ਕਿਸੇ ਵੀ ਵਿਭਾਗ ਵਿਚ ਸਾਰੇ ਅਧਿਕਾਰੀ ਜਾਂ ਕਰਮਚਾਰੀ ਇਕੋ ਜਿਹੇ ਨਹੀਂ
ਹੁੰਦੇ। ਹਰ ਵਿਅਕਤੀ ਦਾ ਸੁਭਾਅ, ਸੋਚ ਅਤੇ ਕੰਮ ਕਰਨ ਦੀ ਆਪੋ ਆਪਣੀ
ਪ੍ਰਵਿਰਤੀ ਹੁੰਦੀ ਹੈ। ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਬਾਰੇ ਬਹੁਤੇ ਲੋਕਾਂ
ਦੇ ਮਨਾ ਵਿਚ ਕਿੰਤੂ ਪ੍ਰੰਤੂ ਹਨ। ਪ੍ਰੰਤੂ ਸਾਰਿਆਂ ਨੂੰ ਇਕੋ ਰੱਸੇ ਨਾਲ
ਨਹੀਂ ਬੰਨਿਆਂ ਜਾ ਸਕਦਾ। ਇਸ ਵਿਭਾਗ ਦੀ ਨੌਕਰੀ ਵੀ ਜ਼ੋਖਮ ਭਰੀ ਰਾਤ ਬਰਾਤੇ
ਅਤੇ ਵੇਲੇ ਕੁਵੇਲੇ ਦੀ ਹੈ। ਕੰਡਿਆਂ ਦੀ ਸੇਜ ਵਰਗੀ ਹੁੰਦੀ ਹੈ। ਕੋਈ ਪਤਾ
ਨਹੀਂ ਹੁੰਦਾ ਕਿਸ ਵੇਲੇ ਕਿਥੇ ਜਾਣਾ ਪਵੇ। ਕਈ ਵਾਰੀ ਸੱਪ ਦੀ ਖੁਡ ਵਿਚ
ਹੱਥ ਪਾਉਣਾ ਵੀ ਪੈ ਜਾਂਦਾ ਹੈ। ਇਸ ਲਈ ਉਨ੍ਹਾਂ ਉਪਰ ਸਰੀਰਕ ਅਤੇ ਮਾਨਸਿਕ
ਦਬਾਓ ਰਹਿੰਦਾ ਹੈ। ਉਨ੍ਹਾਂ ਦੇ ਪਰਿਵਾਰ ਵੀ ਅਣਡਿਠ ਹੁੰਦੇ ਹਨ।
ਮੈਂ ਲੰਮਾ ਸਮਾਂ ਲੋਕ ਸੰਪਰਕ ਵਿਭਾਗ ਵਿਚ, ਪੰਜਾਬ ਦੇ ਛੇ ਜਿਲਿਆਂ ਵਿਚ
ਜਿਲ੍ਹਾ ਲੋਕ ਸੰਪਰਕ ਅਧਿਕਾਰੀ ਰਿਹਾ ਹਾਂ। ਸਾਰੇ ਵਿਭਾਗਾਂ ਅਤੇ ਖਾਸ ਤੌਰ
ਤੇ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਨੂੰ ਬਹੁਤ ਨੇੜਿਓਂ ਵੇਖਣ ਦਾ ਮੌਕਾ
ਮਿਲਦਾ ਰਿਹਾ ਹੈ। ਆਮ ਤੌਰ ਤੇ ਲੋਕ ਪੁਲਿਸ ਦੀ ਕਹੀ ਸੱਚੀ ਗੱਲ ਨੂੰ ਵੀ
ਮੰਨਣ ਨੂੰ ਵੀ ਤਿਆਰ ਨਹੀਂ ਹੁੰਦੇ। ਲੋਕ ਪੁਲਿਸ ਵਿਭਾਗ ਦੀ ਹਰ ਕਾਰਵਾਈ
ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦੇ ਹਨ। ਕੁਝ ਹੱਦ ਤੱਕ ਉਹ ਸੱਚੇ ਵੀ ਹੁੰਦੇ
