WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ, ਚੰਡੀਗੜ੍ਹ

  

ਤਿੰਨ ਕੁ ਸਾਲ ਪਹਿਲਾਂ ਰੋਜਾਨਾਂ ਦੀ ਤਰਾਂ ਮੈਂ ਆਪਣੇ ਕਪਿਊਟਰ ਤੇ ਪੰਜਾਬੀ ਅਖਬਾਰਾਂ ਤੋਂ ਸ਼ੁਰੂ ਹੋ ਕੇ ਨਿਊਯਾਰਕ ਟਾਇਮਜ ਤੱਕ ਦੀ ਦੁਨੀਆਂ ਵੇਖਕੇ ਸੱਜਣਾਂ ਦੇ ਆਏ ਖਤਾਂ ਵੱਲ ਨਿਗਾਹ ਮਾਰੀ ਤਾਂ ਇੱਕ ਨਵੀਂ ਈ ਮੇਲ ਦਿੱਸੀ। " ਭਾਈ ਜਾਂਨ ਲੰਡਨ ਤੋਂ ਨਾਜਰ ਸ਼ੇਖ ਦੀ ਸਲਾਂਮ ਕਬੂਲ ਕਰੋ"। ਕੌਣ ਹੋਇਆ ? ਉਤਸੁਕਤਾ ਵੱਸ ਮੈਂ ਪੜ੍ਹਣ ਲੱਗਾ। ਉਸ ਅੰਗਰੇਜੀ ਵਿੱਚ ਲਿਖਿਆ ਸੀ।"  ਮੇਰਾ ਨਾਂਮ ਨਾਜਰ ਸ਼ੇਖ ਹੈ। ਮੈਨੂੰ ਪੰਜਾਬੀ ਪੜ੍ਹਣੀ ਨਹੀਂ ਆਉਂਦੀ। ਕੱਲ੍ਹ ਇੰਗਲੈਂਣ ਤੋਂ ਛਪਦੇ ਇੱਕ ਪਰਚੇ ਦੇ ਅੰਗਰੇਜੀ ਸੈਕਸ਼ਨ ਵਿੱਚ ਤੁਹਾਡੀ ਇੱਕ ਲਿਖਤ ਪੜੀ। (ਸਿੱਖ ਟਾਇਮਜ ਵਾਲਿਆਂ ਨੇ ਆਪਣੇ ਅੰਗਰੇਜੀ ਸੈਕਸ਼ਨ ਵਿੱਚ ਮੈਨੂੰ ਛਾਪਿਆ ਹੈ)। ਉਸ ਵਿੱਚ ਤੁਸੀਂ ਆਪਣੇ ਪਿੰਡ ਦਾ ਨਾਂਮ ਕੋਟਫੱਤਾ ਲਿਖਿਆ ਹੋਇਆ ਸੀ। ਬੱਸ ਫੇਰ ਮੈਂ ਨੈੱਟ ਤੇ ਤੁਹਾਡੇ ਬਾਰੇ ਸਾਰੀ ਜਾਣਕਾਰੀ ਲੱਭੀ।

ਮੇਰਾ ਵੀ ਪਿੰਡ ਕੋਟ ਫੱਤਾ ਹੈ।

ਮੈਂ ਦਸ ਕੁ ਸਾਲ ਦਾ ਸਾਂ ਜਦੋਂ ਅਸੀਂ ਵੰਡ ਵੇਲੇ ਪਾਕਿਸਤਾਨ ਚਲੇ ਗਏ। ਉੱਥੋਂ 1960 ਵਿੱਚ ਮੈਂ ਇੰਗਲੈਂਡ ਆ ਗਿਆ। ਇੱਥੇ ਸਵਿੱਟਜਰਲੈਂਡ ਦੀ ਗੋਰੀ ਨਾਲ ਸ਼ਾਦੀ ਸ਼ੁਦਾ ਹਾਂ। ਮੈਂ ਵੀ ਸਵਿੱਸ ਕੰਪਨੀ ਦਾ ਅਟੌਰਨੀ ਰਿਟਾਇਰ ਹਾਂ। ਮੇਰੀ ਦਾਦੀ ਦਾ ਨਾਂ ਰਾਧੀ ਸੀ। ਮੇਰੇ ਚਾਚੇ ਦਾ ਨਾਂਮ ਕਰੀਂਮ ਸ਼ੇਖ ਸੀ। ਮੈਂ ਜਿਸ ਮਦਰੱਸੇ ਵਿੱਚ ਪੜ੍ਹਦਾ ਸੀ, ਕੀ ਉਹ ਹੈਗਾ? ਉਸ ਦੇ ਕੋਲ ਇੱਕ ਖੂਹ ਹੁੰਦਾ ਸੀ ਉਹ ਕਿਵੇਂ ਹੈ? ਮੇਰਾ ਇਕ ਮੁੰਡਾ ਜਮਾਤੀ ਸੀ। ਉਸਦਾ ਨਾਂਮ ਚੂਹਾ ਸੀ। ਕੀ ਉਹ ਜਿੰਦਾ ਹੈ? ਤੁਸੀਂ ਮੈਨੂੰ ਧਰੂ ਤਾਰੇ ਵਾਂਗ ਲੱਭੇ ਹੋ । ਮੇਰੀ ਮੇਲ ਦਾ ਜਵਾਬ ਜਰੂਰ ਦੇਣਾਂ।"  

