ਪੰਜਾਬ ਸਰਾਪਿਆ ਗਿਆ ਹੈ, ਇਸ ਨੂੰ ਨਜ਼ਰ ਲੱਗ ਗਈ ਹੈ। ਇਹ ਨਜ਼ਰ ਐਨੀ ਗਹਿਰੀ ਲੱਗ
ਗਈ ਹੈ ਕਿ ਹੁਣ ਤਾਂ ਇਸ ਨਜ਼ਰ ਨੂੰ ਦੂਰ ਕਰਨ ਲਈ ਮਿਰਚਾਂ ਵਾਰਨ ਦਾ ਵੀ ਕੋਈ ਲਾਭ
ਹੁੰਦਾ ਨਹੀਂ ਲੱਗਦਾ ਕਿਉਂਕਿ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪੰਜਾਬ
ਨੇ ਬੜਾ ਸੰਤਾਪ ਭੋਗਿਆ ਹੈ। ਉਹ ਸੰਤਾਪ ਦੁਆਰਾ ਆਉਣ ਦੀਆਂ ਨਿਸ਼ਾਨੀਆਂ ਆ ਰਹੀਆਂ
ਹਨ। ਸਦਭਾਵਨਾ ਦਾ ਮਾਹੌਲ ਖ਼ਤਮ ਹੋ ਰਿਹਾ ਹੈ। ਆਪਸੀ ਕੁੜੱਤਣ ਵੱਧ ਗਈ ਹੈ। ਸਰਕਾਰ,
ਪੁਲਿਸ ਪ੍ਰਸ਼ਾਸ਼ਨ ਅਤੇ ਲੋਕਾਂ ਵਿਚ ਪਾੜਾ ਪੈ ਗਿਆ ਹੈ। ਅਸ਼ਾਂਤੀ ਅਤੇ ਨਾਮਿਲਵਤਨ ਦੇ
ਹਾਲਾਤ ਬਣ ਗਏ ਹਨ। ਲੋਕ ਸੜਕਾਂ ਤੇ ਆ ਗਏ ਹਨ। ਧਾਰਮਿਕ ਕਟੜਤਾ ਜ਼ੋਰ ਫੜ ਰਹੀ ਹੈ।
ਸਰਕਾਰ ਜ਼ੋਰ ਜ਼ਬਰਦਸਤੀ ਤੇ ਉਤਰ ਆਈ ਹੈ। ਲੋਕਾਂ ਦਾ ਸਰਕਾਰ ਤੋਂ ਵਿਸਵਾਸ਼ ਖ਼ਤਮ ਹੋ
ਗਿਆ ਹੈ। ਕਿਸਾਨ ਖ਼ੇਤੀਬਾੜੀ ਵਿਭਾਗ ਦੇ ਸਤਾਏ ਨਿਰਾਸ਼ ਹੋ ਕੇ ਮਜਬੂਰੀ ਵੱਸ ਮੋਰਚਾ
ਲਾਈ ਬੈਠੇ ਹਨ। ਨਰਮਾ ਪੱਟੀ ਵਿਚ ਨਕਲੀ ਕੀਟਨਾਸ਼ਕ ਦਵਾਈਆਂ ਦੀ ਸਪਲਾਈ ਨੇ ਕਿਸਾਨਾ
ਨੂੰ ਆਰਥਕ ਤੌਰ ਤੇ ਖੋਖਲੇ ਕਰ ਦਿੱਤਾ ਹੈ।
ਇਹ ਮੋਰਚਾ ਰਾਜਨੀਤਕ ਨਹੀਂ।
ਕਿਸਾਨ ਰਾਜਨੀਤਕ ਪਾਰਟੀਆਂ ਨੂੰ ਆਪਣੇ ਮੋਰਚੇ ਵਿਚ ਸ਼ਾਮਲ ਨਹੀਂ ਹੋਣ ਦੇ ਰਹੇ।
ਇਹ ਕਿਸਾਨੀ ਦਾ ਮਸਲਾ ਹੈ, ਰਾਜਨੀਤਕ ਨਹੀਂ, ਜੇਕਰ ਕਿਸਾਨਾ ਨੂੰ ਸਹੀ ਮੁਆਵਜਾ
ਨਹੀਂ ਮਿਲਦਾ ਤਾਂ ਉਹ ਆਰਥਿਕ ਤੌਰ ਤੇ ਤਬਾਹ ਹੋ ਜਾਣਗੇ। ਰਾਜਨੀਤਕ ਦਖ਼ਲ ਤੋਂ ਬਿਨਾ
ਕਿਸਾਨਾ ਦੇ ਮੋਰਚੇ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਰਕਾਰ ਮੋਰਚੇ ਨੂੰ
ਸਰਕਾਰੀ ਤੰਤਰ ਰਾਹੀਂ ਫੇਲ ਕਰਨ ਵਿਚ ਅਸਫਲ ਰਹੀ ਹੈ। ਇਹ ਮਸਲਾ ਅਜੇ ਲਟਕ ਹੀ ਰਿਹਾ
