WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ

  

ਜਰਮਨੀ ਦਾ ਸ਼ਹਿਰ ਨਿਊਰਨਬਰਗ ਵਿਸ਼ਵ ਯੁੱਧ ਦੂਜੇ ਸਦਕਾ ਦੁਨੀਆਂ ਭਰ ਵਿਚ ਮਸ਼ਹੂਰ ਹੈ ਜਿੱਥੇ ਹਿਟਲਰ ਦੇ ਸਾਥੀਆਂ ਨੂੰ ਅਣਮਨੁੱਖੀ ਵਰਤਾਰੇ ਅਤੇ ਅਤਿ ਦੇ ਜ਼ੁਲਮ ਢਾਹੁਣ ਸਦਕਾ ਸਜ਼ਾ ਸੁਣਾਉਣ ਲਈ ਕੋਰਟ ਵਿਚ ਕੇਸ ਚਲਦਾ ਰਿਹਾ ਸੀ।

ਆਪਣੇ ਅੰਦਰ ਇਤਿਹਾਸ ਦਾ ਅਹਿਮ ਪੰਨਾ ਲੁਕਾਈ ਬੈਠਾ ਇਹ ਖੂਬਸੂਰਤ ਸ਼ਹਿਰ ਜਿੱਥੇ ਇਨਸਾਨੀਅਤ ਬਾਰੇ ਜਾਗਰੂਕ ਕਰਨ ਵਿਚ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ, ਉੱਥੇ ਪੁਰਾਤਨ ਚੀਜ਼ਾਂ ਵਿਚ ਖ਼ੂਬਸੂਰਤ ਝਾਤ ਵੀ ਪੁਆਉਂਦਾ ਹੈ।

ਪੁਰਾਣੀਆਂ ਇਮਾਰਤਾਂ ਏਨੇ ਵਧੀਆ ਤਰੀਕੇ ਸਾਂਭ ਕੇ ਰੱਖੀਆਂ ਗਈਆਂ ਹਨ ਕਿ ਪੁੱਛੋ ਨਾ! ਗਲੀਆਂ, ਬਜ਼ਾਰ ਸਭ ਪੁਰਾਣੇ ਪੱਥਰਾਂ ਨਾਲ ਹੀ ਬਣੀਆਂ ਹੋਈਆਂ ਹਨ ਤੇ ਉਨਾਂ ਦੀ ਦਿਖ ਬਦਲੀ ਨਹੀਂ ਗਈ। ਨਾ ਹੀ ਬਜ਼ਾਰ ਵਿਚ ਕਾਰਾਂ ਚਲਾਉਣ ਦੀ ਇਜਾਜ਼ਤ ਹੈ।

ਨਿਊਰਨਬਰਗ ਮਹਿਲ ਵਿਚ ਜਾ ਕੇ ਤਾਂ ਇੰਜ ਜਾਪਦਾ ਹੈ ਜਿਵੇਂ ਉਸਦੀਆਂ ਕੰਧਾਂ ਹੁਣੇ ਬੋਲ ਉੱਠਣਗੀਆਂ। ਉਹ ਸੁਣਾਉਣਗੀਆਂ ਕਿ ਕਿਵੇਂ ਔਰਤਾਂ ਇਕ ਪਾਸੇ ਦੀ ਗਲੀ ਵਿੱਚੋਂ ਗੱਲਾਂ ਕਰਦੀਆਂ ਲੰਘ ਗਈਆਂ ਤੇ ਕਿੱਥੇ ਰਾਜੇ ਨੇ ਪਰਜਾ ਦੀਆਂ ਮੁਸ਼ਕਲਾਂ ਸੁਣੀਆਂ।

ਮੈਂ ਸ਼ਾਇਦ ਜ਼ਿੰਦਗੀ ਭਰ ਇਸ ਥਾਂ ਉੱਤੇ ਪੈਰ ਨਾ ਧਰ ਸਕਦੀ ਜੇ ਭੁਪਿੰਦਰ ਭਾਜੀ, ਗੁਰਮੀਤ ਭਾਜੀ ਤੇ ਬਸੰਤ ਸਿੰਘ ਰਾਮੂਵਾਲੀਆ ਜੀ ਵੱਲੋਂ ਮੈਨੂੰ ਜਰਮਨੀ ਵਿਖੇ ਤਿੰਨ ਲੈਕਚਰ ਦੇਣ ਲਈ ਸੱਦਾ ਨਾ ਮਿਲਿਆ ਹੁੰਦਾ। ਮਨਜੀਤ ਭਾਜੀ ਤੇ ਉਨਾਂ ਦੀ ਧਰਮਪਤਨੀ ਦੀ ਹਿੰਮਤ ਸਦਕਾ ਮੈਂ ਉਨਾਂ ਦੀ ਕਾਰ ਵਿਚ ਇਸ ਸ਼ਹਿਰ ਦਾ ਗੇੜਾ ਲਾ ਆਈ।

ਹਿਟਲਰ ਦੇ ਜ਼ੁਲਮਾਂ ਬਾਰੇ ਤਾਂ ਮੈਂ ਪਹਿਲਾਂ ਵੀ ਕਾਫੀ ਵੇਖ ਪੜ ਚੁੱਕੀ ਹੋਈ ਸੀ। ਬੈਲਜੀਅਮ ਦੇ ਗੈਂਟ ਵਿਚ ਪਏ ਖ਼ੌਫਨਾਕ ਹਥਿਆਰ ਜਿਨਾਂ ਨਾਲ ਅਣਮਨੁੱਖੀ ਅੱਤਿਆਚਾਰ ਕੀਤੇ ਗਏ ਸਨ, ਵੀ ਮੈਂ ਵੇਖੇ ਹੋਏ ਸਨ। ਇਸ ਥਾਂ ਦਾ ਵੇਖਣ ਦਾ ਚਾਅ ਵੱਖ ਸੀ ਕਿ ਕਿਵੇਂ ਜ਼ੁਲਮ ਢਾਹੁਣ ਵਾਲਿਆਂ ਨੂੰ ਜੇਲਾਂ ਵਿਚ ਤਾੜਿਆ ਗਿਆ ਤੇ ਕਿਵੇਂ ਕੋਰਟ ਵਿਚ ਉਨਾਂ ਉੱਤੇ ਮੁਕੱਦਮਾ ਚਲਾ ਕੇ ਸਜ਼ਾ ਸੁਣਾਈ ਗਈ!

