ਸਿੱਖਾਂ ਨੇ ਅਨੇਕਾਂ ਤਸੀਹੇ ਝੱਲੇ ਹਨ, ਜ਼ਕਰੀਆ ਖ਼ਾਨ ਵਰਗਿਆਂ ਨੇ ਇਨਾਂ ਦੇ
ਸਿਰਾਂ ਦੇ ਮੁਲ ਪਾਏ ਪ੍ਰੰਤੂ ਸਿੱਖਾਂ ਅਤੇ ਸਿੱਖੀ ਦਾ ਵਾਲ ਵਿੰਗਾ ਨਹੀਂ ਹੋਇਆ
ਕਿਉਂਕਿ ਉਨਾਂ ਨੂੰ ਗੁਰੂਆਂ ਦੀ ਆਸ਼ੀਰਬਾਦ ਰਹੀ ਹੈ। ਮੁੜ ਉਸੇ ਤਰਾਂ ਉਠ ਖੜੇ ਹੋਏ।
ਜਦੋਂ ਵੀ ਕਦੀਂ ਇਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਤਾਂ ਘਰ ਦੇ ਭੇਤੀ ਨੇ ਲੰਕਾ
ਢਾਹੀ ਹੈ, ਅਰਥਾਤ ਗ਼ਦਾਰਾਂ ਦੀ ਗ਼ਦਾਰੀ ਨੇ ਜਿੱਤੀ ਹੋਈ ਬਾਜ਼ੀ ਹਰਾ ਦਿੱਤੀ ।
ਤੱਤੀਆਂ ਤਵੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ ਪਰ ਹਮੇਸ਼ਾ ਦੂਣ ਸਵਾਏ ਹੋਏ। ਲਾਲ
ਸਿੰਘ ਦਾ ਨਾਂ ਗ਼ਦਾਰਾਂ ਦੀ ਸੂਚੀ ਵਿਚ ਦਰਜ ਹੈ। ਅੱਜ ਦੁਖ ਦੀ ਗੱਲ ਹੈ ਕਿ ਲਾਲ
ਸਿੰਘਾਂ ਦੀ ਗਿਣਤੀ ਦਿਨ-ਬਦਿਨ ਵੱਧ ਰਹੀ ਹੈ। ਸਿੱਖ ਅਜਿਹਾ ਸ਼ਬਦ ਹੈ ਜਿਹੜਾ
ਇਨਸਾਨੀਅਤ ਦਾ ਪ੍ਰਤੀਕ ਬਣਿਆਂ ਹੋਇਆ ਹੈ ਪ੍ਰੰਤੂ ਸਿੱਖਾਂ ਦਾ ਸੰਤਾਪ ਰਿਹਾ ਹੈ ਕਿ
ਉਹ ਆਪੋ ਆਪਣੀ ਹਓਮੈ ਦਾ ਸ਼ਿਕਾਰ ਹਨ। ਉਹ ਆਪਣੇ ਇਸ ਵਕਾਰ ਨੂੰ ਕਾਇਮ ਰੱਖਣ ਵਿਚ
ਅਸਫਲ ਹੋ ਰਹੇ ਹਨ। ਸਾਰੇ ਸਿੱਖ ਵਿਦਵਾਨ ਕਿਸੇ ਵੀ ਇੱਕ ਨੁਕਤੇ ਤੇ ਇਕਮਤ ਨਹੀਂ
ਹਨ। ਜਦੋਂ ਕਿ ਸਿੱਖ ਧਰਮ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ। ਵਿਦਵਾਨ ਆਪੋ ਆਪਣੀ
ਡਫਲੀ ਵਜਾ ਰਹੇ ਹਨ। ਸਿੱਖਾਂ ਨੇ ਆਪਣਾ ਇਤਿਹਾਸ ਲਿਖਿਆ ਹੀ ਨਹੀਂ ਜਿਨਾਂ ਲਿਖਿਆ
ਹੈ, ਉਨਾਂ ਸਿੱਖ ਇਤਿਹਾਸ ਲਿਖਣ ਲੱਗਿਆਂ ਵੀ ਇਸ ਵਿਚ ਮਿਲਾਵਟ ਕਰ ਦਿੱਤੀ ਗਈ ਹੈ।
ਗੁਰੂਆਂ ਨੇ ਆਪਸੀ ਸਹਿਯੋਗ, ਸਹਿਹੋਂਦ , ਭਾਈਚਾਰਾ, ਜ਼ਾਤ ਪਾਤ ਖ਼ਤਮ ਕਰਨ ਲਈ
ਲੰਗਰ ਦੀ ਪ੍ਰਥਾ ਚਲਾਈ, ਬਰਾਬਰਤਾ ਦਾ ਸੰਦੇਸ਼ ਦਿੱਤਾ, ਨਾ ਕੋਈ ਵੈਰੀ ਨਾ ਹੀ
ਬਿਗਾਨਾ। ਪ੍ਰੰਤੂ ਅੱਜ ਦਿਨ ਸਿੱਖ ਆਪਣੇ ਸਿਧਾਂਤ ਤੋਂ ਥਿੜਕ ਗਏ ਹਨ। ਜੇਕਰ ਸਿੱਖ
