ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 2 ਅਪ੍ਰੈਲ 2016 ਦਿਨ
ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ
ਹਾਲ ਵਿਚ ਹੋਈ। ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਡਾ. ਮਜ਼ਹਰ ਸਿੱਦੀਕੀ ਹੋਰਾਂ
ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ
ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਣ ਮਗਰੋਂ ਸਟੇਜ ਸਕੱਤਰ ਦੀ ਜੁੱਮੇਵਾਰੀ
ਨਿਭਾਂਦਿਆਂ ਅੱਜ ਦੀ ਸਭਾ ਦਾ ਸਾਹਿਤਕ ਦੌਰ ਸ਼ੁਰੂ ਕਰਨ ਲਈ ਪਹਿਲੇ ਬੁਲਾਰੇ
ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ -
ਸੁੱਖ ਟਿਵਾਣਾ ਨੇ, ਜੋ ਪਿਛੇ ਜਿਹੇ ਹੀ ਕੈਨੇਡਾ ਵਿੱਚ ਆਏ ਹਨ, ਸਭਾ ਵਿੱਚ
ਪਹਿਲੀ ਵਾਰੀ ਹਾਜ਼ਰੀ ਲਗਵਾਉਂਦੇ ਹੋਏ ਦੱਸਿਆ ਕਿ ਬੇਸ਼ਕ ਉਹ ਪਿਛਲੇ ਇਕ ਸਾਲ
ਤੋਂ ਫੇਸਬੁਕ ਤੇ Writers Forum Calgary ਦੇ ਫਰੈਂਡ ਹਨ ਪਰ ਅੱਜ ਸਭਾ
ਵਿੱਚ ਪਰਤੱਖ ਸ਼ਾਮਿਲ ਹੋਕੇ ਉਹਨਾਂ ਨੂੰ ਬੜੀ ਖ਼ੁਸ਼ੀ ਹੋਈ ਹੈ। ਉਹਨਾਂ ਅਪਣੀਆਂ
ਦੋ ਰਚਨਾਵਾਂ ਨਾਲ ਤਾੜੀਆਂ ਲੁੱਟ ਲਈਆਂ –
“ਮਾੜੀ ਗੱਲ ਮੇਰੀ ਇਹ ਮੈਥੋਂ ਰਹਿ ਹੁੰਦਾ ਨਹੀਂ,
ਜੋ ਦਿਲ ਦੇ ਉਬਾਲ ਮੇਰੇ ਮੈਨੂੰ ਸਭ ਕਹਿਣ ਦਿਉ।
ਨਾ ਕਦਰ ਟਿਵਾਣੇ ਉਏ ਕੀਤੇ ਦੀ ਕਰਦਾ ਕੋਈ,
ਸੱਚਿਆਂ ਨੂੰ ਠੋਕਰ ਆ ਸੁੱਖ ਨੂੰ ਵੀ ਸਹਿਣ ਦਿਉ।
ਮੈਂ ਜਿੰਨੇ ਜੋਗਾ ਹਾਂ, ਓਨੀ ਗੱਲ ਕਰਨ ਦਿਉ,
ਮੈਨੂੰ ਫੂਕ ਸ਼ਕਾਵੋ ਨਾ, ਔਕਾਤ ਚ ਰਹਿਣ ਦਿਉ।”
ਗ਼ੁਲਾਮ ਹੁਸੈਨ “ਕਰਾਰ” ਬੁਖ਼ਾਰੀ ਨੇ ਅਪਣੀ ਉਰਦੂ ਗ਼ਜ਼ਲ ਗਾਕੇ ਵਧੀਆ ਦਾਦ
ਖੱਟੀ –
“ਮਜ਼ੇ ਵਿਸਾਲ ਕੇ ਜਬ ਹਮ ਉਠਾਨੇ ਲਗਤੇ ਹੈਂ।
ਗ਼ਮ-ਫ਼ਿਰਾਕ ਕੇ ਸਦਮੇਂ ਰੁਲਾਨੇ ਲਗਤੇ ਹੈਂ।
