|
|
ਹੁਣੇ ਹੁਣੇ ਹੋਏ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਏਸ ਵੇਲੇ ਬ੍ਰਿਟਿਸ਼ ਲੋਕਾਂ
ਵਿਚ ਸਭ ਤੋਂ ਵੱਧ ਚਿੰਤਾ ਇੱਲੀਗਲ ਇਮੀਗਰਾਂਟਸ ਬਾਰੇ
ਹੈ। ਇਹ ਇੱਲੀਗਲ ਇਮੀਗਰਾਂਟਸ ਕਹਿੰਦੇ ਹਨ ਕਿ ਉਹ ਦਰਅਸਲ ਅਸਾਇਲਮ ਸੀਕਰ ਹਨ ਪਰ
ਯੂਰਪੀਅਨ ਸਰਕਾਰਾਂ ਲਈ ਇਹ ਨਿਤਾਰਾ ਕਰਨਾ ਬਹੁਤ ਮੁਸ਼ਕਲ ਹੈ ਕਿ ਇਨ੍ਹ ਵਿਚੋਂ
ਕਿਹੜਾ ਰਿਫਿਉਜੀ ਹੈ ਤੇ ਕਿਹੜਾ ਇਨੌਮਿਕ ਮਾਈਗਰਾਂਟ ਹੈ? ਧੜਾ ਧੜ ਆ ਰਹੇ ਲੋਕ ਇਹੋ
ਕਹਿੰਦੇ ਹਨ ਕਿ ਉਨ੍ਹਾਂ ਦੇ ਦੇਸੀਂ ਚੱਲ ਰਹੀਆਂ ਲੜਾਈਆਂ ਕਾਰਨ ਹੀ ਉਹ ਉਥੋਂ ਦੌੜੇ
ਹਨ। ਭਾਵੇਂ ਇਹ ਸਭ ਆਪਣੇ ਆਪ ਨੂੰ ਅਸਾਇਲਮ ਸੀਕਰ ਹੀ ਕਹਿੰਦੇ ਹਨ ਪਰ ਧਿਆਨ ਨਾਲ
ਵੇਖਿਆ ਜਾਵੇ ਤਾਂ ਲੜਾਈ ਦਰਅਸਲ ਅਮੀਰ ਅਤੇ ਗਰੀਬ ਲੋਕਾਂ ਵਿਚਕਾਰ ਹੈ। । ਗਰੀਬ
ਦੇਸ਼ਾਂ ਚੋਂ ਕੁਰੱਪਟ ਤੇ ਕੱਟੜਪੰਥੀ ਸਰਕਾਰਾਂ ਦੇ ਸਤੇ ਹੋਏ ਲੋਕ ਅਮੀਰ ਦੇਸ਼ਾਂ ਵੱਲ
ਦੌੜ ਰਹੇ ਹਨ। ਇਸੇ ਲਈ ਇਨ੍ਹਾਂ ਵਿਚੋਂ ਢੇਰ ਸਾਰੀ ਗਿਣਤੀ ਦੇ ਲੋਕ ਇਕਨੌਮਿਕ
ਇਮੀਗਰਾਂਟਸ ਹਨ ਨਾ ਕਿ ਪੁਲੀਟੀਕਲ ਅਸਾਇਲਮ ਸੀਕਰ। ਸਾਡੇ ਆਪਣਿਆਂ ਦੇਸ਼ਾਂ 'ਚੋਂ
ਕੋਈ ਹਕੂਮਤਾਂ ਨੂੰ ਦੋਸ਼ ਦੇ ਕੇ ਦੌੜਿਆ ਹੈ ਤੇ ਕੋਈ ਕਿਸੇ ਬਹਾਨੇ ਤੇ ਕੋਈ ਕਿਸੇ
ਬਹਾਨੇ। ਬਰਤਾਨੀਆ ਵਿਚ ਆਏ ਦਿਨ ਹਾਲਾਤ ਵਿਗੜ ਰਹੇ ਹਨ। ਸਰਕਾਰਰ ਕੋਲ ਅਜਿਹੇ
ਵਸੀਲੇ ਨਹੀਂ ਹਨ ਕਿ ਉਹ ਇਸ ਹੜ੍ਹ ਨੂੰ ਰੋਕ ਸਕੇ। ਲੰਡਨ ਦੇ ਅਨੇਕਾਂ ਅੰਡਰਗਰਾਊਂਡ
ਸਟੇਸ਼ਨਾਂ ਦੇ ਸਬਵੇਜ਼ ਰਾਤ ਵੇਲੇ ਬੇਘਰਿਆਂ ਨਾਲ ਭਰੇ ਹੋਏ ਹੁੰਦੇ ਹਨ। ਇਹ ਲੋਕ
ਤਾਸ਼ਾਂ ਖੇਡਦੇ, ਮਿਊਜ਼ਕ ਵਜਾਉਂਦੇ, ਭੀਖ ਮੰਗਦੇ, ਸ਼ਰਾਬਾਂ ਪੀਂਦੇ, ਆਏ–ਗਏ 'ਤੇ
ਆਵਾਜ਼ੇ ਕੱਸਦੇ ਅਤੇ ਮਸ਼ਕਰੀਆਂ ਕਰਦੇ ਹਨ। ਪੁਲਿਸ ਕੋਲ ਵਕਤ ਹੀ ਨਹੀਂ ਹੈ ਕਿ
ਇਨ੍ਹਾਂ ਦੀ ਲੀਗੈਲਟੀ ਬਾਰੇ ਸਵਾਲ ਪੁੱਛ ਸਕੇ। ਜਿਹੜੀ ਪੁਲਿਸ ਕੋਲ ਘਰਾਂ ਵਿਚ