ਹੈ, ਇੱਕ ਨਵਾਂ ਧਾਰਮਿਕ ਮਸਲਾ ਉਤਪੰਨ ਹੋ ਗਿਆ ਹੈ। ਪੰਜ ਸਿੰਘ ਸਹਿਬਾਨ ਨੇ ਚੁਪ
ਚੁਪੀਤੇ ਹੀ ਡੇਰਾ ਸਿਰਸਾ ਦੇ ਮੁਖੀ ਨੂੰ ਬਿਨਾ ਕਿਸੇ ਅਪੀਲ ਜਾਂ ਦਲੀਲ ਦੇ ਅਚਾਨਕ
ਮੁਆਫੀਨਾਮਾ ਦੇ ਕੇ ਸਿੱਖਾਂ ਨੂੰ ਝਟਕਾ ਦੇ ਦਿੱਤਾ। ਸਿੱਖ ਧਰਮ ਵਿਚ ਸਿੰਘ
ਸਹਿਬਾਨਾ ਨੂੰ ਮੁਆਫ਼ ਕਰਨ ਦਾ ਅਧਿਕਾਰ ਹੈ ਪ੍ਰੰਤੂ ਇਸ ਮੰਤਵ ਲਈ ਇੱਕ ਯੋਗ
ਪ੍ਰਣਾਲੀ ਹੈ। ਸਿੰਘ ਸਾਹਿਬਾਨਾ ਨੇ ਉਹ ਪ੍ਰਣਾਲੀ ਅਪਣਾਈ ਹੀ ਨਹੀਂ। ਜੇਕਰ ਸਿਰਸੇ
ਵਾਲੇ ਡੇਰੇ ਦਾ ਮੁਖੀ ਸਿੱਖ ਧਰਮ ਦੀ ਮੁਖ ਧਾਰਾ ਵਿਚ ਆਉਂਣਾ ਚਾਹੁੰਦੇ ਹਨ ਤਾਂ
ਚੰਗੀ ਗੱਲ ਹੈ। ਸਿੱਖਾਂ ਦੀ ਖ਼ਾਨਾਜੰਗੀ ਰਾਹੀਂ ਹੋਣ ਵਾਲੇ ਖ਼ੂਨ ਖ਼ਰਾਬੇ ਦਾ ਅੰਤ ਹੋ
ਸਕਦਾ ਪ੍ਰੰਤੂ ਸਿਆਸੀ ਲਾਭ ਲੈਣ ਲਈ ਅਕਾਲੀ ਦਲ ਨੇ ਆਰ.ਐਸ.ਐਸ. ਦੇ
ਪ੍ਰਭਾਵ ਅਧੀਨ ਗ਼ਲਤ ਢੰਗ ਵਰਤ ਕੇ ਸਿੱਖਾਂ ਵਿਚ ਰੋਹ ਪੈਦਾ ਕਰ ਦਿੱਤਾ ਹੇ। ਅਜੇ
ਸਿੱਖਾਂ ਵਿਚ ਰੋਸ ਦੀ ਲਹਿਰ ਚਲ ਹੀ ਰਹੀ ਸੀ, ਸਰਬੱਤ ਖਾਲਸਾ ਬੁਲਾਉਣ ਜਾਂ ਅਕਾਲ
ਤਖ਼ਤ ਵੱਲੋਂ ਇਸ ਮਸਲੇ ਦੇ ਹੱਲ ਲਈ ਸਿੱਖ ਬੁੱਧੀਜੀਵੀਆਂ ਦੀ ਕਮੇਟੀ ਤੋਂ ਰਾਏ ਲੈਣ
ਬਾਰੇ ਵਿਚਾਰ ਚਰਚਾ ਹੋ ਰਹੀ ਸੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ
ਘਟਨਾ ਸਾਹਮਣੇ ਆ ਗਈ ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ।
ਅਸਲ ਵਿਚ ਜੂਨ ਮਹੀਨੇ ਵਿਚ ਫਰੀਦਕੋਟ ਜਿਲੇ ਦੇ ਪਿੰਡ ਬੁਰਜ ਜਵਾਹਰ ਸਿੰਘਵਾਲਾ
ਦੇ ਗੁਰਦੁਆਰਾ ਸਾਹਿਬ ਵਿਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋ ਗਈ
ਸੀ। ਚੋਰੀ ਕਰਨ ਵਾਲਿਆਂ ਨੇ ਪਿੰਡ ਵਿਚ ਕੰਧਾਂ ਤੇ ਪੋਸਟਰ ਲਗਾ ਦਿੱਤੇ ਸਨ ਕਿ
