ਮਾਂ–ਬਾਪ ਦੀ ਇਹ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਵੱਡੇ ਹੋ ਕੇ
ਨਾਮਵਰ ਵਿਅਕਤਿਤਵ ਦੇ ਮਾਲਕ ਅਤੇ ਉੱਚ ਅਫ਼ਸਰ ਬਨਣ। ਇਸ ਲਈ ਆਪਣੀ ਇਸ
ਮੁੱਢਲੀ ਇੱਛਾ ਦੀ ਪੂਰਤੀ ਲਈ ਉਹ ਆਪਣੇ ਬੱਚਿਆਂ ਨੂੰ ਚੰਗੀ ਅਤੇ ਮਹਿੰਗੀ
ਸਿੱਖਿਆ ਦਵਾਉਣ ਦੀ ਕੋਸ਼ਿਸ਼ ਕਰਦੇ ਹਨ।
ਬੱਚਿਆਂ ਦੀ ਜ਼ਿੰਮੇਵਾਰੀ ਨਿਭਾਉਣੀ ਹਰ ਮਾਂ–ਬਾਪ ਦਾ ਫਰਜ਼ ਹੈ ਪਰ ਸੋਚਣ
ਵਾਲੀ ਗੱਲ ਇਹ ਹੈ ਕਿ ਕੀ ਸਾਰੇ ਮਾਂ–ਬਾਪ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰਾ
ਕਰਦੇ ਹਨ?
ਬੱਚਿਆਂ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਵਿੱਚ ਕਈ ਤਰ੍ਹਾਂ ਦੀਆਂ ਔਕੜਾਂ
ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਔਕੜ ਤਾਂ
ਆਰਥਿਕ ਹੁੰਦੀ ਹੈ। ਦੂਜੀ ਵੱਡੀ ਔਕੜ ਸਮੇਂ ਦੀ ਘਾਟ ਹੁੰਦੀ ਹੈ।
ਬੱਚਿਆਂ ਤੋਂ ਅਸੀਂ ਕੁੱਝ ਚੰਗੀ ਆਸ ਤਾਂ ਹੀ ਕਰ ਸਕਦੇ ਹਾਂ ਜੇਕਰ ਅਸੀਂ
ਉਨ੍ਹਾਂ ਪ੍ਰਤੀ ਮਿੱਤਰਤਾ ਵਾਲਾ ਵਤੀਰਾ ਰੱਖਿਆ ਹੋਵੇਗਾ। ਮਾਂ–ਬਾਪ ਬੱਚੇ
ਦੇ ਸਭ ਤੋਂ ਨੇੜਲੇ ਦੋਸਤ ਹੁੰਦੇ ਹਨ। ਸਾਨੂੰ ਬੱਚਿਆ ਪ੍ਰਤੀ ਆਪਣਾ ਰੁਖ
ਕੁੱਝ ਇਸ ਤਰ੍ਹਾਂ ਦਾ ਰੱਖਣਾ ਚਾਹੀਦਾ ਹੈ ਕਿ ਉਹ ਤੁਹਾਨੂੰ ਆਪਣਾ ਦੋਸਤ
ਸਮਝਣ।
ਬੱਚਿਆਂ ਨੂੰ ਚੰਗੇ ਸੰਸਕਾਰ ਗ੍ਰਹਿਣ ਕਰਵਾਣੇ ਚਾਹੀਦੇ ਹਨ। ਸਭ ਤੋਂ
ਪਹਿਲਾਂ ਬੱਚਾ ਸੰਸਕਾਰਾਂ ਨੂੰ ਆਪਣੇ ਮਾਂ–ਬਾਪ ਅਤੇ ਪਰਿਵਾਰ ਤੋਂ ਹੀ
