ਪੰਜਾਬੀ ਦੁਨੀਆਂ ਵਿਚ ਬਾਕੀ ਸਾਰੇ ਭਾਰਤੀਆਂ ਨਾਲੋਂ ਜ਼ਿਆਦਾ ਮਾਤਰਾ ਵਿਚ
ਵਸੇ ਹੋਏ ਹਨ। ਸੰਸਾਰ ਦੇ ਅਮੀਰ ਵਿਅਕਤੀਆਂ ਵਿਚ ਵੀ ਪੰਜਾਬੀਆਂ ਦਾ ਨਾਮ
ਮੋਹਰੀਆਂ ਦੀ ਸੂਚੀ ਵਿਚ ਸ਼ਾਮਲ ਹੁੰਦਾ ਹੈ। ਭਾਰਤ ਵਿਚ ਵੀ ਬਹੁਤ ਅਮੀਰ
ਪੰਜਾਬੀ ਹਨ। ਜੇਕਰ ਉਨਾਂ ਦੀ ਸੂਚੀ ਬਣਾਈ ਜਾਵੇ ਤਾਂ ਕਾਫੀ ਲੰਬੀ ਹੋ ਜਾਵੇਗੀ
ਕਿਉਂਕਿ ਪੰਜਾਬੀ ਕਾਰੋਬਾਰੀ ਸੰਸਾਰ ਦੀ ਆਰਥਿਕਤਾ ਵਿਚ ਮਹੱਤਵਪੂਰਨ ਯੋਗਦਾਨ
ਪਾ ਰਹੇ ਹਨ। ਪੰਜਾਬੀ ਵਿਲੱਖਣ ਕੰਮ ਕਰਨ ਵਿਚ ਵੀ ਹਮੇਸ਼ਾ ਮੋਹਰੀ ਰਹੇ ਹਨ।
ਦੁਨੀਆਂ ਵਿਚ ਕਿਸੇ ਥਾਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਪੰਜਾਬੀ
ਸਭ ਤੋਂ ਪਹਿਲਾਂ ਮਦਦ ਕਰਨ ਲਈ ਤਿਆਰ ਹੋ ਜਾਂਦੇ ਹਨ। ਕੁਦਰਤੀ ਆਫ਼ਤਾਂ ਵਿਚ ਵੀ
ਮੋਹਰੀ ਦੀ ਭੂਮਿਕਾ ਨਿਭਾਉਂਦੇ ਹਨ। ਪੰਜਾਬੀ ਅਮੀਰ ਤਾਂ ਬਹੁਤ ਲੋਕ ਹਨ
ਪ੍ਰੰਤੂ ਦਿਲ ਦੇ ਅਮੀਰ ਉਂਗਲੀਆਂ ਤੇ ਗਿਣਨ ਜੋਗੇ ਹੀ ਹਨ ਜੋ ਵਿਲੱਖਣ ਕੰਮ
ਕਰਕੇ ਇਤਿਹਾਸ ਸਿਰਜ ਜਾਂਦੇ ਹਨ। ਅਮੀਰੀ ਨੂੰ ਆਪਣੇ ਪਰਿਵਾਰ ਤੇ ਤਾਂ ਹਰ ਕੋਈ
ਵਰਤਦਾ ਹੈ। ਸੁਆਦ ਤਾਂ ਇਸ ਗੱਲ ਦਾ ਹੈ ਕਿ ਅਮੀਰੀ ਦਾ ਲਾਭ ਭਾਈਚਾਰੇ ਅਤੇ
ਖਾਸ ਤੌਰ ਤੇ ਸਮਾਜ ਨੂੰ ਦਿੱਤਾ ਜਾਵੇ। ਇੰਝ ਕਰਨ ਦੀ ਸਮਰੱਥਾ ਵੀ ਪਰਮਾਤਮਾ
ਹੀ ਦਿੰਦਾ ਹੈ। ਕਈ ਪੰਜਾਬੀਆਂ ਨੇ ਆਪੋ ਆਪਣੇ ਢੰਗ ਨਾਲ ਵੱਖ-ਵੱਖ ਖੇਤਰਾਂ
ਵਿਚ ਕੰਮ ਕਰਕੇ ਨਾਮਣਾ ਖੱਟਿਆ ਹੈ।