ਹੁੰਦੀਆਂ ਡਕੈਤੀਆਂ, ਸੜਕਾਂ 'ਤੇ ਤੁਰੇ ਜਾਂਦੇ ਲੋਕਾਂ ਤੋਂ ਹੁੰਦੀ ਲੁੱਟਖੋਹ ਦੀਆਂ
ਸ਼ਿਕਾਇਤਾਂ ਦਰਜ ਕਰਨ ਦਾ ਟਾਈਮ ਨਹੀਂ ਹੈ, ਉਹ ਕਿਆ ਖਾਕ ਇਲੀਗਲ ਇਮੀਗਰਾਂਟਸ ਨੂੰ
ਲੱਭੇਗੀ ਤੇ ਪੁੱਛ ਗਿੱਛ ਕਰੇਗੀ? ਮੈਂ ਇਥੇ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ
ਇਨ੍ਹਾਂ ਸ਼ਰਨਾਰਥੀਆਂ ਵਿਚ ਉਹ ਲੋਕ ਵੀ ਹਨ ਜਿਹੜੇ ਆਪਣੇ ਘਰੀਂ ਠੀਕ ਠਾਕ ਵਸਦੇ ਸਨ
ਪਰ ਅਮਰੀਕਾ ਅਤੇ ਹੋਰ ਪੱਛਮੀਂ ਦੇਸਾਂ ਨੇ ਈਰਾਕ, ਸੀਰੀਆ, ਅਫਗਾਨਿਸਤਾਨ ਅਤੇ
ਲਿਬੀਆ ਦੀਆਂ ਸਰਕਾਰਾਂ ਬਦਲ ਕੇ ਇਨ੍ਹਾਂ ਦੇਸਾਂ ਨੂੰ ਅਸਥਿਰ ਕਰ ਦਿਤਾ।
ਆਏ ਦਿਨ ਸਾਡੀ ਸਰਕਾਰ ਧਮਕੀਆਂ ਦਿੰਦੀ ਹੈ ਕਿ ਉਹ ਇਲੀਗਲਾਂ ਨੂੰ ਆਹ ਕਰ ਦੇਣਗੇ
ਤੇ ਇਲੀਗਲਾਂ ਨੂੰ ਕੰਮ ਦੇਣ ਵਾਲਿਆਂ ਨੂੰ ਔਹ ਕਰ ਦੇਣਗੇ। ਪਰ ਕਰਦੀ ਕੁਝ ਵੀ ਨਹੀਂ
ਤੇ ਕਰ ਸਕਦੀ ਵੀ ਕੁਝ ਨਹੀਂ। ਐਵੇਂ ਫੋਕੀਆਂ ਗੱਲਾਂ ਹਨ। ਇੱਲੀਗਲ ਬੰਦੇ ਆਪਣੀਆਂ
ਆਪਣੀਆਂ ਕਮਿਉਨਿਟੀਆਂ ਵਿਚ ਸੁਰੱਖਿਅਤ ਬੈਠੇ ਹਨ। ਪਾਕਿਸਤਾਨੀ, ਇੰਡੀਅਨ,
ਬੰਗਲਾਦੇਸ਼ੀ, ਈਸਟਰਨ ਬਲੌਕ ਦੇ ਲੋਕ, ਇਰਾਕ, ਸੀਰੀਆ, ਲਿਬੀਆ ਤੇ ਅਫਗਾਨਿਸਤਾਨ ਤੋਂ
ਆਏ ਇਲੀਗਲ ਬੇਪ੍ਰਵਾਹ ਹਨ। ਇਸੇ ਕਰਕੇ ਤਾਂ ਫਰਾਂਸ ਵੱਲ ਦੇ ਪਾਸਿਉਂ ਸੈਂਕੜੇ ਹੀ
ਲੋਕ ਇਸ ਦੇਸ਼ ਵੱਲ ਆ ਰਹੇ ਹਨ। ਉਨ੍ਹਾਂ ਸਭ ਨੂੰ ਬਰਤਾਨੀਆਂ ਦੇ ਸੌਫਟ ਟੱਚ ਹੋਣ ਦਾ
ਪਤਾ ਜੁ ਹੈ। ਇਕ ਰਿਪੋਰਟ ਅਨੁਸਾਰ ਜਦੋਂ ਇੱਲੀਗਲ ਲੋਕ ਕੈਂਟ ਆਦਿ ਦੇ ਇਲਾਕਿਆਂ 'ਚ
ਵੜ ਜਾਂਦੇ ਹਨ ਤਾਂ ਉਨ੍ਹਾਂ ਨੂੰ ਟੈਕਸੀਆਂ ਰਾਹੀਂ ਦੂਰ–ਦੁਰਾਡੇ ਚਾਰ ਸਟਾਰ
ਹੋਟਲਾਂ ਵਿਚ ਭੇਜ ਦਿੱਤਾ ਜਾਂਦਾ ਹੈ। ਪੁਲੀਟੀਕਲ ਅਸਾਇਲਮ ਲਈ ਐਪਲੀਕੇਸ਼ਨਾਂ
ਭਰਵਾਈਆਂ ਜਾਂਦੀਆਂ ਹਨ ਤੇ ਫੈਸਲਾ ਹੋਣ ਤੀਕ (ਜਿਸ ਨੂੰ ਮਹੀਨੇ ਤੇ ਸਾਲਾਂ ਦੇ ਸਾਲ
ਲੱਗ ਸਕਦੇ ਹਨ) ਉਨ੍ਹਾਂ ਨੂੰ 36 ਪੌਂਡ ਵੀਕ ਦੇ ਫੂਡ ਵਾਊਚਰ ਤੇ ਕੁਝ ਕੈਸ਼, ਰਹਿਣ
ਲਈ ਹੋਟਲ ਜਾਂ ਘਰ ਦਿੱਤੇ ਜਾਂਦੇ ਹਨ। ਅਗਰ ਉਨ੍ਹਾਂ ਨਾਲ ਬੱਚੇ ਵੀ ਹਨ ਤਾਂ
