ਬਰਨਾਲਾ, 14 ਨਵੰਬਰ - ਤਰਕਸ਼ੀਲ ਸੁਸਾਇਟੀ
ਭਾਰਤ ਦਾ ਇਜਲਾਸ ਸ਼੍ਰੀ ਮਹਾਂਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਹੋਇਆ ਜਿਸ ਵਿੱਚ
ਪੰਜਾਬ ਦੇ ਕੋਨੇ-ਕੋਨੇ ਤੋਂ ਵਿਗਿਆਨਕ ਵਿਚਾਰਧਾਰਾ ਨਾਲ ਸੰਬੰਧ ਰੱਖਣ ਵਾਲੇ
ਸੈਕੜੇ ਡੈਲੀਗੇਟਾਂ ਨੇ ਹਿੱਸਾ ਲਿਆ, ਹਰਿਆਣਾ ਤੋਂ ਵੀ ਕਾਫੀ ਤਰਕਸ਼ੀਲ ਇਸ
ਸਮਾਗਮ ਵਿੱਚ ਪਹੁੰਚੇ ਹੋਏ ਸਨ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਾਰੇ
ਡੈਲੀਗੇਟਾਂ ਨੇ ਆਪਣੇ ਬਾਰੇ ਜਾਣਕਾਰੀ ਦਿੱਤੀ। ਪਹਿਲੇ ਸੈਸ਼ਨ ਵਿੱਚ ਤਰਕਸ਼ੀਲ
ਲਹਿਰ ਦੇ ਬਾਨੀ ਆਗੂ ਮੇਘ ਰਾਜ ਮਿੱਤਰ ਵੱਲੋਂ ਵੱਖ ਵੱਖ ਮੁੱਦਿਆਂ ’ਤੇ ਪੁੱਛੇ
ਸਵਾਲਾਂ ਦੇ ਜੁਆਬ ਦਿੱਤੇ। ਤਰਕਸ਼ੀਲ ਲੇਖਕ ਅਜਮੇਰ ਸਿੱਧੂ ਦੁਆਰਾ ਸੁਸਾਇਟੀ ਦੇ
ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਨੌਜਵਾਨ ਭਾਰਤ ਸਭਾ ਦੇ ਆਗੂ ਨਵਕਿਰਨ ਪੱਤੀ
ਨੇ ਸਾਰੇ ਡੈਲੀਗੇਟਾਂ ਨੂੰ ਸਮੇਂ ਦੀ ਪਿਛਾਂਹਖਿੱਚੂ ਵਿਵਸਥਾ ਅਤੇ ਟੀ. ਵੀ.
ਚੈਨਲਾਂ ਦੇ ਨਾਂਹਪੱਖੀ ਰੋਲ ਬਾਰੇ ਚੇਤੰਨ ਕਰਦੇ ਹੋਏ ਨਵੇਂ ਤਰਕਸ਼ੀਲਾਂ ਨੂੰ
ਹੋਰ ਵੱਧ ਉਤਸ਼ਾਹ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਇਸ ਸੈਸ਼ਨ ਦੀ
ਪ੍ਰਧਾਨਗੀ ਅਜਮੇਰ ਸਿੱਧੂ, ਮੇਘਰਾਜ ਮਿੱਤਰ, ਸਰਜੀਤ ਤਲਵਾਰ, ਗੁਰਨਾਮ
ਮਹਿਸਮਪੁਰੀ, ਅਧਿਆਪਕ ਆਗੂ ਰਾਜੀਵ ਕੁਮਾਰ ਅਤੇ ਐਮ. ਐਸ. ਰੰਧਾਵਾ ਨੇ ਕੀਤੀ।