ਹਨ, ਕਿਉਂਕਿ ਪੁਲਿਸ ਵਿਭਾਗ ਵਿਚ ਕੁਝ ਕਾਲੀਆਂ ਭੇਡਾਂ ਨੇ ਆਪਣੀਆਂ ਗ਼ਲਤ
ਹਰਕਤਾਂ ਨਾਲ ਸਾਰੇ ਪੁਲਿਸ ਵਿਭਾਗ ਨੂੰ ਬਦਨਾਮ ਕਰ ਦਿੱਤਾ ਹੈ। ਵੈਸੇ
ਅਜਿਹੀਆਂ ਕਾਲੀਆਂ ਭੇਡਾਂ ਹਰ ਵਿਭਾਗ ਵਿਚ ਹੁੰਦੀਆਂ ਹਨ। ਮੈਂ ਬਹੁਤ ਸਾਰੇ
ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਅਜਿਹੇ ਵੇਖੇ ਹਨ, ਜਿਹੜੇ
ਹਮੇਸ਼ਾ ਸੱਚਾਈ ਦੇ ਪਹਿਰੇਦਾਰ ਬਣਕੇ ਆਪਣੇ ਫਰਜ਼ ਇਮਾਨਦਾਰੀ ਨਾਲ ਨਿਭਾਉਂਦੇ
ਰਹੇ ਹਨ। ਮੈਂ ਅਜਿਹੇ ਹੀ ਇੱਕ ਅਧਿਕਾਰੀ ਮਨਦੀਪ ਸਿੰਘ ਸਿੱਧੂ ਬਾਰੇ ਦੱਸਣਾ
ਚਾਹੁੰਦਾ ਹਾਂ, ਜਿਹੜਾ ਆਪਣੀ ਪੁਲਿਸ ਵਿਭਾਗ ਦੀ ਸਾਰੀ ਨੌਕਰੀ ਦੌਰਾਨ
ਤਲਵਾਰ ਦੀ ਧਾਰ ਤੇ ਤੁਰਦਿਆਂ ਸਚਾਈ ਦਾ ਪੱਲਾ ਫੜਕੇ ਆਪਣੇ ਫਰਜ
ਨਿਭਾਉਂਦਾ ਰਿਹਾ ਹੈ।
ਸੱਚ ਦਾ ਪੱਲਾ ਫੜੀ ਅਤੇ ਬਦਲੀ ਲਈ ਤਿਆਰ
ਬਰ ਤਿਆਰ ਬਿਸਤਰਾ ਬੰਨ੍ਹੀ ਬੈਠਾ ਰਹਿੰਦਾ ਹੈ। ਆਪਣੀਆਂ ਸ਼ਰਤਾਂ ਤੇ ਨੌਕਰੀ
ਕਰਦਾ ਹੈ। ਇਸਦਾ ਇਕ ਵਜਨਦਾਰ ਕਾਰਨ ਇਹ ਵੀ ਹੈ ਕਿ ਮਨਦੀਪ ਸਿੰਘ ਸਿੱਧੂ ਦੀ
ਪਰਿਵਾਰਿਕ ਵਿਰਾਸਤ ਬਹੁਤ ਅਮੀਰ ਹੈ। ਉਨ੍ਹਾਂ ਦੇ ਦਾਦਾ ਡਾਕਟਰ ਕੇਹਰ ਸਿੰਘ
ਸਿੱਧੂ ਸੁਤੰਤਰਤਾ ਸੰਗਰਾਮੀ ਸਨ, ਜਿਹੜੇ ਗਦਰ ਲਹਿਰ ਵਿਚ ਮਹੱਤਵਪੂਰਨ
ਯੋਗਦਾਨ ਪਾਉਂਦੇ ਰਹੇ ਹਨ। ਡਾਕਟਰ ਕੇਹਰ ਸਿੰਘ ਸਿੱਧੂ ਆਪ ਵੀ ਦੇਸ ਦੀ
ਆਜ਼ਾਦੀ ਦੀ ਲੜਾਈ ਵਿਚ ਅਹਿਮ ਭੂਮਿਕਾ ਨਿਭਾਉਣ ਕਰਕੇ ਕਾਫੀ ਲੰਮਾ ਸਮਾਂ
ਰੂਹਪੋਸ਼ ਰਹੇ ਹਨ। ਡਾਕਟਰ ਕੇਹਰ ਸਿੰਘ ਸਿੱਧੂ ਗਦਰੀਆਂ ਦੇ ਰੂਹਪੋਸ਼ ਹੋਣ
