ਬਰੈਂਪਟਨ - ਬੀਤੇ ਸ਼ਨੀਵਾਰ 29 ਅਕਤੁਬਰ ਨੂੰ ‘ਗਲੋਬਲ ਪੰਜਾਬ
ਫਾਊਂਡੇਸ਼ਨ‘ ਅਤੇ ‘ਪੰਜਾਬੀ ਯੂਨੀਵਰਸਿਟੀ ਅਲੂਮਿਨੀ ਐਸੋਸੀਏਸ਼ਨ‘ ਵਲੋਂ ਮਿਲ ਕੇ
ਸ਼ਿੰਗਾਰ ਬੈਂਕੁਅਟ ਹਾਲ ਵਿਖੇ "ਹਾਊ ਟੂ ਲੀਡ ਏ ਸਕਸੈੱਸਫੁਲ ਐਂਡ ਹੈਲਥੀ
ਲਾਈਫ" ਵਿਸ਼ੇ ਤੇ ਇੰਟਰਨੈਸ਼ਨਲ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ
ਯੂਨੀਵਰਸਿਟੀ ਪਟਿਆਲਾ ਦੇ ਡੀਨ ਫੈਕਲਟੀ ਅਤੇ ਪੱਤਰਕਾਰੀ ਅਤੇ ਜਨ-ਸੰਚਾਰ
ਵਿਭਾਗ ਦੇ ਮੁਖੀ ਡਾ. ਹਰਜਿੰਦਰ ਪਾਲ ਸਿੰਘ ਵਾਲੀਆ ਨੇ ਬਤੌਰ ਮੁੱਖ-ਮਹਿਮਾਨ
ਸ਼ਮੂਲੀਅਤ ਕੀਤੀ। ਇਸ ਸਮਾਗਮ ਵਿੱਚ ਪੰਜਾਬੀ ਯੂਨੀਵਰਸਿਟੀ ਅਲੂਮਿਨੀ ਐਸੋਸੀਏਸ਼ਨ
(ਟੋਰਾਂਟੋ) ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਵੱਲੋਂ ਆਏ ਮਹਿਮਾਨਾਂ ਦੇ ਰਸਮੀ
ਸੁਆਗ਼ਤ ਤੋਂ ਬਾਅਦ ਮੰਚ-ਸੰਚਾਲਕ ਗਲੋਬਲ ਪੰਜਾਬ ਫਾਊਂਡੇਸ਼ਨ ਦੇ ਟੋਰਾਂਟੋ
ਚੈਪਟਰ ਦੇ ਚੇਅਰਮੈਨ ਡਾ. ਕੁਲਜੀਤ ਸਿੰਘ ਜੰਜੂਆ ਨੇ ਡਾ. ਹਰਜਿੰਦਰ ਪਾਲ ਸਿੰਘ
ਵਾਲੀਆ ਦੇ ਨਾਲ ਉੱਘੇ ਖੇਡ-ਲੇਖਕ ਪ੍ਰਿੰ. ਸਰਵਣ ਸਿੰਘ, ਪ੍ਰਸਿੱਧ ਲੇਖਕ ਤੇ
ਪੱਤਰਕਾਰ ਬਲਬੀਰ ਮੋਮੀ, ਪਾਕਿਸਤਾਨੀ ਮੂਲ ਦੇ ਲੇਖਕ ਮਕਸੂਦ ਚੌਧਰੀ ਅਤੇ
ਬਰੈਂਪਟਨ ਦੇ ਉੱਘੇ ਗਾਇਕ ਇਕਬਾਲ ਬਰਾੜ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ੁਸ਼ੋਬਤ
ਹੋਣ ਲਈ ਸੱਦਾ ਦਿੱਤਾ।
ਸੈਮੀਨਾਰ ਦੀ ਕਾਰਵਾਈ ਸ਼ੁਰੂ ਕਰਦਿਆਂ ਡਾ. ਕੁਲਜੀਤ ਸਿੰਘ ਜੰਜੂਆ ਵੱਲੋਂ
