|
|
|
ਜੈਰਮੀ ਕੌਰਬਿਨ |
|
ਇਕ ਲੰਮੀ ਕੈਂਪੇਨ ਤੋਂ ਬਾਅਦ ਆਖਰ ਇਸ ਗੱਲ ਦਾ ਫੈਸਲਾ ਹੋ ਹੀ ਗਿਆ ਹੈ ਕਿ
ਬਰਤਾਨੀਆਂ ਦੀ ਲੇਬਰ ਪਾਰਟੀ, ਜਿਹੜੀ ਕਈ ਵਾਰ ਤਾਕਤ ਵਿਚ ਆ ਚੁੱਕੀ ਹੈ, ਦਾ ਨਵਾਂ
ਲੀਡਰ ਚੁਣ ਲਿਆ ਗਿਆ ਹੈ। ਇਹ ਲੀਡਰ ਜੈਰਮੀ ਕੌਰਬਿਨ ਹੈ ਜਿਹੜਾ ਕਿ ਸਹੀ ਤੌਰ 'ਤੇ
ਲੈਫਟ ਵਿੰਗ ਵਿਚਾਰਧਾਰਾ ਦਾ ਬੰਦਾ ਹੈ। ਭਾਵ ਇਹ ਨਵਾਂ ਲੀਡਰ ਹਰ ਉਹ ਕੁਝ ਹੈ
ਜਿਹੜਾ ਸੋਵੀਅਤ ਯੂਨੀਅਨ ਦੇ ਖਿੰਡਣ ਪੁੰਡਣ ਤੋਂ ਅਤੇ 1989 ਵਿਚ ਬਰਲਿਨ ਦੀ ਕੰਧ
ਦੇ ਢਹਿਣ ਤੋਂ ਪਹਿਲਾਂ ਹੋਇਆ ਕਰਦਾ ਸੀ। ਇਹ ਵਿਅਕਤੀ ਸੋਵੀਅਤ ਦੇਸ ਅਤੇ ਪੱਛਮੀ
ਦੇਸਾਂ ਵਿਚਕਾਰ ਚੱਲ ਰਹੀ ਠੰਡੀ ਜੰਗ ਦੇ ਦੌਰ ਦੇ ਯੁਗ ਵਿਚ ਜੀਉਣ ਵਾਲਾ ਹੈ। ਇਹ
ਠੰਡੀ ਜੰਗ ਦੂਜੀ ਵੱਡੀ ਜੰਗੀ ਤੋਂ ਬਾਅਦ ਸ਼ੁਰੂ ਹੋਈ ਤੇ 1992 ਵਿਚ ਓਦੋਂ ਖਤਮ ਹੋਈ
ਜਦੋਂ ਰੂਸ ਨਾਲੋਂ ਟੁੱਟ ਕੇ ਅਨੇਕਾਂ ਛੋਟੇ ਮੋਟੇ ਦੇਸ ਖੁਦਮੁਖਤਾਰ ਸਟੇਟਾਂ ਬਣ
ਗਏ। ਫਿਰ ਇਨ੍ਹਾਂ 'ਚੋਂ ਬਹੁਤੀਆਂ ਖੁਦਮੁਖਤਾਰ ਸਟੇਟਾਂ ਆਹਿਸਤਾ ਆਹਿਸਤਾ ਯੂਰਪ ਦੀ
ਸਾਂਝੀ ਮੰਡੀ ਵਿਚ ਸ਼ਾਮਿਲ ਹੋ ਗਈਆਂ।
ਜੈਰਮੀ ਕੌਰਬਿਨ ਤੋਂ ਕਈ ਸਾਲ ਪਹਿਲਾਂ ਮਾਰਗਰੇਟ ਥੈਚਰ ਦੇ ਸ਼ੁਰੂ ਦੇ ਸਾਲਾਂ
ਵਿਚ ਅਜਿਹਾ ਹੀ ਇਕ ਲੀਡਰ ਮਾਈਕਲ ਫੁੱਟ ਲੇਬਰ ਪਾਰਟੀ ਨੂੰ ਲੀਡ ਕਰ ਰਿਹਾ ਸੀ। ਉਸ
ਬੰਦੇ ਦੇ ਬੇਢਵੇ ਕੱਪੜੇ ਹੋਇਆ ਕਰਦੇ ਸਨ ਤੇ ਉਹ ਟੈਲੀਵੀਯਨ ਉਤੇ ਆਪਣਾ ਬਹੁਤਾ
ਚੰਗਾ ਇਮੇਜ ਪੇਸ਼ ਨਹੀਂ ਸੀ ਕਰਦਾ। ਇਥੋਂ ਤੀਕ ਕਿ ਇਕ ਵਾਰ “ਰੀਮੈਂਬਰੈਂਸ ਸੰਡੇ”
(ਦੂਜੀ ਵੱਡੀ ਜੰਗ ਵਿਚ ਸ਼ਹੀਦ ਹੋਏ ਫੌਜੀਆਂ ਦੀ ਯਾਦ ਮਨਾਉਣ ਵਾਲਾ ਦਿਨ) ਉਤੇ ਵੀ
ਉਹ ਸੂਟ ਟਾਈ ਦੀ ਥਾਂ ਡੌਂਕੀ ਜੈਕੇਟ ਪਾ ਕੇ ਚਲਾ ਗਿਆ ਸੀ। ਮਾਈਕਲ ਫੁੱਟ ਜੈਰਮੀ
ਕੌਰਬਿਨ ਵਾਂਗ ਪਰੋ ਯੂਨੀਅਨ, ਪਰੋ ਵੈਲਫੇਅਰ, ਐਂਟੀ ਰੌਇਲਟੀ, ਐਂਟੀ ਰਿੱਚ, ਪਰੋ
