ਪੰਜਾਬੀ ਭੈਣੋਂ ਤੇ ਭਰਾਵੋ ਰੋਜ਼ ਮਰਰਾ ਦੀ ਜ਼ਿੰਦਗੀ ਵਿਚ ਸਫਲਤਾ ਦੀ ਪ੍ਰਾਪਤੀ
ਅਤੇ ਨਿਸ਼ਚਤ ਨਿਸ਼ਾਨੇ ਤੇ ਪਹੁੰਚਣ ਲਈ ਗੁਰੂ ਸਾਹਿਬਾਨ ਦੀ ਵਿਚਾਰ ਧਾਰਾ 'ਸਰਬੱਤ ਦੇ
ਭਲੇ' ਅਤੇ 'ਮਾਨਸ ਕੀ ਜਾਤਿ ਸਭੈ ਏਕੋ ਪਹਿਨਬੋ' ਤੇ ਪਹਿਰਾ ਦਿੰਦਿਆਂ ਜ਼ੋਸ਼ ਵਿਚ ਆ
ਕੇ ਜਲਦਬਾਜ਼ੀ ਵਿਚ ਕੋਈ ਕਾਰਵਾਈ ਨਾ ਕਰੋ ਜਿਸ ਨਾਲ ਸਿੱਖ ਧਰਮ ਦੀ ਵਿਚਾਰਧਾਰਾ ਨੂੰ
ਠੇਸ ਪਹੁੰਚੇ, ਸਗੋਂ ਆਪਣੀ ਹੋਸ਼ ਤੇ ਜੋਸ਼ ਨੂੰ ਭਾਰੂ ਨਾ ਪੈਣ ਦਿਓ।
ਸਿੱਖ ਧਰਮ ਹਮੇਸ਼ਾ ਹੀ ਜਿਸ ਦਿਨ ਤੋਂ ਹੋਂਦ ਵਿਚ ਆਇਆ ਹੈ ਇਮਤਿਹਾਨ ਦੇ ਸਮੇਂ
ਵਿਚੋਂ ਲੰਘਿਆ ਹੈ। ਸਾਡੇ ਲਈ ਹਮੇਸ਼ਾ ਹੀ ਇਮਤਿਹਾਨ ਦੀ ਘੜੀ ਹੁੰਦੀ ਹੈ ਕਿਉਂਕਿ
ਸਿੱਖ ਜਦੋਜਹਿਦ ਦੀ ਜ਼ਿੰਦਗੀ ਵਿਚੋਂ ਹੀ ਪੈਦਾ ਹੋਏ ਅਤੇ ਇਸ ਦੇ ਆਦੀ ਹਨ। ਜਦੋਂ
1699 ਤੋਂ ਸ਼੍ਰੀ ਗੁਰੂ ਗੋਬਿੰਦ ਸਿਘ ਨੇ ਖਾਲਸਾ ਸਾਜਿਆ ਹੈ ਉਦੋਂ ਤੋਂ ਹੀ ਖਾਲਸੇ
ਨੂੰ ਜੰਮਦਿਆਂ ਹੀ ਮੁਹਿੰਮਾ ਵਿਚ ਸ਼ਾਮਲ ਹੋਣਾ ਪਿਆ ਹੈ। ਪੰਜ ਪਿਆਰੇ ਵੀ ਵੱਖ-ਵੱਖ
ਰਾਜਾਂ ਅਤੇ ਜ਼ਾਤਾਂ ਵਿਚੋਂ ਸਨ। ਬਰਾਬਰਤਾ ਦਾ ਸੰਦੇਸ਼ ਦਿੱਤਾ ਗਿਆ ਸੀ। ਗੁੱਸੇ
ਅਤੇ ਜਲਦਬਾਜ਼ੀ ਵਿਚ ਕੀਤਾ ਹਰ ਫੈਸਲਾ ਸਿੱਖ ਸਿਧਾਂਤਾਂ ਲਈ ਖ਼ਤਰਨਾਕ ਅਤੇ ਆਤਮਘਾਤੀ
ਸਾਬਤ ਹੋਇਆ ਹੈ। ਸਿੱਖੀ ਤਾਂ ਖੰਨਿਓਂ ਤਿੱਖੀ ਅਤੇ ਵਾਲਹੁੰ ਨਿੱਕੀ ਹੈ। ਇਸ ਤੇ
ਪਹਿਰਾ ਦੇਣਾ ਸਾਡਾ ਪਹਿਲਾ ਫ਼ਰਜ ਹੈ, ਪ੍ਰੰਤੂ ਸੰਭਲਕੇ? ਸਿੱਖਾਂ ਨੂੰ ਹਮੇਸ਼ਾ