ਇਹ ਮੇਲ ਪੜ੍ਹਕੇ ਮੇਰਾ ਜਜਬਾਤੀ ਹੋਣਾਂ ਕੁਦਰਤੀ ਸੀ। ਮੈਂ ਬਾਰਡਰ ਫਿਲਮ ਵਿੱਚਲੇ ਮਿੱਗ ਦੇ ਪਾਇਲਟ ਵਾਂਗ ਛੇਤੀ ਛੇਤੀ ਦਿਨ ਚੜ੍ਹਣ ਦੀ ਉਡੀਕ ਕਰਨ ਲੱਗਾ। ਦੂਜੀ ਵਾਰ ਦੀ ਚਾਹ ਪੀਂਦਿਆਂ ਹੀ ਮੈਂ ਸ਼ਰੀਕੇ ‘ਚੋਂ ਭਰਾ ਲੱਗਦੇ ਇੱਕ ਲੀਡਰ ਕਿਸਮ ਦੇ ਬਚਪਨ ਦੇ ਦੋਸਤ ਹਰਿੰਦਰ ਨੂੰ ਫੋਂਨ ਤੇ ਸਾਰੀ ਗੱਲ ਦੱਸਕੇ ਜਾਣਕਾਰੀ ਮੰਗੀ। ਉਹ ਸ਼ਾਮ ਤੱਕ ਉਡੀਕਣ ਲਈ ਕਹਿਕੇ ਵੱਢਾ ਟੁੱਕੀ ਵਾਲਾ ਸਾਲ ਫਰੋਲਣ ਲੱਗ ਪਿਆ। ਸ਼ਾਮ ਨੂੰ ਉਸ ਫੋਂਨ ਤੇ ਦੱਸਿਆ, " ਲੈ ਬਾਈ ! ਤੇਰਾ ਨਾਜਰ ਸ਼ੇਖ ਲੱਭ ਲਿਆ। ਉਸਨੂੰ ਦੱਸ ਦੇ ਕਿ ਮਦਰੱਸਾ ਹੁਣ ਮੰਡੀ ਵਾਲੇ ਪਲੱਸ ਟੂ  ਸਕੂਲ ਦਾ ਪ੍ਰਾਇਮਰੀ ਸਕੂਲ ਹੈ । ਖੁਹ ਵਿੱਚ ਵਿੱਚ ਇੱਕ ਦੋ ਬੰਦੇ ਡਿੱਗਣ ਕਰਕੇ ਲੈਂਟਰ ਪਾ ਕੇ ਬੰਦ ਕਰ ਦਿੱਤਾ ਸੀ। ਅਪਣੇ ਘਰਾਂ ਦੇ ਦੋ ਬਜੁਰਗ ਤੇ ਕੁਲਦੀਪ ਰਾਮ ਪੰਡਤ 95 ਸਾਲਾਂ ਦੇ ਹਨ ਜੋ ਇਨ੍ਹਾਂ ਸਾਰਿਆਂ ਨੂੰ ਜਾਣਦੇ ਹਨ। ਇਹਦਾ ਘਰ ਸ਼ੇਖਾਂ ਵਾਲੀ ਗਲੀ ‘ਚ ਸੀ। ਕੁਲਦੀਪ ਰਾਮ ਪੰਡਤ ਨੇ ਦੱਸਿਆ ਕਿ ਇਹਦੀ ਦਾਦੀ ਆਪਣੇ ਪਿੰਡ ਦੀ ਸੱਭ ਤੋਂ ਸੋਹਣੀ ਤੀਵੀਂ ਸੀ। ਇਹਦਾ ਚਾਚਾ ਕਰੀਂਮ ਸ਼ੇਖ ਆਪਣੇ ਬੁੜ੍ਹਿਆਂ ਨਾਲ ਸਿ਼ਕਾਰ ਖੇਡਦਾ ਰਿਹਾ। ਤੇਰੇ ਬਾਬੇ ਦਾ ਆੜੀ ਸੀ। ਮੈਂ ਪਹਿਲਾਂ ਵੀ ਕਈ ਵਾਰੀ ਕਰੀਂਮ ਸ਼ੇਖ ਦਾ ਨਾਂ ਸੁਣਿਆ ਹੋਇਆ।" ਅਗਲੇ ਦਿਨ ਮੈਂ ਨਾਜਰ ਸ਼ੇਖ ਨੂੰ ਮੇਲ ਕਰਕੇ ਇਹ ਜਾਣਕਾਰੀ ਦਿੱਤੀ ਅਤੇ ਨਾਲ ਹੀ ਪਿੰਡ ਦੇ ਦੋ ਤਿੰਨ ਫੋਂਨ ਨੰਬਰ ਦੇ ਕੇ ਸਿੱਧੀ ਗੱਲਬਾਤ ਕਰਨ ਲਈ ਕਿਹਾਂ। ਇੰਜ ਸ਼ੇਖ ਦਾ 64 ਸਾਲ ਤੋਂ ਪਿੰਡ ਨਾਲੋਂ ਟੁੱਟਿਆ ਸੰਪਰਕ ਬਹਾਲ ਹੋ ਗਿਆ।