ਇਕਮਤ ਹੁੰਦੇ ਤਾਂ ਸ਼੍ਰੀ ਹਰਿਮੰਦਰ ਸਾਹਿਬ ਤੇ ਭਾਰਤੀ ਫ਼ੌਜਾਂ ਵੱਲੋਂ ਹਮਲਾ ਕਰਨ ਦਾ
ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਕਿਉਂਕਿ ਰਾਸ਼ਟਰਪਤੀ ਵੀ ਸਿੱਖ, ਬਲਿਊ ਸਟਾਰ ਦੀ
ਕਾਰਵਾਈ ਨੂੰ ਅਮਲੀ ਰੂਪ ਦੇਣ ਵਾਲਾ ਵੀ ਜਨਰਲ ਦਿਆਲ ਇੱਕ ਸਿੱਖ। ਜਿਹੜੇ ਸਿੱਖਾਂ
ਨੇ ਇਸ ਅਪ੍ਰੇਸ਼ਨ ਦੇ ਖਿਲਾਫ ਅਵਾਜ਼ ਬੁਲੰਦ ਕੀਤੀ ਉਨਾਂ ਦੀ ਕਿਸੇ ਸਿੱਖ ਸੰਸਥਾ ਨੇ
ਬਾਂਹ ਨਹੀਂ ਫੜੀ। ਕੋਈ ਹਾਅਦਾ ਨਾਅਰਾ ਨਹੀਂ ਮਾਰਿਆ। ਅਜ਼ਾਦ ਭਾਰਤ ਦੀ ਸਰਕਾਰ
ਵੱਲੋਂ ਇਤਿਹਾਸ ਵਿਚ ਇਹ ਪਹਿਲੀ ਘਟਨਾ ਹੈ ਕਿ ਜਦੋਂ ਐਨੇ ਪਵਿੱਤਰ ਸਰਬਤ ਦਾ ਭਲਾ
ਮੰਗਣ ਵਾਲੇ ਆਧੁਨਿਕ ਧਰਮ ਤੇ ਜਿਸ ਦੇਸ਼ ਦੇ ਵਾਸੀਆਂ ਦਾ ਉਹ ਧਰਮਿਕ ਸਥਾਨ ਹੋਵੇ ਤੇ
ਉਸੇ ਦੇਸ਼ ਦੀ ਫ਼ੌਜ ਵੱਲੋਂ ਹਮਲਾ ਕੀਤਾ ਗਿਆ ਹੋਵੇ। ਸੰਸਾਰ ਵਿਚੋਂ ਆ ਕੇ ਸਾਰੇ
ਧਰਮਾ ਦੇ ਲੋਕ ਸਿਜਦੇ ਕਰਦੇ ਹੋਣ। ਫ਼ੌਜ ਵਿਦੇਸ਼ੀ ਹਮਲਿਆਂ ਤੋਂ ਦੇਸ਼ ਦੇ ਬਚਾਓ ਲਈ
ਹੁੰਦੀ ਹੈ, ਆਪਣਿਆਂ ਵਿਰੁਧ ਲੜਨ ਲਈ ਨਹੀਂ। ਉਹ ਹਮਲਾ ਵੀ ਜਾਣ ਬੁਝਕੇ ਪੰਜਵੇਂ
ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਮੌਕੇ
ਤੇ। ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖਾਂ ਨੇ ਆਪਣਾ ਇਤਿਹਾਸ ਲਿਖਣ ਦਾ ਉਪਰਾਲਾ ਹੀ
ਨਹੀਂ ਕੀਤਾ ਜੇ ਕੀਤਾ ਹੈ ਤਾਂ ਉਹ ਸਾਰਾ ਜਨਮ ਸਾਖੀਆਂ ਤੇ ਅਧਾਰਤ ਹੈ। ਬਲਿਊ
ਸਟਾਰ ਅਪ੍ਰੇਸ਼ਨ ਦਾ ਇਤਿਹਾਸ ਵੀ ਸਿੱਖਾਂ ਨੂੰ ਅੱਤਵਾਦੀ ਕਹਿਕੇ ਲਿਖਿਆ
ਜਾਵੇਗਾ। ਜਨਮ ਸਾਖੀਆਂ ਅਸਲੀਅਤ ਨਹੀਂ, ਉਹ ਤਾਂ ਗੁਰੂਆਂ ਦੀ ਪ੍ਰਸੰਸਾ ਵਿਚ ਉਨਾਂ
ਨੂੰ ਚਮਤਕਾਰੀ ਵਿਖਾਉਣ ਲਈ ਉਨਾਂ ਦੇ ਸ਼ਰਧਾਲੂਆਂ ਵੱਲੋਂ ਲਿਖੀਆਂ ਗਈਆਂ ਸਨ।
ਸ਼ਰਧਾਲੂਆਂ ਦੇ ਅਕੀਦਤ ਦੇ ਫੁਲ ਹਨ। ਜਨਮ ਸਾਖੀਆਂ ਸੁਣੀਆਂ ਸੁਣਾਈਆਂ ਗੱਲਾਂ ਤੇ
ਅਧਾਰਤ ਹਨ। ਤੱਥਾਂ ਤੇ ਅਧਾਰਤ ਨਹੀਂ ਕਿਉਂਕਿ ਗੁਰੂ ਸਾਹਿਬ ਨੇ ਤਾਂ ਕਰਮ ਕਾਂਡਾਂ