ਅਜ਼ੀਜ਼ ਅਪਣੇ ਤੋ ਬਨ ਜਾਏਂ ਗ਼ੈਰ ਪਲ ਭਰ ਮੇਂ,
ਬਨਾਯੇਂ ਅਪਨਾ ਕਿਸੀ ਕੋ ਜ਼ਮਾਨੇ ਲਗਤੇ ਹੈਂ।”
ਰਣਜੀਤ ਸਿੰਘ ਮਿਨਹਾਸ “ਸੋਮਾ” ਨੇ ਅਪਣੀ ਹਾਸ-ਕਵਿਤਾ ‘ਦਸਵੀਂ ਪਾਸ’ ਨਾਲ
ਸਭਾ ਨੂੰ ਵਧੀਆ ਹਸਾਇਆ –
“ਫਿਰ ਅੰਗਰੇਜੀ ਵਾਲਾ ਮਾਸਟਰ, ਸੋਟੀ ਫੜਕੇ ਆਉਂਦਾ
ਓ ਅ ਇ ਛੱਡ ਕੇ, A B C ਪੜ੍ਹਾਉਂਦਾ,
ਕਿਧਰੇ W ਸਾਇਲੈਂਟ ਦੱਸਣ, ਕਿਧਰੇ ਦੱਸਣ K
ਇਹਦੇ ਨਾਲੋਂ ਚੰਗਾ ਸੀ, ਪੜ੍ਹ ਲੈਂਦੇ ਅਲਫ ਬੇ,
ਫੀਮੇਲ ਦੇ ਨਾਲ ਮੇਲ ਜੋੜਕੇ, ਅੱਖਰ ਕਈ ਬਣਾਉਂਦੇ
B ਸਹੁਰੀ ਨਾਲ H ਲਗਾਕੇ, ਭੱਬਾ ਰਹਿਣ ਕਹਾਉਂਦੇ”
ਪੈਰੀ ਮਾਹਲ ਹੋਰਾਂ ਰਾਈਟਰਜ਼ ਫੋਰਮ ਦੇ ਇਤਹਾਸ ਦੀ ਗੱਲ ਸਾਂਝੀ ਕਰਦੇ ਹੋਏ
ਇਸਦੀ ਤੱਰਕੀ ਅਤੇ ਹੋਰ ਵੀ ਸਾਹਿਤਕ ਸਭਾਵਾਂ ਦੀ ਸਥਾਪਨਾ ਦੀ ਸ਼ਲਾਘਾ ਕੀਤੀ।
ਜੱਸ ਚਾਹਲ “ਤਨਹਾ” ਨੇ ਅਪਣੇ ਕੁਝ ਉਰਦੂ/ਹਿੰਦੀ ਦੇ ਸ਼ੇ’ਰ ਸਾਂਝੇ ਕਰਕੇ
ਵਾਹ-ਵਾਹ ਲਈ –
“ਅਧੂਰੀ ਖ਼ਾਹਿਸ਼ੇਂ ਦਿਖੇ ਹੈਂ ਅਕਸਰ ਮੁਝਕੋ ਖ਼ਾਬੋਂ ਮੇਂ।
ਸੁਕੂੰ ਮਿਲਤਾ ਨਹੀਂ “ਤਨਹਾ” ਤਮੱਨਾ ਕੇ ਸਰਾਬੋਂ ਮੇਂ।”
ਡਾ. ਮਨਮੋਹਨ ਸਿੰਘ ਬਾਠ ਨੇ ਇਕ ਹਿੰਦੀ ਫਿਲਮੀ ਗਾਣਾ ਖ਼ੂਬਸੂਰਤੀ ਨਾਲ
ਗਾਕੇ ਸਭਾ ਨੂੰ ਖ਼ੁਸ਼ ਕਰ ਦਿੱਤਾ।
ਸਭਾ ਦੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀ ਖੂਬਸੂਰਤ ਗ਼ਜ਼ਲ
ਸੁਣਾਕੇ ਤਾੜੀਆਂ ਖੱਟ ਲਈਆਂ –
“ਤੇਰੇ ਆਵਣ ਦੀ ਖੁਸ਼ੀ ਦਿਲ, ਚੁੰਗੀਆਂ ਭਰਦਾ ਫਿਰੇ।
ਅਲਵਲੱਲੀ ਗੱਲ ਜੀਕਣ, ਬਾਲਕਾ ਕਰਦਾ ਫਿਰੇ।
ਨਾ ਕਦੀ ਜਿਵ ਸ਼ਬਦ ਪੂਰੇ ਲਭਦੇ ਅਣਜਾਣ ਨੂੰ,
ਬੋਲ ਬੋਲੇ ਘੱਟ ਛਾਲਾਂ ਪੁਠੀਆਂ ਭਰਦਾ ਫਿਰੇ।
ਹਾਰ ਜਾਪੇ ਜਿੱਤ ਉਸ ਨੂੰ, ਜਿੱਤ ਕੇ ਵੀ ਹਾਰ ਹੀ,
ਆਪ ਬਾਜ਼ੀ ਜਿੱਤਕੇ ਉਹ, ਆਪ ਹੀ ਹਰਦਾ ਫਿਰੇ।”