ਸਮੇਂ ਉਨ੍ਹਾਂ ਦਾ ਡਾਕਟਰੀ ਇਲਾਜ ਮੁਫਤ ਕਰਦੇ ਰਹੇ ਹਨ। ਸਰਦਾਰ
ਕੇਹਰ ਸਿੰਘ ਸਿੱਧੂ ਬਚਪਨ ਵਿਚ ਹੀ ਆਜ਼ਾਦੀ ਦੀ ਲਹਿਰ ਨਾਲ ਜੁੜ ਗਏ ਸਨ। ਇਸ
ਲਈ ਉਨ੍ਹਾਂ ਨੂੰ ਪੰਜਾਬ ਵਿਚ ਡਾਕਟਰੀ ਦੀ ਪੜ੍ਹਾਈ ਵਿਚ ਵੀ ਦਾਖਲਾ ਨਹੀਂ
ਦਿੱਤਾ ਸੀ, ਫਿਰ ਉਹ ਪੰਜਾਬ ਤੋਂ ਬਾਹਰ ਜਾ ਕੇ ਡਾਕਟਰੀ ਦਾ ਕੋਰਸ ਕਰਕੇ ਆਏ
ਸਨ। ਸਿੱਧੂ ਪਰਿਵਾਰ ਨੇ ਡਾ ਕੇਹਰ ਸਿੰਘ ਸਿੱਧੂ ਦੀ ਯਾਦ ਵਿਚ ‘‘ਕੇਹਰ
ਸਿੰਘ ਸਿੱਧੂ ਮੈਮੋਰੀਅਲ ਟਰੱਸਟ’’ ਬਣਾਈ ਹੋਈ ਹੈ, ਜਿਹੜੀ ਗ਼ਰੀਬਾਂ ਅਤੇ
ਲੋੜਬੰਦਾਂ ਦੀ ਮਦਦ ਕਰਨ ਲਈ ਹਰ ਵਕਤ ਤਤਪਰ ਰਹਿੰਦੀ ਹੈ।
ਮਨਦੀਪ ਸਿੰਘ ਸਿੱਧੂ ਦਾ ਜਨਮ ਮੁਕਤਸਰ ਜਿਲ੍ਹੇ ਦੇ ਇਕ ਕਿਸਾਨ ਪਰਿਵਾਰ ਵਿਚ
11 ਮਈ 1965 ਨੂੰ ਮਾਤਾ ਸ਼੍ਰੀਮਤੀ ਪ੍ਰਕਾਸ਼ ਕੌਰ ਸਿੱਧੂ ਅਤੇ ਪਿਤਾ ਸਰਦਾਰ
ਗੁਰਚਰਨ ਸਿੰਘ ਸਿੱਧੂ ਦੇ ਘਰ ਹੋਇਆ। ਆਪ ਦਾ ਭਰਾ ਸਿਰਬਰਿੰਦਰ ਸਿੰਘ ਸਿੱਧੂ
ਪਰਿਵਾਰ ਦੀ ਖੇਤੀਬਾੜੀ ਦਾ ਕੰਮ ਵੇਖਦਾ ਹੈ। ਮਨਦੀਪ ਸਿੰਘ ਸਿੱਧੂ ਨੇ
ਅੱਠਵੀਂ ਤੱਕ ਦੀ ਮੁਢਲੀ ਪੜ੍ਹਾਈ ਲੁਧਿਆਣਾ ਤੋਂ ਅਤੇ ਦਸਵੀਂ ਮੁਕਤਸਰ ਤੋਂ
ਪਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਐਮ ਐਸ ਸੀ ਪੰਜਾਬੀ ਯੂਨੀਵਰਸਿਟੀ
ਪਟਿਆਲਾ ਤੋਂ ਪਾਸ ਕੀਤੀ। ਆਪਨੂੰ ਜੰਗਲੀ ਜੀਵਾਂ ਦੀ ਫੋਟੋਗ੍ਰਾਫੀ ਕਰਨ ਦਾ
ਸ਼ੌਕ ਹੈ, ਜਿਸ ਕਰਕੇ ਜਦੋਂ ਵੀ ਫੁਰਸਤ ਮਿਲਦੀ ਹੈ ਤਾਂ ਉਹ ਦੂਰ ਦੁਰਾਡੇ