ਪ੍ਰਾਪਤ ਕਰਦਾ ਹੈ। ਇਹੀ ਬੱਚੇ ਦੀ ਮੁੱਢਲੀ ਸਿੱਖਿਆ ਹੁੰਦੀ ਹੈ। ਇਸ ਲਈ
ਬੱਚਿਆਂ ‘ਚ ਵੱਡਿਆਂ ਦੀ ਇੱਜ਼ਤ ਕਰਨ, ਆਏ ਗਏ ਦਾ ਆਦਰ–ਮਾਣ ਕਰਨ, ਵੱਡਿਆਂ
ਨੂੰ ਜੀ ਕਹਿ ਕੇ ਬੁਲਾਉਣ, ਬੋਲਣ ਅਤੇ ਗੱਲਾਂ ਆਦਿ ਕਰਨ ਦਾ ਸਹੀ ਸਲੀਕਾ
ਸਿਖਾਉਣਾ ਚਾਹੀਦਾ ਹੈ।
ਬੱਚਾ ਜਦੋਂ ਥੋੜਾ ਜਿਹਾ ਵੱਡਾ ਹੋ ਜਾਵੇ ਅਤੇ ਘਰੋ ਬਾਹਰ ਆਪਣੇ ਦੋਸਤਾਂ
ਮਿਤੱਰਾਂ ਨਾਲ ਜਾ ਕੇ ਖੇਲਣਾ ਸ਼ੁਰੂ ਕਰ ਦੇਵੇ ਤਾਂ ਉਸ ਉੱਤੇ ਪੂਰੀ ਨਜ਼ਰ
ਰੱਖਣੀ ਚਾਹੀਦੀ ਹੈ। ਇਸ ਗੱਲ ਦਾ ਵਿਸ਼ੇਸ਼ ਧਿਆਨ ਰਖਿਆ ਜਾਣਾ ਚਾਹੀਦਾ ਹੈ ਕਿ
ਕੀ ਬੱਚਾ ਗਾਲਾਂ ਤਾਂ ਨਹੀਂ ਕੱਢ ਰਿਹਾ? ਬੱਚੇ ਨੂੰ ਅਜਿਹੇ ਗਲਤ ਸੰਗਤ
ਵਾਲੇ ਮਿੱਤਰਾਂ ਤੋਂ ਦੂਰ ਰੱਖਣਾ ਚਾਹੀਦਾ ਹੈ।
ਸਮੇਂ–ਸਮੇ ਤੇ ਬੱਚੇ ਦੇ ਦੋਸਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਰਹਿਣਾ
ਚਾਹੀਦਾ ਹੈ। ਉਨ੍ਹਾਂ ਦੇ ਮਾਤਾ–ਪਿਤਾ ਕੀ ਕਰਦੇ ਹਨ? ਉਹ ਕਿੱਥੇ ਰਹਿੰਦੇ
ਹਨ? ਉਨ੍ਹਾਂ ਦੇ ਸੰਸਕਾਰ ਕਿਹੋ ਜਿਹੇ ਹਨ? ਉਨ੍ਹਾਂ ਬੱਚਿਆਂ ਦਾ ਵਤੀਰਾ
ਕਿਹੋ ਜਿਹਾ ਹੈ? ਉਨ੍ਹਾਂ ਦੀ ਬੋਲ ਬਾਣੀ ਕਿਹੋ ਜਿਹੀ ਹੈ? ਆਦਿ ਅਜਿਹੇ
ਕੁੱਝ ਪ੍ਰਸ਼ਨਾਂ ਦਾ ਕਦੇ–ਕਦੇ ਉੱਤਰ ਬੱਚੇ ਦੇ ਦੋਸਤਾਂ ਚੋਂ ਟਟੋਲਣਾ
ਚਾਹੀਦਾ ਹੈ।
ਜਦੋਂ ਬੱਚਾ ਜਵਾਨੀ ਦੀ ਦਹਿਲੀਜ਼ ਤੇ ਕਦਮ ਰੱਖੇ ਤਾਂ ਉਸ ਵੇਲੇ ਉਸ ਤੇ
ਵਿਸ਼ੇਸ਼ ਨਜ਼ਰ ਰੱਖਣੀ ਚਾਹੀਦੀ ਹੈ। ਉਹ ਕਿੱਥੇ ਜਾਂਦਾ ਹੈ? ਕਿਹੋ ਜਿਹੀਆਂ
ਕਿਤਾਬਾਂ ਪੜ੍ਹਦਾ ਹੈ? ਕਿਸ ਤਰ੍ਹਾਂ ਦੇ ਟੀ.ਵੀ. ਸੀਰੀਅਲ ਵੇਖਦਾ ਹੈ?
