ਪਿਛਲੇ ਦਿਨੀਂ (ਸਨਿੱਚਰਵਾਰ, 5 ਮਾਰਚ, 2016) ਪੰਜਾਬੀ ਵਿਕਾਸ ਮੰਚ
ਵਲ੍ਹੋਂ ਵੁਲਵਰਹੈਂਪਟਨ ਦੇ ਇਤਿਹਾਸਕ ਹਾਲ 'ਲਿੰਡਨ ਹਾਊਸ' ਵਿਖ਼ੇ ਪੰਜਾਬੀ
ਵਿਕਾਸ ਮੰਚ ਯੂ. ਕੇ. ਵਲੋਂ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਅਤੇ ਵਿਗਿਆਨੀ
ਡਾਕਟਰ ਬਲਦੇਵ ਸਿੰਘ ਕੰਦੋਲਾ ਦੁਆਰਾ ਈਜਾਦ ਕੀਤੇ ਗਏ ਪੰਜਾਬੀ ਦੇ ਸਮਰੱਥ
ਕੀ-ਬੋਰਡ ਪੰਜਾਬੀ:XL ਨੂੰ ਲੋਕ ਅਰਪਨ ਕਰਨ ਦੇ ਮਹੂਰਤੀ ਸਮਾਗਮ ਤੇ ਇਸਦੇ
ਨਾਲ਼ ਹੀ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਦੇ ਵਿਸ਼ੇ 'ਤੇ ਵਿਸ਼ੇਸ਼
ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬ੍ਰਤਾਨੀਆ ਭਰ ਦੇ ਪੰਜਾਬੀ
ਲਿਖ਼ਾਰੀਆਂ, ਬੁੱਧੀਜੀਵੀਆਂ ਅਤੇ ਪੰਜਾਬੀ ਬੋਲੀ ਦੇ ਸੁਹਿਰਦ ਚਿੰਤਕਾਂ ਅਤੇ
ਪ੍ਰਸੰਸਕਾਂ ਨੇ ਹਿੱਸਾ ਲਿਆ। ਇਸ ਸਮਾਗਮ ਦਾ ਮੁੱਖ ਮੁੱਦਾ ਪੰਜਾਬੀ ਭਾਸ਼ਾ ਦਾ
ਵਿਗਿਆਨੀਕਰਣ, ਕੰਪਿਊਟਰ 'ਤੇ ਇਸਦੀ ਵਰਤੋਂ ਅਤੇ ਈ-ਮੇਲ ਰਾਹੀਂ ਆਪਸੀ ਤਾਲ
ਮੇਲ ਪੰਜਾਬੀ ‘ਚ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਅਤੇ ਕੰਪਿਊਟਰ ਰਾਹੀਂ
ਪੰਜਾਬੀ ਸਿੱਖਣ ਅਤੇ ਪੜਾਉਣ ਦੀਆਂ ਸੰਭਾਵਨਾਵਾਂ ਵਾਰੇ ਵਿਚਾਰ ਵਟਾਂਦਰਾ ਕਰਨਾ
ਸੀ।