ਜੰਗਲਾਂ ਵਿਚ ਜਾ ਕੇ ਫੋਟੋਗ੍ਰਾਫੀ ਕਰਦੇ ਹਨ। ਇਸ ਸੰਬੰਧ ਵਿਚ ਆਪ ਨੇ ਭਾਰਤ
ਦੇ ਬਹੁਤ ਸਾਰੇ ਕੌਮੀ ਪਾਰਕਾਂ ਦੇ ਦੌਰੇ ਕੀਤੇ ਹਨ, ਜਿਨ੍ਹਾਂ ਵਿਚ
ਬੰਧਾਵਗੜ੍ਹ, ਜਿਮ ਕਾਰਬਟ, ਕਾਜ਼ੀਰੰਗਾ, ਰਣਥੰਬਮੋਰ, ਮਸਾਈ ਮਾਰਾ,
ਅੰਬੋਸੇਲੀ ਟਸਾਵੋ, ਲੇਕ ਨੈਵਾਸ਼ਾ, ਲੇਕ ਨਕਾਰੂ ਅਤੇ ਪਰਿਆਰ ਆਦਿ ਸ਼ਾਮਲ ਹਨ।
ਉਹ 1988 ਵਿਚ ਪੰਜਾਬ ਪੁਲਿਸ ਵਿਚ ਬਤੌਰ ਇਨਸਪੈਕਟਰ ਭਰਤੀ ਹੋ
ਗਏ। ਵਿਭਾਗੀ ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਪੋਸਟਿੰਗ
ਅੰਮ੍ਰਿਤਸਰ ਜਿਲ੍ਹੇ ਵਿਚ ਹੋਈ। ਉਨ੍ਹਾਂ ਦਿਨਾ ਵਿਚ ਪੰਜਾਬ ਦੇ ਹਾਲਾਤ ਵੀ
ਸੁਖਾਵੇਂ ਨਹੀਂ ਸਨ। ਜਦੋਂ ਆਪ ਦੀ ਤਰੱਕੀ ਡਿਪਟੀ ਸੁਪਰਇਨਟੈਂਡੈਂਟ ਅਤੇ
ਫਿਰ ਐਸ ਪੀ ਦੀ ਹੋਈ ਤਾਂ ਆਪਨੇ ਬਹੁਤ ਹੀ ਮਹੱਤਵਪੂਰਨ ਅਸਾਮੀਆਂ ਉਪਰ
ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਨਕੋਦਰ, ਗੜ੍ਹਸ਼ੰਕਰ, ਫਾਜਿਲਕਾ
ਅਤੇ ਸੰਗਰੂਰ ਜਿਲਿਆਂ ਵਿਚ ਕੰਮ ਕੀਤਾ। ਆਬਕਾਰੀ ਅਤੇ ਕਰ ਵਿਭਾਗ ਵਿਚ ਆਪ
ਨੇ ਬਤੌਰ ਐਸ ਪੀ ਕੰਮ ਕੀਤਾ। ਆਪ ਪਟਿਆਲਾ, ਖੰਨਾ, ਫਤਿਹਗੜ੍ਹ ਅਤੇ ਸੰਗਰੂਰ
ਜਿਲਿਆਂ ਦੇ ਸੀਨੀਅਰ ਸੁਪਰਇਨਟੈਂਡੈਂਟ ਪੁਲਿਸ ਅਤੇ ਲੁਧਿਆਣਾ ਵਿਖੇ ਡਿਪਟੀ
ਕਮਿਸਨਰ ਪੁਲਿਸ ਦੇ ਫਰਜ਼ ਵੀ ਨਿਭਾਏ ਹਨ।
ਜਿਥੇ ਵੀ ਆਪਨੇ ਆਪਣੇ
ਫਰਜ ਨਿਭਾਏ ਹਰ ਥਾਂ ਤੇ ਨਾਮਣਾ ਖੱਟਿਆ ਅਤੇ ਅੱਜ ਤੱਕ ਉਨ੍ਹਾਂ ਨੂੰ ਉਥੇ
ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਇਸ ਸਮੇਂ ਉਹ ਚੰਡੀਗੜ੍ਹ ਵਿਖੇ ਐਸ ਐਸ