ਬਿਖੜੇ ਰਾਹਾਂ ਤੇ ਚਲਣਾ ਪਿਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਜੀਵਨ ਨੂੰ ਆਪਣਾ
ਮਾਰਗ ਦਰਸ਼ਕ ਬਣਾਓ, ਜਿਨਾਂ ਐਨੀਆਂ ਮੁਸ਼ਕਲਾਂ ਅਤੇ ਦੁਸ਼ਾਵਰੀਆਂ ਦੇ ਬਾਵਜੂਦ ਮਾਨਸਿਕ
ਸੰਤੁਲਨ ਨਹੀਂ ਖੋਇਆ। ਆਪਣਾ ਸਾਰਾ ਪਰਿਵਾਰ ਸਿੱਖ ਪੰਥ ਲਈ ਵਾਰ ਦਿੱਤਾ ਪ੍ਰੰਤੂ
ਧੀਰਜ ਨਹੀਂ ਗਵਾਇਆ। ਇਸੇ ਕਰਕੇ ਉਨਾਂ ਨੂੰ ਸਰਬੰਸ ਦਾਨੀ ਕਿਹਾ ਜਾਂਦਾ ਹੈ। ਉਨਾਂ
ਕੋਈ ਵੀ ਫੈਸਲਾ ਜਲਦਬਾਜੀ ਵਿਚ ਨਹੀਂ ਕੀਤਾ ਸਗੋਂ ਉਨਾਂ ਤਾਂ ਆਪਣੇ ਦੁਸ਼ਮਣਾ ਨੂੰ
ਵੀ ਗਲ ਨਾਲ ਲਗਾ ਕੇ ਉਨਾਂ ਨਾਲ ਸਮਝੌਤੇ ਕੀਤੇ ਜਿੰਨੀ ਦੇਰ ਉਨਾਂ ਨੂੰ ਵੰਗਾਰਿਆ
ਨਹੀਂ ਗਿਆ ਉਤਨੀ ਦੇਰ ਉਨਾਂ ਗ਼ਰੀਬ ਅਤੇ ਗਊ ਤੇ ਹੱਥ ਨਹੀਂ ਚੁੱਕਿਆ। ਅਸੀਂ ਫੋਟੋਆਂ
ਫਾੜਨ 'ਤੇ ਤੁਰੰਤ ਮਾਨਸਿਕ ਸੰਤੂਲਨ ਗੁਆ ਕੇ ਆਪੇ ਤੋਂ ਬਾਹਰ ਹੋ ਜਾਂਦੇ ਹਾਂ ਅਤੇ
ਹਿੰਸਾ ਤੇ ਉਤਰ ਆਉਂਦੇ ਹਾਂ ਅਤੇ ਆਪਣਾ ਨੁਕਸਾਨ ਕਰ ਬੈਠਦੇ ਹਾਂ। ਨੁਕਸਾਨ ਕੀਹਦਾ
ਹੋਇਆ, ਇੱਕ ਸਿਖ ਨੌਜਵਾਨ ਨੂੰ ਆਪਣੀ ਜਾਨ ਦੀ ਆਹੂਤੀ ਦੇਣੀ ਪੈ ਗਈ। ਕੁਝ ਲੋਕ
ਸਾਨੂੰ ਭੜਕਾਉਣ ਵਿਚ ਸਫਲ ਹੋ ਜਾਂਦੇ ਹਨ ਅਤੇ ਆਪ ਅੱਗ ਲਗਾਈ ਡੱਬੂ ਕੰਧ ਤੇ।
ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਬਾਈਧਾਰ ਦੇ ਰਾਜਿਆਂ ਨਾਲ ਵੀ ਦੋਸਤੀ ਦਾ ਹੱਥ
ਵਧਾਇਆ ਤੇ ਸੰਧੀਆਂ ਵੀ ਕੀਤੀਆਂ ਹਾਲਾਂ ਕਿ ਉਹ ਰਾਜੇ ਗੁਰੂ ਗੋਬਿੰਦ ਸਿੰਘ ਨਾਲ