ਇਮੀਗਰੇਸ਼ਨ, ਐਂਟੀ ਅਮੀਰ ਲੋਕ, ਐਂਟੀ ਨਿਊਕਲੀਅਰ ਹਥਿਆਰ ਤੇ ਹੋਰ ਕਿੰਨਾ ਕੁਝ ਸੀ।
ਉਸ ਦੀਆਂ ਉਨ੍ਹਾਂ ਪਰੋ ਲੈਫਟ ਯੂਨੀਅਨਿਸਟ ਪਾਲਸੀਆਂ ਦਾ ਨਤੀਜਾ ਇਹ ਨਿਕਲਿਆ ਸੀ ਕਿ
ਲੇਬਰ ਪਾਰਟੀ ਬੁਰੀ ਤਰ੍ਹਾਂ ਜਨਰਲ ਇਲੈਕਸ਼ਨਾਂ ਹਾਰ ਗਈ ਸੀ। ਉਪਰੰਤ ਮਾਰਗਰੇਟ ਥੈਚਰ
ਤੇ ਜੌਹਨ ਮੇਜਰ ਨੇ ਕਨਸਰਵੇਟਿਵ ਪਾਰਟੀ ਵਲ੍ਹੋਂ 17 ਸਾਲ ਤੋ ਵੱਧ ਤੀਕ ਰਾਜ ਕੀਤਾ।
ਇਨ੍ਹਾਂ ਟੋਰੀ (ਕਨਜ਼ਰਵੇਟਿਵ) ਪ੍ਰਧਾਨ ਮੰਤਰੀਆਂ
ਤੋਂ ਬਾਅਦ ਤੇ ਲੇਬਰ ਲੀਡਰ ਜੌਹਨ ਸਮਿੱਥ ਦੀ ਮੌਤ ਪਿੱਛੋਂ ਟੋਨੀ ਬਲੇਅਰ ਪਾਰਟੀ ਦਾ
ਲੀਡਰ ਬਣਿਆ। ਟੋਨੀ ਬਲੇਅਰ ਇਕ ਪੜ੍ਹਿਆ ਲਿਖਿਆ, ਸੂਟ ਤੇ ਟਾਈ ਪਹਿਨਣ ਵਾਲਾ ਚੁਸਤ
ਨੌਜਵਾਨ ਜਨਰਲ ਇਲੈਕਸ਼ਨ ਵਿਚ ਹੂੰਝਾ ਫੇਰ ਗਿਆ ਤੇ ਫਿਰ ਤਿੰਨ ਇਲੈਕਸ਼ਨਾਂ ਤੀਕ ਰਾਜ
ਕਰਕੇ ਰਿਕਾਰਡ ਕਾਇਮ ਕਰ ਗਿਆ।
ਟੋਨੀ ਬਲੇਅਰ ਅਤੇ ਉਸ ਦੇ ਸਾਥੀਆਂ ਦਾ ਕਹਿਣਾ ਸੀ ਕਿ ਬ੍ਰਿਟੇਨ ਵਿਚ ਪੁਰਾਣੀ
ਕਿਸਮ ਦੀ ਲੇਬਰ ਪਾਰਟੀ ਨਹੀਂ ਚਾਹੀਦੀ। ਇਸ ਲਈ ਇਸ ਦਾ ਚਿਹਰਾ ਮੁਹਰਾ ਬਦਲਣ ਦੀ
ਲੋੜ ਹੈ। ਉਸ ਨੇ ਇਸ ਨਵੀਂ ਸੋਚ ਵਾਲੀ ਪਾਰਟੀ ਦਾ ਨਾਮ “ਨਿਊ ਲੇਬਰ” ਰੱਖ ਦਿੱਤਾ।
ਉਹ ਨਹੀਂ ਸੀ ਚਾਹੁੰਦੇ ਕਿ ਲੇਬਰ ਪਾਰਟੀ ਉਤੇ ਅੰਨ੍ਹੇ ਵਾਹ ਦੇਸ ਦੀਆਂ ਯੂਨੀਅਨਾਂ
ਕਬਜ਼ਾ ਕਰੀ ਰੱਖਣ। ਗੌਰਡਨ ਬਰਾਊਨ ਦੀ ਕਮਜ਼ੋਰ ਲੀਡਰਸਿ਼ਪ ਤੋ ਬਾਅਦ ਕਨਜ਼ਰਵੇਟਿਵ
ਅਤੇ ਲਿਬਰਲ ਡੈਮੋਕਰੈਟਾਂ ਦੀ ਕੋਅਲੀਸ਼ਨ ਸਰਕਾਰ ਆ ਗਈ। ਇਸ ਸਮੇਂ ਦੌਰਾਨ ਐੱਡ
ਮਿਲੀਬੈਂਡ ਵਰਗਾ ਕਮਜ਼ੋਰ ਲੀਡਰ ਆ ਗਿਆ ਤੇ ਹੁਣ 2015 ਵਿਚ ਫੇਰ ਟੋਰੀਆਂ ਦੇ ਹੱਥ
ਤਾਕਤ ਆ ਗਈ। ਇਨ੍ਹਾਂ ਇਲੈਕਸ਼ਨਾਂ ਵਿਚ ਲਿਬਰਲ ਡੈਮੋਕਰੈਟ ਵੀ ਬੁਰੀ ਤਰ੍ਹਾਂ ਹਾਰ
ਗਏ ਤੇ ਲੇਬਰ ਪਾਰਟੀ ਵੀ। ਲੇਬਰ ਪਾਰਟੀ ਦੀ ਹਾਰ ਪਿੱਛੋਂ ਐੱਡ ਮਿਲੀਬੈਂਡ ਨੇ
ਅਸਤੀਫਾ ਦੇ ਦਿੱਤਾ ਤਾਂ ਨਵੇਂ ਲੀਡਰ ਦੀ ਚੋਣ ਹੋਈ। ਨਤੀਜਾ ਇਹ ਨਿਕਲਿਆ ਕਿ ਜੈਰਮੀ
