|
|
ਇਤਿਹਾਸ ਦੇ ਸਫਿ਼ਆਂ ‘ਤੇ ਉੱਕਰੇ ਗਏ ਹਰਫ਼ ਯੁਗਾਂ ਯੁਗਾਂਤਰਾਂ ਤੱਕ ਆਪਣੀ
ਹੋਂਦ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਨ। ਵੱਖਰੀ ਗੱਲ ਹੈ ਕਿ ਉਹਨਾਂ ਸਫਿ਼ਆਂ
‘ਤੇ ਲਿਖੇ ਹਰਫ਼ ਲੋਕਾਈ ਦੇ ਭਲੇ ਲਈ ਰਚੇ ਗਏ ਹਨ ਜਾਂ ਲੋਕਾਈ ਦੀਆਂ ਜੜ੍ਹਾਂ ‘ਚ
ਤੇਲ ਦੇਣ ਲਈ। ਉਹ ਲੋਕ ਹਮੇਸ਼ਾ ਹੀ ਪਿਆਰ ਸਤਿਕਾਰ ਦੇ ਪਾਤਰ ਬਣੇ ਹਨ ਜਿਹੜੇ ਰਸਤੇ
ਵਿੱਚ ਪੁੱਟੇ ਹੋਏ ਖੱਡੇ ‘ਚ ਡਿੱਗਣੋਂ ਬਚਾਉਣ ਲਈ ਲੋਕਾਂ ਨੂੰ ਇੱਕ ਚੌਂਕੀਦਾਰ ਬਣ
ਕੇ ਚੌਂਕੀਦਾਰਾ ਕਰਦੇ ਰਹਿੰਦੇ ਹਨ। ਨੌਜ਼ਵਾਨੀ ਹਮੇਸ਼ਾ ਹੀ ਤੱਤੇ ਤੱਤੇ ਵਿਚਾਰਾਂ
ਵੱਲ ਵਧੇਰੇ ਆਕਰਸਿ਼ਤ ਹੁੰਦੀ ਹੈ ਪਰ ਲੋੜ ਹਰ ਵੇਲੇ ਬਣੀ ਰਹਿੰਦੀ ਹੈ ਕਿ ਬਚਪਨੇ
ਤੋਂ ਇੱਕਦਮ ਰਾਹ ‘ਤੇ ਚੜ੍ਹੇ ਜਵਾਨੀ ਦੇ ਪਹੀਆਂ ਨੂੰ ਸਹੀ ਦਿਸ਼ਾ ਦਿੱਤੀ ਜਾਵੇ।
ਬੇਸ਼ੱਕ ਸ਼ਹੀਦ ਭਗਤ ਸਿੰਘ ਜਿਸਮਾਨੀ ਤੌਰ ‘ਤੇ ਸਾਡੇ ਦਰਮਿਆਨ ਨਹੀਂ ਹੈ ਪਰ ਉਸਦੀ
ਵਿਚਾਰਧਾਰਾ, ਉਸਦੇ ਲਿਖੇ ਹਰਫ਼ ਹਮੇਸ਼ਾ ਹੀ ਰਾਹ ਦਰਸਾਵਾ ਬਣੇ ਆ ਰਹੇ ਹਨ ਅਤੇ
ਬਣੇ ਰਹਿਣਗੇ। ਇਹ ਵੀ ਜਰੂਰੀ ਨਹੀਂ ਕਿ ਉਹ ਵਿਚਾਰਧਾਰਾ ਹਰ ਕਿਸੇ ਨੂੰ ਹਜ਼ਮ ਆਵੇ।
ਜਿਹਨਾਂ ਨੂੰ ਆਪਣੀ ਕੁਰਸੀ ਦੇ ਪਾਵੇ ਹਿੱਲਣ ਅਤੇ ਲੋਕਾਂ ਉੱਪਰ ਬਣਾਇਆ ਦਾਬਾ
ਖੁੱਸਣ ਦਾ ਡਰ ਹੋਵੇ, ਉਹ ਕਦ ਚਾਹੁਣਗੇ ਕਿ ਭਗਤ ਸਿੰਘ ਦੀ ਵਿਚਾਰਧਾਰਾ ਦੇ ਹਾਣੀ