ਧੋਖਾ ਵੀ ਕਰ ਚੁੱਕੇ ਸਨ। ਮੀਰ ਮੰਨੂੰ ਤੋਂ ਸ਼ੁਰੂ ਹੋ ਕੇ ਕਈ ਵਾਰ ਦੁਸ਼ਮਣਾ ਨੇ
ਸਿੱਖੀ ਖੁਰਾ ਖ਼ੋਜ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪ੍ਰੰਤੂ ਸਿਖ ਦੂਣ ਸਿਵਾਏ
ਹੁੰਦੇ ਰਹੇ ਕਿਉਂਕਿ ਧੀਰਜ, ਸ਼ਹਿਣਸ਼ੀਲਤਾ, ਸਹਿਯੋਗ, ਆਪਸੀ ਪਿਆਰ ਅਤੇ ਮਿਲਵਰਤਨ
ਸਿੱਖਾਂ ਦੀ ਸਫਲਤਾ ਦੇ ਗਹਿਣੇ ਹਨ। ਮੌਕੇ ਦੀ ਪਛਾਣ ਕਰਕੇ ਕਦਮ ਚੁੱਕਣਾ ਹਮੇਸ਼ਾ
ਲਾਹੇਬੰਦ ਹੁੰਦਾ ਹੈ। ਸਿੱਖ ਆਪਸੀ ਸਹਿਹੋਂਦ ਵਿਚ ਵਿਸ਼ਵਾਸ਼ ਰੱਖਦੇ ਹਨ। ਪ੍ਰੰਤੂ
ਸਿੱਖੀ ਦਾ ਘਾਣ ਲਾਲ ਸਿੰਘ ਵਰਗੇ ਗ਼ਦਾਰਾਂ ਨੇ ਕੀਤਾ ਹੈ। ਸਿੱਖ ਧਰਮ ਦੇ ਵਿਰੋਧੀ
ਭੇਖੀ ਬਣਕੇ ਸਾਡੇ ਵਿਚ ਵੜ ਜਾਂਦੇ ਹਨ ਅਤੇ ਸਾਨੂੰ ਗੁਮਰਾਹ ਕਰਦੇ ਹਨ। ਅਸੀਂ ਉਨਾਂ
ਦੇ ਮਗਰ ਬਿਨਾ ਅਗਾਊਂ ਨਤੀਜਿਆ ਬਾਰੇ ਸੋਚਿਆਂ ਪਿਛੇ ਤੁਰ ਪੈਂਦੇ ਹਾਂ ਕਿਉਂਕਿ ਉਹ
ਜਾਣ ਬੁਝਕੇ ਸਾਡੀ ਦੁੱਖਦੀ ਰਗ ਤੇ ਹੱਥ ਰੱਖਦੇ ਹਨ। ਉਨਾਂ ਗਦਾਰਾਂ ਦੀਆਂ ਚਾਲਾਂ
ਸਮਝਣ ਦੀ ਕੋਸ਼ਿਸ਼ ਕਰੋ।
ਦੁੱਖ ਦੀ ਗੱਲ ਹੈ ਕਿ ਅੱਜ ਵੀ ਸਿੱਖਾਂ ਵਿਚ ਗ਼ਦਾਰਾਂ ਦੀ ਗਿਣਤੀ ਵਿਚ ਵਾਧਾ ਹੋ
ਰਿਹਾ ਹੈ। ਜਿਸ ਕਰਕੇ ਸਿੱਖੀ ਪਤਨ ਵਲ ਜਾ ਰਹੀ ਹੈ। ਅੱਜ ਸਿੱਖ ਖਾਮਖਾਹ ਦੇ
ਝਗੜਿਆਂ ਵਿਚ ਪਏ ਹੋਏ ਹਨ। ਪੰਜਾਬ ਵਿਚ ਕਾਲੇ ਦਿਨ ਆਏ ਅਤਵਾਦ ਦਾ ਜ਼ੋਰ ਰਿਹਾ,
ਸਿੱਖ ਸਿੱਖਾਂ ਨੂੰ ਮਾਰਦੇ ਰਹੇ ਭਾਵੇਂ ਉਹ ਸਰਕਾਰੀ ਤੰਤਰ ਦੇ ਰੂਪ ਵਿਚ ਭਰਾ, ਭਰਾ
