ਗੱਲ ਮੈਂ ਓਥੋਂ ਹੀ ਸ਼ੁਰੂ ਕਰਦਾ ਹਾਂ ਜਿਥੋਂ ਕੁ ਮੈਨੂੰ ਇਸ ਝਮੇਲੇ ਦੀ ਕੁਝ
ਕੁਝ ਸਮਝ ਆਉਣੀ ਸ਼ੁਰੂ ਹੋਈ ਸੀ।
1958 ਦੇ ਜਨਵਰੀ ਮਹੀਨੇ ਦਾ ਵਾਕਿਆ ਹੈ ਕਿ ਇਕ ਦਿਨ ਸਵੇਰ ਵੇਲ਼ੇ ਹੀ, ਸ਼ਹੀਦ
ਸਿੱਖ ਮਿਸ਼ਨਰੀ ਕਾਲਜ ਦੇ ਪ੍ਰੌੜ੍ਹ ਵਿਦਿਆਰਥੀ, ਸ. ਦਲੀਪ ਸਿੰਘ ਫੱਕਰ, ਮਾਸਟਰ
ਤਾਰਾ ਸਿੰਘ ਜੀ ਦੇ ਉਰਦੂ ਅਖ਼ਬਾਰ ‘ਪ੍ਰਭਾਤ’ ਵਿਚੋਂ ਇਕ ਖ਼ਬਰ ਪੜ੍ਹ ਕੇ ਸੁਣਾ ਰਿਹਾ
ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਉਸ ਤੋਂ ਪਿਛਲੇਰੀ ਰਾਤ ਕੋਈ ਸ਼ਰਾਰਤੀ, ਇਕ ਸ਼ੀਸ਼ੇ
ਦੇ ਮਰਤਬਾਨ ਵਿਚ ਸੁਖਮਨੀ ਸਾਹਿਬ ਦੇ ਕੁਝ ਪੱਤਰੇ, ਤਮਾਕੂ ਅਤੇ ਇਕ ਕੈਂਚੀ ਪਾ ਕੇ
ਰਾਤ ਦੇ ਹਨੇਰੇ ਵਿਚ ਮਾਸਟਰ ਜੀ ਦੇ ਘਰ ਦੇ ਅੱਗੇ ਰੱਖ ਗਿਆ ਸੀ। ਮੈਂ ਵੀ ਇਹ ਖ਼ਬਰ
ਸੁਣਨ ਵਾਲ਼ਿਆਂ ਵਿਚ ਸ਼ਾਮਲ ਸਾਂ।
ਉਹਨੀਂ ਦਿਨੀਂ ਅਜਿਹੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਸੁਣਨ ਵਿਚ ਆਉਂਦੀਆਂ ਸਨ।
ਪੰਜਾਬ ਦੇ ਦੋ ਸਮਾਜਾਂ, ਹਿੰਦੂਆਂ ਅਤੇ ਸਿੱਖਾਂ ਵਿਚ ਕੁੜੱਤਣ ਪੈਦਾ ਕਰਨ ਦੇ ਯਤਨ
ਕੀਤੇ ਜਾ ਰਹੇ ਸਨ। 1955 ਦੇ ‘ਪੰਜਾਬੀ ਸੂਬਾ ਜਿੰਦਾਬਾਦ’ ਦੇ ਮੋਰਚੇ ਦੀ ਸਫ਼ਲਤਾ
ਸਹਿਤ ਸਮਾਪਤੀ ਉਪ੍ਰੰਤ, ਭਾਰਤ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਹੋਏ
ਸਮਝੌਤੇ ਅਨੁਸਾਰ, ਵਜੂਦ ਵਿਚ ਆਏ ਰੀਜਨਲ ਫ਼ਾਰਮੂਲੇ ਅਧੀਨ, ਪੰਜਾਬ ਨੂੰ ਦੋ ਜ਼ੋਨਾਂ,
ਹਿੰਦੀ ਅਤੇ ਪੰਜਾਬੀ ਵਿਚ ਵੰਡਿਆ ਗਿਆ ਸੀ ਤੇ ਇਸ ਅਨੁਸਾਰ ਪੰਜਾਬੀ ਜ਼ੋਨ ਦੀ ਪਹਿਲੀ
ਭਾਸ਼ਾ ਗੁਰਮੁਖੀ ਅੱਖਰਾਂ ਵਿਚ ਪੰਜਾਬੀ ਪ੍ਰਵਾਨੀ ਗਈ ਸੀ। ਇਸ ਦੇ ਵਿਰੁਧ ਕੁਝ
ਸ਼ਰਾਰਤੀ ਫਿਰਕੂ ਵਿਆਕਤੀਆਂ ਵੱਲੋਂ, ‘ਹਿੰਦੀ ਰਕਸ਼ਾ ਸਮਿਤੀ’ ਦੇ ਨਾਂ ਹੇਠ ਪੰਜਾਬ