ਸਮਾਗਮ ਦੇ ਆਯੋਜਕ ਮਨਮੋਹਨ ਸਿੰਘ ਮਹੇੜੂ ਦੇ ਸਵਾਗਤੀ ਭਾਸ਼ਨ ਤੋਂ ਬਾਅਦ
ਕੌਂਸਲਰ ਮੋਤਾ ਸਿੰਘ ਜੀ ਨੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਆਉਂਦੀਆਂ
ਸਮੱਸਿਆਵਾਂ ਬਾਰੇ ਦੱਸਿਆ। ਕੌਂਸਲਰ ਮੋਤਾ ਸਿੰਘ ਨੇ 'ਪੰਜਾਬੀ ਵਿਕਾਸ ਮੰਚ'
ਦੇ ਉਦੇਸ਼ਾਂ ਬਾਰੇ ਬੜੀ ਵਿਸਥਾਰ ਨਾਲ਼ ਜ਼ਿਕਰ ਕੀਤਾ। ਇਸ ਦੇ ਨਾਲ ਨਾਲ
ਉਨ੍ਹਾਂ ਨੇ ਦੱਸਿਆ ਕਿ ਅਸੀਂ ਬਹੁਤ ਸਾਰੀਆਂ ਉਮੀਦਾਂ ਲੈ ਕੇ ਪੰਜਾਬੀ
ਯੂਨੀਵਰਸਿਟੀ ਦੇ ਸਹਿਯੋਗ ਨਾਲ ਪਟਿਆਲਾ ਵਿਖੇ, ਦੋ ਸਾਲ ਪਹਿਲਾ, ਭਾਸ਼ਾ ਦੇ
ਵਿਸ਼ੇ 'ਤੇ ਸੈਮੀਨਾਰ ਕਰਵਾਇਆ ਸੀ, ਪਰ ਅਫਸੋਸ ਕਿ ਬਾਅਦ ਵਿਚ ਪੰਜਾਬੀ ਦੇ
ਵਿਕਾਸ ਵਲ ਕੋਈ ਖਾਸ ਪ੍ਰਗਤੀ ਨਹੀ ਹੋਈ। ਪਰ ਸਾਡੀਆਂ ਬਰਤਾਨੀਆਂ ਵਿੱਚ
ਕੋਸ਼ਿਸ਼ਾਂ ਅਣਥੱਕ ਜਾਰੀ ਹਨ। ਬਰਮੀਗਮ ਦੇ ਇਲਾਕੇ ਦੀ ਡਿਪਟੀ ਲਾਰਡ ਸੁਤਿੰਦਰ
ਕੌਰ ਟੌਂਕ ਓ. ਬੀ. ਈ. ਨੇ ਬਲਦੇਵ ਸਿੰਘ ਕੰਦੋਲਾ, ਮਨਮੋਹਨ ਸਿੰਘ ਅਤੇ
ਉਨ੍ਹਾਂ ਦੇ ਸਾਥੀਆਂ ਦੀ ਇਸ ਗੱਲੋਂ ਸਰਾਹਨਾ ਕੀਤੀ ਕਿ ਉਹ ਕਿਵੇਂ ਪਰਦੇਸਾਂ
ਵਿਚ ਰਹਿੰਦਿਆਂ ਹੋਇਆਂ ਪੰਜਾਬੀ ਦੇ ਤਕਨੀਕੀ ਵਿਕਾਸ ਲਈ ਯਤਨ ਕਰ ਰਹੇ ਹਨ।
ਕੁਝ ਇਹੋ ਜਿਹੇ ਵਿਚਾਰ ਹੀ ਗੁਰੂ ਨਾਨਕ ਪੰਜਾਬੀ ਸਕੂਲ, ਸੈਜਲੀ ਸਟ੍ਰੀਟ,
ਵੁਲਵਰਹੈਂਪਟਨ ਦੇ ਪ੍ਰਿੰ: ਨਿਰੰਜਨ ਸਿੰਘ ਢਿੱਲੋਂ ਹੁਰਾਂ ਨੇ ਪ੍ਰਗਟ ਕੀਤੇ
ਜਿੱਥੇ 800 ਦੇ ਕਰੀਬ ਬੱਚੇ ਪੰਜਾਬੀ ਸਿੱਖਦੇ ਹਨ। ਇਸ ਸਮਾਗਮ ਦੀ ਮਹੱਤਤਾ
ਬਾਰੇ ਵੁਲਵਰਹੈਂਪਟਨ ਦੇ ਸਾਬਕਾ ਮੇਅਰ ਮਾਈਕ ਹੀਪ (Mr Mike Heap) ਅਤੇ
ਸਥਾਨਕ ਮੈਂਬਰ ਪਾਰਲੀਮੈਂਟ ਮਿ. ਰੌਬ ਮੌਰਿਸ (Mr Rob Marris MP) ਨੇ ਵੀ
ਬੜੇ ਵਧੀਆ ਸ਼ਬਦ ਕਹੇ। ਮਿ. ਮੌਰਿਸ ਨੇ ਇਸ ਕੀ-ਬੋਰਡ ਵਿੱਚ ਵਿਸ਼ੇਸ਼
ਦਿਲਚਸਪੀ ਦਿਖਾਈ ਤੇ ਕਿਹਾ ਅਜੋਕੇ ਸਮੇਂ ਵਿੱਚ ਹਰ ਭਾਸ਼ਾ ਨੂੰ ਆਪਣੀ
ਸੁਰੱਖਿਅਤਾ ਲਈ ਉਸ ਕੋਲ਼ ਆਪਣਾ ਕੀ-ਬੋਰਡ ਹੋਣਾ ਲਾਜ਼ਮੀ ਹੈ। ਇਹ ਵਾਕਈ
ਕੰਪਿਊਟਰ ਯੁੱਗ ਵਿੱਚ ਪੰਜਾਬੀ ਲਈ ਕੀਤੀ ਮਹਾਨ ਪ੍ਰਾਪਤੀ ਹੈ ਜਿਸਤੇ ਆਉਣ
ਵਾਲ਼ੀ ਪੀੜੀ ਲਈ ਇਹ ਬਹੁਤ ਮਾਣ ਵਾਲ਼ੀ ਗੱਲ ਹੈ।
ਪੰਜਾਬੀ ਲੇਖ਼ਕ ਅਤੇ ਰੇਡੀਓ ਪੇਸ਼ਕਾਰ ਸੁਰਿੰਦਰ ਪਾਲ ਸਿੰਘ ਮਾਹਲ ਨੇ
‘ਕੰਪਿਊਟਰ ਅਤੇ ਪੰਜਾਬੀ ਦੀ ਪੜ੍ਹਾਈ’ (ਪੰਜਾਬੀ ਟੀਚਿੰਗ ਐਂਡ ਕੰਪਿਊਟਰ) ਦੇ
ਮਜ਼ਮੂਨ ਉਤੇ ਭਾਵਪੂਰਤ ਲੈਕਚਰ ਹੀ ਨਹੀਂ ਦਿੱਤਾ ਸਗੋਂ ਲੈਪਟੌਪ ਅਤੇ
ਪ੍ਰੋਜੈਕਟਰ ਦੀ ਮੱਦਦ ਨਾਲ਼ ਵੱਡੇ ਸਕਰੀਨ ਉਤੇ ਪੰਜਾਬੀ ਅਤੇ ਅੰਗ੍ਰੇਜ਼ੀ
ਵਿੱਚ ਬਹੁਤ ਹੀ ਮਿਹਨਤ ਨਾਲ਼ ਫ਼ਿਲਮੀ ਤਕਨੀਕ, ਪਾਵਰ ਪੋਇੰਟ, ਦੁਆਰਾ ਤਿਆਰ
ਕੀਤੀ 'ਕੰਪਿਊਟਰ ਦੀ ਮੱਦਦ ਨਾਲ਼ ਪੰਜਾਬੀ ਪੜ੍ਹਾਏ ਜਾਣ ਬਾਰੇ' ਵਿਸਤ੍ਰਿਤ