ਉਨ੍ਹਾਂ ਸ਼ੇਖ ਨੂੰ ਪਿੰਡ ਆਉਣ ਲਈ ਕਿਹਾ। ਫਿਰ ਇੱਕ ਦਿਨ ਮੈਨੂ ਸ਼ੇਖ ਨੇ ਫੋਂਨ ਤੇ ਦੱਸਿਆ ਕਿ ਉਹ ਭਾਰਤੀ ਅੰਬੈਸੀ ਗਿਆ ਸੀ ਪਰ ਉਹ ਕਹਿੰਦੇ ਕਿਸੇ ਤੋਂ ਸੱਦਾ ਪੱਤਰ ਦੀ ਲੋੜ ਹੈ। ਸਾਡਾ ਪਿੰਡ ਦਿੱਲੀ ਰੇਲਵੇ ਲਾਇਨ ਤੇ ਬਠਿੰਡੇ ਤੋਂ ਦੂਸਰਾ ਸਟੇਸ਼ਨ ਹੈ। ਸਾਡੇ ਅੰਗਰੇਜਾ ਵੇਲੇ ਦਾ ਸਕੂਲ, ਡਾਕਖਾਂਨਾਂ, ਠਾਣਾਂ ਅਤੇ 1939 ਦੀ ਮਿਉਂਸਿਪਲ ਕਮੇੱਟੀ ਹੈ। ਪਿਛੋਖੜ ਬਾਦਲਾਂ ਨਾਲ ਜੁੜਦਾ ਹੋਣ ਕਾਰਨ ਉਨ੍ਹਾਂ ਵਰਗਾ ਹੀ ਸਿਆਸੀ ਟੇਸਟ ਹੈ। ਬਾਦਲਾਂ ਦੀ ਤਰਾਂ ਅਸੀਂ ਵੀ ਵੱਸ ਲੱਗਦੀ ਕਦੀ ਕਿਸੇ ਹੋਰ ਨੂੰ ਮਿਉਂਸਿਪਲ ਕਮੇੱਟੀ ਦੇ ਨੇੜੇ ਨਹੀਂ ਲੱਗਣ ਦਿੱਤਾ। ਹੁਣ ਸਾਡੇ ਸ਼ਰੀਕੇ ‘ਚੋਂ ਮੇਰਾ ਚਾਚਾ ਲੱਗਦਾ ਬੰਦਾ ਤੀਜੀ ਵਾਰੀ ਕਮੇੱਟੀ ਦਾ ਪ੍ਰਧਾਨ ਬਣਿਆ ਹੋਇਆ ਸੀ। ਮੈਂ ਉਸਨੂੰ ਫੋਨ ਤੇ ਪਿੰਡ ਵੱਲੋਂ ਇੱਕ ਰਸਮੀਂ ਜਿਹੀ ਚਿੱਠੀ ਭੇਜਣ ਲਈ ਕਿਹਾ। ਉਹ ਪੰਜਾਬੀ ਅਖਬਾਰਾਂ ਪੜ੍ਹਣ ਜਿੰਨਾ ਕੁ ਪੜ੍ਹਿਆ ਹੈ। ਮੈਨੂੰ ਕਹਿਣ ਲੱਗਾ, "ਵਕੀਲ ਸਾਬ! ਇਹ ਵੀਜੇ ਵੂਜੇ ਲਵਾਉਣ ਦਾ ਕੰਮ ਤਾਂ ਅਜੰਟ ਜੇ ਕਰਦੇ ਹੁੰਦੇ ਨੇ। ਆਪਣਾ ਨੀ ਕਿਸੇ ਨੇ ਲਾਉਣਾ। ਮੈਥੋਂ ਤਾਂ ਜਿੱਥੇ ਮਰਜੀ ਦਸਕਤ ਕਰਾ ਲਾ। ਜੇ ਕਹੇਂ ਤਾਂ ਮਤਾ ਪਾ ਦਿਆਂਗੇ ਕਿ ਉਹ ਸਾਡੇ ਪਿੰਡ ਦਾ ਬੰਦਾ ਹੈ। ਨਹੀਂ ਭਤੀਜ! ਤੂੰ ਆਪੇ ਹੀ ਲਿਖ ਲੁਖ ਕੇ ਮੇਰੇ ਦਸਖਤਾਂ ਦੀ ਘੁੱਗੀ ਮਾਰ ਲਈਂ। ਜੇ ਕੋਈ ਪੁੱਛੂ ਤਾਂ ਮੈ ਕਹਿ ਦੂੰ ਕਿ ਮੇਰੇ ਹੀ ਦਸਤਕ ਆ। ਉਹਨੇ ਸੰਸਦ ਵਾਂਗ ਮਤਾ ਪਾਸ ਹੁੰਦੀ ਦੇਰੀ ਵੇਖਕੇ ਆਰਡੀਨੈਂਸ ਦਾ ਰਾਹ ਚੁਣ ਲਿਆ।  ਪ੍ਰਧਾਨ ਚਾਚੇ ਵੱਲੋਂ ਇੰਜ ਫੋਂਨ ਤੇ ਹੀ ਪਵਰਾਂ ਡੈਲੀਗੇਟ ਹੋਣ ਤੇ ਮੈਂ ਆਪਣੀ ਲੈਟਰ ਪੈਡ ਤੇ ਆਪਣੇ ਵੱਲੋਂ ਤੇ ਸਾਰੇ ਪਿੰਡ ਵੱਲੋਂ ਸ਼ੇਖ ਨੂੰ ਪੁਰਾਣਾ ਪਿੰਡ ਵੇਖਣ ਦਾ ਸੱਦਾ ਪੱਤਰ ਲਿਖਕੇ ਭੇਜ ਦਿੱਤਾ। ਇੱਕ ਕਾਪੀ ਲੰਡਨ ਹਾਈ ਕਮਿਸ਼ਨ ਨੂੰ ਮੇਲ ਕਰ ਦਿੱਤੀ। ਪੁਲਿਸ ਵੈਰੀਫਿਕੇਸ਼ਨ ਲਈ ਪੁਲਸਿ ਮਹਿਕਮੇਂ ਦੇ ਦੋਸਤ ਮਿੱਤਰਾਂ ਨੂੰ ਕਿਹਾ। ਇੰਜ ਹੱਥੋ ਹੱਥੀ ਸਾਰੀ ਦਫਤਰੀ ਕਾਗਜੀ ਕਾਰਵਾਈ ਮੁਕੰਮਲ ਕਰਕੇ ਭੇਜ ਦਿੱਤੀ। 15 ਕੁ ਦਿਨ ਵਿੱਚ ਹੀ ਸ਼ੇਖ ਆਪਣੇ ਅੱਧੇ ਗੋਰੇ ਬੇਟੇ ਸਮੇਤ ਦਿੱਲੀ ਆ ਉੱਤਰਿਆ। ਸ਼ਤਾਬਦੀ ਰਾਹੀਂ ਬਠਿੰਡੇ ਪਹੁੰਚਿਆਂ ਨੂੰ ਸਾਡੇ ਬੰਦੇ ਕਾਰ ਤੇ ਪਿੰਡ ਲੈ ਆਏ। ਚੁਬਾਰੇ ਵਿੱਚ ਮਹਿਮਾਨਾਂ ਨੂੰ ਠਹਿਰਾ ਦਿੱਤਾ ਗਿਆ।

