ਮੈਂ ਤੇ ਮਨਦੀਪ ਖੁਰਮੀ ਹਿੰਮਤਪੁਰਾ ਜਦੋਂ ਤਾਰਾ ਸਿੰਘ ਆਲਮ ਦੇ ਘਰੋਂ ਤੁਰਨ
ਲੱਗੇ ਤਾਂ ਮਨਦੀਪ ਕਹਿਣ ਲੱਗਾ ‘ਬਾਈ ਹੁਣ ਆਪਾਂ ਭੂਆ ਦੇ ਘਰੇ ਚੱਲਣਾ। ਸਵੇਰ ਦਾ
ਤਿੰਨ ਵਾਰ ਭੂਆ ਫੋਨ ਕਰ ਚੁੱਕੀ ਆ ਤੇ ਹਰ ਵਾਰ ਇਹੀ ਪੁੱਛਦੀ ਕਿ ਕਿੱਥੇ ਆ ਤੂੰ।
ਹੁਣ ਫਿਰ ਫੋਨ ਆ ਗਿਆ ਤਾਂ ਮੁਸ਼ਕਿਲ ਹੋਜੂ। ਆਪਾਂ ਜਲਦੀ ਜਲਦੀ ਭੂਆ ਕੋਲ ਹੀ ਜਾਣਾ
ਹੁਣ ਹੋਰ ਕਿਤੇ ਬਾਦ ਵਿੱਚ ਚੱਲਾਂਗੇ । ਮਨਦੀਪ ਜਿੱਥੇ ਭੂਆ ਨੂੰ ਮਿਲਣ ਲਈ ਉਤਾਵਲਾ
ਸੀ, ਉੱਥੇ ਉਹਦੇ ਬੋਲਾਂ ਵਿੱਚ ਵੀ ਭੂਆ ਨੂੰ ਮਿਲਣ ਦੀ ਕਾਹਲ ਤੇ ਉਤਸੁਕਤਾ ਸਾਫ਼
ਝਲਕਦੀ ਨਜ਼ਰ ਆ ਰਹੀ ਸੀ।
ਮੈਂ ਸੋਚਿਆ ਕਿ ਮਨਦੀਪ ਦੀ ਸਕੀ ਭੂਆ ਹੋਵੇਗੀ। ਜੋ ਇੰਨਾ ਜਿਆਦਾ ਮੋਹ ਕਰਦੀ ਆ
ਤੇ ਵਾਰ ਵਾਰ ਫੋਨ ਕਰ ਕੇ ਪੁੱਛ ਰਹੀ ਆ। ਮੈਂ ਵੀ ਕਾਰ ਵਿੱਚ ਬੈਠਦੇ ਹੀ ਮਨਦੀਪ
ਨੂੰ ਕਿਹਾ ਚੱਲ ਵੀਰ ਪਹਿਲਾਂ ਭੂਆ ਨੂੰ ਮਿਲਦੇ ਹਾਂ। ਬਾਕੀ ਕੰਮ ਬਾਅਦ ਵਿੱਚ ਈ
ਹੋਣਗੇ। ਅਸੀਂ ਉੱਥੋਂ ਤੁਰ ਕੇ ਸਿੱਧੇ ਭੂਆ ਦੇ ਘਰ ਮੂਹਰੇ ਜਾ ਕੇ ਗੱਡੀ ਰੋਕੀ।
ਮਨਦੀਪ ਨੇ ਘਰ ਦੀ ਘੰਟੀ ਮਾਰੀ ਤਾਂ ਅੰਦਰੋਂ ਇੱਕ 55 ਕੁ ਸਾਲ ਦੀ ਸਾਦੇ ਲਿਬਾਸ
ਵਾਲੀ ਔਰਤ ਨੇ ਦਰਵਾਜਾ ਖੋਹਲਦਿਆਂ ਸਾਰ ਹੀ ਮਨਦੀਪ ਨੂੰ ਗੱਲ ਨਾਲ ਲਾ ਕੇ ਉਸਦੀ
ਸੁੱਖ ਸਾਂਦ ਪੁੱਛੀ। ਫਿਰ ਮੈਨੂੰ ਵੀ ਉਸਨੇ ਉਸੇ ਪਿਆਰ ਨਾਲ ਗਲ+-਼ ਲਾਇਆ ਤੇ