ਉਨ੍ਹਾਂ ਨੂੰ ਸੁਰੱਖਿਅਤ ਹੋਸਟਲਾਂ ਵਿਚ ਭੇਜ ਦਿਤਾ ਜਾਂਦਾ ਹੈ ਤੇ ਉਨ੍ਹਾਂ ਦੀ
ਤਾਲੀਮ ਦਾ ਵੀ ਖਿ਼ਆਲ ਰੱਖਿਆ ਜਾਂਦਾ। ਜਦੋਂ ਅਸੀਂ ਬੇਥਾਹ ਖਰਚਿਆਂ ਦੀ ਗੱਲ ਕਰਦੇ
ਹਾਂ ਤਾਂ ਮਿਸਾਲ ਵਜੋਂ ਡੋਵਰ ਦੀ ਬੰਦਰਗਾਹ ਤੋਂ ਫੜੇ ਗਏ ਦੋ ਇਰਾਕੀਆਂ ਨੂੰ ਇਕ
ਟੈਕਸੀ ਰਾਹੀਂ ਇਕ ਫੋਰ ਸਟਾਰ ਹੋਟਲ ਵਿਚ ਭੇਜਿਆ ਗਿਆ। ਟੈਕਸੀ ਦਾ ਕਿਰਾਇਆ 150
ਪੌਂਡ ਲੱਗਾ। ਹੋਟਲ ਵਾਲੇ 70 ਪੌਂਡ ਪ੍ਰਤੀ ਵਿਅਕਤੀ ਪ੍ਰਤੀ ਰਾਤ ਚਾਰਜ ਕਰਨਗੇ ਅਤੇ
36 ਪੌਂਡ ਹਰ ਹਫਤੇ ਜੇਬ ਖਰਚਾ ਅਤੇ ਰਾਸ਼ਨ ਪਾਣੀ ਲਈ ਦਿਤੇ ਗਏ। ਉਨ੍ਹਾਂ ਨੂੰ
ਪਿੱਛੇ ਰਹਿ ਗਏ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਆਦਿ ਕਰਨ ਦੀਆਂ ਸੰਵਿਧਾਵਾਂ ਵੀ
ਦਿਤੀਆਂ ਗਈਆਂ। ਹੁਣ ਦੱਸੋ ਕਿ ਕੌਣ ਮੂਰਖ ਹੋਵੇਗਾ ਜਿਹੜਾ ਹਰ ਹਾਲਤ ਵਿਚ ਯੂ ਕੇ
ਨਹੀਂ ਪਹੁੰਚਣਾ ਚਾਹਵੇਗਾ ? ਲੁਕ ਛਿਪ ਕੇ ਕਾਰਾਂ, ਫੈਰੀਆਂ ਤੇ ਯੂਰੋ ਟਰੇਨਾਂ
ਰਾਹੀਂ ਧੜਾਧੜ ਹਜ਼ਾਰਾਂ ਲੋਕ ਆ ਰਹੇ ਹਨ। ਇਕ ਅੰਗਰੇਜ਼ ਨੇ ਦੱਸਿਆ ਕਿ ਉਹ ਹੁਣੇ
ਹੁਣੇ ਹੀ ਕਾਰ ਰਾਹੀਂ ਫਰਾਂਸ ਜਾ ਕੇ ਆਇਆ ਹੈ। ਉਸ ਦੇ ਵੇਖਣ ਵਿਚ ਆਇਆ ਕਿ ਕਿਸੇ
ਵੀ ਕਾਰ ਨੂੰ ਡੋਵਰ ਦੀ ਬੰਦਰਗਾਹ ਉਤੇ ਚੈਕ ਨਹੀਂ ਸੀ ਕੀਤਾ ਗਿਆ। ਉਸ ਦਾ ਕਹਿਣਾ
ਸੀ ਕਿ ਇਨ੍ਹਾਂ ਕਾਰਾਂ ਵਿਚ ਕਾਰ ਦੇ ਮਾਲਕ ਨੂੰ ਪੈਸੇ ਦੇ ਕੇ ਇੱਲੀਗਲ ਲੋਕ ਵੀ
ਤਾਂ ਚੜ੍ਹੇ ਹੋਏ ਹੋ ਹੀ ਸਕਦੇ ਹਨ।
ਜੇ ਇਕੱਲੇ ਫਰਾਂਸ ਦੇ ਸਮੁੰਦਰੀਂ ਕੰਢੇ ਉਤੇ ਵਸੇ ਸ਼ਹਿਰ ਕੈਲੇ ਦੀ ਹੀ ਗੱਲ
ਹੋਵੇ ਤਾਂ ਵੱਖਰੀ ਗੱਲ ਹੈ। ਪਰ ਇਲੀਗਲ ਇਮੀਗਰਾਂਟਸ ਤਾਂ ਡੋਵਰ ਤੋਂ ਇਲਾਵਾ
ਸਾਊਥੈਂਪਟਨ ਅਤੇ ਪੋਰਟਸਮਥ ਤੋਂ ਵੀ ਆਣ ਦੀ ਕੋਸ਼ਿਸ਼ ਕਰ ਰਹੇ ਹਨ। ਬ੍ਰਿਟਨ ਦੀ ਹੋਮ
ਸੈਕਟਰੀ ਥਰੀਸਾ ਮੇਅ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਹ ਕੈਲੇ ਵਾਸਤੇ ਹੋਰ ਪੈਸੇ