ਠੀਕ ਉਨ੍ਹਾਂ ਦਿਨਾਂ ‘ਚ ਹੀ ਸਾਡੇ ਸ਼ਰੀਕੇ ‘ਚੋਂ, ਮੇਰੇ ਬਚਪਣ ਦੇ ਦੋਸਤ ਤੇ ਜਮਾਤੀ ਰਹੇ ਜਥੇਦਾਰ ਦੇ ਮੁੰਡੇ ਦਾ ਵਿਆਹ ਸੀ। ਉਸਨੇ ਲੇਡੀ ਸੰਗੀਤ ਤੋਂ ਲੈ ਕੇ ਰਿਸੈਪਸ਼ਨ ਤੱਕ ਮੈਨੂੰ ਸਾਰੇ ਫੰਕਸ਼ਨਾਂ ਲਈ ਕਾਰਡ ਭੇਜਿਆ ਸੀ। ਉੱਧਰ ਕਲੱਬ ਵਾਲੇ ਮੁੰਡਿਆਂ ਵੱਲੋਂ ਕਬੱਡੀ ਦਾ ਟੂਰਨਾਮੈਂਟ ਵੀ ਕਰਵਾਇਆ ਜਾ ਰਿਹਾ ਸੀ। ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ । ਮੈਂ ਹਫਤੇ ਦਾ ਪ੍ਰੋਗਰਾਮ ਬਣਾ ਕਿ ਪਿੰਡ ਪਹੁੰਚ ਗਿਆ। ਵਿਆਹਾਂ ਦੀ ਰੁੱਤ ਸੀ। ਸ਼ੇਖ ਹੋਰੀਂ ਤੁਰ ਫਿਰ ਕੇ ਪਿੰਡ ਵੇਖਣ ਲੱਗੇ। ਸ਼ੇਖਾਂ ਵਾਲੀ ਗਲੀ ‘ਚ ਅੱਖਾਂ ਮੀਟਕੇ ਗਵਾਚਿਆ ਵਕਤ ਯਾਦ ਕਰਦਿਆਂ ਭਾਵਕ ਹੋ ਗਏ। ਵੱਢਾ ਟੁੱਕੀ ਵੇਲੇ ਪਿੰਡ ਤੇ ਲੁਟੇਰੇ ਬਦਮਾਸ਼ਾਂ ਨੇ ਹੱਲਾ ਕਰ ਦਿੱਤਾ ਸੀ। ਸ਼ੇਖ ਦੀਆਂ ਦੋ ਬਹੁਤ ਸੋਹਣੀਆਂ ਭੂਆਂ ਨੂੰ ਗਵਾਂਢੀ ਪਿੰਡ ਦੇ ਜੱਟ ਚੁੱਕ ਕੇ ਲੈ ਗਏ ਸਨ। ਇੱਕ ਭੂਆ ਅਜੇ ਜਿੰਦਾ ਹੈ। ਉਹ ਆਪਣੇ ਦੋ ਪੁਤਰਾਂ ਸਮੇਤ ਮਿਲਣ ਆਈ। ਅੱਸੀ ਸਾਲਾ ਬੁੱਢੀ ਨੇ ਸ਼ੇਖ ਨੂੰ ਜੱਫੀ ਪਾਕੇ ਕਿਹਾ, "ਤੂੰ ਮੇਰਾ ਆਪਣਾ ਖੂੰਨ ਹੈਂ। ਮੇਰੇ ਭਰਾ ਦੀ ਨਿਸ਼ਾਨੀ। ਇਹ ਦੋਨੋ ਮੇਰੇ ਨਹੀਂ ਹਨ।" ਮਾਈ ਦੇ ਇੱਦਾਂ ਕਹਿਣ ਨਾਲ ਮੈਂ ਪੈਰਾਂ ਤੱਕ ਹਿੱਲ ਗਿਆ ਕਿ ਖੂੰਨ ਤੇ ਧਰਮ ਕਿੰਨਾ ਗਹਿਰਾ ਅਸਰ ਰੱਖਦੇ ਨੇ। ਉਹ ਅੱਜ ਵੀ ਆਪਣੇ ਪੇਕੇ ਘਰ ‘ਚ ਜੀਅ ਰਹੀ ਸੀ। ਜਬਰੀ ਬਣੇ ਸਹੁਰੇ ਘਰ ਨੂੰ ਸਾਰੀ ਉਮਰ ਆਪਣਾ ਨਹੀਂ ਮੰਨਿਆਂ। ਸ਼ੇਖ ਦੀ ਇੱਕ ਚਾਚੀ ਸਾਡੇ ਹੀ ਪਿੰਡ ਦੇ ਬੰਦੇ ਨੇ ਰੱਖ ਲਈ ਸੀ । ਕੁੱਝ ਸਾਲ ਪਹਿਲਾ ਉਹ ਮਰ ਚੁੱਕੀ ਸੀ। ਉਹਦਾ ਮੁੰਡਾ ਮਿਲਣ ਆਇਆ। ਖੁਸ਼ ਹੋ ਕੇ ਕਹਿਣ ਲੱਗਾ, "ਅੱਜ ਭਾਗਾਂ ਵਾਲਾ ਦਿਨ ਹੈ। ਭਰਾ ਮਿਲਿਆ ਹੈ।" ਪਿੰਡ ਦੇ ਪੁਰਾਣੇ ਲੋਕਾਂ ਨੂੰ ਮਿਲਕੇ ਸ਼ੇਖ ਜਾਣਕਾਰੀ ਲੈਂਦਾ ਰਿਹਾ। ਮੁੰਡੇ ਨੂੰ ਕੋਈ ਦਿਲਚਸਪੀ ਨਹੀਂ ਸੀ। ਉਹ ਆਪਣੇ ਹਾਣੀਆਂ ਨਾਲ ਇੰਟਰਨੈੱਟ ਦੀ ਇੱਕੀਵੀਂ ਸਦੀ ਦੀਆਂ ਗੱਲਾਂ ਕਰਕੇ ਖੁਸ਼ ਸੀ। ਉਹ ਪੰਜਾਬੀ ਨਹੀਂ ਸਮਝਦਾ ਸੀ। ਆਪਣੇ ਹਾਣੀ ਮੁੰਡਿਆਂ ਨਾਲ ਅੰਗਰੇਜੀ ਵਿੱਚ ਗਿੱਟ ਮਿੱਟ ਕਰਦਾ ਰਹਿੰਦਾ। ਸਾਡੇ ਘਰਾਂ ਦੇ ਸੱਭ ਤੋਂ ਵਡੇਰੇ ਬਜੁਰਗ ਨੇ ਦੱਸਿਆ ਕਿ, " ਸ਼ੇਖ ਸਾਬ ਤੁਹਾਡਾ ਚਾਚਾ ਕਰੀਂਮ ਸ਼ੇਖ ਸਾਡੇ ਪਿੰਡ ਦਾ ਉੱਘਾ ਸਿ਼ਕਾਰੀ ਸੀ। ਓਦੋਂ ਜਮੀਨਾਂ ਬਰਾਨੀ ਤੇ ਪਿੰਡ ਦੇ ਪਾਸੀ ਸੰਘਣੀ ਝਿੜੀ ਹੁੰਦੀ ਸੀ। ਹਿਰਨ ਚੁਗਦੇ ਚੁਗਦੇ ਪਿੰਡ ਦੀ ਜੂਹ ‘ਚ ਆ ਜਾਂਦੇ। ਅਸੀਂ ਸਿ਼ਕਾਰ ਖੇਡਦੇ ਹੁੰਦੇ। ਬਾਪੂ ਜੀ ਦੱਸਿਆ ਕਰਦੇ ਸੀ ਕਿ ਕਰੀਂਮ ਇਕੱਲਾ ਬੰਦਾ ਸੀ ਜਿਹੜਾ ਦੋ ਨਾਲੀ ਨਾਲ ਮਿਰਗਾਂ ਦੀ ਦੌੜਦੀ ਡਾਰ ਤੇ ਤਿੰਨ ਵਾਰੀ ਫਾਇਰ ਕਰ ਲੈਂਦਾ ਸੀ। ਬੜਾ ਤੇਜ ਸਿ਼ਕਾਰੀ ਸੀ। ਬਹਿ ਜੇ ਬੇੜਾ ਲੀਡਰਾਂ ਦਾ। ਗਰੀਬ ਲੋਕ ਮਰਵਾਤੇ।"