ਵਿਚ ਅੰਦੋਲਨ ਸ਼ੁਰੂ ਕੀਤਾ ਗਿਆ ਹੋਇਆ ਸੀ, ਜਿਸ ਕਰਕੇ ਪੰਜਾਬ ਦਾ ਫਿਰਕੂ ਮਾਹੌਲ
ਤਣਾਪੂਰਣ ਬਣਿਆ ਰਿਹਾ। ਅਜਿਹਾ ਤਣਾ, 9 ਮਾਰਚ 1967 ਤੱਕ ਬਣਿਆਂ ਰਿਹਾ ਤੇ ਓਦੋਂ
ਕੁਝ ਸਮੇ ਲਈ ਸਮਾਪਤ ਹੋਇਆ ਜਦੋਂ ਸੰਤ ਫ਼ਤਿਹ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ,
ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਬਣਨ ਵਾਲ਼ੀ ਫ਼ਰੰਟ ਸਰਕਾਰ ਵਿਚ, ਪੰਜਾਬ ਦੇ
ਹਿੰਦੂਆਂ ਦੀ ਪ੍ਰਤੀਨਿਧਤਾ ਕਰਨ ਵਾਲ਼ੀ ਪਾਰਟੀ ਜਨਸੰਘ ਨੰਬਰ ਦੋ ਵਾਲ਼ੀ ਪੋਜ਼ੀਸ਼ਨ ਤੇ
ਸ਼ਾਮਲ ਹੋ ਗਿਆ।
ਸੁਖਮਨੀ ਸਾਹਿਬ ਦੇ ਪੱਤਰਿਆਂ ਵਾਲ਼ੀ ਖ਼ਬਰ ਸੁਣਨ ਤੋਂ ਬਾਅਦ ਹੌਲ਼ੀ ਹੌਲ਼ੀ ਸਮਝ
ਆਉਣ ਲੱਗੀ ਕਿ 1956/57 ਵਿਚ ਇਕ ਗੁਰਦੁਆਰਿਆਂ ਦੀ ਰੱਖਿਆ ਲਈ ਇਕ ਸ਼ਹੀਦੀ ਦਲ ਜਾਂ
ਇਹੋ ਜਿਹਾ ਕੋਈ ਹੋਰ ਨਾਂ ਰਖ ਕੇ, ਇਕ ਜਥੇਬੰਦੀ ਸਿਰਜੀ ਗਈ ਸੀ ਤੇ ਇਹਨਾਂ ਦੀਆਂ
ਸਰਗਰਮੀਆਂ ਸ੍ਰੀ ਦਰਬਾਰ ਸਾਹਿਬ ਦੇ ਆਲ਼ੇ ਦੁਆਲ਼ੇ ਕਦੀ ਕਦਾਈਂ ਵੇਖੀਆਂ ਜਾਂਦੀਆਂ
ਸਨ। ਇਹਨਾਂ ਵਿਚੋਂ ਇਕ ਚੇਹਰਾ ਅਜੇ ਵੀ ਮੈਨੂ ਯਾਦ ਹੈ। ਬਾਅਦ ਵਿਚ ਉਹ ਸੱਜਣ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਬਣਿਆਂ ਤੇ ਫਿਰ 1977 ਵਿਚ
ਐਮ.ਐਲ.ਏ. ਵੀ। ਉਸ ਦਾ ਨਾਂ ਸੀ ਜਥੇਦਾਰ ਖ਼ਜ਼ਾਨ ਸਿੰਘ ਸਿੰਘ ਮੀਰਾਂਕੋਟ।
ਇਸ ਜਥੇ ਦੀ ਸਿਰਜਣਾ ਦੀ ਲੋੜ ਇਸ ਲਈ ਪਈ ਸੀ ਕਿ ਉਹਨੀਂ ਦਿਨੀਂ ਗੁਰਦੁਆਰਾ
ਸਾਹਿਬਾਨ ਦੇ ਸਰੋਵਰਾਂ ਵਿਚ ਸਿਗਰਿਟਾਂ ਸੁੱਟਣ ਅਤੇ ਗੁਰਬਾਣੀ ਦੇ ਪੱਤਰਿਆਂ ਦਾ
ਅਪਮਾਨ ਕਰਨ ਦੀਆਂ ਘਟਨਾਵਾਂ ਵਾਪਰਦੀਆਂ ਸਨ। ਇਹ ਕੁਝ ਪੰਜਾਬ ਵਿਚ ਫਿਰਕੂ ਤਣਾ
ਪੈਦਾ ਕਰਨ ਵਾਸਤੇ ਹੀ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਜਾਂਦਾ ਹੋਵੇਗਾ!
