1970 ਤੋਂ ਸੰਸਾਰ ਭਰ ਵਿੱਚ ਬਹੁਤ ਦੇਸ਼ਾਂ ਵਿੱਚ, ਹਰ ਸਾਲ ਅਪ੍ਰੈਲ 22 ਨੂੰ
ਧਰਤੀ ਦਾ ਦਿਨ ਮਨਾਇਆ ਜਾਂਦਾ ਹੈ। ਇਹ ਆਪਣੀ ਧਰਤੀ ਦੇ ਵਾਤਾਵਰਣ ਨੂੰ ਸੁਰੱਖਿਅਤ
ਕਰਨ ਦਾ ਇੱਕ ਉਪਰਾਲਾ ਹੈ। ਇਸ ਦਿਨ ਵਾਤਾਵਰਣ ਨਾਲ ਸੰਬਧਿਤ ਸੰਸਥਾਵਾਂ, ਧਰਤੀ ਨੂੰ
ਅਤੇ ਇਸਦੇ ਵਾਤਾਵਰਣ ਨੂੰ ਸਾਫ਼-ਸੁਥਰਾ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਜਗ੍ਹਾ ਜਗ੍ਹਾ
ਰੁੱਖ ਤੇ ਫੁੱਲ-ਬੂਟੇ ਲਗਾਏ ਜਾਂਦੇ ਹਨ। ਇਹ ਦਿਨ ਲੋਕਾਂ ਨੂੰ ਧਰਤੀ ਅਤੇ ਵਾਤਾਵਰਣ
ਨੂੰ, ਪ੍ਰਦੂਸ਼ਣ ਤੋਂ ਬਚਾਉਣ ਸੰਬਧੀ ਲੋਕਾਂ ਨੂੰ ਸਿੱਖਿਅਤ ਅਤੇ ਜਾਗਰੁਕ ਕਰਨ ਦਾ
ਵੀ ਮੌਕਾ ਹੈ, ਤਾਂ ਕਿ ਅਸੀਂ ਆਪਣੇ ਗ੍ਰਹਿ ਨੂੰ ਆਪਣੇ ਬੱਚਿਆਂ ਦੇ ਰਹਿਣ ਦੇ
ਅਨੁਕੂਲ ਰੱਖ ਸਕੀਏ।
ਅਸਲ ਵਿੱਚ ਸਾਨੂੰ ਸਭ ਨੂੰ ਹਰ ਰੋਜ਼ ਹੀ ਧਰਤੀ ਦਾ ਦਿਨ ਮਨਾਉਣਾ ਚਾਹੀਦਾ ਹੈ।
ਜੇ ਅਸੀਂ ਹੇਠਾਂ ਦਿੱਤੇ ਕੱਝ ਕੁ ਨੁਕਤਿਆਂ ਨੂੰ ਵਰਤੀਏ ਅਤੇ ਆਪਣੀ ਰੋਜ਼ ਦੀ
ਜ਼ਿੰਦਗੀ ਦਾ ਇੱਕ ਹਿੱਸਾ ਬਣਾ ਲਈਏ ਤਾਂ ਅਸੀਂ ਇੱਕ ਵੱਖਰਾ ਤੇ ਭਲੇ ਦਾ ਕੰਮ ਕਰ
ਸਕਦੇ ਹਾਂ।
1. ਸਾਨੂੰ ਕੂੜਾ-ਕਰਕਟ ਜਿੰਨਾ ਹੋ ਸਕੇ ਘੱਟ ਕਰਨਾ ਚਾਹੀਦਾ ਹੈ। ਜੇ ਹੋ ਸਕੇ
ਤਾਂ ਸਾਨੂੰ ਹਰ ਇੱਕ ਚੀਜ਼ ਨੂੰ ਦੁਬਾਰਾ ਵਰਤਣਾ ਚਾਹੀਦਾ ਹੈ। ਕਾਗ਼ਜ਼, ਪਲਾਸਟਿਕ,
ਲੋਹਾ, ਸਟੀਲ ਆਦਿ ਨੂੰ ਦੁਬਾਰਾ ਤਿਆਰ ਕਰਨ (Recycle) ਵਾਸਤੇ ਜ਼ਰੂਰ ਦੇਣਾ
ਚਾਹੀਦਾ ਹੈ।
2. ਜਦੋਂ ਵੀ ਅਸੀਂ ਦੁਕਾਨ ਤੋਂ ਕੋਈ ਸਮਾਨ ਖਰੀਦਣ ਜਾਈਏ ਤਾਂ ਸਾਨੂੰ ਕੋਸ਼ਿਸ਼
ਕਰਨੀ ਚਾਹੀਦੀ ਹੈ ਕਿ ਅਸੀ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਸਮਾਨ ਨਾ ਪਾ ਕੇ ਕਾਗ਼ਜ਼ ਦੇ
ਲਿਫ਼ਾਫ਼ੇ ਜਾਂ ਕੱਪੜੇ ਦਾ ਥੈਲਾ ਵਰਤੀਏ – ਜਿਵੇਂ ਕਿ ਅੱਜ ਤੋਂ ਵੀਹ-ਪੱਚੀ ਸਾਲ
ਪਹਿਲਾਂ ਹੰਦਾ ਸੀ। ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਧਰਤੀ ਵਿੱਚ ਮਿਲਣ ਲਈ 1000 ਸਾਲ
ਤੀਕ ਲੱਗ ਜਾਂਦੇ ਹਨ!