ਅਸੀਂ ਜਦੋਂ ਵੀ ਨਾਜਰ ਨੂੰ ਦਾਰੂ ਪੀਣ ਲਈ ਕਹਿੰਦੇ। ਉਹ ਕਹਿੰਦਾ, ਓ ਭਰਾਉ ਮੈਂ ਮੁਸਲਮਾਨ ਹਾਂ। ਕਿਉਂ ਮੇਰਾ ਇਮਾਨ ਗਵਾਉਦੇ ਹੋ?  ਅਖੀਰ ਮੇਰੇ ਬਾਪ ਦੀ ਉਮਰ ਦੇ, ਹੁਣ ਯਾਰ ਬਣੇ ਸੇ਼ਖ ਨੂੰ ਮੈ ਕਿਹਾ,  "ਸ਼ੇਖ ਸਾਬ! ਪੰਜਾਹ ਸਾਲ ਤੋਂ ਇੰਗਲੈਂਡ ਰਹਿ ਰਹੇ ਹੋ। ਮੇਮ ਨਾਲ ਵਿਆਹੇ ਹੋ। ਮਸ਼ਹੂਰ ਅਟੌਰਨੀ ਹੋ। ਬਥੇਰੀਆਂ ਕੰਧਾਂ ਟੱਪੀਆਂ ਹੋਣਗੀਆਂ। ਅਜੇ ਵੀ ਇਮਾਨ ਬੋਝੇ ਪਾਈ ਫਿਰਦੇ ਹੋ? ਹੋ ਨਹੀਂ ਸਕਦਾ ਤੁਸੀਂ ਦਾਰੂ ਨਾ ਪੀਂਦੇ ਹੋਵੋ। "ਨਾਜਰ ਮੰਨ ਗਿਆ। ਕਹਿੰਦਾ, "ਕਈ ਸਾਲ ਹੋ ਗਏ, ਮੈਂ ਵਿੱਸਕੀ ਪੀਣੀ ਛੱਡ ਦਿੱਤੀ ਸੀ। ਹੁਣ ਰੈੱਡ ਵਾਈਂਨ ਪੀਅ ਲੈਂਦਾ ਹਾਂ।" ਅਸੀਂ ਗੱਡੀ ਭੇਜਕੇ ਦੋ ਬੋਤਲਾਂ ਬਠਿੰਡੇ ਤੋਂ ਰੈੱਡ ਵਈਨ ਮੰਗਵਾ ਲਈਆਂ। ਰਾਤ ਦੀ ਮਹਿਫਲ ‘ਚ ਜਦੋਂ ਅੱਖਾਂ ‘ਚ ਗੁਲਾਬੀ ਭਾਅ ਤੈਰਣ ਲੱਗੀ ਤਾਂ ਸ਼ੇਖ ਨੇ ਸਾਡੇ ਸਾਰੇ ਬੰਦਿਆਂ ਨੂੰ ਨਿਉਂਦਾ ਦਿੱਤਾ, "ਮੈਂ ਤੇ ਮੇਰੀ ਪਤਨੀਂ ਦੋਨੋਂ ਰਿਟਾਇਰ ਹਾਂ । ਬੇਟੀ ਬੇਟਾ ਦੋਨੋਂ ਵਿਆਹੇ ਵਰੇ ਅਲੱਗ ਰਹਿੰਦੇ ਹਨ। ਬੇਟੀ ਬਰਿਸ਼ਟ ਏਅਰਵੇਜ  ‘ਚ ਹੈ ਤੇ ਮੁੰਡਾ ਅਟਾਰਨੀਂ ਹੈ। ਅੱਲ੍ਹਾ ਦੀ ਬੜੀ ਮਿਹਰ ਹੈ। ਚਾਰ ਬੈੱਡਰੂਮ ਦਾ ਘਰ ਖਾਲੀ ਹੈ। ਤੁਸੀਂ ਜਦੋਂ ਵੀ ਕੋਈ ਇੰਗਲੈਂਡ ਆਉ ਮੇਰੇ ਕੋਲ ਰਹਿਣਾ। ਮਹੀਨਾ, ਦੋ ਮਹੀਨੇ ਜਿੰਨਾ ਚਿਰ ਮਨ ਕਰੇ ਰਹਿਣਾ। ਮਰਡੀਜ ਤੇ ਸਾਰੇ ਘੁੰਮਾਵਾਂਗਾ।" ਸ਼ੇਖ ਘੁੰਮਦਾ ਬਹੁਤ ਹੈ। ਹੁਣ ਜਦੋਂ ਮੇਰੇ ਨਾਲ ਗੱਲ ਹੁੰਦੀ ਹੈ। ਕਦੀ ਸਕਾਟਲੈਂਡ, ਕਦੀ ਪੈਰਿਸ, ਕਦੀ ਅਮਰੀਕਾ ਆਪਣੀ ਮੇਮ ਨਾਲ ਸੈਰਾਂ ਕਰ ਰਿਹਾ ਹੁੰਦਾ। ਉਹਦੀ ਭੇਣ ਦਾ ਪਰਿਵਾਰ ਅਮਰੀਕਾ ਤੇ ਸਹੁਰਾ ਘਰ ਸਵਿਟਜਰਲੈਂਡ ਹੈ। ਉਹਦੇ ਨਾਲ ਕਦੀ ਮੈਂ ਵੀ ਸਵਿਸ ਬੈਂਕ ਦੇਖ ਲਵਾਂਗਾ। ਆਖਰ ਉੱਥੇ ਕਿਹੋ ਜਿਹੀ ਜਾਦੂਗਿਰੀ ਹੈ ਕਿ ਗੱਪਾਂ ਦੇ ਸਹਾਰੇ ਸਰਕਾਰਾਂ ਪਲਟ ਜਾਂਦੀਆਂ ਹਨ।