ਪੀ ਵਿਜੀਲੈਂਸ ਦੇ ਅਹੁਦੇ ਤੇ ਤਾਇਨਾਤ ਹਨ।
ਮਨਦੀਪ ਸਿੰਘ ਸਿੱਧੂ
ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਨੇ ਜਿਸ ਵੀ ਅਹੁਦੇ ਤੇ ਕੰਮ ਕੀਤਾ, ਉਸ
ਅਹੁਦੇ ਦਾ ਮਾਣ ਵਧਾਇਆ ਹੈ। ਕਈ ਅਜਿਹੇ ਮਹੱਤਵਪੂਰਨ ਅਤੇ ਗੁੰਝਲਦਾਰ ਕੇਸ
ਜਿਹੜੇ ਸਾਲਾਂ ਬੱਧੀ ਲਟਕ ਰਹੇ ਸਨ, ਉਨ੍ਹਾਂ ਨੂੰ ਹਲ ਕੀਤਾ ਹੈ। ਉਨ੍ਹਾਂ
ਦੇ ਕੰਮ ਕਰਨ ਦਾ ਢੰਗ ਬਿਹਤਰੀਨ ਹੈ। ਉਹ ਆਪਣੇ ਅਧੀਨ ਕਰਮਚਾਰੀਆਂ ਅਤੇ
ਅਧਿਕਾਰੀਆਂ ਤੋਂ ਕੰਮ ਲੈਣਾ ਜਾਣਦੇ ਹਨ। ਵਿਭਾਗੀ ਅਧਿਕਾਰੀਆਂ ਅਤੇ ਅਮਲੇ
ਨੂੰ ਉਹ ਆਪਣੇ ਪਰਿਵਾਰ ਦੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਕਦੀਂ ਵੀ ਇਨਸਾਫ
ਕਰਨ ਲੱਗਿਆਂ ਦਬਾਅ ਨਹੀਂ ਮੰਨਿਆ, ਹਮੇਸ਼ਾ ਕੇਸ ਦੀ ਮੈਰਿਟ ਅਨੁਸਾਰ ਫੈਸਲਾ
ਕਰਦੇ ਰਹੇ ਹਨ। ਵੈਸੇ ਛੇਤੀ ਕੀਤਿਆਂ ਕੋਈ ਵੀ ਵਿਅਕਤੀ ਉਨ੍ਹਾਂ ਨੂੰ ਗ਼ਲਤ
ਕੰਮ ਕਰਨ ਲਈ ਕਹਿਣ ਦੀ ਹਿੰਮਤ ਹੀ ਨਹੀਂ ਕਰਦਾ।
ਜਦੋਂ ਉਹ
ਸੰਗਰੂਰ ਵਿਖੇ ਸੀਨੀਅਰ ਸੁਪਰਇਨਟੈਂਡ ਪੋਲੀਸ ਸਨ ਤਾਂ ਮੈਨੂੰ ਵੀ ਆਪਣੇ ਇਕ
ਸੰਬੰਧੀ ਨਾਲ ਉਨ੍ਹਾਂ ਕੋਲ ਕਿਸੇ ਕੇਸ ਸੰਬੰਧੀ ਜਾਣ ਦਾ ਮੌਕਾ ਮਿਲਿਆ। ਕੇਸ
ਦੀ ਪੜਤਾਲ ਕਰਕੇ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ ਕਿ ਅਜਿਹੇ ਗ਼ਲਤ ਕੇਸ ਵਿਚ
ਉਹ ਦਖ਼ਲ ਨਹੀਂ ਦੇਵੇਗਾ। ਜੇਕਰ ਕੋਈ ਬੇਇਨਸਾਫੀ ਹੋਈ ਹੁੰਦੀ ਤਾਂ ਇਨਸਾਫ
ਦਵਾਉਣ ਵਿਚ ਸਹਾਈ ਹੋ ਸਕਦਾ ਸੀ। ਕੋਈ ਵੀ ਅਧਿਕਾਰੀ ਉਨ੍ਹਾਂ ਕੋਲ ਆਨਾ