3. ਸਾਨੂੰ ਉਹ ਚੀਜ਼ਾਂ ਜਾਂ ਵਸਤਾਂ ਖਰੀਦਣੀਆਂ ਚਾਹੀਦੀਆਂ ਹਨ ਜਿਹੜੀਆਂ ਦੁਬਾਰਾ
ਵਰਤੇ ਸਮਾਨ ਤੋਂ ਬਣੀਆਂ ਹੋਣ, ਜਿਨ੍ਹਾਂ ਦੀ ਪੈਕਿੰਗ ਘੱਟੋ-ਘੱਟ ਹੋਵੇ, ਤਾਂ ਕਿ
ਸਾਨੂੰ ਘੱਟ ਕੂੜਾ ਸੁੱਟਣਾ ਪਏ। ਖਾਸ ਤੌਰ ਤੇ ਪਲਾਸਟਿਕ ਦੀ ਬਣੀ ਪੈਕਿੰਗ ਬੰਦ
ਹੋਣੀ ਚਾਹੀਦੀ ਹੈ ਜਾਂ ਇਹੋ ਜਿਹੀ ਪੈਕਿੰਗ ਆਉਣੀ ਚਾਹੀਦੀ ਹੈ, ਜਿਹੜੀ ਆਪਣੇ-ਆਪ
ਮਿੱਟੀ ਵਿੱਚ ਬਦਲ ਜਾਵੇ।
4. ਖਿਡੌਣਿਆਂ ਜਾਂ ਹੋਰ ਇਲੈਕਟ੍ਰੋਨਿਕਸ ਵਿੱਚ, ਇਹੋ ਜਿਹੇ ਸੈੱਲ ਵਰਤਣੇ ਚਾਹੀਦੇ
ਹਨ, ਜਿਹੜੇ ਮੁੜ ਚਾਰਜ ਹੋ ਜਾਣ। ਪਰ ਜੇ ਆਮ ਸੈੱਲ ਵਰਤੀਏ ਤਾਂ ਉਹਨੱ ਨੂੰ ਕੂੜੇ
ਵਿੱਚ ਨਹੀਂ ਸੁੱਟਣਾ ਚਾਹੀਦਾ ਕਿਉਂਕਿ ਇਹਨਾਂ ਵਿੱਚ ਪਾਰਾ ਹੁੰਦਾ ਹੈ, ਜਿਹੜਾ ਕਿ
ਸਾਡੀ ਸਿਹਤ ਲਈ ਹਾਨੀਕਾਰਕ ਹੈ। ਪਰ ਸਾਡੇ ਦੇਸ ਵਿੱਚ ਅਜੇ ਇਹਨਾਂ ਨੂੰ ਚੰਗੀ
ਤਰ੍ਹਾਂ ਠਿਕਾਣੇ ਲਗਾਉਣ ਦਾ ਕੋਈ ਵਸੀਲਾ ਨਹੀਂ ਹੈ। ਇਸ ਪਾਸੇ ਵੱਲ੍ਹ ਸਰਕਾਰ ਤੇ
ਸ਼ਹਿਰ ਦੀਆਂ ਨਗਰ ਪਾਲਕਿਾਵਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ।
5. ਬਿਜਲੀ ਬਚਾਉਣ ਲਈ ਸੀ. ਐੱਫ. ਐੱਲ. ਬਲਬ (CFL Compact Fluorescent
Light ) ਜ਼ਰੂਰ ਵਰਤੋ, ਪਰ ਉਹਨਾਂ ਵਿੱਚ ਵੀ ਪਾਰਾ ਹੁੰਦਾ ਹੈ। ਜੇ ਬਲਬ
ਖਰਾਬ ਹੋ ਜਾਵੇ ਜਾਂ ਟੁੱਟ ਜਾਵੇ ਤਾਂ ਕੂੜੇ ਵਿੱਚ ਨਹੀਂ ਸੁੱਟਣਾ ਚਾਹੀਦਾ। ਇਹਨਾਂ
ਦੇ ਪੈਕੇਟ ਉੱਪਰ ਇਸਨੂੰ ਸੁੱਟਣ ਵਾਰੇ ਆਮ ਤੌਰ ਤੇ ਕੋਈ ਜਾਣਕਾਰੀ ਨਹੀਂ ਹੁੰਦੀ।ਕਈ
ਕੰਪਨੀਆਂ ਨੇ ਇਹਨਾਂ ਨੂੰ ਵਾਪਿਸ ਲੈਣ ਦਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ। ਸਾਨੂੰ
ਇਹਨਾਂ ਬਲਬਾਂ ਨੂੰ ਕੰਪਨੀ ਕੋਲ ਵਾਪਿਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਾਂ
ਫਿਰ ਆਪਣੇ ਸ਼ਹਿਰ ਦੀ ਨਗਰ ਪਾਲਿਕਾ ਨਾਲ ਸੰਪਰਕ ਕਰਨਾ ਚਾਹੀਦਾ ਹੈ।ਇਸ ਪਾਸੇ ਵੱਲ੍ਹ
ਵੀ ਸਰਕਾਰ ਤੇ ਸ਼ਹਿਰ ਦੀਆਂ ਨਗਰ ਪਾਲਕਿਾਵਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ।
6. ਖਰਾਬ ਹੋ ਚੁੱਕੀਆਂ ਇਲੈਕਟ੍ਰੋਨਿਕਸ ਵਸਤਾਂ (E-waste) ਜਿਵੇਂ ਮੋਬਾਇਲ
ਫ਼ੋਨ, ਕੰਪਿਊਟਰ, ਟੈਲੀਵੀਯਨ, ਸੀ ਡੀ(CD's), ਟੇਪਾਂ ਆਦਿ ਨੂੰ ਨਿਸ਼ਚਿਤ ਹੀ
ਦੁਬਾਰਾ ਤਿਆਰ ਕਰਨ ਵਾਸਤੇ ਕੰਪਨੀਆਂ ਨੂੰ ਵਾਪਿਸ ਦੇਣਾ ਚਾਹੀਦਾ ਹੈ। ਇਹਨਾਂ ਨੂੰ
ਬਿਲਕੁਲ ਹੀ ਕੂੜੇ ਵਿੱਚ ਨਹੀਂ ਸੁੱਟਣਾ ਚਾਹੀਦਾ। ਸਰਕਾਰ ਨੂੰ ਇਹਨਾਂ ਨੂੰ ਕੂੜੇ
ਵਿੱਚ ਸੁੱਟਣ ‘ਤੇ ਬੈਨ ਲਗਾਉਣਾ ਚਾਹੀਦਾ ਹੈ।
7. ਪੇਪਰ ਪਲੇਟਾਂ, ਗਲਾਸ ਅਤੇ ਹੋਰ (Disposables) ਸਮਾਨ ਦੀ ਵਰਤੋਂ ਨਹੀਂ
ਕਰਨੈ ਚਾਹੀਦੀ। ਵੈਸੇ ਤਾਂ ਇਹਨਾਂ ਦੀ ਵਰਤੋਂ ਆਪਣੇ ਦੇਸ਼ ਵਿੱਚ ਬਾਹਰਲੇ ਮੁਲਕਾਂ
ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ। ਕਿੰਨਾ ਚੰਗਾ ਵਕਤ ਸੀ ਜਦੋਂ ਪੱਤਿਆਂ ਦੇ ਥਾਲ
ਤੇ ਡੂਨੇ ਵਰਤੇ ਜਾਂਦੇ ਸੀ ਅਤੇ ਚਾਹ ਪਾਣੀ ਪੀਣ ਲਈ ਮਿੱਟੀ ਦੇ ਗਲਾਸ ਹੁੰਦੇ ਸੀ।
ਜੇ ਉਹ ਦੁਬਾਰਾ ਤੋਂ ਸ਼ੁਰੂ ਹੋ ਜਾਣ ਤਾਂ ਬਹੁਤ ਚੰਗਾ ਹੋਵੇਗਾ।
ਆਓ ਇੱਕ ਹੋਰ ਨਵੀਂ ਕ੍ਰਾਂਤੀ ਲਿਆਈਏ ।
ਬੰਜਰ ਹੁੰਦੀ ਧਰਤੀ ਨੂੰ ਸਵਰਗ ਬਣਾਈਏ ।
ਹਰ ਤਰਫ਼ ਖਿੱਲਰਿਆ ਹੋਇਆ ਕੂੜਾ ਤੇ ਕਰਕਟ –
ਆਓ ਇਸਨੂੰ ਚੁਗ ਕੇ ਕੁੱਝ ਫੁੱਲ ਲਗਾਈਏ ।
ਸੜਕਾਂ ਤੇ ਛਾਇਆ ਜੋ ਪ੍ਰਦੂਸ਼ਣ ਦਾ ਗ਼ੁਬਾਰ –
ਆਓ ਇਸ ਗ਼ੁਬਾਰ ਨੂੰ ਖ਼ਿਤਿਜ ਤੋਂ ਹਟਾਈਏ ।
ਹਰ ਤਰਫ਼ ਹਰਿਆਲੀ ਦਾ ਹਰਿਆ ਮੌਸਮ ਲਿਆ ਕੇ –
ਬੱਚਿਆਂ ਲਈ ਸੁੰਦਰ ਵਾਤਾਵਰਣ ਬਣਾਈਏ ।
|