ਉੱਥੇ ਮੈਮੋਰੀਅਲ ਵੀ ਬਣਿਆ ਹੋਇਆ ਹੈ ਪਰ ਕੋਰਟ ਰੂਮ 600  (SAAL 600) ਜਿੱਥੇ ਮੁਕੱਦਮਾ ਚੱਲਿਆ, ਅੱਜ ਵੀ ਚਾਲੂ ਹੈ ਤੇ ਉੱਥੇ ਹੁਣ ਵੀ ਕਤਲ ਦੇ ਮੁਕੱਦਮੇ ਚੱਲਦੇ ਹਨ। ਜਿੰਨੀਆਂ ਪੁਰਾਣੀਆਂ ਚੀਜ਼ਾਂ ਸਾਂਭੀਆਂ ਜਾ ਸਕਦੀਆਂ ਸਨ, ਉਹ ਹਾਲੇ ਵੀ ਵਧੀਕਾ ਤਰੀਕੇ ਠੀਕ ਕਰਕੇ ਵਰਤੀਆਂ ਜਾ ਰਹੀਆਂ ਹਨ। ਬਾਕੀ ਦੀਆਂ ਚੀਜ਼ਾਂ ਤੇ ਥਾਵਾਂ ਦੀਆਂ ਤਸਵੀਰਾਂ ਜਾਂ ਫਿਲਮਾਂ ਬਣਾ ਕੇ ਮਿਊਜ਼ੀਅਮ ਵਿਚ ਲਾਈਆਂ ਗਈਆਂ ਹਨ। ਮਿਊਜ਼ੀਅਮ ਅੰਦਰ ਪੁਰਾਣੇ ਸਮੇਂ ਦੀ ਚਲ ਰਹੀ ਕਾਰਵਾਈ ਅਤੇ ਉਸ ਸਮੇਂ ਦੀ ਫਿਲਮ ਦੀ ਰਿਕਾਰਡਿੰਗ ਵਿਚ ਸਪਸ਼ਟ ਸੁਣਿਆ ਜਾ ਸਕਦਾ ਹੈ ਕਿ ਹਰ ਜ਼ੁਲਮ ਢਾਹੁਣ ਵਾਲੇ ਨੇ ਆਪਣੇ ਆਪ ਨੂੰ ਜਿਊਰੀ ਅੱਗੇ ਬੇਕਸੂਰ ਦੱਸਿਆ ਕਿ ਜੋ ਕੁੱਝ ਉਨਾਂ ਕੀਤਾ ਸਿਰਫ਼ ਹਿਟਲਰ ਦੇ ਹੁਕਮਾਂ ਤਹਿਤ ਹੀ ਕੀਤਾ। ਇਸ ਲਈ ਉਨਾਂ ਦੀ ਸਜ਼ਾ ਮੁਆਫ ਕਰ ਦਿੱਤੀ ਜਾਵੇ।

  
ਨਾਜ਼ੀ ਮੁਕੱਦਮਾ
 
ਹਰਮਨ ਗੋਰਿੰਗ ਦੀ ਆਤਮਹੱਤਿਆ

ਵੱਢੀਆਂ, ਟੁੱਕੀਆਂ, ਦੱਬੀਆਂ ਢੇਰ ਸਾਰੀਆਂ ਲਾਸ਼ਾਂ, ਇਨਸਾਨੀ ਸਰੀਰਾਂ ਦੇ ਟੁਕੜੇ, ਫੁੱਲੇ ਹੋਏ ਮੁਰਦਾ ਸਰੀਰਾਂ ਦੇ ਢੇਰ, ਚੁਫੇਰੇ ਫਿਲਮਾਂ ਤੇ ਤਸਵੀਰਾਂ ਵਿਚ ਵਿਖਾਏ ਗਏ ਹਨ ਜੋ ਐਵੀਡੈਂਸ ਦੀ ਤੌਰ ਉੱਤੇ ਕੇਸ ਵਿਚ ਵਰਤੇ ਗਏ ਸਨ।

ਗਿਆਰਾਂ ਨਾਜ਼ੀ ਲੀਡਰ ਜਿਨਾਂ ਨੂੰ ਜੁਰਮ ਸਾਬਤ ਹੋ ਜਾਣ ਉੱਤੇ ਫਾਂਸੀ ਦਿੱਤੀ ਗਈ, ਉਨਾਂ ਵੱਲੋਂ ਕੀਤੀ ਬਹਿਸ ਦੀ ਵੀਡੀਓ ਵੀ ਪਈ ਹੈ ਤੇ ਉਨਾਂ ਨੂੰ ਫਾਂਸੀ ਦਿੱਤੇ ਜਾਣ ਦੀਆਂ ਤਸਵੀਰਾਂ ਵੀ ਹਨ। ਉਨਾਂ ਗਿਆਰਾਂ ਨਾਜ਼ੀ ਲੀਡਰਾਂ ਦੇ ਮੁਰਦਾ ਸਰੀਰਾਂ ਨੂੰ ਫਾਂਸੀ ਦੇ ਫੰਦਿਆਂ ਸਮੇਤ ਦਫ਼ਨ ਕੀਤੇ ਜਾਣ ਦੀਆਂ ਵੀ ਤਸਵੀਰਾਂ ਲੱਗੀਆਂ ਹੋਈਆਂ ਹਨ।

ਮਰਨ ਤੋਂ ਪਹਿਲਾਂ ਰੋਂਦੇ ਗਿੜਗਿੜਾਉਂਦੇ ਉਹ ਆਪਣੇ ਆਪ ਨੂੰ ਬੇਕਸੂਰ ਹੀ ਕਹਿੰਦੇ ਰਹੇ। ਪਰ, ਉਨਾਂ ਵੱਲੋਂ ਹਿਟਲਰ ਦੇ ਹੁਕਮਾਂ ਤਹਿਤ ਜੰਗੀ ਕੈਦੀਆਂ ਉੱਤੇ ਢਾਹੇ ਕਹਿਰ ਦੀਆਂ ਤਸਵੀਰਾਂ ਵੇਖ ਕੇ ਕਿਸੇ ਦੀ ਵੀ ਰੀੜ ਦੀ ਹੱਡੀ ਵਿਚ ਕਾਂਬਾ ਛਿੜ ਸਕਦਾ ਹੈ।

ਜਿਹੜੀ ਜੇਲ ਵਿਚ ਉਨਾਂ ਜ਼ਾਲਮਾਂ ਨੂੰ ਕੇਸ ਦੌਰਾਨ ਰੱਖਿਆ ਗਿਆ, ਉਸਦੇ ਕਮਰੇ ਇਸ ਤਰਾਂ ਦੇ ਬਣਾਏ ਗਏ ਸਨ ਕਿ ਉਨਾਂ ਦੇ ਮਨੁੱਖੀ ਅਧਿਕਾਰਾਂ ਦਾ ਪੂਰਾ ਧਿਆਨ ਰੱਖਿਆ ਜਾ ਸਕੇ। ਅਜੀਬ ਜਾਪਦਾ ਹੈ ਕਿ ਖ਼ੌਫਨਾਕ ਅਣਮਨੁੱਖੀ ਜ਼ੁਲਮ ਢਾਹੁਣ ਵਾਲਿਆਂ ਦੇ ਮਨੁੱਖੀ ਅਧਿਕਾਰਾਂ ਦਾ ਪੂਰਾ ਧਿਆਨ ਰੱਖਣਾ! ਉਨਾਂ ਨੂੰ ਰੱਜਵਾਂ ਖਾਣ ਪੀਣ ਨੂੰ ਵੀ ਦਿੱਤਾ ਜਾਂਦਾ ਰਿਹਾ ਤੇ ਉਹ ਵੀ ਸੰਪੂਰਨ ਸਿਹਤਮੰਦ ਖ਼ੁਰਾਕ! ਕੋਈ ਅਣਮਨੁੱਖੀ ਤਸ਼ੱਦਦ ਉਨਾਂ ਉੱਤੇ ਨਹੀਂ ਢਾਹਿਆ ਗਿਆ। ਮੈਨੂੰ ਕਾਫੀ ਚਿਰ ਉੱਥੇ ਬਹਿ ਕੇ ਸੋਚਣ ਉੱਤੇ ਮਜਬੂਰ ਹੋਣਾ ਪਿਆ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਹਮਲੇ ਦੌਰਾਨ ਕਿਉਂ ਅਧਮਰੇ ਲੋਕਾਂ ਨੂੰ ਵੀ ਮਰਿਆਂ ਹੋਇਆਂ ਵਿਚ ਰਲਾ ਕੇ ਟਰੱਕਾਂ ਵਿਚ ਭਰ ਕੇ ਬਿਨਾਂ ਮੁਕੱਦਮਾ ਚਲਾਇਆਂ ਤੇ ਦੋਸ਼ ਸਾਬਤ ਕੀਤਿਆਂ ਸਾੜ ਦਿੱਤਾ ਗਿਆ?