ਕਿਹੋਂ ਜਿਹੀਆਂ ਫ਼ਿਲਮਾਂ ਵੇਖਦਾ ਹੈ? ਉਸ ਦੀ ਰਹਿਣੀ–ਬਹਿਣੀ ਕਿਹੋ ਜਿਹੇ
ਦੋਸਤਾਂ ਨਾ ਹੈ? ਆਦਿ ਅਜਿਹੇ ਕੁੱਝ ਪ੍ਰਸ਼ਨਾਂ ਦੇ ਉੱਤਰ ਉਨ੍ਹਾਂ ਦੀਆਂ
ਹਰਕਤਾਂ ਤੋਂ ਲਭਣੇ ਚਾਹੀਦੇ ਹਨ।
ਦਸਵੀਂ ਜਮਾਤ ਪਾਸ ਕਰਨ ਉਪਰੰਤ ਅਜਿਹਾ ਸਮਾਂ ਆਉਂਦਾ ਹੈ ਜਦੋਂ ਬੱਚਾ
ਜਿਆਦਾ ਦੁਵਿਧਾ ਵਿੱਚ ਹੁੰਦਾ ਹੈ, ਕਿਉਂਕਿ ਇਸ ਮੁਕਾਮ ਤੇ ਉਸ ਨੇ ਨਵੇਂ
ਵਿਸ਼ਿਆਂ ਦੀ ਚੋਣ ਕਰਨੀ ਹੁੰਦੀ ਹੈ। ਅਜਿਹੇ ਮੋਕੇ ਮਾਂ–ਬਾਪ ਨੂੰ ਉਨ੍ਹਾਂ
ਦਾ ਮਾਰਗ ਦਰਸ਼ਨ ਕਰਨਾ ਚਾਹੀਦਾ ਹੈ। ਬੱਚੇ ਦੀ ਬੌਧਿਕ ਸਮਰਥਾ, ਉਸਦੀਆਂ
ਰੁਚੀਆਂ ਅਤੇ ਉਸ ਦੇ ਇੰਟਰਸਟ ਵਗੈਰਾ ਨੂੰ ਵੇਖ ਕੇ ਹੀ ਉਸ ਨੂੰ ਨਵੇਂ ਵਿਸ਼ੇ
ਜਾਂ ਨਵੀਂ ਸਟਰੀਮ ਲੈ ਕੇ ਦੇਣੀ ਚਾਹੀਦੀ ਹੈ। ਅਜਿਹਾ ਕਰਦੇ ਸਮੇਂ ਆਪਣੀ
ਆਰਥਿਕ ਹਾਲਤ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਕਿਉਂਕਿ ਵਿਦਿਆ ਦੇ
ਕਈ ਖੇਤਰ ਜਿਆਦਾ ਖਰਚੀਲੇ ਹਨ ਅਤੇ ਇਹ ਤੁਹਾਡੀ ਜ਼ਿੰਦਗੀ ਦੀ ਆਰਥਿਕ ਗੱਡੀ
ਨੂੰ ਲੀਹੋ ਲਾਹ ਸਕਦੇ ਹਨ। ਪਰ ਫੇਰ ਵੀ ਚੰਗੀ ਸਿੱਖਿਆ ਦਵਾਉਣ ਵੱਲ ਧਿਆਨ
ਜਰੂਰ ਕੇਂਦ੍ਰਤ ਕਰਨਾ ਚਾਹਦਾ ਹੈ।
ਸਿੱਖਿਆ ਪ੍ਰਾਪਤੀ ਤੋਂ ਬਾਅਦ ਬੱਚਿਆਂ ਨੂੰ ਸੈਟ ਕਰਨਾ ਵੀ ਮਾਂ–ਬਾਪ ਦਾ
ਵੱਡਾ ਫਰਜ਼ ਹੈ। ਬੱਚੇ ਦੇ ਜਨਮ ਤੋਂ ਹੀ ਇਸ ਦਿਸ਼ਾ ਵੱਲ ਆਰਥਿਕ ਸੋਚ ਰੱਖਣੀ
ਚਾਹੀਦੀ ਹੈ। ਅੱਜਕੱਲ ਬਿਜਨਸ ਵਿੱਚ ਬਹੁਤ ਪੈਸਾ ਲੱਗਦਾ ਹੈ। ਇਸ ਲਈ ਸ਼ੁਰੂ
ਤੋਂ ਹੀ ਬੱਚੇ ਚੇ ਖਾਤੇ ਵਿੱਚ ਆਪਣੀ ਆਮਦਨ ਜਾਂ ਤਨਖਾਹ ਦਾ ਕੁੱਝ ਹਿੱਸਾ