ਪਹਿਲੇ ਬੁਲਾਰੇ ਦੀਪਕ ਮਨਚੰਦਾ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ
ਜਿਨ੍ਹਾਂ ਨੇ ਪਾਵਰ-ਪੁਆਇੰਟ ਦੀ ਮੱਦਦ ਨਾਲ ਆਪਣੇ ਸੰਬੋਧਨ ਵਿੱਚ ਮਨੁੱਖੀ
ਜੀਵਨ ਵਿੱਚ ਸਫ਼ਲਤਾ ਦੀ ਖੋਜ ਦੇ ਵਿਗਿਆਨਕ ਆਧਾਰ ‘ਤੇ ਸੱਤ-ਪੁਆਇੰਟ ਸਕੇਲ
ਰਾਹੀਂ ਵਿਆਖਿਆ ਕੀਤੀ। ਉਨ੍ਹਾਂ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਸੁਪਨੇ
ਲੈਣ ਅਤੇ ਸਖ਼ਤ ਮਿਹਨਤ ਨਾਲ ਇਨ੍ਹਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ
ਲਗਾਤਾਰ ਯਤਨ ਕਰਨ ‘ਤੇ ਜ਼ੋਰ ਦਿੱਤਾ ਅਤੇ ਨਾਲ ਹੀ ਦਰਪੇਸ਼ ਚੁਣੌਤੀਆਂ ਅਤੇ
ਅਸਫ਼ਲਤਾਵਾਂ ਦਾ ਡਰ, ਚੋਣ ਅਤੇ ਅਨੁਸਾਸ਼ਨ ਦੀ ਘਾਟ ਦਾ ਬਾਖ਼ੂਬੀ ਜ਼ਿਕਰ ਕੀਤਾ।
ਸੈਮੀਨਾਰ ਦੇ ਦੂਜੇ ਬੁਲਾਰੇ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਨਾਲ ਜੁੜੇ ਰਹੇ
ਮਹਿੰਦਰ ਸਿੰਘ ਵਾਲੀਆ ਨੇ ‘ਆਈ ਕਿਊ‘ (ਇੰਟੈਲੀਜੈਂਸ ਕੋਸ਼ੈਂਟ) ਅਤੇ ‘ਈ ਕਿਊ‘
(ਈਮੋਸ਼ਨਲ ਕੋਸ਼ੈਂਟ) ਦੀ ਵਿਆਖਿਆ ਕਰਦਿਆਂ ਹੋਇਆਂ ਸਫ਼ਲ ਅਤੇ ਖੁਸ਼ੀ ਭਰਪੂਰ ਜੀਵਨ
ਲਈ ਵਧੀਆ ਉਦੇਸ਼, ਸੁਹਿਰਦ ਭਾਵਨਾਵਾਂ, ਸਹਿਣਸ਼ੀਲਤਾ, ਸਖ਼ਤ ਮਿਹਨਤ ਅਤੇ
ਲਗਾਤਾਰਤਾ ਨੂੰ ਜ਼ਰੂਰੀ ਕਰਾਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਘੱਟ
‘ਆਈ-ਕਿਊ‘ ਵਾਲੇ ਵੀ ਕਈ ਵਿਅਕਤੀ ਵੀ ਜੀਵਨ ਵਿੱਚ ਬੜੇ ਕਾਮਯਾਬ ਹੋਏ ਹਨ।
ਆਪਣੀ ਇਸ ਦਲੀਲ ਨੂੰ ਸਹੀ ਸਿੱਧ ਕਰਨ ਲਈ ਉਨ੍ਹਾਂ ਹਿਟਲਰ, ਥਾਮਸ ਐਡੀਸਨ ਅਤੇ
ਕਈ ਹੋਰ ਕਾਮਯਾਬ ਵਿਅਕਤੀਆਂ ਦੀਆਂ ਉਦਾਹਰਣਾਂ ਦਿੱਤੀਆਂ। ਸਹਿਣਸ਼ੀਲਤਾ ਬਾਰੇ
