ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (PLEA) ਵੱਲੋਂ ਤੇਰ੍ਹਵਾਂ
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ 27 ਫਰਵਰੀ ਨੂੰ ਡੈਲਟਾ ਰੀਐਕਰੇਸ਼ਨ ਸੈਂਟਰ
ਡੈਲਟਾ ਬੀ ਸੀ ਵਿਚ ਮਨਾਇਆ ਗਿਆ। ਇਸ ਸਮਾਰੋਹ ਵਿਚ ਬੀ ਸੀ ਦੇ ਸਕੂਲਾਂ,
ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਅਧਿਆਪਕਾਂ ਤੇ ਵਿਦਿਆਰਥੀਆਂ ਤੋਂ
ਇਲਾਵਾ ਚੋਖੀ ਗਿਣਤੀ ਵਿਚ ਲੋਕਾਂ ਨੇ ਭਾਗ ਲਿਆ। ਪੰਜਾਬੀ ਵਿਦਿਆਰਥਣ ਮਿੰਨੀ
ਕਾਲਰਾ ਨੇ ਇਸ ਸਮਾਗਮ ਦਾ ਸੰਚਾਲਨ ਕੀਤਾ।
ਪਲੀ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਬੀ ਸੀ ਦੇ ਸਕੂਲਾਂ ਵਿੱਚ
ਪੰਜਾਬੀ ਭਾਸ਼ਾ ਦੀ ਪੜ੍ਹਾਈ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ
ਦੱਸਿਆ ਕਿ ਸਰੀ ਵਿੱਚ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਬਣ ਚੁੱਕੀ ਹੈ ਅਤੇ
ਹਜ਼ਾਰਾਂ ਦੀ ਗਿਣਤੀ ਵਿਚ ਅਜੇਹੀਆਂ ਨੌਕਰੀਆਂ ਹਨ ਜਿਨ੍ਹਾਂ ਲਈ ਪੰਜਾਬੀ
ਸਿੱਖਣ ਦੀ ਜਰੂਰਤ ਹੈ। ਉਨ੍ਹਾਂ ਨੇ ਪੰਜਾਬੀ ਦੇ ਵਿਕਾਸ ਲਈ ਲੋਕ ਲਹਿਰ ਬਣਾਉਣ
`ਤੇ ਜ਼ੋਰ ਦਿੱਤਾ।
ਸਰੀ ਦੇ ਸਕੂਲ ਟਰੱਸਟੀ ਗੈਰੀ ਥਿੰਦ ਨੇ ਕਿਹਾ ਕਿ ਸਕੂਲ ਬੋਰਡਾਂ ਨੇ ਸੂਬੇ
ਦੇ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ ਅਤੇ ਇਨ੍ਹਾਂ ਨਿਯਮਾਂ ਅਧੀਨ ਸਕੂਲ
ਵਿੱਚ ਪੰਜਾਬੀ ਦੀ ਜਮਾਤ ਸ਼ੁਰੂ ਕਰਨ ਲਈ ਘੱਟੋ-ਘੱਟ ਪੱਚੀ ਬੱਚਿਆਂ ਦੀ ਜਰੂਰਤ
ਹੁੰਦੀ ਹੈ। ਪਿਛਲੇ ਵਰ੍ਹੇ ਵੀ ਇਕ ਸਕੂਲ ਵਿਚ ਚਲਾਈ ਜਾਣ ਵਾਲੀ ਜਮਾਤ ਗਿਣਤੀ
