ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

ਪੰਜਾਬੀਅਤ ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ

ਨਰਪਾਲ ਸਿੰਘ ਸ਼ੇਰਗਿੱਲ

ਪੰਜਾਬੀ ਪੱਤਰਕਾਰੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਵਿਦੇਸ਼ਾਂ ਵਿਚ ਮਾਨਤਾ ਦੁਆਉਣ ਦਾ ਮਾਣ ਪਟਿਆਲਾ ਜ਼ਿਲੇ ਦੇ ਪਿੰਡ ਮਜਾਲ ਖ਼ੁਰਦ ਦੇ ਜੰਮਪਲ ਨਰਪਾਲ ਸਿੰਘ ਸ਼ੇਰਗਿੱਲ ਨੂੰ ਜਾਂਦਾ ਹੈ। ਉਹ ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁਲਿਤ ਕਰਨ ਵਿਚ ਹਮੇਸ਼ਾ ਯੋਗਦਾਨ ਪਾਉਂਦਾ ਰਹਿੰਦਾ ਹੈ। ਨਰਪਾਲ ਸਿੰਘ ਸ਼ੇਰਗਿੱਲ ਅਨੁਸਾਰ ਸਰਕਾਰਾਂ ਦਾ ਮੁੱਖ ਕੰਮ ਆਪਣੇ ਸੂਬੇ ਦੇ ਵਿਰਸੇ, ਭਾਸ਼ਾ, ਸਭਿਅਤਾ, ਸੰਸਕ੍ਰਿਤੀ, ਪਹਿਰਾਵਾ ਅਤੇ ਪਰੰਪਰਾਵਾਂ ਦੀ ਰਾਖੀ ਤੇ ਉਨਾਂ ਨੂੰ ਪ੍ਰਫੁਲਿਤ ਕਰਨਾ ਹੁੰਦਾ ਹੈ, ਉਹ ਹਮੇਸ਼ਾ ਅਜਿਹੇ ਕੰਮਾਂ ਵਿਚੋਂ ਸਿਆਸੀ ਲਾਹਾ ਲੈਣਾ ਆਪਣਾ ਮੁੱਖ ਮੰਤਵ ਸਮਝਦੀਆਂ ਹਨ। ਸਰਕਾਰਾਂ ਜੇਕਰ ਪੰਜਾਬੀਅਤ ਦੇ ਭਲੇ ਲਈ ਕੁੱਝ ਉਪਰਾਲੇ ਕਰਦੀਆਂ ਵੀ ਹਨ ਤਾਂ ਉਹ ਸਿਰਫ਼ ਕਾਰਵਾਈ ਪਾਉਣ ਲਈ ਹੀ ਕਰਦੀਆਂ ਹਨ। ਉਸ ਨੇ ਸਾਰਾ ਸੰਸਾਰ ਘੁੰਮਿਆਂ ਹੈ, ਅੱਜ ਪੰਜਾਬੀ ਇਕੱਲੇ ਪੰਜਾਬ ਵਿਚ ਹੀ ਨਹੀਂ ਸਮੁੱਚੇ ਸੰਸਾਰ ਵਿਚ ਵਸੇ ਹੋਏ ਹਨ। ਉਨਾਂ ਦੇ ਹਿਤਾਂ ਦੀ ਰਾਖੀ ਕਰਨੀ ਜਿੱਥੇ ਉਹ ਰਹਿ ਰਹੇ ਹਨ, ਉੱਥੋਂ ਦੀਆਂ ਸਰਕਾਰਾਂ ਦਾ ਫ਼ਰਜ਼ ਬਣਦਾ ਹੈ। ਜੋ ਪੰਜਾਬੀ ਦੁਨੀਆ ਵਿਚ ਪੰਜਾਬੀਅਤ ਦਾ ਝੰਡਾ ਚੁੱਕੀ ਫਿਰਦੇ ਹਨ ਅਤੇ ਰੋਜ਼ੀ ਰੋਟੀ ਲਈ ਵਿਦੇਸ਼ਾਂ ਵਿਚ ਸਖ਼ਤ ਮਿਹਨਤ ਕਰ ਰਹੇ ਹਨ ਉਨਾਂ ਵਿਚ ਆਪਣੇ ਵਿਰਸੇ ਨਾਲ ਜੁੜੇ ਰਹਿਣ ਦੀ ਤੀਬਰ ਤਾਂਘ ਹੁੰਦੀ ਹੈ। ਸ਼ੇਰਗਿੱਲ ਅਨੁਸਾਰ ਪੰਜਾਬ ਤੇ ਭਾਰਤ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਨਾਂ ਦੀਆਂ ਲੋੜਾਂ, ਮੁਸ਼ਕਲਾਂ ਅਤੇ ਪੰਜਾਬੀ ਸਭਿਆਚਾਰ ਨੂੰ ਬਰਕਰਾਰ ਰੱਖਣ ਲਈ ਉਨਾਂ ਲਈ ਲੋੜੀਂਦੀ ਮਦਦ ਕਰਨ। ਪਰੰਤੂ ਵੇਖਣ ਵਿਚ ਆਇਆ ਹੈ ਕਿ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਲਈ ਵੱਖਰੇ ਵਿਭਾਗ ਤਾਂ ਬਣਾਏ ਹਨ ਅਤੇ ਇਨਾਂ ਵਿਭਾਗਾਂ ਦੇ ਮੰਤਰੀ ਵੀ ਹਨ। ਪਰੰਤੂ ਇਹ ਵਿਭਾਗ ਤਾਂ ਸਾਲ ਵਿਚ ਸਿਰਫ਼ ਇੱਕ ਵਾਰ ਪ੍ਰਵਾਸੀ ਸੰਮੇਲਨ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕਰਨ ਤੱਕ ਹੀ ਮਹਿਦੂਦ ਰਹਿੰਦੇ ਹਨ। ਉਸ ਨੇ ਅੱਗੋਂ ਦੱਸਿਆ ਕਿ ਪੰਜਾਬ ਸਰਕਾਰ ਨੇ ਤਾਂ ਇਹ ਸੰਮੇਲਨ ਵੀ ਬੰਦ ਕਰ ਦਿੱਤੇ ਹਨ ਅਤੇ ਇਨਾਂ ਦੀ ਥਾਂ ਪਰਵਾਸੀਆਂ ਦੇ ਸੰਗਤ ਦਰਸ਼ਨ ਕਰਕੇ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਹੈ। ਇਨਾਂ ਸੰਮੇਲਨਾਂ ਵਿਚ ਮੰਤਰੀਆਂ ਜਾਂ ਅਫ਼ਸਰਾਂ ਦੇ ਚਹੇਤਿਆਂ ਜਾਂ ਕੁਝ-ਕੁ-ਨਾਮਵਰ ਪ੍ਰਵਾਸੀ ਵਿਉਪਾਰੀਆਂ ਨੂੰ ਹੀ ਬੁਲਾਇਆ ਜਾਂਦਾ ਹੈ।

ਮੈਂ ਲਗਪਗ ਪਿਛਲੇ 35 ਸਾਲਾਂ ਤੋਂ ਵੇਖ ਰਿਹਾ ਹਾਂ ਕਿ ਇਕੱਲਾ ਸ਼ੇਰਗਿੱਲ ਹੀ ਦੁਨੀਆ ਦੇ ਕੋਨੇ-ਕੋਨੇ ਵਿਚ ਘੁੰਮ ਫਿਰ ਕੇ ਪੰਜਾਬੀ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਇਕੱਤਰ ਕਰ ਰਿਹਾ ਹੈ ਤੇ ਉਨਾਂ ਮੁਸ਼ਕਲਾਂ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਤੇ ਇਨਾਂ ਮੁਸ਼ਕਲਾਂ ਦੇ ਪੈਦਾ ਹੋਣ ਦੇ ਕਾਰਨ ਕੀ ਹਨ, ਉਨਾਂ ਦੀ ਤਹਿ ਤੱਕ ਪਹੁੰਚ ਕੇ ਉਸ ਦੀ ਘੋਖ ਪੜਤਾਲ ਕਰਕੇ, ਉਨਾਂ ਬਾਰੇ ਪ੍ਰਵਾਸੀ ਭਾਰਤੀਆਂ ਤੇ ਖ਼ਾਸ ਤੌਰ ’ਤੇ ਪੰਜਾਬੀਆਂ ਨੂੰ ਜਾਣੂ ਕਰਵਾਉਂਦਾ ਰਹਿੰਦਾ ਹੈ ਤਾਂ ਜੋ ਪੰਜਾਬੀ ਇਨਾਂ ਮੁਸ਼ਕਲਾਂ ਵਿਚ ਫਸਣ ਤੋਂ ਗੁਰੇਜ਼ ਕਰਨ। ਉਸ ਇਕੱਲੇ ਵਿਅਕਤੀ ਦਾ ਨਾਂ ਹੈ ਨਰਪਾਲ ਸਿੰਘ ਸ਼ੇਰਗਿੱਲ।

ਸ਼ੇਰਗਿੱਲ ਰਹਿੰਦਾ ਤਾਂ ਇੰਗਲੈਂਡ ਦੇ ਲੰਡਨ ਸ਼ਹਿਰ ਵਿਚ ਹੈ ਪਰੰਤੂ ਉਹ ਆਪਣੇ ਵਿਰਸੇ ਨਾਲ ਜੁੜਿਆ ਹੋਇਆ ਹੈ। ਉਸ ਦੀਆਂ ਪਰਵਾਸ ਵਿਚ ਰਹਿੰਦੀਆਂ ਅੱਧੀ ਸਦੀ ਦੀਆਂ ਇਤਿਹਾਸਕ ਪੈੜਾਂ ਪੰਜਾਬੀਆਂ ਨੂੰ ਹਮੇਸ਼ਾ ਯਾਦ ਰਹਿਣਗੀਆਂ। ਇਸੇ ਕਰਕੇ ਉਹ ਅੱਧਾ ਸਮਾਂ ਪੰਜਾਬ ਅਤੇ ਖ਼ਾਸ ਤੌਰ ’ਤੇ ਆਪਣੇ ਪਿੰਡ ਮਜਾਲ ਖ਼ੁਰਦ ਜ਼ਿਲਾ ਪਟਿਆਲਾ ਵਿਚ ਰਹਿੰਦਾ ਹੈ। ਉਹ ਅੰਤਰਰਾਸ਼ਟਰੀ ਪੱਧਰ ਦਾ ਪੰਜਾਬੀ ਪੱਤਰਕਾਰ ਹੈ। ਉਸ ਨੇ ਬੜੇ ਸੰਜੀਦਾ ਮਸਲਿਆਂ ਤੇ ਜਿਨਾਂ ਦਾ ਸਿੱਧਾ ਪ੍ਰਭਾਵ ਪੰਜਾਬ ਅਤੇ ਪ੍ਰਵਾਸੀ ਪੰਜਾਬੀਆਂ ਤੇ ਪੈਂਦਾ ਹੈ ਬਾਰੇ ਹਜ਼ਾਰਾਂ ਲੇਖ ਲਿਖ ਕੇ ਪੰਜਾਬੀਆਂ ਨੂੰ ਜਾਗਰੂਕ ਕੀਤਾ ਹੈ। ਸ਼ੇਰਗਿੱਲ ਪਿਛਲੀ ਅੱਧੀ ਸਦੀ ਤੋਂ ਪੰਜਾਬੀ ਸਾਹਿੱਤ ਜਗਤ ਵਿਚ ਨਵੀਆਂ ਪੈੜਾ ਪਾ ਰਿਹਾ ਹੈ, ਉਸ ਦੀ ਕਵਿਤਾਵਾਂ ਦੀ ਪਹਿਲੀ ਪੁਸਤਕ ‘‘ਅਮਰ ਵੇਲ’’ 1965 ਵਿਚ ਪ੍ਰਕਾਸ਼ਿਤ ਹੋਈ। ਉਹ ਇਕੱਲਾ ਵਿਅਕਤੀ ਹੀ ਕਿਸੇ ਸੰਸਥਾ ਤੋਂ ਵੱਧ ਕੰਮ ਕਰ ਰਿਹਾ ਹੈ। ਪ੍ਰਵਾਸੀ ਪੰਜਾਬੀਆਂ ਦੀ ਜਾਣਕਾਰੀ ਲਈ ਉਹ ਪਿਛਲੇ 13 ਸਾਲਾਂ ਤੋਂ ਆਪਣੇ ਖ਼ਰਚੇ ’ਤੇ ਇੱਕ ਪੁਸਤਕ ਪ੍ਰਕਾਸ਼ਿਤ ਕਰਦਾ ਆ ਰਿਹਾ ਹੈ, ਜਿਸ ਦਾ ਨਾਂ ਹੈ ਇੰਡੀਅਨ ਅਬਰੋਡ ਐਂਡ ਪੰਜਾਬ ਇੰਮਪੈਕਟ। ਇਹ ਪੁਸਤਕ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਹੁੰਦੀ ਹੈ ਜਿਸ ਵਿਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਜਿਤਨੇ ਗੁਰਦੁਆਰੇ ਹਨ, ਉਨਾਂ ਸਾਰਿਆਂ ਦੇ ਨਾਂ, ਪਤੇ ਤੇ ਟੈਲੀਫ਼ੋਨ ਨੰਬਰ ਦਿੱਤੇ ਹੋਏ ਹਨ ਤਾਂ ਜੋ ਪ੍ਰਵਾਸੀ ਪੰਜਾਬੀ ਆਪਣੀ ਵਿਚਾਰਧਾਰਾ ਅਤੇ ਵਿਰਸੇ ਨਾਲ ਜੁੜਿਆ ਰਹੇ ਕਿਉਂਕਿ ਆਪਣੀ ਵਿਚਾਰਧਾਰਾ ਅਤੇ ਵਿਰਸੇ ਨਾਲ ਜੁੜਿਆ ਰਹੇ ਕਿਉਂਕਿ ਵਿਦੇਸ਼ਾਂ ਵਿਚ ਪੰਜਾਬੀਆਂ ਲਈ ਗੁਰੂ ਘਰ ਹੀ ਅਜਿਹੇ ਸਥਾਨ ਹਨ, ਜਿੱਥੇ ਆਮ ਪ੍ਰਵਾਸੀ ਪੰਜਾਬੀ ਇੱਕ ਦੂਜੇ ਨੂੰ ਮਿਲ ਸਕਦੇ ਹਨ, ਅਤੇ ਧਾਰਮਿਕ ਤ੍ਰਿਪਤੀ ਜਾਂ ਸਮਾਜਿਕ ਸਮਾਗਮ ਆਯੋਜਿਤ ਕਰ ਸਕਦੇ ਹਨ। ਇੱਥੇ ਹੀ ਬੱਸ ਨਹੀਂ ਇਸ ਪੁਸਤਕ ਵਿਚ ਪ੍ਰਵਾਸੀ ਪੰਜਾਬੀਆਂ ਦੀ ਜਾਣਕਾਰੀ ਲਈ ਵਿਦੇਸ਼ਾਂ ਵਿਚ ਭਾਰਤੀ ਦੂਤਵਾਸਾਂ ਦੇ ਦਫ਼ਤਰਾਂ ਦੇ ਪਤੇ ਅਤੇ ਟੈਲੀਫ਼ੋਨ ਨੰਬਰ ਸ਼ਾਮਿਲ ਕੀਤੇ ਜਾਂਦੇ ਹਨ। ਇਹ ਪੁਸਤਕ ਜਾਣਕਾਰੀ ਭਰਪੂਰ ਹੁੰਦੀ ਹੈ। ਇਸ ਵਿਚ ਉਨਾਂ ਸਫਲ ਕਾਰੋਬਾਰੀ ਪੰਜਾਬੀਆਂ ਦੇ ਪਤੇ ਵੀ ਹੁੰਦੇ ਹਨ, ਜਿਨਾਂ ਨੇ ਦੁਨੀਆ ਵਿਚ ਆਪਣੇ ਵਿਉਪਾਰ ਰਾਹੀਂ ਮਹੱਤਵਪੂਰਨ ਸਥਾਨ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਪੰਜਾਬੀ ਅਤੇ ਅੰਗਰੇਜ਼ੀ ਵਿਚ ਜਾਣਕਾਰੀ ਭਰਪੂਰ ਧਾਰਮਿਕ, ਸਮਾਜਿਕ ਅਤੇ ਇਤਿਹਾਸਿਕ ਲੇਖ ਵੀ ਹੁੰਦੇ ਹਨ। ਇਹ ਕੰਮ ਇੱਕ ਵਿਅਕਤੀ ਦਾ ਨਹੀਂ ਸਗੋਂ ਅਜਿਹੇ ਕੰਮ ਸਰਕਾਰਾਂ ਜਾਂ ਸੰਸਥਾਵਾਂ ਨੂੰ ਕਰਨੇ ਚਾਹੀਦੇ ਹਨ, ਸਰਕਾਰਾਂ ਆਪਣੇ ਫ਼ਰਜ਼ ਨਿਭਾਉਣ ਵਿਚ ਅਸਮਰਥ ਹਨ।

