ਫ਼ਿੰਨਲੈਂਡ 19 ਜਨਵਰੀ - ਬੀਤੇ
ਐਤਵਾਰ ਕੋਰਸੋ ਦੇ ਲੁਮੂ ਹਾਲ ਵਿੱਚ ਪੰਜਾਬ ਕਲਚਰਲ ਸੋਸਾਇਟੀ ਵਲੋਂ ਲੋਹੜੀ ਦਾ
ਤਿਉਹਾਰ ਮਨਾਇਆ ਗਿਆ ਜਿਸ ਵਿੱਚ ਭਾਰਤੀ ਸਫਾਰਤਖਾਨੇ ਦੇ ਰਾਜਦੂਤ ਸ਼੍ਰੀ ਅਸ਼ੋਕ
ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਓਨ੍ਹਾਂ ਦੇ ਨਾਲ
ਚਾਂਸਲਰੀ ਦੇ ਮੁੱਖੀ ਸ਼੍ਰੀ ਸੁਨੀਲ ਬਵੇਜਾ ਅਤੇ ਓਨ੍ਹਾਂ ਦੀ ਧਰਮਪਤਨੀ
ਸ਼੍ਰੀਮਤੀ ਹਰਸ਼ ਬਵੇਜਾ ਵੀ ਸ਼ਾਮਿਲ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਸ੍ਰ.
ਹਰਵਿੰਦਰ ਸਿੰਘ ਖਹਿਰਾ ਨੇ ਸਾਰੇ ਭਾਈਚਾਰੇ ਨੂੰ ਜੀ ਆਇਆਂ ਆਖਕੇ ਕੀਤੀ।
ਇਸਤੋਂ ਬਾਅਦ ਬੱਚਿਆਂ ਨੇ ਉੜਾ ``ਉਠ ਸਵੇਰੇ ਜਾਗ ਆੜਾ ਆਲਸ ਨੂੰ ਤਿਆਗ, ਈੜੀ
ਕਰ ਇਸ਼ਨਾਨ ਪਿਆਰੇ, ਸੱਸਾ ਸਾਫ਼ ਦੰਦ ਕਰ ਸਾਰੇ´´ ਗਾਇਆ ਤੇ ਪੰਜਾਬੀ ਕਲਾਸ
ਵਿੱਚ ਬੱਚਿਆਂ ਨੇ ਦੁੱਲੇ ਭੱਟੀ ਬਾਰੇ ''ਸੁੰਦਰ ਮੁੰਦਰੀਏ ਹੋ'' ਦਾ ਗੀਤ
ਗਾਇਆ ਤੇ ਭੰਗੜੇ ਰਾਹੀਂ ਕਾਫ਼ੀ ਰੰਗ ਬੰਨਿਆ ।
ਇਸਤੋਂ ਬਾਅਦ ਹਮੇਸ਼ਾ ਦੀ ਤਰਾਂ ਬੱਚਿਆਂ ਨੇ ਇਸ ਵਾਰ ਵੀ ਆਪਣੀ ਪ੍ਰਤਿਭਾ ਨਾਲ
ਲੋਕਾਂ ਨੂੰ ਹੈਰਾਨ ਕਰ ਦਿੱਤਾ ਜਿਥੇ ਇੱਕ ਪਾਸੇ ਭੰਗੜੇ ਵਿੱਚ ਸੋਹਣੇ ਜਿਹੇ
ਮੁੰਡੇ ਅਤੇ ਕੁੜੀਆਂ ਛਾਏ ਰਹੇ ਤੇ ਦੂਸਰੇ ਪਾਸੇ ਜੋਬਨਵੀਰ ਅਤੇ ਸਾਨੀਆ ਨੇ
ਆਪਣੇ ਡਾਂਸ ਨਾਲ ਆਏ ਹੋਏ ਮਹਿਮਾਨਾਂ ਨੂੰ ਕੀਲਿਆ। ਪ੍ਰੋਗਰਾਮ ਦੌਰਾਨ