ਕਾਨੀ ਨਹੀਂ ਕਰ ਸਕਦਾ ਅਤੇ ਨਾ ਹੀ ਗ਼ਲਤ ਸੂਚਨਾ ਦੇ ਕੇ ਗੁਮਰਾਹ ਕਰ ਸਕਦਾ
ਕਿਉਂਕਿ ਉਨ੍ਹਾਂ ਦੀ ਤੀਖਣ ਬੁੱਧੀ ਹਰ ਗ਼ਲਤ ਕਾਰਵਾਈ ਨੂੰ ਪਕੜਨ ਦੀ
ਸਮਰੱਥਾ ਰੱਖਦੀ ਹੈ। ਉਨ੍ਹਾਂ ਦੀ ਸਫਲਤਾ ਬਹੁਤ ਸਾਰੇ ਕਾਰਨਾ ਕਰਕੇ ਹੈ
ਪ੍ਰੰਤੂ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਕੋਈ ਲਾਲਚ ਨਹੀਂ, ਉਹ
ਸਬਰ ਸੰਤੋਖ ਵਾਲੇ ਇਨਸਾਨ ਹਨ ਅਤੇ ਨਾ ਹੀ ਕਿਸੇ ਨਾਲ ਵੈਰ ਵਿਰੋਧ ਹੈ।
ਉਨ੍ਹਾਂ ਇਮਾਨਦਾਰੀ ਦਾ ਪੱਲਾ ਫੜਿਆ ਹੋਇਆ ਹੈ। ਜਿਥੇ ਈਮਾਨਦਾਰੀ ਹੋਵੇਗੀ
ਉਥੇ ਇਨਸਾਫ ਵੀ ਮਿਲੇਗਾ। ਨਮਰਤਾ ਅਤੇ ਹਲੀਮੀ ਵੀ ਕਮਾਲ ਦੀ ਹੈ, ਜੋ
ਉਨ੍ਹਾਂ ਦੇ ਵਿਅਕਤਿਵ ਨੂੰ ਨਿਖ਼ਾਰਦੀ ਹੈ। ਖਾਂਦੇ ਪੀਂਦੇ ਜ਼ਿਮੀਦਾਰ ਪਰਿਵਾਰ
ਦਾ ਹੋਣ ਦੇ ਬਾਵਜੂਦ ਜ਼ਮੀਨ ਨਾਲ ਜੁੜੇ ਹੋਏ ਅਧਿਕਾਰੀ ਹਨ। ਰੁਤਬੇ ਅਤੇ
ਖਾਨਦਾਨ ਦਾ ਕਦੀਂ ਗੁਮਾਨ ਨਹੀਂ ਕਰਦੇ। ਉਹ ਹਰ ਵਿਅਕਤੀ ਦੀ ਸ਼ਿਕਾਇਤ ਸੁਣਦੇ
ਹਨ ਅਤੇ ਉਨ੍ਹਾਂ ਨੂੰ ਜਿਤਨੇ ਵੀ ਲੋਕ ਮਿਲਦੇ ਹਨ, ਉਹ ਇਸ ਵਿਸ਼ਵਾਸ ਨਾਲ
ਮਿਲਕੇ ਬਾਹਰ ਆਉਂਦੇ ਹਨ ਕਿ ਉਨ੍ਹਾਂ ਦੇ ਮਸਲੇ ਦਾ ਹਲ ਹੋ ਗਿਆ ਹੈ।
ਸ਼ਿਕਾਇਤ ਕਰਤੇ ਦੀ ਅੱਧੀ ਸ਼ਿਕਾਇਤ ਤਾਂ ਉਨ੍ਹਾਂ ਨੂੰ ਮਿਲਕੇ ਹੀ ਦੂਰ ਹੋ
ਜਾਂਦੀ ਹੈ ਕਿਉਂÎਕ ਜਿਸ ਹਲੀਮੀ ਨਾਲ ਉਹ ਲੋਕਾਂ ਨਾਲ ਵਿਚਰਦੇ ਹਨ, ਉਹ
ਜੇਕਰ ਹਰ ਪੁਲਿਸ ਕਰਮੀ ਵਿਚ ਹੋਵੇ ਤਾਂ ਪੁਲਿਸ ਦਾ ਅਕਸ ਹੋਰ ਸੁਧਰ ਸਕਦਾ