ਨੂੰ ਮਾਰਦੇ ਰਹੇ। ਬਲਿਊ ਸਟਾਰ ਅਪ੍ਰੇਸ਼ਨ ਹੋਇਆ ਸਿੱਖ ਇਤਿਹਾਸ ਵਿਚ
ਇਸ ਤੋਂ ਵੱਡਾ ਕਲੰਕ ਨਹੀਂ ਹੋ ਸਕਦਾ। 1984 ਦਾ ਕਤਲੇਆਮ ਹੋਇਆ ਅਤੇ ਬਲੈਕ
ਥੰਡਰ ਵਰਗੀਆਂ ਕਾਰਵਾਈਆਂ ਨੇ ਸਿੱਖਾਂ ਦੇ ਅਕਸ ਨੂੰ ਧੱਬਾ ਲਗਾਇਆ।
ਪ੍ਰੰਤੂ ਸਾਰੀਆਂ ਲਾਹਣਤਾਂ ਅਤੇ ਦੁਸ਼ਾਵਰੀਆਂ ਦਾ ਅਸੀਂ ਸਿਰੜ ਨਾਲ ਮੁਕਾਬਲਾ ਕੀਤਾ।
ਸਿੱਖ ਫਿਰ ਵੀ ਖ਼ਤਮ ਨਹੀਂ ਹੋਏ। ਹਰ ਸਾਲ ਬਲਿਊ ਸਟਾਰ ਦੀ ਬਰਸੀ ਤੇ
ਸਿੱਖ ਸਿੱਖਾਂ ਨਾਲ ਹਰਿਮੰਦਰ ਸਾਹਿਬ ਦੇ ਅੰਦਰ ਜੁਤਮ ਜੁਤੀ ਹੁੰਦੇ ਹਨ। ਅਸੀਂ ਇਕ
ਦੂਜੇ ਦੀਆਂ ਪੱਗਾਂ ਲਾਹੁੰਦੇ ਹਾਂ। ਇਹ ਵਿਰੋਧੀਆਂ ਦੀਆਂ ਚਾਲਾਂ ਹਨ। ਏਅਰ
ਪੋਰਟਾਂ ਤੇ ਪੱਗਾਂ ਦੀ ਤਲਾਸ਼ੀ ਪਿੱਛੇ ਲੜਦੇ ਹਾਂ। ਹਰਿਮੰਦਰ ਸਾਹਿਬ ਵਿਚ
ਆਪਣੀਆਂ ਪੱਗਾਂ ਆਪ ਉਤਾਰਦੇ ਹਾਂ। ਕਿਸੇ ਨੂੰ ਕੀ ਦੋਸ਼ ਦਈਏ। ਆਪਣੇ ਪੈਰੀਂ ਆਪ ਹੀ
ਕੁਹਾੜਾ ਮਾਰ ਰਹੇ ਹਾਂ। ਸੰਸਾਰ ਨੂੰ ਅਸੀਂ ਕੀ ਦੱਸਣਾ ਚਾਹੁੰਦੇ ਹਾਂ ਕਿ ਸਿੱਖ
ਖਾਨਾਜ਼ੰਗੀ ਵਿਚ ਵਿਸ਼ਵਾਸ਼ ਰੱਖਦੇ ਹਨ? ਨੰਗੀਆਂ ਤਲਵਾਰਾਂ ਰਾਹੀਂ ਕੀ ਸੰਦੇਸ਼ ਦੇਣਾ
ਚਾਹੁੰਦੇ ਹਾਂ? ਇਹ ਸਾਰੇ ਝਗੜੇ ਗੁਪਤਚਰ ਏਜੰਸੀਆਂ ਦੀ ਚਾਲ ਹਨ। ਸਿੱਖ ਭੈਣੋ ਤੇ
ਭਰਾਵੋ ਅਜੇ ਵੀ ਸਮਝਦਾਰੀ ਤੋਂ ਕੰਮ ਲਵੋ, ਤੁਹਾਡੀਆਂ ਧਾਰਮਿਕ ਭਾਵਨਾਵਾਂ ਨੂੰ
ਭੜਕਾ ਕੇ ਖ਼ੁਦਗਰਜ ਲੋਕ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ। ਦਰਸ਼ਨ ਸਿੰਘ ਫੇਰੂਮਾਨ