1958, ਜਦੋਂ ਤੋਂ ਮੈਂ ਅਖ਼ਬਾਰ ਪੜ੍ਹਨ ਲੱਗਾ ਹਾਂ, ਹੁਣ ਤੱਕ, ਆਏ ਦਿਨ ਇਹੋ
ਕੁਝ ਹੀ ਪੜ੍ਹਨ ਨੂੰ ਮਿਲ਼ਦਾ ਹੈ ਕਿ ਫਲਾਣੀ ਫ਼ਿਲਮ ਵਿਚ ਸਿੱਖ ਕਿਰਦਾਰ ਨੂੰ ਇਤਰਾਜ਼
ਯੋਗ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਇਸ ਨਾਲ਼ ਸਿੱਖ ਕਿਰਦਾਰ ਦੀ ਕਿਰਦਾਰ ਕੁਸ਼ੀ ਹੋਈ
ਹੈ। ਇਸ ਨਾਲ਼ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਫਲਾਣੀ ਅਖ਼ਬਾਰ ਨੇ ਕੁਝ ਇਹੋ
ਜਿਹਾ ਲਿਖ ਦਿਤਾ ਹੈ ਜਿਸ ਨਾਲ਼ ਸਿੱਖਾਂ ਦੇ ਆਚਰਣ ਉਪਰ ਚੋਟ ਕੀਤੀ ਗਈ ਹੈ। ਫਲਾਣੇ
ਹਿੰਦੂ ਲੀਡਰ ਨੇ, ਸਿੱਖ ਗੁਰੂਆਂ, ਸਿੱਖ ਕੌਮ, ਸਿੱਖ ਧਰਮ, ਗੁਰਮੁਖੀ ਅੱਖਰ,
ਪੰਜਾਬੀ ਬੋਲੀ ਬਾਰੇ ਅਜਿਹਾ ਕੁਝ ਆਖ ਦਿਤਾ ਹੈ ਜਿਸ ਨਾਲ਼ ਸਿੱਖਾਂ ਦੇ ਹਿਰਦੇ
ਵਲੂੰਧਰੇ ਗਏ ਹਨ। ਕਦੀ ਮਹਾਂਰਾਣਾ ਪ੍ਰਤਾਪ ਤੇ ਸ਼ਿਵਾ ਜੀ ਮਰਹੱਟਾ ਦੇ ਨਾਲ਼ ਦਸਮ
ਪਾਤਿਸ਼ਾਹ ਦੀ ਫ਼ੋਟੋ ਕਿਸੇ ਕਲੰਡਰ ਉਪਰ ਛਾਪ ਦੇਣ ਨਾਲ਼ ਵੀ ਸਿੱਖਾਂ ਦੇ ਹਿਰਦੇ
ਵਲੂੰਧਰੇ ਜਾਂਦੇ ਹਨ। ਕੀ ਅਸੀਂ ਪਿਛਲੇ ਛੇ ਸੱਤ ਦਹਾਕਿਆਂ ਤੋਂ ਚਲੇ ਆ ਰਹੇ ਇਸ
ਤਰ੍ਹਾਂ ਕੀਤੇ ਜਾਂਦੇ ਸਿੱਖਾਂ ਦੀ ਕਿਰਦਾਰਕੁਸ਼ੀ ਦੇ ਵਾਕਿਆਤ ਨੂੰ ਰੋਕਣ ਲਈ ਕੋਈ
ਪ੍ਰਬੰਧ ਨਹੀਂ ਕਰ ਸਕੇ? ਕਦੀ ਕੋਈ ਸਿੱਖ ਮੁਖ ਧਾਰਾ ਨਾਲ਼ੋਂ ਟੁੱਟ ਕੇ ਵੱਖਰੀ
ਸੰਪਰਦਾ ਚਲਾਉਣ ਵਾਲਾ ਗੁਰੂ ਸਾਹਿਬਾਨ ਦਾ ਸਾਂਗ ਰਚ ਕੇ, ਸਿੱਖਾਂ ਦੇ ਹਿਰਦੇ
ਵਲੂੰਧਰਨ ਦੀ ਹਮਾਕਤ ਕਰਦਾ ਹੈ।
ਕੁਝ ਦਿਨ ਗੁਰਦੁਆਰਿਆਂ ਦੀਆਂ ਸਟੇਜਾਂ ਉਪਰ ਧੂਆਂਧਾਰ ਭਾਸ਼ਨ ਕਰਕੇ, ਸੜਕਾਂ ਉਪਰ