ਸਾਨੂੰ ਅੰਦਰ ਲੰਘ ਆਉਣ ਦਾ ਕਿਹਾ। ਜਦੋਂ ਮੈਂ ਤੇ ਮਨਦੀਪ ਇੰਗਲੈਂਡ ਦੇ ਅਸੂਲ
ਮੁਤਾਬਿਕ ਆਪਣੇ ਬੂਟ ਲਾਉਣ ਲੱਗੇ ਤਾਂ ਭੂਆ ਨੇ ਬੜੀ ਅਪਣੱਤ ਨਾਲ ਕਿਹਾ ਲੰਘ ਆਉ
ਪੁੱਤਰੋ ਭੂਆ ਦਾ ਘਰ ਹੈ, ਜੁੱਤੀ ਉਤਾਰਨ ਦੀ ਖੇਚਲ ਨਾ ਕਰੋ। ਮੈਂ ਫਿਰ ਵੀ ਆਪਣੇ
ਬੂਟ ਉਤਾਰਨ ਲੱਗਾ ਤਾਂ ਉਸ ਨੇ ਦੁਬਾਰਾ ਬੜੇ ਪਿਆਰ ਨਾਲ ਕਿਹਾ, ਕੋਈ ਨੀ ਪੁੱਤਰ ਆ
ਜਾ, ਆਪਣਾ ਹੀ ਘਰ ਸਮਝ।
ਭੂਆ ਸਾਨੂੰ ਮਹਿਮਾਨਾਂ ਦੇ ਬੈਠਣ ਵਾਲੇ ਹਾਲ ਵਿੱਚ ਲੈ ਗਈ। ਮਨਦੀਪ ਨੇ ਤਾਂ
ਅੰਦਰ ਜਾਂਦੇ ਸਾਰ ਆਪਣੀ ਜੈਕਟ ਲਾਹ ਕੇ ਪਾਸੇ ਰੱਖ ਦਿੱਤੀ ਅਤੇ ਸੋਫ਼ੇ ਤਟ ਬੈਠ
ਗਿਆ। ਮੈਨੂੰ ਵੀ ਭੂਆ ਨੇ ਬੈਠਣ ਦਾ ਇਸ਼ਾਰਾ ਕੀਤਾ। ਫਿਰ ਭੂਆ ਨੇ ਸਾਨੂੰ ਪਾਣੀ
ਪਿਲਾਉਣ ਤੋਂ ਬਾਅਦ ਸਾਡੇ ਨਾਲ ਗੱਲਾਂ ਕਰਨੀਆਂ ਸੁ਼ਰੂ ਕਰ ਦਿੱਤੀਆਂ। ਇੰਨੇ ਨੂੰ
ਭੂਆ ਦਾ ਬੇਟਾ ਵੀ ਆਪਣੇ ਕਮਰੇ ਵਿੱਚੋਂ ਉੱਠ ਕੇ ਆ ਗਿਆ। ਕੁਝ ਹੀ ਪਲਾਂ ਵਿੱਚ
ਮਾਹੌਲ ਬਹੁਤ ਖੁਸ਼ਗਵਾਰ ਹੋ ਚੁੱਕਾ ਸੀ। ਕੁਝ ਸਾਹਿਤਕ ਤੇ ਕੁਝ ਪਰਿਵਾਰਕ ਗੱਲਾਂ
ਨਾਲ ਪਤਾ ਹੀ ਨਾ ਚੱਲਿਆ ਕਿ ਕਦੋਂ ਦੋ ਘੰਟੇ ਬੀਤ ਗਏ ਜਿਸ ਦੌਰਾਨ ਅਸੀਂ ਚਾਹ ਵੀ
ਪੀ ਚੁੱਕੇ ਸੀ। ਭੂਆ ਵੱਲੋਂ ਕੀਤੀਆਂ ਜਾ ਰਹੀਆਂ ਨਿੱਕੀਆਂ ਨਿੱਕੀਆਂ ਪਰ ਅਰਥ
ਭਰਪੂਰ ਗੱਲਾਂ ਬੜੀਆਂ ਸੋਹਣੀਆਂ ਲੱਗ ਰਹੀਆਂ ਸਨ। ਹਰ ਗੱਲ ਵਿੱਚੋਂ ਕੋਈ ਨਾ ਕੋਈ
ਨਵਾਂ ਤਜਰਬਾ, ਕੋਈ ਨਾ ਕੋਈ ਡੂੰਘਾ ਭੇਤ ਸਮਝ ਆ ਰਿਹਾ ਸੀ। ਭੂਆ ਗੱਲਾਂ ਕਰਦੇ
ਕਰਦੇ ਵਿੱਚੋਂ ਉੱਠ ਕੇ ਆਪਣੀ ਰਸੋਈ ਵੱਲ ਵਾਰ ਵਾਰ ਜਾਂਦੀ ਸੀ ਅਤੇ ਭੂਆ ਨੇ ਗੱਲਾਂ
ਕਰਦੇ ਕਰਦੇ ਉੱਠ ਕੇ ਸਾਡੇ ਲਈ ਕਦੋਂ ਸਰੋਂ ਦਾ ਸਾਗ ਤੇ ਮੋਠਾਂ ਦੀ ਦਾਲ ਤੇ ਇੱਕ
ਸਬਜੀ ਵੀ ਤਿਆਰ ਕਰ ਲਈ ਇਸ ਬਾਰੇ ਸਾਨੂੰ ਪਤਾ ਹੀ ਨਾ ਚੱਲਿਆ। ਫਿਰ ਭੂਆ ਨੇ ਸਾਨੂੰ
ਰੋਟੀ ਖਾਣ ਲਈ ਕਿਹਾ ਤਾਂ ਮੇਰੇ ਕੋਲੋਂ ਆਪਣੇ ਮੂੰਹੋਂ ਇੱਕ ਵਾਰ ਵੀ ਨਾਂਹ ਨਹੀਂ
ਆਖੀ ਗਈ ਕਿ ਅਸੀਂ ਰੋਟੀ ਨਹੀਂ ਖਾਣੀ। ਕਿਉਂਕਿ ਮੈਨੂੰ ਭੂਆ ਸੱਚਮੁੱਚ ਮੇਰੀ ਸਕੀ
ਭੂਆ ਲੱਗ ਰਹੀ ਸੀ। ਜੋ ਮੈਨੂੰ ਨਿੱਕੇ ਹੁੰਦੇ ਨੂੰ ਆਪਣੇ ਪਿੰਡ ਲੈ ਜਾਂਦੀ ਹੁੰਦੀ
ਸੀ ਅਤੇ ਹਰ ਰੋਜ਼ ਨਵੀਂ ਤੋਂ ਨਵੀਂ ਦਾਲ ਸਬਜੀ ਨਾਲ ਰੋਟੀ ਖੁਆਇਆ ਕਰਦੀ ਸੀ।
ਅਸੀਂ ਰੋਟੀ ਖਾ ਰਹੇ ਸੀ ਤਾਂ ਭੂਆ ਗਰਮ ਗਰਮ ਰੋਟੀਆਂ ਤਵੇ ਤੋਂ ਲਾਹ ਕੇ ਸਾਨੂੰ
ਖੁਆ ਰਹੀ ਸੀ। ਉਹ ਰੋਟੀ ਲਿਆ ਕੇ ਸਿੱਧੀ ਸਾਡੀ ਥਾਲੀ ਵਿੱਚ ਰੱਖਦੀ। ਸਰੋਂ ਦਾ ਸਾਗ
ਇੰਨਾ ਜਿਆਦਾ ਸਵਾਦ ਸੀ ਕਿ ਮੈਂ ਤਿੰਨ ਵਾਰ ਪੁਆ ਕੇ ਖਾਧਾ। ਸਵਾਦ ਸਵਾਦ ਵਿੱਚ
ਭੁੱਖ ਨਾ ਹੋਣ ਦੇ ਬਾਵਜੂਦ ਮੈਂ ਰੋਟੀ ਜਿਆਦਾ ਖਾ ਗਿਆ ਸੀ। ਅਜੇ ਰੋਟੀ ਖਾਣ ਤੋਂ