ਦੇ ਖਿਲਾਫ ਅਵਾਜ਼ ਉਠਾਈ ਸੀ। ਹੁਣ ਵੀ ਗੁਰਦੁਆਰਿਆਂ ਅਤੇ ਧਾਰਮਿਕ ਸਮਾਗਮਾ ਵਿਚ ਜਨਮ
ਸਾਖੀਆਂ ਸੁਣਾਈਆਂ ਜਾਂਦੀਆਂ ਹਨ, ਜਦੋਂ ਕਿ ਵਿਗਿਅਨਿਕ ਯੁਗ ਵਿਚ ਤੱਥਾਂ ਤੇ ਅਧਾਰਤ
ਗੱਲ ਕਰਨੀ ਚਾਹੀਦੀ ਹੈ। ਸਿੱਖ ਕਰਮ ਕਾਂਡਾਂ ਵਿਚ ਹੀ ਪੈ ਗਏ ਹਨ। ਕਈ ਲੋਕ ਗਰੂਆਂ
ਦੇ ਬਾਜ ਕਹਿ ਕੇ ਪਾਖੰਡ ਕਰਦੇ ਹਨ। ਗਰੂਆਂ ਦੀਆਂ ਨਿਸ਼ਾਨੀਆਂ ਦੇ ਭਰਮ ਭੁਲੇਖੇ ਪਾ
ਕੇ ਉਨਾਂ ਨੂੰ ਮੱਥੇ ਟੇਕਦੇ ਹਨ। ਇਹ ਦੁਕਾਨਦਾਰੀਆਂ ਹਨ। ਆਮਦਨ ਦਾ ਸਾਧਨ ਬਣਾਉਂਦੇ
ਹਨ।
ਅਸਲ ਵਿਚ ਸਿੱਖ ਧਰਮ ਅਜਿਹਾ ਧਰਮ ਹੈ ਜਿਸਨੇ ਸਭ ਤੋਂ ਪਹਿਲਾਂ ਕਲਿਆਣਕਾਰੀ ਰਾਜ
ਦਾ ਸੰਕਲਪ ਦਿੱਤਾ ਸੀ। ਸਭ ਤੋਂ ਪਹਿਲਾਂ ਸਿੱਖ ਇਤਿਹਾਸ ਲਿਖਣ ਲਈ ਅੰਗਰੇਜਾਂ ਨੇ
ਹੀ ਭਾਈ ਰਤਨ ਸਿੰਘ ਭੰਗੂ ਨੂੰ ਕਿਹਾ ਸੀ । ਉਨਾਂ ‘ਪੰਥ ਪ੍ਰਕਾਸ਼’ ਲਿਖਿਆ। ਸਭ ਤੋਂ
ਪਹਿਲਾ ਸਿੱਖ ਇਤਿਹਾਸ ਉਹੀ ਹੈ, ਜਿਹੜਾ ਰਤਨ ਸਿੰਘ ਭੰਗੂ ਨੇ ਲਿਖਿਆ ਸੀ। ਹੁਣ ਤਾਂ
ਸਿੱਖ ਇਤਿਹਾਸ ਦੀਆਂ ਬਹੁਤ ਸਾਰੀਆਂ ਅੰਗਰੇਜ਼ੀ ਅਤੇ ਪੰਜਾਬੀ ਵਿਚ ਪੁਸਤਕਾਂ ਵੀ ਆ
ਚੁਕੀਆਂ ਹਨ ਪ੍ਰੰਤੂ ਉਹ ਸਾਰੀਆਂ ਵਿਦਵਾਨਾ ਦੀ ਆਪੋ ਆਪਣੀ ਵਿਚਾਰਧਾਰਾ ਅਨੁਸਾਰ ਹੀ
ਹਨ, ਨਿਰਪੱਖ ਨਹੀਂ। ਅੰਗਰੇਜ਼ ਆਪਣੀ ਮਰਜੀ ਨਾਲ ਸਿੱਖ ਇਤਿਹਾਸ ਲਿਖਦੇ ਅਤੇ
ਲਿਖਵਾਉਂਦੇ ਰਹੇ, ਸ਼ੰਕੇ ਪੈਦਾ ਕਰਦੇ ਰਹੇ ਅਤੇ ਉਨਾਂ ਸਿੱਖ ਧਰਮ ਦੇ ਚੰਗੇ ਗੁਣਾ
ਦੀ ਤਾਰੀਫ ਵੀ ਕੀਤੀ ਹੈ ਜੋ ਸਲਾਹੁਣਯੋਗ ਹੈ ਪ੍ਰੰਤੂ ਤੁਸੀਂ ਹੈਰਾਨ ਹੋਵੋਗੇ ਕਿ
ਇੱਕ ਅੰਗਰੇਜ ਲੇਖਕ ਡਵਲਿਊ.ਐਲ.ਐਮ.ਗਰੈਗਰ ਨੇ ਆਪਣੀ ਪੁਸਤਕ ‘
ਦਾ ਹਿਸਟਰੀ ਆਫ ਦਾ ਸਿੱਖਸ ’ ਵਿਚ ਬਹੁਤ ਸਾਰੀਆਂ ਸ਼ੰਕਾਵਾਂ ਖੜੀਆਂ ਕਰ
ਦਿੱਤੀਆਂ ਹਨ ਜਿਹੜੀਆਂ ਕਿ ਮੰਨਣਯੋਗ ਨਹੀਂ ਹਨ ਪ੍ਰੰਤੂ ਦੁਖ ਦੀ ਗੱਲ ਹੈ ਕਿ ਕਿਸੇ
ਇੱਕ ਵੀ ਸਿੱਖ ਸੰਸਥਾ ਨੇ ਉਸਦਾ ਵਿਰੋਧ ਨਹੀਂ ਕੀਤਾ। ਉਨਾਂ ਇਸ ਪੁਸਤਕ ਦੇ ਪੰਨਾ
58-59 ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਗ਼ਲਤ ਤੱਥ ਦਿੱਤੇ ਹਨ।