ਬਣ ਕੇ ਘਰ ਘਰ ਦੇ ਪੁੱਤ ਜਿਉਂਦੇ ਜਾਗਦੇ ਭਗਤ ਸਿੰਘ ਬਣਨ। ਉਹ ਕਦੋਂ ਚਾਹੁਣਗੇ ਕਿ
ਨੌਜਵਾਨੀ ਆਪਣੀ ਬਿਹਤਰ ਜ਼ਿੰਦਗੀ ਦੇ ਸੁਪਨੇ ਬੁਣੇ। ਉਹ ਕਦੋਂ ਚਾਹੁਣਗੇ ਕਿ
ਨੌਜਵਾਨੀ ਆਪਣੇ ਵਿਚਾਰਾਂ ਦੀ ਤਲਵਾਰ ਤਰਕ ਦੀ ਸਾਣ ‘ਤੇ ਨਿਰੰਤਰ ਤੇਜ਼ ਕਰਦੀ ਰਹੇ।
ਸਗੋਂ ਉਸ ਫਿਰਕੇ ਦਾ ਉਲਟਾ ਜ਼ੋਰ ਇਸ ਗੱਲ ‘ਤੇ ਲੱਗੇਗਾ ਕਿ ਉਸੇ ਨੌਜਵਾਨੀ ਦੇ
ਵਿਚਾਰਾਂ ਨੂੰ ਤਲਵਾਰ ਦਾ ਰੂਪ ਦੇਣ ਨਾਲੋਂ ਹੱਥਾਂ ‘ਚ ਤਲਵਾਰਾਂ, ਗੰਡਾਸੇ, ਟਕੂਏ,
ਬੰਦੂਕਾਂ ਕਿਵੇਂ ਫੜਾਈਆਂ ਜਾਣ? ਇਸ ਮਨਸ਼ਾ ਦੀ ਪੂਰਤੀ ਲਈ ਫਿਲਮਾਂ, ਗੀਤ ਸੰਗੀਤ
ਰਾਹੀਂ ਬਾਖੂਬੀ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ।
ਸਭ ਦੇ ਸਾਹਮਣੇ ਹੀ ਹੈ ਕਿ ਕਿ ਕਿਸ ਤਰ੍ਹਾਂ ਪੰਜਾਬੀ ਫਿਲਮਾਂ ਜਾਂ ਗੀਤ ਸੰਗੀਤ
ਦੇ ਨਾਂ ‘ਤੇ ਨੌਜਵਾਨੀ ਨੂੰ ਪੁੱਠੀਆਂ ਮੱਤਾਂ ਥੋਕ ਦੇ ਭਾਅ ਵੰਡਣ ਦੇ ‘ਯੱਗ’ ਕੀਤੇ
ਜਾ ਰਹੇ ਹਨ। ਹਰ ਰੋਜ ਕਿਸੇ ਨਾ ਕਿਸੇ ਫਿਲਮ ਜਾਂ ਗੀਤ ਦਾ ਰਿਲੀਜ਼ ਹੋਣਾ, ਉਹ ਵੀ
ਬਿਨਾਂ ਕਿਸੇ ਵਿਚਾਰਧਾਰਕ ਪੱਖ ਤੋਂ ਇਹ ਦਰਸਾਉਣ ਲਈ ਕਾਫੀ ਹੈ ਕਿ ਨੌਜਵਾਨੀ ਨੂੰ
ਮਾਨਸਿਕ ਤੌਰ ‘ਤੇ ਨਿਪੁੰਸਕ ਕਿਵੇਂ ਬਣਾਇਆ ਜਾਵੇ? ਵਾਲਦੀਮੀਰ ਲੈਨਿਨ ਦਾ ਕਥਨ ਹੈ
ਕਿ “ਮੈਨੂੰ ਦੱਸੋ ਕਿ ਤੁਹਾਡੇ ਮੁਲਕ ਦੀ ਜਵਾਨੀ ਅਤੇ ਲੋਕਾਂ ਦੇ ਮੂੰਹਾਂ ‘ਤੇ
ਕਿਹੋ ਜਿਹੇ ਗੀਤ ਹਨ? ਮੈਂ ਤੁਹਾਨੂੰ ਤੁਹਾਡੇ ਮੁਲਕ ਦਾ ਭਵਿੱਖ ਦੱਸ ਸਕਦਾ ਹਾਂ।”