ਹੈ। ਮਨਦੀਪ ਸਿੰਘ ਸਿੱਧੂ ਦੀਆਂ ਵਿਲੱਖਣ ਪ੍ਰਾਪਤੀਆਂ ਇਹ
ਹਨ ਕਿ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਕਰਕੇ ਦੋ ਵਾਰ 2009 ਅਤੇ 26
ਜਨਵਰੀ 2018 ਵਿਚ ਰਾਸ਼ਟਰਪਤੀ ਪੋਲੀਸ ਮੈਡਲ ਨਾਲ ਉਨ੍ਹਾਂ ਨੂੰ
ਸਨਮਾਨਤ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੂੰ ਪਰਾਕਰਮ ਪਦਮ
ਮੈਡਲ, ਕਠਨ ਸੇਵਾ ਮੈਡਲ, 50 ਸਾਲਾ ਆਜ਼ਾਦੀ ਮੈਡਲ, ਮੁੱਖ ਮੰਤਰੀ ਮੈਡਲ ਅਤੇ
ਛੇ ਵਾਰ ਆਊਟਸਟੈਂਡਿੰਗ ਡੀਵੋਸ਼ਨ ਨਾਲ ਫਰਜ਼ ਨਿਭਾਉਣ ਲਈ ਡੀ ਜੀ ਪੀ ਵੱਲੋਂ
ਕਮਾਂਡੈਂਟ ਡਿਸਕਾਂ ਨਾਲ ਸਨਮਾਨਤ ਕੀਤਾ ਗਿਆ।
ਸੀਨੀਅਰ
ਅਧਿਕਾਰੀਆਂ ਵੱਲੋਂ ਬਹੁਤ ਵਾਰੀ ਪ੍ਰਸੰਸਾ ਪੱਤਰ ਦਿੱਤੇ ਗਏ। ਸਾਲ 2013
ਵਿਚ ਬਾਬਾ ਫਰੀਦ ਸੋਸਾਇਟੀ ਫਰੀਦਕੋਟ ਨੇ ਇਮਾਨਦਾਰ ਅਧਿਕਾਰੀ ਦਾ ਸਨਮਾਨ ਦੇ
ਕੇ ਨਿਵਾਜਿਆ ਸੀ। ਮਨਦੀਪ ਸਿੰਘ ਸਿੱਧੂ ਨੂੰ ਇਸ ਗੱਲ ਦੀ ਸਮਝ ਹੈ ਕਿ
ਲੋਕਾਂ ਦੇ ਸਹਿਯੋਗ ਤੋਂ ਬਿਨਾ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਅਤੇ ਅਕਸ
ਸੁਧਾਰਨ ਵਿਚ ਮੁਸ਼ਕਲ ਆ ਸਕਦੀ ਹੈ। ਇਸ ਲਈ ਉਨ੍ਹਾਂ ਨੇ ਲੋਕਾਂ ਦਾ ਸਹਿਯੋਗ
ਬਾਖ਼ੂਬੀ ਲਿਆ ਹੈ। ਉਨ੍ਹਾਂ ਸਮਾਜਕ ਤਾਣੇ ਬਾਣੇ ਵਿਚ ਜਾਗ੍ਰਤੀ ਪੈਦਾ ਕਰਨ
ਲਈ ਸਵੈਇਛਤ ਸੰਸਥਾਵਾਂ ਰਾਹੀਂ ਆਮ ਜਨਤਾ ਨੂੰ ਪੁਲਿਸ ਵਿਭਾਗ ਨਾਲ ਜੋੜਕੇ
ਰੱਖਿਆ ਹੈ।
ਵਾਤਵਰਨ, ਸਿਹਤ, ਸਮਾਜਿਕ ਸਰੱਖਿਆ, ਨਸ਼ਿਆਂ, ਭਰੂਣ
ਹੱਤਿਆ, ਕਿਸਾਨ ਖ਼ੁਦਕਸ਼ੀਆਂ, ਖੇਡਾਂ, ਸਫਾਈ ਅਤੇ ਅਨੁਸ਼ਾਸਨ ਬਾਰੇ ਜਾਗ੍ਰਤੀ
