ਮੈਂ ਆਪਣੇ ਦਸਵੀਂ ਜਮਾਤ ਦੇ ਹਾਜ਼ਰ 10-12 ਵਿਦਿਆਰਥੀਆਂ ਨੂੰ ਸਕੂਲ ਦੀ
ਪ੍ਰਯੋਗਸ਼ਾਲਾ ਵਿਚ ਲੈ ਗਿਆ। ਮੈਂ ਉਨਾਂ ਵਿਚੋਂ ਕੁਝ ਵਿਦਿਆਰਥੀਆਂ ਨੂੰ
ਹਿਪਨੋਟਾਈਜ਼ ਕਰਨਾ ਸ਼ੁਰੂ ਕਰ
ਦਿੱਤਾ। ਪਹਿਲੇ ਵਿਦਿਆਰਥੀ ਨੂੰ ਹਿਪਨੋਟਾਈਜ਼ ਕਰਨ
ਤੋਂ ਬਾਅਦ ਮੈਂ ਉਸ ਨੂੰ ਪੁੱਛਿਆ, ‘‘ਤੂੰ ਪਿਛਲੇ ਜਨਮ ਵਿਚ ਕੀ ਸੀ?’’ ਉਸ ਦਾ
ਜਵਾਬ ਸੀ, ‘‘ਮੈਂ ਮਹਾਰਾਜਾ ਰਣਜੀਤ ਸਿੰਘ ਸਾਂ।’’ ਮੈਂ ਪੁੱਛਿਆ, ‘‘ਤੇਰੇ
ਕਿੰਨੀਆਂ ਅੱਖਾਂ ਸਨ?’’ ਉਸ ਦਾ ਜਵਾਬ ਸੀ, ‘‘ਇੱਕ! ਦੂਜੀ ਤਾਂ ਪਲੇਗ ਨਾਲ ਮਾਰੀ
ਗਈ ਸੀ।’’ ਜਦ ਮੈਂ ਅਗਲੇ ਵਿਦਿਆਰਥੀ ਨੂੰ ਪੁੱਛਿਆ, ‘‘ਤੂੰ ਪਿਛਲੇ ਜਨਮ ਵਿਚ ਕੀ
ਸੀ?’’ ਉਹ ਕਹਿਣ ਲੱਗਿਆ ‘‘ਮੈਂ ਮਹਾਤਮਾ ਗਾਂਧੀ ਸਾਂ ਤੇ ਮੇਰੇ ਸਿਰ ’ਤੇ ਸਿਰਫ਼
ਇਕ ਬੋਦੀ ਸੀ।’’ ਉਸ ਤੋਂ ਅਗਲੇ ਵਿਦਿਆਰਥੀ ਦਾ ਜਵਾਬ ਸੀ ਕਿ ਉਹ ਪਿਛਲੇ ਜਨਮ
ਵਿਚ ਇੱਕ ਰੂਸੀ ਲੇਖਕ ਗੋਰਕੀ ਸੀ ਤੇ ਉਸ ਨੇ ‘ਮਾਂ’ ਨਾਂ ਦਾ ਨਾਵਲ ਲਿਖਿਆ ਸੀ।
ਅੱਜ-ਕੱਲ ਟੈਲੀਵਿਜ਼ਨ ਚੈਨਲਾਂ ਅਤੇ ਕੁਝ ਅਖ਼ਬਾਰਾਂ ਵਿਚ ਪੁਨਰ-ਜਨਮ ਦੀਆਂ ਘਟਨਾਵਾਂ
ਤੇ ਖ਼ਬਰਾਂ ਚਰਚਾ ਵਿਚ ਰਹਿੰਦੀਆਂ ਹਨ, ਜਿਹੜੀਆਂ ਸਾਧਾਰਨ ਲੋਕਾਂ ਨੂੰ ਭੰਬਲ-ਭੂਸਿਆਂ
ਵਿਚ ਪਾ ਰਹੀਆਂ ਹਨ। ਪੁਨਰ-ਜਨਮ ਬਾਰੇ ਸਮਝਣ ਤੋਂ ਪਹਿਲਾਂ ਸਾਨੂੰ ਸਾਡੇ ਦਿਮਾਗਾਂ
ਵਿਚ ਉਪਜਦੇ ਖਿਆਲਾਂ ਬਾਰੇ ਸਮਝਣਾ ਚਾਹੀਦਾ ਹੈ। ਸਾਡਾ ਦਿਮਾਗ ਸਰੀਰ ਦੀ ਅਜਿਹੀ
ਪ੍ਰਣਾਲੀ ਹੈ, ਜਿਹੜੀ ਹਮੇਸ਼ਾ ਕੰਮ ਕਰਦੀ ਰਹਿੰਦੀ ਹੈ। ਜਿਵੇਂ ਸਾਹ-ਕਿਰਿਆ ਅਤੇ