ਘੱਟ ਹੋਣ ਕਾਰਨ ਚੱਲ ਨਹੀਂ ਸੀ ਸਕੀ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ
ਬੱਚਿਆਂ ਨੂੰ ਸਕੂਲਾਂ ਵਿੱਚ ਪੰਜਾਬੀ ਦੀਆਂ ਕਲਾਸਾਂ ਲੈਣ ਲਈ ਪ੍ਰੇਰਣ।
ਤਿੰਨ ਸਾਲ ਪਹਿਲਾਂ ਵੈਨਕੂਵਰ ਤੋਂ ਪੰਜਾਬੀ ਸਾਹਿਤ ਲਈ ਸ਼ੁਰੂ ਹੋਏ ਵੱਡੇ
ਇਨਾਮ ਦੇ ਬਾਨੀ ਬਰਜ ਢਾਹਾਂ ਨੇ ਐਲਾਨ ਕੀਤਾ ਕਿ ਉਹ ਏਥੇ ਪੰਜਾਬੀ ਪੜ੍ਹ ਰਹੇ
ਵਿਦਿਆਰਥੀਆਂ ਨੂੰ ਸਾਹਿਤ ਵੱਲ ਪ੍ਰੇਰਤ ਕਰਨ ਲਈ ਵੀ ਇਕ ਇਨਾਮ ਸ਼ੁਰੂ ਕਰਨਗੇ।
ਸਾਧੂ ਬਿਨਿੰਗ ਨੇ ਕਿਹਾ ਕਿ ਕਨੇਡਾ ਦਾ ਬਹੁਸੱਭਿਆਚਾਰਕ ਸਮਾਜ ਦੁਨੀਆਂ ਭਰ
ਵਿਚ ਆਪਣੀ ਮਿਸਾਲ ਹੈ ਪਰ ਇਸ ਵਿਚ ਕਮੀ ਇਹ ਹੈ ਕਿ ਏਥੇ ਸਿਰਫ ਦੋ ਬੋਲੀਆਂ
ਨੂੰ ਹੀ ਮਾਨਤਾ ਪ੍ਰਾਪਤ ਹੈ। ਕਨੇਡਾ ਦੀ ਭਾਸ਼ਾ ਨੀਤੀ ਵਿਚ ਤਬਦੀਲੀ ਦੀ ਲੋੜ
ਹੈ। ਇਸ ਵੇਲੇ ਕਨੇਡਾ ਦੀ ਪਾਰਲੀਮੈਂਟ ਵਿਚ ਦੋ ਦਰਜਨ ਦੇ ਕਰੀਬ ਪੰਜਾਬੀ ਐਮ
ਪੀ ਹਨ ਤੇ ਕੇਂਦਰੀ ਪੱਧਰ ’ਤੇ ਪੰਜਾਬੀ ਵਾਸਤੇ ਮਾਨਤਾ ਪ੍ਰਾਪਤ ਕਰਨ ਦਾ ਇਹ
ਇਤਿਹਾਸਕ ਮੌਕਾ ਹੈ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਕਨੇਡਾ ਦੇ
ਕਾਨੂੰਨ ਸਾਡੇ ਲੋਕਾਂ ਦੇ ਏਥੇ ਦਾਖਲੇ ਦੇ ਵਿਰੋਧੀ ਸਨ। ਉਹ ਕਾਨੂੰਨ ਬਦਲੇ ਗਏ
ਤੇ ਉਨ੍ਹਾਂ ਨੂੰ ਬਦਲਣ ਵਿਚ ਸਾਡੇ ਭਾਈਚਾਰੇ ਦੇ ਲੋਕਾਂ ਨੇ ਵੀ ਆਪਣਾ ਯੋਗਦਾਨ
ਪਾਇਆ। ਇਸ ਵੇਲੇ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਕਨੇਡਾ ਵਿਚ ਗਿਣਤੀ ਤੀਜੇ
ਨੰਬਰ ’ਤੇ ਹੈ। ਜਿਸ ਤਰ੍ਹਾਂ ਅਸੀਂ ਆਪਣੇ ਲੋਕਾਂ ਨੂੰ ਏਥੇ ਇਮੀਗਰੇਸ਼ਨ ਦੁਆਈ
ਹੈ ਉਸੇ ਤਰ੍ਹਾਂ ਹੁਣ ਲੋੜ ਆਪਣੀ ਮਾਂ-ਬੋਲੀ ਨੂੰ ਵੀ ਏਥੇ ਇਮੀਗਰੇਸ਼ਨ ਦੁਆਉਣ
ਦੀ ਹੈ।
ਸਰੀ ਤੋਂ ਪਾਰਲੀਮੈਂਟ ਦੇ ਮੈਂਬਰ ਰਣਦੀਪ ਸਰਾਏ, ਜੋ ਕਨੇਡਾ ਦੇ ਜੰਮ ਪਲ਼ ਹਨ,
ਨੇ ਕਿਹਾ ਕਿ ਉਨ੍ਹਾਂ ਨੇ ਘਰ ਵਿਚ ਆਪਣੇ ਮਾਪਿਆਂ ਦੀ ਹੱਲਾਸ਼ੇਰੀ ਨਾਲ ਪੰਜਾਬੀ
ਬੋਲਣੀ ਸਿੱਖੀ। ਫੇਰ ਗੁਰਦਵਾਰੇ ਵਿਚ ਅਤੇ ਯੂ ਬੀ ਸੀ ਪੜ੍ਹਦਿਆਂ ਪੰਜਾਬੀ
ਪੜ੍ਹਨੀ ਲਿਖਣੀ ਵੀ ਸਿੱਖੀ। ਉਨ੍ਹਾਂ ਕਿਹਾ ਕਿ ਇਸ ਵੇਲੇ ਪਾਰਲੀਮੈਂਟ ਵਿਚ
ਪੰਜਾਬੀ ਗਿਣਤੀ ਪੱਖੋਂ ਤੀਜੇ ਨੰਬਰ ’ਤੇ ਹੈ। ਉਨ੍ਹਾਂ ਨੇ ਦੱਸਿਆ ਕਿ ਅਪਰੈਲ
ਦੇ ਮਹੀਨੇ ਵਿਚ ਪਾਰਲੀਮੈਂਟ ਦੇ ਸਾਰੇ ਪੰਜਾਬੀ ਮੈਂਬਰ ਮਿਲ਼ ਕੇ ਵਿਸ਼ੇਸ਼
ਧਾਰਮਿਕ ਤੇ ਸੱਭਿਆਚਾਰਕ ਸਮਾਗਮ ਕਰਨਗੇ। ਭਾਸ਼ਾ ਨੀਤੀ ਬਾਰੇ ਉਨ੍ਹਾਂ ਕਿਹਾ ਕਿ
ਕਾਨੂੰਨਾਂ ਵਿਚ ਤਬਦੀਲੀ ਕਰਵਾਉਣੀ ਇਕ ਲੰਮਾ ਤੇ ਔਖਾ ਅਮਲ ਹੁੰਦਾ ਹੈ।
ਇਸ ਮੌਕੇ `ਤੇ ਪਲੀ ਵੱਲੋਂ ਗੁਰਦਿਆਲ ਸਿੰਘ ਨੀਲ ਤੇ ਸਵਰਨਜੀਤ ਕੌਰ ਨੀਲ
ਦਾ ਪੰਜਾਬੀ ਦੇ ਵਿਕਾਸ ਵਿੱਚ ਪਾਏ ਯੋਗਦਾਨ ਬਦਲੇ ਸਨਮਾਨ ਕੀਤਾ ਗਿਆ। ਉਨ੍ਹਾਂ
ਬਾਰੇ ਜਾਣਕਾਰੀ ਦਿੰਦਿਆਂ ਬੀਵਰ ਕਰੀਕ ਐਲੀਮੈਂਟਰੀ ਸਕੂਲ ਦੇ ਅਧਿਆਪਕ ਅਤੇ
ਬਰਨਬੀ ਸਕੂਲ ਬੋਰਡ ਦੇ ਮੈਂਬਰ ਹਰਮਨ ਸਿੰਘ ਪੰਧੇਰ ਨੇ ਕਿਹਾ ਕਿ ਇਸ ਜੋੜੀ ਨੇ
1971-1985 ਤੱਕ ਵੈਨਕੂਵਰ ਵਿੱਚ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਅਤੇ
ਫਿਰ ਡੇਵਿਡ ਥੌਮਸਨ ਸਕੂਲ ਵਿੱਚ ਪੰਜਾਬੀ ਪੜ੍ਹਾਈ। ਗੁਰਦਿਆਲ ਸਿੰਘ ਨੇ ਯੂ ਬੀ
ਸੀ ਵਿੱਚ ਪੰਜਾਬੀ ਚੇਅਰ ਸਥਾਪਤ ਕਰਨ ਮੌਕੇ ਵੀ ਸਰਗਰਮ ਭੂਮਿਕਾ ਨਿਭਾਈ।
ਬਜ਼ੁਰਗ ਨੀਲ ਜੋੜੀ ਨੇ ਮਾਪਿਆਂ ਨੂੰ ਸਲਾਹ ਦਿੱਤੀ ਕਿ ਉਹ ਬੱਚਿਆਂ ਨਾਲ ਘਰਾਂ
ਵਿੱਚ ਪੰਜਾਬੀ ਬੋਲਣ।
ਇਸ ਸਮਾਗਮ ਵਿੱਚ ਸਰੀ ਦੇ ਸਕੂਲਾਂ ਵਿੱਚ ਪੰਜਾਬੀ ਪੜ੍ਹ ਰਹੇ ਬੱਚਿਆਂ ਨੇ
ਕਵਿਤਾ-ਪਾਠ ਕੀਤਾ ਤੇ ਭਾਸ਼ਣ ਦਿੱਤੇ। ਪ੍ਰਭਜੋਤ ਸਿੰਘ ਨੇ 'ਮਾਂ-ਬੋਲੀ' ਤੇ