ਸਿੱਖਾਂ ਦਾ ਗੁਰੂ ਚੋਰੀ ਕਰਕੇ ਇਸੇ ਪਿੰਡ ਵਿਚ ਰੱਖਿਆ ਹੈ ਜੇ ਸਿੱਖਾਂ ਵਿਚ ਹਿੰਮਤ
ਹੈ ਤਾਂ ਉਹ ਆਪਣੇ ਗੁਰੂ ਨੂੰ ਲੱਭ ਲੈਣ। ਇਹ ਸਿਖਾਂ ਨੂੰ ਭੜਕਾਉਣ ਲਈ ਕਾਰਾ ਕੀਤਾ
ਗਿਆ ਸੀ ਪ੍ਰੰਤੂ ਸਰਕਾਰ ਨੇ ਇਸ ਘਟਨਾ ਨੂੰ ਸੰਜੀਦਗੀ ਨਾਲ ਨਹੀਂ ਲਿਆ, ਹੁਣ ਉਸ
ਸਮੇਂ ਦੇ ਫਰੀਦਕੋਟ ਜਿਲੇ ਦੇ ਐਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਮੁਅੱਤਲ
ਕਰਕੇ ਲੋਕਾਂ ਨੂੰ ਟਿਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਰੀਦਕੋਟ ਜਿਲੇ ਦੇ ਬਰਗਾੜੀ
ਪਿੰਡ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਅੰਗ ਫਾੜ ਕੇ ਪਿੰਡ ਵਿਚ ਸੁੱਟ
ਦਿੱਤੇ ਗਏ। ਸਿੱਖਾਂ ਨੇ ਰੋਸ ਵਜੋਂ ਦੋਸ਼ੀਆਂ ਨੂੰ ਜਿੰਨੀ ਦੇਰ ਪਕੜਿਆ ਨਹੀਂ ਜਾਂਦਾ
ਸ਼ਾਂਤਮਈ ਧਰਨਾ ਦੇ ਦਿੱਤਾ। ਪੁਲਿਸ ਨੇ ਧਰਨਾਕਾਰੀਆਂ ਤੇ ਪਾਣੀ ਦੀਆਂ ਅਤੇ ਗੋਲੀਆਂ
ਦੀ ਬੁਛਾੜ ਕਰ ਦਿੱਤੀ ਜਿਸ ਦੇ ਸਿੱਟੇ ਵਜੋਂ 2 ਵਿਅਕਤੀ ਸ਼ਹੀਦ ਹੋ ਗਏ ਅਤੇ ਲਗਪਗ
70 ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਲੋਕਾਂ ਸੰਗਤਾਂ ਤੇ ਦੋਸ਼ ਲਾਉਂਦੀ ਹੈ ਕਿ ਪਹਿਲ
ਉਨਾਂ ਕੀਤੀ ਹੈ ਤਾਂ ਉਨਾਂ ਨੂੰ ਆਪਣੇ ਬਚਾਓ ਲਈ ਗੋਲੀ ਚਲਾਉਣੀ ਪਈ। ਪ੍ਰੰਤੂ ਇਸ
ਦੇ ਸਿੱਟੇ ਵਜੋਂ ਸਮੁੱਚੇ ਪੰਜਾਬ ਵਿਚ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਸਾਰੇ
ਪੰਜਾਬ ਨੂੰ ਬੰਦ ਰੱਖਣ ਦਾ ਐਲਾਨ ਹੋ ਗਿਆ। ਇਸ ਘਟਨਾ ਤੋਂ ਬਾਅਦ ਸ਼੍ਰੀ ਗੁਰੂ
ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਵਾਧਾ ਹੋ ਗਿਆ ਹੈ। ਪੰਜਾਬ ਦੇ
ਰੱਖਵਾਲੇ ਹੀ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰਨ ਤੇ ਉਤਰੇ ਹੋਏ ਹਨ।