ਗੱਲ ਕਰਦਿਆਂ ਉਨ੍ਹਾਂ ਸਿੱਖ ਗੁਰੂ ਸਾਹਿਬਾਨ ਗੁਰੂ ਅਰਜਨ ਦੇਵ ਜੀ ਤੇ ਗੁਰੂ
ਤੇਗ਼ ਬਹਾਦਰ ਜੀ ਦੇ ਨਾਲ ਨਾਲ ਬੰਦਾ ਸਿੰਘ ਬਹਾਦਰ ਦੀਆਂ ਉਦਾਹਰਣਾਂ ਦਿੱਤੀਆਂ।
ਪ੍ਰਿੰ. ਸਰਵਣ ਸਿੰਘ ਨੇ ਲੰਮੇ ਅਤੇ ਖੁਸ਼ੀ-ਭਰਪੂਰ ਸਿਹਤਮੰਦ ਜੀਵਨ ਲਈ ਸਾਦਾ
ਪੌਸ਼ਟਿਕ ਤੇ ਸੰਤੁਲਿਤ ਖ਼ੁਰਾਕ ਅਤੇ ਕਸਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਮੈਰਾਥਨ
ਦੌੜਾਕ ਬਾਬਾ ਫੌਜਾ ਸਿੰਘ, ਨਾਵਲਕਾਰ ਜਸਵੰਤ ਸਿੰਘ ਕੰਵਲ, ਉਲੰਪੀਅਨ ਹਾਕੀ
ਖਿਡਾਰੀ ਬਲਬੀਰ ਸਿੰਘ ਅਤੇ ਉੱਘੇ ਅਰਥ-ਸ਼ਾਸਤਰੀ ਡਾ਼. ਸਰਦਾਰਾ ਸਿੰਘ ਜੌਹਲ ਦੇ
ਲੰਮੀ ਉਮਰ ਅਤੇ ਸਿਹਤਮੰਦ ਜੀਵਨ ਦਾ ਰਾਜ਼ ਉਨ੍ਹਾਂ ਦੇ ਇਸ ਉਮਰ ਵਿੱਚ ‘ਸਾਰਥਿਕ
ਰੁਝੇਵੇਂ‘ ਦੱਸਿਆ। ਇਹ ਰੁਝੇਵੇਂ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਲਗਾਤਾਰ
ਮਿਹਨਤ, ਸਰੀਰਕ ਵਰਜਿਸ਼ ਅਤੇ ਦਿਮਾਗ਼ੀ ਕਸਰਤ ਨਾਲ ਜੁੜੇ ਹੋਏ ਹਨ। ਉਨ੍ਹਾਂ ਇਹ
ਵੀ ਦੱਸਿਆ ਕਿ ਅਜੋਕੇ ਸਮੇਂ ‘ਚ ਵਧੇਰੇ ਲੋਕ ਭੁੱਖ ਨਾਲ ਘੱਟ ਪਰ ਵਾਧੂ ਖਾਣ
ਕਰਕੇ ਮਰ ਰਹੇ ਹਨ। ਪਾਕਿਸਤਾਨੀ ਮੂਲ ਦੀ ਸਮਰਾ ਜ਼ਫ਼ਰ ਨੇ ਸੁਪਨੇ, ਦ੍ਰਿੜ
ਇਰਾਦੇ, ਪਰਉਪਕਾਰਤਾ ਅਤੇ ਮਨੁੱਖਤਾ ਦੀ ਭਲਾਈ ਦੇ ਕੰਮਾਂ ਨੂੰ ਸਫ਼ਲਤਾ ਦੇ
ਅੰਸ਼ ਦਸਦਿਆਂ ਇਸ ਨੂੰ ਆਪਣੀ ਜੀਵਨ-ਕਹਾਣੀ ਨਾਲ ਜੋੜਕੇ ਬਾਖ਼ੂਬੀਅਤ ਨਾਲ
ਪੇਸ਼ ਕੀਤਾ ਤੇ ਦੱਸਿਆ ਕਿ ਕਿੰਜ ਉਹ ਛੋਟੀ ਉਮਰੇ ਵਿਆਹੇ ਜਾਣ ਤੋਂ ਜੀਵਨ