ਪ੍ਰੰਤੂ ਸਮੁੱਚੇ ਪੰਜਾਬੀ ਜਗਤ ਲਈ ਰਹਿੰਦੀ ਦੁਨੀਆਂ ਤੱਕ ਆਪਣਾ ਨਾਂ
ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਵਾਉਣ ਦਾ ਇਹ ਮਾਣ ਕੈਨੇਡਾ ਦੇ ਸਰੀ
ਸ਼ਹਿਰ ਵਿਚ ਵਸੇ ਖ਼ਾਨਦਾਨੀ ਪੰਜਾਬੀ ‘‘ਬਾਠ ਪਰਿਵਾਰ’’ ਨੂੰ ਜਾਂਦਾ ਹੈ, ਜਿਸਦੇ
ਫਰਜੰਦ ‘‘ਬਾਠ ਫਾਊਂਡੇਸ਼ਨ’’ ਦੇ ਮੁੱਖੀ ਸੁੱਖੀ ਬਾਠ ਨੇ ਸਰੀ ਵਿਚ ਵਸਦੇ
ਪੰਜਾਬੀਆਂ ਦੀ ਮਾਨਸਿਕਤਾ ਨੂੰ ਭਾਂਪਦਿਆਂ ਉਨਾਂ ਦੀਆਂ ਸਮਾਜਿਕ ਸਰਗਮੀਆਂ ਲਈ
ਮਿਲ ਬੈਠਕੇ ਵਿਚਾਰਨ ਲਈ ਆਪਣੀ ਦਸਾਂ ਨਹੁੰਆਂ ਦੀ ਕ੍ਰਿਤ ਕਮਾਈ ਵਿਚੋਂ
ਦਸਾਉਂਧ ਕੱਢਕੇ ਪੰਜਾਬ ਦੇ ਵਿਰਸੇ ਦੀ ਪ੍ਰਤੀਕ ਇੱਕ ਕਿਸਮ ਨਾਲ ਸੱਥ ‘‘ਪੰਜਾਬ
ਭਵਨ’’ ਉਸਾਰਨ ਦਾ ਉਪਰਾਲਾ ਕੀਤਾ ਹੈ। ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਵਿਚ
ਬਜ਼ੁਰਗ ਬੈਠਕੇ ਹਰ ਸਮੱਸਿਆ ਤੇ ਪਰੀਚਰਚਾ ਕਰਕੇ ਹੱਲ ਲੱਭਦੇ ਸਨ। ਉਸੇ ਤਰਜ ਤੇ
ਇਹ ਪੰਜਾਬ ਭਵਨ ਉਸਾਰਿਆ ਗਿਆ ਹੈ ਤਾਂ ਜੋ ਪੰਜਾਬੀਆਂ ਦਾ ਭਾਈਚਾਰਾ ਬਣਿਆਂ
ਰਹੇ। ਅਜੇ ਤਾਂ ਪਹਿਲੇ ਪੜਾਅ ਵਿਚ ਇਹ ਟਰੇਲਰ ਹੀ ਹੈ। ਸਮੁੱਚੀ ਇਮਾਰਤ ਦੀ
ਉਸਾਰੀ ਤੋਂ ਬਾਅਦ ਇਸ ਭਵਨ ਦੀ ਸ਼ਾਨ ਵੇਖਣ ਵਾਲੀ ਹੋਵੇਗੀ। ਆਮ ਤੌਰ ਤੇ ਕਿਹਾ
ਜਾਂਦਾ ਹੈ ਕਿ ਪੰਜਾਬੀ ਕਦਰਾਂ ਕੀਮਤਾਂ, ਪੰਜਾਬੀਅਤ, ਪੰਜਾਬੀ ਜੀਵਨ ਅਤੇ
ਸਿੱਖੀ ਸੋਚ ਤੇ ਪਹਿਰਾ ਪਰਵਾਸ ਵਿਚ ਰਹਿ ਰਹੇ ਪੰਜਾਬੀ ਜ਼ਿਆਦਾ ਦੇ ਰਹੇ ਹਨ ਜੋ