ਨੌਜਵਾਨ ਤਰਕਸ਼ੀਲ ਸਾਥੀਆਂ ਨੂੰ ਜਾਦੂ ਅਤੇ ਹਿਪਨੋਟਿਜ਼ਮ ਬਾਰੇ ਜਾਣਕਾਰੀ
ਰਾਜਾ ਰਾਮ ਹੰਢਿਆਇਆ ਅਤੇ ਲਖਵਿੰਦਰ ਹਾਲੀ ਦੁਆਰਾ ਦਿੱਤੀ ਗਈ। ਸਾਥੀਆਂ ਨੂੰ
ਜਾਦੂ ਦੇ ਟ੍ਰਿੱਕ ਦਿਖਾਏ ਅਤੇ ਸਿਖਾਏ ਗਏ, ਸਟੇਜ ’ਤੇ ਹੀ ਇੱਕ ਬੱਚੇ ਨੂੰ
ਹਿਪਨੋਟਾਈਜ਼ ਕਰਕੇ ਵੀ ਵਿਖਾਇਆ ਗਿਆ। ਭੂਤ-ਪ੍ਰੇਤਾਂ ਦੀਆਂ ਕਸਰਾਂ ਅਤੇ
ਰਹੱਸਮਈ ਘਟਨਾਵਾਂ ਨਾਲ ਸੰਬੰਧਤ ਕੇਸਾਂ ਨੂੰ ਹੱਲ ਕਰਨ ਵਾਸਤੇ ਜਾਣਕਾਰੀ
ਸਰਜੀਤ ਤਲਵਾਰ ਅਤੇ ਮੇਘਰਾਜ ਮਿੱਤਰ ਦੁਆਰਾ ਦਿੱਤੀ ਗਈ। ਇਸ ਮੌਕੇ ਤਰਕਸ਼ੀਲ
ਸੁਸਾਇਟੀ ਕੋਲ ਵੱਖ ਵੱਖ ਸਮਿਆਂ ’ਤੇ ਆਏ ਪੁਨਰ-ਜਨਮ ਵਾਲੇ ਕੇਸਾਂ ਬਾਰੇ ਵੀ
ਵਿਸਥਾਰ ਸਹਿਤ ਦੱਸਿਆ ਗਿਆ। ਵਰਿੰਦਰ ਦੀਵਾਨਾ ਨੇ ਬੀਤੇ ਦਿਨੀਂ ਸੜਕ ਹਾਦਸੇ
ਵਿੱਚ ਵਿਛੋੜਾ ਦੇ ਨੌਜਵਾਨ ਤਰਕਸ਼ੀਲ ਸਾਥੀ ਅਮਨ ਭਾਰਤੀ ਬਾਰੇ ਜਾਣਕਾਰੀ
ਦਿੱਤੀ। ਇਸ ਮੌਕੇ ਸੁਖਵੀਰ ਜੋਗਾ ਨੇ ਆਪਣੇ ਪ੍ਰਗਤੀਸ਼ੀਲ ਵਿਚਾਰ ਪੇਸ਼ ਕੀਤੇ।
ਦੁਪਹਿਰ ਦੇ ਖਾਣੇ ਤੋਂ ਬਾਅਦ ਦੂਜੇ ਸ਼ੈਸ਼ਨ ਦੀ ਪ੍ਰਧਾਨਗੀ ਮੇਘ ਰਾਜ ਰੱਲਾ,
ਜਗਦੇਵ ਕੰਮੋਮਾਜਰਾ, ਨਾਟਕਕਾਰ ਹਰਵਿੰਦਰ ਦਿਵਾਨਾ, ਨਗਿੰਦਰ ਮਾਨਾ, ਲਖਵਿੰਦਰ
ਹਾਲੀ ਅਤੇ ਪ੍ਰਿਸੀਪਲ ਗੁਰਵਿੰਦਰ ਸਿੰਘ ਚੀਕਾ ਦੁਆਰਾ ਕੀਤੀ ਗਈ। ਇਸ ਮੌਕੇ
ਸੁਸਾਇਟੀ ਦਾ ਸੰਵਿਧਾਨ ਸਰਜੀਤ ਤਲਵਾਰ ਦੁਆਰਾ ਪੜਕੇ ਸੁਣਾਇਆ ਗਿਆ ਅਤੇ ਹਾਜ਼ਰ
ਸਮੂਹ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਇਸ ਨੂੰ ਪਾਸ ਕੀਤਾ। ਇਸ ਤੋਂ ਬਾਅਦ
ਸੂਬਾ ਕਮੇਟੀ ਅਤੇ ਕੇਂਦਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਪ੍ਰਸਤ