ਜਾਣਕਾਰੀ ਪੇਸ਼ ਕੀਤੀ। ਇਸ ਪੇਸ਼ਕਾਰੀ ਦਾ ਮੁੱਖ ਵਿਸ਼ਾ ਪੰਜਾਬੀ ਅਧਿਆਪਕਾਂ
ਦੁਆਰਾ ਕੰਪਿਊਟਰ ਤੇ ਪੰਜਾਬੀ ਪੜ੍ਹਾਉਣ ਅਤੇ ਸਿੱਖਣ ਦੇ ਵੱਖ ਵੱਖ ਤਰੀਕਿਆਂ
ਅਤੇ ਸੰਭਾਵਨਾਵਾਂ ਉੱਤੇ ਹੀ ਕੇਂਦਰਤ ਸੀ। ਉਨ੍ਹਾਂ ਵਿਸਥਾਰ ਸਹਿਤ ਦੱਸਿਆ ਕਿ
ਕਿਵੇਂ ਸਾਡੀ ਨਵੀਂ ਪੀੜ੍ਹੀ ਕੰਪਿਊਟਰ ਨਾਲ ਜੁੜੀ ਹੋਈ ਹੈ ਅਤੇ ਉਨ੍ਹਾਂ ਵਿੱਚ
ਇਸ ਮਾਧਿਅਮ ਰਾਹੀਂ ਪੰਜਾਬੀ ਸਿੱਖਣ ਵਿੱਚ ਕਿਵੇਂ ਦਿਲਚਸਪੀ ਪੈਦਾ ਕੀਤੀ ਜਾ
ਸਕਦੀ ਹੈ।
ਉਨਾਂ ਤੋਂ ਬਾਅਦ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ. ਮੰਗਤ ਰਾਏ ਭਾਰਦਵਾਜ ਨੇ
‘ਅੱਜ ਦੇ ਯੁੱਗ ਵਿੱਚ ਕੰਪਿਊਟਰ ਤੇ ਸੂਚਨਾ ਪ੍ਰਸਾਰ ਦਾ ਰੋਲ’ (ਕੰਪਿਊਟਰ ਐਂਡ
ਇਫੌਰਮੇਸ਼ਨ ਟੈਕਨੌਲੋਜੀ) ਬਾਰੇ ਬੜੇ ਸਾਦੇ ਢੰਗ ਨਾਲ ਦੱਸਿਆ ਕਿ ਬੰਦੇ ਨੂੰ
ਤੇਜ਼ੀ ਨਾਲ਼ ਬਦਲ ਰਹੇ ਜ਼ਮਾਨੇ ਨਾਲ਼ ਬਦਲਣਾ ਹੀ ਪੈਣਾ ਹੈ। ਉਨਾਂ ਮਿਸਾਲ
ਦਿੱਤੀ ਕਿ ਜ਼ਮਾਨਾ 'ਟ੍ਰੈੱਡ ਮਿੱਲ' (ਦੌੜ ਵਾਲ਼ੀ ਮਸ਼ੀਨ) ਹੈ ਤੇ ਅੱਜ ਦੇ
ਇਨਸਾਨ ਨੂੰ ਇਸਤੇ ਖੜੇ ਰਹਿਣ ਲਈ ਵੀ ਦੌੜਨਾ ਪੈਣਾ ਹੈ’। ਉਨਾਂ ਇਹ ਵੀ ਦੱਸਿਆ
ਕਿ ਉਹ ਅਤੇ ਡਾ. ਕੰਦੋਲਾ ਤਕਰੀਬਨ ਰੋਜ਼ ਹੀ ਇਸ ਨਵੇਂ ਕੀ-ਬੋਰਡ ਦੇ ਵੱਖ ਵੱਖ
ਨੁਕਤਿਆਂ ਬਾਰੇ ਅਕਸਰ ਹੀ ਵਿਚਾਰ ਵਟਾਂਦਰਾ ਕਰਦੇ ਰਹੇ ਹਨ। ਉਨਾਂ 'ਰਾਵੀ'