ਨਸ਼ਿਆਂ ਦੇ ਸੰਤਾਪ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਪੰਜਾਬ ਦੀ
ਨੌਜਵਾਨੀ ਦੀ ਇਸ ਦੁਰਦਸ਼ਾ ਲਈ ਕਿਸੇ ਇਕ ਤੇ ਇਲਜ਼ਾਮ ਲਾ ਕੇ ਸਾਡੀ ਜ਼ਿੰਮੇਵਾਰੀ ਖ਼ਤਮ
ਨਹੀਂ ਹੋ ਜਾਂਦੀ। ਇਸ ਹਾਲਤ ਦਾ ਜ਼ਿੰਮੇਵਾਰ ਸਮੁਚਾ ਪੰਜਾਬੀ ਭਾਈਚਾਰਾ ਹੈ ਕਿਉਂਕਿ
ਅਸੀਂ ਆਪਣੇ ਵਿਰਸੇ ਤੇ ਪਹਿਰਾ ਦੇਣ ਵਿਚ ਨਾਕਾਮ ਰਹੇ ਹਾਂ। ਪੰਜਾਬੀ ਵਿਰਸਾ,
ਭਾਈਚਾਰਾ, ਸਭਿਅਤਾ ਅਤੇ ਸਭਿਆਚਾਰ ਨਸ਼ਿਆਂ ਦੀ ਇਜ਼ਾਜਤ ਨਹੀਂ ਦਿੰਦਾ। ਪੰਜਾਬੀ ਦੇ
ਸਾਰੇ ਧਾਰਮਿਕ ਗ੍ਰੰਥ ਨਸ਼ਿਆਂ ਦੇ ਵਿਰੁਧ ਹਨ ਅਤੇ ਪੰਜਾਬੀ ਆਪਣੇ ਆਪ ਨੂੰ ਸਭ ਤੋਂ
ਵੱਡੇ ਧਰਮ ਦੇ ਠੇਕੇਦਾਰ ਸਮਝਦੇ ਹਨ। ਇਸ ਦਾ ਅਰਥ ਇਹ ਹੋਇਆ ਕਿ ਅਸੀਂ ਆਪਣੀ ਔਲਾਦ
ਨੂੰ ਸੁਚੱਜੇ ਤਰੀਕੇ ਨਾਲ ਅਗਵਾਈ ਨਹੀਂ ਦੇ ਸਕੇ। ਬੱਚਿਆਂ ਨੇ ਆਪਣੇ ਬਜ਼ੁਰਗਾਂ ਦੇ
ਹੀ ਪਦ ਚਿੰਨਾ ਤੇ ਚਲਣਾ ਹੁੰਦਾ ਹੈ। ਜਦੋਂ ਅਸੀਂ ਆਪਣੇ ਘਰਾਂ ਦੇ ਵਿਚ ਨਸ਼ੇ
ਕਰਾਂਗੇ ਤਾਂ ਅਸੀਂ ਆਪਦੇ ਬੱਚਿਆਂ ਨੂੰ ਨਸ਼ੇ ਕਰਨ ਤੋਂ ਕਿਵੇਂ ਰੋਕ ਸਕਾਂਗੇ। ਇਸ
ਦੇ ਨਾਲ ਹੀ ਧਾਰਮਿਕ ਸ਼ਹਿਨਸ਼ੀਲਤਾ ਵੀ ਖ਼ਤਮ ਹੋ ਰਹੀ ਹੈ। ਸਾਰੇ ਧਰਮ ਸਦਭਾਵਨਾ ਦਾ
ਵਾਤਾਵਰਨ ਪੈਦਾ ਕਰਨ ਦੀ ਤਾਕੀਦ ਕਰਦੇ ਹਨ ਪ੍ਰੰਤੂ ਮਨੁੱਖਤਾ ਆਪੋ ਆਪਣੇ ਧਰਮਾਂ ਦੇ
ਆਦਰਸ਼ਾਂ ਤੇ ਚਲਣ ਦੀ ਥਾਂ ਇੱਕ ਦੂਜੇ ਦੇ ਧਰਮ ਦੀ ਵਿਰੋਧਤਾ ਕਰ ਰਹੀ ਹੈ। ਉਤਰ
ਪ੍ਰਦੇਸ਼ ਵਿਚ ਅਖ਼ਲਾਕ ਅਹਿਮਦ ਦੀ ਮੌਤ ਦਾ ਕਾਰਨ ਧਰਮ ਦੇ ਠੇਕੇਦਾਰ ਹੀ ਬਣੇ ਹਨ।
ਬਿਨਾ ਕਿਸੇ ਗੱਲ ਦੀ ਪੜਚੋਲ ਕੀਤਿਆਂ ਸੁਣੀ ਸੁਣਾਈ ਗੱਲ ਤੇ ਵਿਸਵਾਸ਼ ਕਰਕੇ
ਮਨੁੱਖਤਾ ਦਾ ਕਤਲ ਕਰ ਦਿੱਤਾ।
ਕੀ ਸਾਡਾ ਧਰਮ ਇਹੋ ਕੁਝ ਸਿਖਾਂਦਾ ਹੈ?