ਹਾਲਾਂਕਿ ਲੇਖਕ ਦੀ ਤਾਂ ਮੌਤ ਹੋ ਚੁਕੀ ਹੈ ਪ੍ਰੰਤੂ ‘ਰੂਪਾ ਪਬਲੀਕੇਸ਼ਨਜ਼ ਨਵੀਂ
ਦਿੱਲੀ’ ਨੇ ਇਸ ਪੁਸਤਕ ਦਾ ਇੱਕ ਹੋਰ ਐਡੀਸ਼ਨ-2012 ਵੀ ਪ੍ਰਕਾਸ਼ਤ ਕਰ ਦਿੱਤਾ ਹੈ।
ਇਹ ਸਾਰਾ ਕੁਝ ਸਿੱਖਾਂ ਦਾ ਅਕਸ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ। ਵੈਸੇ ਤਾਂ
ਸਿੱਖ ਫਿਲਮਾਂ ਵਿਚ ਗੁਰੂਆਂ ਬਾਰੇ ਜੇਕਰ ਕੋਈ ਨਿੱਕੀ ਜਹੀ ਗੱਲ ਹੋਵੇ ਤਾਂ
ਵਾਵਰੋਲਾ ਖੜਾ ਕਰ ਦਿੰਦੇ ਹਨ। ਸਿੱਖ ਇਤਿਹਾਸ ਵਿਚ ਮਿਲਾਵਟ ਤੇ ਚੁਪ ਧਾਰੀ ਬੈਠੇ
ਹਨ। ਸਿੱਖ ਇੱਕ ਦਲੇਰ, ਬਹਾਦਰ, ਅਣਖੀਲੀ ਅਤੇ ਖੁਦਦਾਰ ਕੌਮ ਹੈ। ਸਿੱਖਾਂ ਤੋਂ
ਕੇਂਦਰ ਸਰਕਾਰ ਨੂੰ ਬਗ਼ਾਬਤ ਦਾ ਡਰ ਆਉਂਦਾ ਰਹਿੰਦਾ ਹੈ। ਇਸ ਲਈ ਕੇਂਦਰ ਸਰਕਾਰ ਅਤੇ
ਉਸਦੀਆਂ ਗੁਪਤਚਰ ਏਜੰਸੀਆਂ ਭਾਵੇਂ ਸਰਕਾਰ ਕਿਸੇ ਪਾਰਟੀ ਦੀ ਹੋਵੇ ਹਮੇਸ਼ਾ ਸਿੱਖਾਂ
ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਵਿਚ ਰਹਿੰਦੀਆਂ ਹਨ।
ਪੰਜਾਬ ਦੇ ਕਾਲੇ ਦਿਨ ਅਤੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨਾ ਉਸੇ ਚਾਲ
ਦਾ ਨਤੀਜਾ ਸੀ। ਸਿੱਖਾਂ ਤੋਂ ਸਿੱਖਾਂ ਨੂੰ ਮਰਵਾਇਆ ਗਿਆ। ਕਥਿਤ ਅੱਤਵਾਦ ਵੀ
ਗੁਪਤਚਰ ਏਜੰਸੀਆਂ ਦੀ ਦੇਣ ਸੀ। ਅੱਤਵਾਦ ਤਾਂ ਸਾਰੀ ਦੁਨੀਆਂ ਵਿਚ ਫੈਲਿਆ ਹੋਇਆ
ਹੈ, ਫਿਰ ਇਕੱਲੇ ਸਿੱਖਾਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ। ਇਸ ਵਿਚ ਸਿੱਖਾਂ
ਦਾ ਵੀ ਕਸੂਰ ਹੈ। ਸਾਨੂੰ ਅੰਤਰਝਾਤ ਮਾਰਨ ਦੀ ਲੋੜ ਹੈ। ਸੰਤ ਜਰਨੈਲ ਸਿੰਘ
ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਮੁਖੀ ਸਨ। ਇਸ ਟਕਸਾਲ ਦਾ ਮੁਖ ਕੰਮ ਧਾਰਮਿਕ
ਹੈ। ਸਿਆਸਤ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ। ਸੰਤ ਜਰਨੈਲ ਸਿੰਘ ਸਹੀ ਅਰਥਾਂ
ਵਿਚ ਸੰਤ ਸਨ। ਕੇਂਦਰ ਸਰਕਾਰ ਦੀਆਂ ਗੁਪਤਚਰ ਏਜੰਸੀਆਂ ਨੇ ਉਨਾਂ ਦੇ ਆਲੇ ਦੁਆਲੇ