ਕਿ ਕੁਝ ਹੱਦ ਤੱਕ ਸਹੀ ਵੀ ਹੈ। ਭਾਰਤ ਵਿਚ ਵਸ ਰਿਹਾ ਪੰਜਾਬੀ ਖਾਸ ਤੌਰ ਤੇ
ਚੜਦੇ ਪੰਜਾਬ ਦੇ ਵਸਨੀਕ ਆਪਣੇ ਵਿਰਸੇ ਨਾਲੋਂ ਟੁੱਟਦੇ ਜਾ ਰਹੇ ਹਨ ਪ੍ਰੰਤੂ
ਪਰਵਾਸ ਵਿਚ ਪੰਜਾਬੀ ਆਪਣੇ ਵਿਰਸੇ ਨਾਲ ਮੁੜ ਜੁੜਦੇ ਜਾ ਰਹੇ ਹਨ। ਆਪਣੀ ਜੜ
ਨਾਲ ਜੁੜੇ ਰਹਿਣਾ ਪੰਜਾਬੀਅਤ ਲਈ ਮਾਣ ਦੀ ਗੱਲ ਹੈ। ਅਮੀਰੀ ਆਉਣ ਨਾਲ ਪੈਰ
ਛੱਡ ਜਾਣਾ ਆਮ ਵੇਖਿਆ ਜਾਂਦਾ ਹੈ ਪ੍ਰੰਤੂ ਆਪਣੀ ਹੋਂਦ ਨਾਲ ਜੁੜੇ ਰਹਿਣ ਦੀ
ਤਾਜਾ ਮਿਸਾਲ ਸੁੱਖੀ ਬਾਠ ਦੇ ਪਰਿਵਾਰ ਵੱਲੋਂ ਕੈਨੇਡਾ ਦੇ ਸਰੀ ਸ਼ਹਿਰ ਵਿਚ
ਫਰੇਜ਼ਰ ਹਾਈਵੇ ਤੇ ਉਸਾਰਿਆ ਜਾ ਰਿਹਾ ‘‘ਪੰਜਾਬ ਭਵਨ’’ ਹੈ। ਇਸ ਭਵਨ ਵਿਚ
ਪੰਜਾਬੀ ਜਗਤ ਅਤੇ ਭਾਈਚਾਰੇ ਦੀ ਭਲਾਈ, ਸਮੱਸਿਆ ਅਤੇ ਤਰੱਕੀ ਨਾਲ ਜੁੜੀ ਹਰ
ਸਰਗਰਮੀ ਦਾ ਸਮਾਗਮ ਕਰਨ ਦੀ ਖੁੱਲੀ ਛੁੱਟੀ ਹੋਵੇਗੀ। ਹੈਰਾਨੀ ਅਤੇ
ਖ਼ੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਬਾਠ ਪਰਿਵਾਰ ਵੱਲੋਂ ਅਜਿਹੇ ਸਮਾਗਮ ਕਰਨ ਤੇ
ਕੋਈ ਕਿਰਾਇਆ ਅਤੇ ਖ਼ਰਚਾ ਆਦਿ ਨਹੀਂ ਲਿਆ ਜਾਵੇਗਾ। ਇਥੋਂ ਤੱਕ ਕਿ ਖਾਣ ਪੀਣ
ਦਾ ਪ੍ਰਬੰਧ ਵੀ ਮੁੱਫ਼ਤ ਵਿਚ ਹੋਵੇਗਾ। ਇਹ ਭਵਨ ਹਰ ਭਾਈਚਾਰੇ ਦੀਆਂ ਮੀਟਿੰਗਾਂ
ਲਈ ਹਰ ਵਕਤ ਖੁੱਲਾ ਰਹੇਗਾ। ਇਸਦੀ ਸਾਂਭ ਸੰਭਾਲ ਵੀ ਬਾਠ ਪਰਿਵਾਰ ਹੀ ਕਰੇਗਾ।
ਜਦੋਂ ਕਿ ਕੈਨੇਡਾ ਵਿਚ ਗੁਰੂ ਘਰ ਵਿਚ ਲੰਗਰ ਤੋਂ ਬਿਨਾ ਕੋਈ ਚੀਜ ਵੀ ਮੁਫ਼ਤ