ਅਲਾਟ ਕਰਨਗੇ ਪਰ ਇਸ ਦੇ ਉਲਟ ਸਾਊਥੈਂਪਟਨ ਅਤੇ ਪੋਰਟਸਮਥ ਨੂੰ ਦਿੱਤੇ ਜਾਂਦੇ
ਪੈਸਿਆਂ ਵਿਚ ਕਟੌਤੀ ਕੀਤੀ ਜਾ ਰਹੀ ਹੈ। ਸਿਰਫ ਇਕ ਮਿਲੀਅਨ ਪੌਂਡਾਂ ਵਿਚ ਕੇਵਲ
ਚਾਰ ਸਿਕਿਉਰਿਟੀ ਕਿਸ਼ਤੀਆਂ ਹੀ ਇਨ੍ਹਾਂ ਦੋਹਾਂ ਬੰਦਰਗਾਹਾਂ ਦੀ ਰੱਖਿਆ ਕਰਦੀਆਂ
ਹਨ। ਪਹਿਲਾਂ ਹੀ ਇਨ੍ਹਾਂ ਦੋਹਾਂ ਸ਼ਹਿਰਾਂ ਦੀ ਕੌਂਸਲ ਵਾਧੂ ਖਰਚਿਆਂ ਨਾਲ ਦੱਬੀ
ਪਈ ਹੈ।
1985 ਵਿਚ ਸ਼ੈਨੇਗਨ ਐਗਰੀਮੈਂਟ ਹੋਇਆ ਸੀ। ਇਸ ਐਗਰੀਮੈਂਟ ਵਿਚ ਓਦੋਂ ਕੁਝ ਹੀ
ਯੂਰਪੀਨ ਦੇਸ਼ਾਂ ਨੇ ਹਿੱਸਾ ਲਿਆ ਸੀ। ਇਸ ਵਿਚ ਕਿਹਾ ਗਿਆ ਸੀ ਕਿ ਸ਼ੈਨੇਗਨ
ਐਗਰੀਮੈਂਟ ਦੇ ਦੇਸ਼ਾਂ ਵਿਚਕਾਰ ਆਵਾਜਾਈ ਲਈ ਕੋਈ ਬੌਰਡਰ ਨਹੀਂ ਹੋਣਗੇ। ਭਾਵ
ਇਨ੍ਹਾਂ ਦੇਸ਼ਾਂ ਦੇ ਨਾਗਰਿਕ ਖੁੱਲ੍ਹਮ ਖੁੱਲ੍ਹਿਆਂ ਇਕ ਦੂਜੇ ਦੇ ਦੇਸੀਂ ਜਾ ਸਕਿਆ
ਕਰਨਗੇ। ਬਾਅਦ ਵਿਚ ਈ ਈ ਸੀ ਦੇ ਨਵੇਂ ਬਣੇ ਮੈਂਬਰ ਦੇਸ਼ਾਂ ਨੂੰ ਵੀ ਇਹ ਸਹੂਲਤ ਦੇ
ਦਿੱਤੀ ਗਈ। ਇਨ੍ਹਾਂ ਨਵੇਂ ਮੈਂਬਰ ਦੇਸਾਂ ਵਿਚ ਬਹੁਤੇ ਈਸਟਰਨ ਬਲੋਕ ਦੇ ਦੇਸ ਹਨ
ਜਾਨੀ ਕਿ ਪੁਰਾਣੇ ਸੋਵੀਅਤ ਯੂਨੀਅਨ ਦੀਆਂ ਸਟੇਟਾਂ ਹਨ। ਪਰੰਤੂ ਕੇਵਲ ਬ੍ਰਿਟੇਨ
ਅਤੇ ਆਇਰਲੈਂਡ ਹੀ ਸ਼ੈਨੇਗਨ ਦੇ ਮੈਂਬਰ ਨਹੀਂ ਹਨ । ਜੇ ਇੰਝ ਹੋ ਜਾਂਦਾ ਤਾਂ ਹੁਣ
ਤੀਕ ਬਰਤਾਨੀਆਂ ਵਿਚ ਹਜ਼ਾਰਾਂ ਹੀ ਰਿਫਿਊਜੀ/ਇਕਨੌਮਿਕ ਮਾਈਗਰਾਂਟ ਆ ਜਾਣੇ ਸਨ।
ਯਾਦ ਰਹੇ ਜਦੋਂ ਅਸੀਂ ਇਮੀਗਰੇਸ਼ਨ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਵੱਧ ਲੋਕ ਅੱਜ
ਕੱਲ੍ਹ ਯੂਰਪੀਨ ਯੂਨੀਅਨ ਤੋਂ ਹੀ ਆ ਰਹੇ ਹਨ। ਬ੍ਰਿਟਨ ਇਮ੍ਹਾਂ ਨੂੰ ਕਨੂੰਨੀ ਤੌਰ
‘ਤੇ ਨਹੀਂ ਰੋਕ ਸਕਦਾ ਕਿਉਂਕਿ ਯੂਰਪ ਦੀ ਟਰੀਟੀ ਵਿਚ ਇਹ ਸਭ ਸ਼ਾਮਲ ਹੈ। ਪਰ ਘੱਟੋ
ਘੱਟ ਬ੍ਰਿਟਨ ਕੋਲ ਇਹ ਹਥਿਆਰ ਤਾਂ ਹੈ ਕਿ ਇਹ ਬੌਰਡਰ ਚੈਕਿੰਗ ਕਰ ਸਕਦਾ ਕਿਉਂਕਿ
ਇਹ ਸ਼ਨੇਗਨ ਦੇਸਾਂ ਦੇ ਸਮਝੌਤੇ ਵਿਚ ਸ਼ਾਮਲ ਨਹੀਂ ਹੈ। ਯਾਦ ਰਹੇ ਲੇਬਰ ਸਰਕਾਰ ਨੇ