ਜਗਜੀਤ ਸਿੰਘ ਰਾਹਸੀ ਨੇ ਹੋਰ ਲੇਖਕ ਦੇ ਲਿਖੇ ਉਰਦੂ ਦੇ ਕੁਝ ਸ਼ੇਅਰ ਸਾਂਝੇ
ਕਰਕੇ ਰੌਣਕ ਲਾਈ –
“ਥਕੇ-ਹਾਰੇ ਪਰਿੰਦੇ ਜਬ ਬਸੇਰੇ ਕੇ ਲਿਯੇ ਲੌਟੇਂ,
ਸਲੀਕਾ-ਮੰਦ ਸ਼ਾਖ਼ੋਂ ਕਾ ਲਚਕ ਜਾਨਾ ਜ਼ਰੂਰੀ ਹੈ।”
ਜਗਦੀਸ਼ ਚੋਹਕਾ ਹੋਰਾਂ ਨੇ ਅਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਸਾਹਿਤ
ਲੋਕਾਂ ‘ਚ ਨੇੜਤਾ, ਪਿਆਰ ਅਤੇ ਭਰਾਤਰੀ ਭਾਵ ਪੈਦਾ ਕਰਦਾ ਹੈ। ਸਾਨੂੰ ਵੀ
ਆਪੋ-ਆਪਣੇ ਸਾਹਿਤਕ ਮੰਚਾਂ ਤੋਂ ਦੱਖਣੀ ਏਸ਼ੀਆ ਦੇ ਲੋਕਾਂ ਨੂੰ ਨੇੜੇ ਲਿਆਉਣ
ਲਈ ਉਪਰਾਲੇ ਤੇਜ ਕਰਨੇ ਚਾਹੀਦੇ ਹਨ। ਭਾਸ਼ਾ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ
ਕੈਲਗਰੀ ਅੰਦਰ ਪ੍ਰਵਾਸੀ ਘੱਟਗਿਣਤੀ ਲੋਕਾਂ ਦੀਆਂ ਬੋਲੀਆਂ ਨੂੰ Optional
Subject ਵੱਜੋਂ ਲਾਗੂ ਕਰਾਉਣ ਲਈ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਹਨ।
ਤਰਲੋਕ ਸਿੰਘ ਚੁੱਘ ਹੋਰਾਂ ਵਧੀਆ ਚੁਟਕੁਲੇ ਸੁਣਾਕੇ ਹਾਜ਼ਰੀਨ ਦਾ ਮਨੋਰੰਜਨ
ਕੀਤਾ।
ਡਾ. ਮਜ਼ਹਰ ਸਿੱਦੀਕੀ ਹੋਰਾਂ ਲਾਹੌਰ ਦੇ ਕਤਲੇ-ਆਮ ਤੇ ਲਿਖੀ ਅਪਣੀ ਉਰਦੂ ਗ਼ਜ਼ਲ
ਸੁਣਾ ਕੇ ਮਾਹੌਲ ਗਮਗੀਨ ਕਰ ਦਿੱਤਾ –
“ਕੈਸਾ ਬੇ-ਵਕਤ ਹੁਆ ਇਨਸਾਨੀ ਜਾਨੋਂ ਕਾ ਲਹੂ।
ਬਹ ਰਹਾ ਗਲਿਯੋਂ ਮੇਂ, ਸੜਕੋਂ ਪਰ ਹੈ ਪਿਆਰੋਂ ਕਾ ਲਹੂ।
ਜਲਦ ਮਿੱਟ ਜਾਏਂਗੇ ਸੜਕੋਂ ਸੇ ਯੇ ਲਹੂ ਕੇ ਨਿਸ਼ਾਂ,
ਖ਼ੁਸ਼ਕ ਹੋ ਮੁਮਕਿਨ ਨਹੀਂ, ਮਮਤਾ ਕੀ ਆਂਖੋਂ ਕਾ ਲਹੂ।”
ਇਨ. ਆਰ. ਐਸ. ਸੈਨੀ ਹੋਰਾਂ ਕੀ-ਬੋਰਡ ਤੇ ਤਰੰਨਮ ਵਿਚ ਇਕ ਹਿੰਦੀ ਫਿਲਮੀ
ਗਾਣਾ ਗਾਕੇ ਰੌਣਕ ਲਾ ਦਿੱਤੀ।
ਜਸਵੀਰ ਸਿੰਘ ਸਿਹੋਤਾ ਹੋਰਾਂ ਅਪਣੀ ਇਕ ਪੰਜਾਬੀ ਕਵਿਤਾ ਸਾਂਝੀ ਕਰਕੇ ਹਾਜ਼ਰੀ
ਲਵਾਈ।
ਸ਼ਿਵ ਕੁਮਾਰ ਸ਼ਰਮਾ ਨੇ ਅਪਣੀ ਹਾਸਰਸ ਕਵਿਤਾ ‘ਨੇਤਾ ਜੀ’ ਨਾਲ ਮਾਹੌਲ