ਵਿਚ ਨਹੀਂ ਮਿਲਦੀ। ਇਸ ਭਵਨ ਦੇ ਪਹਿਲੇ ਪੜਾਅ ਵਿਚ ਉਸਾਰੀ ਗਈ ਇਮਾਰਤ ਦਾ
ਉਦਘਾਟਨ ਸੁੱਖੀ ਬਾਠ ਪਰਿਵਾਰ ਦੀਆਂ ਦੋ ਇਸਤਰੀਆਂ ਬੀਬੀ ਗਿਆਨ ਕੌਰ ਧੀ
ਸਵਰਗਵਾਸੀ ਅਰਜਨ ਸਿੰਘ ਬਾਠ ਅਤੇ ਪੜਪੋਤਰੀ ਨਿਮਰਤਾ ਬਾਠ ਵੱਲੋਂ 2 ਅਕਤੂਬਰ
2016 ਨੂੰ ਕੀਤਾ ਗਿਆ ਹੈ।
ਇਹ ਭਵਨ ਵਿਦੇਸ਼ੀ ਧਰਤੀ ਤੇ ਪਹਿਲਾ ਪੰਜਾਬ ਭਵਨ ਹੈ, ਜਿਹੜਾ ਸੁੱਖੀ ਬਾਠ
ਨੇ ਆਪਣੇ ਪਿਤਾ ਮਰਹੂਮ ਸ੍ਰ.ਅਰਜਨ ਸਿੰਘ ਬਾਠ ਦੀ ਯਾਦ ਵਿਚ ਉਸਾਰਿਆ ਹੈ। ਇਸ
ਭਵਨ ਦੀ ਚਾਰ ਮੰਜਲੀ ਇਮਾਰਤ ਵਿਚ ‘‘ਹਾਲ ਆਫ਼ ਫੇਸ’’ ਤੋਂ ਇਲਾਵਾ ਇੱਕ
ਲਾਇਬਰੇਰੀ ਅਤੇ ਦੂਜਾ ਪਰਵਾਸ ਨਾਲ ਸੰਬੰਧਤ ਖੋਜ ਕੇਂਦਰ ਹੋਵੇਗਾ। ਇਸ ਭਵਨ ਦਾ
ਦੂਜਾ ਪੜਾਆ ਇੱਕ ਸਾਲ ਵਿਚ ਮੁਕੰਮਲ ਕੀਤਾ ਜਾਵੇਗਾ। ‘‘ਹਾਲ ਆਫ਼ ਫੇਸ’’ ਵਿਚ
100 ਮਰਹੂਮ ਪੰਜਾਬੀ ਲੇਖਕਾਂ, ਕਵੀਆਂ, ਗਾਇਕਾਂ, ਸਮਾਜ ਸੇਵਕਾਂ ਅਤੇ ਹੋਰ
ਪਤਵੰਤੇ ਵਿਅਕਤੀਆਂ ਜਿਨਾਂ ਨੇ ਪੰਜਾਬ ਅਤੇ ਪੰਜਾਬੀਅਤ ਸੋਚ ਲਈ ਕੰਮ ਕੀਤਾ
ਹੈ, ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਜਿਹੜੇ ਵਿਅਕਤੀਆਂ ਦੀਆਂ ਤਸਵੀਰਾਂ
ਲਗਾਈਆਂ ਗਈਆਂ ਹਨ, ਉਨਾਂ ਵਿਚ ਕੁਝ ਕੁ ਇਹ ਹਨ :ਭਾਈ ਸੰਤੋਖ਼ ਸਿੰਘ, ਭਾਈ ਵੀਰ
ਸਿੰਘ, ਪ੍ਰੋ..ਪੂਰਨ ਸਿੰਘ, ਭਾਈ ਸਾਹਿਬ ਭਾਈ ਰਣਧੀਰ ਸਿੰਘ, ਸਿਰਦਾਰ ਕਪੂਰ
ਸਿੰਘ, ਪ੍ਰੋ.ਮੋਹਨ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਪ੍ਰਿੰ.ਸੰਤ ਸਿੰਘ
