ਫ਼ਿੰਨਲੈਂਡ 19 ਅਪ੍ਰੈਲ - ਬੀਤੇ ਐਤਵਾਰ ਪੰਜਾਬ ਕਲਚਰਲ ਸੋਸਾਇਟੀ
ਫ਼ਿੰਨਲੈਂਡ ਵਲੋਂ ਤਿੱਕੂਰੀਲਾ ਕਾਲਜ਼ ਵਿੱਚ ਵਿਸਾਖੀ ਮੇਲਾ ਬੜੀ ਧੂਮ-ਧਾਮ ਨਾਲ
ਮਨਾਇਆ ਗਿਆ ਜਿਸ ਵਿੱਚ ਭਾਰਤੀ ਸਫਾਰਤਖਾਨੇ ਦੇ ਰਾਜਦੂਤ ਸ਼੍ਰੀ ਅਸ਼ੋਕ ਕੁਮਾਰ
ਸ਼ਰਮਾ ਅਤੇ ਸ਼੍ਰੀਮਤੀ ਰੀਨਾ ਸ਼ਰਮਾ ਜੀ ਅਤੇ ਓਨ੍ਹਾਂ ਦੇ ਨਾਲ ਸ਼੍ਰੀ ਵਿਜੇ ਖੰਨਾ
ਨੇ ਵੀ ਆਪਣੇ ਪਰਿਵਾਰ ਸਮੇਤ ਸ਼ਿਰਕਿਤ ਕੀਤੀ।
ਵਿਸਾਖੀ ਮੇਲੇ ਦੀ ਸ਼ੁਰੂਆਤ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਹਰਮਿੰਦਰ
ਨੂਰਪੁਰੀ ਨੇ ਇਕ ਧਾਰਮਿਕ ਗੀਤ ਰਾਹੀਂ ਕੀਤੀ। ਇਸ ਵਾਰ ਮੰਚ ਦਾ ਸੰਚਾਲਨ
ਵਿੱਕੀ ਮੋਗਾ ਅਤੇ ਸੋਨੂੰ ਬਨਵੈਤ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਇਆ
ਗਿਆ ਜਿਨ੍ਹਾਂ ਦਾ ਸਾਥ ਸ੍ਰ. ਅਮਰਦੀਪ ਸਿੰਘ ਬਾਸੀ ਨੇ ਬਾਖੂਬੀ ਨਿਭਾਇਆ।
ਧਾਰਮਿਕ ਗੀਤ ਤੋਂ ਬਾਅਦ ਵਾਰੀ ਆਈ ਗਤਕੇ ਦੀ ਕਲਾ ਦੀ ਜਿਥੇ ਰੋਮਨਪ੍ਰੀਤ ਕੌਰ
ਅਤੇ ਵਿਪਿਨ ਨੇ ਗਤਕੇ ਦੀ ਕਲਾ ਦੇ ਜ਼ੌਹਰ ਦਿਖਾਏ। ਇਸਤੋਂ ਬਾਅਦ ਵਾਰੀ ਆਈ
ਨਿੱਕੇ ਅਤੇ ਸੋਹਣੇ ਜਿਹੇ ਗੱਬਰੂਆਂ ਅਤੇ ਧੀਆਂ ਦੀ ਜਿਨ੍ਹਾਂ ਨੇ ਪੰਜਾਬੀ
ਭੰਗੜਾ ਪੰਜਾਬ ਦੀ ਸ਼ਾਨ ਪੇਸ਼ ਕੀਤਾ ਇੰਨ੍ਹਾਂ ਬੱਚਿਆਂ ਨੂੰ ਮੰਚ ਤੇ ਲਿਆਉਣ ਦਾ
ਸਿਹਰਾ ਪੰਜਾਬ ਕਲਚਰਲ ਸੋਸਾਇਟੀ ਦੇ ਸਿਰ ਜਾਂਦਾ ਹੈ ਜੋ ਬੱਚਿਆਂ ਨੂੰ ਮਾਂ
ਬੋਲੀ ਪੰਜਾਬੀ ਅਤੇ ਆਪਣੇ ਵਿਰਸੇ ਨਾਲ ਜੋੜਨ ਵਾਸਤੇ ਹਮੇਸ਼ਾ ਯਤਨਸ਼ੀਲ ਰਹੀ ਹੈ।
ਮੇਲੇ ਦੌਰਾਨ ਬੌਲੀਬੀਟ ਗਰੁੱਪ ਵਲੋਂ ਗੋਰੀਆਂ ਨੇ ਔਡੀ ਅਤੇ ਰੇਡੀਓ ਗੀਤ
ਅਤੇ ਨਾਚ ਮਯੂਰੀ ਗਰੁੱਪ ਵਲੋਂ ਝਾਂਜਰ ਗੀਤ ਤੇ ਨਿੱਕੀਆਂ ਬੱਚੀਆਂ ਦਾ ਡਾਂਸ
ਵੀ ਲੋਕਾਂ ਨੇ ਕਾਫ਼ੀ ਸਰਾਹਿਆ। ਹਰਮਿੰਦਰ ਨੂਰਪੂਰੀ ਨੇ ਵੀ ਵਿੱਚ-ਵਿੱਚ ਹਾਜ਼ਰੀ
ਲਵਾਕੇ ਆਪਣੀ ਸੁਰੀਲੀ ਅਵਾਜ਼ ਨਾਲ ਆਪਣੇ ਗੀਤਾਂ ਰਾਹੀਂ ਪੂਰਾ ਰੰਗ ਬੰਨੀ