ਪੋਲੈਂਡ ਆਦਿ ਲਈ ਬੂਹੇ ਖੋਲ੍ਹ ਦਿੱਤੇ ਸਨ ਤੇ ਬਾਕੀਆਂ ਵਾਸਤੇ ਵੀ ਕੋਈ ਖਾਸ
ਰੋਕਥਾਮ ਨਹੀਂ ਸੀ। ਕੋਅਲੀਸ਼ਨ ਸਰਕਾਰ ਵੇਲੇ ਟੋਰੀਆਂ ਦੀ ਲਿਬਰਲ ਡੈਮੋਕਰੈਟਸ ਨੇ
ਪੇਸ਼ ਨਹੀਂ ਸੀ ਜਾਣ ਦਿੱਤੀ।
ਸਾਡੀਆਂ ਸਰਕਾਰਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਰਹੀ ਹੈ ਕਿ ਇਸ ਨੂੰ ਹੋਸ਼ ਹੀ
ਓਦੋਂ ਆਉਂਦੀ ਹੈ ਜਦੋਂ ਘੋੜਾ ਤਬੇਲੇ ਵਿਚ ਦੌੜ ਗਿਆ ਹੁੰਦਾ ਹੈ। ਮਸਲਨ ਸਾਡੀਆਂ
ਬੰਦਰਗਾਹਾਂ ਅਤੇ ਸਾਡੇ ਏਅਰਪੋਰਟਾਂ ਉਤੇ ਇਨ–ਆਊਟ ਦਾ ਡੈਟਾ ਨਹੀਂ ਹੈ। ਪਤਾ ਹੀ
ਨਹੀਂ ਕਿ ਕੌਣ ਇਥੇ ਆਉਂਦਾ ਹੈ ਤੇ ਕੌਣ ਕਦੋਂ ਇਥੋਂ ਜਾਂਦਾ ਹੈ। ਲੋਕੀਂ ਵਿਜ਼ਟਰ ਬਣ
ਕੇ ਆਉਂਦੇ ਹਨ ਤੇ ਬੜੀ ਅਸਾਨੀ ਨਾਲ ਓਵਰਸਟੇਅ ਕਰ ਜਾਂਦੇ ਹਨ। ਕਈ ਕਈ ਵਰ੍ਹੇ ਇਥੇ
ਬਿਨਾਂ ਕਿਸੇ ਕਿਸਮ ਦੀ ਵੀ ਟੈਕਸ ਦੀ ਅਦਾਇਗੀ ਕੀਤਿਆਂ ਹਜ਼ਾਰਾਂ ਹੀ ਪੌਂਡ ਕਮਾ ਕੇ
ਚਲੇ ਜਾਂਦੇ ਹਨ। ਏਅਰਪੋਰਟਾਂ ਉਤੇ ਕੋਈ ਟੋਕਦਾ ਨਹੀਂ। ਇਨ੍ਹਾਂ ਓਵਰਸਟੇਅ ਕਰਨ
ਵਾਲਿਆਂ ਕਰਕੇ ਕਈ ਵੇਰ ਸੱਚੇ ਲੋਕਾਂ ਦੇ ਸੱਚੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਵੀ
ਵੀਜ਼ੇ ਨਹੀਂ ਮਿਲਦੇ। ਇਸੇ ਤਰ੍ਹਾਂ ਸੋ ਕਾਲਡ ਸਟੂਡੈਂਟ ਆਉਂਦੇ ਹਨ।
ਤਾਅਜੁਬ ਇਹ ਹੈ ਕਿ ਊਨ੍ਹਾਂ ਨੂੰ ਆਪਣਾ ਸਪਾਊਸ ਭਾਵ ਪਤੀ ਜਾਂ ਪਤਨੀ ਨੂੰ ਨਾਲ
ਲਿਆਉਣ ਦੀ ਵੀ ਇਜਾਜ਼ਤ ਹੈ। ਦੋਨੋਂ ਜਣੇ ਕਾਲਜ ਜਾਣ ਦੀ ਥਾਂ ਕੰਮ ਕਰਦੇ ਹਨ। ਐਵੇਂ
ਰਿਕਾਰਡ ਠੀਕ ਰੱਖਣ ਵਾਸਤੇ ਉਹ ਇਕ ਅੱਧ ਦਿਨ ਕਾਲਜ ਜਾ ਆਉਂਦੇ ਹਨ। ਇਹ ਵੀ ਦਸ
ਦਿਆਂ ਕਿ ਬਹੁਤੇ ਕਾਲਜ ਵੀ ਜਾਹਲੀ ਹਨ ਭਾਵੇਂ ਕਿ ਸਰਕਾਰ ਨੇ ਅਨੇਕਾਂ ਕਾਲਜ ਬੰਦ
ਵੀ ਕੀਤੇ ਹਨ। ਖੈਰ ਇਸ ਤਰ੍ਹਾਂ ਨਾਲ ਆਏ ਲੋਕ ਅਸੁਰੱਖਿਅਤ ਘਰਾਂ ਜਾਂ ਬੈਕਰੂਮਾਂ
(ਬੈੱਡਜ਼ ਇਨ ਸ਼ੈਡਜ਼) ਵਿਚ ਰਹਿੰਦੇ ਹਨ, ਘੱਟ ਵੇਤਨ 'ਤੇ ਕੰਮ ਕਰਦੇ ਹਨ ਤੇ ਕਈ
ਵੇਰ ਵੇਸਵਾਗਮਨੀ ਆਦਿ ਵਰਗੇ ਗਲਤ ਕੰਮਾਂ ਵਿਚ ਵੀ ਪੈ ਜਾਂਦੇ ਹਨ।
