|
ਪੰਜਾਬੀ ਭਾਸ਼ਾ ਦੀ ਦੁਸ਼ਵਾਰੀ ਦਾ ਪਿਛੋਕੜ : ਭਾਰਤ ਦੇ ਕਪਟੀ
ਸਿਆਸਤਦਾਨਾਂ ਅਤੇ ਪੰਜਾਬ ਦੇ ਝੋਲ਼ੀ ਚੱਕ ਆਗੂਆਂ ਦੀਆਂ ਗੁੱਝੀਆਂ ਸ਼ੈਤਾਨ ਚਾਲਾਂ ਨੇ
ਆਜ਼ਾਦੀ ਤੋਂ ਬਾਅਦ ਜਲਦੀ ਹੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ।
ਪੰਜਾਬੀਆਂ ਦੀ ਬਹਾਦਰੀ ਦਿੱਲੀ ਦੀਆਂ ਅੱਖਾਂ ਦੀ ਰੜਕ ਬਣ ਗਈ ਜਿਸ ਕਰਕੇ ਦਿੱਲੀ ਨੇ
ਦੇਸ਼ ਦੇ ਇਸ ਵਿਸ਼ਾਲ, ਖੁਸ਼ਹਾਲ ਤੇ ਬਹਾਦਰ ਸੂਬੇ ਨੂੰ ਹਰ ਤਰਾਂ ਨਾਲ਼ ਖਦੇੜਨ ਦੇ ਯਤਨ
ਆਲੰਭ ਕਰ ਦਿੱਤੇ। ਪੰਜਾਬ ਨੂੰ ਵੱਢ ਕੇ ਹਿਮਾਚਲ ਤੇ ਹਰਿਆਣਾ ਬਣਾ ਦਿੱਤੇ ਗਏ।
ਲਹਿੰਦੇ ਪੰਜਾਬ ‘ਚ ਵੀ ਉੱਧਰ ਦੇ ਆਗੂਆਂ ਘੱਟ ਨੀ ਕੀਤੀ। ਚੜਦੇ ਪੰਜਾਬ ‘ਚ ਭਾਸ਼ਾ
ਨੂੰ ਅਧਾਰ 'ਤੇ ਪੰਜਾਬੀ ਸੂਬੇ ਲਈ ਕਿਹੜੇ ਜਫਰ ਜਾਲਣੇ ਪਏ, ਮੁੱਢ ਕਿਉਂ ਤੇ ਕਿਵੇਂ
ਬੱਝਿਆ, ਲਛਮਣ ਸਿੰਘ ਗਿੱਲ ਨੇ ਪੰਜਾਬੀ ਨੂੰ ਰਾਜ ਭਾਸ਼ਾ ਬਣਾਉਣ ਲਈ ਕੀ ਉਪਰਾਲੇ
ਕੀਤੇ - ਸਰਕਾਰ ਦੀਆਂ ਪੰਜਾਬੀ ਪ੍ਰਤੀ ਸੁਹਿਰਦ ਨੀਤੀਆਂ ਨੂੰ ਕਿਵੇਂ 'ਤਾਰਪੀਡੋ'
ਕੀਤਾ ਗਿਆ - ਇਹ ਇੱਕ ਬਹੁਤ ਲੰਬਾ ਤੇ ਗੰਭੀਰ ਵਿਸ਼ਾ ਹੈ। ਬੰਗਾਲੀਆਂ ਦੀ ਆਪਣੀ ਮਾਤ
ਭਾਸ਼ਾ ਪ੍ਰਤੀ ਜਾਗਰੂਕ ਸੁਹਿਰਦਤਾ ਵਰਗੀ ਪੰਜਾਬ ‘ਚ ਇੱਕ ਵੀ ਸੰਸਥਾ ਅਜਿਹੀ ਨਹੀਂ
ਜਿਸਦੇ ਸਿਰ ਇਹ ਸਿਹਰਾ ਬੰਨਿਆਂ ਜਾ ਸਕੇ। ਗੱਲ ਕੀ ਕੌਮੀ ਪੱਧਰ ਤੇ ਲਛਮਣ ਸਿੰਘ
ਗਿੱਲ ਵਰਗੀ ਸ਼ਿੱਦਤ ਵਾਲ਼ਾ ਮੁੜ ਕੋਈ ਨਾ ਉੱਠਿਆ। ਸਥਾਨਕ ਪੱਧਰ 'ਤੇ ਭਾਵੇਂ ਕੁੱਝ
ਯਤਨ ਹੋਏ ਪਰ ਇਹ ਆਟੇ ‘ਚ ਲੂਣ ਵਾਲ਼ੀ ਗੱਲ ਹੀ ਸਾਬਤ ਹੋਏ। ਰਾਜਨੀਤਕ ਪਾਰਟੀਆਂ
ਕਮਿਊਨਿਸਟ, ਕਾਂਗਰਸੀ, ਭਾਂਤ ਭਾਂਤ ਦੇ ਅਕਾਲੀ ਦਲ, ਸ਼੍ਰੋ. ਗੁ.ਪ੍. ਕਮੇਟੀ, ਭਾਸ਼ਾ
ਵਿਭਾਗ ਪੰਜਾਬ ਕਿਸੇ ਨੇ ਵੀ ਅੱਗੇ ਹੋ ਕੇ ਪੰਜਾਬੀ ਦੀ ਬਾਂਹ ਨਾ ਫੜੀ। ਬਾਬੂ
