ਪੁਰਾਤਨ ਸਮੇਂ ਤੋਂ ਹੀ ਨੈਤਿਕ ਸਿੱਖਿਆ ਨੂੰ ਵਿੱਦਿਆ ਦੇ ਪ੍ਰਧਾਨ
ਅੰਗਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਆਦਿ ਕਾਲ ਤੋਂ ਜਦੋਂ ਵੀ ਮਨੁੱਖ ਨੇ
ਅਸੱਭਿਅਕ ਤੋਂ ਸੱਭਿਅਕ ਜਗਤ ਵਿੱਚ ਕਦਮ ਰੱਖਿਆ, ਉਸਦੀ ਹਮੇਸ਼ਾ ਇਹੀ ਇੱਛਾ
ਰਹੀ ਹੈ ਕਿ ਆਉਣ ਵਾਲੀਆਂ ਨਵੀਆਂ ਨਸਲਾਂ ਨੂੰ ਸਦਾਚਾਰਕ ਵਿੱਦਿਆ ਵਜੋਂ ਕੁਝ
ਨਾ ਕੁਝ ਸੌਂਪਿਆ ਜਾਵੇ। ਵਰਤਮਾਨ ਕਾਲ ਦੇ ਵਿੱਦਿਆ ਦੇ ਚਾਰ ਪ੍ਰਮੁੱਖ
ਖੇਤਰਾਂ ਵਿੱਚ ਉਦਾਰ ਕਲਾਵਾਂ (ਮਾਨਵਿਕੀਆਂ) ਦੇ ਅੰਤਰਗਤ ਸਦਾਚਾਰ ਵਿੱਦਿਆ
ਨੂੰ ਵੀ ਗਿਣਿਆ ਜਾਂਦਾ ਹੈ।
ਦਾਰਸ਼ਨਿਕ ਪੱਖ ਤੋਂ ਸਦਾਚਾਰ ਸ਼ਬਦ ਦੀ ਥਾਂ ਨੈਤਿਕਤਾ ਸ਼ਬਦ ਦੀ ਵਰਤੋਂ
ਕੀਤੀ ਜਾਂਦੀ ਹੈ, ਜੋ ਸੰਸਕ੍ਰਿਤ ਦੇ ਨੀਤਿ ਸ਼ਬਦ ਦਾ ਵਿਕਸਿਤ ਰੂਪ ਹੈ।
‘ਨੀ’ ਧਾਤੂ ਤੋਂ ਬਣੇ ਇਸ ਸ਼ਬਦ ਦੇ ਅਰਥ ਹਨ-ਲੈ ਜਾਣਾ, ਅਗਵਾਈ ਕਰਨਾ।
ਅਰਥਾਤ, ਜੋ ਮਨੁੱਖ ਦੀ ਜੀਵਨ ਵਿੱਚ ਅਗਵਾਈ ਕਰੇ, ਆਦਰਸ਼ ਦੀ ਪ੍ਰਾਪਤੀ ਵੱਲ
ਲੈ ਕੇ ਜਾਵੇ, ਉਹ ਨੈਤਿਕਤਾ ਆਖੀ ਜਾ ਸਕਦੀ ਹੈ, ਹਾਲਾਂਕਿ ਸਾਰੇ ਰੀਤੀ
ਰਿਵਾਜ਼ਾਂ ਨੂੰ ਨੈਤਿਕਤਾ ਨਹੀਂ ਕਿਹਾ ਜਾ ਸਕਦਾ। ਨੈਤਿਕਤਾ, ਅੰਗਰੇਜੀ ਦੇ
ਸ਼ਬਦ ‘ਮੋਰੈਲਟੀ’ ਦਾ ਅਨੁਵਾਦ ‘ਮੋਰਲ’ ਹੈ, ਜੋ ਲਾਤੀਨੀ ਮੂਲਕ ਸ਼ਬਦ ‘ਮੋਰਜ਼’
ਤੋਂ ਲਿਆ ਗਿਆ ਹੈ, ਜਿਸਦੇ ਅਰਥ ਰਿਵਾਜ, ਸੁਭਾਅ ਆਦਿ ਹਨ। ਇਸਦੇ ਸਮਾਨਾਰਥੀ