ਲਹੂ-ਗੇੜ ਪ੍ਰਣਾਲੀ ਹਮੇਸ਼ਾ ਕਾਰਜਸ਼ੀਲ ਰਹਿੰਦੀਆਂ ਹਨ। ਇਸੇ ਤਰਾਂ ਹੀ ਸਾਡੇ ਦਿਮਾਗ
ਵਿਚ ਖਿਆਲ ਆਉਂਦੇ ਰਹਿੰਦੇ ਹਨ। ਦਿਮਾਗ ਵਿਚ ਆਏ ਖਿਆਲ 99 ਫ਼ੀਸਦੀ ਕਲਪਿਤ ਹੀ ਹੁੰਦੇ
ਹਨ, ਜਿਹੜੇ ਝੂਠੇ ਨਿਕਲ ਜਾਂਦੇ ਹਨ। ਉਨਾਂ ਦਾ ਜ਼ਿਕਰ ਅਸੀਂ ਕਿਸੇ ਕੋਲ ਨਹੀਂ ਕਰਦੇ,
ਜੋ ਇਕ-ਅੱਧਾ ਸੱਚ ਨਿਕਲ ਜਾਂਦਾ ਹੈ, ਉਸ ਦਾ ਢੰਡੋਰਾ ਪਿੱਟ ਦਿੰਦੇ ਹਾਂ। ਇਹ ਵੀ ਇਕ
ਕਾਰਨ ਹੈ ਜਿਸ ਕਰਕੇ ਬਹੁਤ ਸਾਰੀਆਂ ਅਜਿਹੀਆਂ ਗ਼ੈਰ-ਵਿਗਿਆਨਕ ਪੁਨਰ ਜਨਮ ਦੀਆਂ ਗੱਲਾਂ
ਲੋਕਾਂ ਵਿਚ ਪ੍ਰਚਲਿਤ ਹੁੰਦੀਆਂ ਜਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਹਨ।
ਬਹੁਤ ਸਾਰੇ ਨਸ਼ਈ ਵਿਅਕਤੀ ਜਦੋਂ ਭੰਗ ਜਾਂ ਸੁੱਖਾ ਖਾ ਲੈਂਦੇ ਹਨ ਤਾਂ ਉਹਨਾਂ ਨੂੰ
ਕਈ ਵਾਰ ਆਪਣਾ ਸਰੀਰ ਹਵਾ ਵਿਚ ਉਡਦਾ ਨਜ਼ਰ ਆਉਂਦਾ ਹੈ, ਪਰ ਇਹ ਹਕੀਕਤ ਤਾਂ ਨਹੀਂ
ਹੁੰਦੀ। ਇਸੇ ਤਰਾਂ ਦਿਮਾਗ ਵਿਚ ਕਿਸੇ ਵਿਅਕਤੀ ਨੂੰ ਆਇਆ ਪੁਨਰ ਜਨਮ ਦਾ ਖਿਆਲ ਵੀ
ਹਕੀਕਤ ਨਹੀਂ ਹੋ ਸਕਦਾ। ਮਾਨਸਿਕ ਰੋਗਾਂ ਕਾਰਨ ਵੀ ਪੁੱਠੇ ਸਿੱਧੇ ਖਿਆਲ ਦਿਮਾਗ ਵਿਚ
ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਇਨਾਂ ਦਾ ਵੀ ਜ਼ਿੰਦਗੀ ਦੀਆਂ ਸੱਚਾਈਆਂ ਨਾਲ ਕੋਈ
ਸਬੰਧ ਨਹੀਂ ਹੁੰਦਾ। 1984 ਵਿਚ ਬਰਨਾਲਾ ਤੋਂ ਅਸੀਂ ਤਰਕਸ਼ੀਲ ਸੁਸਾਇਟੀ ਲਈ ਕੰਮ ਕਰਨਾ
ਸ਼ੁਰੂ ਕੀਤਾ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਸੀਂ 41 ਕੇਸ ਪੁਨਰ ਜਨਮ ਦੇ ਹੱਲ ਕਰ
ਚੁੱਕੇ ਹਾਂ। ਹਰ ਕੇਸ ਵਿਚ ਪੁਨਰ ਜਨਮ ਦਾ ਦਾਅਵਾ ਕਰਨ ਵਾਲਿਆਂ ਦੀ ਘੋਖਵੀਂ ਜਾਂਚ