ਲੇਡੀਜ ਸੰਗੀਤ ਤੇ ਤਖਤ ਸਿਰੀ ਦਮਦਮਾਂ ਸਾਹਿਬ ਦੇ ਜਥੇਦਾਰ ਨੰਦਗੜ੍ਹ ਵੀ ਆਏ ਸਨ। ਉਨ੍ਹਾਂ ਨਾਜਰ ਦਾ ਇਹ ਪੁਰਾਣਾ ਪਿੰਡ ਸੁਣਦਿਆਂ , ਸ਼ੇਖ ਨੂੰ ਤਖਤ ਦਮਦਮਾਂ ਸਾਹਿਬ ਵੱਲੋਂ ਸਰੋਪਾ ਦਿੱਤਾ। ਜੈਕਾਰਾ ਬੁਲਾਉਣ ਪਿੱਛੋਂ ਗਲ ਪਾਏ ਸਰੋਪੇ ਵੱਲ ਵੇਖਦਿਆਂ ਸ਼ੇਖ ਹੱਸ ਕੇ ਕਹਿਣ ਲੱਗਾ, "ਵੰਡ ਵੇਲੇ ਤਾਂ ਮੈਂ ਬਚਕੇ ਨਿੱਕਲ ਗਿਆ ਸਾਂ। ਪਰ ਲੱਗਦਾ ਹੁਣ ਤੁਸੀਂ ਮੈਨੂੰ ਸਿੱਖ ਬਣਾ ਦੇਣਾਂ।"  ਵੰਡ ਤੋਂ ਬਹੁਤ ਪਿੱਛੋਂ ਜੰਮੇ ਹੋਏ, ਮੈਨੂੰ ਉਹਦੇ ਇਸ ਮਜਾਕ ਵਿੱਚੋਂ ਹੱਲੇ ਗੁੱਲੇ ਵੇਲੇ ਮੱਚ ਰਿਹਾ ਚੀਖ ਚਿਹਾੜਾ ਸੁਣਿਆ।