ਮੇਘਰਾਜ ਮਿੱਤਰ, ਕੌਮੀ ਪ੍ਰਧਾਨ ਰਾਜਾਰਾਮ ਹੰਢਿਆਇਆ, ਸਕੱਤਰ ਸਰਜੀਤ ਤਲਵਾਰ,
ਵਿੱਤ ਸਕੱਤਰ ਅਮਿੱਤ ਮਿੱਤਰ ਚੁਣੇ ਗਏ।
ਪੰਜਾਬ ਇਕਾਈ ਦਾ ਸੂਬਾ ਪ੍ਰਧਾਨ ਮੇਘ ਰਾਜ ਰੱਲਾ, ਉਪ ਪ੍ਰਧਾਨ ਲਖਵਿੰਦਰ
ਹਾਲੀ, ਸਕੱਤਰ ਗੁਰਪ੍ਰੀਤ ਮੱਲੋਕੇ, ਸਹਿ ਸਕੱਤਰ ਐਮ. ਐਸ. ਰੰਧਾਵਾ ਅਤੇ
ਸਤਨਾਮ ਜਵੰਧਾ, ਪ੍ਰਚਾਰ ਸਕੱਤਰ ਅਮਰਜੀਤ ਢਿੱਲੋਂ ਦਬੜੀਖਾਨਾ, ਸੁਖਬੀਰ ਜੋਗਾ
ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ 31 ਮੈਂਬਰੀ ਸੂਬਾ ਕਮੇਟੀ ਵੀ ਬਣਾਈ ਗਈ।
ਸਟੇਜ ਸਕੱਤਰ ਦੀ ਜਿੰਮੇਵਾਰੀ ਰਾਜਾ ਰਾਮ ਹੰਢਿਆਇਆ ਦੁਆਰਾ ਨਿਭਾਈ ਗਈ।
ਨਵੇਂ ਚੁਣੇ ਗਏ ਸੂਬਾ ਪ੍ਰਧਾਨ ਮੇਘਰਾਜ ਰੱਲਾ ਨੇ ਸੂਬਾ ਕਮੇਟੀ ਦੇ
ਸਹਿਯੋਗ ਨਾਲ ਤਰਕਸ਼ੀਲ ਲਹਿਰ ਨੂੰ ਵੱਧ ਤੋਂ ਵੱਧ ਜਨਤਾ ਤੱਕ ਲੈ ਕੇ ਜਾਣ ਦਾ
ਭਰੋਸਾ ਦਿਵਾਇਆ ਅਤੇ ਮੈਗਜ਼ੀਨ ‘ਵਿਗਿਆਨ ਜੋਤ’ ਨੂੰ ਵੱਧ ਤੋਂ ਵੱਧ ਲੋਕਾਂ ਤੱਕ
ਪਹੁੰਚਾਉਣ ਦਾ ਨਿਸਚਾ ਲਿਆ। ਇਸ ਦੌਰਾਨ ਦੋ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ
ਜਿਹਨਾਂ ਵਿੱਚ ਮੱਖਣ ਸਿੰਘ ਜੌਹਲ ਦੀ ਕਿਤਾਬ ‘ਤਰਕਸ਼ੀਲ ਵਿਚਾਰ ਸੰਚਾਰ’ ਅਤੇ
ਰਾਜਾਰਾਮ ਹੰਢਿਆਇਆ ਦੀ ਕਿਤਾਬ ‘ਮੇਰੇ ਸੁਪਨੇ ਮੇਰੀ ਸੋਚ’ ਸ਼ਾਮਿਲ ਹਨ। ਅੰਤ
ਵਿੱਚ ਮੇਘ ਰਾਜ ਮਿੱਤਰ ਨੇ ਸਭ ਡੈਲੀਗੇਟਾਂ ਦਾ ਇਜਲਾਸ ਵਿੱਚ ਸ਼ਾਮਲ ਹੋਣ ’ਤੇ
ਧੰਨਵਾਦ ਕੀਤਾ।
ਜਾਰੀ ਕਰਤਾ ਸਖਵੀਰ ਜੋਗਾ, ਮੋ:9815013046 |