ਪਟਿਆਲਾ – 18 ਮਾਰਚ, 2016-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਭਾਈ
ਗੁਰਦਾਸ ਚੇਅਰ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਦੇ
ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਤਾਬਦੀ ਨੂੰ ਸਮਰਪਤ
ਰਾਸ਼ਟਰੀ ਕਾਨਫ਼ਰੰਸ ਦੇ ਮੌਕੇ ਤੇ ਤਿੰਨ ਰੋਜ਼ਾ ਸਮਾਗਮਾਂ ਦੇ ਉਦਘਾਟਨੀ ਸਮਾਰੋਹ
ਵਿਚ ਉਜਾਗਰ ਸਿੰਘ ਦੁਆਰਾ ਲਿਖਿਆ ਗਿਆ ਸਫ਼ਰਨਾਮਾ ‘‘ ਪੂਰਬ ਪੱਛਮ’’ ਡਾ.ਜਸਪਾਲ
ਸਿੰਘ ਉਪਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ੍ਰ.ਤਰਲੋਚਨ ਸਿੰਘ
ਸਾਬਕਾ ਰਾਜ ਸਭਾ ਮੈਬਂਰ ਨੇ ਲੋਕ ਅਰਪਣ ਕੀਤਾ। ਇਹ ਇੱਕ ਨਿਵੇਕਲੀ ਕਿਸਮ ਦਾ
ਸਫਰਨਾਮਾ ਹੈ, ਜਿਸ ਵਿਚ ਅਮਰੀਕਾ ਅਤੇ ਭਾਰਤ ਦੇ ਵੱਖ-ਵੱਖ ਖੇਤਰਾਂ ਵਿਚ ਪਾਏ
ਯੋਗਦਾਨ ਦੀ ਵਿਲੱਖਣ ਜਾਣਕਾਰੀ ਦਿੱਤੀ ਗਈ ਹੈ। ਇਸ ਪੁਸਤਕ ਵਿਚ ਪਰਵਾਸ ਵਿਚ
ਰਹਿੰਦੇ ਪੰਜਾਬੀ ਆਪਣੇ ਵਿਰਸੇ ਨਾਲ ਕਿਸ ਪ੍ਰਕਾਰ ਬਾਵਾਸਤਾ ਹਨ ਅਤੇ ਪਰਵਾਸ
ਵਿਚ ਅਮਰੀਕਾ ਦੇ ਕਾਨੂੰਨਾਂ ਤੇ ਵੀ ਪਹਿਰਾ ਦੇ ਰਹੇ ਹਨ। ਪੰਜਾਬੀਆਂ ਦੇ
ਅਮਰੀਕਾ ਦੀ ਆਰਥਿਕਤਾ ਵਿਚ ਪਾਏ ਯੋਗਦਾਨ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
ਇਸ ਮੌਕੇ ਤੇ ਗਲਬਾਤ ਕਰਦਿਆਂ ਡਾ.ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਦੇ
ਵਿਕਾਸ ਵਿਚ ਉਜਾਗਰ ਸਿੰਘ, ਆਪਣੀ ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਵੀ
ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਉਨਾਂ ਅਗੋਂ ਕਿਹਾ ਕਿ ਜਿਸ ਪ੍ਰਕਾਰ
ਪੰਜਾਬੀ ਭਾਸ਼ਾ ਵਿਚ ਪੁਸਤਕਾਂ ਲਿਖੀਆਂ ਜਾ ਰਹੀਆਂ ਹਨ ਅਤੇ ਪੰਜਾਬੀ ਦਾ ਵਿਕਾਸ
ਹੋ ਰਿਹਾ ਹੈ, ਉਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਕੋਈ ਖ਼ਤਰਾ
ਨਹੀਂ ਪ੍ਰੰਤੂ ਇਸ ਮੰਤਵ ਲਈ ਪੰਜਾਬੀ ਨੂੰ ਸਾਨੂੰ ਘਰਾਂ ਵਿਚ ਬੱਚਿਆਂ ਨੂੰ
ਪੰਜਾਬੀ ਵਿਚ ਗਲਬਾਤ ਕਰਨ ਲਈ ਪ੍ਰੇਰਿਤ ਕਰਨਾ ਪਵੇਗਾ। ਉਨਾਂ ਅੱਗੋਂ ਕਿਹਾ ਕਿ
ਉਸ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਸਨੇ ਉਜਾਗਰ ਸਿੰਘ ਦੀ ਪਹਿਲੀ ਪੁਸਤਕ ‘‘
ਪਟਿਆਲਾ ਵਿਰਾਸਤ ਦੇ ਰੰਗ’’ ਵੀ ਲੋਕ ਅਰਪਣ ਕੀਤੀ ਸੀ।
ਸ੍ਰ. ਤਰਲੋਚਨ ਸਿੰਘ ਨੇ ਕਿਹਾ ਕਿ ਉਜਾਗਰ ਸਿੰਘ ਦੇ ਲੋਕ ਸੰਪਰਕ ਵਿਭਾਗ
ਵਿਚ ਨੌਕਰੀ ਕਰਦਿਆਂ ਕਈ ਮਹੱਤਵਪੂਰਨ ਸਿਆਸਤਦਾਨਾਂ ਦੀ ਕਾਰਗੁਜ਼ਾਰੀ ਨੂੰ ਬਹੁਤ
ਹੀ ਨੇੜੇ ਤੋਂ ਵੇਖਣ ਤੇ ਵਿਚਰਨ ਕਰਕੇ ਉਸ ਕੋਲ ਬਹੁਤ ਸਾਰੀਆਂ ਗੁਪਤ ਗੱਲਾਂ
ਦੀ ਜਾਣਕਾਰੀ ਹੈ। ਇਸ ਲਈ ਉਸਨੂੰ ਆਪਣੀਆਂ ਯਾਦਾਂ ਲਿਖਣੀਆਂ ਚਾਹੀਦੀਆਂ ਹਨ
ਤਾਂ ਜੋ ਲੋਕਾਂ ਨੂੰ ਸਿਆਸਤਦਾਨਾ ਦੀਆਂ ਰਮਜਾਂ ਦਾ ਪਤਾ ਲੱਗ ਸਕੇ। ਉਨਾਂ
ਅੱਗੋਂ ਕਿਹਾ ਕਿ ਉਜਾਗਰ ਸਿੰਘ ਸੇਵਾ ਮੁਕਤੀ ਤੋਂ ਬਾਅਦ 6 ਪੁਸਤਕਾਂ ਪੰਜਾਬੀ
ਦੀ ਝੋਲੀ ਪਾ ਚੁੱਕਾ ਹੈ। ਉਸ ਕੋਲੋਂ ਹੋਰ ਵੀ ਵੱਡੀਆਂ ਆਸਾਂ ਹਨ।
ਇਸ ਮੌਕੇ ਤੇ ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਅਤੇ ਚੇਅਰਮੈਨ ਜਥੇਦਾਰ ਗੁਰਚਰਨ ਸਿੰਘ ਚੈਰੀਟੇਬਲ ਟਰੱਸਟ, ਸਰਬਜਿੰਦਰ
ਸਿੰਘ ਮੁਖੀ ਭਾਈ ਗੁਰਦਾਸ ਚੇਅਰ, ਡਾ.ਗੁਰਨਾਮ ਸਿੰਘ ਡੀਨ ਖੋਜ, ਡਾ.ਬਲਕਾਰ
ਸਿੰਘ, ਬਲਬੀਰ ਸਿੰਘ ਨਿਹੰਗ ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੀ ਮੁੱਖੀ
ਡਾ.ਬਲਜੀਤ ਕੌਰ ਸੇਖ਼ੋਂ, ਚਰਨਜੀਤ ਸਿੰਘ ਗਰੋਵਰ ਚੇਅਰਮੈਨ ਪੰਜਾਬੀ ਵਿਕਾਸ
ਮੰਚ, ਡਾ.ਸੁਖਦਿਆਲ ਸਿੰਘ ਅਤੇ ਬਾਬਾ ਬੰਦਾ ਬਹਾਦਰ ਦੀ ਦਸਵੀਂ ਪੀੜੀ ਵਿਚੋਂ
ਬਾਬਾ ਜਤਿੰਦਰ ਸਿੰਘ ਵੀ ਮੌਜੂਦ ਸਨ। ਇਸ ਮੌਕੇ ਤੇ ਬਾਬਾ ਬਲਬੀਰ ਸਿੰਘ ਨਿਹੰਗ
ਮੁਖੀ, ਡਾ.ਜਸਪਾਲ ਸਿੰਘ ਉਪ ਕੁਲਪਤੀ ਅਤੇ ਪੰਜਾਬੀ ਵਿਕਾਸ ਮੰਚ ਵਲੋਂ
ਸ੍ਰ.ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਨੇ ਵੀ ਉਜਾਗਰ ਸਿੰਘ
ਦਾ ਪੰਜਾਬੀ ਦੇ ਵਿਕਾਸ ਵਿਚ ਪਾਏ ਯੋਗਦਾਨ ਤੇ ਸਨਮਾਨ ਕੀਤਾ।