ਨੰਗੀਆਂ ਤਲਵਾਰਾਂ ਘੁਮਾ ਕੇ, ਨਾਹਰੇ ਲਾ ਕੇ, ਪੁਲਿਸ ਦੀਆਂ ਡਾਂਗਾਂ ਖਾ ਕੇ, ਕੁਝ
ਨੌਜਵਾਨਾਂ ਨੂੰ ਭੜਕਾ ਕੇ 'ਤੇ ਉਹਨਾਂ ਵਿਚੋਂ ਕੁਝ ਨੂੰ ਬਲੀ ਦੇ ਬੱਕਰੇ ਬਣਾ ਕੇ,
ਫਿਰ ਚੁੱਪ ਕਰਕੇ ਬਹਿ ਜਾਂਦੇ ਹਾਂ। ਸਿੱਖਾਂ ਦੇ ਵੋਟਾਂ ਨਾਲ਼ ਚੁਣੀ ਹੋਈ ਨਿਰੋਲ਼
ਸਿੱਖਾਂ ਦੀ ‘ਸਰਕਾਰ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਕ ਮਤਾ ਪਾਸ ਕਰਕੇ
ਆਖ ਦਿੰਦੀ ਹੈ ਕਿ ਸਰਕਾਰ ਇਹਨਾਂ ਘਟਨਾਵਾਂ ਨੂੰ ਰੋਕੇ 'ਤੇ ਦੋਸ਼ੀਆਂ ਨੂੰ ਸਜ਼ਾ
ਦੇਵੇ। ਨਹੀਂ ਤਾਂ ਨਿਕਲਣ ਵਾਲ਼ੇ ਨਤੀਜਿਆਂ ਦੀ ਜੁੰਮੇਵਾਰੀ ਸਰਕਾਰ ਦੇ ਸਿਰ
ਹੋਵੇਗੀ। ਫਿਰ ਪਤਾ ਨਹੀਂ ਇਹ ਮਤਾ ਅੱਗੇ ਕਿਸੇ ਸਰਕਾਰੀ ਅਧਿਕਾਰੀ ਪਾਸ ਭੇਜਿਆ ਵੀ
ਜਾਂਦਾ ਹੈ ਕਿ ਨਹੀਂ! ਜੇ ਭੇਜਿਆ ਜਾਂਦਾ ਹੈ ਤਾਂ ਉਸ ਉਪਰ ਕੀ ਅਮਲ ਹੋਇਆ ਹੈ, ਜਾਂ
ਕਿ ਨਹੀਂ ਹੋਇਆ! ਅਜਿਹੀ ਜਾਣਕਾਰੀ ਲੈਣ ਦਾ ਨਾ ਕਿਸੇ ਪਾਸ ਸਮਾ ਹੁੰਦਾ ਹੈ ਤੇ ਨਾ
ਹੀ ਇਸ ਦੀ ਲੋੜ ਹੀ ਸਮਝੀ ਜਾਂਦੀ ਹੈ। ਫਿਰ ਮੀਡੀਏ ਵਾਸਤੇ ਇਹ ਖ਼ਬਰ ਕੋਈ ਖ਼ਬਰ ਨਹੀਂ
ਰਹਿੰਦੀ। ਸਾਰੇ ਪਾਸੇ ਚੁੱਪ ਚਾਂ ਹੋ ਜਾਂਦੀ ਦੈ। ਫਿਰ ਹੋਰ ਕਿਸੇ ਥਾਂ ਇਸ ਨਾਲ਼
ਮਿਲ਼ਦਾ ਜੁਲ਼ਦਾ ਕੋਈ ਕਾਰਾ ਕਰਵਾ ਦਿਤਾ ਜਾਂਦਾ ਹੈ ਤੇ ਫਿਰ ਚਾਰ ਕੁ ਦਿਨ ਮੀਡੀਆ
ਵਿਚ ਓਹੀ “ਲਾਲਾ ਲਾਲਾ, ਫੜ ਲਉ ਫੜ ਲਉ” ਦਿਨ ਹੋ ਜਾਂਦੀ ਹੈ ਤੇ ਫਿਰ ਸ਼ਾਂਤੀ ਵਰਤ
ਜਾਂਦੀ ਹੈ। ਘਟਨਾ ਵਾਪਰ ਜਾਂਦੀ ਹੈ ਤੇ ਫਿਰ ਚਾਰ ਦਿਨ ਮੀਡੀਆ ਵਿਚ ਹਲਚਲ ਹੁੰਦੀ
ਹੈ ਤੇ ਫਿਰ ਸ਼ਾਂਤੀ ਵਰਤ ਜਾਂਦੀ ਹੈ।