ਹਲਕਾ-ਫੁਲਕਾ ਕੀਤਾ –
“ਨੇਤਾ ਜੀ ਦਰਬਾਰ ਲਾਈ ਰਖਦੇ ਨੇ
ਕੋਲ ਟੁੱਕੜ ਬਚੋ ਬਿਠਾਈ ਰਖਦੇ ਨੇ,
ਇਕ ਦੂਜੇ ਨੂੰ ਓਂਗਲ ਲਾਈ ਰਖਦੇ ਨੇ
ਆਪੋ ਵਿੱਚ ਵੀਰ ਲੜਾਈ ਰਖਦੇ ਨੇ,
ਕੰਮ ਤਵੇ ਨਾਲੋਂ ਵੀ ਕਾਲੇ ਕਰਦੇ ਨੇ
ਐਪਰ ਤਧ ਵੀ ਬਹੁਤ ਸਫਾਈ ਰਖਦੇ ਨੇ”
ਜਾਵੇਦ ਨਿਜ਼ਾਮੀ ਨੇ ਉਰਦੂ ਦਿਆਂ ਅਪਣੀਆਂ ਕੁਝ ਨਜ਼ਮਾਂ ਨਾਲ ਭਰਪੂਰ
ਵਾਹ-ਵਾਹ ਲੈ ਲਈ –
“ਖੋ ਗਯੇ ਹਮ ਖ਼ੁਦ ਭੀ, ਦਿਲ ਕੋ ਭੀ ਗੰਵਾ ਬੈਠੇ।
ਇਕ ਸ਼ੱਮਾਂ ਜੋ ਰੌਸ਼ਨ ਥੀ, ਉਸਕੋ ਭੀ ਬੁਝਾ ਬੈਠੇ।
ਬਿਜਲੀ ਕੇ ਚਮਕਨੇ ਸੇ ਵੋ ਔਰ ਕਰੀਬ ਆਏ,
ਸੋਯੇ ਹੁਏ ਫ਼ਿਤਨੇ ਕੋ ਨਾਹਕ ਵੋ ਜਗਾ ਬੈਠੇ।”
ਜਰਨੈਲ ਸਿੰਘ ਤੱਗੜ ਨੇ ਅਪਣੀ ਭਾਰਤ ਫੇਰੀ ਦੀ ਚਰਚਾ ਕਰਦਿਆਂ ਕਿਹਾ ਕਿ ਇਹ
ਦੇਖ ਕੇ ਕੁਝ ਅਫ਼ਸੋਸ ਹੁੰਦਾ ਹੈ ਕਿ ਬਾਹਰਲੇ ਮੁਲਕਾਂ ਤੋਂ ਜਾਕੇ ਲੋਕ ਕਬੱਡੀ
ਦੇ ਮੈਚ ਕਰਾਉਣ ਲਈ ਅਨ੍ਹਾਂ ਪੈਸਾ ਲਾ ਦੇਂਦੇ ਹਨ। ਉਹਨਾਂ ਸੁਝਾ ਦਿਤਾ ਕਿ ਜੇ
ਕਿਤੇ ਏਹੀ ਪੈਸਾ ਸਕੂਲਾਂ, ਹਸਤਪਤਾਲਾਂ ਆਦਿ ਤੇ ਲਾਇਆ ਜਾਵੇ ਤਾਂ ਮੁਲਕ ਦੀ
ਤਰੱਕੀ ਵਿੱਚ ਸਕਾਰਾਤਮਕ ਯੋਗਦਾਨ ਹੋਵੇਗਾ।
ਅਮਰੀਕ ਸਿੰਘ ਚੀਮਾ ਨੇ ‘ਉਜਾਗਰ ਸਿੰਘ ਕੰਵਲ’ ਦੀ ਲਿਖੀ ਕਵਿਤਾ “ਹੋਰਾਂ
ਨੂੰ ਭਰਮਾ ਕੇ ਕਿਸੇ ਨੇ ਕੀ ਖੱਟਿਆ” ਸਾਂਝੀ ਕਰਕੇ ਬੁਲਾਰਿਆਂ ਵਿੱਚ ਹਾਜ਼ਰੀ
ਲਵਾਈ।
ਮਾਸਟਰ ਜੀਤ ਸਿੰਘ ਨੇ ‘ਬਲਾਤਕਾਰ’ ਲੇਖ ਰਾਹੀਂ ਭਾਰਤ ਵਿੱਚ ਰੋਜ਼ ਹੁੰਦੇ
ਰਹਿੰਦੇ ਇਸ ਘਿਨੌਣੇ ਕਾਂਡ ਤੇ ਸਰਕਾਰ ਨੂੰ ਮੇਹਣਾ ਦਿੱਤਾ –
“ਬਲਾਤਕਾਰ ਤਾਂ ਹੋਇਆ ਹੀ ਹੈ, ਫਿਰ ਕੀ ਹੋਇਆ ਕਿਹੜਾ ਇੰਦਰਾ ਗਾਂਧੀ ਮਰੀ
ਹੈ, ਜੋ ਸਰਕਾਰ ਦੀ ਸ਼ਹ ਤੇ ਕਤਲੇ-ਆਮ ਦੀ ਇਜਾਜ਼ਤ ਦੇ ਦੇਈਏ। ਇਥੇ ਤਾਂ ਇਦਾਂ
ਹੀ ਹੋਣਾ ਹੈ, ਜਿੱਨੀਆਂ ਮਰਜ਼ੀ ਕੈਂਡਲਾਂ ਫੂਕ ਲਵੋ, ਜਿੱਨੀਆਂ ਮਰਜ਼ੀ ਛਾਤੀਆਂ