ਬਾਅਦ ਉੱਠ ਕੇ ਸਿੱਧਾ ਹੋਣ ਦੀ ਕੋਸਿ਼ਸ਼ ਕਰ ਹੀ ਰਿਹਾ ਸੀ ਕਿ ਭੂਆ ਨੇ ਸੇਵੀਆਂ
ਨਾਲ ਭਰੀਆਂ ਹੋਈਆਂ ਕੌਲੀਆਂ ਸਾਡੇ ਮੂਹਰੇ ਲਿਆ ਧਰੀਆਂ। ਸੇਵੀਆਂ ਦੇਖਦੇ ਸਾਰ
ਮੈਨੂੰ ਨਾਨਕ ਸਿੰਘ ਦੀ ਕਹਾਣੀ “ਭੂਆ” ਚੇਤੇ ਆ ਗਈ। ਮੈਂ ਕਦੇ ਆਪਣੇ ਢਿੱਡ ਵੱਲ
ਤੱਕਦਾ, ਜੋ ਪਹਿਲਾਂ ਹੀ ਲੋੜੋਂ ਵੱਧ ਭਰਿਆ ਪਿਆ ਸੀ ਤੇ ਕਦੇ ਮੈਂ ਸੇਵੀਆਂ ਵੱਲ
ਤੱਕ ਰਿਹਾ ਸੀ। ਮੈਨੂੰ ਕੁਝ ਅਸਚਰਜ ਜਿਹਾ ਦੇਖ ਕੇ ਮਨਦੀਪ ਨੇ ਹੱਸਦੇ ਹੋਏ ਪੁੱਛਿਆ
‘ਬਾਈ ਕੀ ਸੋਚਦੈਂ, ਕੁਝ ਯਾਦ ਆ ਰਿਹਾ? ਜਾਂ ਵਲੈਤ ਦੀ ਰੋਟੀ……।
ਮਨਦੀਪ ਦੀ ਗੱਲ ਨੂੰ ਵਿੱਚੋਂ ਹੀ ਕੱਟਦੇ ਹੋਏ ਮੈਂ ਢਿੱਡ ਤੇ ਹੱਥ ਰੱਖ ਕੇ
ਬੋਲਿਆ ਵੀਰ ਰੋਟੀ ਤਾਂ ਬਹੁਤ ਸਵਾਦ ਸੀ, ਬੱਸ ਉਹਦਾ ਲਾਲਚ ਈ ਮਾਰ ਗਿਆ। ਉੱਤੋਂ ਆਹ
ਸੇਵੀਆਂ ਨੇ ਸੋਨੇ ਤੇ ਸੁਹਾਗੇ ਦਾ ਕੰਮ ਕਰਤਾ। ਸੋਚ ਰਿਹਾਂ ਕਿਵੇਂ ਖਾਵਾਂ ਇਹਨਾਂ
ਨੂੰ। ਮੈਨੂੰ ਤਾਂ ਭੂਆ ਕਹਾਣੀ ਚੇਤੇ ਕਰਕੇ ਆਪਣੇ ਆਪ ਤੇ ਹਾਸਾ ਵੀ ਆ ਰਿਹਾ ਤੇ
ਤਰਸ ਵੀ। ਹੁਣ ਤੂੰ ਦੱਸ ਕੀ ਕਰਾਂ ? ਜਿਆਦਾ ਖਾਣ ਨਾਲ ਮੈਨੂੰ ਹੱਸਣ ਵਿੱਚ ਵੀ
ਮੁਸ਼ਕਿਲ ਪੇਸ਼ ਆ ਰਹੀ ਸੀ।
ਉਹ ਖਾ ਲੈ ਬਾਈ ਖਾ ਲੈ, ਭੂਆ ਗੁੱਸਾ ਕਰੂਗੀ ਜੇ ਨਾ ਖਾਧੀਆਂ ਤਾਂ। ਨਾਲੇ
ਤੈਨੂੰ ਸੱਚ ਦੱਸਾਂ, ਭੂਆ ਜਿੰਨਾ ਮੋਹ ਕਰਦੀ ਉੰਨਾ ਨਾ ਖਾਣ ਤੇ ਗੁੱਸਾ ਵੀ ਕਰ