ਫਿਰੋਜਦੀਨ ਸ਼ਰਫ ਦੇ ਦਰਦ ਨੇ ਕਿਸੇ ਪੰਜਾਬੀ ਨੂੰ ਵੀ ਨਾ ਟੁੰਬਿਆ ਤੇ ਉਸਦੇ ਬੋਲ
ਅੱਜ ਵੀ ਦੋਹਾਂ ਪੰਜਾਬਾਂ ਦੀਆਂ ਫਿਜਾਵਾਂ ‘ਚ ਸਿਸਕ ਰਹੇ ਹਨ, “ਸ਼ਰਫ ਪਾਈ ਨਾ
ਜਿਨਾਂ ਨੇ ਕਦਰ ਮੇਰੀ, ਵੇ ਮੈਂ ਬੋਲੀ ਹਾਂ ਉਨਾਂ ਪੰਜਾਬੀਆਂ ਦੀ”।
“ਪੰਜਾਬ ਦੇ ਜੰਮਿਆਂ ਨੂੰ ਨਿੱਤਤ ਮੁਹਿੰਮਾਂ” ਕਹਾਵਤ ਵਰਤਣ ਵਾਲ਼ੇ ਬਹੁਤ, ਪਰ
ਇਸ ਵਿੱਚਲੇ ਦਰਦ ਅਤੇ ਡੁੰਘਾਈ ਨੂੰ ਸਮਝਣ ਵਾਲ਼ੇ ਸ਼ਾਇਦ ਬਹੁਤ ਘੱਟ ਲੋਕ ਹੋਣਗੇ।
ਪੰਜਾਬੀ ਭਾਸ਼ਾ ਨਾਲ਼ ਵਿਤਕਰੇ ਦਾ ਇਤਿਹਾਸ ਕਿੰਨਾ ਲੰਬਾ ਹੈ ਆਪਾਂ ਏਸ ਬਿਹਸ ਵਿੱਚ
ਵੀ ਨਹੀਂ ਪੈਣਾ। ਨਾ ਹੀ ਕਿ ਕੰਪਿਊਟਰ ਦਾ ਜਨਮ ਕਦੋਂ ਤੇ ਕਿਵੇਂ ਹੋਇਆ? ਪੰਜਾਬੀ
ਸੂਬੇ ਦਾ ਮੁੱਢ ਕਿਉਂ ਤੇ ਕਿਵੇਂ ਬੱਝਿਆ ਆਦਿ ਵਿਸ਼ੇ ਅਤੇ ਕਈ ਹੋਰ ਸਮੱਸਿਆਵਾਂ ਵੱਲ
ਸੰਕੇਤਕ ਇਸ਼ਾਰਾ ਮਾਤਰ ਹੀ ਕਾਫੀ ਹੋਵੇਗਾ। ਸਮਝਣ ਵਾਲ਼ੇ ਸਮਝ ਜਾਣਗੇ।
ਕੀ-ਬੋਰਡ ਦਾ ਪਿਛੋਕੜ: ਕੀ-ਬੋਰਡ ਦਾ ਜਨਮ ਕੰਪਿਊਟਰ ਤੋਂ ਬਹੁਤ ਚਿਰ
ਪਿਹਲਾਂ ਹੋਇਆ। ਪਰ ਇਸ ਨਵੇਂ ਜਨਮੇ ਬਾਲ ਨੇ ਜਨਮ ਲੈਂਦਿਆਂ ਹੀ ਆਪਣੇ ਅਦਭੁੱਤ
ਚਮਤਕਾਰ ਦਿਖਾਉਣੇ ਸ਼ੁਰੂ ਕਰ ਦਿੱਤੇ। ਦੁਨੀਆਂ ਦੀਆਂ ਜਿਨਾਂ ਭਾਸ਼ਾਵਾਂ ਨੇ ਕੀ-ਬੋਰਡ
ਦਾ ਕਦੇ ਸੁਪਨਾ ਵੀ ਨਹੀਂ ਸੀ ਲਿਆ ਉਹ ਖੁਦ ਹੈਰਾਨ ਸਨ। ਬਿੱਲ ਗੇਟਸ ਦੇ ‘ਦਿਮਾਗੀ
ਬੱਚੇ’ ਮਈਕਰੋਸੌਫਟ ਨੇ ਆਪਣੇ ਚਮਤਕਾਰੀ ਕਾਰਨਾਮਿਆਂ ਨਾਲ਼ ਸਾਰੀ ਦੁਨੀਆਂ ਨੂੰ
ਹੈਰਾਨ ਕਰਨਾ ਸ਼ੁਰੂ ਕਰ ਦਿੱਤਾ। ਮਈਕਰੋਸੌਫਟ ਨੇ ਨਵੀਂ ਕਾਢ ਦੇ ਨਾਲ਼ ਹੀ ਅੱਸੀਵਿਆਂ
ਦੇ ਅਰੰਭ ਵਿੱਚ ਹੀ ਆਪਣੀ ਦੂਰ-ਅੰਦੇਸ਼ੀ ਤੋਂ ਕੰਮ ਲੈਂਦਿਆਂ ਦੁਨੀਆਂ ਭਰ ਦੇ ਵਿਕਸਤ
ਦੇਸ਼ਾਂ ਨੂੰ ਆਪਣੀ ਆਪਣੀ ਭਾਸ਼ਾ ਦਾ ਕੀ-ਬੋਰਡ ਤਿਆਰ ਕਰ ਕਰਕੇ ਦੇਣ ਲਈ ਉਕਸਾਇਆ।