ਕੌਰਬਿਨ ਜ਼ਬਰਦਸਤ ਮਜੌਰਟੀ ਨਾਲ ਲੀਡਰ ਚੁਣਿਆ ਗਿਆ। ਵੈਟ ਕੂਪਰ, ਐਂਡੀ ਬਰਨਹਮ ਤੇ
ਲਿਜ਼ ਕੈਂਡਲ ਬੁਰੀ ਤਰ੍ਹਾਂ ਹਾਰ ਗਏ। ਕੰਜ਼ਰਵੇਟਿਵ ਪਾਰਟੀ ਇਸ ਗੱਲੋਂ ਖੁਸ਼ ਹੈ ਕਿ
ਲੇਬਰ ਪਾਰਟੀ ਦਾ ਲੀਡਰ ਏਨਾ ਲੈਫਟ ਵਿੰਗਰ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ
ਬਰਤਾਨਵੀ ਲੋਕ ਯੂਨੀਅਨਾਂ ਤੋਂ ਤੰਗ ਆ ਚੁੱਕੇ ਨੇ ਤੇ ਉਨ੍ਹਾਂ ਨੂੰ ਅਜਿਹਾ ਪ੍ਰਾਈਮ
ਮਨਿਸਟਰ ਨਹੀਂ ਚਾਹੀਦਾ ਜਿਹੜਾ ਇਨ੍ਹਾਂ ਨੂੰ ਫੇਰ ਹੱਲਾ ਸ਼ੇਰੀ ਦੇਵੇ ਤੇ ਉਹ ਇਹ
ਵੀ ਆਖੇ ਕਿ ਵੈਲਫੇਅਰ 'ਚ ਕਟੌਤੀ ਨਹੀਂ ਹੋਣੀ ਚਾਹੀਦੀ। ਔਸਟੈਰਿਟੀ ਮਈਯਰਜ਼ ਮਾੜੀ
ਗੱਲ ਹੈ। ਇਮੀਗਰੇਸ਼ਨ 'ਤੇ ਲੱਗਭੱਗ ਕੋਈ ਕੰਟਰੋਲ ਨਹੀਂ ਹੋਣਾ ਚਾਹੀਦਾ। ਰੌਇਲ
ਫੈਮਿਲੀ ਦਾ ਰੋਲ ਖਤਮ ਕਰਕੇ ਇਕ ਰੀਪਬਲਿਕਨ ਪ੍ਰਧਾਨ ਨਿਯੁਕਤ ਕੀਤਾ ਜਾਣਾ ਚਾਹੀਦਾ
ਹੈ। ਸੀਰੀਆ, ਲਿਬੀਆ, ਯੈਮਨ ਅਤੇ ਇਰਾਕ ਤੋਂ ਆ ਰਹੇ ਲੋਕਾਂ ਲਈ ਬੂਹੇ ਖੋਲ੍ਹ
ਦਿੱਤੇ ਜਾਣੇ ਚਾਹੀਦੇ ਹਨ। ਬ੍ਰਿਟਨ ਨੂੰ ਨਿਊਕਲੀਅਰ ਫਰੀ ਦੇਸ਼ ਘੋਸ਼ਤ ਕਰ ਦੇਣਾ
ਚਾਹੀਦਾ ਹੈ। ਨੈਟੋ (ਨੌਰਥ ਐਟਲਾਂਟਿਕ ਟਰੀਟੀ ਆਰਗੇਨਾੲਜ਼ੇਸ਼ਨ) ਖ਼ਤਮ ਕਰ ਦੇਣੀ
ਚਾਹੀਦੀ ਹੈ। ਉਤਰੀ ਆਇਰਲੈਂਡ ਜੇ ਵੱਖ ਹੋਣਾ ਚਾਹੇ ਤਾਂ ਹੋ ਲੈਣ ਦੇਣਾ ਚਾਹੀਦਾ
ਹੈ। ਬਰਤਾਨੀਆ ਦੇ ਹਰ ਖੇਤਰ ਵਿਚ ਯੂਨੀਅਨਾਂ ਦਾ ਵਿਸ਼ੇਸ਼ ਰੋਲ ਹੋਣਾ ਚਾਹੀਦਾ ਹੈ।
ਯਾਦ ਰਹੇ ਕਿ ਜੈਰਮੀ ਕੌਰਬਿਨ ਇਹ ਵੀ ਕਹਿ ਰਿਹਾ ਹੈ ਕਿ ਉਸ ਦਾ ਇਲੈਕਸ਼ਨ
ਮੈਨੀਫੈਸਟੋ ਵੀ ਯੂਨੀਅਨ ਮੂਵਮੈਂਟ ਦੀ ਲਹਿਰ ਦੀ ਪ੍ਰੇਰਨਾ ਨਾਲ ਹੀ ਲਿਖਿਆ ਜਾਇਆ
ਕਰੇਗਾ। ਜੈਰਮੀ ਕੌਰਬਿਨ ਓਸਾਮਾ ਬਿਨ ਲਾਦਿਨ ਦੀ ਮੌਤ ਨੂੰ ਟ੍ਰੈਜਡੀ ਆਖਦਾ ਹੈ। ਉਹ
ਵਲਾਦੀਮੀਰ ਪੂਤਿਨ ਨੂੰ ਵਧੀਆ ਲੀਡਰ ਮੰਨਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ
ਮੁਸਲਮਾਨਾਂ ਨਾਲ ਇਸ ਦੇਸ਼ ਵਿਚ ਵਧੀਕੀਆਂ ਹੁੰਦੀਆਂ ਹਨ। ਉਸ ਅਨੁਸਾਰ ਇਸਲਾਮ ਇਕ