ਬੌਲੀਬੀਟ ਡਾਂਸ ਗਰੁੱਪ ਅਤੇ ਇਲੋਨਾ ਪਰਾਸ਼ਰ ਦੇ ਗਰੁੱਪ ਦੀਆਂ ਫ਼ਿੰਨਿਸ਼ ਗੋਰੀਆਂ
ਨੇ ਸਟੇਜ਼ ਉੱਤੇ ਪੂਰੀ ਧਮਾਲ ਪਾਈ। ਪਿਛਲੀ ਵਾਰ ਦੀ ਤਰ੍ਹਾਂ ਬਾਬਿਆਂ ਨੇ ਇਸ
ਵਾਰ ਵੀ ਕਾਫ਼ੀ ਰੰਗ ਬੰਨਿਆਂ ਸਟੇਜ਼ ਉਤੇ ਫ਼ਿੰਨਲੈਂਡ ਦਾ ਛੱਲਾ ਗਾਕੇ ਹਸਾ-ਹਸਾ
ਸਾਰਿਆਂ ਦੇ ਢਿੱਡੀ ਪੀੜਾਂ ਪਾ ਦਿੱਤੀਆਂ। ਫ਼ੇਰ ਆਈ ਗਿੱਧੇ ਅਤੇ ਭੰਗੜੇ ਦੀ
ਵਾਰੀ, ਪੰਜਾਬ ਦੀਆਂ ਮੁਟਿਆਰਾਂ ਤੇ ਗੱਭਰੂਆਂ ਨੇ ਗਿੱਧੇ ਤੇ ਭੰਗੜੇ ਨਾਲ
ਸਟੇਜ਼ ਤੇ ਧੂੜਾਂ ਪੱਟ ਦਿੱਤੀਆਂ ਤੇ ਮਹਿਮਾਨਾਂ ਵਿਚੋਂ ਕੋਈ ਵਿਰਲਾ ਹੀ ਹੋਊ
ਜਿਸਨੇ ਢੋਲ ਦੀ ਤਾਲ ਤੇ ਪੱਬ ਨਾ ਚੱਕਿਆ ਹੋਵੇ। ਮੁੱਖ ਮਹਿਮਾਨ ਸ਼੍ਰੀ ਅਸ਼ੋਕ
ਕੁਮਾਰ ਸ਼ਰਮਾ ਅਤੇ ਸ਼੍ਰੀ ਸੁਨੀਲ ਬਵੇਜ਼ਾ ਨੇ ਵੀ ਢੋਲ ਦੇ ਡਗੇ ਨਾਲ ਭੰਗੜਾ
ਪਾਇਆ। ਅਖੀਰ ਵਿੱਚ ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਦੀ ਪ੍ਰਬੰਧਕ ਕਮੇਟੀ
ਅਤੇ ਪ੍ਰਧਾਨ ਸ੍ਰ. ਹਰਵਿੰਦਰ ਸਿੰਘ ਖਹਿਰਾ, ਸ੍ਰ. ਰਣਜੀਤ ਸਿੰਘ ਗਿੱਲ, ਸ੍ਰ.
ਭੁਪਿੰਦਰ ਸਿੰਘ ਬਰਾੜ, ਸ੍ਰ. ਅਮਰਦੀਪ ਸਿੰਘ ਬੱਸੀ ਨੇ ਆਏ ਹੋਏ ਮਹਿਮਾਨਾਂ ਦਾ
ਧੰਨਵਾਦ ਕੀਤਾ ਅਤੇ ਕਿਹਾ ਪੀ.ਸੀ.ਐਸ. ਇਹ ਕਲਚਰਲ ਪ੍ਰੋਗਰਾਮ ਸਾਰਿਆਂ ਦੇ
ਸਾਂਝੇ ਉੱਦਮ ਨਾਲ ਹੀ ਕਰਵਾਉਂਦੀ ਹੈ ਅਤੇ ਸਾਰੇ ਭਾਈਚਾਰੇ ਦੇ ਪਿਆਰ ਮਿਲਵਰਤਣ
ਸਦਕਾ ਹੀ ਇਹ ਪ੍ਰੋਗਰਾਮ ਸਫ਼ਲ ਹੁੰਦੇ ਹਨ।