ਪੰਜਾਬ ਦੇਸ ਦੀ ਖੜਗਭੁਜਾ ਹੈ। ਇਸਨੇ ਪਾਕਿਸਤਾਨ ਅਤੇ ਚੀਨ ਦੀਆਂ ਜੰਗਾਂ ਦਾ
ਸੰਤਾਪ ਭੋਗਿਆ ਹੈ। ਦੇਸ ਦੀ ਅਜ਼ਾਦੀ, ਏਕਤਾ ਅਤੇ ਅਖੰਡਤਾ ਲਈ ਪੰਜਾਬੀਆਂ ਨੇ ਖ਼ੂਨ
ਵਹਾਇਆ ਹੈ। 80ਵਿਆਂ ਵਿਚ ਆਪਣਿਆਂ ਦਾ ਆਪਣੇ ਕਤਲ ਕਰਦੇ ਰਹੇ। ਹਰ ਘਰ ਵਿਚ ਸਿੱਧੇ
ਜਾਂ ਅਸਿੱਧੇ ਢੰਗ ਨਾਲ ਸਿਵਿਆਂ ਦਾ ਸੇਕ ਲੱਗਿਆ। ਕਦੀ ਨਿਰੰਕਾਰੀ ਮਸਲਾ ਅਤੇ ਕਦੀ
ਸਿਰਸੇ ਵਾਲਿਆਂ ਦਾ। ਇਹ ਕੀ ਝਗੜਾ ਹੈ? ਕਿਉਂ ਪੰਜਾਬੀ ਹੀ ਪੰਜਾਬੀਆਂ ਦੇ ਦੁਸ਼ਮਣ
ਬਣ ਗਏ ਹਨ? ਪੰਜਾਬੀ ਆਪਣੀ ਵਿਰਾਸਤ ਜਿਸ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ,
ਸ਼੍ਰੀ ਗੁਰੂ ਅਰਜਨ ਦੇਵ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਨੇ ਸ਼ਹਾਦਤਾਂ ਦੇ ਕੇ ਇਸ ਨੂੰ
ਸਿੰਜਿਆ ਅਖ਼ੀਰ ਵਿਚ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਉਨਾਂ ਦੇ ਸਮੁਚੇ
ਪਰਿਵਾਰ ਨੇ ਸ਼ਹੀਦੀਆਂ ਦੇ ਕੇ ਮਜ਼ਬੂਤ ਕੀਤਾ, ਪੰਜਾਬੀ ਉਸ ਉਪਰ ਪਹਿਰਾ ਦੇਣ ਵਿਚ
ਅਸਫਲ ਰਹੇ ਹਨ। ਸਾਂਝੀਵਾਲਤਾ ਦਾ ਜੋ ਸੰਦੇਸ਼ ਗੁਰਬਾਣੀ ਨੇ ਦਿੱਤਾ ਹੈ, ਪੰਜਾਬੀ ਉਸ
ਵਿਚਾਰਧਾਰਾ ਤੇ ਸੰਦੇਸ਼ ਦੀ ਪਾਲਣਾ ਨਹੀਂ ਕਰ ਰਹੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ
ਬਾਬਾ ਫਰੀਦ, ਸੰਤਾਂ ਭਗਤਾਂ, ਰਵਿਦਾਸ ਜੀ ਅਤੇ ਹਰ ਵਰਗ ਦੇ ਮਹਾਂ ਪੁਰਸ਼ਾਂ ਦੀ
ਬਾਣੀ ਸ਼ਾਮਲ ਹੈ ਫਿਰ ਇੱਕ ਦੂਜੇ ਵਿਰੁਧ ਵਿਤਕਰੇ ਕਿਉਂ ਹੋ ਰਹੇ ਹਨ। ਪੰਜਾਬੀ ਆਪਣੇ
ਵਿਰਸੇ ਤੋਂ ਬੇਮੁਖ ਹੋ ਰਹੇ ਹਾਂ। ਇਹ ਵੰਡੀਆਂ ਕਿਸ ਕਰਕੇ ਪਾ ਰਹੇ ਹਾਂ। ਜਦੋਂ
ਗੁਰਬਾਣੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ। ਸਾਰੇ ਇਨਸਾਨਾ ਨੂੰ ਬਰਾਬਰ ਸਮਝਦੀ
ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਕਹਿੰਦੀ ਹੈ ਫਿਰ ਅਸੀਂ ਕਿਉਂ
ਭੰਬਲ ਭੂਸਿਆਂ ਵਿਚ ਪਏ ਹਾਂ।
ਪੰਜਾਬ ਨੂੰ ਨਜ਼ਰ ਲੱਗ ਗਈ ਹੈ। ਕਿਸਾਨ ਖ਼ੁਦਕਸ਼ੀਆਂ ਦੇ ਰਾਹ ਪੈ ਗਹੇ ਹਨ।
ਖ਼ੁਦਕਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ। ਪੰਜਾਬ ਸਰਕਾਰ ਖ਼ੁਦਕਸ਼ੀਆਂ ਕਰਨ ਵਾਲੇ
ਕਿਸਾਨਾ ਨੂੰ ਆਰਥਿਕ ਮਦਦ ਦੇ ਕੇ ਖ਼ੁਦਕਸ਼ੀਆਂ ਲਈ ਉਤਸ਼ਾਹਤ ਕਰ ਰਹੀ ਹੈ। ਦਿਨ-ਬਦਿਨ
ਪੰਜਾਬ ਦੀ ਹਾਲਤ ਵਿਗੜ ਰਹੀ ਹੈ। ਨਰਮਾ ਪੱਟੀ ਵਿਚ ਕਿਸਾਨਾ ਦੀ ਫਸਲ ਤਬਾਹ ਹੋ ਗਈ
ਹੈ। ਸਰਕਾਰ ਦਾ ਡਰ ਖ਼ਤਮ ਹੋ ਗਿਆ ਹੈ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ
ਕਰਮਚਾਰੀ ਕਿਸਾਨਾ ਨੂੰ ਨਕਲੀ ਕੀਟਨਾਸ਼ਕ ਦਵਾਈਆਂ ਖ਼੍ਰੀਦ ਕੇ ਦੇ ਰਹੇ ਹਨ। ਇਹ ਸਾਰਾ
ਕੁਝ ਸਿਆਸਤਦਾਨਾ, ਅਧਿਕਾਰੀਆਂ ਅਤੇ ਕੀਟਨਾਸ਼ਕ ਦਵਾਈਆਂ ਦੇ ਵਿਓਪਾਰੀਆਂ ਦੀ ਮਿਲੀ
ਭੁਗਤ ਲੱਗਦੀ ਹੈ। ਨਰਮਾ ਪੱਟੀ ਦੇ ਕਿਸਾਨਾ ਦਾ ਭਵਿਖ ਖ਼ਤਰੇ ਵਿਚ ਹੈ। ਹੈਰਾਨੀ ਦੀ
ਗੱਲ ਹੈ ਕਿ ਇਹ ਸਾਰਾ ਕੰਮ ਸਰਕਾਰ ਚਲਾ ਰਹੀ ਪਾਰਟੀ ਦੇ ਸਿਆਸਤਦਾਨਾ ਦੀ ਮੁੱਛ ਦੇ
ਵਾਲ ਵਿਅਕਤੀ ਕਰ ਰਹੇ ਹਨ। ਸਰਕਾਰ ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰ ਰਹੀ ਹੈ
ਕਿਉਂਕਿ ਅਕਾਲੀ ਦਲ ਕਿਸਾਨੀ ਨੂੰ ਆਪਣਾ ਆਧਾਰ ਅਰਥਾਤ ਵੋਟ ਬੈਂਕ ਸਮਝਦੀ ਹੈ। ਉਨਾਂ
ਦੀ ਵੋਟ ਬੈਂਕ ਨੂੰ ਖ਼ੋਰਾ ਲੱਗ ਰਿਹਾ ਹੈ। ਪੰਜਾਬ ਵਿਚ ਕਿਸਾਨਾ ਨੇ ਕਈ ਦਿਨ ਰੇਲਾਂ
