ਚੱਲਣ ਲੱਗਾ। ਪਰ
ਜੂਨ 1991 'ਚ ਦੂਜੀ ਲੱਤ ਨੂੰ ਵੀ ਗੈਂਗਰੀਨ ਹੋ ਗਈ ਤੇ ਉਹ ਵੀ ਕੱਟਣੀ ਪਈ।
ਹਿੱਸੇ ਆਉਂਦੀ ਦੋ ਵਿੱਘੇ ਜ਼ਮੀਨ ਤੇ ਜੋ ਕੁਝ ਪੱਲੇ ਸੀ, ਸਭ ਕੁਝ ਇਸ ਜੰਗ
'ਚ ਹਾਰਨਾ ਪੈ ਗਿਆ। 2005 'ਚ ਦੋਵੇਂ ਅੱਖਾਂ 'ਚ ਚਿੱਟਾ ਮੋਤੀਆ ਉੱਤਰ
ਆਇਆ। ਪਿੰਡ ਦੇ ਸਰਪੰਚ ਦੀ ਮਦਦ ਨਾਲ ਅੱਖਾਂ ਦਾ ਅਪਰੇਸ਼ਨ ਕਰਵਾਇਆ ਗਿਆ।
18 ਸਾਲ ਤੋਂ ਉਸਦੀ ਪਤਨੀ ਪੱਥਰੀਆਂ ਦੇ ਰੋਗ ਤੋਂ ਪੀੜਤ ਹੈ। ਅਪ੍ਰੇਸ਼ਨ
ਉਪਰੰਤ ਅਜਿਹੇ ਹਾਲਾਤ ਬਣੇ ਕਿ ਉਸਨੂੰ ਵੀ ਸਰਵਾਈਕਲ ਦੀ ਸ਼ਿਕਾਇਤ ਹੋ ਗਈ।
ਹਾਲਾਤਾਂ ਦਾ ਝੰਬਿਆ ਉਕਤ ਮਨੁੱਖ ਅੱਜ ਇਲਾਜ ਕਰਵਾਉਣਾ ਤਾਂ ਇੱਕ ਪਾਸੇ
ਸਗੋਂ ਦੋ ਡੰਗ ਦੀ ਰੋਟੀ ਤੋਂ ਵੀ ਆਤੁਰ ਹੈ।
ਆਓ ਦੇਸ਼ ਲਈ ਤਿੰਨ ਜੰਗਾਂ ਲੜਨ ਵਾਲੇ ਇਸ ਸ਼ਖਸ਼ ਨੂੰ ਹਾਲਾਤਾਂ ਹੱਥੋਂ
ਮਜ਼ਬੂਰ ਹੋ ਕੇ 'ਜਿੰਦਗੀ ਦੀ ਜੰਗ' ਹਾਰਨੋਂ ਬਚਾ ਸਕੀਏ। ਤਾਂ ਕਿ ਉਸਨੂੰ
ਵੀ ਆਪਣੀ ਘਾਲਣਾ 'ਤੇ ਜਿੰਦਗੀ ਦੇ ਅੰਤਲੇ ਪਲਾਂ 'ਚ ਪਛਤਾਵਾ ਨਾ ਹੋਵੇ।
ਜੇਕਰ ਕਿਸੇ ਵੀਰ ਅੰਦਰਲਾ ਇਨਸਾਨ ਇਸ ਲੋਹ ਪੁਰਸ਼ ਦੀ ਮਦਦ ਕਰਨ ਲਈ ਬਿਹਬਲ
ਹੋ ਉੱਠੇ ਤਾਂ ਦਲਜੀਤ ਸਿੰਘ ਮਾਂਗਟ ਨਾਲ 0091 98883 26304 ਜਾਂ 0091
99141 66578 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਮੋ:- 0044 (0) 75191 12312
khurmi13deep@yahoo.in
|