ਨੇ ਸਿੱਖ ਕੌਮ ਲਈ ਆਪਣੀ ਜਾਨ ਗੁਆ ਲਈ, ਅੱਜ ਉਨਾਂ ਨੂੰ ਕੋਈ ਯਾਦ ਨਹੀਂ ਕਰ ਰਿਹਾ,
ਨਾ ਸਰਕਾਰ ਨਾ ਪੰਜਾਬ ਦੇ ਲੋਕ। ਬਾਪੂ ਸੂਰਤ ਸਿੰਘ ਖਾਲਸਾ ਦੀ ਕੀਮਤੀ ਜ਼ਿੰਦਗੀ
ਅਜਾਈਂ ਨਾ ਜਾਣ ਦਿਓ, ਅਜੇ ਵੀ ਸੰਭਲੋ ਡੁਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ।
ਗੁਮਰਾਹ ਹੋਣ ਤੋਂ ਬਚੋ। ਪੰਥ ਦੇ ਤੁਸੀਂ ਵਾਰਸ ਹੋ। ਵਿਰਾਸਤ ਨੂੰ ਸੰਭਾਲੋ। ਪੰਜਾਬ
ਦੀ ਸ਼ਾਂਤੀ ਦਾ ਫਿਕਰ ਕਰੋ। ਅਸੀਂ ਬੜਾ ਸੰਤਾਪ ਹੰਢਾਇਆ ਹੈ। ਕਿਸੇ ਸਮੇਂ ਗਰਮ
ਖਿਆਲੀ ਕਹੇ ਜਾਂਦੇ ਵਸਣ ਸਿੰਘ ਜਫ਼ਰਵਾਲ ਦਾ ਅਖ਼ਬਾਰਾਂ ਵਿਖ ਛਪਿਆ ਬਿਆਨ ਸੰਤੁਸ਼ਟੀ
ਵਾਲਾ ਹੈ, ਜਿਸ ਵਿਚ ਉਸਨੇ ਮੁੱਖ ਧਾਰਾ ਵਿਚ ਆਉਣ ਲਈ 2017 ਦੀਆਂ ਵਿਧਾਨ ਸਭਾ
ਦੀਆਂ ਚੋਣਾਂ ਲੜਨ ਦੀ ਸਲਾਹ ਦਿੱਤੀ ਹੈ। ਆਪਣੀ ਸਰਕਾਰ ਬਣਾਕੇ ਆਪ ਫ਼ੈਸਲੇ ਕਰਨ ਦੇ
ਸਮਰੱਥ ਬਣੋ। ਅਸੀਂ ਘੱਟ ਗਿਣਤੀ ਵਿਚ ਹਾਂ, ਸ਼ਾਂਤੀ ਨਾਲ ਰਹੋ, ਬੱਚੇ ਪਾਲੋ, ਪੜਾਓ,
ਉਚੀ ਵਿਦਿਆ ਦਿਵਾਓ, ਉਨਾਂ ਵਿਚ ਸਿੱਖੀ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਭਾਵਨਾ
ਪੈਦਾ ਕਰੋ। ਆਪ ਉਨਾਂ ਲਈ ਮਾਰਗ ਦਰਸ਼ਕ ਬਣੋ। ਸਮਾਂ ਆਉਣ ਤੇ ਅਹੁਦੇ ਤੇ ਸਰਦਾਰੀਆਂ
ਤਾਂ ਤੁਹਾਡੇ ਪਿਛੇ ਫਿਰਨਗੀਆਂ। ਬਾਹਰਲੇ ਰਾਜਾਂ ਵਿਚ ਸ਼ਾਂਤੀ ਕਾਇਮ ਰੱਖੋ। ਸੰਤ
ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਲਾਉਣ ਨਾਲ ਉਨਾਂ ਨੂੰ ਕੋਈ ਫਰਕ
ਨਹੀਂ ਪੈਣਾਂ, ਉਨਾਂ ਦੀਆਂ ਫੋਟੋਆਂ ਆਪਣੇ ਦਿਲਾਂ ਵਿਚ ਰੱਖੋ। ਉਨਾਂ ਦੀ ਸਿੱਖੀ ਦੇ
ਸਰਬਤ ਦੇ ਭਲੇ ਦੀ ਗੱਲ ਕਰੋ। ਸੰਤਾਂ ਦੀ ਵਾਰਸ ਸੰਸਥਾ ਦਮਦਮੀ ਟਕਸਾਲ ਸਬਰ ਸੰਤੋਖ
ਤੋਂ ਕੰਮ ਲੈ ਰਹੀ ਹੈ। ਖਾਲਿਸਤਾਨ ਕੋਈ ਗਹਿਣਾ ਨਹੀਂ, ਜਿਸ ਨੂੰ ਪਾਉਣ ਨਾਲ ਸਾਡੀ
ਸ਼ਾਨ ਵਧੇਗੀ। ਸਿੱਖੀ ਦੀ ਸ਼ਾਨ ਚੰਗੇ ਕੰਮਾ ਨਾਲ ਵਧੇਗੀ। ਸਿੱਖ ਦੇ ਰੱਖਿਅਕ ਹੋਣ ਦਾ
ਅਕਸ ਮੁੜ ਸਥਾਪਤ ਕਰੋ। ਗੁਮਰਾਹ ਹੋਣ ਤੋਂ ਬਚੋ, ਤੁਹਾਡੇ ਵਿਚ ਮੁਖੌਟੇ ਪਾ ਕੇ ਘੁਸ
ਪੈਠ ਹੋ ਚੁੱਕੀ ਹੈ। ਉਨਾਂ ਨੂੰ ਪਛਾਣੋ। ਸਿੱਖ ਇਤਿਹਾਸ ਵਿਚ ਮਾਸਟਰ ਤਾਰਾ ਸਿੰਘ
ਜਿਤਨਾ ਸੂਝਵਾਨ ਸਿਆਤਦਾਨ, ਗਿਆਨੀ ਕਰਤਾਰ ਸਿੰਘ ਵਰਗਾ ਸਿੱਖ ਧਰਮ ਦਾ ਦਿਮਾਗ
ਕਹਾਉਣ ਵਾਲਾ ਸਿਆਣਾ ਅਤੇ ਸਿਰਦਾਰ ਕਪੂਰ ਸਿੰਘ ਵਰਗਾ ਵਿਦਵਾਨ ਅਜੇ ਤੱਕ ਪੈਦਾ
ਨਹੀਂ ਹੋਇਆ। ਦੇਸ਼ ਦੀ ਵੰਡ ਸਮੇਂ ਉਨਾਂ ਵਾਹ ਜਹਾਨ ਦੀ ਲਗਾ ਲਈ ਸਿੱਖਾਂ ਨੂੰ ਘੱਟ
ਗਿਣਤੀ ਹੋਣ ਦੇ ਬਾਵਜੂਦ ਵੀ ਵੱਖਰਾ ਰਾਜ ਨਹੀਂ ਮਿਲਿਆ। ਜਿਨਹਾ ਨਾਲ ਵੀ ਮੀਟਿੰਗਾਂ
ਹੋਈਆਂ ਉਨਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ। ਜੇ ਉਹ ਨੇਤਾ ਅਸਫਲ ਰਹੇ ਤਾਂ
ਵਰਤਮਾਨ ਲੀਡਰਸ਼ਿਪ ਤੋਂ ਕੀ ਭਾਲਦੇ ਹੋ? ਇਹ ਤਾਂ ਕੁਰਸੀਆਂ ਦੀ ਸਿਆਸਤ ਕਰਦੇ ਹਨ।
ਜਿਹੜੇ ਜਾਨਾ ਵਾਰਦੇ ਹਨ, ਉਨਾਂ ਨੂੰ ਕਿਸੇ ਤਖ਼ਤੋ ਤਾਜ ਦੀ ਇਛਾ ਨਹੀਂ ਹੁੰਦੀ। ਇਹ
ਲੋਕ ਤੁਹਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਚੇਤੰਨ ਹੋਵੋ।