ਪੜਤਾਲ ਕੀਤੀ ਗਈ ਹੈ। ਹਰ ਕੇਸ ਵਿਚ 50 ਤੋਂ ਲੈ ਕੇ 100 ਤੱਕ ਸਵਾਲ ਪੁੱਛੇ ਗਏ ਹਨ।
ਇਨਾਂ ਵਿਚੋਂ ਦੋ ਜਾਂ ਤਿੰਨ ਫੀਸਦੀ ਸਵਾਲ ਹੀ ਠੀਕ ਹੁੰਦੇ ਹਨ। ਬਾਕੀ ਗਲਤ ਨਿਕਲ
ਜਾਂਦੇ ਹਨ। ਲਗਭਗ ਹਰ ਕੇਸ ਦੇ ਪਿੱਛੇ ਅਸੀਂ ਕਾਰਨਾਂ ਨੂੰ ਵੀ ਫਰੋਲਿਆ ਹੈ। ਇਨਾਂ
ਵਿਚੋਂ ਬਹੁਤਿਆਂ ਪਿੱਛੇ ਕਿਸੇ ਨਾ ਕਿਸੇ ਦਾ ਨਿੱਜੀ ਸੁਆਰਥ ਛੁਪਿਆ ਹੋਇਆ ਸੀ। ਇਥੇ
ਮੈਂ ਦੋ ਘਟਨਾਵਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਸਮਝਦਾ ਹਾਂ।
ਅੰਮ੍ਰਿਤਸਰ ਜ਼ਿਲੇ ਦੇ ਕਿਸੇ ਸੰਤ ਦੇ ਦਿਮਾਗ ਵਿਚ ਖਿਆਲ ਆ ਗਿਆ ਕਿ ਇਕ ਅੱਠ-ਨੌਂ
ਸਾਲ ਦਾ ਲੜਕਾ ਉਸਦਾ ਪਿਛਲੇ ਜਨਮ ਦਾ ਗੁਰੂ ਸੀ ਅਤੇ ਉਸ ਸੰਤ ਨੇ ਉਸ ਬੱਚੇ ਦੇ ਜਾ
ਪੈਰੀਂ ਹੱਥ ਲਾਏ ਅਤੇ 1100 ਰੁਪਏ ਦਾ ਮੱਥਾ ਟੇਕ ਦਿੱਤਾ। ਬੱਸ ਫਿਰ ਕੀ ਸੀ, ਉਸਦੇ
ਸ਼ਰਧਾਲੂਆਂ ਨੇ ਹੋਰ ਹਜ਼ਾਰਾਂ ਰੁਪਏ ਦੇ ਮੱਥੇ ਉਸ ਲੜਕੇ ਨੂੰ ਟੇਕ ਦਿੱਤੇ। ਸੰਤ ਨੂੰ
ਚੇਲਾ ਵੀ ਮਿਲ ਗਿਆ ਅਤੇ ਨੋਟ ਵੀ ਇਕੱਠੇ ਹੋ ਗਏ।
ਜ਼ਿਲਾ ਸੰਗਰੂਰ ਦੇ ਹੀ ਇਕ ਪਿੰਡ ਦੀ ਇਸਤਰੀ ਦਾ ਨੌਜਵਾਨ ਪਤੀ ਸੜਕ ਹਾਦਸੇ ਵਿਚ
ਮਾਰਿਆ ਗਿਆ। ਉਸਦੀ ਪਤਨੀ ਨੇ ਆਪਣੀ ਰੋਜ਼ੀ-ਰੋਟੀ ਤੋਰਨ ਲਈ ਕੁਝ ਮੱਝਾਂ ਰੱਖ ਲਈਆਂ
ਅਤੇ ਦੁੱਧ ਪਾਉਣ ਲੱਗ ਪਈ। ਦੁੱਧ ਲਿਜਾਣ ਵਾਲੇ ਦੋਧੀ ਨੇ ਸਕੀਮ ਬਣਾਈ ਕਿ ਜੇ ਇਹ
ਇਸਤਰੀ ਕਿਸੇ ਢੰਗ ਨਾਲ ਮੇਰੇ ਕਾਬੂ ਵਿਚ ਆ ਜਾਵੇ ਤਾਂ ਮੈਂ ਇਸਦੇ ਹਿੱਸੇ ਵਿਚ ਆਉਂਦੀ
ਬਾਰਾਂ ਏਕੜ ਜ਼ਮੀਨ ਦਾ ਮਾਲਕ ਬਣ ਜਾਵਾਂਗਾ ਅਤੇ ਨਾਲ ਹੀ ਇਕ ਹੋਰ ਸੁੰਦਰ ਪਤਨੀ ਦਾ
ਪਤੀ। ਉਸਨੇ ਆਪਣੇ ਅੱਠ-ਨੌਂ ਸਾਲਾ ਲੜਕੇ ਨੂੰ ਉਸ ਇਸਤਰੀ ਦੇ ਘਰ ਬਾਰੇ ਅਤੇ ਉਸਦੇ
ਮਰੇ ਹੋਏ ਪਤੀ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਬੱਸ ਫਿਰ ਕੀ ਸੀ, ਉਸਦਾ
ਅੱਠ-ਨੌਂ ਸਾਲਾ ਲੜਕਾ ਉਸਦੇ ਘਰ ਜਾ ਕੇ ਕਹਿਣ ਲੱਗਾ ਕਿ ਮੈਂ ਪਿਛਲੇ ਜਨਮ ਵਿਚ ਤੇਰਾ
ਪਤੀ ਕਰਨੈਲ ਸਿੰਘ ਸੀ ਅਤੇ ਮੋਟਰਸਾਇਕਲ ਹਾਦਸੇ ਵਿਚ ਮੇਰੀ ਮੌਤ ਹੋ ਗਈ ਸੀ। ਉਸਨੇ ਘਰ
ਵਿਚ ਪਈਆਂ ਚੀਜ਼ਾਂ ਦੀ ਜਾਣਕਾਰੀ ਵੀ ਦੇ ਦਿੱਤੀ। ਕੁਝ ਹੀ ਮਹੀਨਿਆਂ ਵਿਚ ਉਸ ਮੁੰਡੇ
ਦਾ ਦੋਧੀ ਬਾਪ ਨਾਲੇ ਤਾਂ ਬਾਰਾਂ ਏਕੜ ਜ਼ਮੀਨ ਦਾ ਮਾਲਕ ਬਣ ਗਿਆ ਅਤੇ ਨਾਲੇ ਇਕ ਹੋਰ
ਸੁੰਦਰ ਪਤਨੀ ਦਾ ਪਤੀ।
ਅਸਲ ਵਿਚ ਪੁਨਰ-ਜਨਮ ਦਾ ਸਵਾਲ ਆਤਮਾ ਨਾਲ ਜੁੜਿਆ ਹੋਇਆ ਹੈ। ਸਰੀਰ ਵਿਚ ਆਤਮਾ
ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਹਿੰਦੁਸਤਾਨ ਦੇ ਸੈਂਕੜੇ ਹਸਪਤਾਲਾਂ ਵਿਚ ਰੋਜ਼ਾਨਾ
ਹਜ਼ਾਰਾਂ ਹੀ ਅਪ੍ਰੇਸ਼ਨ ਦਿਲ, ਦਿਮਾਗ ਅਤੇ ਸਰੀਰ ਦੇ ਹੋਰ ਵੱਖ-ਵੱਖ ਅੰਗਾਂ ਦੇ ਹੁੰਦੇ
ਹਨ। ਅੱਜ ਤੱਕ ਕਿਸੇ ਵੀ ਇਕ ਡਾਕਟਰ ਨੂੰ ਆਤਮਾ ਦੇ ਦਰਸ਼ਨ ਨਹੀਂ ਹੋਏ। ਫਿਰ ਸਵਾਲ ਇਹ
ਪੈਦਾ ਹੁੰਦਾ ਹੈ ਕਿ ਇਹ ਸਰੀਰ ਕਿਵੇਂ ਕੰਮ ਕਰਦਾ ਹੈ? ਜੇ ਅਸੀਂ ਇਕ ਬਾਲਟੀ ਵਿਚ ਕੁਝ
ਚੂਨਾ ਪਾ ਕੇ ਕੁਝ ਪਾਣੀ ਪਾ ਦੇਈਏ ਤਾਂ ਅਸੀਂ ਦੇਖਾਂਗੇ ਕਿ ਇਸ ਵਿਚੋਂ ਹਰਕਤ, ਗਰਮੀ
ਅਤੇ ਆਵਾਜ਼ ਪੈਦਾ ਹੋਣੀ ਸ਼ੁਰੂ ਹੋ ਜਾਵੇਗੀ। ਇਸੇ ਤਰਾਂ ਸਰੀਰ ਵਿਚ ਗਰਮੀ ਹਰਕਤ ਆਵਾਜ਼