ਖ਼ੈਰ ! ਸਜ਼ਾ ਮਿਲਣ ਵਾਲਿਆਂ ਵਿੱਚੋਂ ਹਰਮਨ ਗੋਰਿੰਗ, ਜੋ ਹਿਟਲਰ ਦਾ ਏਅਰ ਫੋਰਸ  ਦਾ ਮੰਤਰੀ ਸੀ ਅਤੇ ਹਿਟਲਰ ਵੱਲੋਂ ਨਾਜ਼ੀ ਸਟੇਟ ਦਾ ਸੈਕੰਡ ਇਨ ਕਮਾਂਡ ਥਾਪਿਆ ਗਿਆ ਸੀ, ਯਾਨੀ ਹਿਟਲਰ ਤੋਂ ਬਾਅਦ ਅਗਲਾ ਅਹੁਦੇਦਾਰ, ਆਪਣੀ ਫਾਂਸੀ ਦੀ ਸਜ਼ਾ ਸੁਣ ਕੇ ਏਨਾ ਦਹਿਲ ਗਿਆ ਕਿ ਉਸਨੇ ਜੇਲ ਅੰਦਰ ਆਤਮਹੱਤਿਆ ਕਰ ਲਈ ਸੀ। ਸਹੀ ਕਹਿੰਦੇ ਹਨ ਕਿ ਜਦੋਂ ਤਕ ਚੜਤ ਰਹੇ ਤਾਂ ਇਨਸਾਨ ਇਹ ਭੁੱਲ ਹੀ ਜਾਂਦਾ ਹੈ ਕਿ ਹਰ ਕਿਸੇ ਨੇ ਉਸੇ ਮਿੱਟੀ ਵਿਚ ਰਲਣਾ ਹੈ, ਅਤੇ ਸਵਰਗ ਨਰਕ ਇਸੇ ਧਰਤੀ ਉੱਤੇ ਹੀ ਹੈ। ਚੰਗੇ ਮਾੜੇ ਕਰਮਾਂ ਦਾ ਫਲ ਇੱਥੇ ਹੀ ਮਿਲ ਜਾਂਦਾ ਹੈ।

ਵਿਸ਼ਵ ਯੁੱਧ ਦੂਜੇ ਦੌਰਾਨ ਨਿਊਰਨਬਰਗ ਵਿਚਲੇ 642 ਪਿੰਡਵਾਸੀ ਮਾਰੇ ਗਏ ਸਨ ਤੇ ਉਨਾਂ ਦੀ ਹਰ ਨਿੱਕੀ ਤੋਂ ਨਿੱਕੀ ਬਚੀ ਯਾਦ 1945 ਤੋਂ ਲੈ ਕੇ ਹੁਣ ਤੱਕ ਸਾਂਭੀ ਪਈ ਹੈ। ਢੇਰਾਂ ਦੀਆਂ ਢੇਰ ਤਸਵੀਰਾਂ ਤੇ ਪੁਰਾਣੀਆਂ ਟੁੱਟੀਆਂ ਇਮਾਰਤਾਂ ਨੂੰ ਉਂਜ ਹੀ ਸਾਂਭ ਕੇ, ਵਰਤ ਕੇ, ਉਨਾਂ ਦੀਆਂ ਟੁੱਟੀਆਂ ਕੰਧਾਂ ਉੱਤੇ ਹੀ ਸਹਾਰਾ ਦੇ ਕੇ ਹੋਰ ਉਸਾਰੀ ਕਰ ਕੇ ਪੁਰਾਣੀ ਯਾਦ ਤਾਜ਼ਾ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਨੂੰ ਅਜੇ ਤੱਕ ਇਹ ਸਮਝ ਨਹੀਂ ਆਈ ਕਿ ਜ਼ੁਲਮ ਢਾਹੁਣ ਵੇਲੇ ਦੀ ਯਾਦ ਸਾਂਭਣ ਦੀ ਲੋੜ ਹੁੰਦੀ ਹੈ ਤਾਂ ਜੋ ਅਗਲੀਆਂ ਪੁਸ਼ਤਾਂ ਦੁਬਾਰਾ ਅਜਿਹੇ ਜ਼ੁਲਮ ਤੋਂ ਬਚਣ ਲਈ ਪਹਿਲਾਂ ਹੀ ਤਿਆਰ ਬਰ ਤਿਆਰ ਰਹਿਣ। ਜੇ ਸਮਝ ਆ ਗਈ ਹੁੰਦੀ ਤਾਂ ਢਹਿ ਢੇਰੀ ਹੋਏ ਅਕਾਲ ਤਖ਼ਤ ਨੂੰ ਉਸੇ ਤਰਾਂ ਸਾਂਭ ਕੇ ਰੱਖਦੇ ਤੇ ਉਸਦੇ ਬਰਾਬਰ ਜਾਂ ਉਹੀ ਟੁੱਟੀਆਂ ਕੰਧਾਂ ਨੂੰ ਸਹਾਰਾ ਦੇ ਕੇ ਇਕ ਹੋਰ ਉਸਾਰੀ ਹੋ ਜਾਂਦੀ। ਅਗਲੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਲਹੂ ਗਰਮਾਉਣ ਨੂੰ ਕੁੱਝ ਤਾਂ ਬਚਦਾ। ਜੋ ਆਪਣਾ ਇਤਿਹਾਸ ਭੁੱਲ ਜਾਂਦੇ ਹਨ ਉਹ ਕੱਖਾਂ ਵਾਂਗੂੰ ਰੁਲ ਜਾਂਦੇ ਹਨ ਕਿਉਂਕਿ ਇਤਿਹਾਸ ਦੁਹਰਾਉਂਦਾ ਜ਼ਰੂਰ ਹੈ।

ਹਿਟਲਰ ਦੇ ਸਾਥੀਆਂ ਨੂੰ 9.5 ਮੀਟਰ ਸਕੂਏਅਰ  ਖੇਤਰ ਫਲ ਜਿੰਨੇ ਜੇਲ ਦੇ ਕਮਰੇ ਵਿਚ ਰੱਖਿਆ ਗਿਆ ਸੀ ਤੇ ਕਮਰੇ ਅੰਦਰ ਹੀ ਗੁਸਲਖ਼ਾਨਾ, ਭਾਂਡੇ, ਮੇਜ਼, ਕੁਰਸੀ, ਮੰਜਾ ਦਿੱਤਾ ਹੋਇਆ ਸੀ। ਰੋਜ਼ ਸ਼ਾਮ ਨੂੰ 20 ਮਿੰਟ ਲਈ ਜੇਲ ਦੇ ਅੰਦਰ ਹੀ ਖੁੱਲੀ ਥਾਂ ਉੱਤੇ ਉਨਾਂ ਨੂੰ ਤੁਰਨ ਫਿਰਨ ਤੇ ਕਸਰਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਬਾਹਰਲੇ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ ਪਰ ਹਰ ਹਫ਼ਤੇ ਇਕ ਚਿੱਠੀ ਆਪਣੇ ਘਰ ਵਾਲਿਆਂ ਨੂੰ ਲਿਖੀ ਜਾ ਸਕਦੀ ਸੀ।