ਸ਼ਾਂਤਮਈ ਧਰਮ ਹੈ। ਉਹ ਪੈਲਸਟਾਈਨ ਦੇ ਹਿਜ਼ਬੁਲਾਹ ਗਰੁੱਪ ਦਾ ਸਮਰਥਨ ਕਰਦਾ ਹੈ ਤੇ
ਇਜ਼ਰਾਈਲ ਨੂੰ ਤਾਨਾਸ਼ਾਹ ਆਖਦਾ ਹੈ। ਅਲ ਕਾਇਦਾ ਅਤੇ ਆਇਸਲ (ਮੁਸਲਿਮ ਮਿਲੀਟੈਂਟਸ ਦੀ
ਕਲਪਤ ਇਸਲਾਮਿਕ ਸਟੇਟ) ਨੂੰ ਦੋਸਤ ਮੰਨਦਾ ਹੋਇਆ ਉਨ੍ਹਾਂ ਨਾਲ ਗੱਲਬਾਤ ਕਰਨ ਨੂੰ
ਤਰਜੀਹ ਦਿੰਦਾ ਹੈ ਆਦਿ।
ਕਈ ਐਨਾਲਿਸਟ ਕਹਿੰਦੇ ਹਨ ਕਿ ਲੇਬਰ ਪਾਰਟੀ ਵਲੋਂ ਅਜਿਹਾ ਲੀਡਰ ਚੁਣੇ ਜਾਣ ਦਾ
ਨਤੀਜਾ ਇਹ ਨਿਕਲੇਗਾ ਕਿ ਇਹ ਪਾਰਟੀ ਹੁਣ ਅਗਲੇ ਕਈਆਂ ਸਾਲਾਂ ਤੀਕ ਤਾਕਤ ਵਿਚ ਨਹੀਂ
ਆ ਸਕੇਗੀ। ਇਹ ਲੋਕ ਕਹਿੰਦੇ ਹਨ ਕਿ ਸੱਤਰਵਿਆਂ ਅਤੇ ਅੱਸੀਵਿਆਂ ਦਾ ਦੌਰ ਬਹੁਤ
ਪਿਛਾਂਹ ਰਹਿ ਗਿਆ ਹੈ। ਇੱਕੀਵੀਂ ਸਦੀ ਵਿਚ ਬ੍ਰਿਟੇਨ ਬਹੁਤ ਵੱਖਰਾ ਹੋ ਗਿਆ ਹੈ ਤੇ
ਇਸ ਨੂੰ ਜੈਰਮੀ ਕੌਰਬਿਨ ਵਰਗਾ ਲੈਫਟ ਵਿੰਗ ਲੀਡਰ ਪਿਛਾਂਹ ਵੱਲ ਧੱਕ ਸਕਦਾ ਹੈ।
ਟੋਨੀ ਬਲੇਅਰ ਦੀ ਨਿਊ ਲੇਬਰ ਪਾਰਟੀ ਦੇ ਖ਼ਾਤਮੇ ਨੇ ਇਸ ਪਾਰਟੀ ਨੇ ਆਪਣੇ ਰਾਜ ਕਰਨ
ਦੇ ਚਾਂਸ ਗੁਆ ਲਏ ਹਨ।
ਕਈ ਲੋਕ ਕਹਿੰਦੇ ਹਨ ਕਿ ਜੈਰਮੀ ਕੌਰਬਿਨ ਦਾ ਆਇਰਲੈਂਡ ਦੀ ਆਈ ਆਰ ਏ ਅਤੇ ਆਈਸਲ
ਤੇ ਅਲ ਕਾਇਦਾ ਵਰਗੀਆਂ ਜਥੇਬੰਦੀਆਂ ਨੂੰ ਨਾ ਸਮਝਣਾ ਦਰਸਾਉਂਦਾ ਹੈ ਕਿ ਇਹ ਬੰਦਾ
ਬਤੌਰ ਪ੍ਰਾਈਮ ਮਨਿਸਟਰ ਦੇ ਬ੍ਰਿਟੇਨ ਵਾਸਤੇ ਠੀਕ ਨਹੀਂ ਸਾਬਤ ਹੋਵੇਗਾ। ਅਗਰ
ਨੌਰਦਰਨ ਆਇਰਲੈਂਡ ਦੀ ਹੀ ਗੱਲ ਲਈਏ ਅਤੇ ਅਗਰ ਕਹੀਏ ਕਿ ਨੌਰਦਰਨ ਆਇਰਲੈਂਡ ਦੀ
ਬ੍ਰਿਟੇਨ ਤੋਂ ਅਲਹਿਦਗੀ ਕੋਈ ਹਾਨੀਕਾਰਕ ਗੱਲ ਨਹੀਂ ਹੈ ਤਾਂ ਕੌਰਬਿਨ ਸਕਾਟਲੈਂਡ
ਅਤੇ ਵੇਲਜ਼ ਦੀ ਅਲਹਿਦਗੀ ਦੀ ਲਹਿਰ ਨੂੰ ਕਿਵੇਂ ਰੋਕੇਗਾ? ਬਲਕਿ ਉਹ ਰੋਕਣਾ
ਹੀ ਨਹੀਂ ਚਾਹੇਗਾ। ਸਿੱਟਾ ਇਹ ਨਿਕਲੇਗਾ ਕਿ ਛੇਕੜ ਨੂੰ ਬ੍ਰਿਟੇਨ ਕੇਵਲ ਇੰਗਲੈਂਡ
ਹੀ ਰਹਿ ਜਾਵੇਗਾ, ਯੂਨਾਈਟਡ ਕਿੰਗਡਮ ਨਹੀਂ ਰਹੇਗਾ। ਦੁਨੀਆ ਵਿਚ ਅਜਿਹੇ ਬੜੇ ਘੱਟ