ਇਸ ‘ਰਾਮਰੌਲ਼ੇ’ ਵਿਚ ਜੇਹੜੇ ਜੋਸ਼ੀਲੇ ਨੌਜਵਾਨ ਵਿਰੋਧੀਆਂ ਦੇ ਗੁੰਡਿਆਂ ਹੱਥੋਂ
ਜਾਂ ਪੁਲਿਸ ਦੇ ਹੱਥੋਂ ਮਾਰੇ ਜਾਂਦੇ ਹਨ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ
ਬੱਚੇ ਸਿੱਖ ਧਰਮ ਦੇ ਸ਼ਹੀਦ ਬਣਾ ਕੇ ਤਸੱਲੀ ਦੇਣ ਦਾ ਯਤਨ ਕੀਤਾ ਜਾਂਦਾ ਹੈ ਤੇ
ਡਾਂਗਾਂ ਖਾਣ ਵਾਲ਼ਿਆਂ, ਜੇਹਲਾਂ ਵਿਚ ਤਸੀਹੇ ਝੱਲਣ ਵਾਲ਼ਿਆਂ ਨੂੰ, ਕੌਮ ਲਈ
ਕੁਰਬਾਨੀ ਕਰਨ ਵਾਲੇ ਆਖਿਆ ਜਾਂਦਾ ਹੈ।
ਆਖਰ ਵਿਚ ਸਾਡੀ ਮੰਗ ਇਹੀ ਰਹਿ ਜਾਂਦੀ ਹੈ ਕਿ ਇਸ ਸਾਰੀ ‘ਗੜਬੜ ਚੌਥ’ ਵਿਚ,
ਜੇਹਲੀਂ ਜਾ ਕੇ ਕੈਦ ਭੁਗਤ ਰਹਿਆਂ ਨੂੰ, ਸਰਕਾਰ ਮੁਆਫ਼ੀ ਦੇ ਕੇ ਰਿਹਾ ਕਰ ਦੇਵੇ।
ਉਹ ਕਿਸ ਮੰਗ ਨੂੰ ਮੰਨਵਾਉਣ ਲਈ ਕੁਰਬਾਨ ਹੋਏ ਤੇ ਜੇਹਲੀਂ ਗਏ, ਇਹ ਸਭ ਕੁਝ ਭੁੱਲ
ਭੁਲਾ ਦਿਤਾ ਜਾਂਦਾ ਹੈ। ਕੁਝ ਸਮੇ ਬਾਅਦ ਕੋਈ ਹੋਰ ਇਹੋ ਜਿਹਾ ਝਮੇਲਾ ਖੜ੍ਹਾ
ਕਰ/ਕਰਵਾ ਕੇ ਫਿਰ ਸਿੱਖ ਨੌਜਵਾਨਾਂ ਨੂੰ ਬਲਦੀ ਦੇ ਬੁੱਥੇ ਫਸਾ ਦਿਤਾ ਜਾਂਦਾ ਹੈ।
ਇਹ ਕੇਹੜੀ ਸ਼ਕਤੀ ਹੈ ਜੋ ਸਮੇ ਸਮੇ ਸਿੱਖਾਂ ਨੂੰ ਚੂੰਢੀਆਂ ਵਢ ਵਢ ਕੇ, ਉਹਨਾਂ
ਦਾ ਸਬਰ ਪਰਖ ਰਹੀ ਹੈ! ਕੀ ਉਹ ਵੇਖਣਾ ਚਾਹੁੰਦੇ ਹਨ ਕਿ ਸਿੱਖਾਂ ਵਿਚ, ਭਾਈ ਬੋਤਾ
ਸਿੰਘ ਗਰਜਾ ਸਿੰਘ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਅਤੇ ਸੁਖਦੇਵ ਸਿੰਘ ਹਰਜਿੰਦਰ
ਸਿੰਘ ਵਾਲ਼ੀ ਅਣਖ ਅਜੇ ਵੀ ਹੈ ਕਿ ਨਹੀਂ! ਜਾਂ ਫਿਰ ਸਿੱਖਾਂ ਵਿਚੋਂ ਅਣਖੀਲੇ
ਗਭਰੂਆਂ ਦੀ ਪਛਾਣ ਕਰਕੇ, ਸਮੇ ਸਿਰ ਉਹਨਾਂ ਦਾ ਬਾਹਨਣੂੰ ਬੰਨ੍ਹਣਾ ਚਾਹੁੰਦੇ ਹੋਣ!