ਆਦਿ ਸਰੀਰ ਦੇ ਅੰਦਰੂਨੀ ਰਸਾਇਣਿਕ ਪਦਾਰਥਾਂ ਵਿਚ ਰਸਾਇਣਿਕ ਕਿਰਿਆਵਾਂ ਕਰਕੇ ਪੈਦਾ
ਹੁੰਦੀਆਂ ਹਨ। ਇਹ ਤਾਂ ਸਿਰਫ਼ ਇਕ ਉਦਾਹਰਣ ਹੈ। ਮਨੁੱਖੀ ਸਰੀਰ ਦਾ ਅਮੀਬੇ ਤੋਂ ਲੈ ਕੇ
ਮਨੁੱਖ ਬਣਨ ਤੱਕ ਦਾ ਤਿੰਨ ਸੌ ਕਰੋੜ ਵਰਿਆਂ ਦਾ ਸਫ਼ਰ ਮਨੁੱਖ ਜਾਤੀ ਦੁਆਰਾ ਕੀਤੇ ਗਏ
ਲੰਬੇ ਸੰਘਰਸ਼ਾਂ ਦਾ ਸਿੱਟਾ ਹੈ, ਜਿਸ ਨੂੰ ਇਸ ਨੇ ਤਰਤੀਬ ਦੇਣਾ ਸਿੱਖ ਲਿਆ ਹੈ।
ਜਿਵੇਂ ਰੇਡੀਓ ਜਾਂ ਟੈਲੀਵਿਜ਼ਨ ਵਿਚ ਬਹੁਤ ਸਾਰੀਆਂ ਪ੍ਰਣਾਲੀਆਂ ਕਾਰਜਸ਼ੀਲ ਹੁੰਦੀਆਂ
ਹਨ। ਕੋਈ ਬਿਜਲੀ ਦੀ ਸਪਲਾਈ ਕਰਦੀ ਹੈ, ਕੋਈ ਆਵਾਜ਼ ਦੀਆਂ ਤਰੰਗਾਂ ਫੜਨ ਦਾ ਅਤੇ ਕੋਈ
ਇਨਾਂ ਤਰੰਗਾਂ ਨੂੰ ਧੁਨੀ ਤਰੰਗਾਂ ਵਿਚ ਬਦਲਣ ਦਾ ਕੰਮ ਕਰਦੀ ਹੈ। ਇਸੇ ਤਰਾਂ ਹੀ
ਮਨੁੱਖੀ ਸਰੀਰ ਵੀ ਵੱਖ-ਵੱਖ ਅੰਗ ਪ੍ਰਣਾਲੀਆਂ ਦਾ ਸਮੂਹ ਹੈ। ਕੋਈ ਪ੍ਰਣਾਲੀ ਸੋਚਣ
ਦਾ, ਕੋਈ ਸਾਹ ਲੈਣ ਦਾ, ਕੋਈ ਲਹੂ ਗੇੜ ਦਾ ਕੰਮ ਕਰਦੀ ਹੈ। ਜਿਵੇਂ ਰੇਡੀਓ ਦੀ ਕੋਈ
ਮਹੱਤਵਪੂਰਨ ਪ੍ਰਣਾਲੀ ਜੇਕਰ ਕੰਮ ਕਰਨਾ ਬੰਦ ਕਰ ਦੇਵੇ ਤਾਂ ਇਸ ਵਿਚੋਂ ਕੋਈ ਆਤਮਾ
ਤਾਂ ਨਹੀਂ ਨਿਕਲ ਜਾਂਦੀ? ਇਸੇ ਤਰਾਂ ਸਰੀਰ ਦੀ ਕਿਸੇ ਅੰਗ ਪ੍ਰਣਾਲੀ ਦਾ ਕੰਮ ਬੰਦ
ਹੋਣ ਨਾਲ ਹੋਈ ਮੌਤ ਇਸ ਵਿਚ ਆਤਮਾ ਦਾ ਨਿਕਲ ਜਾਣਾ ਨਹੀਂ ਹੁੰਦਾ।
ਕਿਹਾ ਜਾਂਦਾ ਹੈ ਕਿ ਵਿਗਿਆਨੀਆਂ ਨੇ ਇਕ ਮਰ ਰਹੇ ਵਿਅਕਤੀ ਨੂੰ ਸ਼ੀਸ਼ੇ ਦੇ ਬਰਤਨ
ਵਿਚ ਬੰਦ ਕਰ ਦਿੱਤਾ। ਜਦੋਂ ਵਿਅਕਤੀ ਦੀ ਮੌਤ ਹੋ ਗਈ ਤਾਂ ਇਸ ਬਰਤਨ ਵਿਚੋਂ ਆਤਮਾ
ਸ਼ੀਸ਼ਾ ਤੋੜ ਕੇ ਬਾਹਰ ਨਿਕਲ ਗਈ। ਇਹ ਸਭ ਅਫ਼ਵਾਹਾਂ ਹਨ। ਇਨਾਂ ਦੀ ਪਰਖ ਕਰਨ ਲਈ ਤੁਸੀਂ