'ਕਿਤਾਬ' ਕਵਿਤਾਵਾਂ ਪੜ੍ਹੀਆਂ। ਬੀਵਰ ਕਰੀਕ ਐਲੀਮੈਂਟਰੀ ਸਕੂਲ ਦੇ ਪੰਜਵੀਂ
ਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਜਸਮੀਤ ਸਿੱਧੂ, ਈਸ਼ਾ ਗਿੱਲ, ਜੀਆ ਗਿੱਲ,
ਸੁਖਮਨ ਸੰਧੂ, ਸਿਮਰਤ ਸਿੱਧੂ ਤੇ ਸੇਵਾ ਪੰਧੇਰ ਨੇ ਕਵਿਤਾਵਾਂ ਪੜ੍ਹੀਆਂ। ਐਲ
ਏ ਮੈਥੀਸਨ ਸਕੂਲ ਦੀ ਵਿਦਿਆਰਥੀ ਸਰਗੁਨ ਕੌਰ ਨੇ ਭਾਸ਼ਣ ਦਿੱਤਾ। ਕਵਾਂਟਲਿਕ
ਪੌਲੀਟਿਕਨਕ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਜਸਲੀਨ ਗਿੱਲ ਤੇ ਹਰਦੀਪ ਰਾਏ
ਨੇ ਪਾਸ਼ ਦੀ ਕਵਿਤਾ 'ਅਸੀਂ ਲੜਾਂਗੇ ਸਾਥੀ' ਨੂੰ ਬੜੇ ਜੋਸ਼ਮਈ ਅੰਦਾਜ਼ ਵਿੱਚ
ਪੜ੍ਹਿਆ।
ਪਲੀ ਦੇ ਸਰਗਰਮ ਮੈਂਬਰ ਪਾਲ ਬਿਨਿੰਗ ਨੇ ਪਰਦੇ ਪਿੱਛੇ ਰਹਿ ਕੇ ਪਲੀ ਦੇ
ਕੰਮਾਂ ਵਿੱਚ ਸੇਵਾ ਨਿਭਾ ਰਹੀ ਬੱਚੀ ਸ਼ੈਰਨ ਲਾਲੀ ਦਾ ਧੰਨਵਾਦ ਕੀਤਾ। ਅੰਤ
ਵਿੱਚ ਪਲੀ ਦੇ ਪ੍ਰਧਾਨ ਬਲਵੰਤ ਸੰਘੇੜਾ ਨੇ ਹਾਜ਼ਰੀਨ ਦੇ ਨਾਲ-ਨਾਲ ਪਲੀ ਦੇ
ਬੋਰਡ ਮੈਂਬਰ ਸਾਧੂ ਬਿਨਿੰਗ, ਪਾਲ ਬਿਨਿੰਗ, ਪਰਵਿੰਦਰ ਧਾਰੀਵਾਲ, ਪ੍ਰਭਜੋਤ
ਕੌਰ, ਰਣਬੀਰ ਜੌਹਲ, ਦਆ ਜੌਹਲ, ਹਰਮੋਹਨਜੀਤ ਪੰਧੇਰ, ਰਜਿੰਦਰ ਪੰਧੇਰ, ਜੈਸ
ਬਿਨਿੰਗ ਦਾ ਪਲੀ ਦੇ ਕੰਮਾਂ ਵਿੱਚ ਪਾਏ ਯੋਗਦਾਨ ਲਈ, ਸੁੱਖੀ ਤੇ ਸ਼ੈਰਨ ਲਾਲੀ
ਦਾ ਚਾਹ ਪਾਣੀ ਦੀ ਸੇਵਾ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਪੰਜਾਬੀ ਮੀਡੀਏ ਅਤੇ
ਸਿੱਖ ਅਕੈਡਮੀਆਂ ਤੇ ਗੁਰਦਵਾਰਿਆਂ ਦਾ ਵੀ ਪੰਜਾਬੀ ਬੋਲੀ ਦੇ ਵਿਕਾਸ ਵਿੱਚ
ਪਾਏ ਯੋਗਦਾਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਸਮਾਗਮ ਵਿੱਚ ਪਹੁੰਚਣ ਲਈ
ਬੀ ਸੀ ਦੀ ਵਿਧਾਨ ਸਭਾ ਦੇ ਮੈਂਬਰ ਹੈਰੀ ਬੈਂਸ ਤੇ ਬਰੂਸ ਰਾਲਸਟਨ ਦਾ ਵੀ
ਧੰਨਵਾਦ ਕੀਤਾ।