ਸਿੱਖਿਆ ਦੇ ਖੇਤਰ ਵਿਚ ਆਪਣੇ ਪਿੰਡ, ਜਿਲਾ ਅਤੇ ਸੂਬੇ ਦਾ ਨਾਉਂ ਉਚਾ
ਕਰ ਰਿਹਾ ਜਸਵੰਤ ਸਿੰਘ ਸਰਾਭਾ ਆਪਣੀ ਮਿਸਾਲ ਆਪ ਹੋ ਗੁਜਰਿਆ ਹੈ। ਆਪਣੇ
ਅਧਿਆਪਨ ਕਿੱਤੇ ਨੂੰ ਇਕ ਭਗਤੀ, ਤਪੱਸਿਆ ਅਤੇ ਸੇਵਾ ਮੰਨਣ ਵਾਲੇ ਸਰਾਭਾ ਨੇ
ਮਿਹਨਤ, ਲਗਨ ਅਤੇ ਸੌਕ ਨਾਲ ਕੰਮ ਕਰਦਿਆਂ 'ਅਧਿਆਪਕ ਰਾਸ਼ਟਰੀ ਪੁਰਸਕਾਰ'
ਪ੍ਰਾਪਤ ਕਰਕੇ ਇਸ ਬਾਰ ਆਪਣੇ ਲੁਧਿਆਣਾ ਜਿਲੇ ਦੀ ਲਾਜ ਰੱਖ ਵਿਖਾਈ ਹੈ।
ਜਿਲਾ ਲੁਧਿਆਣਾ ਦੇ ਪਿੰਡ ਸਰਾਣਾ ਵਿਖੇ ਪਿਤਾ ਗੁਰਦੇਵ ਸਿੰਘ ਅਤੇ ਮਾਤਾ
ਬਲਦੇਵ ਕੌਰ ਦੇ ਵਿਹੜੇ ਨੂੰ ਰੁਸ਼ਨਾਉਣ ਵਾਲੇ ਜਸਵੰਤ ਸਿੰਘ ਨੇ ਮੁਲਾਕਾਤ
ਦੌਰਾਨ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ, 'ਮੈਨੂੰ ਇਹ ਪੁਰਸਕਾਰ ਹਾਸਲ
ਕਰਕੇ ਮਨ ਨੂੰ ਇਕ ਅੱਡਰਾ ਸਕੂਨ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ।'
ਉਸ ਦੱਸਿਆ 'ਮੈਨੂੰ ਸੁੰਦਰ ਲਿਖਾਈ, ਪੇਂਟਿੰਗ, ਸਲੋਗਨ, ਭੰਗੜਾ,
ਮਾਡਲ-ਮੇਕਿੰਗ, ਕਵਿਤਾ, ਗੀਤ, ਕਹਾਣੀਆਂ ਲਿਖਣ ਦੇ ਨਾਲ-ਨਾਲ ਖੇਡਾਂ,
ਕੋਰੀਓਗ੍ਰਾਫੀ ਅਤੇ ਗਾਉਣ ਆਦਿ ਦਾ ਬਹੁਤ ਸ਼ੌਕ ਹੈ। ਇਨਾਂ ਸਾਰੀਆਂ ਹੀ
ਅੱਡ-ਅੱਡ ਕਲਾਵਾਂ ਦੀ ਤਿਆਰੀ ਆਪਣੇ ਸਕੂਲ ਦੇ ਵਿਦਿਆਰਥੀਆਂ ਕੋਲੋ ਕਰਵਾ ਕੇ
ਮੈਂ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਦਿਵਾਉਦਾ ਹਾਂ। ਹਰ ਬੱਚੇ ਦੀ ਰੁੱਚੀ
ਅਤੇ ਲਗਨ ਦੇਖਕੇ ਉਸ ਅੰਦਰਲੀ ਪ੍ਰਤਿਭਾ ਨੂੰ ਨਿਖਾਰਦਾ ਹਾਂ।'
ਜਸਵੰਤ ਸਿੰਘ ਸਰਾਭਾ ਦੀਆਂ ਸੇਵਾਵਾਂ ਇੱਥੋ ਤੱਕ ਹੀ ਸੀਮਿਤ ਨਹੀ।
ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਨਵੀਆਂ ਖੋਜਾਂ ਅਤੇ ਨੈਤਿਕਤਾ ਉਤੇ
ਅਧਾਰਿਤ ਉਸ ਨੇ 'ਕਹਾਣੀਆਂ ਦਾ ਕਾਵਿ-ਰੂਪ', 'ਬਣਦੇ ਉਹੀ ਮਹਾਨ', 'ਕੌਮੀ