ਬ੍ਰਿਟੇਨ ਦੀ ਹੋਮ ਸੈਕਟਰੀ ਥਰੀਸਾ ਮੇਅ ਨੇ ਕਿਹਾ ਹੈ ਕਿ ਅੱਗੋਂ ਤੋਂ ਇਲੀਗਲ
ਇਮੀਗਰਾਂਟਸ, ਜਿਨ੍ਹਾਂ ਵਿਚ ਫੇਲ੍ਹ ਹੋ ਗਏ ਅਸਾਇਲਮ ਸੀਕਰ ਅਤੇ ਜਾਅਲੀ ਸਟੂਡੈਂਟ
ਵੀ ਹਨ, ਨੂੰ ਫੜੇ ਜਾਣ ਉਤੇ ਛੇਆਂ ਮਹੀਨਿਆਂ ਲਈ ਜੇਲ੍ਹ ਭੇਜਿਆ ਜਾਵੇਗਾ। ਉਪਰੰਤ
ਡਿਪੋਰਟ ਕਰ ਦਿੱਤਾ ਜਾਇਆ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਹ ਇਨ੍ਹਾਂ
ਲੋਕਾਂ ਦੇ ਜੋੜੇ ਹੋਏ ਪੈਸੇ ਵੀ ਲੈ ਲੈਣਗੇ। ਥਰੀਸਾ ਮੇਅ ਨੂੰ ਸ਼ਾਇਦ ਇਹ ਨਹੀਂ ਪਤਾ
ਕਿ ਪੈਸੇ ਤਾਂ ਇਹ ਜੋੜਦੇ ਹੀ ਨਹੀਂ। ਪੈਸੇ ਤਾਂ ਇਕਦਮ ਉਨ੍ਹਾਂ ਦੇ ਦੇਸੀਂ ਪਹੁੰਚ
ਜਾਂਦੇ ਹਨ। ਥਰੀਸਾ ਮੇਅ ਨੇ ਇਹ ਵੀ ਕਿਹਾ ਹੈ ਕਿ ਟੇਕ ਅਵੇਅ ਅਤੇ ਟੈਕਸੀ ਫਰਮਾਂ
ਨੂੰ ਉਸ ਹਾਲਤ ਵਿਚ ਬੰਦ ਕਰ ਦਿੱਤਾ ਜਾਵੇਗਾ ਅਗਰ ਉਹ ਇਲੀਗਲਾਂ ਨੂੰ ਕੰਮ ਦੇਣਗੇ।
ਇਹ ਗੱਲ ਕਰਨੀ ਕਾਫੀ ਸੌਖੀ ਹੈ ਪਰ ਇਸ ਪਿੱਛੇ ਦ੍ਰਿੜ੍ਹਤਾ,ਵਸੀਲੇ ਅਤੇ ਪੈਸੇ
ਜ਼ਰੂਰੀ ਹਨ। ਜੇਲ੍ਹਾਂ ਦੀਆਂ ਸਜ਼ਾਵਾਂ ਤੁਸੀਂ ਕਿਵੇਂ ਦੇ ਸਕਦੇ ਹੋ ਜਦ ਕਿ ਦੇਸ਼
ਦੀਆਂ ਜੇਲ੍ਹਾਂ ਪਹਿਲਾਂ ਹੀ 85,000 ਕੈਦੀਆਂ ਨਾਲ ਭਰੀਆਂ ਪਈਆਂ ਹਨ। ਫੜੇ ਗਏ
ਇਲੀਗਲਾਂ ਨੂੰ ਡਿਪੋਰਟ ਕਰਨ ਲਈ ਅਦਾਲਤਾਂ ਕੋਲ ਟਾਈਮ ਨਹੀਂ ਹੈ। ਜਹਾਜ਼ ਚਾਰਟਰ ਕਰਨ
ਲਈ ਪੈਸੇ ਨਹੀਂ ਹਨ। ਕੈਲੇ ਵਲੋਂ ਆਉਂਦੇ ਲੋਕਾਂ ਦੇ ਹੱਲੇ ਗੁੱਲੇ ਕਾਰਨ ਯੂਰੋ
ਟਰੇਨਾਂ ਲੇਟ ਜਾਂ ਕੈਂਸਲ ਹੋ ਰਹੀਆਂ ਹਨ। ਫਰਾਂਸ ਅਤੇ ਬਰਤਾਨੀਆ ਵਿਚਕਾਰ ਚੱਲ
ਰਹੀਆਂ ਫੈਰੀਆਂ ਕੈਂਸਲ ਹੋ ਰਹੀਆਂ ਹਨ ਜਿਸ ਕਾਰਨ ਕਰੋੜਾਂ ਦਾ ਨੁਕਸਾਨ ਹੋ ਰਿਹਾ ।
ਸੰਯੁਕਤ ਰਾਸ਼ਟਰ ਮਹਾਂ ਸਭਾ (ਯੂ ਐਨ ਓ) ਯੂਰਪ ਦੇ ਸਾਰੇ ਦੇਸ਼ਾਂ ਉਤੇ ਜ਼ੋਰ ਪਾ
ਰਿਹਾ ਹੈ ਕਿ ਉਹ ਜੰਗਾਂ ਤੋਂ ਪ੍ਰਭਾਵਿਤ ਹੋਏ ਮੱਧ ਪੂਰਬੀ ਦੇਸ਼ਾਂ ਤੋਂ ਆ ਰਹੇ
ਲੋਕਾਂ ਨੂੰ ਹੁਣ ਤੋਂ ਵੱਧ ਆਪਣੇ ਆਪਣੇ ਦੇਸੀਂ ਆਉਣ ਦੇਣ। ਜਰਮਨੀ ਆਦਿ ਦੇਸ਼ਾਂ ਨੇ