ਜੂਰੀ ਕੋਰਟ ਇੰਟਰਨੈਸ਼ਨਲ ਅੱਗੇ ਪੇਸ਼ ਕਰਨ ਲਈ ਜਿੰਨੇ ਵੀ ਸਬੂਤ ਮਿਲੇ ਸਨ, ਜਿਨਾਂ ਵਿਚ ਜਰਮਨਾਂ ਵੱਲੋਂ 20,000 ਪੋਲੈਂਡ ਦੇ ਫੌਜੀਆਂ ਨੂੰ ਮਾਰਨ ਅਤੇ ਰੂਸ ਵਿਚ ਸਮੂਹਕ ਤੌਰ ਉੱਤੇ ਅਣਮਨੁੱਖੀ ਤਸੀਹੇ ਦੇ ਕੇ ਮਾਰ ਕੇ ਦੱਬੀਆਂ ਲਾਸ਼ਾਂ ਦੀਆਂ ਫਿਲਮਾਂ ਅਤੇ ਤਸਵੀਰਾਂ, ਸਭ ਵੱਡੇ ਸਾਰੇ ਲੱਕੜ ਦੇ ਟਰੰਕ ਵਿਚ ਇਕੱਠੀਆਂ ਕਰ ਕੇ ਲਿਆਈਆਂ ਗਈਆਂ ਸਨ ਜਿਹੜਾ ਅਜੇ ਤਕ ਮਿਊਜ਼ੀਅਮ  ਵਿਚ ਸਾਂਭਿਆ ਪਿਆ ਹੈ।

ਮਿਊਜ਼ੀਅਮ  ਦੇ ਇਕ ਕਮਰੇ ਵਿਚ ਦੁਨੀਆਂ ਭਰ ਵਿਚ ਕਿਸੇ ਵੀ ਮੁਲਕ ਅੰਦਰ ਜੇ ਕਦੇ ਜ਼ੁਲਮ ਹੋਏ ਹਨ ਜਿਹੜੇ ਅਣਮਨੁੱਖੀ ਕਰਾਰ ਕੀਤੇ ਗਏ, ਉਨਾਂ ਬਾਰੇ ਮੁਲਕ ਦਾ ਨਾਂ ਤੇ ਸੰਨ ਲਿਖ ਕੇ ਦਰਜ ਕੀਤਾ ਮਿਲਦਾ ਹੈ। ਸੰਨ 1947 ਦੀ ਭਾਰਤ-ਪਾਕ ਵੰਡ, 1983 ਸ੍ਰੀ ਲੰਕਾ, 1985 ਵਿਅਤਨਾਮ, ਸੰਨ 1981 ਵਿਚ ਭਾਰਤ ਵਿਚਲੇ ਦੰਗੇ ਵੀ ਦਰਜ ਹਨ ਪਰ ਕਿਤੇ 1984 ਦੇ ਸਿੱਖਾਂ ਦੇ ਕਤਲੇਆਮ ਦਾ ਜ਼ਿਕਰ ਨਹੀਂ ਹੈ। ਸੰਨ 2010 ਬੰਗਲਾਦੇਸ਼ੀ ਤਸ਼ੱਦਦ ਦਾ ਵੀ ਜ਼ਿਕਰ ਹੈ। ਪੁੱਛਣ ਉੱਤੇ ਪਤਾ ਲੱਗਿਆ ਕਿ ਇਸ ਥਾਂ ਉਹੀ ਕੇਸ ਦਰਜ ਕੀਤੇ ਗਏ ਹਨ ਜਿਨਾਂ ਵਿਚ ਮਨੁੱਖੀ ਅਧਿਕਾਰਾਂ ਦਾ ਕਤਲ ਹੋਇਆ ਹੋਵੇ ਅਤੇ ਉਸ ਬਾਰੇ ਉਸ ਮੁਲਕ ਵੱਲੋਂ, ਜਿੱਥੇ ਜ਼ੁਲਮ ਹੋਇਆ, ਅੰਤਰਰਾਸ਼ਟਰੀ ਪੱਧਰ ਉੱਤੇ ਇਸਦੀ ਜਾਣਕਾਰੀ ਭੇਜੀ ਗਈ ਹੋਵੇ। ਸੰਨ 1984 ਵਿਚ ਕੋਈ ਮਾੜੀ ਘਟਨਾ ਨਾ ਵਾਪਰੀ ਸੋਚ ਕੇ ਹਰਿਮੰਦਰ ਸਾਹਿਬ ਉੱਤੇ ਹਮਲੇ ਦੀ ਕੋਈ ਨਿਸ਼ਾਨੀ ਜਾਂ ਕੰਧ ਵਿਚ ਵੱਜੀ ਗੋਲੀ ਤੱਕ ਵੀ ਕਿਤੇ ਨਹੀਂ ਰਹਿਣ ਦਿੱਤੀ ਗਈ। ਨਾ ਹੀ ਦੇਸ ਦੇ ਹੋਰਨਾਂ ਹਿੱਸਿਆਂ ਵਿਚ ਸਾੜੇ ਗਏ ਸਿੱਖਾਂ ਤੇ ਉੱਨਾਂ ਦੇ ਘਰਾਂ ਦਾ ਖੋਜ ਖੁਰਾ ਛੱਡਿਆ ਗਿਆ ਕਿਉਂਕਿ ਉਹ ਜ਼ੁਲਮ ਮੰਨਿਆ ਹੀ ਨਹੀਂ ਗਿਆ।

ਸਪਸ਼ਟ ਹੋ ਗਿਆ ਕਿ ਭਾਰਤ ਨੇ 1984 ਵਿਚਲਾ ਕੋਈ ਕਤਲੇਆਮ ਜ਼ਿਕਰਯੋਗ ਨਹੀਂ ਸਮਝਿਆ ਜਿਸ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਹੋਵੇ।

ਨਿਊਰਨਬਰਗ ਦੇ ਇਸ ਮਿਊਜ਼ੀਅਮ  ਵਿਚ ਇਹ ਸਤਰਾਂ ਸਪਸ਼ਟ ਰੂਪ ਵਿਚ ਉਘੜ ਕੇ ਸਾਹਮਣੇ ਆਉਂਦੀਆਂ ਹਨ ਕਿ ਜ਼ਾਲਮ ਦਾ ਹਮੇਸ਼ਾ ਖ਼ੁਰਾ ਖੋਜ ਮਿਟ ਜਾਂਦਾ ਹੈ ਤੇ ਜ਼ੁਲਮ ਦੀ ਉਮਰ ਲੰਮੀ ਨਹੀਂ ਹੁੰਦੀ।

  
ਟੌਏ ਮਿਊਜ਼ੀਅਮ’

ਨਿਊਰਨਬਰਗ ਦਾ ਬਹੁਮੰਜ਼ਲਾ ‘ਟੌਏ ਮਿਊਜ਼ੀਅਮ’ ਵੀ ਵਿਸ਼ਵ ਪ੍ਰਸਿੱਧ ਹੈ। ਸਦੀਆਂ ਪੁਰਾਣੇ ਲੱਕੜ ਦੇ ਖਿਡੌਣਿਆਂ ਤੋਂ ਲੈ ਕੇ ਨਵੀਨਤਮ ਬਾਰਬੀ ਡੌਲ, ਸਪਾਈਡਰਮੈਨ ਤੱਕ ਦੇ ਵੱਖੋ ਵੱਖ ਕਿਸਮਾਂ ਤੇ ਸੈਂਕੜੇ ਖਿਡੌਣੇ ਬੱਚਿਆਂ ਲਈ ਖਿੱਚ ਦਾ ਕੇਂਦਰ ਹਨ।