ਸ਼ਹੀਦ- ਕਰਤਾਰ ਸਿੰਘ ਸਰਾਭਾ' ਅਤੇ 'ਦੇਸ਼ ਦਾ ਭਵਿੱਖ ਬੱਚੇ' ਨਾਂਓ ਦੀਆਂ
ਚਾਰ ਬਾਲ-ਪੁਸਤਕਾਂ ਵੀ ਲਿਖੀਆਂ ਹਨ, ਜਿਹੜੀਆਂ ਕਿ ਸਿੱਖਿਆ ਵਿਭਾਗ ਦੀ
ਸਾਈਟ ਉਤੇ ਚੜੀਆਂ ਹੋਈਆਂ ਹਨ।
ਸੈਮੀਨਾਰ ਅਤੇ ਕਲਾਸ ਲਗਾਉਣ ਸਮੇਂ ਸਰਾਭਾ ਪੜਾਈ ਅਤੇ ਕਲਾ ਦੇ ਸੁਮੇਲ
ਨੂੰ ਦਰਸਾਉਂਦਾ ਹੈ। ਉਸ ਬੜੇ ਫਖਰ ਅਤੇ ਮਾਣ ਨਾਲ ਦੱਸਿਆ ਕਿ ਉਸ ਦੇ ਵੀਹ
ਸਾਲ ਦੇ ਨਤੀਜੇ ਲਗਭਗ 100 ਪ੍ਰਤੀਸ਼ਤ ਰਹੇ ਹਨ। ਅੱਜ ਕੱਲ ਜਿਵੇਂ ਇਕ ਆਮ
ਰਿਵਾਇਤ ਦੇਖਣ 'ਚ ਆਈ ਹੈ ਕਿ ਅਧਿਆਪਕਾਂ ਦੇ ਆਪਣੇ ਬੱਚੇ ਪ੍ਰਾਈਵੇਟ
ਅੰਗ੍ਰੇਜੀ ਮੀਡੀਅਮ ਸਕੂਲਾਂ ਵਿਚ ਮਹਿੰਗੀਆਂ ਫੀਸਾਂ ਦੇ ਕੇ ਪੜਾਈ ਕਰ ਰਹੇ
ਹਨ, ਪਰ ਉਸ ਦੇ ਉਲਟ ਜਸਵੰਤ ਸਰਾਭਾ ਨੇ ਆਪਣੇ ਇਕਲੌਤੇ ਲਾਡਲੇ ਸ਼ੁਭ ਪ੍ਰੀਤ
ਨੂੰ ਆਪਣੇ ਹੀ ਸਰਕਾਰੀ ਸਕੂਲ ਵਿਚ ਪੜਾ ਕੇ ਇਕ ਮਿਸਾਲ ਕਾਇਮ ਕੀਤੀ ਹੈ। ਉਸ
ਨੇ ਇਸ ਗਲਤ ਫਹਿਮੀ ਨੂੰ ਦੂਰ ਕਰ ਵਿਖਾਇਆ ਹੈ ਕਿ ਪ੍ਰਾਈਵੇਟ ਅੰਰਗੇਜੀ
ਸਕੂਲਾਂ ਦੇ ਬੱਚੇ ਹੀ ਅੱਗੇ ਆਉਦੇ ਹਨ। ਉਸ ਕਿਹਾ, 'ਮੇਰੇ ਵਿਦਿਆਰਥੀ 10
ਬਾਰ ਜਿਲਾ ਲੈਵਲ ਅਤੇ ਤਿੰਨ ਬਾਰ ਸਟੇਟ ਲੈਵਲ ਤੇ ਭਾਗ ਲੈ ਚੁੱਕੇ ਹਨ।
ਸਕੂਲ ਦੇ 20 (ਵੀਹ) ਬੱਚੇ ਭਾਰਤ ਪੱਧਰੀ (ਐਨ. ਐਮ. ਐਮ. ਐਸ.) ਵਜੀਫਾ ਲੈ
ਰਹੇ ਹਨ। ਪ੍ਰਾਈਵੇਟ ਸਕੂਲਾਂ ਨਾਲ ਮੁਕਾਬਲਿਆਂ ਚੋ ਵੀ ਉਸ ਦੇ ਚੰਡੇ ਹੋਏ
ਬੱਚੇ ਫਸਟ ਆਉਦੇ ਹਨ।'
ਹੋਰ ਤਾਂ ਹੋਰ ਬਾਕੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਕਈ ਬਾਰ ਉਸ ਨੇ
ਸਟੇਟ ਲੈਵਲ ਤੱਕ ਪਹੁੰਚਾਇਆ ਹੈ। ਜਦੋ ਬੱਚਿਆਂ ਦੇ ਮੁਕਾਬਲੇ ਹੁੰਦੇ ਹਨ
ਤਾਂ ਸਿਰਫ ਕੰਮ ਵਾਲੇ ਦਿਨ ਹੀ ਨਹੀ, ਬਲਕਿ ਉਨਾਂ ਦੀ ਤਿਆਰੀ ਲਈ ਆਪਣੇ ਹਰ
ਵੱਡੇ-ਤਂ-ਵੱਡੇ ਰੁਝੇਵੇਂ ਨੂੰ ਛੱਡਕੇ ਆਮ ਛੁੱਟੀਆਂ ਦੇ ਨਾਲ-ਨਾਲ ਜੂਨ