ਚਲਣ ਹੀ ਨਹੀਂ ਦਿੱਤੀਆਂ। ਆਮ ਜਨਤਾ ਪਹਿਲਾਂ ਹੀ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰ
ਰਹੀ ਹੈ ਉਨਾਂ ਦੇ ਆਉਣ ਜਾਣ ਤੇ ਹੀ ਪਾਬੰਦੀ ਰਹੀ। ਸਰਕਾਰ ਨੂੰ ਸੰਜੀਦਗੀ ਨਾਲ ਕੰਮ
ਲੈਣਾ ਚਾਹੀਦਾ ਹੈ। ਅਜੇ ਕਿਸਾਨਾ ਦੇ ਗੰਨੇ ਦੀ ਫਸਲ ਦੇ ਬਕਾਏ ਦਾ ਰੇੜਕਾ ਖ਼ਤਮ
ਨਹੀਂ ਹੋਇਆ। ਵਧੇਰੇ ਭਾਅ ਲੈਣ ਦੇ ਲਾਲਚ ਨਾਲ ਕਿਸਾਨਾ ਨੇ ਬਾਸਮਤੀ ਚੌਲ ਬੀਜ ਲਏ
ਹੁਣ ਸਰਕਾਰ ਬਾਸਮਤੀ ਦੀ ਖ਼੍ਰੀਦ ਨਹੀਂ ਕਰ ਰਹੀ ਜੇ ਖ਼੍ਰੀਦ ਹੁੰਦੀ ਹੈ ਤਾਂ ਭੰਗ ਦੇ
ਭਾਅ ਖ਼੍ਰੀਦੀ ਜਾ ਰਹੀ ਹੈ। ਕਿਸਾਨ ਦੀ ਆਰਥਿਕਤਾ ਕਮਜ਼ੋਰ ਹੁੰਦੀ ਜਾ ਰਹੀ ਹੈ।
ਕਿਸਾਨ ਹੀ ਅਜਿਹਾ ਮੰਦਭਾਗਾ ਪਰਿਵਾਰ ਹੈ ਜਿਸਨੂੰ ਆਪਣੀ ਫਸਲ ਵੇਚਣ ਲਈ ਦਰ ਦਰ
ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ। ਬਾਕੀ ਹਰ ਵਿਓਪਾਰੀ ਮਾਲੋ ਮਾਲ ਹੋ ਰਿਹਾ
ਹੈ। ਕਿਸਾਨ ਨੂੰ ਆਪਣੀ ਫਸਲ ਵੇਚਣ ਲਈ ਮਿੰਨਤਾਂ ਕਰਨੀਆਂ ਪੈਂਦੀਆਂ ਹਨ ਅਤੇ
ਵਿਓਪਾਰੀਆਂ ਦੇ ਗੇੜੇ ਕੱਢਣੇ ਪੈਂਦੇ ਹਨ ਪ੍ਰੰਤੂ ਬਾਕੀ ਹਰ ਖ੍ਰੀਦੋ ਫ਼ਰੋਖ਼ਤ ਲਈ
ਲੋਕਾਂ ਨੂੰ ਵਿਓਪਾਰੀਆਂ ਕੋਲ ਚਲ ਕੇ ਜਾਣਾ ਪੈਂਦਾ ਹੈ।
ਜਦੋਂ ਪੰਜਾਬ ਵਿਚ ਵਲੂੰਧਰੇ ਸਿੱਖਾਂ ਦਾ ਰੋਹ ਵਧ ਗਿਆ ਤਾਂ ਸਰਕਾਰ ਨੇ ਆਪਣੀ
ਹੱਥ ਠੋਕਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਿਰ ਵਰਤਿਆ ਅਤੇ ਅਕਾਲ ਤਖ਼ਤ
ਸਾਹਿਬ ਤੋਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਖ ਧਾਰਾ ਵਿਚ ਲੈਣ ਵਾਲਾ ਫ਼ੈਸਲਾ
ਵਾਪਿਸ ਲੈ ਲਿਆ। ਪ੍ਰੰਤੂ ਸੋਚਣ ਵਾਲੀ ਗੱਲ ਤਾਂ ਇਹ ਹੈ ਪਹਿਲਾਂ ਕਦੀਂ ਅਜਿਹਾ
ਫ਼ੈਸਲਾ ਹੋਇਆ ਹੈ। ਹੁਣ ਅਕਾਲ ਤਖ਼ਤ ਦੇ ਜਥੇਦਾਰ ਇਸ ਵਾਪਸੀ ਵਾਲੀ ਗੱਲ ਨੂੰ