ਐਸਾ ਜਾਲ ਵਿਛਾ ਦਿੱਤਾ ਕਿ ਉਹ ਉਨਾਂ ਦੀਆਂ ਚਾਲਾਂ ਨੂੰ ਸਮਝ ਨਹੀਂ ਸਕੇ ਕਿਉਂਕਿ
ਉਹ ਤਾਂ ਧਾਰਮਿਕ ਵਿਅਕਤੀ, ਸੰਤ, ਮਹਾਂਪੁਰਸ਼, ਪਾਠ ਕਰਨ ਵਾਲੇ, ਨਿਰਪੱਖ ਸੋਚ ਦੇ
ਧਾਰਨੀ ਪਵਿਤਰ ਆਤਮਾ ਸਨ। ਖਾਮਖਾਹ ਉਨਾਂ ਨੂੰ ਸਿਆਸਤ ਵਿਚ ਘੜੀਸਿਆ ਗਿਆ। ਹੈਰਾਨੀ
ਦੀ ਗੱਲ ਹੈ ਕਿ ਪਾਕਿਸਤਾਨ ਤੋਂ ਮਦਦ ਦੀ ਆਸ ਲਾਉਂਣੀ ਸਿਆਣੀ ਗੱਲ ਨਹੀਂ ਕਿਉਂਕਿ
ਸਿੱਖਾਂ ਨੇ ਤਾਂ ਪਾਕਿਸਤਾਨ ਨਾਲ ਦੇਸ਼ ਦੀ ਵੰਡ ਸਮੇਂ 1947 ਵਿਚ ਜਾਣ ਤੋਂ ਇਨਕਾਰ
ਕਰ ਦਿੱਤਾ ਸੀ ਕਿਉਂਕਿ ਜਿਨਹਾ ਨੇ ਦਿੱਲੀ ਵਿਖੇ ਸਰ ਤੇਜਾ ਸਿੰਘ ਦੇ ਘਰ ਮਾਸਟਰ
ਤਾਰਾ ਸਿੰਘ ਨਾਲ ਹੋਈ ਮੀਟਿੰਗ ਵਿਚ ਵੱਖਰੀ ਸਿੱਖ ਸਟੇਟ ਦੇਣ ਤੋਂ ਇਨਕਾਰ ਕਰ
ਦਿੱਤਾ ਸੀ। ਆਪ ਵੱਖਰੀ ਸਟੇਟ ਲੈ ਲਈ। ਫਿਰ ਉਨਾਂ ਤੋਂ ਅਸੀਂ ਕੀ ਆਸ ਰੱਖ ਸਕਦੇ
ਸੀ। ਅਨੇਕਾਂ ਬੇਦੋਸ਼ੇ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅਕਾਲ
ਤੱਖ਼ਤ ਦੀ ਪਵਿਤਰ ਇਮਾਰਤ ਢਾਹ ਦਿੱਤੀ ਗਈ। ਸਿਆਸੀ ਲੋਕਾਂ ਨੇ ਫ਼ੌਜਾਂ ਸਾਹਮਣੇ ਹੱਥ
ਖੜੇ ਕਰਕੇ ਜ਼ਿੰਦਗੀ ਦੀ ਭੀਖ ਮੰਗੀ ਅਤੇ ਬਾਹਰ ਆ ਗਏ। ਨਿਰਦੋਸ਼, ਮਾਸੂਮ ਤੇ ਮਜ਼ਲੂਮ
ਸ਼ਰਧਾਲੂ ਫ਼ੌਜ ਦੀ ਦਹਿਸ਼ਤ ਦਾ ਸ਼ਿਕਾਰ ਹੋ ਗਏ। ਸਿੱਖਾਂ ਦਾ ਸਿੱਖਾਂ ਹੱਥੋਂ ਨੁਕਸਾਨ
ਹੋਇਆ।
ਇਥੇ ਮੈਂ ਸ਼ਪਸ਼ਟ ਕਰਨਾ ਚਾਹੁੰਦਾ ਹਾਂ ਕਿ ਸਿੱਖਾਂ ਨੂੰ ਕਿਵੇਂ ਅੱਤਵਾਦੀ ਤੱਕ
ਕਿਹਾ ਗਿਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਉਨਾਂ ਦਿਨਾ ਵਿਚ ਨਜ਼ਦੀਕੀ ਰਹੇ
ਦਲਬੀਰ ਸਿੰਘ ਜੋ ਉਸ ਸਮੇਂ ‘ਦੀ ਟ੍ਰਿਬਿਊਨ’ ਅਖ਼ਬਾਰ ਦੇ ਰਿਪੋਰਟਰ ਸਨ,
ਫਿਲੌਰ ਦੇ ਕੋਲ ਗੰਨਾ ਪਿੰਡ ਵਿਚ ਰਹਿੰਦੇ ਹਨ, ਉਨਾਂ ਨੂੰ ਸੰਤਾਂ ਦੀ ਨੇਕਨੀਤੀ
ਬਾਰੇ ਪੂਰੀ ਜਾਣਕਾਰੀ ਹੈ ਕਿ ਕਿਵੇਂ ਕੁਝ ਵਿਅਕਤੀਆਂ ਨੇ ਸੰਤਾਂ ਨੂੰ ਕੇਂਦਰ
ਸਰਕਾਰ ਨਾਲ ਸਮਝੌਤਾ ਕਰਨ ਤੋਂ ਰੋਕਿਆ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਨਾਂ ਨੂੰ