ਸੀਰੀਆ ਦੇ ਰਿਫਿਊਜੀਆਂ ਲਈ ਬੂਹੇ ਖੋਲ੍ਹ ਦਿੱਤੇ ਹਨ। ਜਿਸ ਦੇ ਸਿੱਟੇ ਵਜੋਂ ਸੀਰੀਆ
ਅਤੇ ਹੋਰ ਦੇਸਾਂ ਤੋਂ ਅੱਠ ਲੱਖ ਰਿਫਿਊਜੀ ਜਰਮਨੀ ਵਿਚ ਇਸੇ ਸਾਲ ਵਿਚ ਦਾਖਲ ਹੋ
ਚੁੱਕੇ ਹਨ। ਉਥੋਂ ਦੇ ਰਾਈਟ ਵਿੰਗ ਤੇ ਨਸਲਵਾਦੀ ਲੋਕ ਇਨ੍ਹਾਂ ਰਿਫਿਊਜੀਆਂ ਉਤੇ
ਹਮਲੇ ਕਰ ਰਹੇ ਹਨ। ਰਿਫਿਊਜੀ ਸੈਂਟਰਾਂ ਨੂੰ ਅੱਗਾਂ ਲਗਾ ਰਹੇ ਹਨ ਤੇ ਉਨ੍ਹਾਂ ਦੀ
ਕੁੱਟਮਾਰ ਕਰ ਰਹੇ ਹਨ। ਭਾਵ ਦੇਸ਼ ਵਿਚ ਅਰਾਜਕਤਾ ਫੈਲ ਰਹੀ ਹੈ। ਇਸੇ ਤਰ੍ਹਾਂ
ਬ੍ਰਿਟੇਨ ਦੇ ਸੱਜੇ ਪੱਖੀ ਲੋਕ ਵੀ ਖਿਝੇ ਹੋਏ ਬੈਠੇ ਹਨ। ਬ੍ਰਿਟੇਨ 'ਤੇ ਵੀ ਯੂ ਐਨ
ਓ ਵਲੋਂ ਜ਼ੋਰ ਪਾਇਆ ਜਾ ਰਿਹਾ ਹੈ ਕਿ ਇਹ ਵੀ ਹੋਰ ਰਿਫਿਊਜੀ ਲਵੇ। ਮਿਡਲ ਈਸਟ ਵਿਚ
ਪਈ ਭੱਜਦੌੜ ਵਿਚ ਅਸਲੀ ਰਿਫਿਊਜੀਆਂ ਨਾਲ ਨਕਲੀ ਰਿਫਿਊਜੀ ਵੀ ਰਲੇ ਹੋਏ ਹਨ। ਇਕ
ਸਮੁੰਦਰੀ ਬੇੜੇ 'ਚੋਂ ਜਿਹੜੇ ਸੀਰੀਅਨ ਰਿਫਿਊਜੀ ਫੜੇ ਗਏ ਊਨ੍ਹਾਂ ਵਿਚ ਕਈ ਹੋਰ
ਦੇਸ਼ਾਂ ਦੇ ਲੋਕ ਵੀ ਆਪਣੇ ਆਪ ਨੂੰ ਸੀਰੀਅਨ ਆਖ ਕੇ ਬੈਠੇ ਹੋਏ ਫੜੇ ਗਏ ਸਨ। ਇਟਲੀ
ਅਤੇ ਗਰੀਸ ਇਨ੍ਹਾਂ ਰਿਫਿਊਜੀਆਂ ਅਤੇ ਇਲੀਗਲ ਇਮੀਗਰਾਂਟਸ ਨਾਲ ਭਰੇ ਪਏ ਹਨ। ਉਹ
ਇਨ੍ਹਾਂ ਲੋਕਾਂ ਨੂੰ ਫਰਾਂਸ ਅਤੇ ਬ੍ਰਿਟੇਨ ਵੱਲ ਧੱਕ ਰਹੇ ਹਨ। ਜਰਮਨ ਚਾਂਸਲਰ
ਅੰਗਲਾ ਮਰਕਲ ਅਤੇ ਫਰਾਂਸ ਦੇ ਪ੍ਰਧਾਨ ਫਰਾਂਸੁਆ ਹਲਾਂਦੇ ਨੇ ਬਰਲਿਨ ਵਿਚ ਇਕ
ਹੰਗਾਮੀ ਮੀਟਿੰਗ ਕੀਤੀ ਤੇ ਇਨ੍ਹਾਂ ਇਲੀਗਲ ਬੰਦਿਆਂ ਦੇ ਹੜ੍ਹ ਬਾਰੇ ਵਿਚਾਰਾਂ
ਕੀਤੀਆਂ। ਬ੍ਰਿਟੇਨ ਨੇ ਕਿਹਾ ਹੈ ਕਿ ਇਹ ਸੀਰੀਆ ਤੋਂ ਆ ਰਹੇ ਵੀਹ ਹਜ਼ਾਰ
ਰਿਫਿਉਜੀਆਂ ਨੂੰ ਪਨਾਹ ਦੇਵੇਗਾ। ਜਰਮਨੀ ਅਤੇ ਫਰਾਂਸ ਇਸ ਗੱਲੋਂ ਖ਼ੁਸ਼ ਨਹੀਂ ਹਨ।
ਬਰਤਾਨੀਆਂ ਕਹਿੰਦਾ ਹੈ ਕਿ ਫਰਾਂਸ ਅਤੇ ਜਰਮਨੀ ਇੰਗਲੈਂਡ ਨਾਲੋਂ ਢਾਈ ਗੁਣਾਂ
ਜਿ਼ਆਦਾ ਵੱਡੇ ਹਨ, ਇਸ ਲਈ ਇਹ ਦੇਸ ਵੱਧ ਲੋਕਾਂ ਨੂੰ ਲੈ ਸਕਦੇ ਹਨ। ਬ੍ਰਿਟਨ ਤਾਂ
ਪਹਿਲਾਂ ਹੀ ਭੀੜ ਭੱੜਕੇ ਵਾਲਾ ਦੇਸ ਹੈ।