ਪਿੱਟ ਲਵੋ। ਛੱਡ ਯਾਰ, ਤੂੰ ਕਾਹਨੂੰ ਸਿਰ ਫੜਿਆ, ਬਲਾਤਕਾਰ ਤਾਂ ਹੋਇਆ ਹੈ,
ਕਿੱਡੀ ਕੁ ਵੱਡੀ ਖ਼ਬਰ ਹੈ, ਕੀਹੜਾ ਕਿਸੇ ਮਂਤਰੀ ਦਾ ਕੁੱਤਾ ਗੁਆਚ ਗਿਆ ਹੈ?”
ਜੱਸ ਚਾਹਲ ਨੇ ਸਾਰੇ ਹਾਜ਼ਰੀਨ ਦਾ ਅਤੇ ਖ਼ਾਸ ਤੌਰ ਤੇ ਇਨ. ਆਰ. ਐਸ.
ਸੈਨੀ, ਡਾ. ਮਨਮੋਹਨ ਬਾਠ ਤੇ ਜਸਵੀਰ ਸਿੰਘ ਸਿਹੋਤਾ ਹੋਰਾਂ ਦਾ ਇੰਤਜਾਮ ਵਿੱਚ
ਮਦਦ ਕਰਨ ਲਈ ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ
ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ। ਤੁਹਾਡਾ ਸਾਰਿਆਂ ਦਾ, ਖ਼ਾਸ ਕਰ ਕੇ ਨੌਜਵਾਨ ਪੀੜੀ ਦਾ, ਸਹਿਯੋਗ ਹੀ
ਸਾਹਿਤ/ਅਦਬ ਦੀ ਤਰੱਕੀ ਤੇ ਪਰਸਾਰ ਦਾ ਰਾਜ਼ ਹੈ।
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ
ਤਰ੍ਹਾਂ ਪਹਿਲੇ ਸ਼ਨਿੱਚਰਵਾਰ 7 ਮਈ 2016 ਨੂੰ 2.00 ਤੋਂ 5.00 ਤਕ ਕੋਸੋ ਦੇ
ਹਾਲ 102-3208, 8 ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ
ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਇਸ ਵੰਨ-ਸਵੰਨੀ ਸਾਹਿਤਕ ਇਕੱਤਰਤਾ
ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਤੁਸੀਂ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ 403-285-5609/587-716-5609
ਤੇ ਜਾਂ ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨਾਲ 403-667-0128 ਤੇ ਸੰਪਰਕ
ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ Writers Forum, Calgary ਦੇ ਪੇਜ ਤੋਂ
ਵੀ ਜਾਣਕਾਰੀ ਲੈ ਸਕਦੇ ਹੋ ਤੇ ਪੇਜ ਨੂੰ ਲਾਈਕ ਵੀ ਕਰ ਸਕਦੇ ਹੋ। ਧੰਨਵਾਦ।