ਸੇਖੋਂ, ਅੰਮ੍ਰਿਤਾ ਪ੍ਰੀਤਮ, ਬਲਬੰਤ ਗਾਰਗੀ, ਬਲਰਾਜ ਸਾਹਨੀ, ਕਰਮ ਸਿੰਘ
ਹਿਸਟੋਰੀਅਨ, ਸੰਤ ਰਾਮ ਉਦਾਸੀ, ਗੁਰਸ਼ਰਨ ਸਿੰਘ ਨਾਟਕਕਾਰ, ਕਿਰਪਾਲ ਸਿੰਘ
ਚਿਤਰਕਾਰ, ਪ੍ਰਿੰਸੀਪਲ ਜੋਧ ਸਿੰਘ, ਸਾਧੂ ਸਿੰਘ ਹਮਦਰਦ, ਹੀਰਾ ਸਿੰਘ ਦਰਦ,
ਧਨੀ ਰਾਮ ਚਾਤ੍ਰਿਕ, ਸ਼ਿਵ ਕੁਮਾਰ ਬਟਾਲਵੀ, ਮਾਸਟਰ ਤਾਰਾ ਸਿੰਘ,
ਪ੍ਰੋ.ਰਵਿੰਦਰ ਰਵੀ, ਡਾ.ਪਰਮਿੰਦਰ ਸਿੰਘ, ਡਾ.ਗੰਡਾ ਸਿੰਘ, ਅਵਤਾਰ ਸਿੰਘ
ਪਾਸ਼, ਜਸਵੰਤ ਸਿੰਘ ਰਾਹੀ, ਜਗਦੇਵ ਸਿੰਘ ਜਸੋਵਾਲ, ਪ੍ਰੋ.ਗੁਰਮੁਖ ਸਿੰਘ,
ਕੁਲਦੀਪ ਮਾਣਕ ਅਤੇ ਯਮੁਲਾ ਜੱਟ ਸ਼ਾਮਲ ਹਨ।
ਇਹ ਵੀ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਇਸ ਉਦਮ ਦੀ ਸੰਸਾਰ ਵਿਚ ਵਸੇ
ਸਮੁੱਚੇ ਪੰਜਾਬੀ ਜਗਤ ਵੱਲੋਂ ਪ੍ਰਸੰਸਾ ਹੋਈ ਹੈ। ਸੰਸਾਰ ਦੇ ਵੱਖ-ਵੱਖ ਦੇਸ਼ਾਂ
ਖ਼ਾਸ ਤੌਰ ਤੇ ਪੰਜਾਬ ਤੋਂ ਪ੍ਰਮੁੱਖ ਲੇਖਕ ਗੁਰਭਜਨ ਗਿੱਲ, ਬਲਜੀਤ ਬੱਲੀ ਅਤੇ
ਹਰਜਿੰਦਰ ਸਿੰਘ ਵਾਲੀਆ ਸਮੇਤ ਇਸ ਸਮਾਗਮ ਵਿਚ ਸ਼ਾਮਲ ਹੋਏ। ਰਾਏ ਅਜ਼ੀਜ਼ ਉਲਾ
ਖ਼ਾਨ ਸਾਬਕਾ ਐਮ.ਪੀ.ਕੈਨੇਡਾ ਨੇ ਸੁਖੀ ਬਾਠ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ
ਤਾਰੀਫ ਕਰਦਿਆਂ ਕਿਹਾ ਹੈ ਕਿ ਉਹ ਵੀ ਇਸ ਕਾਰਜ ਦੀ ਸਫਲਤਾ ਯੋਗਦਾਨ ਪਾਉਣ ਨੂੰ
ਤਿਆਰ ਹੈ। ਜਿਹੜੇ ਪੰਜਾਬੀ ਲਹਿੰਦੇ ਅਤੇ ਚੜਦੇ ਪੰਜਾਬ ਵਿਚ ਜੀਵਨ ਬਸਰ ਕਰ