ਮਹੀਨੇ ਦੀਆਂ 10 ਛੁੱਟੀਆਂ ਵੀ ਤਿਆਰੀ ਵਿਚ ਹੀ ਲਗਵਾ ਦਿੰਦਾ ਹੈ। ਦੁਨੀਆਂ
ਦੇ ਹੋਰ ਸਭੇ ਝੁਮੇਲਿਆਂ ਨੂੰ ਛੱਡਕੇ ਉਹ ਆਪਣਾ ਵੱਧ ਤੋ ਵੱਧ ਸਮਾਂ ਸਕੂਲ
ਨੂੰ ਹੀ ਸਮਰਪਣ ਕਰਦਾ ਹੈ। ਇਹ ਸੇਵਾ ਵੀ ਸ਼ਾਇਦ ਜਸਵੰਤ ਸਿੰਘ ਸਰਾਭਾ ਦੇ
ਹਿੱਸੇ ਹੀ ਆਈ ਹੈ ਕਿ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ
ਅਤੇ ਵਿਦਿਆ ਦਾ ਚਾਨਣ ਘਰ-ਘਰ ਫੈਲਾਉਣ ਦੇ ਮੰਤਵ ਨਾਲ ਆਪਣੀ ਗੱਡੀ ਰਾਂਹੀਂ
ਹੋਰਨਾਂ ਪਿੰਡਾਂ ਤੋਂ, ਜਿਹੜੇ ਬੱਚੇ ਆਉਣ-ਜਾਣ ਦੀ ਦਿੱਕਤ ਮਹਿਸੂਸ ਕਰ ਰਹੇ
ਹਨ, ਨੂੰ ਉਹ ਲਗਾਤਾਰ ਢੋਅ ਰਿਹਾ ਹੈ।
ਸਰਕਾਰੀ ਮਿਡਲ ਸਕੂਲ, ਰਾਜਗੜ (ਲੁਧਿਆਣਾ) ਵਿਚ ਇਸ ਵਕਤ ਸੇਵਾ ਨਿਭਾ
ਰਹੇ, ਜਸਵੰਤ ਸਰਾਭਾ ਨੇ ਇਕ ਸਵਾਲ ਦਾ ਜੁਵਾਬ ਦਿੰਦਿਆਂ ਕਿਹਾ, 'ਮੈਂ ਆਪਣੀ
ਜੀਵਨ-ਸਾਥਣ ਰਛਪਾਲ ਕੌਰ ਦੇ ਨਾਲ-ਨਾਲ ਆਪਣੇ ਸਕੂਲ ਦੇ ਮੁੱਖੀ ਦਰਸ਼ਨ ਸਿੰਘ
ਡਾਂਗੋ, ਸਮੂਹ ਸਟਾਫ, ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਆਪਣੇ
ਦੋਸਤਾਂ-ਮਿੱਤਰਾਂ ਅਤੇ ਸ਼ੁਭ-ਚਿੰਤਕਾਂ ਦਾ ਹਾਰਦਿਕ ਰਿਣੀ ਹਾਂ ਜਿਨਾਂ ਦਾ
ਸਹਿਯੋਗ ਅਤੇ ਸ਼ੁਭ ਇੱਛਾਵਾਂ ਹਮਸ਼ਾਂ ਮੇਰੇ ਨਾਲ ਰਹੀਆਂ।'
ਅਨਪੜਤਾ ਦਾ ਹਨੇਰਾ ਦੂਰ ਕਰਕੇ, ਵਿਦਿਆ ਦਾ ਚਾਨਣ ਫੈਲਾਉਣ ਅਤੇ ਸਮਾਜ
ਦਾ ਮੂੰਹ-ਮੁਹਾਂਦਰਾ ਸਵਾਰਨ ਅਤੇ ਸ਼ਿੰਗਾਰਨ ਵਿਚ ਜੁਟੇ ਹੋਏ ਸਹੀ ਮਾਅਨਿਆਂ
ਵਿਚ ਰਾਹ-ਦਸੇਰਾ ਬਣੇ ਜਸਵੰਤ ਸਿੰਘ ਸਰਾਭਾ ਦੀ ਸੋਚ ਨੂੰ ਸਲਾਮ ! ਲਗਾਤਾਰ
ਕਾਮਯਾਬੀ ਭਰੀਆਂ ਜੋਸ਼ੀਲੀਆਂ ਪੁਲਾਂਘਾਂ ਪੁੱਟਣ ਲਈ ਮਾਲਕ ਉਸ ਦੇ ਕਦਮਾਂ 'ਚ
ਹੋਰ ਵੀ ਬੱਲ, ਤਾਕਤ, ਹੌਸਲਾ ਅਤੇ ਦ੍ਰਿੜਤਾ ਬਖਸ਼ੇ ! ਆਮੀਨ !
ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)
ਸੰਪਰਕ : ਜਸਵੰਤ ਸਿੰਘ ਸਰਾਭਾ (9463747345)
|