ਅਜੋਕੇ ਦੌਰ ਵਿੱਚ ਮੁਲਕ ਦਾ ਭਵਿੱਖ ਆਪਸੀ ਖਹਿਬਾਜੀਆਂ, ਦਾਰੂ ਪੀ ਕੇ ਬੱਕਰੇ
ਬੁਲਾਉਣ, ਰਫ਼ਲਾਂ ਪਿਸਤੌਲਾਂ ਨਾਲ ਠਾਹ ਠੁਹ ਕਰਨ ‘ਚ ਮਸਤ ਹੈ। ਵਿਹਲੇ ਹੱਥਾਂ ਨੂੰ
ਅਜਿਹੀ ਸੁਪਨਮਈ ਦੁਨੀਆ ਦੇ ਦੀਦਾਰੇ ਕਰਵਾਏ ਜਾ ਰਹੇ ਹਨ ਤਾਂ ਕਿ ਉਹ ਪੇਟ ਦੀ ਅੱਗ
ਬਾਰੇ ਸੋਚਣ ਤੋਂ ਪਹਿਲਾਂ ਹੀ ਉਹਨਾਂ ਨਜ਼ਾਰਿਆਂ ‘ਚ ਗੁੰਮਸੁੰਮ ਰਹੇ। ਜਿੱਥੇ
ਅਖੌਤੀ ਫਿਲਮਾਂ ਰਾਹੀਂ ਅਖੌਤੀ ਪ੍ਰੋਫੈਸਰਨੁਮਾ ਕਲਾਕਾਰ 'ਸਾਲਿਆ ਸਾਲਿਆ ਸਾਲਿਆ'
ਦੀ ਮੁਹਾਰਨੀ ਹੀ ਰਟ ਰਹੇ ਹੋਣ ਅਤੇ ਗੀਤਾਂ ਰਾਹੀਂ ਸਿਰਫ ਤੇ ਸਿਰਫ ਹਥਿਆਰਾਂ ਦੀ
ਨੋਕ ‘ਤੇ ਕੁੜੀਆਂ ਉਧਾਲਣ ਵਰਗੀ ਘਟੀਆ ਮੱਤ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੋਵੇ
ਉੱਥੇ ਅਜਿਹੇ ਦੌਰ ਵਿੱਚ ਸਾਰਥਿਕ ‘ਤੇ ਉਸਾਰੂ ਗੱਲ ਕਰਨੀ ਹਨੇਰੀ ਵਿੱਚ ਦੀਵਾ ਬਾਲਣ
ਵਰਗੀ ਗੱਲ ਹੋਵੇਗੀ। ਝੱਖੜ ਝੁਲਾਉਣ ਵਾਲਿਆਂ ਨੂੰ ਵਹਿਮ ਹੀ ਹੋ ਸਕਦਾ ਹੈ ਕਿ ਉਹ
ਹਨੇਰਗਰਦੀ ਰਾਹੀਂ ਹਨੇਰੇ ਦਾ ਪਸਾਰਾ ਕਰ ਦੇਣਗੇ ਪਰ ਸਿਆਣੇ ਹੱਥਾਂ ਦੀ ਓਟ ਅੰਤਾਂ
ਦੇ ਝੱਖੜ ਵਿੱਚ ਵੀ ਦੀਵੇ ਨੂੰ ਬੁਝਣੋਂ ਅਤੇ ਨਿਰੰਤਰ ਜਗਦਾ ਰੱਖਣ ਵਿੱਚ ਸਹਾਈ
ਹੁੰਦੀ ਹੈ। ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਸੋਚ ਉਸੇ ਦੀਵੇ ਦਾ ਰੂਪ ਹੈ ਜਿਸਨੂੰ