ਨਾਜਰ ਆਪਣੀ ਸਕੂਲ ਵੇਲੇ ਦੀ ਜਨਮ ਮਿਤੀ ਵੇਖਣੀ ਚਾਹੁੰਦਾ ਸੀ। ਮੈਂ ਵਿਆਹ ਆਏ ਸਾਡੇ ਪੁਰਾਣੇ ਦੋਸਤ ਸਾਬਕਾ ਵਧਾਇਕ ਮੱਖਣ ਸਿੰਘ ਨੂੰ ਦੱਸਿਆ। ਉਹ ਸ਼ੇਖ ਨੂੰ ਆਪਣੀ ਇਨੋਵਾ ਵਿੱਚ ਸਾਰਾ ਦਿਨ ਲੈ ਕੇ ਬਠਿੰਡੇ ਜਿਲ੍ਹਾ ਪ੍ਰੀਸ਼ਦ, ਰਿਕਾਰਡ ਰੂੰਮ ਤੇ ਡੀ ਸੀ ਦਫਤਰਾਂ ‘ਚ ਘੁੰਮਦਾ ਰਿਹਾ। ਉਸ ਸਾਲ ਦਾ ਰਜਿਸਟਰ ਲੱਭ ਨਹੀਂ ਸੀ ਰਿਹਾ। ਪਰ ਸ਼ੇਖ ਆਪਣੇ ਜਨਮ ਅਤੇ ਮਦਰੱਸੇ ਦੇ ਦਾਖਲੇ ਦੀ ਫੋਟੋ ਕਾਪੀ ਲਿਜਾਣੀ ਚਾਹੁੰਦਾ ਸੀ।