ਫਰਾਂਸ ਇਸ ਗੱਲ ਲਈ ਵੀ ਪੂਰੀ ਕੋਸ਼ਿਸ਼ ਨਹੀਂ ਕਰਦਾ ਕਿ ਕੈਲੇ ਵਿਚ ਬੈਠੇ ਹਜ਼ਾਰਾ
ਹੀ ਲੋਕ ਬਰਤਾਨੀਆਂ ਵੱਲ ਨਾ ਜਾਣ। ਉਹ ਆਪਣੇ ਗਲ਼ੋਂ ਕਿਸੇ ਨਾ ਕਿਸੇ ਤਰ੍ਹਾਂ ਵਲਾ
ਲਾਹੁਣਾ ਚਾਹੁੰਦਾ ਹੈ। ਜਿਸ ਦੇ ਸਿੱਟੇ ਵਜੋਂ ਇਹ ਲੋਕ ਕਿਸ਼ਤੀਆਂ ਤੇ ਲੌਰੀਆਂ ਵਿਚ
ਲੁਕ ਕੇ ਧੜਾ ਧੜ ਇੰਗਲੈਂਡ ਵਿਚ ਦਾਖ਼ਲ ਹੋ ਰਹੇ ਹਨ। ਕੈਲੇ ‘ਚ ਬੈਠੇ ਲੋਕ ਕੇਵਲ
ਮਿਡਲ ਈਸਟ ਦੇ ਦੇਸਾਂ ਤੋਂ ਹੀ ਨਹੀਂ ਆਏ ਹੋਏ, ਇਨ੍ਹਾਂ ਵਿਚ ਭਾਰਤੀ, ਪਾਕਿਸਤਾਨੀ
ਅਤੇ ਬੰਗਲਾਦੇਸ਼ੀ ਵੀ ਇੰਗਲੈਂਡ ਵਲ ਜਾਣ ਦੀ ਕੋਸ਼ਸ਼ ਵਿਚ ਹਨ। ਅਜੇ ਪਿਛਲੇ
ਸਨਿਚਰਵਾਰ ਵਾਲੇ ਦਿਨ ਹੀ ਇਟਲੀ ਦੇ ਕੋਸਟ ਗਾਰਡਾਂ ਨੇ 4400 ਲੋਕਾਂ ਨਾਲ ਭਰੇ ਹੋਏ
ਇਕ ਬੇੜੇ ਨੂੰ ਡੁੱਬਣੋਂ ਬਚਾਇਆ । ਇਹ ਸਭ ਇਟਲੀ ਦੇ ਰਿਫਿਊਜੀ ਕੈਂਪਾਂ ਵਿਚ ਬੈਠੇ
ਹਨ। ਹੁਣ ਤੀਕ ਇਸ ਸਾਲ 'ਚ 5 ਹਜ਼ਾਰ ਲੋਕ ਡੁੱਬ ਚੁੱਕੇ ਹਨ। ਹੰਗਰੀ, ਕਰੋਏਸ਼ੀਆ ਤੇ
ਅਨੇਕਾਂ ਹੋਰ ਦੇਸ ਸੀਰੀਆ ਅਤੇ ਹੋਰ ਦੇਸਾਂ ਤੋਂ ਆ ਰਹੇ ਹਜ਼ਾਰਾਂ ਹੀ ਰਿਫਿਊਜੀਆਂ
ਕਾਰਨ ਇਕ ਬਹੁਤ ਵੱਡੇ ਸੰਕਟ ਵਿਚੀਂ ਗੁਜ਼ਰ ਰਹੇ ਹਨ।। ਭਾਵ ਹਰ ਪਾਸਿਉਂ ਹੀ ਹਾਲਾਤ
ਨਾਜ਼ੁਕ ਹਨ।
ਮਾਅਰਕਾ ਖ਼ੇਜ਼ ਗੱਲ ਇਹ ਵੀ ਹੈ ਕਿ ਇਸ ਰਿਫਿਊਜੀ ਸੰਕਟ ਨੂੰ ਘਟਾਉਣ ਵਿਚ ਸਊਦੀ
ਅਰਬ ਵਰਗੇ ਅਮੀਰ ਮਸੁਲਿਮ ਦੇਸ ਕੁਝ ਵੀ ਨਹੀਂ ਕਰ ਰਹੇ। ਜਿਥੇ ਯੂਰਪ ਵਲ ਲੱਖਾਂ ਹੀ
ਮੁਸਲਿਮ ਆ ਰਹੇ ਹਨ ਉਥੇ ਸਊਦੀ ਅਰਬ ਵਰਗੇ ਮੁਸਲਿਮ ਦੇਸ ਖ਼ਾਮੋਸ਼ ਬੈਠੇ ਹਨ।
ਸੀਰੀਆ, ਈਰਾਕ ਅਤੇ ਹੋਰ ਜੰਗ ਤੋਂ ਮੁਤਾਸਰ ਹੋਏ ਦੇਸਾਂ ਦੇ ਰਿਫਿਉਜੀ ਲੈਬਨਾਨ ਤੇ
ਜੌਰਡਨ ਆਦਿ ਵਿਚ ਲੱਖਾਂ ਦੀ ਗਿਣਤੀ ਵਿਚ ਰਿਫਿਊਜੀ ਕੈਂਪਾਂ ਵਿਚ ਬੈਠੇ ਹਨ।
ਇੰਗਲੈਂਡ ਵਿਚ ਜਿਸ ਕਦਰ ਬਾਹਰਲੇ ਦੇਸਾਂ ਤੋਂ ਰਿਫਿਊਜੀ ਅਤੇ ਗੈਰ ਰਿਫਿਉਜੀ ਆ ਰਹੇ
ਹਨ, ਇਹ ਇਥੋਂ ਦੇ ਅਰਥਚਾਰੇ ੳਤੇ ਤਕੜਾ ਪ੍ਰਭਾਵ ਪਾਉਣਗੇ। ਇਸੇ ਲਈ ਇੰਗਲੈਂਡ ਦੇ
ਹਰ ਵਰਗ ਦੇ ਲੋਕ ਇਸ ਸਥਿਤੀ ਤੋਂ ਭੈਅ ਭੀਤ ਹੋਏ ਪਏ ਹਨ। |