ਵੀ ਇੱਕ ਬੋਤਲ ਵਿਚ ਕੁਝ ਕੀੜੇ ਤੇ ਕੀੜੇ ਮਾਰ ਦਵਾਈ ਪਾ ਕੇ ਬੰਦ ਕਰ ਸਕਦੇ ਹੋ। ਕੀੜੇ
ਮਰ ਜਾਣਗੇ ਪਰ ਬੋਤਲ ਨਹੀਂ ਟੁੱਟੇਗੀ। ਚੰਡੀਗੜ ਦੇ ਪੀ. ਜੀ. ਆਈ. ਹਸਪਤਾਲ ਵਿਚ ਹਰ
ਸਾਲ ਹਜ਼ਾਰਾਂ ਅਪ੍ਰੇਸ਼ਨ ਦਿਲ, ਦਿਮਾਗ ਅਤੇ ਪੇਟ ਦੇ ਅੰਦਰੂਨੀ ਹਿੱਸਿਆਂ ਦੇ ਹੁੰਦੇ
ਹਨ, ਪਰ ਕਦੇ ਕਿਸੇ ਡਾਕਟਰ ਨੂੰ ਆਤਮਾ ਦੇ ਦਰਸ਼ਨ ਨਹੀਂ ਹੋਏ ਅਤੇ ਨਾ ਹੀ ਆਤਮਾ ਦਾ
ਭਾਰ ਕਦੇ ਕਿਸੇ ਡਾਕਟਰ ਜਾਂ ਵਿਗਿਆਨੀ ਨੇ ਦੱਸਿਆ ਹੈ। ਵਿਗਿਆਨ ਦੀ ਕਿਸੇ ਕਿਤਾਬ ਵਿਚ
ਵੀ ਇਸ ਦਾ ਭਾਰ ਕਿਤੇ ਵੀ ਦਰਜ ਨਹੀਂ ਕਿਉਂਕਿ ਆਤਮਾ ਜੇ ਕੋਈ ਮਾਦਾ ਹੋਵੇਗੀ ਤਾਂ ਹੀ
ਉਸ ਦਾ ਭਾਰ ਹੋ ਸਕਦਾ ਹੈ। ਸੋ ਇਸ ਦੀ ਹੋਂਦ ਦੀ ਕਲਪਨਾ ਕਰਨਾ ਗ਼ਲਤ ਹੈ।
ਇਥੇ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਜੋ ਸਾਡੇ ਅੰਦਰ ਬੋਲਦਾ ਹੈ, ਸੋਚਦਾ ਹੈ,
ਉਹ ਹੈ ਕੀ?
ਵਿਗਿਆਨਕੀਆਂ ਅਨੁਸਾਰ ਤਾਂ ਸਰੀਰ ਦੀਆਂ ਵੱਖ-ਵੱਖ ਅੰਗ ਪ੍ਰਣਾਲੀਆਂ ਵਿਚਲਾ
ਤਾਲਮੇਲ ਹੀ ਸਭ ਕੁਝ ਹੈ। ਜਦੋਂ ਕੋਈ ਮਹੱਤਵਪੂਰਨ ਅੰਗ ਪ੍ਰਣਾਲੀ ਕੰਮ ਕਰਨੋਂ ਜਵਾਬ
ਦੇ ਜਾਂਦੀ ਹੈ ਤਾਂ ਬੰਦੇ ਦੀ ਮੌਤ ਹੋ ਜਾਂਦੀ ਹੈ। ਕਈ ਵਾਰ ਡਾਕਟਰ ਮਰੀ ਹੋਈ ਜਾਂ
ਕੰਮ ਕਰਨੋਂ ਜਵਾਬ ਦੇ ਗਈ ਅੰਗ ਪ੍ਰਣਾਲੀ ਨੂੰ ਜੀਵਿਤ ਵੀ ਕਰ ਲੈਂਦੇ ਹਨ। ਕੁਝ ਦਿਨ
ਹੋਏ ਹਨ ਕਿ ਅਰੁਣਾ ਨਾਂ ਦੀ ਇਕ ਲੜਕੀ ਛੱਤੀ ਵਰੇ ਬੇਹੋਸ਼ੀ ਦੀ ਹਾਲਤ ਵਿਚ ਰਹੀ। ਉਸ
ਨਾਲ 1973 ਵਿਚ ਇਕ ਵਿਅਕਤੀ ਨੇ ਬਲਾਤਕਾਰ ਕਰਕੇ ਉਸ ਦਾ ਗਲ ਘੁੱਟ ਦਿੱਤਾ ਸੀ, ਜਿਸ