ਅਤੇ 'ਨਿਰਮਲਾ' ਅੱਖਰਾਂ (Fonts) ਦੇ ਹੋੜੇ ਤੇ ਕਨੌੜੇ ਦਾ ਫਰਕ ਆਪਣੀ
ਜ਼ੁਬਾਨੀ ਹੀ ਸਮਝਾਇਆ।
ਲੰਡਨ ਤੋਂ ਆਏ ਡਾ. ਸਾਥੀ ਲੁਧਿਆਣਵੀ ਨੇ ‘ਕੰਪਿਊਟਰ ਅਤੇ ਪੰਜਾਬੀ
ਲਿਖਾਰੀ’ ਵਿਸ਼ੇ ਤੇ ਬੋਲਦਿਆਂ ਲੇਖ਼ਕਾਂ ਨੂੰ ਆਉਂਦੀਆਂ ਪ੍ਰਕਾਸ਼ਨਾ ਦੀਆਂ
ਸਮੱਸਿਆਵਾਂ ਦੇ ਨਾਲ ਨਾਲ ਕੰਪਿੳਟਰ ਉਤੇ ਪੰਜਾਬੀ ਸਿੱਖ਼ਣ ਵਾਲਿਆਂ ਵਿਚ ਝਿਜਕ
ਦਾ ਜ਼ਿਕਰ ਕੀਤਾ। ਆਪ ਨੇ ਵੱਖ ਵੱਖ ਲਿੱਪੀਆਂ (ਫੌਂਟ) ਦੀ ਸਮੱਸਿਆ ਨੂੰ
ਸੁਲਝਾਉਣ ਲਈ ਵੀ ਕਈ ਸੁਝਾਅ ਪੇਸ਼ ਕੀਤੇ ਤੇ ਇਹ ਵੀ ਕਿਹਾ ਕਿ ਸਾਡੀ ਅਗਲੀ
ਪੀੜ੍ਹੀ ਪੰਜਾਬੀ ਨੂੰ ਲਿਖ਼ਣ ਪੜ੍ਹਨ ਵੱਲ ਉੱਕਾ ਹੀ ਰੁਚਿਤ ਨਹੀਂ ਹੈ। ਆਪ ਨੇ
ਕਿਹਾ ਕਿ ਕੈਨੇਡਾ ਅਤੇ ਅਮਰੀਕਾ ਵਿਚ ਕਾਗ਼ਜ਼ ਮਨਫੀ ਹੋ ਗਿਆ ਹੈ ਤੇ ਉਹ ਕੇਵਲ
'ਆਈ ਪੈਡ' ਤੇ 'ਆਈ ਫੋਨ' ਦੀ ਵਰਤੋਂ ਹੀ ਕਰਦੇ ਹਨ। “ਅਗਰ ਅਸੀਂ ਅਗਲੀ
ਪੀੜ੍ਹੀ ਨੂੰ ਪੰਜਾਬੀ ਸਿਖਾਉਣੀ ਹੈ ਤਾਂ ਕੰਪਿਊਟਰ ਦਾ ਸਹਾਰਾ ਹੀ ਲੈਣਾ
ਪਵੇਗਾ।”
ਡਾ. ਬਲਦੇਵ ਸਿੰਘ ਕੰਦੋਲਾ ਨੇ ਪੰਜਾਬੀ ਦੇ ਨਵੇਂ ਈਜਾਦ ਕੀਤੇ ਕੀ-ਬੋਰਡ
‘ਪੰਜਾਬੀ:XL ਦੀ ਉਤਪਤੀ ਦੇ ਕਾਰਨਾਂ ਤੇ ਵਿਸਤਾਰ ਸਹਿਤ ਚਾਨਣਾ ਪਾਇਆ। ਉਨਾਂ
ਕਿਹਾ ਕਿ ਪੰਜਾਬ ਦੀਆਂ ਯੂਨੀਵਰਸਟੀਆਂ ਅਤੇ ਸਰਕਾਰੀ ਮਹਿਕਮੇ ਪੰਜਾਬੀ ਦਾ