ਸੰਨ 1100 ਵਿਚ ਬਣਾਇਆ ਗਿਆ ਨਿਊਰਨਬਰਗ ਦਾ ਕਿਲਾ, ਵਿਸ਼ਵ ਯੁੱਧ ਦੂਜੇ ਦੌਰਾਨ 1944-45 ਵਿਚ ਕਾਫੀ ਟੁੱਟ ਫੁੱਟ ਗਿਆ ਸੀ। ਇਸ ਖੂਬਸਰਤ ਕਿਲੇ ਦੇ ਕੁੱਝ ਹਿੱਸੇ ਵਿਚ ਬਜ਼ਾਰ ਤੇ ਕੁੱਝ ਹਿੱਸੇ ਵਿਚ ਯੂਥ ਹੋਸਟਲ  ਬਣਾ ਦਿੱਤਾ ਗਿਆ ਹੈ। ਉਸ ਅੰਦਰ ਔਰਤਾਂ ਦੇ ਲਾਂਘੇ ਲਈ ਰੱਖੀ ਵੱਖਰੀ ਥਾਂ ਹਾਲੇ ਤਕ ਆਮ ਗਲੀ ਵਾਂਗ ਵਰਤੋਂ ਵਿਚ ਲਿਆਈ ਜਾ ਰਹੀ ਹੈ।

ਰੋਮਨ ਸਮੇਂ ਦੀਆਂ ਪੁਰਾਣੀਆਂ ਚੀਜ਼ਾਂ ਕਿਲੇ ਅੰਦਰ ਮਿਊਜ਼ੀਅਮ  ਵਿਚ ਸਾਂਭੀਆਂ ਪਈਆਂ ਹਨ ਅਤੇ ਅੰਦਰਲੇ ਉੱਚੇ ਮੀਨਾਰ ਤੋਂ ਸਾਰਾ ਨਿਊਰਨਬਰਗ ਵੇਖਿਆ ਜਾ ਸਕਦਾ ਹੈ। ਵੱਡੀ ਸਾਰੀ ਕਿਲੇ ਦੀ ਕੰਧ ਪੂਰੇ ਸ਼ਹਿਰ ਦੀ ਸ਼ਾਨ ਬਣ ਚੁੱਕੀ ਹੈ। ਕਿਲੇ ਦੇ ਬਾਹਰਵਾਰ ਬਣਾਈ ਗਈ ਡੂੰਘੀ ਖਾਈ ਭਰ ਕੇ ਉਸ ਉੱਪਰ ਪੱਕੀ ਸੜਕ ਬਣਾ ਦਿੱਤੀ ਗਈ ਹੈ ਤੇ ਚੁਫੇਰੇ ਘਾਹ, ਫੁੱਲ ਅਤੇ ਫਲਦਾਰ ਦਰਖ਼ਤ ਲਾ ਕੇ ਵਧੀਆ ਸੈਰ ਕਰਨ ਦੀ ਥਾਂ ਬਣਾ ਦਿੱਤੀ ਗਈ ਹੈ।

ਉਸ ਸਮੇਂ ਦੀਆਂ ਔਰਤਾਂ ਲਈ ਪਰਦਾ ਬੜਾ ਸਪਸ਼ਟ ਰੂਪ ਵਿਚ ਉਭਰ ਕੇ ਸਾਹਮਣੇ ਆਉਂਦਾ ਹੈ ਜਿੱਥੇ ਔਰਤਾਂ ਦੇ ਕਮਰੇ, ਉੱਠਣ ਬੈਠਣ, ਲੰਘਣ ਦੇ ਰਸਤੇ ਆਦਿ ਸਭ ਕਿਲੇ ਅੰਦਰ ਵੱਖ ਰੱਖੇ ਗਏ ਹਨ। ਉਨਾਂ ਥਾਵਾਂ ਉੱਤੇ ਮਰਦਾਂ ਦੇ ਵੜਨ ਦੀ ਮਨਾਹੀ ਸੀ। ਰਾਣੀਆਂ ਸਿੱਧੇ ਤੌਰ ਉੱਤੇ ਪਰਜਾ ਨੂੰ ਨਹੀਂ ਸਨ ਮਿਲ ਸਕਦੀਆਂ!

ਹੁਣ ਹਾਲ ਇਹ ਹੈ ਕਿ ਜਰਮਨ ਔਰਤਾਂ ਆਪਣੇ ਹੱਕਾਂ ਪ੍ਰਤੀ ਏਨੀਆਂ ਜਾਗਰੂਕ ਹੋ ਚੁੱਕੀਆਂ ਹਨ ਕਿ ਘਰੇਲੂ ਔਰਤ ਵੀ ਆਪਣਾ ਹੱਕ ਮੰਨਦੀ ਹੋਈ ਦੁਪਿਹਰ ਦੇ ਖਾਣੇ ਤੋਂ ਬਾਅਦ ਦੋ ਘੰਟੇ ਦਾ ਆਰਾਮ ਮੰਗਦੀ ਹੈ ਜੋ ਉਸਦਾ ਕਾਨੂੰਨਨ ਹੱਕ ਹੈ। ਇਸਨੂੰ ਜਰਮਨੀ ਵਿਚ ‘ਪੌਜ਼ੇ’ (ਅੰਗਰੇਜ਼ੀ ਜ਼ਬਾਨ ਵਿਚ ਪੌਜ਼) ਕਹਿੰਦੇ ਹਨ।

ਜੇ ਕਿਸੇ ਔਰਤ ਨੂੰ ਉਸਦਾ ਮਰਦ ਉੱਚੀ ਬੋਲਦਾ ਹੈ ਜਾਂ ਉਸਨੂੰ ਦੁਪਿਹਰੇ ਆਰਾਮ ਨਹੀਂ ਕਰਨ ਦਿੰਦਾ ਤਾਂ ਗੁਆਂਢੀਆਂ ਦੀ ਸ਼ਿਕਾਇਤ ਉੱਤੇ ਵੀ ਪੁਲਿਸ ਉਸਨੂੰ ਔਰਤ ਉੱਤੇ ਤਸ਼ੱਦਦ ਕਰਨ ਦੇ ਜੁਰਮ ਵਿਚ ਫੜ ਸਕਦੀ ਹੈ!

ਏਸੇ ਲਈ ਉੱਥੇ ਉੱਚੀ ਉੱਚੀ ਖਿੜ ਖਿੜਾ ਕੇ ਹੱਸਦੇ ਪੰਜਾਬੀ ਨਹੀਂ ਦਿੱਸਦੇ! ਹੌਲੀ ਹੌਲੀ ਮੁਸਕੁਰਾਉਂਦੇ, ਖੁਸ਼ੀਆਂ ਸਾਂਝੀਆਂ ਕਰਦੇ, ਮਹਿਫ਼ਿਲਾਂ ਸਜਾਉਂਦੇ ਤੇ ਹਰ ਆਏ ਗਏ ਦੀ ਖਿੜੇ ਮੱਥੇ ਆਓ ਭਗਤ ਕਰ ਉਸਨੂੰ ਰੱਜ ਕੇ ਖੁਆ ਕੇ ਆਪਣਾ ਪੰਜਾਬੀਪੁਣਾ ਸਾਂਭ ਰਹੇ ਹਨ।