ਪ੍ਰਾਪਤ ਜਾਣਕਾਰੀ ਮੁਤਾਬਕ ਹਿੰਦੋਸਤਾਨ ਦੀ ਸਰਕਾਰ ਨੇ ਵੀ ਆਪਣੀਆਂ ਸਭ ਭਾਸ਼ਾਵਾਂ
ਦਾ ਕੀ-ਬੋਰਡ ਤਿਆਰ ਕਰਵਾਇਆ। ਪੰਜਾਬੀ ਦੇ ਕੀ-ਬੋਰਡ ਦਾ ਕੰਮ ਥਾਪਰ ਇੰਸਟੀਚਿਊਟ
ਪਿਟਆਲ਼ਾ ਨੂੰ ਸੌਂਪਿਆ ਗਿਆ ਜਿਨਾਂ ਨੇ ਆਪਣੀ ਸਮਝ ਅਨੁਸਾਰ ਪੰਜਾਬੀ ਦਾ ਕੀ-ਬੋਰਡ
ਤਿਆਰ ਕਰਕੇ ਭਾਰਤੀ ਸਰਕਾਰ ਦੇ ਕੰਪਿਊਟਰ ਵਿਭਾਗ ਸੀ-ਡੈਕ (Centre for
Development of Advanced Computing) ਦੇ ਹਵਾਲੇ 'ਤੇ ਉਨਾਂ ਅਗੋਂ
ਮਾਈਕਰੋਸੌਫਟ ਨੂੰ ਸੌਂਪ ਦਿੱਤਾ। ਉਸ ਸਮੇਂ ਪੰਜਾਬੀ ਦੇ ਰੌਸ਼ਨ ਦਿਮਾਗਾਂ ਵਿੱਚ
ਕੰਪਿਊਟਰ ਦੀ ਘੱਟ ਜਾਂ ਨਾ ਹੋਇਆਂ ਨਾਲ਼ ਦੀ ਹੋਣ ਕਾਰਨ ਇਸ ਵਿੱਚਲੀਆਂ ਅਨੇਕਾਂ ਦੇ
ਖਾਮੀਆਂ/ਤਰੁਟੀਆਂ ਵੱਲ ਕਿਸੇ ਦਾ ਵੀ ਧਿਆਨ ਹੀ ਨਹੀਂ ਜਾ ਸਕਿਆ। ਜੇ ਕਿਸੇ ਦਾ ਗਿਆ
ਵੀ ਹਊ ਤਾਂ ਉਸਨੇ ਸ਼ਾਇਦ “ਹਊ ਪਰੇ - ਮੈਨੂੰ ਕੀ - ਏਹ ਹੀ ਚੱਲੂ” ਦੀ ਮਾਨਿਸਕਤਾ
ਨਾਲ਼ ਅਣਗੌਲ਼ਿਆਂ ਕਰ ਦਿਤਾ ਹੋਵੇ। ਇਸੇ ਅਣਗਿਹਲੀ ਕਾਰਨ ਜੋ ਦੁਰਦਸ਼ਾ ਦਾ ਸਾਹਮਣਾ,
ਕੰਪਿਊਟਰ ਦੇ ਖੇਤਰ ਜਾਂ ਕੰਪਿਊਟਰ ਦੀ ਦੁਨੀਆਂ ਵਿੱਚ ਪੰਜਾਬੀ ਭਾਸ਼ਾ ਨੂੰ ਕਰਨਾ
ਜਾਂ ਸਹਾਰਨਾ ਪਿਆ ਉਸ ਦਾ ਖਿਮਆਜਾ, ਉਸ ਦਿਨ ਤੋਂ ਅੱਜ ਤੱਕ ਪੰਜਾਬੀ ਭਾਸ਼ਾ ਸਾਰੀ
ਦੁਨੀਆਂ ਵਿੱਚ ਭੁਗਤ ਰਹੀ ਹੈ। ਭਾਰਤੀ ਸੜਕਾਂ ਬਾਜ਼ਾਰਾਂ ‘ਚ ਫਿਰਦੀ ਇੱਕ ਅਵਾਰਾ
ਗਊ ਵਰਗੀ ਇਸਦੀ ਐਸ ਵੇਲੇ ਹਾਲਤ ਹੈ। ਜਿਸ ਵਸਤੂ ਜਾਂ ਜਾਨਵਰ ਦਾ ਕੋਈ ਵਾਲੀ
ਬਾਲੀ-ਵਾਰਸ ਨਾ ਹੋਵੇ ਉਸਦੇ ਹਸ਼ਰ ਤੋਂ ਸਭ ਭਲੀ ਭਾਂਤ ਵਾਕਿਫ ਨੇ। “ਗਰੀਬ ਦੀ
ਵਹੁਟੀ ਸਭ ਦੀ ਭਾਬੀ” ਵਾਲ਼ਾ ਹਸ਼ਰ ਪੰਜਾਬੀ ਭਾਸ਼ਾ ਦਾ ਕੰਪਿਊਟਰ ਦੇ ਹੋਂਦ ਵਿੱਚ ਆਉਣ
ਵੇਲੇ ਤੋਂ ਲੈ ਕੇ ਹੁਣ ਤੱਕ ਭਾਵ ਅੱਜ ਵੀ ਹੋ ਰਿਹਾ ਹੈ। ਜਮਾਂਦਰੂ ਤਰੁੱਟੀਆਂ ਅਤੇ
