19 ਜੁਲਾਈ, 16: ਬੀਤੇ ਦਿਨ, ਮਰਹੂਮ ਕਵੀ ਜੋਗਿੰਦਰ ਸਿੰਘ ਹੁੰਦਲ ਦੀ
ਦੂਜੀ ਬਰਸੀ ਨੂੰ ਸਮਰਪਿਤ, ਸਾਹਿਤ ਸਭਾ ਗੁਰਦਾਸਪੁਰ ਵਲੋਂ ਆਯੋਜਿਤ
ਕਵੀ-ਦਰਬਾਰ ਦੇ ਮੌਕੇ ਤੇ ਸਾਹਿਤਕ-ਹਲਕਿਆਂ ਦੀ ਜਾਣੀ-ਪਛਾਣੀ ਸ਼ਖਸ਼ੀਅਤ ਭਗਤ
ਰਾਮ ਰੰਗਾੜਾ (ਚੰਡੀਗੜ੍ਹ) ਨੂੰ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ
ਰੱਖਦੇ ਹੋਏ ਸ਼ਾਲ, ਸਨਮਾਨ ਪੱਤਰ ਅਤੇ ਪੁਸਤਕਾਂ ਦੇ ਸੈੱਟ ਨਾਲ ਸਨਮਾਨਿਤ ਕੀਤਾ
ਗਿਆ। ਡਿਗਰੀ ਕਾਲਜ ਗੁਰਦਾਸਪੁਰ ਵਿਖੇ, 87 ਸਾਲਾ ਬਜ਼ੁਰਗ ਕਵੀ, ਜਨਾਬ ਗਰੀਬ
ਦਾਸ ਅਣਜਾਣ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਦੌਰਾਨ ਚੰਨ ਬੋਲੇਵਾਲੀਆ
(ਬਟਾਲਾ) ਅਤੇ ਲਾਡੀ ਸੁਖਜਿੰਦਰ ਕੌਰ ਭੁੱਲਰ (ਸੁਲਤਾਨਪੁਰ ਲੋਧੀ) ਨੂੰ ਵੀ
ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਜੇ. ਪੀ.
ਖਰਲਾਵਾਲਾ, ਗੁਰਮੀਤ ਸਿੰਘ ਪਾਹੜਾ, ਗੁਰਮੀਤ ਬਾਜਵਾ ਅਤੇ ਕਸ਼ਮੀਰ ਕੌਰ ਸਰਾਵਾਂ
ਆਦਿ ਸੁਸ਼ੋਭਿਤ ਸ਼ਖ਼ਸੀਅਤਾਂ ਵਲੋਂ ਸਨਮਾਨ ਦੀਆਂ ਰਸਮਾਂ ਸਾਂਝੇ ਤੌਰ ਤੇ
ਨਿਭਾਈਆਂ ਗਈਆਂ।
ਉਪਰੰਤ ਕਵੀ ਦਰਬਾਰ ਦਾ ਦੌਰ ਚੱਲਿਆ ਜਿਸ ਵਿੱਚ, ਜਿੱਥੇ ਸਨਮਾਨਿਤ
ਸ਼ਖ਼ਸੀਅਤਾਂ ਨੇ ਆਪੋ-ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਦਾ ਖੂਬ ਮਨੋਰੰਜਨ
ਕੀਤਾ, ਉੱਥੇ ਪ੍ਰਧਾਨਗੀ ਮੰਡਲ ਦੀਆਂ ਹਸਤੀਆਂ ਨੇ ਵੀ ਆਪੋ-ਆਪਣੀ ਕਲਮ ਦਾ
ਚੰਗਾ ਰੰਗ ਬਿਖੇਰਿਆ। ਹੋਰਨਾਂ ਤੋਂ ਇਲਾਵਾ ਕਵੀ-ਦਰਬਾਰ ਵਿੱਚ ਚੰਨਣ ਸਿੰਘ
ਚਮਨ, ਮੰਗਤ ਚੰਚਲ, ਜਨਕ ਰਾਜ ਰਾਠੌਰ, ਰਮਣੀਕ ਸਿੰਘ ਹੁੰਦਲ, ਵਿਜੇ ਬੱਧਣ,
ਪਰਮਜੀਤ ਕੌਰ, ਤੇਜਿੰਦਰ ਕੌਰ, ਸੁਖਜਿੰਦਰ ਸੋਖੀ, ਜਸਪਾਲ ਟੋਨੀ, ਮਲਕੀਅਤ
ਸੋਹਲ, ਸੀਤਲ ਗੁਨੋਪੁਰੀ, ਲਖਨ ਮੇਘੀਆ, ਲਵ ਗੁਰਦਾਸਪੁਰੀ ਅਤੇ ਜਗਜੀਤ ਸਿੰਘ
ਕੰਗ ਆਦਿ ਨੇ ਵੀ ਹਿੱਸਾ ਲਿਆ। ਸੰਸਥਾ ਦਾ ਇਹ ਉਪਰਾਲਾ ਭਰਪੂਰ ਕਾਮਯਾਬ ਰਿਹਾ,
ਜਿਸ ਦੇ ਲਈ ਸਮੁੱਚੀ ਸੰਸਥਾ, ਅਤੇ ਖਾਸ ਕਰਕੇ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ
ਦਿਨ ਰਾਤ ਇਕ ਕਰਨ ਵਾਲੇ ਗੁਰਮੀਤ ਸਿੰਘ ਪਾਹੜਾ, ਸਕੱਤਰ ਜਨਰਲ ਅਤੇ ਉਨ੍ਹਾਂ
ਦਾ ਸਾਥ ਦੇਣ ਵਾਲੇ ਜਨਕ ਰਾਜ ਰਾਠੌਰ ਅਤੇ ਵਿਜੇ ਬੱਧਣ ਵਿਸ਼ੇਸ਼ ਵਧਾਈ ਦੇ ਪਾਤਰ
ਬਣਦੇ ਹਨ।
|