ਹਿੰਦੁਸਤਾਨ ਵਿਚ ਵੱਸਦੀ ਕਿਸੇ ਹੋਰ ਘਟ ਗਿਣਤੀ ਬਾਰੇ ਇਹੋ ਜਿਹੀ ਖ਼ਬਰ ਕਦੀ
ਪੜ੍ਹਨ ਨੂੰ ਨਹੀਂ ਮਿਲ਼ੀ ਕਿ ਉਹਨਾਂ ਦੇ ਧਰਮ ਜਾਂ ਧਰਮ ਸਥਾਨ ਦੀ ਬੇਹੁਰਮਤੀ ਕੀਤੀ
ਗਈ ਹੋਵੇ! ਹੋ ਸਕਦਾ ਹੈ ਕਿ ਮੈਂ ਉਹਨਾਂ ਦਾ ਪ੍ਰੈਸ ਨਹੀਂ ਪੜ੍ਹਦਾ ਤੇ ਨਾ ਹੀ
ਉਹਨਾਂ ਦੇ ਇਕੱਠਾਂ ਵਿਚ ਜਾਂਦਾ ਹਾਂ; ਇਸ ਲਈ ਮੈਂ ਅਜਿਹੀ ਜਾਣਕਾਰੀ ਤੋਂ ਵਾਂਝਾ
ਰਹਿ ਜਾਂਦਾ ਹੋਵਾਂ।
ਇਕ ਗੱਲ ਛੇ ਕੁ ਦਹਾਕਿਆਂ ਤੋਂ ਸਮੇ ਸਮੇ ਵੇਖਣ ਵਿਚ ਆ ਰਹੀ ਹੈ ਕਿ ਜਦੋਂ ਵੀ
ਅਜਿਹੀ ਦੁਰਘਟਨਾ ਘਟਣ ਦੇ ਰੋਸ ਵਜੋਂ ਸਿੱਖ ਨੌਜਵਾਨੀ ਕੋਈ ਵਿਖਾਵਾ ਕਰਦੀ ਹੈ ਤਾਂ
ਮੀਡੀਏ ਵਿਚ ਸਿੱਖ ਨੌਜਵਾਨ ਨੰਗੀਆਂ ਤਲਵਾਰਾਂ ਲਹਿਰਾਉਂਦੇ ਵਿਖਾਏ ਜਾਂਦੇ ਹਨ।
ਵਿਰੋਧੀਆਂ ਦੇ ਗੁੰਡੇ ਸਿੱਖਾਂ ਨੂੰ ਕੁੱਟਦੇ ਤੇ ਪੁਲਿਸ ਵਾਲ਼ੇ ਸਿੱਖਾਂ ਉਪਰ ਜ਼ੁਲਮ
ਕਰਦੇ, ਮੀਡੀਏ ਵਿਚ ਕਦੀ ਦਿਖਾਈ ਨਹੀਂ ਦਿੰਦੇ। ਵਿਰੋਧੀਆਂ ਦੀ ਆਪਣੀ ਪ੍ਰਾਈਵੇਟ
‘ਫੌਜ’ ਅਤੇ ਉਹਨਾਂ ਦੀ ਸਹਾਇਤਾ ਉਪਰ ਆਈ ਪੁਲਿਸ ਦਾ ਜ਼ੁਲਮ ਵੀ ਸਾਰਾ ‘ਸਵੈ ਰੱਖਿਆ’
ਦੇ ਘੇਰੇ ਵਿਚ ਆ ਜਾਂਦਾ ਹੈ 'ਤੇ ਸਿੱਖ ਨੌਜਵਾਨ, ਵਿਰੋਧੀਆਂ ਨੂੰ ਆਪਣੀਆਂ ਧਾਰਮਿਕ
ਰਸਮਾਂ ਕਰ ਰਹੀਆਂ ‘ਸੰਗਤਾਂ’ ਉਪਰ ਤਲਵਾਰਾਂ ਨਾਲ਼ ਹਮਲਾ ਕਰਨ ਵਾਲ਼ੇ ਸਾਬਤ ਹੋ
ਜਾਂਦੇ ਹਨ। ਕਦੀ ਸਾਡੇ ਆਗੂਆਂ ਨੇ ਇਸ ਪੱਖ ਤੋਂ ਸੋਚਣ ਦਾ ਯਤਨ ਕੀਤਾ ਹੈ?