ਲੀਡਰ ਹੋਣਗੇ ਜਿਹੜੇ ਆਪਣੇ ਦੇਸ਼ ਦੇ ਕੁਝ ਹਿੱਸਿਆਂ ਨੂੰ ਅਲਹਿਦਾ ਕਰਨਾ ਚਾਹੁੰਦੇ
ਹੋਣਗੇ ਤੇ ਦੇਸ਼ ਦੇ ਟੁਕੜੇ ਟੁਕੜੇ ਕਰਨਾ ਚਾਹੁੰਦੇ ਹੋਣਗੇ।
ਇਹ ਮੰਨਣ ਵਾਲੀ ਗੱਲ ਹੈ ਕਿ ਜੈਰਮੀ ਕੌਰਬਿਨ ਇਹ ਗੱਲ ਕਹਿਣ ਵਾਲਾ ਇਕੱਲਾ ਨਹੀਂ
ਹੈ ਕਿ ਮਹਾਰਾਣੀ ਐਲਿਜ਼ਾਬੈਥ ਜਾਂ ਸ਼ਾਹੀ ਘਰਾਣੇ ਨੂੰ ਖਤਮ ਕਰਕੇ ਇਸ ਦੇਸ਼ ਨੂੰ ਇਕ
ਰੀਪਬਲਿਕਨ ਦੇਸ਼ ਬਣਾ ਦੇਣਾ ਚਾਹੀਦਾ ਹੈ ਤੇ ਬ੍ਰਿਟੇਨ ਦਾ ਹੈਡ ਔਫ ਸਟੇਟ ਇਕ ਚੁਣਿਆ
ਹੋਇਆ ਪ੍ਰਧਾਨ ਹੋਣਾ ਚਾਹੀਦਾ ਹੈ। ਯਾਨੀ ਕਿ ਇਥੋਂ ਦਾ ਪ੍ਰਧਾਨ ਵੀ ਭਾਰਤ ਵਰਗਾ ਹੀ
ਹੋਵੇ। ਭਾਵੇਂ ਕਿ ਇਹ ਪ੍ਰਧਾਨ ਕਾਨੂੰਨੀ ਤੌਰ 'ਤੇ ਬਹੁਤੀ ਤਾਕਤ ਨਹੀਂ ਰੱਖਦਾ
ਹੁੰਦਾ ਪਰ ਇਹ ਘੱਟੋ ਘੱਟ ਆਮ ਲੋਕਾਂ ਵਿਚੋਂ ਤਾਂ ਹੋਵੇਗਾ ਹੀ। ਇਥੇ ਸਮੱਸਿਆ ਇਹ
ਖੜੀ ਹੁੰਦੀ ਹੈ ਕਿ ਇਥੋਂ ਦੇ 70 ਫੀਸਦੀ ਲੋਕ ਸ਼ਾਹੀ ਘਰਾਣੇ ਦੇ ਹੱਕ ਵਿਚ ਹਨ।
ਦੂਜੀ ਗੱਲ ਇਹ ਵੀ ਹੈ ਕਿ ਲੇਬਰ ਪਾਰਟੀ ਦਾ ਲੀਡਰ ਪਰੀਵੀ ਕੌਂਸਲ ਦਾ ਮੈਂਬਰ ਹੁੰਦਾ
ਹੈ। ਇਸ ਲਈ ਉਹਨੂੰ ਮਹਾਰਾਣੀ ਮੂਹਰੇ ਝੁਕਣਾ ਪੈਂਦਾ ਹੈ ਤੇ ਉਸਦਾ ਪੂਰਾ ਆਦਰ ਮਾਣ
ਕਰਨਾ ਪੈਂਦਾ ਹੈ। ਅਗਰ ਲੇਬਰ ਪਾਰਟੀ ਦਾ ਲੀਡਰ ਮਹਾਰਾਣੀ ਨੂੰ ਬਦਲਣਾ ਚਾਹੁੰਦਾ
ਹੋਵੇ ਤਾਂ ਉਹ ਉਸ ਦਾ ਆਦਰ ਕਿੰਝ ਕਰ ਸਕਦਾ ਹੈ? ਜੈਰਮੀ ਕੌਰਬਿਨ ਨੇ 1994 ਵਿਚ
ਕਿਹਾ ਸੀ ਕਿ ਬ੍ਰਿਟੇਨ ਦੀ ਰੌਇਲ ਫੈਮਿਲੀ ਬਾਰੇ ਇਕ ਰੀਫਰੈਂਡਮ ਹੋਣਾ ਚਾਹੀਦਾ ਹੈ।
ਅਗਰ ਉਹ 2020 ਵਿਚ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਤਾਂ ਇਸ ਗੱਲ ਬਾਰੇ ਉਹ ਕੀ
ਸਮਝੌਤਾ ਕਰੇਗਾ? ਦੇਸ਼ ਦੇ ਬਹੁਤ ਸਾਰੇ ਲੋਕ ਇਸ ਗੱਲੋਂ ਉਸ ਨਾਲ ਖੁਸ਼ ਨਹੀਂ ਹੋਣਗੇ।
ਜੈਰਮੀ ਕੌਰਬਿਨ ਦਾ ਪ੍ਰੀਵੀ ਕੌਂਸਲ ਦਾ ਮੈਂਬਰ ਨਾ ਬਣਨਾ ਵੀ ਲੋਕਾਂ ਨੂੰ ਗਵਾਰਾ
ਨਹੀਂ । ਲੋਕੀਂ ਕਹਿੰਦੇ ਹਨ ਕਿ ਇਹ ਫੈਸਲਾ ਵੀ ਉਸ ਨੇ ਇਸ ਲਈ ਚੁਣਿਆ ਹੈ ਤਾਂ ਜੁ