ਵਿੱਚ ਆਏ ਦੁੱਖਾਂ ਅਤੇ ਤਕਲੀਫ਼ਾਂ ਦੇ ਬਾਵਜੂਦ ਇੱਥੇ ਕੈਨੇਡਾ ਕੇ ਆਪਣੀ
ਪੜ੍ਹਾਈ ਨੂੰ ਮੁੜ ਤੋਂ ਸ਼ੁਰੂ ਕਰਕੇ ਟੋਰਾਂਟੋ ਯੂਨੀਵਰਸਿਟੀ ਦੀ ‘ਟੌਪਰ‘ ਅਤੇ
ਸਭ ਤੋਂ ਛੋਟੀ ਉਮਰ ਦੀ ਅਲੂਮਿਨੀ ਗਵਰਨਰ ਬਣੀ। ਹਰਜਸਪ੍ਰੀਤ ਕੌਰ ਗਿੱਲ ਨੇ
ਡਾ਼. ਹਰਜਿੰਦਰ ਪਾਲ ਸਿੰਘ ਵਾਲੀਆ ਦੀ ਪੁਸਤਕ ‘ਜਿੱਤ ਦਾ ਮੰਤਰ‘ ਬਾਰੇ
ਬੋਲਦਿਆਂ ਕਿਹਾ ਕਿ ਉਹ ਇਸ ਪੁਸਤਕ ਵਿਚ ਵਰਨਣ ਕੀਤੇ ਗਏ ਜੀਵਨ ਨੂੰ ਸਫ਼ਲ
ਬਨਾਉਣ ਵਾਲੇ ਸੂਤਰਾਂ ਜਿਨ੍ਹਾਂ ਨੂੰ ਡਾ. ਵਾਲੀਆ ਨੇ ‘ਮੰਤਰਾਂ‘ ਦਾ ਦਰਜਾ
ਦਿੱਤਾ ਹੈ, ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਪੁਸਤਕ ਦੇ ਵੱਖ-ਵੱਖ 34
ਲੇਖਾਂ ਵਿੱਚ ਦਰਜ ਕਈ ਸ਼ਿਅਰ ਵੀ ਹਾਜ਼ਰੀਨ ਨਾਲ ਸਾਂਝੇ ਕੀਤੇ।
ਸਮਾਗ਼ਮ ਦੇ ਮੁੱਖ-ਮਹਿਮਾਨ ਡਾ. ਹਰਜਿੰਦਰ ਸਿੰਘ ਵਾਲੀਆ ਨੇ ਆਪਣੇ ਸੰਬੋਧਨ
ਵਿੱਚ ਆਈ.ਏ.ਐਸ. ਅਤੇ ਹੋਰ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਪੰਜਾਬ ਦੇ
ਵਿਦਿਆਰਥੀਆਂ ਦੇ ਵਧੇਰੇ ਗਿਣਤੀ ਵਿੱਚ ਅੱਗੇ ਨਾ ਆਉਣ ਨੂੰ ਮੁੱਖ ਰੱਖਦਿਆਂ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਈ.ਏ. ਐਸ. ਟ੍ਰੇਨਿੰਗ ਸੈਂਟਰ ਸ਼ੁਰੂ
ਕਰਨ ਅਤੇ ਵਿਦਿਆਰਥੀਆਂ ਤੇ ਆਮ ਪਾਠਕਾਂ ਲਈ ਲਿਖੀ ਗਈ ਆਪਣੀ ਪੁਸਤਕ ‘ਜਿੱਤ ਦਾ
ਮੰਤਰ‘ ਬਾਰੇ ਦੱਸਦਿਆਂ ਕਿਹਾ ਕਿ ਇਸ ਦਾ ਮੰਤਵ ਪਾਠਕਾਂ ਦੇ ਮਨਾਂ ਵਿੱਚ ਜਿੱਤ
ਦੇ ਅਹਿਸਾਸ ਨੂੰ ਜਗਾਉਣਾ ਹੈ। ਗੁਰਬਾਣੀ ਦੀਆਂ ਕਈ ਤੁਕਾਂ "ਜੈਸੀ ਦ੍ਰਿਸਟਿ