ਬੁਝਾਉਣ ਲਈ ਅਤੇ ਨੌਜਵਾਨੀ ਦੇ ਦਿਮਾਗਾਂ ਨੂੰ ਗਲਤ ਰੁਖ ਅਖਤਿਆਰ ਕਰਵਾਉਣ ਲਈ
ਬਿਨਾਂ ਸਿਰ ਪੈਰ ਦੀਆਂ ਫਿਲਮਾਂ, ਗੀਤਾਂ ਉੱਪਰ ਕਰੋੜਾਂ ਰੁਪਏ ਲਗਾ ਕੇ ਅਰਬਾਂ
ਕਮਾਉਣ ਦੀ ਖੇਡ ਖੇਡੀ ਜਾ ਰਹੀ ਹੈ। ਪਰ ਇਸੇ ਝੱਖੜ ਵਿਚਕਾਰ ਇਨਕਲਾਬੀ ਅਤੇ
ਤਰਕਪਸੰਦ ਲੋਕਾਂ ਵਿੱਚ ਸਤਿਕਾਰ ਦੇ ਪਾਤਰ ਮਰਹੂਮ ਸਾਥੀ ਗੁਰਮੇਲ ਮੋਗਾ ਵਰਗੇ
ਜੁਝਾਰੂ ਲੋਕਾਂ ਦਾ ਖ਼ੂਨ ਉਸ ਸੋਚ ਦੇ ਦੀਵੇ ਨੂੰ ਮਸ਼ਾਲ ਬਣਾ ਕੇ ਬਾਲਣ ਅਤੇ ਚਾਨਣ
ਕਰਨ ਲਈ ਯਤਨਸ਼ੀਲ ਹੈ। ਤਰਕਸ਼ੀਲ ਗੁਰਮੇਲ ਮੋਗਾ ਦਾ ਰੰਗਕਰਮੀ ਬੇਟਾ ਇੰਦਰਜੀਤ
ਮੋਗਾ ਰੈੱਡ ਆਰਟਸ ਨਾਮੀ ਬੈਨਰ ਹੇਠ ਆਪਣੇ ਸਾਥੀ ਕਲਾਕਾਰਾਂ ਨਾਲ “ਦ ਰੀਅਲ ਭਗਤ
ਸਿੰਘ” ਨਾਮੀ ਲਘੂ ਫਿਲਮ ਰਾਹੀਂ ਜੋ ਸੁਨੇਹਾ ਦੇ ਰਿਹਾ ਹੈ ਉਹ ਕਰੋੜਾਂ ਰੁਪਏ ਦੇ
ਬਜਟ ਵਾਲਿਆਂ ਦੇ ਵੀ ਵੱਸੋਂ ਬਾਹਰ ਦੀ ਗੱਲ ਹੈ। ਕਿਸੇ ਵਿਦਵਾਨ ਦਾ ਕਥਨ ਹੈ ਕਿ
“ਬੁੱਧੀਜੀਵੀ ਸੌਖੀ ਗੱਲ ਨੂੰ ਵੀ ਔਖੇ ਢੰਗ ਨਾਲ ਕਹਿੰਦਾ ਹੈ ਅਤੇ ਕਲਾਕਾਰ ਔਖੀ
ਗੱਲ ਨੂੰ ਵੀ ਸੌਖੇ ਢੰਗ ਨਾਲ ਕਹਿੰਦਾ ਹੈ।” ਇਸ ਕਥਨ ਦੀ ਸੱਚਾਈ ਹੂਬਹੂ ਝਲਕਦੀ
ਦਿਸੇਗੀ ਜਦੋਂ ਭਗਤ ਸਿੰਘ ਨੂੰ ਇੱਕ ਨੌਜਵਾਨ ਨਾਲ ਗੱਲਾਂ ਰਾਹੀਂ ਆਪਣੇ ਦਿਲ ਦਾ
ਦਰਦ ਬਿਆਨ ਕਰਦਾ ਦੇਖੋਗੇ। ਬਹੁਤ ਹੀ ਸੀਮਤ ਸਾਧਨਾਂ ਨਾਲ ਬਹੁਤ ਵੱਡੀ ਗੱਲ ਕਹਿ ਗਈ
ਇਸ ਫਿਲਮ ਵਿੱਚ ਜਦੋਂ ਭਗਤ ਸਿੰਘ ਕਹਿੰਦੈ ਕਿ “ਤੁਸੀਂ ਕੀ ਬਣਾ ਦਿੱਤੈ ਸਾਨੂੰ?