ਹੁਣ ਅਸੀਂ ਪਾਕਿਸਤਾਨ ਦੀ ਕਿਹੜੀ ਮਦਦ ਭਾਲਦੇ ਹਾਂ। ਉਨਾਂ ਦੀ ਖੁਦਗਰਜੀ ਹੈ,
ਉਨਾਂ ਤਾਂ ਸਰਬਜੀਤ ਸਿੰਘ ਵਰਗੇ ਅਨੇਕਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ।
ਸਰਹੱਦਾਂ ਤੇ ਅਜੇ ਵੀ ਗਾਹੇ ਵਗਾਹੇ ਗੋਲੀਆਂ ਚਲਾਕੇ ਸਰਹੱਦੀ ਪਿੰਡਾਂ ਦੇ ਲੋਕਾਂ
ਨੂੰ ਤੰਗ ਕਰ ਰਹੇ ਹਨ। ਤਾਜਾ ਘਟਨਾ ਦੀਨਾ ਨਗਰ ਪੁਲਿਸ ਥਾਣੇ ਤੇ ਹਮਲਾ ਕਰਕੇ
ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਲਗਪਗ 12 ਪੁਲਿਸ
ਅਧਿਕਾਰੀ ਸਮੇਤ ਸਿਵਲੀਅਨ ਮਾਰੇ ਗਏ ਹਨ। ਸਬਰ ਤੋਂ ਕੰਮ ਲਵੋ। ਵਿਦੇਸ਼ੀ ਤਾਕਤਾਂ
ਘਿਨਾਉਣੀਆਂ ਕਾਰਵਾਈਆਂ ਕਰਕੇ ਵਾਤਾਵਰਨ ਖ਼ਰਾਬ ਕਰਨਾ ਚਾਹੁੰਦੀਆਂ ਹਨ। ਕਾਨੂੰਨ ਨੂੰ
ਆਪਣਾ ਕੰਮ ਕਰਨ ਦਿਓ। ਪੰਜਾਬੀ ਸੂਬਾ ਬਣਾਕੇ ਅਸੀਂ ਕੀ ਖੱਟਿਆ, ਬੇਰੋਜ਼ਗਾਰੀ?
ਹਰਿਆਣਾ ਸਾਡੇ ਵਿਚੋਂ ਅਸੀਂ ਆਪ ਅੰਦੋਲਨ ਕਰਕੇ ਕੁਰਬਾਨੀਆਂ ਦੇ ਕੇ ਪੰਜਾਬ ਵਿਚੋਂ
ਬਾਹਰ ਕਢ ਕੇ ਪਲੇਟ ਵਿਚ ਪਾ ਕੇ ਦੇ ਦਿੱਤਾ। ਹੁਣ ਹਰਿਆਣਾ ਦਿੱਲੀ ਨਾਲ ਲੱਗਣ ਕਰਕੇ
ਪੰਜਾਬ ਤੋਂ ਜ਼ਿਆਦਾ ਖ਼ੁਸ਼ਹਾਲ ਹੈ। ਅਸ਼ਾਂਤੀ ਦੇ ਮਾਹੌਲ ਵਿਚ ਵਿਕਾਸ ਤੇ ਖ਼ੁਸ਼ਹਾਲੀ
ਨਹੀਂ ਆ ਸਕਦੀ। ਸਿੱਖਾਂ ਦੀ ਨੌਜਵਾਨ ਪਨੀਰੀ ਦੇ ਖ਼ੁਸ਼ਹਾਲ ਭਵਿੱਖ ਲਈ ਰਾਹ ਪੱਧਰਾ
ਕਰੋ। ਗੁਰੂ ਵਾਲੇ ਬਣੋ, ਗੁਰੂ ਦੇ ਲੜ ਲੱਗੋ। ਸਿੱਖੀ ਸਿਦਕ ਤੇ ਪਹਿਰਾ ਦੇਵੋ।