ਉਨ੍ਹਾਂ ਨੂੰ ਮਹਾਰਾਣੀ ਮੂਹਰੇ ਝੁਕਣਾ ਨਾ ਪਵੇ।
ਜੈਰਮੀ ਕੌਰਬਿਨ ਨੇ ਬਹੁਤ ਸਾਰੇ ਲੋਕਾਂ ਨੂੰ ਓਦੋਂ ਰੁਸਾ ਲਿਆ ਜਦੋਂ ਅਜੇ
ਪਿਛਲੇ ਹਫਤੇ ਹੀ “ਬੈਟਲ ਔਫ ਬ੍ਰਿਟੇਨ” (ਦੂਜੀ ਵੱਡੀ ਜੰਗ) ਵਿਚ ਮਰੇ ਹਵਾਬਾਜ਼ਾਂ
(ਪਾਇਲਟਸ) ਨੂੰ ਸ਼ਰਧਾਂਜਲੀ ਦੇਣ ਸਮੇਂ ਉਸ ਨੇ ਬ੍ਰਿਟੇਨ ਦੀ ਨੈਸ਼ਨਲ ਐਂਥਮ ਨਹੀਂ ਸੀ
ਗਾਈ। ਸੇਂਟ ਪਾਲਜ਼ ਕੈਥੀਡਰਲ ਦੇ ਇਸ ਸ਼ਰਧਾਂਜਲੀ ਸਮਾਗਮ ਵੇਲੇ ਪ੍ਰਧਾਨ ਮੰਤਰੀ
ਡੇਵਿਡ ਕੈਮਰਾਨ ਅਤੇ ਡੀਫੈਂਸ ਮਨਿਸਟਰ ਮਾਈਕਲ ਫੈਲਨ ਤੋਂ ਇਲਾਵਾ ਬਹੁਤ ਸਾਰੇ
ਮਿਲਟਰੀ, ਏਅਰ ਫੋਰਸ ਅਤੇ ਨੇਵੀ ਦੇ ਆਹਲਾ ਅਫਸਰ ਵੀ ਮੌਜੂਦ ਸਨ। ਬਰਤਾਨੀਆ ਭਰ ਦੀ
ਪ੍ਰੈਸ ਨੇ ਚੁੱਪ ਚਾਪ ਖੜ੍ਹੇ ਜੈਰਮੀ ਕੌਰਬਿਨ ਦੀਆਂ ਲਫਜ਼ੀ ਤੌਰ 'ਤੇ ਲੀਰਾਂ ਲੀਰਾਂ
ਕਰ ਸੁੱਟੀਆਂ। ਲੇਬਰ ਪਾਰਟੀ ਦੇ ਬਹੁਤ ਸਾਰੇ ਐਮ ਪੀ ਆਪਣੇ ਲੀਡਰ ਦੇ ਇਸ ਵਰਤਾਰੇ
ਤੋਂ ਖੁਸ਼ ਨਹੀਂ ਹਨ। ਇਕ ਰਿਪੋਰਟ ਅਨੁਸਾਰ ਲੌਰਡ ਫਾਲਕੋਨਰ ਸ਼ੈਡੋ ਕੈਬਨਿਟ ਤੋਂ
ਅਸਤੀਫਾ ਦੇਣ ਬਾਰੇ ਸੋਚ ਰਹੇ ਹਨ।
ਜੈਰਮੀ ਕੌਰਬਿਨ ਨੈਟੋ ਦੇ ਖਿਲਾਫ ਹਨ। ਇਸ ਗੱਲ ਦਾ ਨੋਟਿਸ ਲੈਂਦਿਆਂ
ਡੈਮੋਕਰੈਟਿਕ ਪ੍ਰੈਜ਼ੀਡੈਂਸ਼ਲ ਕੈਂਡੀਡੇਟ ਅਤੇ ਅਮਰੀਕਾ ਦੀ ਭੂਤ ਪੂਰਬ ਸੈਕਟਰੀ ਔਫ
ਸਟੇਟ ਅਤੇ ਸਾਬਕਾ ਫਸਟ ਲੇਡੀ ਹਿੱਲਰੀ ਕਲਿੰਟਨ ਨੇ ਪ੍ਰਾਈਵੇਟ ਤੌਰ 'ਤੇ ਆਖਿਆ ਹੈ
ਕਿ ਇਹ ਬ੍ਰਿਟਨ ਦਾ ਨਵਾਂ ਔਪੋਜ਼ੀਸ਼ਨ ਪਾਰਟੀ ਲੀਡਰ ਕਿਹੋ ਜਿਹੀਆਂ ਅਜੀਬ ਗੱਲਾਂ ਕਰ
ਰਿਹਾ ਹੈ? ਬ੍ਰਿਟੇਨ ਦੀ ਡੀਫੈਂਸ ਫੋਰਸ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ। ਜਿਹੜਾ
ਆਦਮੀ ਆਪਣੀ ਡੀਫੈਂਸ ਫੋਰਸਜ਼ ਨੂੰ ਖ਼ੁਸ਼ ਨਹੀਂ ਰੱਖ ਸਕਦਾ ਉਹ ਚੰਗਾ ਪ੍ਰਾਈਮ
ਮਨਿਸਟਰ ਕਿੰਝ ਬਣ ਸਕਦਾ ਹੈ। ਅਗਰ ਅਮਰੀਕਾ ਦੀ ਪ੍ਰਧਾਨ ਹਿੱਲਰੀ ਕਲਿੰਟਨ ਬਣ
ਜਾਂਦੀ ਹੈ ਤਾਂ ਉਸਦਾ ਤੇ ਜੈਰਮੀ ਕੌਰਬਿਨ ਦਾ ਆਪਸੀ ਰਿਸ਼ਤਾ ਕਿਹੋ ਜਿਹਾ ਹੋਵੇਗਾ?