ਕਾਰਨ ਦਿਮਾਗ ਨੂੰ ਖੂਨ ਦੀ ਸਪਲਾਈ ਰੁਕ ਗਈ ਤੇ ਉਸ ਦੇ ਦਿਮਾਗ਼ ਦਾ ਕੁਝ ਹਿੱਸਾ ਕੰਮ
ਕਰਨੋਂ ਹਟ ਗਿਆ। ਪਰ ਡਾਕਟਰ ਲਗਾਤਾਰ ਛੱਤੀ ਸਾਲ ਉਸ ਨੂੰ ਹੋਸ਼ ਵਿਚ ਲਿਆਉਣ ਲਈ
ਯਤਨਸ਼ੀਲ ਰਹੇ। ਕਦੇ ਵੀ ਕਿਸੇ ਵਿਅਕਤੀ ਨੇ ਇਹ ਦੱਸਣ ਦਾ ਯਤਨ ਨਹੀਂ ਕੀਤਾ ਕਿ ਜੇ
ਆਤਮਾ ਇਕ ਸਰੀਰ ਤੋਂ ਦੂਜੇ ਸਰੀਰ ਵਿਚ ਜਾਂਦੀ ਹੈ ਤਾਂ ਉਹ ਇਸ ਲਈ ਕਿਸ ਮਾਧਿਅਮ ਦੀ
ਵਰਤੋਂ ਕਰਦੀ ਹੈ? ਲੋਕਾਂ ਨੂੰ ਭਰਮਾਂ-ਵਹਿਮਾਂ ਵਿਚ ਧੱਕਣਾ ਇਥੋਂ ਦੀ ਰਾਜ ਕਰ ਰਹੀ
ਜਮਾਤ ਦੀ ਲੋੜ ਹੈ। ਇਸ ਲਈ ਬਹੁਤੇ ਟੈਲੀਵਿਜ਼ਨ ਚੈਨਲਾਂ ਦੇ ਮਾਲਕ ਸਭ ਕੁਝ ਜਾਣਦੇ ਹੋਏ
ਇਨਾਂ ਗੱਲਾਂ ਦਾ ਪ੍ਰਚਾਰ ਕਰਦੇ ਰਹਿੰਦੇ ਹਨ। ਸੋ ਉਨਾਂ ਨੂੰ ਚਾਹੀਦਾ ਤਾਂ ਇਹ ਹੈ ਕਿ
ਜਿਹੜੇ ਵਿਅਕਤੀ ਪੁਨਰ-ਜਨਮ ਦਾ ਦਾਅਵਾ ਕਰਦੇ ਹਨ, ਉਨਾਂ ਨੂੰ ਦਿਮਾਗ਼ੀ ਨੁਕਸਾਂ ਕਾਰਨ
ਮਾਨਸਿਕ ਰੋਗਾਂ ਦੇ ਹਸਪਤਾਲਾਂ ਵਿਚ ਭਰਤੀ ਕਰਵਾਉਣ। ਪਰ ਟੈਲੀਵਿਜ਼ਨ ਚੈਨਲਾਂ ਵਾਲੇ
ਤਾਂ ਭੋਲੀ-ਭਾਲੀ ਜਨਤਾ ਵਿਚ ਉਨਾਂ ਨੂੰ ਪੂਜਣਯੋਗ ਬਣਾ ਰਹੇ ਹਨ।
ਤਰਕਸ਼ੀਲ ਸੁਸਾਇਟੀ ਦੇ ਸ਼ੁਰੂਆਤ ਦੇ ਦਿਨਾਂ ਦੀ ਇਕ ਘਟਨਾ ਦਾ ਜ਼ਿਕਰ ਕਰਨਾ ਮੈਂ
ਜ਼ਰੂਰੀ ਸਮਝਦਾ ਹਾਂ। ਰਾਜਪੁਰੇ ਤੋਂ ਭੂਤਾਂ-ਪ੍ਰੇਤਾਂ ਦੀਆਂ ਖ਼ਬਰਾਂ ਆਮ ਤੌਰ ’ਤੇ
ਅਖ਼ਬਾਰਾਂ ਵਿਚ ਸੁਰਖ਼ੀਆਂ ਵਿਚ ਛਪਦੀਆਂ ਰਹਿੰਦੀਆਂ ਸਨ। ਅਜਿਹੀ ਹੀ ਇਕ ਖ਼ਬਰ ਦੀ ਪੜਤਾਲ
ਕਰਨ ਤੋਂ ਬਾਅਦ ਉਥੋਂ ਦੇ ਇਕ ਪੱਤਰਕਾਰ ਨੂੰ ਅਸੀਂ ਪੁੱਛਿਆ, ‘‘ਸਾਨੂੰ ਤਾਂ ਪੜਤਾਲ
ਵਿਚ ਕੁਝ ਮਿਲਿਆ ਨਹੀਂ, ਤੁਸੀਂ ਇਹ ਖ਼ਬਰ ਕਿਸ ਸੂਚਨਾ ਦੇ ਆਧਾਰ ’ਤੇ ਲਗਾਈ ਹੈ?’’