ਜਾਂਦੀ ਆ। ਮਨਦੀਪ ਨੇ ਮੈਨੂੰ ਡਰਾਉਣ ਦੀ ਕੋਸਿ਼ਸ਼ ਕੀਤੀ ਪਰ ਉਹਦਾ ਹਾਸਾ
ਮੁਸਕੜੀਆਂ ਵਿੱਚ ਦੀ ਬਾਹਰ ਨਿੱਕਲ ਗਿਆ। ਮੈਂ ਆਪਣੇ ਆਪ ਨੂੰ ਸੇਵੀਆਂ ਲਈ ਅਜੇ
ਤਿਆਰ ਕਰਨ ਦੀ ਕੋਸਿ਼ਸ਼ ਕਰ ਰਿਹਾ ਸੀ ਕਿ ਭੂਆ ਆ ਧਮਕੀ। ‘ਸੇਵੀਆਂ ਠੰਡੀਆਂ ਹੋ
ਰਹੀਆਂ ਤੁਸੀਂ ਅਜੇ ਤੱਕ ਖਾਧੀਆਂ ਨਹੀਂ।’ ਖਾ ਲਉ ਖਾ ਲਉ ਇਹ ਕਿਹੜਾ ਬਾਹਲੀਆਂ ਨੇ।
ਇੰਨਾ ਤਾਂ ਮੁੰਡੇ ਝੱਟ ਖਾ ਜਾਂਦੇ ਆ। ਭੂਆ ਨੇ ਬੜੇ ਮੋਹ ਜਿਹੇ ਨਾਲ ਸੇਵੀਆਂ ਖਾਣ
ਲਈ ਸਾਨੂੰ ਪ੍ਰਰਿਆ। ਭੂਆ ਦੀਆਂ ਸੇਵੀਆਂ ਵਿੱਚੋਂ ਵੀ ਅਪਣੱਤ ਦੀ ਮਹਿਕ ਡੁੱਲ ਡੁੱਲ
ਪੈ ਰਹੀ ਮਹਿਸੂਸ ਹੁੰਦੀ ਸੀ।
ਮੈਂ ਪੇਟ ਵਿੱਚ ਜਗ੍ਹਾ ਨਾ ਹੋਣ ਦੇ ਬਾਵਜੂਦ ਭੂਆ ਦੀਆਂ ਸੇਵੀਆਂ ਖਾਣ ਲਈ ਤਿਆਰ
ਹੋ ਗਿਆ ਤੇ ਸੇਵੀਆਂ ਖਾਣੀਆਂ ਸ਼ੁਰੂ ਕੀਤੀਆਂ। ਬੇਸ਼ੱਕ ਸੇਵੀਆਂ ਖਾਂਦੇ ਸਮੇਂ
ਮੇਰਾ ਪੇਟ ਮੈਨੂੰ ਇਜ਼ਾਜ਼ਤ ਨਹੀਂ ਦੇ ਰਿਹਾ ਸੀ। ਪਰ ਫਿਰ ਵੀ ਭੂਆ ਦੇ ਪਿਆਰ ਅੱਗੇ
ਸਭ ਕੁਝ ਨੀਂਵਾਂ ਲੱਗ ਰਿਹਾ ਸੀ। ਅਸੀਂ ਸੇਵੀਆਂ ਖਾ ਕੇ ਟੇਬਲ ਤੋਂ ਉੱਠੇ ਤਾਂ ਭੂਆ
ਪੁੱਛਿਆ ਕੱਪ ਕੱਪ ਚਾਹ ਦਾ ਹੋ ਜਾਵੇ। ਜ਼ਰਾ ਰੋਟੀ ਥੱਲੇ ਹੋਜੂ।
ਮੈਂ ਭੂਆ ਦੀ ਗੱਲ ਟੋਕਦੇ ਹੋਏ ਕਿਹਾ ਭੂਆ ਜੀ ਚਾਹ ਤਾਂ ਪੀ ਕੇ ਜਾਊਂ ਚਾਹੇ
ਔਖਾ ਹੋਵਾਂ ਚਾਹੇ ਸੌਖਾ। ਜਿੱਥੇ ਗਰਮ ਗਰਮ ਰੋਟੀ ਤੇ ਸਰੋਂ ਦਾ ਸਾਗ, ਬਾਅਦ ਵਿੱਚ