ਜੈਰਮੀ ਕੌਰਬਿਨ ਦੇ ਲੇਬਰ ਪਾਰਟੀ ਦੇ ਲੀਡਰ ਬਣਦਿਆਂ ਹੀ ਕਈ ਸੀਨੀਅਰ ਐਮ ਪੀਜ਼
ਨੇ ਉਹਦੀ ਸ਼ੈਡੋ ਕੈਬਨਿਟ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਦੇ
ਸਿੱਟੇ ਵਜੋਂ ਉਸ ਦੇ ਸ਼ੈਡੋ ਮੰਤਰੀ ਮੰਡਲ ਦੇ ਤਕਰੀਬਨ ਸਾਰੇ ਹੀ ਮੈਂਬਰ
ਨਾ–ਤਜਰਬਾਕਾਰ ਐਮ ਪੀ ਹਨ। ਜੈਰਮੀ ਕੌਰਬਿਨ ਦੇ ਲੀਡਰ ਬਣਨ ਉਪਰੰਤ ਕੁਝ ਉਨ੍ਹਾਂ
ਲੋਕਾਂ ਨੇ ਰੋਸ ਪ੍ਰਗਟ ਕੀਤਾ ਜਿਹੜੇ ਇਸ ਪਾਰਟੀ ਦੀ ਆਰਥਿਕ ਤੌਰ 'ਤੇ ਮੱਦਦ ਕਰਦੇ
ਸਨ। ਮਿਸਾਲ ਵਜੋਂ ਕਰੋੜਪਤੀ ਲੌਰਡ ਸ਼ੂਗਰ ਨੇ ਕਿਹਾ ਹੈ ਕਿ ਉਹ ਜੈਰਮੀ ਕੌਰਬਿਨ
ਵਰਗੇ ਲੀਡਰ ਦੇ ਹੁੰਦਿਆਂ ਹੋਇਆਂ ਲੇਬਰ ਪਾਰਟੀ ਨੂੰ ਇਕ ਦੁਆਨੀ ਵੀ ਨਹੀਂ ਦੇਣਗੇ।
ਅੱਜ ਦੇ ਟੈਲੀਵਿਯਨ ਦੇ ਯੁੱਗ ਵਿਚ ਜੈਰਮੀ ਕੌਰਬਿਨ ਦਾ ਕਥਿੱਤੇ ਜਿਹੇ ਕੱਪੜੇ
ਪਾਉਣਾ ਵੀ ਕਈਆਂ ਲੋਕਾਂ ਨੂੰ ਚੰਗਾ ਨਹੀਂ ਲੱਗਦਾ। ਅੱਜ ਦੇ ਯੁਗ ਵਿਚ ਸਮਾਰਟ
ਅਪੀਅਰੈਂਸ ਵਾਲੇ ਆਗੂ ਨੂੰ ਤਰਜੀਹ ਦਿਤੀ ਜਾਂਦੀ ਹੈ। ਬੇਢਵੇ ਕਪੜਿਆਂ ਵਾਲਾ ਯੁਗ
ਬੀਤ ਗਿਆ ਹੈ।
ਜੈਰਮੀ ਕੌਰਬਿਨ ਚਾਹੁੰਦੇ ਹਨ ਕਿ ਸੀਰੀਆ, ਲਿਬੀਆ, ਈਰਾਕ ਅਤੇ ਅਫਗਾਨਿਸਤਾਨ
ਤੋਂ ਆਉਂਦੇ ਲੱਖਾਂ ਹੀ ਰਫਿਊਜੀਆਂ ਨੂੰ ਇੰਗਲੈਂਡ ਵਿਚ ਵੜਨੋਂ ਨਹੀਂ ਰੋਕਣਾ
ਚਾਹੀਦਾ। ਦੇਸ਼ ਦੀ ਮੌਜੂਦਾ ਸਰਕਾਰ ਨੇ ਕੇਵਲ ਵੀਹ ਹਜ਼ਾਰ ਰਿਫਿਊਜੀ ਹੀ ਮਨਜ਼ੂਰ ਕੀਤੇ
ਹਨ। ਏਨੀ ਕੁ ਗਿਣਤੀ ਲਈ ਵੀ ਅਨੇਕਾਂ ਘਰ, ਸਕੂਲ, ਹਸਪਤਾਲੀ ਸੁਵਿਧਾਵਾਂ ਅਤੇ ਹੋਰ
ਸਹੂਲਤਾਂ ਮੁਹੱਈਆ ਕਰਨੀਆਂ ਪੈਣੀਆਂ ਹਨ। ਜੱਦੀ ਲੋਕੀਂ ਕਹਿੰਦੇ ਹਨ ਕਿ ਦੁਨੀਆ ਦਾ
ਕੋਈ ਵੀ ਦੇਸ਼ ਅਸੀਮਤ ਰਫਿਊਜੀ ਨਹੀਂ ਲੈ ਸਕਦਾ। ਜੈਰਮੀ ਕੌਰਬਿਨ ਇਸ ਗੱਲ ਦੇ ਹੱਕ
ਵਿਚ ਵੀ ਨਹੀਂ ਹੈ ਕਿ ਨੈਟੋ ਫੋਰਸਾਂ ਮਿਡਲ ਈਸਟ ਦੇ ਦਹਿਸ਼ਤਗਰਦਾਂ ਉਤੇ ਹਮਲੇ ਕਰਨ।
ਜੈਰਮੀ ਕੌਰਬਿਨ ਆਖਦੇ ਹਨ ਕਿ ਇਨ੍ਹਾਂ ਗਰੁੱਪਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ
ਨਾ ਕਿ ਇਨ੍ਹਾਂ ਨੂੰ ਤਹਿਸ਼ ਨਹਿਸ਼ ਕਰਨਾ ਚਾਹੀਦਾ ਹੈ ਕਿਉਂਕਿ ਇੰਝ ਕਰਨ ਨਾਲ
ਨਿਰਦੋਸ਼ ਨਾਗਰਿਕ ਵੀ ਮਾਰੇ ਜਾ ਸਕਦੇ ਹਨ।
ਜੈਰਮੀ ਕੌਰਬਿਨ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਦਿੱਤੀ ਜਾਂਦੀ ਵੈਲਫੇਅਰ ਦੀ
ਰਕਮ ਦੀ ਹੱਦਬੰਦੀ ਕੀਤੀ ਜਾਵੇ। ਕੈਮਰਾਨ ਸਰਕਾਰ ਚਾਹੁੰਦੀ ਹੈ ਕਿ ਪਿਛਲੀ ਕੁਲੀਸ਼ਨ
ਸਰਕਾਰ ਵੇਲੇ ਦੀ ਮੈਕਸੀਮਮ ਹਾਊਸਹੋਲਡ ਦੀ 26 ਹਜ਼ਾਰ ਪੌਂਡ ਦੀ ਰਕਮ ਘਟਾ ਕੇ ਤੇਈ
ਹਜ਼ਾਰ ਪੌਂਡ ਪ੍ਰਤੀ ਵਰਸ਼ ਕਰ ਦਿੱਤੀ ਜਾਵੇ। ਯਾਦ ਰਹੇ ਛੱਬੀ ਹਜ਼ਾਰ ਪੌਂਡ ਨੈਟ ਰਕਮ
ਹਾਸਲ ਕਰਨ ਲਈ ਇੰਗਲੈਂਡ ਦੇ ਇਕ ਕਾਮੇ ਨੂੰ ਬਤਾਲੀ ਹਜ਼ਾਰ ਪੌਂਡ ਕਮਾਉਣੇ ਪੈਂਦੇ ਹਨ
ਕਿਉਂਕਿ ਇਸ ਵਿਚੋਂ ਇਨਕਮ ਟੈਕਸ ਅਤੇ ਨੈਸ਼ਨਲ ਇੰਸ਼ੋਰੈਂਸ ਵੀ ਕੱਟੀ ਜਾਂਦੀ ਹੈ।
ਮੌਜੂਦਾ ਸਰਕਾਰ ਦੋ ਮਿਲੀਅਨ ਵਿਹਲੜਾਂ ਨੂੰ ਮੁਫਤ ਦੇ ਪੈਸੇ ਦੇ ਕੇ ਹੋਰ ਖ਼ਰਾਬ
ਨਹੀਂ ਕਰਨਾ ਚਾਹੁੰਦੀ। ਆਮ ਲੋਕ ਕਨਜ਼ਰਵੇਟਿਵ ਸਰਕਾਰ ਦੀ ਇਸ ਗੱਲ ਨੂੰ ਪਸੰਦ ਕਰਦੇ
ਹਨ।
ਜੈਰਮੀ ਕੌਰਬਿਨ ਕਹਿੰਦੇ ਹਨ ਕਿ ਦੇਸ਼ ਦੇ ਧਨਾਢਾਂ, ਬੈਂਕਰਾਂ ਅਤੇ
ਇੰਡਸਟਰੀਅਲਿਸਟਾਂ ਉਤੇ ਹੋਰ ਟੈਕਸ ਲਗਾਇਆ ਜਾਣਾ ਚਾਹੀਦਾ ਹੈ। ਇਕ ਲੱਖ ਪੌਂਡ ਤੋਂ
ਵੱਧ ਕਮਾਉਣ ਵਾਲਿਆਂ 'ਤੇ ਘੱਟੋ ਘੱਟ 50% ਟੈਕਸ ਲੱਗਣਾ ਚਾਹੀਦਾ ਹੈ। ਬਲਕਿ ਜੈਰਮੀ
ਕੌਰਬਿਨ ਦਾ ਵਿੱਤ ਮੰਤਰੀ (ਚਾਂਸਲਰ ਔਫ ਦੀ ਐਕਸਚੈਕਰ) ਜੌਹਨ ਮੈਕਡੋਨਲ ਤਾਂ
ਕਹਿੰਦਾ ਹੈ ਕਿ ਇਹੋ ਜਿਹੇ ਲੋਕਾਂ ਉਤੇ 70% ਟੈਕਸ ਲੱਗਣਾ ਚਾਹੀਦਾ ਹੈ। ਲੱਗਦਾ ਹੈ
ਕਿ ਨਵਾਂ ਲੇਬਰ ਪਾਰਟੀ ਲੀਡਰ ਨਹੀਂ ਸੋਚਦਾ ਕਿ ਅਮੀਰ ਲੋਕ ਜੌਬਾਂ ਵੀ ਤਾਂ ਕਰੀਏਟ
ਕਰਦੇ ਹਨ। ਟੈਕਸ ਤੋਂ ਡਰਦਿਆਂ ਆਹਲਾ ਦਿਮਾਗ ਲੋਕ ਬ੍ਰਿਟੇਨ ਨੂੰ ਛੱਡ ਕੇ ਹੋਰ
ਦੇਸ਼ਾਂ ਵਿਚ ਵੀ ਤਾਂ ਵੱਸ ਸਕਦੇ ਹਨ।
ਖੈਰ ਜੈਰਮੀ ਕੌਰਬਿਨ ਲੇਬਰ ਪਾਰਟੀ ਵਾਸਤੇ ਅਗਲੀਆਂ ਇਲੈਕਸ਼ਨਾਂ ਜਿੱਤਣ ਦੀ
ਸੰਭਾਵਨਾ ਵਾਸਤੇ ਇਕ ਪ੍ਰਸ਼ਨ–ਚਿੰਨ੍ਹ ਬਣ ਕੇ ਸਾਹਮਣੇ ਆਇਆ ਹੈ। ਫਿਲਹਾਲ
ਪੇਸ਼ੀਨਗੋਈ ਇਹੋ ਹੈ ਕਿ ਇਹ ਬੰਦਾ ਲੇਬਰ ਪਾਰਟੀ ਵਾਸਤੇ ਚੰਗਾ ਭਵਿੱਖ ਨਹੀਂ ਉਲੀਕ
ਸਕੇਗਾ।
|