ਰੱਖਿਆ। ਇਸ ਵਾਰ ਨਸ਼ਿਆਂ ਤੇ ਅਧਾਰਿਤ ਪੇਸ਼ਕਾਰੀ 'ਮਾਪੇ' ਨੇ ਪੰਜਾਬ ਵਿੱਚ ਵਹਿ
ਰਹੇ ਨਸ਼ਿਆਂ ਦੇ ਛੇਵੇਂ ਦਰਿਆ ਕਰਕੇ ਇੱਕ ਪਰਿਵਾਰ ਦੀ ਕਹਾਣੀ ਨੂੰ ਦਰਸਾਇਆ
ਜਿਸ ਨੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਹਰ ਸਾਲ ਦੀ ਤਰਾਂ ਇਸ ਵਾਰ
ਵੀ ਧੀਆਂ ਪੰਜਾਬ ਦੀਆਂ ਨੇ ਗਿੱਧੇ ਵਿੱਚ ਭਾਂਬੜ ਮਚਾ ਦਿੱਤੇ ਤੇ ਗਿੱਧਾ
ਬਾਖੂਬ ਸ਼ਲਾਘਾਯੋਗ ਰਿਹਾ।
ਮੇਲੇ ਦੇ ਅਖੀਰ ਵਿੱਚ ਵਾਰੀ ਆਈ ਦੇਸੀ ਗੱਭਰੂਆਂ ਦੀ ਜਿਨ੍ਹਾਂ ਨੇ ਇਸ ਵਾਰ
ਪੰਜਾਬ ਦਾ ਲੋਕ ਨਾਚ ਭੰਗੜਾ ਪਾਕੇ ਲੋਕਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ।
ਭੰਗੜੇ ਤੋਂ ਬਾਅਦ ਹਰਮਿੰਦਰ ਨੂਰਪੁਰੀ ਅਤੇ ਅਮਨ ਡੀਜੇ ਨੇ ਆਏ ਹੋਏ ਸਾਰੇ
ਮੇਲੀਆਂ ਅਤੇ ਮੇਲਣਾ ਨੂੰ ਕਾਫੀ ਦੇਰ ਤੱਕ ਸਟੇਜ ਤੇ ਨਚਾਇਆ। ਮੇਲੇ ਦੌਰਾਨ
ਪੀ.ਸੀ.ਐਸ ਵਲੋਂ ਪੰਜਾਬੀ ਖਾਣੇ ਅਤੇ ਲੱਡੂਆਂ ਦਾ ਵੀ ਪ੍ਰਬੰਧ ਕੀਤਾ ਸੀ
ਜਿਸਦਾ ਸਾਰਿਆਂ ਨੇ ਖੂਬ ਲੁਤਫ਼ ਉਠਾਇਆ। ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ
ਦੇ ਪ੍ਰਧਾਨ ਸ੍ਰ. ਹਰਵਿੰਦਰ ਸਿੰਘ ਖਹਿਰਾ, ਮੀਤ ਪ੍ਰਧਾਨ ਭੁਪਿੰਦਰ ਸਿੰਘ
ਬਰਾੜ, ਮੀਤ ਪ੍ਰਧਾਨ ਰਣਜੀਤ ਸਿੰਘ ਬਨਵੈਤ ,ਖਜਾਨਚੀ ਸ੍ਰ. ਰਣਜੀਤ ਸਿੰਘ
ਗਿੱਲ, ਸਕੱਤਰ ਤੰਨੂੰ ਸੈਣੀ ਅਤੇ ਬੁਲਾਰਾ ਸ੍ਰ. ਅਮਰਦੀਪ ਸਿੰਘ ਬਾਸੀ ਨੇ
ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਆਪਣੇ
ਵਿਰਸੇ ਆਪਣੇ ਸੱਭਿਆਚਾਰ , ਆਪਣੀ ਬੋਲੀ ਅਤੇ ਖੇਡਾਂ ਨਾਲ ਬੱਚਿਆਂ ਨੂੰ ਜੋੜਨ
ਵਾਸਤੇ ਪੀ.ਸੀ.ਐਸ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਦਾ ਵਾਅਦਾ ਕੀਤਾ।
Bikramjit Singh (vicky moga)
vickymoga@hotmail.com
+358 503065677
Finland.