ਮੈਂ ਵੈਲੀ ਜਾਂ ਦਹਿਸ਼ਤਗਰਦ ਤਾਂ ਨਹੀਂ ਸੀ ਜੋ ਹਰ ਵੇਲੇ ਹੱਥ ਵਿੱਚ ਪਿਸਤੌਲ ਲੈ
ਕੇ ਘੁੰਮਦਾ ਸੀ? ਜਾਂ ਜੋ ਗੱਲ ਗੱਲ ‘ਤੇ ਗੋਲੀ ਚਲਾਉਂਦਾ ਸੀ?” ਇਹ ਲਘੂ ਫਿਲਮ
ਦੇਖਦਿਆਂ ਨਿਰਸੰਦੇਹ ਹਰ ਨੌਜਵਾਨ ਸੋਚਣ ਲਈ ਮਜ਼ਬੂਰ ਜਰੂਰ ਹੋਵੇਗਾ ਕਿ ਉਹ ਭਗਤ
ਸਿੰਘ ਨੂੰ ਕੀ ਤੋਂ ਕੀ ਬਣਾਈ ਜਾ ਰਹੇ ਹਨ? ਜਰੂਰ ਸੋਚਣਗੇ ਕਿ “ਲਗਦੈ ਮੈਨੂੰ ਫੇਰ
ਆਉਣਾ ਪਊ” ਜਾਂ “ਗੋਰੇ ਖੰਘੇ ਸੀ ਤਾਹੀਉਂ ਟੰਗੇ ਸੀ” ਵਰਗੀ ਸ਼ਬਦਾਵਲੀ ਭਗਤ ਸਿੰਘ
ਦੀ ਫੋਟੋ ਉੱਪਰ ਧੱਕੇ ਨਾਲ ਚਿਪਕਾ ਦੇਣੀ ਉਸਦੀ ਸੋਚ ਦਾ ਚੌਰਾਹੇ ਵਿੱਚ ਕਤਲ ਕਰਨ
ਦੀਆਂ ਚਾਲਾਂ ‘ਚੋਂ ਹੀ ਇੱਕ ਚਾਲ ਹੈ। ਉਹ ਜਰੂਰ ਸੋਚਣਗੇ ਕਿ “ਹੈਂਅ!!! ਭਗਤ ਸਿੰਘ
ਪੜ੍ਹਦਾ ਵੀ ਸੀ? ਜੇ ਇੰਨਾ ਅਧਿਐਨ ਪਸੰਦ ਸੀ ਤਾਂ ਉਸਦੀ ਇਹ ‘ਖ਼ੂਬੀ’ ਲੋਕਾਂ
ਕੋਲੋਂ ‘ਲੁਕੋ’ ਕੇ ਕਿਉਂ ਰੱਖੀ ਜਾ ਰਹੀ ਹੈ?”
ਇਹ ਵੀ ਸੱਚ ਹੈ ਕਿ ਬੋਹੜ ਜਾਂ ਪਿੱਪਲ ਵਰਗੇ ਘਣਛਾਵੇਂ ਬੂਟੇ ਗਮਲਿਆਂ ਵਿੱਚ
ਉੱਗ ਕੇ ਛਾਂ ਨਹੀਂ ਦਿੰਦੇ, ਉਹਨਾਂ ਨੂੰ ਮੌਲਣ ਲਈ ਧਰਤੀ ਦੀ ਹਿੱਕ ‘ਚ ਪਨਾਹ ਲੈਣੀ
ਪੈਂਦੀ ਹੈ। ਬਿਲਕੁਲ ਉਸੇ ਤਰ੍ਹਾਂ ਹੀ ਨੌਜਵਾਨੀ ਨੂੰ ਰਾਹੋਂ ਭਟਕਾਉਣ ਦੀ ਸੋਚ
ਪਾਲੀ ਬੈਠੇ ਲੋਕ ਆਪਣੀ ਸੋਚ ਦੇ ਬੋਹੜ ਪਿੱਪਲ ਗਮਲਿਆਂ ਵਿੱਚ ਬੀਜੀ ਬੈਠੇ ਹਨ ਪਰ
ਜਦੋਂਕਿ ਅਸਲੀਅਤ ਇਹ ਹੈ ਕਿ ਇੰਦਰਜੀਤ ਵਰਗੇ ਅਨੇਕਾਂ ਨੌਜਵਾਨ ਅਜੇ ਵੀ ਆਪੋ ਆਪਣੇ