ਮਿਲਣਾ ਚਾਹੁੰਦੇ ਸਨ। ਸੰਤ ਭਿੰਡਰਾਂਵਾਲੇ ਪੰਜਾਬ ਵਿਚ ਸੁਖ ਸ਼ਾਂਤੀ ਚਾਹੁੰਦੇ ਸਨ
ਕਿਉਂਕਿ ਉਹ ਇੱਕ ਧਾਰਮਿਕ ਮਹਾਂਪੁਰਸ਼ ਸਨ, ਪੰਜਾਬ ਦੀ ਸ਼ਾਂਤੀ ਲਈ ਉਹ ਕੁਝ ਵੀ ਕਰਨਾ
ਚਾਹੁੰਦੇ ਸਨ। ਸਿਰਫ ਤਿੰਨ ਉਦਾਹਰਨਾ ਦੇਵਾਂਗਾ। ਭਾਈ ਸਾਹਿਬ ਭਾਈ ਰਣਧੀਰ ਸਿੰਘ
ਦੇਸ਼ ਭਗਤ ਸਨ। ਉਨਾਂ ਅਜ਼ਾਦੀ ਦੀ ਲੜਾਈ ਵਿਚ ਹਿੱਸਾ ਲਿਆ ਅਤੇ ਗ੍ਰਿਫ਼ਤਾਰ ਹੋ ਗਏ।
33 ਸਾਲ ਜੇਲ ਵਿਚ ਰਹੇ। ਦੇਸ਼ ਅਜ਼ਾਦ ਹੋ ਗਿਆ। ਫਿਰ ਵੀ ਉਨਾਂ ਦੀ ਜ਼ਬਤ ਕੀਤੀ
ਜਾਇਦਾਦ ਵਾਪਸ ਨਾ ਕੀਤੀ ਗਈ। ਇਥੋਂ ਤੱਕ ਕਿ ਉਨਾਂ ਦੇ ਅਖੰਡ ਕੀਰਤਨੀ ਜੱਥੇ ਨੂੰ
ਅੱਤਵਾਦੀ ਕਿਹਾ ਗਿਆ । ਅਨੇਕਾਂ ਤਸੀਹੇ ਦਿੱਤੇ ਗਏ। ਉਹ ਸਿਰਫ ਤੇ ਸਿਰਫ ਕੀਰਤਨ
ਕਰਦੇ ਸਨ। ਦੂਜੇ ਸਿਰਦਾਰ ਕਪੂਰ ਸਿੰਘ ਹਨ, ਜਿਨਾਂ ਦਾ ਕਸੂਰ ਸਿਰਫ ਇਹ ਸੀ ਕਿ
ਉਨਾਂ ਡਿਪਟੀ ਕਮਿਸ਼ਨਰ ਹੁੰਦਿਆਂ ਸਰਕਾਰ ਨੂੰ ਸਿੱਖਾਂ ਨੂੰ ਮੁਜ਼ਰਮ ਜਮਾਤ ਕਹਿਣ ਦੇ
ਵਿਰੁਧ ਪੱਤਰ ਲਿਖਿਆ ਸੀ। ਕੋਈ ਬਗ਼ਾਬਤ ਨਹੀਂ ਸੀ ਕੀਤੀ। ਪ੍ਰੰਤੂ ਫਿਰ ਵੀ ਉਨਾਂ
ਨੂੰ ਆਈ.ਸੀ.ਐਸ. ਤੋਂ ਡਿਸਮਿਸ ਕਰ ਦਿੱਤਾ ਗਿਆ। ਉਹ ਦੇਸ਼
ਭਗਤ ਸੀ, ਦੇਸ਼ ਦੀ ਸਹੁੰ ਚੁੱਕ ਕੇ ਲੋਕ ਸਭਾ ਅਤੇ ਪੰਜਾਬ ਵਿਧਾਨ ਸਭਾ ਦਾ ਮੈਂਬਰ
ਬਣਿਆ। ਉਸ ਨੂੰ ਦੇਸ਼ ਧਰੋਹੀ ਕਿਵੇਂ ਕਿਹਾ ਜਾ ਸਕਦਾ ਹੈ। ਤੀਜੇ ਵਿਅਕਤੀ ਹਨ,
ਸਿਮਰਨਜੀਤ ਸਿੰਘ ਮਾਨ ਆਈ.ਪੀ.ਐਸ. ਅਧਿਕਾਰੀ ਜਿਨਾਂ ਨੇ ਬਲਿਊ
ਸਟਾਰ ਅਪ੍ਰੇਸ਼ਨ ਦੇ ਖਿਲਾਫ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਸੀ ਕਿਉਂਕਿ ਉਸ
ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਕੋਈ ਬਗਾਬਤ ਨਹੀਂ, ਫਿਰ ਵੀ
ਅਨੇਕਾਂ ਤਸੀਹੇ ਜੇਲ ਵਿਚ ਦਿੱਤੇ ਗਏ। ਮੈਂ ਸਿਮਰਨਜੀਤ ਸਿੰਘ ਮਾਨ ਦੀ ਲੜਕੀ ਪਵਿਤ
ਕੌਰ ਵੱਲੋਂ ਲਿਖੀ ਗਈ ਪੁਸਤਕ ‘ ਚੁਰਾਏ ਗਏ ਵਰੇ ’ ਪੜ੍ਰੀ ਹੈ। ਇਹ ਪੁਸਤਕ ਪੜਕੇ