ਸ਼ਬਦ ‘ਐਥਿਕਸ’ ਜੋ ਯੁਨਾਨੀ ਸ਼ਬਦ ‘ਈਥੋਸ’ ਤੋਂ ਨਿਕਲਿਆ ਦੇ ਅਰਥ ਵੀ ਰਿਵਾਜ਼,
ਵਰਤੋਂ ਜਾਂ ਸੁਭਾਅ ਆਦਿ ਹਨ। ਇਸਦੇ ਨਾਂ ‘ਵਿਵਹਾਰ ਦਰਸ਼ਨ’, ਨੀਤੀ ਦਰਸ਼ਨ,
ਨੀਤੀ ਵਿਗਿਆਨ, ਨੀਤੀ ਸ਼ਾਸਤਰ ਆਦਿ ਵੀ ਹਨ। ਇਸੇ ਨੂੰ ਪੰਜਾਬੀ ਵਿੱਚ
‘ਸਦਾਚਾਰ’ ਆਖਦੇ ਹਨ, ਜਿਸਦਾ ਸਬੰਧ ਮੂਲ ਰੂਪ ਵਿੱਚ ‘ਚੱਜ ਆਚਾਰ’ ਜਾਂ
‘ਆਚਰਣ’ ਨਾਲ ਹੈ।
ਯੁਨਾਨੀ ਦਾਰਸ਼ਨਿਕ ਸੁਕਰਾਤ (469 ਈ. ਪੂ.) ਅਨੁਸਾਰ ਗਿਆਨ ਹੀ ਸਦਾਚਾਰ
ਹੈ, ਗਿਆਨ ਹੀ ਸਦਗੁਣ ਹੈ। ਜਿਸਨੂੰ ਪਤਾ ਲੱਗ ਜਾਏ ਕਿ ਸ਼ੁੱਭ ਕਰਮ ਕਿਹੜਾ
ਹੈ, ਉਹ ਅਸ਼ੁੱਭ ਕੰਮ ਕਰ ਹੀ ਨਹੀਂ ਸਕਦਾ। ਨੈਤਿਕ ਨਿਯਮਾਂ ਦੀ ਸੂਝ ਹਰ
ਵਿਅਕਤੀ ਲਈ ਜਰੂਰੀ ਹੈ। ਸੁਕਰਾਤ ਦੇ ਚੇਲੇ ਪਲੈਟੋ (427-347 ਈ. ਪੂ.) ਦਾ
ਵੀ ਕਥਨ ਹੈ ਕਿ ‘ਕੇਵਲ ਹਕੂਮਤ ਦਾ ਹੱਕ ਸੂਝਵਾਨ ਚਿੰਤਕਾਂ ਜਾਂ ਫਿਲਾਸਰਾਂ
ਨੂੰ ਹੋਣਾ ਚਾਹੀਦਾ ਹੈ। ਪਲੈਟੋ ਦੇ ਸਦਗੁਣਾਂ ਚ, ਦਾਨਾਈ ਜਾਂ ਸੁਗਿਆਨ,
ਦਲੇਰੀ, ਸੰਜਮ ਅਤੇ ਨਿਆਂ ਵਰਗੇ ਗੁਣ ਸ਼ਾਮਿਲ ਹਨ। ਇਸੇ ਸ਼ੇ੍ਰਣੀ ਦੇ ਇੱਕ
ਹੋਰ ਪ੍ਰਮੁੱਖ ਚਿੰਤਕ ਅਰਸਤੂ (384-322 ਈ. ਪੂ.) ਅਨੁਸਾਰ, ‘ਨੇਕੀ ਮਨੁੱਖ
ਦੇ ਸੁਭਾਅ ਚ ਕੁਦਰਤੀ ਮੌਜੂਦ ਨਹੀਂ, ਸਗੋਂ ਉੱਦਮ ਤੇ ਸਿਖਲਾਈ ਦੁਆਰਾ
ਵਿਕਸਿਤ ਹੁੰਦੀ ਹੈ।’ ਉਸ ਅਨੁਸਾਰ ਥੁੜ ਜਾਂ ਬਹੁਤਾਂਤ ਦੋਵੇਂ ਅਤੀਆਂ ਤੋਂ
ਬਚਣਾ ਜਰੂਰੀ ਹੈ: ਵਿਚਕਾਰਲਾ ਸੰਜਮ ਦਾ ਰਾਹ ‘ਸਦਗੁਣ’ ਹੈ। ਬੁਜਦਿਲੀ ਅਤੇ