ਗੁਰੂਆਂ ਵੱਲੋਂ ਮਿਲੇ ਵਰ ਸਦਕਾ ਪੰਜਾਬੀ ਦੁਨੀਆਂ ਦੇ ਹਰ ਕੋਨੇ ਉੱਤੇ ਮਿਲ ਜਾਂਦਾ ਹੈ। ਨਿਊਰਨਬਰਗ ਵਿਚ ਵੀ ਪੰਜਾਬੀਆਂ ਦਾ ਵਧੀਆ ਰੈਸਟੋਰਾਂ  ਹੈ ਅਤੇ ਟੈਕਸੀ ਚਲਾਉਂਦੇ ਪੰਜਾਬੀ ਵੀਰ ਵੀ ਹਨ। ਜਰਮਨੀ ਵਿਚ ਗੁਰਦੁਆਰੇ ਬਣਾ ਕੇ, ਖ਼ਾਲਸਾ ਝੰਡਾ ਗੱਡ ਕੇ ਸਿੰਘਾਂ ਨੇ (ਭਾਵੇਂ ਥੋੜੀ ਥਾਂ ਉੱਤੇ ਹੀ ਸਹੀ) ਆਪਣਾ ਖ਼ਾਲਸਾਈ ਰਾਜ ਕਾਇਮ ਕਰ ਛੱਡਿਆ ਹੈ।

ਪੁਰਾਣਾ ਗਿਰਜਾ ਘਰ ਤੇ ਰੇਲਵੇ ਸਟੇਸ਼ਨ ਦੀ ਖ਼ੂਬਸੂਰਤ ਬਿਲਡਿੰਗ ਵੀ ਵੇਖਣਯੋਗ ਹਨ ਅਤੇ ਪੁਰਾਤਨ ਕਲਾਕ੍ਰਿਤੀ ਵਾਂਗ ਸਾਂਭ ਕੇ ਰੱਖੇ ਗਏ ਹਨ। ਕਿਲੇ ਬਾਹਰ ਲੱਗੇ ਦਰਖ਼ਤਾਂ ਉੱਤੇ ਬੜੇ ਅਜੀਬੋਗ਼ਰੀਬ ਤੇ ਖ਼ੂਬਸੂਰਤ ਫੁੱਲ ਲੱਗੇ ਹੋਏ ਹਨ।

ਉੱਥੋਂ ਦੇ ਲੋਕ ਅੰਗਰੇਜ਼ੀ ਬੋਲਣ ਵਾਲੇ ਨੂੰ ਬਹੁਤਾ ਪਸੰਦ ਨਹੀਂ ਕਰਦੇ ਅਤੇ ਆਪਣੀ ਜ਼ਬਾਨ ਨੂੰ ਬਹੁਤ ਉੱਚਾ ਦਰਜਾ ਦਿੰਦੇ ਹਨ। ਜੇ ਡੁੱਚ ਜਾਂ ਜਰਮਨ ਭਾਸ਼ਾ ਵਿਚ ਉਨਾਂ ਨੂੰ ਕੁੱਝ ਪੁੱਛਿਆ ਜਾਵੇ ਤਾਂ ਉਹ ਖਿੜ ਜਾਂਦੇ ਹਨ ਤੇ ਪੂਰੀ ਤਰਾਂ ਸਮਝਾ ਕੇ ਹੀ ਹਟਦੇ ਹਨ। ਜੇ ਅੰਗਰੇਜ਼ੀ ਬੋਲ ਕੇ ਰਸਤਾ ਪੁੱਛਿਆ ਜਾਵੇ ਤਾਂ ਬਹੁਗਿਣਤੀ ਜਵਾਬ ਦਿੱਤੇ ਬਗ਼ੈਰ ਅਣਸੁਣੀ ਕਰਕੇ ਲੰਘ ਜਾਂਦੇ ਹਨ। ਜੇ ਕੋਈ ਵਿਰਲਾ ਜਵਾਬ ਦੇਵੇ ਵੀ ਤਾਂ ਅੱਧ ਪਚੱਧ ਅੰਗਰੇਜ਼ੀ ਤੇ ਬਾਕੀ ਜਰਮਨ ਭਾਸ਼ਾ ਮਿਲਾ ਕੇ ਹੀ ਜਵਾਬ ਦਿੰਦਾ ਹੈ। ਸੋ ਜਰਮਨੀ ਦੇ ਕਿਸੇ ਹਿੱਸੇ ਵਿਚ ਅਪਣੱਤ ਭਾਲਣੀ ਹੋਵੇ ਤਾਂ ਉਨਾਂ ਦੀ ਮਾਂ ਬੋਲੀ ਵਿਚ ਬੋਲ ਕੇ ਹੀ ਹਾਸਲ ਕੀਤੀ ਜਾ ਸਕਦੀ ਹੈ। ਪੰਜਾਬੀਆਂ ਨੂੰ ਪੰਜਾਬ ਅੰਦਰ ਵੀ ਪੰਜਾਬੀ ਬੋਲਣ ਵਿਚ ਹੀਣ ਭਾਵਨਾ ਮਹਿਸੂਸ ਹੁੰਦੀ ਹੈ।

ਪਿਜ਼ਾ, ਬਰਗਰ, ਮੀਟ, ਮੱਛੀ, ਸਮੁੰਦਰੀ ਜੀਵ ਉਨਾਂ ਦਾ ਪਸੰਦੀਦਾ ਭੋਜਨ ਹਨ। ਬੀਅਰ ਤੋਂ ਬਗ਼ੈਰ ਤਾਂ ਉਨਾਂ ਦੀ ਜ਼ਿੰਦਗੀ ਅਧੂਰੀ ਹੈ! ਕਾਨੂੰਨਨ ਵੀ ਇੱਕ ਬੋਤਲ ਲਾਈਟ ਬੀਅਰ ਪੀ ਕੇ ਉਨਾਂ ਨੂੰ ਕਾਰ ਚਲਾਉਣ ਦੀ ਇਜਾਜ਼ਤ ਹੈ ਪਰ ਇਸਤੋਂ ਵੱਧ ਜੇ ਕੋਈ ਪੀਣੀ ਚਾਹੇ ਤਾਂ ਟੈਕਸੀ ਰਾਹੀਂ ਜਾਂ ਡਰਾਈਵਰ ਨਾਲ ਲੈ ਕੇ ਹੀ ਕਾਰ ਉੱਤੇ ਵਾਪਸ ਘਰ ਜਾਇਆ ਜਾ ਸਕਦਾ ਹੈ।

ਖਾਣ ਪੀਣ ਦੇ ਸ਼ੌਕੀਨ ਜਰਮਨ ਜ਼ਿੰਦਗੀ ਨੂੰ ਰੱਜ ਕੇ ਜੀਊਂਦੇ ਹਨ। ਬਜ਼ਾਰ ਵਿਚ ਔਰਤਾਂ ਦੇ ਕਪੜੇ ਖਰੀਦਣ ਜਾਓ ਤਾਂ ਕਮਾਲ ਦਾ ਨਜ਼ਾਰਾ ਦਿਸਦਾ ਹੈ। ਜਵਾਨ ਬੱਚੀਆਂ ਲਈ ਬਹੁਤੇ ਸ਼ੋਖ਼ ਰੰਗਾਂ ਦੇ ਕਪੜੇ ਨਹੀਂ ਮਿਲਦੇ ਪਰ 50 ਵਰੇ ਤੋਂ ਵੱਧ ਦੀ ਉਮਰ ਵਾਲੀਆਂ ਔਰਤਾਂ ਲਈ ਚਮਕੀਲੇ, ਭੜਕੀਲੇ ਤੇ ਲਾਲ ਸੂਹੇ ਰੰਗ ਦੀਆਂ sixth sense  ਨਾਂ ਹੇਠ ਡਰੈਸਾਂ ਮਿਲਦੀਆਂ ਸਨ। ਮੇਰੇ ਲਈ ਇਹ ਨਜ਼ਾਰਾ ਅਜੀਬ ਸੀ। ਪੁੱਛਣ ਉੱਤੇ ਪਤਾ ਲੱਗਿਆ ਕਿ ਇਸ ਵਿਚ ਮਨੋਵਿਗਿਆਨਕ ਪੱਖ ਸ਼ਾਮਲ ਹੈ। ਪੰਜਾਹ ਵਰੇ ਦੀ ਉਮਰ ਤਕ ਲਗਾਤਾਰ ਕੰਮ ਕਰ ਕੇ ਪੈਸੇ ਇਕੱਠੇ ਕਰਨ ਵਿਚ ਰੁੱਝੇ ਇਹ ਲੋਕ ਇਸ ਉਮਰ ਵਿਚ ਰਿਟਾਇਰਮੈਂਟ  ਲੈ ਕੇ ਬਾਕੀ ਦੀ ਜ਼ਿੰਦਗੀ ਰੱਜ ਕੇ ਜੀਅ ਕੇ, ਮਸਤੀ ਕਰ ਕੇ, ਸ਼ੋਖ਼ ਕਪੜੇ ਪਾ ਕੇ, ਗੂੜੀ ਲਿਪਸਟਿਕ ਲਾ ਕੇ, ਮੇਕਅੱਪ ਕਰ, ਬਾਹਵਾਂ ਵਿਚ ਬਾਹਵਾਂ ਪਾ, ਬੀਅਰ ਦੀਆਂ ਚੁਸਕੀਆਂ ਲੈ ਕੇ, ਹੱਸਦੇ ਗੁਟਕਦੇ, ਨੱਚਦੇ ਗਾਉਂਦੇ ਨਜ਼ਰ ਆਉਂਦੇ ਹਨ।