ਇੱਕ ਆਮ ਸਾਧਾਰਨ ਵਿਅਕਤੀ ਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ। ਕਿਤਨੀਆਂ ਜ਼ਿਆਦਤੀਆਂ
ਸਿੱਖਾਂ ਤੇ ਕੀਤੀਆਂ ਗਈਆਂ ਹਨ। ਦੁਖ ਦੀ ਗੱਲ ਹੈ ਕਿ ਸਿੱਖ ਹੁਣ ਵੀ ਇਕਮਤ ਹੋਣ
ਨੂੰ ਤਿਆਰ ਨਹੀਂ ਆਪਣੀ ਹਓਮੈ ਦੇ ਸ਼ਿਕਾਰ ਹਨ।
ਹੁਣ ਸਿੱਖਾਂ ਲਈ ਗੰਭੀਰਤਾ ਨਾਲ ਸੋਚਣ ਦੀ ਘੜੀ ਹੈ ਕਿ ਕੌਣ ਉਨਾਂ ਦੇ ਸਹੀ
ਮਾਅਨਿਆਂ ਵਿਚ ਹਮਦਰਦ ਅਤੇ ਦੁਸ਼ਮਣ ਹਨ, ਜਿਹੜੇ ਸਿੱਖੀ ਨੂੰ ਢਾਹ ਲਾਉਣ ਵਿਚ ਗੁਝੇ
ਤੀਰ ਚਲਾ ਰਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਲਿਊ ਸਟਾਰ ਅਪ੍ਰੇਸ਼ਨ
ਕਾਂਗਰਸ ਪਾਰਟੀ ਦੇ ਰਾਜ ਵਿਚ ਹੋਇਆ ਅਤੇ ਨਾ ਹੀ ਇਸ ਨੂੰ ਸਿੱਖ ਕਦੀਂ ਵੀ
ਭੁੱਲਾ ਸਕਦੇ ਹਨ ਪ੍ਰੰਤੂ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਭਾਰਤੀ ਜਨਤਾ ਪਾਰਟੀ
ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਆਪਣੀ ਪੁਸਤਕ ‘ ਮਾਈ ਇੰਡੀਆ ’
ਵਿਚ ਬੜੇ ਫ਼ਖ਼ਰ ਨਾਲ ਲਿਖਦੇ ਹਨ ਕਿ ਇੰਦਰਾ ਗਾਂਧੀ ਬਲਿਊ ਸਟਾਰ ਅਪ੍ਰੇਸ਼ਨ
ਕਰਨ ਲਈ ਤਿਆਰ ਹੀ ਨਹੀਂ ਸੀ, ਅਸੀਂ ਅਰਥਾਤ ਭਾਰਤੀ ਜਨਤਾ ਪਾਰਟੀ ਨੇ ਉਸ ਉਪਰ ਜ਼ੋਰ
ਪਾ ਕੇ ਕਰਵਾਇਆ ਹੈ। ਅਟੱਲ ਬਿਹਾਰੀ ਵਾਜਪਾਈ ਇੰਦਰਾ ਗਾਂਧੀ ਨੂੰ ਦੁਰਗਾ ਦਾ ਦਰਜਾ
ਦਿੰਦਾ ਰਿਹਾ ਹੈ। ਜਦੋਂ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿਚ ਸ਼੍ਰੀ ਗੁਰੂ ਨਾਨਕ
ਦੇਵ ਜੀ ਦੇ 500 ਸਾਲਾ ਪੁਰਬ ਦੇ ਮੌਕੇ 1969 ਵਿਚ ਅੰਮ੍ਰਿਤਸਰ ਵਿਖੇ ਗੁਰੂ ਨਾਨਕ
ਦੇਵ ਯੂਨੀਵਰਸਿਟੀ ਬਣਾਉਣ ਦੀ ਗੱਲ ਕੀਤੀ ਗਈ ਤਾਂ ਭਾਰਤੀ ਜਨਤਾ ਪਾਰਟੀ ਜਿਹੜੀ
ਉਦੋਂ ਜਨ ਸੰਘ ਹੁੰਦੀ ਸੀ, ਅਸਤੀਫੇ ਦੇ ਕੇ ਵਿਰੋਧ ਵਜੋਂ ਸਰਕਾਰ ਵਿਚੋਂ ਬਾਹਰ ਆ
ਗਈ । ਅੱਜ ਫਿਰ ਅਸੀਂ ਉਨਾਂ ਨੂੰ ਬੁਕਲ ਵਿਚ ਲਈ ਬੈਠੇ ਹਾਂ। ਬੁਕਲ ਵਿਚ ਬੈਠਾ