ਉਨਾਂ ਨੂੰ ਅੰਦੋਲਨਾਂ ਦੇ ਰਸਤੇ ਨਾ ਪਾਓ। ਇਸੇ ਕਰਕੇ ਪੰਜਾਬ ਤੋਂ ਸਨਅਤਾਂ ਬਾਹਰ
ਜਾ ਰਹੀਆਂ ਹਨ। ਬੇਰੋਜ਼ਗਾਰੀ ਪਹਾੜ ਦੀ ਤਰਾਂ ਖੜੀ ਹੈ। ਨਸ਼ਿਆਂ ਨੇ ਪੰਜਾਬ ਨੂੰ
ਬਰਬਾਦ ਕਰ ਦਿੱਤਾ ਹੈ। ਅੰਦੋਲਨ, ਜਲਸੇ, ਜਲੂਸ ਅਤੇ ਧਰਨੇ ਆਦਿ ਨਾਲ ਸਾਡੇ ਪੱਲੇ
ਕੁਝ ਨਹੀਂ ਪੈਣਾ ਅਜੇ ਵੀ ਸੰਭਲ ਜਾਓ। ਸੰਤ ਭਿੰਡਰਾਂਵਾਲੇ ਹਮੇਸ਼ਾ ਅਮਰ ਰਹਿਣਗੇ,
ਫੋਟੋਆਂ ਲਗਾਉਣ ਅਤੇ ਪਾੜਨ ਨਾਲ ਉਨਾਂ ਨੂੰ ਕੋਈ ਫਰਕ ਨਹੀਂ ਪੈਣਾਂ । ਸੰਤ ਸੰਤ ਹੀ
ਰਹਿਣਗੇ, ਉਨਾਂ ਦੀ ਗੁਰਮਤ ਲਹਿਰ ਤੇ ਪਹਿਰਾ ਦੇਈਏ। ਅਸੀਂ ਪੰਜਾਬ ਵਿਚ ਸ਼ਾਂਤੀ ਦਾ
ਮਾਹੌਲ ਬਣਾਈ ਰੱਖੀਏ ਅਤੇ ਪੰਜਾਬ ਦੀ ਖ਼ੁਸ਼ਹਾਲੀ ਦੀ ਕਾਮਨਾ ਕਰੀਏ। ਗੁਪਤਚਰ
ਏਜੰਸੀਆਂ ਦੀ ਚਾਲ ਵਿਚ ਆ ਕੇ ਸਿਖਾਂ ਦੇ ਸੁਨਹਿਰੇ ਭਵਿਖ ਨੂੰ ਦਾਗਦਾਰ ਨਾ ਕਰੀਏ।
ਸਿੱਖੀ ਨੂੰ ਕੋਈ ਆਂਚ ਨਹੀਂ ਆ ਸਕਦੀ ਜੇਕਰ ਆਪਾਂ ਪਤਿਤ ਲਹਿਰ ਤੋਂ ਖਹਿੜਾ
ਛੁਡਾ ਲਈਏ। ਸਾਡਾ ਮੁੱਖ ਨਿਸ਼ਾਨਾ ਸਿੱਖ ਵਿਚਾਰਧਾਰਾ ਤੇ ਪਹਿਰਾ ਦੇ ਕੇ ਸਿੱਖੀ ਨੂੰ
ਪ੍ਰਫੁਲਤ ਕਰਕੇ ਖ਼ੁਸਹਾਲ ਤੇ ਵਿਸ਼ਾਲ ਬਣਾਈਏ। ਸਿਆਸਤਦਾਨਾ ਨੂੰ ਅਪੀਲ ਹੈ ਕਿ ਉਹ
ਆਪਣੀ ਸਿਆਸਤ ਵਿਚ ਧਰਮ ਨੂੰ ਨਾ ਘੜੀਸਣ, ਧਰਮ ਕਰਮ ਦਾ ਕੰਮ ਧਾਰਮਿਕ ਵਿਦਵਾਨਾ ਨੂੰ
ਕਰਨ ਦੇਣ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਕੰਮ ਕਰਨ ਦੇਣ, ਉਸ
ਨੂੰ ਮੋਹਰਾ ਨਾ ਬਣਾਇਆ ਜਾਵੇ, ਉਨਾਂ ਨੂੰ ਸਿਆਸਤ ਤੋਂ ਦੂਰ ਰੱਖੋ।
|