ਜਮਾਂ ਕਰਵਾਂਦੇ ਰਹਿਣਾ ਚਾਹੀਦਾ ਹੈ। ਥੋੜੀ–ਥੋੜੀ ਜਮਾਂ ਕਰਵਾਈ ਰਾਸ਼ੀ
ਵੀਹ–ਬਾਈ ਸਾਲਾ ਵਿੱਚ ਵੱਡਾ ਰੂਪ ਧਾਰ ਲੈਂਦੀ ਹੈ। ਜੇ ਬੱਚੇ ਨੂੰ ਡਾਕਟਰ,
ਇੰਜੀਨੀਅਰ ਬਣਾਉਣਾ ਹੈ ਤਾਂ ਇਹ ਪੈਸਾ ਉਸ ਦੀ ਸਿੱਖਿਆ ਤੇ ਅਤੇ ਜੇ ਉਸਨੂੰ
ਦੁਕਾਨ–ਫੈਕਟਰੀ ਖੋਲ ਕੇ ਦੇਣੀ ਹੈ ਤਾਂ ਇਹ ਰਾਸ਼ੀ ਬਿਜ਼ਨੈਸ ਸੈਟ
ਕਰਨ ਵਿੱਚ ਵੱਡਾ ਰੋਲ ਅਦਾ ਕਰਦੀ ਹੈ। ਬਿਜ਼ਨੈਸ ਬੱਚੇ ਦੀ ਇੱਛਾ ਦੇ ਅਨੁਰੂਪ
ਹੀ ਕਰਵਾਉਣਾ ਚਾਹੀਦਾ ਹੈ।
ਵਿਆਹ ਵੀ ਜ਼ਿੰਦਗੀ ਦਾ ਇਕ ਅਹਿਮ ਮੁਕਾਮ ਹੁੰਦਾ ਹੈ। ਇਸ ਮੋਕੇ ਮਾਪਿਆਂ
ਨੂੰ ਬਹੁਤ ਭੱਜ–ਦੌੜ ਕਰਨੀ ਪੈਂਦੀ ਹੈ। ਵਿਆਹ ਵਿੱਚ ਬੱਚੇ ਦੀ ਇੱਤਾ ਨੂੰ
ਹੀ ਸਨਮੁੰਖ ਰੱਖਣਾ ਚਾਹੀਦਾ ਹੈ। ਹਾਂ, ਉਸ ਨੂੰ ਉਚ–ਲੀਚ, ਗਲਤ ਠੀਕ ਬਾਰੇ
ਜਰੂਰ ਦਸਣਾ ਚਾਹੀਦਾ ਹੈ। ਜੇ ਬੱਚਾ ਪ੍ਰੇਮ ਵਿਆਹ ਕਰਵਾਉਣਾ ਚਾਹੁੰਦਾ ਹੈ
ਤਾਂ ਉਸ ਨੂੰ ਸਭ ਕੁਝ ਸਮਝਾਉਣ ਤੋਂ ਬਾਅਦ ਅਰੇਂਜਡ ਮੈਰਿਜ ਵਿੱਚ ਬਦਲਣ ਦੀ
ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਹ ਸਭ ਮਾਂਪਿਆਂ ਦੀਆਂ ਬੱਚਿਆਂ ਪ੍ਰਤੀ ਜ਼ੁੰਮੇਵਾਰੀਆਂ ਹਨ। ਹਰ
ਮਾਂ–ਬਾਪ ਨੂੰ ਇਨ੍ਹਾਂ ਨੂੰ ਪੂਰਨ ਕਰਨ ਦੀ ਚੇਸ਼ਟਾ ਕਰਨੀ ਚਾਹਦੀ ਹੈ ਤਾਕਿ
ਬੱਚਿਆਂ ਨਾਲ ਉਨ੍ਹਾਂ ਦੀ ਸਾਂਝ ਚੰਗੀ ਬਣੀ ਰਹੇ ਅਤੇ ਉਨ੍ਹਾਂ ਦਾ ਬੁਢਾਪਾ
ਆਰਾਮ ਨਾਲ ਪਰਿਵਾਰ ਵਿੱਚ ਬੱਚਿਆ ਨਾਲ ਹੱਸ ਕੇ ਲੰਘ ਸਕੇ।
ਸੰਜੀਵ ਝਾਂਜੀ, ਜਗਰਾਉਂ।
ਸੰਪਰਕ: 8004910000
|