ਰਹੇ ਹਨ ਉਨਾਂ ਦੇ ਯੋਗਦਾਨ ਨੂੰ ਕਦੀਂ ਵੀ ਭੁਲਾਇਆ ਨਹੀਂ ਜਾ ਸਕਦਾ, ਇਸ ਲਈ
ਲਹਿੰਦੇ ਪੰਜਾਬ ਦੇ ਲੇਖਕਾਂ ਅਲਾਮਾ ਇਕਬਾਲ, ਫ਼ੈਜ ਅਹਿਮਦ ਫ਼ੈਜ਼, ਚਿਰਾਗਦੀਨ
ਦਾਮਨ, ਜਿਹੜਾ ਉਸਤਾਦ ਦਾਮਨ ਦੇ ਨਾਂ ਤੇ ਪ੍ਰਸਿਧ ਹੈ ਆਦਿ ਦੀਆਂ ਤਸਵੀਰਾਂ ਵੀ
ਜੇ ਲੱਗ ਜਾਣ ਤਾਂ ਪੰਜਾਬ ਭਵਨ ਦੀ ਸ਼ਾਨ ਵਿਚ ਹੋਰ ਵਾਧਾ ਹੋਵੇਗਾ। ਬਾਠ
ਪਰਿਵਾਰ 37 ਸਾਲ ਪਹਿਲਾਂ ਜਲੰਧਰ ਦੀ ਰਾਮਾ ਮੰਡੀ ਨੇੜੇ ਸਥਿਤ ਪਿੰਡ ਪਤਾਰਾ
ਤੋਂ ਕੈਨੇਡਾ ਆਇਆ ਸੀ। ਸਖ਼ਤ ਮਿਹਨਤ ਅਤੇ ਜਦੋਜਹਿਦ ਤੋਂ ਬਾਅਦ ਅੱਜ ਇਹ
ਪਰਿਵਾਰ ਕੈਨੇਡਾ ਖ਼ੁਸ਼ਹਾਲ ਪਰਿਵਾਰ ਹੈ ਜਿਹੜਾ ਪੰਜਾਬ ਦੀ ਮਿੱਟੀ ਦੀ ਸੁਗੰਧ
ਕੈਨੇਡਾ ਵਿਚ ਖਿਲਾਰ ਰਿਹਾ ਹੈ। ਸ਼ਾਲਾ ਇਸ ਪਰਿਵਾਰ ਦੀ ਨਿਮਾਣੀ ਜਿਹੀ ਕੋਸ਼ਿਸ਼
ਪੰਜਾਬੀਆਂ ਨੂੰ ਇੱਕ ਮੰਚ ਤੇ ਇਕੱਤਰ ਹੋਣ ਸਫਲ ਯਤਨ ਸਾਬਤ ਹੋਵੇ। ਇਹ ਵੀ
ਖ਼ੁਸ਼ੀ ਦੀ ਗੱਲ ਹੈ ਕਿ ਇਸ ਪੰਜਾਬ ਭਵਨ ਦੇ ਉਦਘਾਟਨੀ ਸਮਾਗਮ ਨੂੰ ਸਿਆਸਤ ਤੋਂ
ਦੂਰ ਰੱਖਿਆ ਗਿਆ। ਸਮਾਗਮ ਵਿਚ ਸ਼ਾਮਲ ਹੋਣ ਵਾਲੇ ਸਮਾਜ ਦੇ ਵੱਖ-ਵੱਖ ਸ਼ੋਹਬਿਆਂ
ਦੇ ਮਹੱਤਵਪੂਰਨ ਵਿਅਕਤੀ ਸਨ।
ਕੈਨੇਡਾ ਦੀ ਤਰਾਂ ਪੰਜਾਬੀਆਂ ਨੂੰ ਮਿਲ ਬੈਠਣ ਅਤੇ ਸਾਹਿਤਕ ਸਰਗਰਮੀਆਂ ਲਈ
ਪਰਵਾਸ ਵਿਚ ਵਸ ਰਹੇ ਪੰਜਾਬੀਆਂ ਨੂੰ ਕੈਨੇਡਾ ਅਤੇ ਦੁਨੀਆਂ ਦੇ ਹੋਰ ਸ਼ਹਿਰਾਂ
ਵਿਚ ਵੀ ਅਜਿਹੇ ਭਵਨ ਬਣਾਉਣ ਦਾ ਉਦਮ ਕਰਨਾ ਚਾਹੀਦਾ ਹੈ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com |