ਸੇਵੀਆਂ ਖਾ ਲਈਆਂ, ਹੁਣ ਚਾਹ ਵੀ ਚੱਲੂ। ਪਰ ਥੋੜਾ ਜਿਹਾ ਰੁਕ ਕੇ। ਅਸੀਂ ਫਿਰ
ਗੱਲਾਂ ਕਰਨ ਬੈਠ ਗਏ। ਗੱਲਾਂ ਕਰਕੇ ਕਰਦੇ ਮੈਂ ਮਨਦੀਪ ਨੂੰ ਪੁੱਛਿਆ, ਵੀਰ ਭੂਆ
ਤੇਰੀ ਸਕੀ ਭੂਆ ਹੈ।
‘ਨਹੀਂ ਇਹ ਮੇਰੀ ਸਕੀ ਭੂਆ ਨਹੀਂ ਪਰ ਸਾਡਾ ਰਿਸ਼ਤਾ ਸਕੇ ਰਿਸ਼ਤਿਆਂ ਨਾਲੋਂ
ਕਿਤੇ ਗੂੜ੍ਹਾ ਤੇ ਪਿਆਰ ਵਾਲਾ ਹੈ’। ਅਸਲ ਵਿੱਚ ਮੈਂ ਵੀ ਮਾਲਵੇ ਦੀ ਧਰਤੀ ਨਾਲ
ਸੰਬੰਧ ਰੱਖਦਾਂ ਹਾਂ ਤੇ ਭੂਆ ਵੀ ਮਾਲਵੇ ਦੀ ਧਰਤੀ ਤੋਂ ਹੈ। ਇਸ ਕਰਕੇ ਮੈਂ ਇਹਨਾਂ
ਨੂੰ ਭੂਆ ਆਖਦਾ ਹਾਂ। ਮੇਰੇ ਭੂਆ ਕਹਿਣ ਨਾਲ ਹੁਣ ਸਾਰੇ ਭੂਆ ਹੀ ਆਖਦੇ ਨੇ ਮਤਲਬ
ਹੁਣ ਜਗਤ ਭੂਆ ਬਣ ਗਈ ਮੇਰੀ ਭੂਆ। ਮਨਦੀਪ ਦੱਸ ਰਿਹਾ ਸੀ ਤੇ ਮੇਰੀ ਸੋਚਾਂ ਦੀ ਲੜੀ
ਕਿਤੇ ਹੋਰ ਜਾ ਪੁੱਜੀ, ਮੈਂ ਸੋਚ ਰਿਹਾ ਸੀ ਕਿ ਬੇਸ਼ੱਕ ਅੱਜ ਲੋਕਾਂ ਦੇ ਲਹੂ ਦਾ
ਰੰਗ ਚਿੱਟਾ ਹੁੰਦਾ ਜਾ ਰਿਹਾ ਹੈ । ਪਰ ਅੱਜ ਵੀ ਸਾਡੇ ਪੰਜਾਬੀਆਂ ਵਿੱਚ ਸਭ ਲੋਕਾਂ
ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਲੋਕ ਬਾਕੀ ਹਨ। ਜੋ ਕੁਲਵੰਤ ਕੌਰ ਢਿੱਲੋਂ ਵਾਂਗ
ਹਰ ਕਿਸੇ ਨੂੰ ਪਿਆਰ ਕਰਦੇ ਹਨ। ਖੁੱਲੇ ਦਿਲ ਨਾਲ ਘਰ ਆਏ ਮਹਿਮਾਨ ਦੀ ਸੇਵਾ ਕਰਦੇ
ਹਨ। ਭੂਆ ਦੇ ਇਸ ਪਿਆਰ ਨੇ ਇੱਕ ਗੱਲ ਦਾ ਅਹਿਸਾਸ ਕਰਵਾ ਦਿੱਤਾ ਕਿ ਜੇਕਰ ਇਨਸਾਨ