ਜਲਦੀ ਛੁਰੀ ਚਲਾਉਂਦਾ ਹੈ। ਸਿਰਫ ਰਾਜ ਭਾਗ ਲਈ ਮੋਨ ਧਾਰਿਆ ਹੈ। ਰਾਜ ਭਾਗ ਤਾਂ
ਆਉਂਦੇ ਜਾਂਦੇ ਰਹਿੰਦੇ ਹਨ ਪ੍ਰੰਤੂ ਜਿਹੜਾ ਇਤਿਹਾਸ ਲਿਖਿਆ ਗਿਆ ਉਹ ਨਹੀਂ ਬਦਲਦਾ।
ਇਸੇ ਰਾਜ ਵਿਚ ਪੰਜਾਬ ਵਿਚ ਅੰਮ੍ਰਿਤਸਰ ਵਿਖੇ ਨਿਰੰਕਾਰੀ ਕਾਂਡ ਹੋਇਆ ਸੀ ਜਿਸ ਤੋਂ
ਬਾਅਦ ਲਗਾਤਾਰ ਖ਼ੂਨ ਖ਼ਰਾਬਾ ਹੁੰਦਾ ਰਿਹਾ ਅਤੇ ਸਿੱਖਾਂ ਦੀਆਂ ਜ਼ਿੰਦਗੀਆਂ ਅਜਾਈਂ
ਜਾਂਦੀਆਂ ਰਹੀਆਂ। ਇਹ ਸਾਰੀਆਂ ਇਤਿਹਾਸ ਦੀਆਂ ਗੱਲਾਂ ਹਨ। ਇਤਿਹਾਸ ਕਦੀਂ ਮੁਆਫ
ਨਹੀਂ ਕਰਦਾ ਹੁੰਦਾ। ਦਿੱਲੀ ਵਿਚ ਵੀ ਅਕਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ
ਸਮਰਥਨ ਕਰ ਰਿਹਾ ਹੈ। ਸਿੱਧੇ ਦੁਸ਼ਮਣੀ ਕਰਨ ਵਾਲਿਆਂ ਨਾਲੋਂ ਅੰਦਰਖਾਤੇ ਕੈਂਚੀ
ਫੇਰਨ ਵਾਲੇ ਜ਼ਿਆਦਾ ਖ਼ਤਰਨਾਕ ਹੁੰਦੇ ਹਨ। ਹੁਣ ਫੈਸਲਾ ਸਿੱਖਾਂ ਦੇ ਹੱਥ ਵਿਚ ਹੈ ਕਿ
ਤੁਸੀਂ ਆਪਣਾ ਇਤਿਹਾਸ ਕਿਹੋ ਜਿਹਾ ਸਿਰਜਣਾ ਹੈ। ਦੁਨੀਆਂ ਵਿਚ ਸਾਰੀਆਂ ਕੌਮਾ
ਵੰਡੀਆਂ ਪੈਣ ਕਰਕੇ ਧੋਖਾ ਖਾ ਰਹੀਆਂ ਹਨ। ਪੰਜਾਬ ਵਿਚ ਅਸੀਂ ਖੁਦ ਹੰਢਾਇਆ, ਜੰਮੂ
ਕਸ਼ਮੀਰ ਦੇ ਲੋਕ ਭੁਗਤ ਰਹੇ ਹਨ, ਇਰਾਨ, ਇਰਾਕ ਦੀ ਉਦਾਹਰਨ ਤੁਹਾਡੇ ਸਾਮਣੇ ਹੈ।
ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ। ਗੁਪਤਚਰ ਏਜੰਸੀਆਂ ਆਪਣਾ ਕੰਮ ਕਢਾ ਕੇ ਬੰਦੇ
ਨੂੰ ਖ਼ਤਮ ਕਰ ਦਿੰਦੀਆਂ ਹਨ। ਪੰਜਾਬੀਆਂ ਖ਼ਾਸ ਤੌਰ ਤੇ ਸਿੱਖਾਂ ਨੂੰ ਸਲਾਹ ਹੈ ਕਿ
ਲਾਲਚ ਦਾ ਖ਼ਹਿੜਾ ਛੱਡੋ, ਗੁਮਰਾਹ ਨਾ ਹੋਵੋ, ਕੌਮ ਨੇ ਬੜੇ ਮਾੜੇ ਦਿਨ ਵੇਖੇ ਹਨ,
ਅਹੁਦੇ, ਸਰਦਾਰੀਆਂ, ਸਿਆਸੀ ਤਾਕਤਾਂ ਅਤੇ ਰਾਜ ਭਾਗ ਵਕਤੀ ਹੁੰਦੇ ਹਨ, ਸਥਾਈ ਨਹੀਂ
ਫਿਰ ਕਿਉਂ ਕੌਮ ਦਾ ਭਵਿਖ ਦਾਅ ਤੇ ਲਾ ਰਹੇ ਹੋ। ਅਜੇ ਵੀ ਡੁਲੇ ਬੇਰਾਂ ਦਾ ਕੁਝ
ਨਹੀਂ ਬਿਗੜਿਆ ਉਨਾਂ ਨੂੰ ਸਾਂਭਣ ਦੀ ਲੋੜ ਹੈ।
ਲੰਘਿਆ ਵਕਤ ਮੁੜਕੇ ਹੱਥ ਨਹੀਂ ਆਉਣਾ। ਜੋਸ਼ ਨਾਲੋਂ ਹੋਸ਼ ਤੋਂ ਕੰਮ ਲਵੋ। ਪੰਜਾਬ
ਦਾ ਭਵਿਖ ਤੁਹਾਡੇ ਗੋਚਰਾ ਹੈ। ਰੱਬ ਰਾਖਾ!
|