ਹੁਕਮਨਾਮਾ ਨਹੀਂ ਗੁਰਮਤਾ ਕਹਿ ਰਹੇ ਹਨ। ਇਸ ਤੋਂ ਸ਼ਪਸ਼ਟ ਹੈ ਕਿ ਸਿੱਖਾਂ ਨੂੰ
ਭੰਬਲਭੂਸੇ ਵਿਚ ਪਾ ਕੇ ਟਿਕਾਉਣ ਦੀ ਕੋਸ਼ਿਸ਼ ਹੈ। ਇਹ ਵੀ ਚੰਗੀ ਗੱਲ ਹੈ ਕਿ ਸ਼ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵਿਰੋਧ ਵਜੋਂ ਅਸਤੀਫ਼ੇ ਦੇਣੇ ਸ਼ੁਰੂ
ਕਰ ਦਿੱਤੇ ਹਨ।
ਉਪਰੋਕਤ ਵਿਚਾਰ ਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਪੰਜਾਬ ਧੁਆਂਖਿਆ ਗਿਆ
ਹੈ। ਭਰਿਸ਼ਟਾਚਾਰ, ਬੇਈਮਾਨੀ ਅਤੇ ਸੁਚੱਜੀ ਅਗਵਾਈ ਨਾ ਦੇਣ ਕਰਕੇ ਪੰਜਾਬ ਵਿਚ
ਅਸਥਿਰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਜੇਕਰ ਸਰਕਾਰ ਨੇ ਸਾਰਥਿਕ ਕਦਮ ਨਾ ਚੁੱਕੇ
ਤਾਂ ਪੰਜਾਬ ਵਿਚ ਮੁੜਕੇ 80ਵਿਆਂ ਵਾਲੇ ਹਾਲਾਤ ਪੈਦਾ ਹੋਣ ਦਾ ਖ਼ਤਰਾ ਬਣਦਾ ਜਾ
ਰਿਹਾ ਹੈ। ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਸਮਝਣ ਦੀ ਖੇਚਲ ਕਰੇ ਪੁਲਿਸਤੰਤਰ ਤੇ
ਕੰਟਰੋਲ ਕਰਨ ਦੀ ਹਿੰਮਤ ਕਰੇ ਤਾਂ ਜੋ ਲੋਕਾਂ ਵਿਚ ਸਰਕਾਰ ਦਾ ਵਿਸਵਾਸ਼ ਬਣ ਸਕੇ।
ਸੰਗਤ ਨੂੰ ਵੀ ਬੇਨਤੀ ਹੈ ਕਿ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ ਜਾਵੇ ਪੰਜਾਬ
ਅਸਥਿਰਤਾ ਦੇ ਮਾਹੌਲ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਹੈ ਕਿਉ੍ਯਕਿ ਭਰਾ ਮਾਰੂ
ਜੰਗ ਦੇ ਜਖ਼ਮ ਅਜੇ ਵੀ ਗਹਿਰੇ ਹਨ। ਬਦਲਾ ਪਰਜਾਤੰਤਰਿਕ ਢੰਗ ਨਾਲ ਵੀ ਲਿਆ ਜਾ ਸਕਦਾ
ਹੈ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
3078,ਅਰਬਨ ਅਸਟੇਟ,ਫੇਜ-2,ਪਟਿਆਲਾ
ujagarsingh48@yahoo.com
94178 13072
|