ਡੇਰਾ ਸਿਰਸਾ ਨਾਲ਼ ਸਬੰਧਤ, ਪੰਜਾਬ ਵਿਚਲੀ 2007 ਤੋਂ ਬਲ਼ ਬਲ਼ ਕੇ ਧੁਖਦੀ ਆ ਰਹੀ
ਅੱਗ ਬਾਰੇ ਮੈਂ ਅਜੇ ਕੁਝ ਨਹੀਂ ਲਿਖ ਰਿਹਾ। ਇਹ ਬਹੁਤ ਹੀ ਵੱਡਾ ਝਮੇਲਾ ਹੈ। ਇਸ
ਬਾਰੇ ਲਿਖਣ ਲੱਗਿਆਂ, ਮੇਰਾ ਖਿਆਲ ਹੈ ਕਿ ਮੈਂ ਖ਼ੁਦ ਨੂੰ ਕਾਬੁ ਵਿਚ ਨਹੀਂ ਰੱਖ
ਸਕੂੰਗਾ; ਤੇ ਮੇਰੇ ਵਿਚਾਰ ਕਿਸੇ ਦੇ ਵੀ ਫਿੱਟ ਨਹੀਂ ਆਉਣਗੇ। ਹੁਣ ਤਾਂ ਪੰਜਾਬ ਦੀ
ਧਰਤੀ ਤੇ ਇਸ ਦੇ ਭਾਂਬੜ ਬਲ਼ ਪਏ ਹਨ।
ਸਮਝਣ ਵਾਲ਼ੀ ਗਲ ਇਹ ਹੈ ਕਿ ਇਹ ਸਿਰਫ ਸਿੱਖਾਂ ਨਾਲ਼ ਹੀ ਕਿਉਂ ਹੋ ਰਿਹਾ ਹੈ?
ਸਿੱਖ ਬਹੁ ਸੰਮਤੀ ਵਾਲੇ ਇਲਾਕੇ ਵਿਚ, ਸਿੱਖ ਅਤੇ ਉਹ ਵੀ ਅਕਾਲੀ ਮੁਖ ਮੰਤਰੀ ਦੇ
ਹੁੰਦਿਆਂ, ਵਾਰ ਵਾਰ ਸਿੱਖਾਂ ਦੇ ਹਿਰਦੇ ਵਲੂੰਧਰਨ ਵਾਲ਼ੀਆਂ ਦੁਰਘਟਨਾਵਾਂ ਦਾ
ਵਾਪਰਨ ਨੂੰ, ਕੀ ਅਸੀਂ ਸਵਾ ਦੋ ਕਰੋੜ ਦੀ ਗਿਣਤੀ ਵਾਲ਼ੀ ਕੌਮ ਰੋਕ ਨਹੀਂ ਸਕਦੀ! ਇਸ
ਪੱਖ ਤੇ ਕਦੇ ਸਾਡੇ ਆਗੂਆਂ ਨੇ ਸੰਜੀਦਗੀ ਨਾਲ਼ ਸੋਚਣ ਦਾ ਯਤਨ ਕੀਤਾ ਹੈ?
|