ਕੰਪਿਊਟਰੀਕਰਨ ਕਰਨ ਵਿੱਚ ਕਮਾਲ ਦੀ ਸੁਸਤੀ ਦਿਖਾ ਰਹੀਆਂ ਹਨ ਜਿਸ ਤੋਂ ਉਹ ਤੇ
ਉਸਦੇ ਸਾਥੀ ਕਾਫੀ ਨਿਰਾਸ਼ ਹੋਏ ਹਨ। ਆਪ ਨੇ ਕਿਹਾ ਕਿ ਜਦੋਂ ਤੀਕ ਪੰਜਾਬੀ
ਫੌਂਟ ਦਾ ਮਿਆਰੀਕਰਣ ਨਹੀਂ ਹੋ ਜਾਂਦਾ, ਲੋਕ ਯੂਨੀਕੋਡ ਨਹੀਂ ਵਰਤਦੇ ਉਦੋਂ
ਤੀਕ ਇਸ ਵਿਚ ਲੋਕਾਂ ਦਾ ਵਿਸ਼ਵਾਸ਼ ਪੱਕਾ ਨਹੀਂ ਹੋ ਸਕਦਾ। ਇਹ ਸਮਰੱਥ ਕੀ-
ਬੋਰਡ, ਅੰਗਰੇਜ਼ੀ ਅੱਖਰਾਂ ਤੋਂ ਉੱਕਾ-ਚੁੱਕਾ ਮੁਕਤੀ ਦੁਆਉਂਦਾ ਹੈ।
ਉਨਾਂ ਦੱਸਿਆ ਕਿ ਇਸ ਕੀ-ਬੋਰਡ ਦਾ ਲਕਸ਼ ਪੰਜਾਬੀ ਵਿੱਚ ਆਸਾਨ, ਤੇਜ਼ ਅਤੇ
ਪ੍ਰਭਾਵਸ਼ਾਲੀ ਸ਼ਬਦ-ਰਚਨਾ ਪ੍ਰਦਾਨ ਕਰਨ ਦੇ ਨਾਲ ਨਾਲ ਕੰਪਿਊਟਰ ਦੀ ਵਰਤੋਂ
ਲਈ ਹੋਰ ਸੁਵਿਧਾਵਾਂ ਪ੍ਰਦਾਨ ਕਰਨਾ ਵੀ ਹੈ। ਧਵਨੀ ਵਾਲੇ ਅੱਖਰਾਂ ਤੇ ਵਿਅੰਜਨ
ਅੱਖਰਾਂ ਨੂੰ ਇੱਕ ਥਾਂ ਕਰਕੇ CDAC ਨੇ ਜਿੱਥੇ ਚੰਗਾ ਕੰਮ ਕੀਤਾ ਉੱਥੇ ਇਸ
ਵਿੱਚ ਹੋਰ ਅਨੇਕਾਂ ਖਾਮੀਆਂ ਛੱਡ ਕੇ ਇਸਨੂੰ ਨਿਕੰਮਾ ਕਰ ਦਿੱਤਾ ਸੀ ਜਿਸ ਦਾ
ਸੁਧਰਿਆ ਰੂਪ ਇਹ ਪੰਜਾਬੀ:XL ਹੈ। ਰਤਾ ਕੁ ਜਿੰਨੀ ਮਿਹਨਤ ਕਰਨ ਨਾਲ ਮੁਹਾਰਤ
ਅਤੇ ਲਿਖਣ ਰਫਤਾਰ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ
ਸੰਸਥਾ (ਪੰਜਾਬੀ ਵਿਕਾਸ ਮੰਚ) ਦਾ ਨਿਸ਼ਾਨਾ ਇਹ ਹੈ ਕਿ ਹੌਲੀ ਹੌਲੀ ਇੰਗਲੈਂਡ
ਦੇ ਸਾਰੇ ਹੀ ਲੇਖ਼ਕਾਂ, ਅਧਿਆਪਕਾਂ ਅਤੇ ਪੰਜਾਬੀ ਨਾਲ ਮੋਹ ਰੱਖਣ ਵਾਲੇ