ਊਣਤਾਈਆਂ ਕਾਰਨ ਉਪਲਬਧ ਕੀ-ਬੋਰਡ (‘ਇਨਸਕਰਿਪਟ’) ਨੂੰ ਪੰਜਾਬੀਆਂ ਵਲੋਂ ਨਾ-ਮਨਜ਼ੂਰ
ਕਰ ਦਿੱਤਾ ਗਿਆ ਜਿਸ ਕਰਕੇ ਇਸ ਦੀ ਦੁਰ-ਵਰਤੋਂ ਨਾ ਸਿਰਫ ਭਾਰਤ ਵਿੱਚ ਹੀ ਹੋਈ
ਸਗੋਂ ਬਾਹਰਲੇ ਦੇਸ਼ਾਂ ਵਿੱਚ ਵੀ ਸ਼ਰੇਆਮ ਕੀਤੀ ਗਈ ‘ਤੇ ਹੋ ਰਹੀ ਹੈ। ਦੇਸ ਬਦੇਸ
ਬੈਠੇ ਪੰਜਾਬੀਆਂ ਨੇ ਇਸ ਕੀ-ਬੋਰਡ ਨੂੰ ਵਰਤਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਅਤੇ
ਆਪੋ ਆਪਣੇ ਕੀ-ਬੋਰਡ ਤਿਆਰ ਕਰ ਕਰਕੇ ਮਸਲਾ ਰਲਗੱਡ ਕਰ ਦਿੱਤਾ। ਕੰਪਿਊਟਰ ਉੱਪਰ
ਪੰਜਾਬੀ ਭਾਸ਼ਾ ਦੀ ਵਰਤੋਂ ਦੇ ਮਿਆਰੀਕਰਨ ਨੂੰ ਡਾਢੀ ਸੱਟ ਵੱਜੀ ਅਤੇ ਸਮੱਸਿਆ ਦਾ
ਹੱਲ ਕੱਢਣ ਦਾ ਇੱਕ ਵੀ ਉਪਰਾਲਾ ਨਹੀਂ ਹੋਇਆ, ਨਾ ਕੀਤਾ ਗਿਆ। ਕੋਈ ਸੁਧਾਰ ਹੋਣ ਦੀ
ਬਜਾਏ ਸਮੱਸਿਆ ਓਸੇ ਤਰਾਂ, ਓਥੇ ਹੀ ਖੜੀ ਰਹੀ।
ਮੌਜੂਦਾ ਹਾਲਤ: ਪਰ ਏਸ ਤੋਂ ਵੀ ਹੈਰਾਨੀ ਤੇ ਦੁੱਖ ਭਰੇ ਸਿਤਮ ਦੀ ਗੱਲ
ਇਹ ਹੈ ਕਿ ਇਹ ਦੁਰਦਸ਼ਾ ਕਿਸੇ ਨੂੰ ਵੀ ਦਿਸ ਨਹੀਂ ਰਹੀ! ਜਾਂ ਜਿਸਨੂੰ ਦਿਸੀ ਵੀ ਉਹ
ਵੀ ਕਬੂਤਰ ਵਾਂਗ ਚੁੱਪ ਚਾਪ ਅੱਖਾਂ ਮੀਟ ਕੇ ਬੈਠ ਗਏ। ਉਨਾਂ ਤੇ ਕਈ ਅਸਰ ਹੀ ਨਹੀਂ
ਹੋਇਆ ਤੇ ਨਾ ਹੀ ਹੋਣ ਵਾਲ਼ਾ ਹੈ ਲੱਗਦਾ। ਕੋਈ ਸ਼ੱਕ ਹੈ ਤਾਂ ਕਿਸੇ ਨਾਲ਼ ਵੀ ਗੱਲ
ਕਰਕੇ ਦੇਖ ਲਓ, ਕਿ ਕੀ ਕਾਰਨ ਹਨ ਪੰਜਾਬੀ ਦੀ ਦੁਰਦਸ਼ਾ ਦੇ ਜਾਂ ਪੰਜਾਬੀ ਦੀ ਹਾਲਤ
ਪੁੱਛ ਕੇ ਦੇਖ ਲਓ, ਜਵਾਬ ਹੋਵੇਗਾ - ਬਿਲਕੁਲ ਪੰਜਾਬ ਦੇ ਮੁੰਖ ਮੰਤਰੀ ਬਾਦਲ ਵਾਂਗ
- ਮੈਨੂੰ ਤਾਂ ਜੀ ਇਸ ਦੇ ਬਾਰੇ ਵਿੱਚ ਕੁਛ ਨੀ ਪਤਾ - - ਮੈਂ ਤਾਂ ਜੀ ਕਦੇ ਇਸ
ਬਾਰੇ ਸੋਚਿਆ ਹੀ ਨਹੀਂ - - ਮੈਂ ਤਾਂ ਜੀ ਕਦੇ ਕੰਪਿਊਟਰ ਨੂੰ ਡਰਦੇ ਨੇ ਕਦੇ ਹੱਥ
ਈ ਨੀ ਲਾਇਆ - ਜੀ ਇਹ ਮੇਰਾ ਖੇਤਰ ਹੀ ਨਹੀਂ - ਆਦਿ। ਏਸ ਤੋਂ ਵੀ ਹੋਰ ਵੱਡੀ