ਪੈਦਾ ਕਰਨ ਲਈ ਸਾਈਕਲ ਰੈਲੀਆਂ ਅਤੇ ਮੈਰਾਥਨ ਦੌੜਾਂ ਆਦਿ ਦਾ ਪ੍ਰਬੰਧ
ਕੀਤਾ। ਇਨ੍ਹਾਂ ਕਾਰਵਾਈਆਂ ਵਿਚ ਨੌਜਵਾਨਾ ਦੀ ਸ਼ਮੂਲੀਅਤ ਦਾ ਵਿਸ਼ੇਸ ਧਿਆਨ
ਰੱਖਿਆ ਜਾਂਦਾ ਹੈ। ਨੌਜਵਾਨਾਂ ਨੂੰ ਉਹ ਪੁਲਿਸ ਵਿਭਾਗ ਦੀਆਂ ਸਰਗਰਮੀਆਂ
ਵਿਚ ਸ਼ਾਮਲ ਕਰਕੇ ਆਪਣੇ ਨਾਲ ਜੋੜਕੇ ਰੱਖਦੇ ਹਨ। ਨੌਜਵਾਨਾ ਨੂੰ ਖੇਡਾਂ ਨਾਲ
ਜੋੜਨ ਲਈ ਜਿਲਿਆਂ ਵਿਚ ਖੇਡਾਂ ਦਾ ਢਾਂਚਾ ਬਣਾਉਣ ਦੀ ਵੀ ਕੋਸਿਸ਼ ਕਰਦੇ ਹਨ।
ਉਨ੍ਹਾਂ ਦੀਆਂ ਇਨ੍ਹਾਂ ਸਰਗਰਮੀਆਂ ਦਾ ਭਾਵ ਇਕੱਲੇ ਆਮ ਜਨਤਾ ਦਾ ਸਹਿਯੋਗ
ਲੈਣਾ ਹੀ ਨਹੀਂ ਸੀ ਸਗੋਂ ਇਨ੍ਹਾਂ ਰਾਹੀਂ ਪੁਲਿਸ ਕਰਮਚਾਰੀਆਂ ਅਤੇ
ਅਧਿਕਾਰੀਆਂ ਦੀ ਮਾਨਸਿਕਤਾ ਵਿਚ ਤਬਦੀਲੀ ਲਿਆਉਣਾ ਵੀ ਸ਼ਾਮਲ ਹੁੰਦਾ ਹੈ।
ਉਨ੍ਹਾਂ ਬਹੁਤ ਸਾਰੇ ਪੇਚੀਦਾ ਕੇਸ ਜਿਹੜੇ ਪਿਛਲੇ ਕਈ ਸਾਲਾਂ ਤੋਂ
ਲਟਕਦੇ ਆ ਰਹੇ ਸਨ ਉਨ੍ਹਾਂ ਨੂੰ ਹਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।
ਪਟਿਆਲਾ ਜਿਲ੍ਹੇ ਵਿਚ ਕਰੋਨਾ ਵਰਗੀ ਮਹਾਂਮਾਰੀ ਦੌਰਾਨ ਪੁਲਿਸ ਵਿਭਾਗ ਦਾ
ਯੋਗਦਾਨ ਮਹੱਤਵਪੂਰਨ ਰਿਹਾ। ਪੁਲਿਸ ਦੇ ਵਤੀਰੇ ਵਿਚ ਮਾਨਵੀ ਤਬਦੀਲੀ
ਲਿਆਂਦੀ ਗਈ। ਇਸ ਮੰਤਵ ਲਈ ਉਨ੍ਹਾਂ ਆਪਣੇ ਪਰਿਵਾਰ ਦੀ ਡਾਕਟਰ ਕੇਹਰ ਸਿੰਘ
ਸਿੱਧੂ ਚੈਰੀਟੇਬਲ ਟਰੱਸਟ ਵਲੋਂ 11 ਲੱਖ ਰੁਪਏ ਦਾ ਯੋਗਦਾਨ ਪਾਕੇ
ਲੋੜਬੰਦਾਂ ਦੀ ਮਦਦ ਕੀਤੀ।
ਸਾਬਕਾ
ਜਿਲ੍ਹਾ ਲੋਕ ਸੰਪਰਕ ਅਧਿਕਾਰੀ ਮੋਬਾਈਲ-94178 13072
ujagarsingh48@yahoo.com
|