ਪੱਧਰ ‘ਤੇ ਸਰਗਰਮ ਹਨ ਜੋ ਨਿਸ਼ਕਾਮ ਸੋਚ ਤਹਿਤ ਸਾਡੇ ਸੂਰਬੀਰਾਂ ਯੋਧਿਆਂ ਦੀ ਸੋਚ
ਦੇ ਬੂਟੇ ਧਰਤ ਦੀ ਹਿੱਕ ‘ਤੇ ਉਗਾ ਰਹੇ ਹਨ। ਜੋ ਨਾ ਸਿਰਫ ਛਾਂਦਾਰ ਬ੍ਰਿਖ ਬਣਨਗੇ
ਸਗੋਂ ਇਤਿਹਾਸ ਦੇ ਪੰਨਿਆਂ ‘ਚ ਵੀ ਮਾਣਮੱਤਾ ਸਥਾਨ ਹਾਸਲ ਕਰਨਗੇ। ਇਸ ਉੱਦਮ ਨੂੰ
ਖੁਸ਼ਆਮਦੀਦ ਕਹਿੰਦੇ ਹੋਏ ਉਹਨਾਂ ਨਿੱਕੇ ਵੱਡੇ ਵੀਰਾਂ ਨੂੰ ਜਰੂਰ ਬੇਨਤੀ ਕਰਾਂਗੇ
ਕਿ ਭਗਤ ਸਿੰਘ ਦੀ ਪਿਸਤੌਲ ਵਾਲੀ ਫੋਟੋ ਘਰ ‘ਚ ਲਾ ਕੇ, ਫੋਟੋ ਵਾਲੀਆਂ ਸ਼ਰਟਾਂ
ਪਹਿਨ ਕੇ, ਮੁੱਛਾਂ ਨੰ ਵਟ ਚਾੜ੍ਹ ਕੇ ਜਾਂ ਲੜ ਛੱਡਵੀਂ ਪੱਗ ਬੰਨ੍ਹ ਕੇ ਭਗਤ ਸਿੰਘ
ਦੇ ਬਾਹਰੀ ਰੂਪ ਦਾ ਸਵਾਂਗ ਧਾਰਿਆ ਜਾ ਸਕਦਾ ਹੈ। ਜੇਕਰ ਭਗਤ ਸਿੰਘ ਦੇ ਸਚਮੁੱਚ
‘ਫੈਨ’ ਹੋ ਤਾਂ ਉਸਦੇ ਅੰਦਰਲੇ ਮਨ ਨੂੰ ਵੀ ਪੜ੍ਹਨਾ ਪਵੇਗਾ ਜੋ ਸਿਰਫ ਤੇ ਸਿਰਫ
ਕਿਤਾਬਾਂ ਵਿੱਚੋਂ ਹੀ ਮਿਲੇਗਾ। ਸਕੂਲਾਂ, ਕਾਲਜਾਂ, ਯੁਨੀਵਰਸਿਟੀਆਂ ਦੀਆਂ
ਪ੍ਰਧਾਨਗੀਆਂ ਲਈ ਇੱਕ ਦੂਜੇ ਦੇ ਸਿਰ ਪਾੜਨੇ ਉਦੋਂ ਫੁਕਰੀਆਂ ਜਿਹੀਆਂ ਗੱਲਾਂ ਲੱਗਣ
ਲੱਗ ਜਾਣਗੀਆਂ ਜਦੋਂ ਦੋ ਘੜੀ ਬੈਠ ਕੇ ਸੋਚੋਗੇ ਕਿ ਕੀ ਅਸੀਂ ਸਿੱਖਿਆ ਦੇ ਅਧਿਕਾਰ
ਦੀ ਪ੍ਰਾਪਤੀ ਲਈ ਕਿਸੇ ਜੱਦੋਜਹਿਦ ਵਿੱਚ ਹਿੱਸਾ ਲਿਆ ਹੈ? ਕੀ ਕਦੇ ਅਸੀਂ ਸੋਚਿਆ
ਹੈ ਕਿ ਮੁਫ਼ਤ ਬੱਸ ਪਾਸ ਦੀ ਸਹੂਲਤ ਸਾਥੋਂ ਕਿਵੇਂ ਯੋਜਨਾਬੱਧ ਢੰਗ ਨਾਲ ਖੋਹੀ ਜਾ
ਰਹੀ ਹੈ? ਸਾਡੀ ਸੋਚ ਨੂੰ ਖੁੰਢਾ ਕਰਨ ਲਈ ਬੇਹੂਦਾ ਤੇ ਬੇਮਤਲਬੀ ਸ਼ਬਦਾਵਲੀ