ਭਾਰਤ ਵਿਚ ਕੋਈ ਜ਼ਿੰਦਗੀ ਜੀਊਂਦਾ ਹੀ ਨਹੀਂ। ਕੋਹਲੂ ਦੇ ਬੈਲ ਵਾਂਗ ਪਿਸਦੇ ਹੀ ਆਖ਼ਰੀ ਸਾਹ ਨਿਕਲ ਜਾਂਦਾ ਹੈ। ਕਿਸੇ ਬਜ਼ੁਰਗ ਨੂੰ ਸ਼ੋਖ਼ ਕਪੜੇ ਪਾਏ ਵੇਖ ‘ਬੁੱਢੀ ਘੋੜੀ ਲਾਲ ਲਗਾਮ’ ਕਹਿ ਦਿੱਤਾ ਜਾਂਦਾ ਹੈ। ਭਾਰਤੀ ਬਜ਼ੁਰਗਾਂ ਦੇ ਜਿੰਮੇ ਦੋ ਹੀ ਕੰਮ ਹਨ - ਬੱਚਿਆਂ ਨੂੰ ਸਾਂਭੋ ਤੇ ਘਰ ਦੇ ਕੰਮ ਮੁਕਾ ਦੇ ਪਾਠ ਪੂਜਾ ਕਰੋ! ਏਸੇ ਲਈ ਬੇਲੋੜੇ ਸਮਝ ਉਨਾਂ ਨੂੰ ਬਜ਼ੁਰਗ ਘਰਾਂ ਵਿਚ ਧੱਕ ਦਿੱਤਾ ਜਾਂਦਾ ਹੈ।

  
ਅਕਾਲ ਤਖਤ 1984

ਕੁੱਝ ਗੱਲਾਂ ਧਿਆਨ ਮੰਗਦੀਆਂ ਹਨ ਤੇ ਜੇ ਕਿਸੇ ਨੂੰ ਇਸ ਬਾਰੇ ਪੂਰੀ ਸਮਝ ਆ ਜਾਵੇ ਤਾਂ ਉਹ ਵੀ ਮੇਰੇ ਵਾਂਗ ਸਵਾਲ ਕਰ ਸਕਦਾ ਹੈ।

ਯਰੂਸਲਮ ਵਿਖੇ ‘ਵੇਲਿੰਗ ਵਾਲ’ ਨਾਮੀ ਕੰਧ ਸਾਂਭ ਕੇ ਰੱਖੀ ਗਈ ਹੈ ਜਿੱਥੇ ਹਰ ਯਹੂਦੀ ਸਿਰ ਟਿਕਾ ਕੇ ਧਾਹਾਂ ਮਾਰ ਦੇ ਰੋਂਦਾ ਹੈ ਅਤੇ ਪਿਛਲੇ ਮਨੁੱਖੀ ਤਸ਼ੱਦਦ ਨੂੰ ਯਾਦ ਕਰ ਕੇ ਉਸ ਤੋਂ ਤੌਬਾ ਕਰਦਾ ਹੈ। ਇੰਜ ਉਹ ਪੁਰਾਣੇ ਜ਼ਖ਼ਮ ਅੱਲੇ ਵੀ ਕਰਦਾ ਹੈ ਤਾਂ ਜੋ ਦੁਬਾਰਾ ਅਜਿਹਾ ਹੋਣ ਤੋਂ ਰੋਕਣ ਲਈ ਪੂਰੀ ਤਿਆਰੀ ਵਿਚ ਰਹੇ। ਸਿੱਖਾਂ ਉੱਤੇ ਢਾਹੇ ਕਹਿਰ ਦੀ ਯਾਦ ਬਾਕੀ ਕਿਉਂ ਨਹੀਂ ਛੱਡੀ ਜਾਂਦੀ? ਜੇ ਕੋਈ ਜ਼ਖ਼ਮ ਅੱਲੇ ਕਰਨਾ ਚਾਹੇ ਤਾਂ ਵੱਖਵਾਦ ਦਾ ਰੌਲਾ ਕਿਉਂ ਪੈਂਦਾ ਹੈ ?

ਕੀ ਭਾਰਤ ਅੰਦਰ ਤਸ਼ੱਦਦ ਵਿਰੁੱਧ ਆਵਾਜ਼ ਚੁੱਕਣੀ ਜੁਰਮ ਹੈ? ਪੂਰੀ ਦੁਨੀਆ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਉੱਤੇ ਹਾਹਾਕਾਰ ਮਚ ਜਾਂਦੀ ਹੈ । ਸਿੰਘਾਂ ਦੇ ਸਿਰਾਂ ਦੇ ਮੁੱਲ ਪਾਉਣ ਵਾਲੇ ਦਰਿੰਦੇ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾ ਦੇਣ, ਫ਼ੇਰ ਵੀ ਉਨਾਂ ਵਿਰੁੱਧ ਆਵਾਜ਼ ਬੁਲੰਦ ਕਰਨ ਲੱਗਿਆਂ ਗਲੇ ਬਹਿ ਜਾਂਦੇ ਹਨ!