ਵਿੱਚ ਸੱਚ ਹੀ ਆਪਣਿਆਂ ਨੂੰ ਪਿਆਰ ਕਰਨ ਦਾ ਜ਼ਜ਼ਬਾ ਹੋਵੇ ਤਾਂ ਦੁਨੀਆਂ ਦੇ ਕਿਸੇ
ਕੋਨੇ ਵਿੱਚ ਵੀ ਰਹਿ ਕੇ ਉਹ ਇਨਸਾਨ ਆਪਣੀ ਮਿੱਟੀ ਨਾਲ, ਆਪਣੇ ਲੋਕਾਂ ਨਾਲ, ਆਪਣੇ
ਸਭਿਆਚਾਰ ਤੇ ਆਪਣੀ ਬੋਲੀ ਨਾਲ ਜੜਿਆ ਰਹਿ ਸਕਦਾ ਹੈ। ਜਿਵੇਂ ਕਿ ਇੰਗਲੈਂਡ ਦੇ ਸਭ
ਤੋਂ ਜਿਆਦਾ ਰੁੱਝੇ ਹੋਏ ਸ਼ਹਿਰ ਵਿੱਚ ਰਹਿ ਕੇ ਕੁਲਵੰਤ ਕੌਰ ਢਿੱਲੋਂ (ਭੂਆ) ਜੁੜੀ
ਹੋਈ ਹੈ। ਜੋ ਹਸਪਤਾਲ ਵਿੱਚ ਚੈਰਿਟੀ ਦੀ ਸੇਵਾ ਕਰਦੀ ਹੈ ਅਤੇ ਇਸ ਦੇ ਨਾਲ ਦੇਸੀ
ਰੇਡੀੳ ਦੁਆਰਾ ਪੰਜਾਬੀ ਬੋਲੀ ਨਾਲ ਵੀ ਜੁੜੀ ਹੋਈ ਹੈ। ਪੰਜਾਬੀ ਸਾਹਿਤ ਦੇ ਵਿਹੜੇ
ਵਿੱਚ ਵੀ “ਵਕਤ ਦਿਆਂ ਪੈਰਾਂ ਵਿੱਚ” ਕਾਵਿ ਸੰਗ੍ਰਹਿ ਦੁਆਰਾ ਹਾਜ਼ਰੀ ਲਗਾ ਚੁੱਕੀ
ਹੈ। ਇਸ ਸਮੇਂ ਇੱਕ ਨਾਵਲ ਤੇ ਕਾਵਿ ਸੰਗ੍ਰਹਿ ਛਪਾਈ ਅਧੀਨ ਹਨ। ਭੂਆ ਵੱਲੋਂ ਦਿੱਤੇ
ਪਿਆਰ ਸਦਕਾ ਮੈਂ ਉਸਨੂੰ ਆਪਣੀ ਵਲੈਤ ਵਾਲੀ ਭੂਆ ਨਾਲ ਹੀ ਸੰਬੋਧਨ ਕਰਦਾ ਹਾਂ। ਮੈਂ
ਜਦੋਂ ਕੁਲਵੰਤ ਕੌਰ ਨੂੰ ਭੂਆ ਆਖਦਾ ਹਾਂ ਤਾਂ ਮੈਨੂੰ ਉਸ ਸਮੇਂ ਇੱਕ ਵੱਖਰਾ ਜਿਹਾ
ਚਾਅ, ਇੱਕ ਖੁਮਾਰ, ਡਾਹਡਾ ਮੋਹ ਨਜ਼ਰ ਆਉਂਦਾ ਹੈ। ਮੈਂ ਬੜੇ ਫਖਰ ਨਾਲ ਆਖਦਾ ਹਾਂ
ਕਿ ਮੇਰੀ ਵਲੈਤ ਵਾਲੀ ਭੂਆ, ਬੈਸਟ ਭੂਆ ਆਫ਼ ਦੀ ਵਰਲਡ ਹੈ।
ਮੇਰੀ ਵਲੈਤ ਫੇਰੀ ਵਿੱਚੋਂ ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
0039 3202176490
|