ਧੱਕੇਸ਼ਾਹੀ ਦੋਵਾਂ ਦੇ ਵਿਚਕਾਰ ਸੰਜਮ ਦਾ ਰਾਹ ‘ਦਲੇਰੀ’ ਹੈ। ਕੰਜੂਸੀ ਅਤੇ
ਫਜ਼ੂਲਖਰਚੀ ਦੀ ਥਾਂ ਵਿਚਕਾਰਲਾ ਸੁਨਹਿਰੀ ਮੱਧ ‘ਚਾਦਰ ਵੇਖਕੇ ਪੈਰ ਪਸਾਰਨੇ’
ਉੱਤਮ ਹੈ। ਚੀਨ ਦੇ ਮਹਾਨ ਚਿੰਤਕ ਕਨਫਿਸ਼ਿਅਸ ਦੇ ਸ਼ਬਦਾਂ ‘ਚ ਆਚਰਨ ਤੋਂ
ਬਗੈਰ ਗਰੀਬੀ, ਬਰਬਰਤਾ ਵੱਲ ਲਿਆ ਸਕਦੀ ਹੈ ਅਤੇ ਅਮੀਰੀ, ਜ਼ਬਰ ਜ਼ੁਲਮ ਦੇ
ਰਸਤੇ ਵੱਲ। ਆਧੁਨਿਕ ਯੁੱਗ ਦੇ ਪੱਛਮੀ ਚਿੰਤਕਾਂ ਹਾਵਜ, ਕਲਾਰਕ, ਬਟਲਰ,
ਹਯੂਮ, ਕਾਂਟ, ਸਪੈਂਸਰ, ਜੇਮਸ, ਸੋਪੇਨਹਾਵਰ, ਨੀਤਸੇ, ਮਾਰਕਸ ਆਦਿ ਨੇ ਆਪੋ
ਆਪਣੇ ਦ੍ਰਿਸ਼ਟੀਕੋਣ ਤੋਂ ਨੈਤਿਕਤਾ ਨੂੰ ਮਨੁੱਖੀ ਸਮਾਜ ਲਈ ਪ੍ਰਮੁੱਖ ਮੰਨਿਆ
ਹੈ।
ਭਾਰਤੀ ਦਰਸ਼ਨ ਪ੍ਰਣਾਲੀਆਂ ਚ ਆਚਰਣ ਸੰਬੰਧੀ ਪ੍ਰਸ਼ਨਾਂ ਨੂੰ ਪ੍ਰਮੁੱਖਤਾ
ਨਾਲ ਲਿਆ ਗਿਆ ਹੈ। ਹਜ਼ਾਰਾਂ ਸਾਲ ਪਹਿਲਾਂ ਸਾਡੇ ਪ੍ਰਮੁੱਖ ਗ੍ਰੰਥਾਂ,
ਵੇਦਾਂ, ਉਪਨਿਸ਼ਦਾਂ ਚ ਇਸ ਸਬੰਧੀ ਤਸੱਲੀ ਬਖਸ਼ ਜਾਣਕਾਰੀ ਉਪਲਬਧ ਹੈ।
ਪਾਤੰਜਲੀ ਦੇ ਯੋਗ ਦਰਸ਼ਨ ਵਿਚਲੇ ਅੱਠ ਪ੍ਰਕਾਰ ਦੇ ਸਾਧਨਾ ਵਿੱਚ ਮੁਢਲੇ
ਸਾਧਨ ਯਮ, ਨਿਯਮਾਂ ਆਦਿ ਵਿੱਚ ਸ਼ਾਮਿਲ ਅਹਿੰਸਾ, ਸੰਤੋਖ, ਅਸਤੇਯ, ਤਪ,
ਸਵਾਧਿਆਏ ਆਦਿ ਅਸਲ ਵਿੱਚ ਯੋਗ ਦਰਸ਼ਨ ਵਿੰਚ ਖਿਲਰਿਆ ਨੀਤੀ ਸ਼ਾਸਤਰ ਹੈ।
ਜੈਨ ਧਰਮ ਦਾ ਤ੍ਰਿਰਤਨ ਮਾਰਗ ਸਮਿਅਕ ਗਿਆਨ, ਸਮਿਅਕ ਦਰਸ਼ਨ (ਵਿਸ਼ਵਾਸ਼),
ਸਮਿਅਕ ਆਚਾਰ ਆਦਿ ਜੈਨ ਮਤ ਦੀ ਨੈਤਿਕ ਜੀਵਨ ਦ੍ਰਿਸ਼ਟੀ ਹੈ। ਜਿਸ ਵਿੱਚ