ਹੈਰਾਨੀ ਤੇ ਤਰਾਸਦੀ ਵਾਲ਼ੀ ਗੱਲ ਕਿ ਕੰਪਿਊਟਰ ਮਾਹਰ ਵੀ ਏਸ ਗੱਲ ਤੋਂ ਬੜੀ ਚੁਸਤੀ
ਨਾਲ਼ ਝੱਟ ਪੱਲਾ ਝਾੜ ਦਿੰਦੇ ਹਨ ਕਿ, ਜੀ ਕੀ-ਬੋਰਡ ਦੀ ਤਾਂ ਲੋੜ ਈ ਨੀ ਕਈ - ਸਾਡੇ
ਕੋਲ਼ ਹੋਰ ਹੱਲ ਹਨ ਤੁਸੀਂ ਸਾਥੋਂ ਹਰ ਬਣਿਆ ਬਣਾਇਆ ਹੱਲ ਖਰੀਦੋ! ਇੰਟਰਨੈੱਟ ਤੇ ਜਾ
ਕੇ ਦੇਖ ਲਵੋ ਹਰ ਕੋਈ ਆਪਣੇ ਆਪਣੇ ਪਾਪੜ ਵੇਚ ਰਿਹਾ ਹੈ। ਜਿਵੇਂ ਭਾਰਤ ਦੇ ਪਿੰਡਾਂ
ਵਿੱਚ ਥਾਂ ਥਾਂ ਆਰ. ਐਮ. ਪੀ. ਡਾਕਟਰਾਂ ਨੇ ਦੁਕਾਨਾਂ ਖੋਹਲ ਰੱਖੀਆਂ ਹਨ। ਜਿੱਥੇ
ਭੋਲ਼ਾ ਭਾਲ਼ਾ ਗਾਹਕ / ਮਰੀਜ ਕਿਸੇ ਨਾ ਕਿਸੇ ਦੇ ਚੁੰਗਲ ਵਿੱਚ ਫਸ ਹੀ ਜਾਂਦਾ ਹੈ ਤੇ
ਉਹ ਆਪਣੇ ਇਲਾਜ ਲਈ ਘਟੀਆ ਕਿਸਮ ਦੀ ਦਵਾਈ ਖਰੀਦ ਕੇ ਉਮਰ ਦੀ ਬਿਮਾਰੀ ਸਹੇੜ ਲੈਂਦਾ
ਹੈ। ਇਨਾਂ ਨੀਮ ਹਕੀਮਾਂ ਦੇ ਦੋ-ਨੰਬਰੀ ਇਲਾਜ ਦੀ ਪਕੜ ਵਿੱਚ ਫਸ ਕੇ ਬਹੁਤ ਸਾਰੇ
ਅਨਪੜ ਅਤੇ ਪੜੇ ਲਿਖੇ ਗਾਹਕ/ਮਰੀਜ ਬਰਾਬਰ ਦੀ ਸਜਾ ਭੁਗਤ ਰਹੇ ਹਨ। ਹੋਰ ਵੀ ਅਫਸੋਸ
ਦੀ ਗੱਲ ਇਹ ਕਿ ਕਈ ਵੀ ਕਿਸੇ ਨੂੰ ਕੁਛ ਦੱਸ ਪੁੱਛ ਸਕਦਾ ਹੀ ਨਹੀਂ ਕਿਉਂਕਿ ਉਹ
ਇੱਕ ਦੂਜੇ ਦੀ ਭਾਸ਼ਾ ਸਮਝ ਹੀ ਨਹੀਂ ਸਕਦੇ ਤੇ ਸ਼ਾਇਦ ਏਹੋ ਹੀ ਨੀਮ ਹਕੀਮਾਂ ਦੀ ਆਪੋ
ਆਪਣੀ ਕਾਮਯਾਬੀ ਦਾ ਰਾਜ ਹੈ। ‘ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲ਼ਾ ਥਾਂ ਦੀ
ਥਾਂ’ ਵਾਲ਼ੀ ਹਾਲਤ ਬਣ ਗਈ ਹੈ। ਹਰ ਕਈ ਆਪਣੀ ਕਾਮਯਾਬੀ ਦੇ ਪਰਚਮ ਅਤੇ ਆਪਣਾ ਢੋਲ
ਹੋਰ ਉੱਚਾ ਕਰੀ ਜਾ ਰਿਹਾ ਹੈ। ਇਸ ਕਾਵਾਂ ਰੌਲ਼ੀ ਵਿੱਚ ‘ਵਿਚਾਰੀ ਪੰਜਾਬੀ’
ਸ਼ਿਕਾਰੀਆਂ ਦੇ ਜਾਲ਼ ‘ਚ ਕਸੂਤੀ ਫਸੀ ਕੀ ਮਹਿਹਸੂਸ ਕਰ ਰਹੀ ਹੈ? ਹੋ ਸਕਦਾ ਮੈਂ
ਸ਼ਾਇਦ ਗਲਤ ਵੀ ਹੋਵਾਂ ਕਿ ਸ਼ਾਇਦ ਇਸ ਦੀ ਕਿਸੇ ਨੂੰ ਵੀ ਪਰਵਾਹ ਨਹੀਂ ਹੈ!
ਖੁੰਝ ਗਏ ਮੌਕੇ: ਅੱਸੀਵਿਆਂ ਦੀ ਸ਼ੁਰੂ ਵਿੱਚ ਹੀ ਬਰਤਾਨਵੀ ਸਿੱਖਿਆ
ਮਹਿਕਮੇ ਨੇ ਕੰਪਿਊਟਰ ਦੀ ਸਾਰਥਕ ਵਰਤੋਂ ਦੀ ਅਸੀਮ ਸਮਰੱਥਾ ਨੂੰ ਅਗਊਂ ਹੀ
ਭਾਂਪਿਦਆਂ ਹਰ ਸਕੂਲ ਕਾਲਜ ਵਿੱਚ ਇਸਦੀ ਵਰਤੋਂ ਨੂੰ ਲਾਜ਼ਮੀ ਬਣਉਣ ਦੇ ਸੁਪਨੇ ਨੂੰ
ਸਾਕਾਰ ਕਰਨ ਲਈ ਸਰਕਾਰੀ ਖਜ਼ਾਨੇ ਦਾ ਮੂੰਹ ਪੂਰਾ ਖੋਹਲ ਦਿੱਤਾ। ਸਰਕਾਰ ਦੀ ਇਸ
ਫਰਾਖ ਦਿਲੀ ਤੇ ਕੋਈ ਸ਼ੱਕ ਨਹੀਂ ਕਿ ਉਸਨੇ ਹਰ ਭਾਸ਼ਾ ਨੂੰ ਬਰਾਬਰ ਦਾ ਮੌਕਾ ਦੇਣ ਦਾ
ਪੂਰਾ ਯਤਨ ਕੀਤਾ। ਹਰ ਭਾਈਚਾਰੇ ਨੂੰ ਉਤਸ਼ਾਹਤ ਕੀਤਾ ਗਿਆ ਕਿ ਉਹ ਕੰਪਿਊਟਰ ਰਾਹੀਂ
ਆਪਣੀ ਆਪਣੀ ਭਾਸ਼ਾ ਦੀ ਪੜਾਈ ਨੂੰ ਹੱਲਾਸ਼ੇਰੀ ਦੇਣ ਅਤੇ ਸਮਰੱਥ ਬਣਾਉਣ ਲਈ ਆਪਣਾ
ਯੋਗ ਸੌਫਟਵੇਅਰ (ਕੰਪਿਊਟਰ ਤੇ ਵਰਤੇ ਜਾਣ ਵਾਲ਼ੇ ਉਪਕਰਣ) ਤਿਆਰ/ਉਪਲਬਧ ਕਰਾਉਣ ਲਈ
ਹਰ ਸੰਭਵ ਯਤਨ ਕਰਨ। ਅਮਰੀਕਾ ਵਿੱਚ ਡਾ. ਥਿੰਦ ਅਤੇ ਬਰਤਾਨੀਆ ਵਿੱਚ ਬਲਦੇਵ
ਕੰਦੋਲ਼ਾ ਵਲੋਂ ਏਸ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਗਿਆ ਜੋ ਕਿ ਪੰਜਾਬੀ ਭਾਸ਼ਾ
ਲਈ ਬਹੁਤ ਹੀ ਮਾਣ ਵਾਲ਼ੀ ਗੱਲ ਸੀ ਤੇ ਅੱਜ ਵੀ ਹੈ। ਉਨਾਂ ਦੇ ਏਸ ਵਿਸ਼ੇਸ਼ ਉੱਦਮ ਦਾ
ਪੰਜਾਬੀ ਭਾਈਚਾਰੇ ਵਲੋਂ ਵਿਸ਼ੇਸ਼ ਸਨਮਾਨ ਤਾਂ ਕੀ ਹੋਣਾ ਸੀ, ਸਗੋਂ ਉਨਾਂ ਦੀ ਲਗਨ
ਭਰੀ ਖੋਜ ਦੇ ਕੰਮ ਨੂੰ ਜੜੋਂ ਹੀ ਅਣਗੌਲ਼ਿਆਂ ਕਰ ਦਿੱਤਾ ਗਿਆ। ਅਫਸੋਸ ਕਿ ਇਸ
ਜ਼ਿਕਰਯੋਗ ਯੋਗਦਾਨ ਦੀ ਕੋਈ ਕਦਰ ਨਹੀਂ ਪਾਈ ਗਈ। ਪੰਜਾਬੀ ਭਾਈਚਾਰੇ ਵਿੱਚ ਆਮ ਸਮਝ
ਅਤੇ ਦੂਰ-ਅੰਦੇਸ਼ੀ ਦੀ ਘਾਟ ਕਾਰਨ ਹੀ ਹੁਣ ਤੱਕ ਪੰਜਾਬੀ ਜ਼ੁਬਾਨ ਅਤੇ ਕੌਮ ਦੀ ਜੋ
ਦੁਰਦਸ਼ਾ ਹੋ ਰਹੀ ਹੈ ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਲੀਡਰ ਲੋਕਾਂ ਨੂੰ
ਦਿਸਦੀ ਤਰੱਕੀ ਨੂੰ ਦੇਖਣ ਵਾਲ਼ੀ ਐਨਕ ਦਾ ਸ਼ੀਸ਼ਾ ਸ਼ਾਇਦ ‘ਮੇਡ ਇਨ ਸਪੇਸ’ ਹੈ। ਬਹੁਤੇ