ਜੇ ਕਿਸੇ ਨੂੰ ਪਤਾ ਨਾ ਹੋਵੇ ਤਾਂ ਮੈਂ ਜਾਣਕਾਰੀ ਵਿਚ ਵਾਧਾ ਕਰ ਦਿਆਂ ਕਿ ਕਾਲੀ ਸੂਚੀ ਤਹਿਤ ਭਾਰਤ ਵਿੱਚੋਂ ਤੜੀ ਪਾਰ ਕੀਤੇ ਬਹੁਗਿਣਤੀ ਸਿੰਘ ਉਨਾਂ ਮੁਲਕਾਂ ਵਿਚ, ਜਿੱਥੇ ਉਨਾਂ ਨੂੰ ਪਨਾਹ ਮਿਲੀ ਹੈ, ਹੱਡ ਭੰਨਵੀਂ ਮਿਹਨਤ ਕਰ ਕੇ, ਉਸ ਮੁਲਕ ਦੀ ਤਰੱਕੀ ਵਿਚ ਹਿੱਸਾ ਪਾ ਕੇ, ਵਧੀਆ ਕਾਰੀਗਰੀ ਲਈ ਸਨਮਾਨੇ ਵੀ ਜਾ ਚੁੱਕੇ ਹਨ। ਕੀ ਕੋਈ ਇੰਟਰਨੈਸ਼ਨਲ ਜਿਊਰੀ  ਉਨਾਂ ਲਈ ਵੀ ਮੁਕੱਦਮਾ ਲੜੇਗੀ ਤੇ ਨਿਆਂ ਦਵਾਏਗੀ ਜੋ ਵਰਿਆਂ ਬੱਧੀ ਆਪਣੀ ਧਰਤੀ ਮਾਂ ਤੋਂ ਦੂਰ ਉਸਦੀ ਮਿੱਟੀ ਦੀ ਖ਼ੁਸ਼ਬੂ ਸੁੰਘੇ ਬਗ਼ੈਰ ਦੁਨੀਆਂ ਛੱਡ ਗਏ? ਕਈ ਉਹ ਵੀ ਹਨ ਜੋ ਤਿੰਨ ਦਹਾਕਿਆਂ ਤੋਂ ਆਪਣੀਆਂ ਮਾਵਾਂ ਦੇ ਕਲਾਵੇ ਤੋਂ ਪਰਾਂ ਧੱਕੇ ਜਾਣ ਬਾਅਦ, ਉਨਾਂ ਦੀ ਅਰਥੀ ਨੂੰ ਮੋਢਾ ਦੇਣ ਵੀ ਵਾਪਸ ਨਹੀਂ ਪਹੁੰਚ ਸਕੇ! ਕੋਈ SAAL  600 ਉਨਾਂ ਲਈ ਵੀ ਕਾਸ਼ ਆਵਾਜ਼ ਚੁੱਕੇ ਤੇ ਘੱਟੋ ਘੱਟ ਨਿਊਰਨਬਰਗ ਦੇ ਮਿਊਜ਼ੀਅਮ ਵਿਚ 84 ਦੇ ਕਤਲੇਆਮ ਨੂੰ ਦਰਜ ਤਾਂ ਕਰਵਾ ਦੇਵੇ !

ਨਿਊਰਨਬਰਗ ਦੁਨੀਆਂ ਦੇ ਕਿਸੇ ਵੀ ਵਿਕਸਿਤ ਦੇਸ ਦੇ ਇਕ ਸ਼ਹਿਰ ਵਾਂਗ ਭਾਵੇਂ ਜਾਪਦਾ ਹੋਵੇ ਪਰ ਇਸ ਵਿਚਲਾ ਇਕ ਸੁਣੇਹਾ ਇਸਨੂੰ ਸਾਰੀ ਦੁਨੀਆ ਤੋਂ ਵੱਖ ਕਰ ਦਿੰਦਾ ਹੈ। ਉਹ ਹੈ ਮਿਊਜ਼ੀਅਮ ਵਿਚਲਾ ਆਖ਼ਰੀ ਕਮਰਾ। ਚਾਰੋ ਕੰਧਾਂ ਬਿਲਕੁਲ ਸਫ਼ੇਦ ਪਰ ਇਕ ਕੰਧ ਦੇ ਕੋਨੇ ਵਿਚ ਕਾਲੇ ਰੰਗ ਵਿਚ ਲਿਖਿਆ ਸੁਣੇਹਾ-

ਜ਼ੁਲਮ ਢਾਹੁਣ ਵਾਲੇ ਦੀ ਸਜ਼ਾ ਨਿਸਚਿਤ ਹੈ ! ਉਸਨੇ ਵੀ ਫ਼ਨਾਹ ਹੋਣਾ ਹੈ। ਜੇ ਕਿਸੇ ਇਨਸਾਨ ਹੱਥੋਂ ਬਚ ਵੀ ਗਿਆ ਤਾਂ ਕੁਦਰਤ ਨੇ ਉਸਨੂੰ ਕੀਤੇ ਦੀ ਸਜ਼ਾ ਦੇ ਦੇਣੀ ਹੈ। ਪਰ, ਸਜ਼ਾ ਮਿਲਣੀ ਜ਼ਰੂਰ ਹੈ। ਏਸੇ ਲਈ ਆਪਣੇ ਅੰਦਰਲਾ ਇਨਸਾਨ ਜੀਉਂਦਾ ਰੱਖਣ ਲਈ ਪੁਰਾਣੇ ਜ਼ੁਲਮ ਦੀਆਂ ਯਾਦਾਂ ਜ਼ਰੂਰ ਸਾਂਭ ਕੇ ਰੱਖੋ। ਇਹ ਵੀ ਯਾਦ ਰੱਖੋ ਕਿ ਭਾਵੇਂ ਖ਼ਰਬਾਂ ਦੀ ਜਾਇਦਾਦ ਇਕੱਠੀ ਕਰ ਲਵੋ, ਛੱਡ ਕੇ ਏਥੇ ਹੀ ਜਾਣੀ ਹੈ, ਸੋ ਓਨੀ ਮਾਇਆ ਇਕੱਠੀ ਕਰੋ ਜੋ ਖ਼ਰਚ ਸਕੋ, ਖਾ ਸਕੋ, ਹੰਢਾ ਸਕੋ ਤੇ ਜ਼ਿੰਦਗੀ ਨੂੰ ਵਧੀਆ ਤਰੀਕੇ ਜੀਅ ਸਕੋ !

ਇਹ ਖ਼ੂਬਸੂਰਤ ਸੁਣੇਹਾ ਨਿਊਰਨਬਰਗ ਨੂੰ ਜਿੱਥੇ ਦੁਨੀਆ ਦੇ ਨਕਸ਼ੇ ਵਿਚ ਉਘਾੜ ਕੇ ਸਾਹਮਣੇ ਰੱਖ ਦਿੰਦਾ ਹੈ, ਉੱਥੇ ਕਮਾਲ ਦੇ ਸਬਕ ਸਿਖਾਉਂਦਾ ਹੈ ਜਿਨਾਂ ਨੂੰ ਸੰਪੂਰਨ ਰੂਪ ਵਿਚ ਅਮਲ ਵਿਚ ਲਿਆਈਏ ਤਾਂ ਇਹ ਸੰਸਾਰ ਸਵਰਗ ਵਿਚ ਤਬਦੀਲ ਕੀਤਾ ਜਾ ਸਕਦਾ ਹੈ !

ਮੈਂ ਧੰਨਵਾਦੀ ਹਾਂ ਜਰਮਨ ਵਿਚਲੇ ਉਨਾਂ ਸਾਰੇ ਪੰਜਾਬੀ ਵੀਰਾਂ ਭੈਣਾਂ ਦੀ, ਜਿਨਾਂ ਦੇ ਪਿਆਰ ਤੇ ਸਤਿਕਾਰ ਨੇ ਮੈਨੂੰ ਕੁੱਝ ਦਿਨਾਂ ਲਈ ਆਪਣੇ ਘਰ ਦੀ ਯਾਦ ਭੁਲਾ ਦਿੱਤੀ ਤੇ ਉਨਾਂ ਸਦਕਾ ਹੀ ਮੈਂ ਇਸ ਪਿਆਰੀ ਥਾਂ ਵਿੱਚੋਂ ਜ਼ਿੰਦਗੀ ਨੂੰ ਭਰਪੂਰ ਜੀਊਣ ਦੀ ਜਾਚ ਸਿਖ ਕੇ ਵਾਪਸ ਆਈ ਹਾਂ!

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

28/01/2015

ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ
ਵਲੈਤ ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com