ਕਰੈ ਤੈਸਾ ਹੋਇ", "ਮਨ ਮਾਨਿਆ ਤਾਂ ਜਗ ਜਾਨਿਆ", ਆਦਿ ਦਾ ਹਵਾਲਾ ਦਿੰਦਿਆਂ
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਕੋਈ ਖਿਆਲ ਸਾਡੇ ਮਨ ਵਿੱਚ ਆਉਂਦਾ ਹੈ।
ਫਿਰ ਅਸੀਂ ਉਸ ਦੇ ਬਾਰੇ ਸੋਚਦੇ ਹਾਂ ਅਤੇ ਉਸ ਨੂੰ ਅਮਲੀ ਰੂਪ ਦੇਣ ਦੀ ਕੋਸ਼ਿਸ਼
ਕਰਦੇ ਹਾਂ। ਇਸ ਦੇ ਲਈ ਦ੍ਰਿੜ-ਵਿਸ਼ਵਾਸ, ਲਗਾਤਾਰ ਮਿਹਨਤ ਅਤੇ ਸਿਰੜ ਦੀ
ਜ਼ਰੂਰਤ ਹੈ। ਉਨ੍ਹਾਂ ਹੋਰ ਕਿਹਾ ਕਿ ਸੁਪਨੇ ਲੈਣੇ ਅਤੇ ਜੀਵਨ ਵਿੱਚ ਖਾਹਸ਼ਾਂ
ਰੱਖਣੀਆਂ ਕੋਈ ਮਾੜੀ ਗੱਲ ਨਹੀਂ ਹੈ। ਬੱਸ ਇਨ੍ਹਾਂ ਨੂੰ ਪੂਰਿਆਂ ਕਰਨ ਲਈ ਸਖ਼ਤ
ਮਿਹਨਤ ਅਤੇ ਲਗਾਤਾਰਤਾ ਦੀ ਲੋੜ ਹੈ। ਜੀਵਨ ਵਿੱਚ ਕੁਝ ਵੀ ਕਰਨ ਲਈ ਮੌਸਮ
ਨਹੀਂ, ਮਨ ਚਾਹੀਦਾ ਹੈ। ਸੈਮੀਨਾਰ ਵਿਚ ਬਰੈਂਪਟਨ-ਨੌਰਥ ਤੋਂ ਮੈਂਬਰ
ਪਾਰਲੀਮੈਂਟ ਰੂਬੀ ਸਹੋਤਾ ਨੇ ਵੀ ਸੰਬੋਧਨ ਕੀਤਾ ਅਤੇ ਅਖ਼ੀਰ ਵਿੱਚ ਇਸ ਵਿੱਚ
ਭਾਗ ਲੈਣ ਵਾਲੇ ਬੁਲਾਰਿਆਂ ਅਤੇ ਕੁਝ ਹੋਰ ਸ਼ਖਸੀਅਤਾਂ ਨੂੰ ਬਰੈਂਪਟਨ-ਵੈਸਟ
ਤੋਂ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਵਲੋਂ ਪਲੈਕਸ ਦੇ ਕੇ ਸਨਮਾਨਿਤ ਕੀਤਾ
ਗਿਆ।
ਇਸ ਸਮਾਗ਼ਮ ਦੇ ਦੂਸਰੇ ਭਾਗ ਵਿੱਚ ਤ੍ਰੈਭਾਸ਼ੀ ਕਵੀ-ਦਰਬਾਰ ਕੀਤਾ ਗਿਆ
ਜਿਸ ਵਿੱਚ ਪਰਮ ਸਰਾਂ, ਸੁਰਜੀਤ ਕੌਰ, ਮਕਸੂਦ ਚੌਧਰੀ, ਪਿਆਰਾ ਸਿੰਘ
ਕੁਦੋਵਾਲ, ਹਰਚੰਦ ਸਿੰਘ ਬਾਸੀ, ਸੁਖਦੇਵ ਸਿੰਘ ਝੰਡ, ਜਗੀਰ ਸਿੰਘ ਕਾਹਲੋਂ,
ਅਮਰ ਸਿੰਘ ਢੀਂਡਸਾ, ਹਰਜਿੰਦਰ ਸਿੰਘ, ਲਵੀਨ ਗਿੱਲ, ਸੁੰਦਰਪਾਲ ਰਾਜਾਸਾਂਸੀ,
ਅਰੂਜ਼ ਰਾਜਪੂਤ, ਆਦਿ ਨੇ ਭਾਗ ਲਿਆ। ਅੰਤ ਵਿਚ ਜੀ. ਪੀ. ਐਫ. ਦੇ ਚੇਅਰਮੈਨ
