WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਪੰਜਾਬ ਕਾਂਗਰਸ ਦੀ ਲੜਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਿਵ ਹੋਰ ਉਭਰਿਆ
ਉਜਾਗਰ ਸਿੰਘ, ਪਟਿਆਲਾ

  
ਕੈਪਟਨ ਅਮਰਿੰਦਰ ਸਿੰਘ

ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਥੰਮਣ ਦਾ ਨਾਂ ਹੀ ਨਹੀਂ ਲੈ ਰਹੀ, ਸਗੋਂ ਹਰ ਰੋਜ਼ ਨਵੀਂ ਤੋਂ ਨਵੀਂ ਚਰਚਾ ਛਿੜਦੀ ਰਹਿੰਦੀ ਹੈ। ਕਾਂਗਰਸ ਪਾਰਟੀ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਪੁਰਾਣੀ ਪਾਰਟੀ ਹੈ। ਇਸ ਪਾਰਟੀ ਵਿਚ ਸ਼ੁਰੂ ਤੋਂ ਹੀ ਵਿਚਾਰਧਾਰਾ ਦਾ ਨੇਤਾਵਾਂ ਵਿਚ ਵਖਰੇਵਾਂ ਰਿਹਾ ਹੈ। ਪੰਡਤ ਜਵਾਹਰ ਲਾਲ ਨਹਿਰੂ ਦੇ ਮੌਕੇ ਸਰਦਾਰ ਪਟੇਲ ਦੀ ਵਿਚਾਰਧਾਰਾ ਵੱਖਰੀ ਸੀ, ਅਕਸਰ ਸਾਰੀਆਂ ਪਾਰਟੀਆਂ ਵਿਚ ਹੀ ਅਜਿਹੇ ਵੱਖਰੇ ਵਿਚਾਰ ਹੁੰਦੇ ਹਨ। ਇੰਦਰਾ ਗਾਂਧੀ ਦੇ ਮੌਕੇ ਵੀ ਬਾਬੂ ਜਗਜੀਵਨ ਰਾਮ ਵਰਗੇ ਘਾਗ ਨੇਤਾਵਾਂ ਦੀ ਵਿਚਾਰਧਾਰਾ ਵੱਖਰੀ ਸੀ। ਉਸਾਰੂ ਨੁਕਤਾਚੀਨੀ ਹਰ ਪਾਰਟੀ ਵਿਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਜਾਗ੍ਰਤੀ ਅਤੇ ਆਤਮ ਵਿਕਾਸ ਦੀ ਨਿਸ਼ਾਨੀ ਹੁੰਦੀ ਹੈ। ਉਸੇ ਤਰਾਂ ਹੁਣ ਵੀ ਕਾਂਗਰਸ ਪਾਰਟੀ ਵਿਚ ਧੜੇਬੰਦੀ ਜਾਂ ਵਿਚਾਰਾਂ ਦਾ ਵਖਰੇਵਾਂ ਮੌਜੂਦ ਹੈ। ਇਹ ਕੋਈ ਨਵੀਂ ਗੱਲ ਨਹੀਂ।

ਲੋਕ ਸਭਾ ਵਿਚ ਕਾਂਗਰਸ ਪਾਰਟੀ ਦੇ ਉਪ ਨੇਤਾ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਸਥਾਈ ਆਮੰਤ੍ਰਿਤ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੀ 24 ਜਨਵਰੀ 2014 ਨੂੰ ਨਸ਼ਿਆਂ ਵਿਰੁਧ,  ਉਨਾਂ ਦੇ ਲੋਕ ਸਭਾ ਹਲਕੇ ਅੰਮ੍ਰਿਤਸਰ ਵਿਖੇ ਹੋਈ ਲਲਕਾਰ ਰੈਲੀ ਕੈਪਟਨ ਦੇ ਵਿਰੋਧੀਆਂ ਵਲੋਂ ਉਠਾਏ ਜਾ ਰਹੇ ਕਈ ਸਵਾਲਾਂ ਦਾ ਜਵਾਬ ਦੇਣ ਵਿਚ ਸਫਲ ਹੋ ਗਈ ਹੈ। ਇਹ ਰੈਲੀ ਪੰਜਾਬ ਸਰਕਾਰ, ਕੇਂਦਰ ਸਰਕਾਰ, ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੀਆਂ ਸਫਾਂ ਵਿਚ ਵੀ ਤੜਥੱਲੀ ਮਚਾਉਣ ਵਿਚ ਸਫਲ ਹੋਈ ਹੈ। ਇਸ ਨੂੰ ਫਟਕਾਰ ਰੈਲੀ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਰੈਲੀ ਭਾਰਤੀ ਜਨਤਾ ਪਾਰਟੀ, ਅਕਾਲੀ ਦਲ, ਨਸ਼ਿਆਂ ਦੇ ਸੌਦਾਗਰਾਂ ਅਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਫਟਕਾਰ ਪਾਉਣ ਵਿਚ ਸਫਲ ਸਾਬਤ ਹੋਈ ਹੈ। ਆਮ ਤੌਰ ਤੇ ਅਜਿਹੀਆਂ ਭਰਵੀਂਆਂ ਵਿਸ਼ਾਲ ਰਾਜਸੀ ਰੈਲੀਆਂ ਵਿਰੋਧੀ ਪਾਰਟੀਆਂ ਲਈ ਖ਼ਤਰੇ ਦੀ ਘੰਟੀ ਹੁੰਦੀਆਂ ਹਨ, ਖ਼ਾਸ ਤੌਰ ਤੇ ਜਿਹੜੀ ਪਾਰਟੀ ਦੀ ਸਰਕਾਰ ਹੋਵੇ ਉਸ ਲਈ ਪ੍ਰੰਤੂ ਇਸ ਰੈਲੀ ਨੇ ਤਾਂ ਸਾਰੀਆਂ ਸਿਆਸੀ ਪਾਰਟੀਆਂ ਦੀ ਹੀ ਨੀਂਦ ਖ਼ਰਾਬ ਕਰ ਦਿੱਤੀ ਹੈ। ਇਸ ਰੈਲੀ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਅਤੇ ਵਿਸ਼ੇਸ਼ ਤੌਰ ਤੇ ਉਸਦੇ ਪ੍ਰਧਾਨ ਅਮਿਤ ਸ਼ਾਹ ਅਤੇ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਰਗੜੇ ਲਾਏ ਹਨ। ਉਨਾਂ ਭਾਰਤੀ ਜਨਤਾ ਪਾਰਟੀ ਉਪਰ ਦੋਗਲੀ ਨੀਤੀ ਅਪਨਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਇੱਕ ਪਾਸੇ ਉਹ ਨਸ਼ਿਆਂ ਦੇ ਵਿਰੁਧ ਹੋਣ ਦਾ ਦਾਅਵਾ ਕਰਦੀ ਹੈ ਅਤੇ ਦੂਜੇ ਪਾਸੇ ਨਸ਼ਿਆਂ ਦੀ ਸੌਦਾਗਰ ਪੰਜਾਬ ਸਰਕਾਰ ਜਿਸਦੇ ਮੰਤਰੀ ਨਸ਼ਿਆਂ ਦੇ ਵਿਓਪਾਰੀਆਂ ਨੂੰ ਸ਼ਹਿ ਦੇ ਰਹੇ ਹਨ ਨੂੰ ਸਪੋਰਟ ਦੇ ਰਹੇ ਹਨ।

ਉਨਾਂ ਅੱਗੋਂ ਕਿਹਾ ਕਿ ਜੇ ਭਾਰਤੀ ਜਨਤਾ ਪਾਰਟੀ ਸੱਚੇ ਦਿਲੋਂ ਨਸ਼ਿਆਂ ਦੇ ਵਿਰੁਧ ਹੈ ਤਾਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਤੋਂ ਆਪਣੀ ਸਪੋਰਟ  ਵਾਪਸ ਲੈ ਲਵੇ ਅਤੇ ਲੋਕਾਂ ਦੀ ਕਚਹਿਰੀ ਵਿਚ ਸੱਚੀ ਸਾਬਤ ਹੋਵੇ। ਉਨਾਂ ਕਿਹਾ ਹੁਣ ਤਾਂ ਪੰਜਾਬ ਦੇ ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਨਸ਼ਿਆਂ ਦੇ ਵਿਰੁਧ ਸਿਰਫ਼ ਬਿਆਨਬਾਜ਼ੀ ਹੀ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਬਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪ੍ਰੰਤੂ ਪੰਜਾਬ ਦੇ ਲੋਕ ਸਮਝਦਾਰ, ਪੜੇ ਲਿਖੇ ਅਤੇ ਸਿਆਸੀ ਤੌਰ ਤੇ ਸਿਆਣੇ ਹਨ, ਉਹ ਸਭ ਕੁਝ ਜਾਣਦੇ ਹਨ। ਉਹ ਭਾਰਤੀ ਜਨਤਾ ਪਾਰਟੀ ਵਲੋਂ ਮਗਰ ਮੱਛ ਦੇ ਵਹਾਏ ਜਾ ਰਹੇ ਹੰਝੂਆਂ ਨੂੰ ਚੰਗੀ ਤਰਾਂ ਸਮਝਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਵਲੋਂ ਨੇੜ ਭਵਿਖ ਵਿਚ ਪੰਜਾਬ ਵਿਚ ਕੀਤੀ ਜਾਣ ਵਾਲੀ ਰੈਲੀ ਦੇ ਬਰਾਬਰ ਦੁਆਰਾ ਰੈਲੀ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ, ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਵਲੋਂ ਨਸ਼ਿਆਂ ਦੇ ਵਿਓਪਾਰੀਆਂ ਨਾਲ ਮਿਲੇ ਹੋਣ ਦਾ ਵੀ ਦੋਸ਼ ਲਗਾਇਆ ਹੈ। ਕੈਪਟਨ ਦੇ ਇਨਾਂ ਬਿਆਨਾਂ ਨੇ ਉਨਾਂ ਉਪਰ ਉਨਾਂ ਦੇ ਸਿਆਸੀ ਵਿਰੋਧੀਆਂ ਵਲੋਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਅਫ਼ਵਾਹਾਂ ਅਤੇ ਪ੍ਰਕਾਸ਼ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨਾਲ ਮਿਲੇ ਹੋਣ ਦੇ ਦੋਸ਼ਾਂ ਨੂੰ ਬੇਬੁਨਿਆਦ ਸਾਬਤ ਕਰ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ ਹੰਢਿਆ ਵਰਤਿਆ ਹੋਇਆ ਪੜਿਆ ਲਿਖਿਆ ਸੂਝਵਾਨ ਸਿਆਸਤਦਾਨ ਹੈ, ਉਸਨੇ ਇਹ ਰੈਲੀ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾ ਦਿੱਤੇ ਹਨ। ਇਸ ਰੈਲੀ ਵਿਚ ਬੇਸ਼ੁਮਾਰ ਲੋਕਾਂ, ਕਾਂਗਰਸ ਪਾਰਟੀ ਦੇ ਵਿਧਾਨਕਾਰਾਂ ਅਤੇ ਸੀਨੀਅਰ ਸਿਆਸਤਦਾਨਾਂ ਦੇ ਸ਼ਾਮਲ ਹੋ ਜਾਣ ਨਾਲ ਕੈਪਟਨ ਦੇ ਕਾਂਗਰਸ ਪਾਰਟੀ ਵਿਚਲੇ ਵਿਰੋਧੀਆਂ ਦੀ ਜ਼ੁਬਾਨ ਬੰਦ ਹੋ ਗਈ ਹੈ। ਭਾਵੇਂ ਤੁਸੀਂ ਕੁਝ ਵੀ ਕਹੋ ਪ੍ਰੰਤੂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਸ ਰੈਲੀ ਨੇ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਨੂੰ ਸਰਗਰਮ ਕਰ ਦਿੱਤਾ ਹੈ। ਲਗਪਗ ਸਾਰੇ ਪੰਜਾਬ ਤੋਂ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਦਾ ਇਸ ਰੈਲੀ ਵਿਚ ਸ਼ਾਮਲ ਹੋਣਾ ਸਾਬਤ ਕਰਦਾ ਹੈ ਕਿ ਕਾਂਗਰਸ ਪਾਰਟੀ ਵਿਚ ਸਰਗਰਮੀ ਸ਼ੁਰੂ ਹੋ ਗਈ ਹੈ। ਇਸ ਰੈਲੀ ਦੀ ਸਫ਼ਲਤਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪਰਤਾਪ ਸਿੰਘ ਬਾਜਵਾ ਨੂੰ ਵੀ ਆਪਣੀ ਹੋਰ ਰੈਲੀ ਕਰਨ ਦਾ ਐਲਾਨ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ, ਜਿਸ ਵਿਚ ਬਾਜਵਾ ਦੇ ਬਿਆਨ ਅਨੁਸਾਰ ਰਾਹੁਲ ਗਾਂਧੀ ਦੇ ਸ਼ਾਮਲ ਹੋਣ ਬਾਰੇ ਕਿਹਾ ਗਿਆ ਹੈ। ਇਸ ਦਾ ਭਾਵ ਹੈ ਕਿ ਹੁਣ ਉਹ ਵੀ ਆਪਣੀ ਰੈਲੀ ਨੂੰ ਸਫ਼ਲ ਬਣਾਉਣ ਲਈ ਪੂਰਾ ਜ਼ੋਰ ਲਗਾਉਣਗੇ ਕਿਉਂਕਿ ਜੇਕਰ ਰਾਹੁਲ ਗਾਂਧੀ ਨੇ ਸ਼ਾਮਲ ਹੋਣਾ ਹੈ ਤਾਂ ਕਾਂਗਰਸ ਪਾਰਟੀ ਦੇ ਸਾਰੇ ਨੇਤਾ ਸਰਗਰਮੀ ਨਾਲ ਵੱਡਾ ਇਕੱਠ ਕਰਨ ਲਈ ਜ਼ੋਰ ਲਗਾਉਣਗ ਤਾਂ ਜੋ ਉਹ ਰਾਹੁਲ ਗਾਂਧੀ ਕੋਲ ਆਪਣੀ ਹਾਜ਼ਰੀ ਲੁਆ ਸਕਣ ਅਤੇ ਪਰਤਾਪ ਸਿੰਘ ਬਾਜਵਾ ਉਨਾਂ ਦੀ ਰਾਹੁਲ ਗਾਂਧੀ ਕੋਲ ਸ਼ਿਕਾਇਤ ਨਾ ਲਗਾ ਸਕੇ।

ਕੈਪਟਨ ਅਮਰਿੰਦਰ ਸਿੰਘ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਜੇ ਰਾਹੁਲ ਗਾਂਧੀ ਪੰਜਾਬ ਵਿਚ ਆਉਣਗੇ ਤਾਂ ਉਹ ਅਤੇ ਉਨਾਂ ਦੇ ਸਮਰਥਕ ਹੁੰਮ ਹੁੰਮਾ ਕੇ ਸ਼ਾਮਲ ਹੋਣਗੇ। ਇਸ ਦਾ ਭਾਵ ਇਹ ਹੋਇਆ ਕਿ ਪੰਜਾਬ ਵਿਚ ਕਾਂਗਰਸ ਦਾ ਵਰਕਰ ਸਰਗਰਮ ਹੋਵੇਗਾ ਅਤੇ ਸਰਕਾਰ ਦੀਆਂ ਅਸਫ਼ਲਤਾਵਾਂ ਬਾਰੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰੇਗਾ ਕਿਉਂਕਿ ਸਰਕਾਰ ਤਾਂ ਹਰ ਖੇਤਰ ਵਿਚ ਫੇਲ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਲਲਕਾਰ ਰੈਲੀ ਨੇ ਰਾਜ ਚਲਾ ਰਹੀ ਸਰਕਾਰ ਦੀਆਂ ਵੀ ਜੜਾਂ ਹਿਲਾ ਦਿੱਤੀਆਂ ਹਨ ਕਿ ਲੋਕ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹਨ। ਵੇਖਣ ਵਾਲੀ ਗੱਲ ਤਾਂ ਇਹ ਹੈ ਕੀ ਇਹ ਰੈਲੀ ਕਾਂਗਰਸ ਪਾਰਟੀ ਦੀ ਏਕਤਾ ਵਿਚ ਮਹੱਤਵਪੂਰਨ ਯੋਗਦਾਨ ਪਾ ਸਕੇਗੀ ਜਾਂ ਪਾਰਟੀ ਨੂੰ ਹੋਰ ਖੇਰੂੰ ਖੇਰੂੰ ਕਰਨ ਵਿਚ ਸਹਾਈ ਹੋਵੇਗੀ? ਪੰਜਾਬ ਦੇ ਲੋਕ ਇਹ ਮਹਿਸੂਸ ਕਰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਹੀ ਕਾਂਗਰਸ ਪਾਰਟੀ ਵਿਚ ਅਜਿਹਾ ਧੜੱਲੇਦਾਰ ਨੇਤਾ ਹੈ, ਜਿਹੜਾ ਬਾਦਲ ਪਰਵਾਰ ਨੂੰ ਵਾਹਣੇ ਪਾ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਦਾ ਸ਼ਕਤੀ ਪ੍ਰਦਰਸ਼ਨ ਭਵਿਖ ਵਿਚ ਕੀ ਕਰਵਟ ਲਵੇਗਾ, ਇਸ ਬਾਰੇ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਇਕੱਠ ਕੈਪਟਨ ਅਮਰਿੰਦਰ ਸਿੰਘ ਦੀ ਹਰਮਨ ਪਿਆਰਤਾ ਵਿਚ ਹੋਰ ਵਾਧਾ ਸਫਲ ਹੋਇਆ ਹੈ ਅਤੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਿਚ ਵੀ ਸਹਾਈ ਹੋਵੇਗਾ। ਇਸ ਸ਼ਕਤੀ ਪ੍ਰਦਰਸ਼ਨ ਵਿਚ 43 ਵਿਚੋਂ 35 ਵਿਧਾਇਕ, 2 ਮੈਂਬਰ ਲੋਕ ਸਭਾ, 20 ਵਿਚੋਂ 15 ਜਿਲਾ ਪ੍ਰਧਾਨ, ਸਾਬਕਾ ਪੰਜਾਬ ਪ੍ਰਦੇਸ਼ ਪ੍ਰਧਾਨ ਅਤੇ ਲਗਪਗ 100 ਤੋਂ ਉਪਰ ਸਾਬਕਾ ਲੋਕ ਸਭਾ ਮੈਂਬਰ, ਵਿਧਾਨਕਾਰ, ਜਿਲਾ ਪ੍ਰਧਾਨ ਅਤੇ ਪੰਜਾਬ ਪ੍ਰਦੇਸ ਕਾਂਗਰਸ ਦੇ ਅਹੁਦੇਦਾਰ ਸ਼ਾਮਲ ਹੋਏ ਹਨ।

ਸਿਆਸੀ ਪੜਚੋਲਕਾਰ ਕੈਪਟਨ ਅਮਰਿੰਦਰ ਸਿੰਘ ਦੀ ਇਸ ਰੈਲੀ ਨੂੰ ਵਧੇਰੇ ਅਹਿਮੀਅਤ ਦਿੰਦਿਆਂ ਕਹਿ ਰਹੇ ਹਨ ਕਿ ਪਰਤਾਪ ਸਿੰਘ ਬਾਜਵਾ ਦੀ ਪ੍ਰਧਾਨਗੀ ਨੂੰ ਇਹ ਖੁਲਮਖੁਲਾ ਚੈਲੰਜ ਹੈ। ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਠੋਕ ਵਜਾ ਕੇ ਕਿਹਾ ਹੈ ਕਿ ਮਜੀਠੀਆ ਦਾ ਹੋਰ ਕੋਈ ਕੁਝ ਨਹੀਂ ਬਿਗਾੜ ਸਕਿਆ, ਹੁਣ ਉਹ ਉਸ ਨਾਲ ਸਖ਼ਤੀ ਨਾਲ ਨਿਪਟੇਗਾ। ਇਸ ਤੋਂ ਸ਼ਪਸਟ ਹੈ ਕਿ ਕੈਪਟਨ ਸਿੰਘ ਵਲੋਂ ਬਿਕਰਮ ਮਜੀਠੀਆ ਦੇ ਡਰੱਗ ਕੇਸ ਵਿਚ ਸ਼ਾਮਲ ਹੋਣ ਬਾਰੇ ਸੀ.ਬੀ.ਆਈ.  ਪੜਤਾਲ ਦੀ ਮੰਗ ਦਾ ਇਹ ਕਹਿਕੇ ਵਿਰੋਧ ਕਰਦੇ ਰਹੇ ਸਨ ਕਿ ਇਹ ਪੜਤਾਲ ਨੂੰ ਹੋਰ ਲਮਕਾ ਦੇਵੇਗੀ, ਉਸ ਮੁਦੇ ਤੇ ਕੈਪਟਨ ਸਹੀ ਸਨ। ਹੁਣ ਕੈਪਟਨ ਦੇ ਇਸ ਬਿਆਨ ਨੇ ਅਕਾਲੀ ਦਲ ਦੀਆਂ ਸਫਾਂ ਵਿਚ ਤੜਥੱਲੀ ਮਚਾ ਦਿੱਤੀ ਹੈ, ਖ਼ਾਸ ਕਰਕੇ ਮਜੀਠੀਆ ਪਰਿਵਾਰ ਵਿਚ। ਹੁਣ ਤੱਕ ਅਕਾਲੀ ਅਤੇ ਬਿਕਰਮ ਸਿੰਘ ਮਜੀਠੀਆ ਖ਼ੁਸ਼ ਅਤੇ ਗ਼ਲਤ ਫ਼ਹਿਮੀ ਵਿਚ ਸਨ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਅਸਿਧੇ ਤੌਰ ਤੇ ਉਸਦੀ ਮਦਦ ਕਰ ਰਹੇ ਹਨ। ਕਾਂਗਰਸ ਪਾਰਟੀ ਦੇ ਵਿਧਾਨ ਸਭਾ ਵਿਚ ਨੇਤਾ ਸੁਨੀਲ ਕੁਮਾਰ ਜਾਖੜ ਨੂੰ ਵੀ ਮਜੀਠੀਆ ਅਤੇ ਪਰਕਾਸ਼ ਸਿੰਘ ਬਾਦਲ ਨਰਮ ਸੁਭਾਅ ਦਾ ਨੇਤਾ ਗਿਣ ਰਹੇ ਸਨ ਕਿਉਂਕਿ ਉਸ ਦੇ ਸਲੀਕੇ ਵਾਲੇ ਵਰਤਾਓ ਦਾ ਗ਼ਲਤ ਅਰਥ ਕੱਢ ਰਹੇ ਸਨ।

ਸੁਨੀਲ ਕੁਮਾਰ ਜਾਖੜ ਨੇ ਵੀ ਮਜੀਠੀਆ ਖ਼ਿਲਾਫ ਬਿਆਨ ਦੇ ਕੇ ਉਨਾਂ ਦੀ ਚਿੰਤਾ ਵਧਾ ਦਿੱਤੀ ਹੈ। ਤਾਜ਼ਾ ਘਟਨਾ ਕਰਮ ਅਨੁਸਾਰ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਬੁਲਾਕੇ ਮਿਲਣਾ ਅਤੇ ਵਿਧਾਇਕਾਂ ਵੱਲੋਂ ਨਿਰਸੰਕੋਚ ਕੈਪਟਨ ਦੇ ਹੱਕ ਵਿਚ ਭੁਗਤਣਾ ਵੀ ਇਹ ਸੰਕੇਤ ਦਿੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਸਟੇਟਸ ਹੋਰ ਉਚਾ ਹੋ ਗਿਆ ਹੈ। ਇਸ ਸਾਰੀ ਪਰੀਚਰਚਾ ਦਾ ਸਿਟਾ ਇਹ ਨਿਕਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਲਲਕਾਰ ਰੈਲੀ ਕਾਂਗਰਸੀਆਂ ਨੂੰ ਹੋਰ ਸਰਗਰਮ ਕਰਨ ਵਿਚ ਸਹਾਈ ਸਾਬਤ ਹੋਈ ਹੈ।

ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
3078,ਅਰਬਨ ਅਸਟੇਟ,ਫੇਜ-2,ਪਟਿਆਲਾ
ujagarsingh48@yahoo.com

18/02/2015

  ਪੰਜਾਬ ਕਾਂਗਰਸ ਦੀ ਲੜਾਈ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਵਿਅਕਤੀਤਿਵ ਹੋਰ ਉਭਰਿਆ
ਉਜਾਗਰ ਸਿੰਘ, ਪਟਿਆਲਾ
21 ਫਰਵਰੀ ਲਈ ਵਿਸ਼ੇਸ਼
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ, ਲੁਧਿਆਣਾ
ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ, ਚੰਡੀਗੜ੍ਹ
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ
ਵਲੈਤ ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com