ਵਿਸਥਾਰ ਵਿੱਚ ਜਾਣ ਦੀ ਗਲਤੀ ਕਰਨ ਦੀ ਲੋੜ ਨਹੀਂ।
ਆਸ ਦੀ ਕਿਰਨ: ਬਾਰਾਂ ਸਾਲ ਬਾਅਦ ਤਾਂ ਕਹਿੰਦੇ ਰੂੜੀ ਦੀ ਵੀ ਸੁਣੀ
ਜਾਂਦੀ ਹੈ ਪਰ ਹੁਣ ਤਾਂ ਕਈ ਬਾਰਾਂ ਸਾਲ ਬੀਤ ਗਏ ਹਨ। ਜ਼ਿੰਦਗੀ ‘ਚ ਕੁਛ ਕਰ ਜਾਣ
ਦਾ ਇਸ਼ਕ ਜਿਨਾਂ ਦੇ ਹੱਡੀਂ ਰਚਿਆ ਹੋਵੇ ਤੇ ਉਹ ਆਰਾਮ ਨਾਲ਼ ਬੈਠੇ ਰਹਿਣ! - ਗੱਲ
ਕੁੱਝ ਜਚਦੀ ਜਹੀ ਨਹੀ। ਹਿੰਮਤੀ ਅਤੇ ਉੱਦਮੀ ਲੋਕ ਕਦੇ ਟਿਕ ਕੇ ਨਹੀਂ ਬੈਠ ਸਕਦੇ।
ਉਨਾਂ ਦੇ ਅੰਦਰਲਾ ਸੁਪਨਾ ਸਦਾ ਹੀ ਲਿਸ਼ਕਦਾ ਰਹਿੰਦਾ ‘ਤੇ ਉਨਾਂ ਨੂੰ ਜਗਾਈ ਰੱਖਦਾ
ਹੈ। ਨਹੀਂ ਤਾਂ ਇੰਨੀਆਂ ਵੱਡੀਆਂ ਵੱਡੀਆਂ ਕਾਢਾਂ ਨੂੰ ਕੌਣ ਅੰਜਾਮ ਦਿੰਦਾ? ਡਾ.
ਬਲਦੇਵ ਕੰਦੋਲਾ ਵੀ ਉਨਾਂ ਵਰਗਾ ਹੀ ਹਿੰਮਤੀ, ਉੱਦਮੀ ਅਤੇ ਸਿਰੜੀ ਪੰਜਾਬੀ ਹੈ
ਜਿਸਨੇ ਆਪਣੀ ਲਗਨ ਦੇ ਲੇਖੇ ਚੱਪਾ ਸਦੀ ਦਾ ਸਮਾਂ ਲਾ ਦਿੱਤਾ। ‘ਪੰਜਾਬੀ ਵਿਕਾਸ
ਮੰਚ, ਯੂ ਕੇ’ ਦੇ ਸਹਿਯੋਗ ਨਾਲ ਉਸਨੇ ਅਪਣੀ ਇਸ ਘਾਲ਼ਣਾ ਨਾਲ਼, ਆਮ ਜੰਤਾ ਦੇ ਕੰਡਮ
ਕੀਤੇ ਅਤੇ ਅਪ੍ਰਵਾਨ ‘ਇਨਸਕਰਿਪਟ’ ਕੀ-ਬੋਰਡ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਕੇ
ਉਸ ਨੂੰ ਵਰਤਣਯੋਗ ਬਣਾਇਆ ਹੈ ਜਿਸ ਨੂੰ ਬਰਤਾਨੀਆਂ ਵਿਚ ਕਾਫੀ ਮਾਨਤਾ ਮਿਲ ਰਹੀ
ਹੈ। ਸ਼ੁਕਰ ਕਿ ਕੁਛ ਕੁ ਲੋਕਾਂ ਦੀ ਸਮਝ ਵਿੱਚ ਇਸ ਕੀ-ਬੋਰਡ ਦੀ ਵਿਸ਼ੇਸ਼ਤਾ ਦੀ ਸਮਝ
ਪਈ ਹੈ। ਇਸ ਕੀ-ਬੋਰਡ ਦੀ ਖਾਸ ਖੂਬੀ ਇਹ ਹੈ ਕਿ ਇਹ ਭਾਰਤੀ ਸਰਕਾਰ ਦੇ ਸੀਡੈਕ
ਰਾਹੀਂ ਤਿਆਰ ਕੀਤੇ ਹਰ ਕੰਪਿਊਟਰ ‘ਤੇ ਪਹਿਲਾਂ ਹੀ ਉਪਲਬਧ ‘ਇਨਸਕਰਿਪਟ’ ਕੀ-ਬੋਰਡ
ਨੂੰ ਪੂਰੀ ਤਰ੍ਹਾਂ ਸੰਮਿਲਿਤ ਕਰਦਾ ਹੈ। ਇਸ ਵਿੱਚ ਉਹ ਸਾਰੇ ਗੁਣ ਭਰਨ ਦੇ ਨਾਲ਼
ਨਾਲ਼ ‘ਸੁੱਤੀਆਂ ਪਈਆਂ ਸੁਰਾਂ’ ਨੂੰ ਜਗਾਉਣ ਦੇ ਉਹ ਪੂਰਨ ਤੌਰ ‘ਤੇ ਸਮਰੱਥ ਹੋ
ਸਕਿਆ ਹੈ। ਉਸਨੂੰ ਭਾਸ਼ਾ ਪ੍ਰਤੀ ਹਰ ਸੁਹਿਰਦ ਪੰਜਾਬੀ ਨੂੰ ਵਧਾਈ ਦੇਣੀ ਬਣਦੀ ਹੈ।
ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੀ ਨਹੀਂ ਹੋਇਆ ਸਗੋਂ ਹੁਣ ਉਸਨੇ ਆਪਣੀ ਸਭਾ ਦੇ
ਸਹਿਯੋਗ ਨਾਲ਼ ਬਰਤਾਨੀਆ ਦੇ ਪੰਜਾਬੀਆਂ ਕੋਲ਼ ਜਾ ਕੇ ਇਸ ਕੀ-ਬੋਰਡ ਤੋਂ ਜਾਣੂੰ
ਕਰਾਉਣ ਦੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਪਰ ਇਨਕਲਾਬੀ ਗੀਤ ਦੇ ਯਾਦਗਾਰੀ
ਬੋਲਾਂ, ‘ਗੱਲ ਸਮੇਂ ਆਪਣੀ ਆਖ ਦਿੱਤੀ ਅਰਥ ਕੱਡਣੇ ਕੰਮ ਜਵਾਨੀਆਂ ਦਾ - ਉਸ ਕੌਮ
ਨੂੰ ਸਮਾਂ ਨਹੀਂ ਮਾਫ ਕਰਦਾ ਜਿਹੜੀ ਪਾਵੇ ਨਾ ਮੁੱਲ ਕੁਰਬਾਨੀਆਂ ਦਾ’ - ਵਾਂਗ ਹੁਣ
ਸਮੁੱਚੇ ਪੰਜਾਬੀਆਂ ਵਲੋਂ ਆਪਣੇ ਚਿਰਾਂ ਤੋਂ ਭੁੱਲੇ ਵਿਸਰੇ ਫਰਜਾਂ ਨੂੰ ਪਛਾਨਣ
ਅਤੇ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਹਿਮ ਲੋੜ ਹੈ। ਬਾਕੀ ਮਾਰਕੀਟ ਵਿੱਚ ਜੋ ਦੜਾ
ਮਾਲ਼ ਹੈ ਉਸਨੂੰ ਬਾਹਰ ਕੱਡ ਸੁਟੋ। ਬਾਕੀ ਸਭ ‘ਡਲੀਟ’ ਕਰ ਦਿਓ। ਮੇਰੀ ਤਾਂ ਸਭ ਨੂੰ
ਏਹੋ ਨਿਮਰ ਸਲਾਹ ਹੈ ਕਿ ਇਸ ਕੀ-ਬੋਰਡ ਨੂੰ ਅਪਨਾਓ, ਨਿੱਤਾ ਪ੍ਰਤੀ ਦੀ ਵਰਤੋਂ ‘ਚ
ਲਿਆਓ ਅਤੇ ਦੁਨੀਆਂ ਭਰ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਨਮਾਨ ਦਿਵਾਉਣ ਵਿੱਚ
ਅਹਿਮ ਭੂਮਿਕਾ ਨਿਭਾਓ।
ਪੰਜਾਬੀ ਭਾਸ਼ਾ ਜੋ ਕੰਪਿਊਟਰ ਦੇ ਹਾਣ ਦੀ ਹੋਣ ਦੀ ਮਾਣ ਭਰੀ ਦਿਲੀ ਰੀਝ, ਬਹੁਤ
ਚਿਰ ਪਿਹਲਾਂ ਵਿਸਾਰ ਚੁੱਕੀ ਸੀ ਹੁਣ ਫੇਰ ਉਹ ਸੁਪਨਾ ਉਸਦੇ ਮਸਤਕ ਵਿੱਚ ਇੱਕ ਵਾਰ
ਫੇਰ ਜਾਗਿਆ ਹੈ। ਉਮੀਦ ਤਾਂ ਹੈ ਕਿ ਅਗਰ ਪੰਜਾਬੀ ਹੁਣ ਵੀ ਆਪਣੀ ਕੁੰਭਕਰਨੀ ਨੀਂਦ
ਤਿਆਗ ਕੇ, ਸੁਰਤ ਸੰਭਾਲ਼ ਲੈਣ ਤਾਂ ਕੋਈ ਵਜਾਹ ਨਹੀਂ ਕਿ ਪੰਜਾਬੀ ਦਾ ਇਹ ਸੁਪਨਾ
ਮੁੜ ਲਿਸ਼ਕਾਂ ਨਾ ਮਾਰ ਸਕੇ। ਬਾਕੀ ਅਗਲੀ ਵਾਰ।
ਪਾਠਕਾਂ ਦੇ ਵਿਚਾਰਾਂ ਦੀ ਉਡੀਕ ਤੇ ਸਵਾਗਤ ਹੋਵੇਗਾ -
ekam-deep@outlook.com |