ਕੁਲਜੀਤ ਜੰਜੂਆ ਨੇ ਸਿ਼ਵ ਦੀ ਗ਼ਜ਼ਲ ਗਾਕੇ ਖੁਬ ਵਾਹਵਾ ਖੱਟੀ। ਪਰਮਜੀਤ ਸਿੰਘ
ਗਿੱਲ ਅਤੇ ਇਕਬਾਲ ਬਰਾੜ ਹੋਰਾਂ ਵੀ ਖੁਬਸੂਰਤ ਗੀਤ ਗਾ ਕੇ ਆਪਣੀ ਹਾਜ਼ਰੀ
ਲਗਵਾਈ। ਖੁਸ਼ੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਸਰੋਤੇ ਅੰਤ ਤੱਕ ਬੈਠੇ ਰਹੇ
ਅਤੇ ਉਨ੍ਹਾਂ ਨੇ ਇਸ ਸਾਰਥਕ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ।
ਸਮਾਗ਼ਮ ਵਿੱਚ ਹੋਰਨਾਂ ਤੋਂ ਇਲਾਵਾ ਕੈਨੇਡੀਅਨ ਪੰਜਾਬੀ ਸਾਹਿਤ ਸਭਾ,
ਪੰਜਾਬੀ ਵਿਚਾਰ ਮੰਚ, ਅਮਰ ਕਰਮਾ ਔਰਗਨ ਡੋਨੇਸ਼ਨ ਸੋਸਾਇਟੀ, ਚੇਤਨਾ ਕਲਚਰ
ਸੈਂਟਰ, ਰੇਡੀਉ ਕੈਨੇਡਾ ਜਿੰਦਾਬਾਦ, ਫ਼ੋਰਮ ਫਾਰ ਜਸਟਿਸ ਐਂਡ ਇਕੁਆਲਟੀ,
ਪੰਜਾਬ ਸਟਾਰ ਨਿਊਜ਼ਪੇਪਰ, ਚੜ੍ਹਦੀ ਕਲਾ ਟੀਵੀ, ਰੇਡੀਉ ਪੰਜਾਬੀ ਦੁਨੀਆਂ,
ਚੇਤਨਾ ਕੈਨੇਡੀਅਨ ਇੰਟਰਨੈਸ਼ਨਲ ਔਰਗੇਨਾਈਜ਼ੇਸ਼ਨ, ਜ਼ੇਮਜ਼ ਪੋਰਟਰ ਸੀਨੀਅਰਜ਼
ਕਲੱਬ ਅਤੇ ਮਾਊਂਟਨਐਸ਼ ਸੀਨੀਅਰਜ਼ ਕਲੱਬ ਦੇ ਅਹੁਦੇਦਾਰਾਂ ਨੇ ਵਿਸ਼ੇਸ਼ ਤੌਰ
ਤੇ ਹਾਜਿ਼ਰ ਲਵਾਈ। ਸਮਾਗ਼ਮ ਵਿੱਚ ਸਨੈਕਸ ਅਤੇ ਚਾਹ-ਪਾਣੀ ਦਾ ਬਹੁਤ ਵਧੀਆ
ਪ੍ਰਬੰਧ ਸੀ। ਅਖ਼ੀਰ ਵਿਚ ਪੰਜਾਬੀ ਯੂਨੀਵਰਸਿਟੀ ਅਲੂਮਿਨੀ ਐਸੋਸੀਏਸ਼ਨ ਦੇ
ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਸਮੂਹ ਪ੍ਰਿੰਟ ਅਤੇ ਇਲੈਕਟਰੌਨਕ ਮੀਡੀਆ,
ਸਪਾਂਸਰਜ਼ ਅਤੇ ਹਾਜ਼ਰੀਨ ਦਾ ਸਮਾਗ਼ਮ ਨੂੰ ਸਫ਼ਲ ਬਣਾਉਣ ਲਈ ਦਿੱਤੇ ਸਹਿਯੋਗ
ਲਈ ਤਹਿ ਦਿਲੋਂ ਧੰਨਵਾਦ ਕੀਤਾ। |