ਵਾਲੀਆਂ ਫਿਲਮਾਂ, ਗੀਤਾਂ ਦਾ ਬੋਲਬਾਲਾ ਕਿਸ ਚਾਲ ਤਹਿਤ ਕੀਤਾ ਜਾ ਰਿਹਾ ਹੈ? ਹਰ
ਹੱਥ ਨੂੰ ਕਿਰਤ ਦੇ ਮੌਕੇ ਕਿਉਂ ਨਹੀਂ ਦਿੱਤੇ ਜਾ ਰਹੇ? ਕਿਉਂ ਹਰ ਜੰਮਦਾ ਪੁੱਤ ਧੀ
ਭਵਿੱਖ ਦਾ ਬੇਰੁਜ਼ਗਾਰ ਬਣ ਜਾਂਦੈ? ਕਿਉਂ ਲੱਖਾਂ ਲੋਕ ਬੀਮਾਰੀਆਂ ਨੂੰ ਰੱਬ ਦਾ
ਭਾਣਾ ਮੰਨ ਕੇ ਜਹਾਨੋਂ ਕੂਚ ਕਰ ਜਦੇ ਹਨ? ਕਿਉਂ ਮਾਂ ਪਿਉ ਆਪਣੀਆਂ ਹੀ ਆਂਦਰਾਂ
ਧੀਆਂ ਨੂੰ ਜੰਮਣ ਤੋਂ ਪਹਿਲਾਂ ਡਾਕਟਰਾਂ ਕੋਲੋਂ ਖੁਰਚ ਖੁਰਚ ਕੇ ਬਾਹਰ ਕਢਵਾ ਦੇਣ
ਦੀ ਸੋਚ ਪਾਲਦੇ ਹਨ? ਕਿਉਂ ਤੇ ਕਿਹੜੇ ਹਾਲਾਤ ਹਨ ਕਿ ਸਕੂਲਾਂ ਹਸਪਤਾਲਾਂ,
ਕਿਤਾਬਘਰਾਂ ਨਾਲੋਂ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਦਿਨ ਦੁੱਗਣੀ ਰਾਤ ਅੱਠਗੁਣਾ
ਤਰੱਕੀ ਕਰ ਰਹੀ ਹੈ? ਕਿਉਂ ਕਿਉਂ ਕਿਉਂ???
ਜਿਸ ਦਿਨ........ ਹਾਂ ਜਿਸ ਦਿਨ ਭਗਤ ਸਿੰਘ ਦੀ ਪਿਸਤੌਲ ਵਾਲੀ ਫੋਟੋ ਵਾਲੀਆਂ
ਵੱਡ ਆਕਾਰੀ ਤਸਵੀਰਾਂ ਦੀ ਜਗ੍ਹਾ ਘਰ ਘਰ ਭਗਤ ਸਿੰਘ ਦੀ ਕਿਤਾਬਾਂ ਹਿੱਕ ਨੂੰ ਲਾਈ
ਖੜ੍ਹੇ ਦੀ ਤਸਵੀਰ ਲੱਗ ਗਈ, ਅਤੇ ਅਸੀਂ ਖੁਦ ਵੀ ਕਿਤਾਬਾਂ ਨਾਲ ਅਟੁੱਟ ਸਾਂਝ ਬਣਾ
ਲਈ, ਉਸ ਦਿਨ ਹੀ ਅਸੀਂ ਭਗਤ ਸਿੰਘ ਦੇ ਅਸਲੀ ‘ਫੈਨ’ ਅਖਵਾਉਣ ਦੇ ਹੱਕਦਾਰ
ਹੋਵਾਂਗੇ। ਨਹੀਂ ਤਾਂ ਓਨੀ ਦੇਰ ਅਸੀਂ ਉਹਨਾਂ ਤਾਕਤਾਂ ਦੇ ਹੱਥਠੋਕੇ ਬਣ ਕੇ ਹੀ
ਵਰਤੇ ਜਾਂਦੇ ‘ਸੰਦ’ ਵਜੋਂ ਹੀ ਜਾਣੇ ਜਾਂਦੇ ਰਹਾਂਗੇ ਜਿਹਨਾਂ ਨੂੰ ਲੋਕਾਂ ਦਾ
ਜਾਗਣਾ ਹਰਗਿਜ਼ ਮਨਜ਼ੂਰ ਨਹੀਂ।
|