ਲੋਕਾਂ ਨੂੰ ਪ੍ਰੇਰਤ ਕੀਤਾ ਜਾਵੇ ਕਿ ਉਹ ਪੰਜਾਬੀ ਦੇ ਤਕਨੀਕੀ ਵਿਕਾਸ ਲਈ
ਸਾਡੇ ਨਾਲ ਜੁੜਨ।
ਇਸ ਸੈਮੀਨਾਰ ਦੇ ਅੰਤ ਵਿਚ ਬਹੁਤ ਹੀ ਵਧੀਆ ਕਵੀ ਦਰਬਾਰ ਹੋਇਆ ਜਿਸ ਨੂੰ
ਆਏ ਮਹਿਮਾਨਾਂ ਅਤੇ ਆਮ ਲੋਕਾਂ ਨੇ ਬੜੇ ਪਿਆਰ ਅਤੇ ਧਿਆਨ ਨਾਲ ਸੁਣਿਆਂ।
ਰਾਜਿੰਦਰਜੀਤ, ਸੰਤੋਖ ਧਾਲੀਵਾਲ, ਕਿਰਪਾਲ ਸਿੰਘ ਪੂਨੀ, ਤਾਰਾ ਸਿੰਘ ਤਾਰਾ,
ਸਾਥੀ ਲੁਧਿਆਣਵੀ, ਸਤਪਾਲ ਡੁਲ੍ਹਕੂ, ਪ੍ਰੀਤਮ ਸਿੰਘ ਜੌਹਲ, ਕੌਂਸਲਰ ਮੋਤਾ
ਸਿੰਘ, ਨਿਰਮਲ ਸਿੰਘ ਕੰਧਾਲਵੀ, ਭੁਪਿੰਦਰ ਸਿੰਘ ਸੱਗੂ, ਪਰਮਿੰਦਰ ਸਿੰਘ
ਸਿੱਧੂ, ਮਨਜੀਤ ਸਿੰਘ ਕਮਲਾ, ਬਲਬੀਰ ਸਿੰਘ ਭੁਝੰਗੀ ਗਰੁੱਪ, ਰਵਿੰਦਰ ਸਿੰਘ
ਕੁੰਦਰਾ ਆਦਿ ਨੇ ਆਪੋ ਆਪਣੇ ਕਲਾਮ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆਂ। ਇਸ
ਕਵੀ ਦਰਬਾਰ ਦੀ ਨਜ਼ਾਮਤ ਸਤਪਾਲ ਡੁਲ੍ਹਕੂ ਨੇ ਕੀਤੀ। ਉਪਰੰਤ ਸੁਆਦਲੇ ਭੋਜਨ
ਦਾ ਅਨੰਦ ਮਾਣ ਕੇ ਸਭ ਨੇ ਇਕ ਦੂਜੇ ਨੂੰ ਅਲਵਿਦਾ ਆਖੀ।
ਪੰਜਾਬੀ ਵਿਕਾਸ ਮੰਚ ਨੇ ਇਹ ਵੀ ਆਸ ਪ੍ਰਗਟ ਕੀਤੀ ਕਿ ਭਵਿੱਖ ਵਿੱਚ
ਇੰਗਲੈਂਡ ਦੇ ਹੋਰ ਪੰਜਾਬੀ ਪਿਆਰੇ ਵੀ ਇਸ ਤਰ੍ਹਾਂ ਦੇ ਸੈਮੀਨਾਰ ਆਪਣੇ
ਸ਼ਹਿਰਾਂ ਵਿੱਚ ਆਯੋਜਿਤ ਕਰਨਗੇ ਤੇ ਵੱਧ ਚੜਕੇ ਭਾਗ ਵੀ ਲਿਆ ਕਰਨਗੇ।
–ਰੀਪੋਰਟ ਸਾਥੀ ਲੁਧਿਆਣਵੀ, ਲੰਡਨ