ਸਮੂਹ ਜੀਵਾਂ ਨਾਲ ਪ੍ਰੇਮ ਅਰਥਾਤ ਅਹਿੰਸਾ ਪ੍ਰਮੁੱਖ ਹੈ। ਬੁੱਧ ਧਰਮ ਵਿੱਚ
ਚਾਰ ਆਰਯ ਸੱਤ ਜੀਵਨ ਦੀ ਸੱਚਾਈ ਨੂੰ ਪ੍ਰਤੱਖ ਉਜਾਗਰ ਕਰਨ ਦੇ ਨਾਲ ਹੀ ਇਸੇ
ਧਰਮ ਦਾ ਅਸ਼ਟਾਂਗ ਮਾਰਗ, ਸਹੀ ਵਿਸ਼ਵਾਸ, ਸਹੀ ਇਰਾਦਾ, ਸਹੀ ਬੋਲ-ਚਾਲ, ਸਹੀ
ਕਰਮ, ਸਹੀ ਜੀਵਨ ਜਾਂਚ, ਸਹੀ ਉੱਦਮ, ਸਹੀ ਸੋਚ ਵਿਚਾਰ, ਸਹੀ ਇਕਾਗਰਤਾ ਆਦਿ
ਦੀ ਸਿਖਰਲੀ ਮੰਜ਼ਿਲ ‘ਨਿਰਵਾਣ’ ਹੈ, ਜਿਸਦਾ ਦਾਰਸ਼ਨਿਕ ਅਰਥ ਪੂਰੀ
ਪ੍ਰਾਕਿਰਤੀ ਨਾਲ ਪਿਆਰ ਹੀ ਪਿਆਰ ਹੈ। ਇਸੇ ਤਰ੍ਹਾਂ ਭਾਗਵਤ ਗੀਤਾ ਵਿੱਚ ਵੀ
ਨਿਸ਼ਕਾਮ ਕਰਮ, ਧੀਰਜ, ਮਾਨਸਿਕ ਸੰਤੁਲਨ, ਆਤਮ ਵਿਕਾਸ ਆਦਿ ਨਿਯਮ ਅੱਜ ਵੀ
ਚੰਗੇਰੇ ਮਨੁੱਖੀ ਸਮਾਜ ਦੀ ਸਿਰਜਣਾ ਲਈ ਸਾਰਥਿਕ ਹਨ। ਭਾਰਤੀ ਪਰੰਪਰਾ ਵਿੱਚ
ਰਿਗਵੇਦ, ਰਮਾਇਣ, ਮਹਾਂਭਾਰਤ, ਸ਼ੁਕਰਨੀਤੀ, ਚਾਣਕਯ ਨੀਤੀ, ਕੌਟਿਲਯ ਦਾ ਅਰਥ
ਸ਼ਾਸਤਰ; ਵਿਸ਼ਨੂੰ ਸ਼ਰਮਾ ਦਾ ‘ਪੰਚਤੰਤ੍ਰ’ ਆਦਿ ਭਾਰਤੀ ਪੁਰਾਤਨ ਗ੍ਰੰਥ ਇੱਕ
ਸੁਚੱਜੇ ਮਨੁੱਖ ਦਾ ਸੰਕਲਪ ਪ੍ਰਸਤੁਤ ਕਰਨ ਵੱਲ ਭਲੀ ਭਾਂਤ ਸੁਚੇਤ ਹਨ।
‘ਪੰਚਤੰਤ੍ਰ’ ਦਾ ਅਨੁਵਾਦ ਮਹਾਰਾਜਾ ਰਣਜੀਤ ਸਿੰਘ ਨੇ ਵੀ ਕਰਵਾਇਆ, ਜਿਸ
ਨੂੰ ‘ਬੁਧਿ ਬਾਰਿਧੀ’ ਅਰਥਾਤ ਅਕਲ ਦਾ ਸਮੁੰਦਰ ਮੰਨਿਆ ਜਾਂਦਾ ਹੈ। ਨਾਭਾ
ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਨੇ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਭਾਈ
ਕਾਨ੍ਹ ਸਿੰਘ ਨਾਭਾ ਪਾਸੋਂ ਸੰਨ 1884 ਈ. ਵਿੱਚ ਨੈਤਿਕ ਸਿੱਖਿਆ ਨਾਲ
ਸਬੰਧਿਤ ਨੀਤਿ ਗ੍ਰੰਥ ‘ਰਾਜ ਧਰਮ’ ਲਿਖਵਾਇਆ, ਜਿਸ ਵਿੱਚ ਉਤਮ ਮਨੁੱਖ ਦੀ
ਸਿਰਜਣਾ ਲਈ ਨਫੇ-ਨੁਕਸਾਨ ਦੀਆਂ ਜਰੂਰੀ ਗੱਲਾਂ ਨੂੰ ਬੜੇ ਹੀ ਕਲਾਮਈ ਢੰਗ
ਨਾਲ ਬਿਆਨ ਕੀਤਾ ਗਿਆ ਹੈ।
ਗੁਰਮਤਿ ਵਿੱਚ ਤਿੰਨ ਵਿਸ਼ੇ ਪ੍ਰਮੁੱਖ ਹਨ- ਪਰਾਭੌਤਿਕਤਾ, ਰਹੱਸਾਤਮਕਤਾ
ਅਤੇ ਨੈਤਿਕਤਾ ਆਦਿ। ਗੁਰਬਾਣੀ ਸੰਕਲਨ ਦੀ ਪਲੇਠੀ ਰਚਨਾ ਜਪੁਜੀ ਸਾਹਿਬ
ਵਿੱਚ ‘ਸੁਣਿਐ ਸਤੁ ਸੰਤੋਖੁ ਗਿਆਨੁ’ ਦਾ ਸੰਦੇਸ਼ ਹੈ। ਸੱਚ , ਸਭ ਤੋਂ
ਸ੍ਰੇਸ਼ਠ ਹੈ ਪਰੰਤੂ ‘ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ’ ਦੇ ਮਹਾਂਵਾਕ
ਅਨੁਸਾਰ, ਆਚਾਰ, ਆਚਰਣ ਜਾਂ ਨੈਤਿਕਤਾ ਨੂੰ ਪ੍ਰਮੁਖਤਾ ਦੇਣ ਕਾਰਨ ਸਿੱਖ
ਧਰਮ ਨੂੰ ਦੁਨੀਆਂ ਦੇ ਧਰਮਾਂ ਵਿੱਚ ਵਿਲੱਖਣ ਸਥਾਨ ਹਾਸਿਲ ਹੈ। ਜਦ ਤੱਕ
ਦੁਨੀਆਂ ਰਹੇਗੀ, ਧਰਤੀ ਤੇ ਮਨੁੱਖ ਰਹੇਗਾ, ਨੈਤਿਕਤ ਸਿੱਖਿਆ ਦਾ ਮਹੱਤਵ
ਸਦੀਵੀਂ ਬਣਿਆ ਰਹੇਗਾ। ਨਿਰਸੰਦੇਹ ਸਾਡੇ ਸਕੂਲਾਂ, ਕਾਲਜਾਂ,
ਵਿਸ਼ਵਵਿਦਿਆਲਿਆਂ ਨੂੰ ਇਸ ਤਰਫ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ।
ਡਾ. ਜਗਮੇਲ ਸਿੰਘ ਭਾਠੂਆਂ
ਕੋਆਰਡੀਨੇਟਰ
ਹਰੀ ਬ੍ਰਿਜੇਸ਼ ਕਲਚਰਲ, ਫਾਉਂਡੇਸ਼ਨ
ਦਿੱਲੀ।
ਏ-68 ਏ., ਸੈਕੰਡ ਫਲੋਰ,
ਫਤਹਿ ਨਗਰ, ਨਵੀਂ ਦਿੱਲੀ-18,
ਮੋਬਾਇਲ-09871312541
|