ਨਰਪਾਲ ਸਿੰਘ ਸ਼ੇਰਗਿੱਲ ਪ੍ਰਵਾਸੀ ਭਾਰਤੀਆਂ ਨਾਲ ਲਗਾਤਾਰ ਜੁੜੇ ਰਹਿਣ ਵਿਚ ਸਹਾਈ ਹੁੰਦਾ ਹੈ, ਪੰਜਾਬੀ ਵਿਉਪਾਰੀ ਅਤੇ ਮਾਹਿਰ ਵਿਅਕਤੀਆਂ ਨੂੰ ਪੰਜਾਬ ਦੀ ਉੱਨਤੀ ਅਤੇ ਵਿਦੇਸ਼ਾਂ ਵਿਚ ਪੰਜਾਬੀ ਪ੍ਰਵਾਸੀਆਂ ਦੀ ਕਾਰੋਬਾਰੀ ਤਰੱਕੀ ਬਾਰੇ ਜਾਣਕਾਰੀ ਦੇ ਕੇ ਇੱਕ ਕੜੀ ਦਾ ਕੰਮ ਕਰਦਾ ਹੈ। ਉਸ ਦੀ ਪੁਸਤਕ ਵਿਚ ਪ੍ਰਵਾਸੀ ਭਾਰਤੀਆਂ ਵਿਚ ਪੰਜਾਬੀ ਪ੍ਰਭਾਵ ਦਾ ਉਭਾਰ ਸਪਸ਼ਟ ਝਲਕਦਾ ਹੈ। ਉਹ ਵੱਖੋ-ਵੱਖਰੇ ਖੇਤਰਾਂ ਦੇ ਪੰਜਾਬੀਆਂ ਨੂੰ ਸਾਰੇ ਦੇਸ਼ ਵਿਚ ਹਮਸਫ਼ਰ ਬਣ ਕੇ ਜੋੜਦਾ ਹੈ। ਸਰਕਾਰਾਂ ਅਤੇ ਹੋਰ ਅਫ਼ਸਰ ਆਪਣੇ ਨਿੱਜੀ ਹਿਤਾਂ ਲਈ ਪ੍ਰਵਾਸੀ ਭਾਰਤੀਆਂ ਨੂੰ ਲੜਾ ਕੇ ਵੱਖੋ-ਵੱਖਰੇ ਗੁੱਟਾਂ ਵਿਚ ਵੰਡ ਰਹੇ ਹਨ ਪਰੰਤੂ ਇਸ ਕੌਮਾਂਤਰੀ ਪੱਤਰਕਾਰ ਨੇ ਇਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਸਾਰੇ ਪੰਜਾਬੀ ਜਗਤ ਨੂੰ ਆਪਸ ਵਿਚ ਜੋੜਨ ਦਾ ਕਾਰਜ ਸਾਹਮਣੇ ਰੱਖਿਆ ਹੋਇਆ ਹੈ। ਇਸ ਕੰਮ ਦੇ ਨਾਲ-ਨਾਲ ਨਰਪਾਲ ਸਿੰਘ ਸ਼ੇਰਗਿੱਲ ਨਵੀਂ ਪੀੜੀ ਦੇ ਪੰਜਾਬੀ ਨੌਜਵਾਨਾਂ ਲਈ ਮਾਰਗ ਦਰਸ਼ਕ ਦਾ ਕੰਮ ਵੀ ਕਰ ਰਿਹਾ ਹੈ, ਜਿਹੜੇ ਨੌਜਵਾਨ ਵਿਦੇਸ਼ਾਂ ਵਿਚ ਪੜਾਈ ਜਾਂ ਪੱਕੇ ਤੌਰ ’ਤੇ ਵੱਸਣ ਦੇ ਚਾਹਵਾਨ ਹਨ, ਉਹ ਆਪਣੇ ਲੇਖਕਾਂ ਰਾਹੀਂ ਉਨਾਂ ਨੂੰ ਵਿੱਦਿਅਕ ਖੇਤਰ ਵਿਚ ਦਾਖ਼ਲੇ ਲੈਣ ਅਤੇ ਗ਼ਲਤ ਅਨਸਰਾਂ ਤੋਂ ਬੱਚ ਕੇ ਰਹਿਣ ਅਤੇ ਸਹੀ ਢੰਗ ਨਾਲ ਵਿਦੇਸ਼ਾਂ ਵਿਚ ਜਾਣ ਦੀ ਜਾਣਕਾਰੀ ਦਿੰਦਾ ਹੈ। ਉਨਾਂ ਨੂੰ ਟਰੈਵਲ ਏਜੰਟਾਂ ਵੱਲੋਂ ਫੈਲਾਏ ਜਾਲ ਤੋਂ ਬਚ ਕੇ ਰਹਿਣ ਦੀ ਚਿਤਾਵਨੀ ਵੀ ਦਿੰਦਾ ਹੈ। ਅੱਜ ਕੱਲ ਨੌਜਵਾਨ ਪੀੜੀ ਵਿਦੇਸ਼ੀਂ ਵੱਸਣ ਦੇ ਸਬੰਧ ਵਿਚ ਆਪਣੇ ਮਾਪਿਆਂ ਦੇ ਗਲ ਗੂਠਾ ਦੇ ਕੇ ਗ਼ਲਤ ਢੰਗਾਂ ਰਾਹੀਂ ਜ਼ਮੀਨਾਂ ਵੇਚ ਕੇ ਬਾਹਰ ਜਾਣ ਲਈ ਉਤਾਵਲੀ ਹੈ। ਇਸ ਬਾਰੇ ਸੁਚੇਤ ਕਰਨਾ ਅੱਜ ਦੇ ਸਮੇਂ ਦੀ ਲੋੜ ਹੈ ਕਿਉਂਕਿ ਸਾਡੇ ਨੌਜਵਾਨ ਡਾਲਰਾਂ ਅਤੇ ਪੌਂਡਾਂ ਦੀ ਚਕਾਚੌਂਧ ਵਿਚ ਉੱਜੜਨ ਲਈ ਤਿਆਰ ਬੈਠੇ ਹਨ।

ਨਰਪਾਲ ਸਿੰਘ ਸ਼ੇਰਗਿੱਲ ਹਮੇਸ਼ਾ ਦੀ ਤਰਾਂ ਸਿੱਖਾਂ ਨਾਲ ਸਬੰਧਿਤ ਹਰ ਸੰਜੀਦਾ ਮੁੱਦੇ ਤੇ ਪ੍ਰਤੀਕਿਰਿਆ ਪ੍ਰਗਟ ਹੀ ਨਹੀਂ ਕਰਦਾ ਸਗੋਂ ਲੇਖਣੀ ਰਾਹੀਂ ਅਗਾਊਂ ਸੁਚੇਤ ਵੀ ਕਰਦਾ ਹੈ। ਦਸਤਾਰ ਜੋ ਕਿ ਸਿੱਖਾਂ ਦੀ ਸਰਦਾਰੀ ਤੇ ਮਾਣ ਦੀ ਪ੍ਰਤੀਕ ਹੈ ਤੇ ਉਸ ਨੇ ਬੜੀ ਗੰਭੀਰਤਾ ਨਾਲ ਚਰਚਾ ਕੀਤੀ ਹੈ। ਅੱਜ ਦਸਤਾਰ ਦਾ ਮੁੱਦਾ ਜਿਸ ਨੇ ਸਿੱਖਾਂ ਦੀ ਅਣਖ ਨੂੰ ਵੰਗਾਰਿਆ ਹੈ, ਇਸ ਬਾਰੇ ਇੱਕ ਦਹਾਕਾ ਪਹਿਲਾਂ ਹੀ ਉਸ ਨੇ ਆਉਣ ਵਾਲੇ ਸਮੇਂ ਵਿਚ ਪੈਦਾ ਹੋਣ ਵਾਲੇ ਸੰਕਟ ਬਾਰੇ ਜਾਣਕਾਰੀ ਦੇ ਦਿੱਤੀ ਸੀ। ਹੁਣ ਜਦੋਂ ਕਿ ਅੰਤਰਰਾਸ਼ਟਰੀ ਹਵਾਈ ਅੱਡਿਆਂ, ਵਿਦੇਸ਼ਾਂ, ਵਿਧਾਨ ਸਭਾਵਾਂ ਅਤੇ ਪਾਰਲੀਮੈਂਟ ਵਿਚ ਦਸਤਾਰ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਉਸ ਨੇ ਇੱਕ ਅੰਤਰਰਾਸ਼ਟਰੀ ਵਿਸਾਖੀ ਸੋਵੀਨਰ  ਪ੍ਰਕਾਸ਼ਿਤ ਕੀਤਾ। ਇਸ ਸੋਵੀਨਰ  ਵਿਚ ਸਿੱਖ ਦਸਤਾਰ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਦਸਤਾਰ ਦੀ ਸਿੱਖਾਂ ਵਿਚ ਧਾਰਮਿਕ ਮਹੱਤਤਾ ਕੀ ਹੈ? ਦਸਤਾਰ ਬਾਰੇ ਬਹੁਪੱਖੀ ਜਾਣਕਾਰੀ ਦੇਣ ਲਈ ਸੰਸਾਰ ਭਰ ਵਿਚ ਬੈਠੇ ਸਿੱਖ ਵਿਦਵਾਨਾਂ ਤੋਂ ਅੰਗਰੇਜ਼ੀ ਵਿਚ ਖੋਜ ਭਰਪੂਰ ਲੇਖ ਲਿਖਵਾਏ ਗਏ ਹਨ। ਇਸ ਤੋਂ ਇਲਾਵਾ ਸਿੱਖਾਂ ਨੂੰ ਦਸਤਾਰ ਦੇ ਹੱਕ ਵਿਚ ਲਾਮਬੰਦ ਹੋਣ ਅਤੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਦਸਤਾਰ ਦੀ ਮਹੱਤਤਾ ਬਾਰੇ ਪੰਜਾਬੀ ਵਿਚ ਜਾਗਰੂਕ ਕੀਤਾ ਗਿਆ ਹੈ। ਇਹ ਸੋਵੀਨਰ  ਸੰਸਾਰ ਦੇ ਸਾਰੇ ਮੁਲਕਾਂ ਦੇ ਪ੍ਰਧਾਨ ਮੰਤਰੀਆਂ, ਸੰਵਿਧਾਨਿਕ ਮੁਖੀਆਂ ਅਤੇ ਉਨਾਂ ਦੇ ਸੰਯੁਕਤ ਰਾਸ਼ਟਰ ਵਿਚ ਬੈਠੇ ਸਥਾਈ ਪ੍ਰਤੀਨਿਧੀਆਂ ਨੂੰ ਭੇਜਿਆ ਗਿਆ ਹੈ।

ਨਰਪਾਲ ਸਿੰਘ ਸ਼ੇਰਗਿੱਲ ਨੇ ਦੋ ਵੇਰ ਵਿਸਾਖੀ ਦੇ ਮੌਕੇ ’ਤੇ ਸਿੱਖ ਵਿਰੋਧੀ ਨਸਲਵਾਦ ਬਾਰੇ ਸੋਵੀਨਰ  ਨੂੰ ਪ੍ਰਕਾਸ਼ਿਤ ਕਰਕੇ ਸਿੱਖਾਂ ਨੂੰ ਆਪਣੇ ਜਨਮ ਦਿਨ ਤੇ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਸ ਲੇਖਕ ਦਾ ਜਨਮ 25 ਜੂਨ ਨੂੰ ਗੋਪਾਲ ਸਿੰਘ ਅਤੇ ਮਾਤਾ ਜਗੀਰ ਕੌਰ ਦੇ ਘਰ ਹੋਇਆ ਅਤੇ ਮਈ 1964 ਤੋਂ ਨਵੰਬਰ 1966 ਤੱਕ ਭਾਸ਼ਾ ਵਿਭਾਗ ਪਟਿਆਲਾ ਵਿਚੋਂ ਨੌਕਰੀ ਛੱਡ ਕੇ ਉਹ ਦਸੰਬਰ 1966 ਵਿਚ ਬਰਤਾਨੀਆ ਚਲੇ ਗਏ। ਉੱਥੇ ਹੀ ਪੱਤਰਕਾਰੀ ਦਾ ਕੋਰਸ ਕੀਤਾ। ਫਿਰ 1981 ਵਿਚ ਇੰਗਲੈਂਡ ਤੋਂ ਹੀ ਅੰਗਰੇਜ਼ੀ ਵਿਚ ‘ਦਾ ਪਾਲਿਟਿਕਸ’ ਮੈਗਜ਼ੀਨ ਪ੍ਰਕਾਸ਼ਿਤ ਕੀਤਾ। ਪੰਜਾਬੀ ਪੱਤਰਕਾਰੀ ਵਿਚ ਆਉਣ ਲਈ ਉਸ ਨੂੰ ਹਰਿਮੰਦਰ ਸਾਹਿਬ ਵਿਚ ਬਲਿਊ ਸਟਾਰ ਅਪ੍ਰੇਸ਼ਨ ਨੇ ਆਪ ਨੂੰ ਪ੍ਰੇਰਿਆ। ਹੁਣ ਉਹ ਅੰਤਰਰਾਸ਼ਟਰੀ ਪੱਤਰਕਾਰ ਦੇ ਤੌਰ ’ਤੇ ਪ੍ਰਸਿੱਧ ਹੋ ਚੁੱਕਾ ਹੈ।
 

ਉਜਾਗਰ ਸਿੰਘ,
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ

ujagarsingh48@yahoo.com
ਮੋਬਾਈਲ-94178 13072

05/04/2016
  ਪੰਜਾਬੀਅਤ ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ
ਦੇਸ਼ ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ
ਮਾਂ–ਬਾਪ ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ।
ਸੋ ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ
ਨੈਤਿਕ ਸਿੱਖਿਆ ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ
“ਸਰਦਾਰ ਸੰਤ ਸਿੰਘ ਧਾਲੀਵਾਲ ਟਰੱਸਟ”
ਬੀੜ੍ਹ ਰਾਊ ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ ਵਾਲਾ(ਸਰੀ)ਕਨੇਡਾ
ਆਦਰਸ਼ ਪਤੀ ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ
‘ਮਾਰੂ’ ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ

ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ
ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ ਦੌਰਾਨ ਸਨਮਾਨ
ਵਿਰਾਸਤ ਭਵਨ ਵਿਖੇ ਪਾਲ ਗਿੱਲ ਦਾ ਸਨਮਾਨ ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ

ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)