ਰਿਸੈਪਸ਼ਨ ਵਾਲੇ ਦਿਨ ਅਸੀਂ ਸਾਰੇ ਮਹਿਮਾਨਾਂ ਨੂੰ ਮਿਲ ਰਹੇ ਸੀ ਤਾਂ ਇੱਕ ਥਾਂ ਸਾਬਕਾ ਐਂਮ ਪੀ ਜਗਮੀਤ ਸਿੰਘ ਬਰਾੜ ਨੂੰ ਮਿਲਦਿਆਂ ਸ਼ੈਖ ਨੇ ਮੇਰੀ ਲਿਖਤ ‘ਚੋਂ ਪਿੰਡ ਦਾ ਨਾਮ ਪੜ੍ਹਕੇ ਵੀਜੇ ਵਾਲੀ ਸਾਰੀ ਕਹਾਣੀ ਸੁਣਾਈ। ਬਰਾੜ ‘ਸਾਬ ਮੇਰੇ ਲੇਖ ਪੜ੍ਹਦੇ ਰਹਿੰਦੇ ਹਨ। ਹੱਸਦਿਆਂ ਜਗਮੀਤ ਬਰਾੜ ਨੇ ਕਿਹਾ, ਸ਼ੇਖ ਸਾਹਿਬ!  ਦੇਖੀ ਸਾਡੀ ਕਲਮ ਦੀ ਤਾਕਤ ? ਤੁਹਾਨੂੰ ਸੱਤ ਸਮੁੰਦਰੋਂ ਪਾਰ ਤੋਂ ਆਪਣੇ ਪਿੰਡ ਲੈ ਆਈ।"  ਮੈ ਕਿਹਾ ਕਿ  "ਕਹਿ ਨਹੀਂ ਸਕਦੇ ਕਿ ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ । ਜੇ ਨੈੱਟ ਨਾ ਹੁੰਦਾ ਤਾਂ ਮੇਰੇ ਲੇਖ ਕਦੋਂ ਵਿਦੇਸ਼ਾਂ ਵਿੱਚ ਛਪਣੇ ਸਨ ਤੇ ਕਦੋਂ ਸ਼ੇਖ ਤੱਕ ਪਹੁੰਚਣੇ ਸਨ ? ਨਾ ਹੀ ਮੇਰੇ ਬਾਰੇ ਜਾਣਕਾਰੀ ਗੂਗਲ ਤੇ ਹੋਣੀ ਸੀ। ਇਹ ਇੰਟਰਨੈੱਟ ਦਾ ਵੀ ਕਮਾਲ ਹੈ ਜਿਸਨੇ ਸਾਰੇ ਵਿਸਵ਼ ਨੂੰ ਪਿੰਡ ਬਣਾ ਦਿੱਤਾ ਹੈ।"  ਲੰਮਾ ਲੰਝਾ ਭਲਵਾਨੀਂ ਜੁੱਸੇ ਵਾਲਾ ਸ਼ੇਖ ਗੋਡਿਆਂ ਤਕ ਲੰਮੀਂ ਕਮੀਜ ਤੇ ਸਲਵਾਰ ਪਾਈ ਖੜ੍ਹਾ ਪਿੰਡ ਦਾ ਪ੍ਰਧਾਂਨ (ਸਰਪੰਚ) ਲੱਗ ਰਿਹਾ ਸੀ। 1947 ਹੁਣ ਬਹੁਤ ਪਿਛਾਂਹ ਰਹਿ ਗਿਆ ਸੀ। ਖੁਦਾ ਹਾਫਿਜ!

ਬੀ ਐਸ ਢਿੱਲੋਂ ਐਡਵੋਕੇਟ
# 146 ਐਡਵੋਕੇਟਸ ਸੋਸਾਇਟੀ,
ਸੈਕਟਰ 49-ਏ,
ਚੰਡੀਗੜ੍ਹ
ਮੋਬਾਇਲ : 9988091463
dhillonak@yahoo.com

15/02/2015

  ਇਹ ਕਲਮ ਦੀ ਤਾਕਤ ਹੈ ਜਾਂ ਇੰਟਰਨੈੱਟ ਦਾ ਕਮਾਲ
ਬੀ ਐਸ ਢਿੱਲੋਂ ਐਡਵੋਕੇਟ, ਚੰਡੀਗੜ੍ਹ
ਨਿਊਰਨਬਰਗ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ਵਿਚ
ਉਜਾਗਰ ਸਿੰਘ, ਪਟਿਆਲਾ
ਵਲੈਤ ਵਾਲੀ ਭੂਆ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ

hore-arrow1gif.gif (1195 bytes)


Terms and Conditions
Privacy Policy
© 1999-2015, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2015, 5abi.com