ਤਾਂ ਉਹ ਕਹਿਣ ਲੱਗਿਆ, ‘‘ਮੈਂ ਤਾਂ ਇਹ ਗੱਲ ਸੁਣੀ ਹੀ ਸੀ। ਮੈਂ ਸੋਚਿਆ ਖ਼ਬਰ ਦਿਲਚਸਪ
ਬਣਦੀ ਹੈ। ਇਸ ਲਈ ਅਖ਼ਬਾਰ ਨੂੰ ਭੇਜ ਦਿੱਤੀ।’’ ਮੈਂ ਉਸ ਨੂੰ ਕਿਹਾ, ‘‘ਪੱਤਰਕਾਰੀ ਦਾ
ਕੰਮ ਇਹ ਤਾਂ ਨਹੀਂ ਹੁੰਦਾ ਕਿ ਉਹ ਝੂਠੀ ਖ਼ਬਰ ਦੇ ਕੇ ਲੱਖਾਂ ਸਾਧਾਰਨ ਲੋਕਾਂ ਨੂੰ
ਅੰਧਵਿਸ਼ਵਾਸੀ ਦੀ ਡੂੰਘੀ ਦਲਦਲ ਵਿਚ ਧੱਕ ਦੇਵੇਂ। ਤੈਨੂੰ ਸਜ਼ਾ ਦੇਣ ਵਾਲਾ ਤਾਂ ਕੋਈ
ਨਹੀਂ, ਪਰ ਤੇਰਾ ਜੁਰਮ ਮੁਆਫ਼ੀਯੋਗ ਨਹੀਂ।’’
ਅੱਜ ਤੋਂ 20-22ਕੁ ਵਰੇ ਪਹਿਲਾਂ ਦੀ ਗੱਲ ਹੈ ਕਿ ਬਰਸਾਤ ਦਾ ਮੌਸਮ ਹੋਣ ਕਾਰਨ
ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਸੀ। ਸੋ ਮੈਂ ਆਪਣੇ ਦਸਵੀਂ ਜਮਾਤ ਦੇ
ਹਾਜ਼ਰ 10-12 ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਯੋਗਸ਼ਾਲਾ ਵਿਚ ਲੈ ਗਿਆ। ਮੈਂ ਉਨਾਂ
ਵਿਚੋਂ ਕੁਝ ਵਿਦਿਆਰਥੀਆਂ ਨੂੰ ਹਿਪਨੋਟਾਈਜ਼ ਕਰਨਾ
ਸ਼ੁਰੂ ਕਰ ਦਿੱਤਾ। ਪਹਿਲੇ ਵਿਦਿਆਰਥੀ ਨੂੰ ਹਿਪਨੋਟਾਈਜ਼
ਕਰਨ ਤੋਂ ਬਾਅਦ ਮੈਂ ਉਸ ਨੂੰ ਪੁੱਛਿਆ,
‘‘ਤੂੰ ਪਿਛਲੇ ਜਨਮ ਵਿਚ ਕੀ ਸੀ?’’ ਉਸ ਦਾ ਜਵਾਬ ਸੀ, ‘‘ਮੈਂ ਮਹਾਰਾਜਾ ਰਣਜੀਤ ਸਿੰਘ
ਸਾਂ।’’ ਮੈਂ ਪੁੱਛਿਆ, ‘‘ਤੇਰੇ ਕਿੰਨੀਆਂ ਅੱਖਾਂ ਸਨ?’’ ਉਸ ਦਾ ਜਵਾਬ ਸੀ, ‘‘ਇੱਕ!
ਦੂਜੀ ਤਾਂ ਪਲੇਗ ਨਾਲ ਮਾਰੀ ਗਈ ਸੀ।’’ ਜਦ ਮੈਂ ਅਗਲੇ ਵਿਦਿਆਰਥੀ ਨੂੰ ਪੁੱਛਿਆ,
‘‘ਤੂੰ ਪਿਛਲੇ ਜਨਮ ਵਿਚ ਕੀ ਸੀ?’’ ਉਹ ਕਹਿਣ ਲੱਗਿਆ ‘‘ਮੈਂ ਮਹਾਤਮਾ ਗਾਂਧੀ ਸਾਂ ਤੇ
ਮੇਰੇ ਸਿਰ ’ਤੇ ਸਿਰਫ਼ ਇਕ ਬੋਦੀ ਸੀ।’’ ਉਸ ਤੋਂ ਅਗਲੇ ਵਿਦਿਆਰਥੀ ਦਾ ਜਵਾਬ ਸੀ ਕਿ
ਉਹ ਪਿਛਲੇ ਜਨਮ ਵਿਚ ਇੱਕ ਰੂਸੀ ਲੇਖਕ ਗੋਰਕੀ ਸੀ ਤੇ ਉਸ ਨੇ ‘ਮਾਂ’ ਨਾਂ ਦਾ ਨਾਵਲ
ਲਿਖਿਆ ਸੀ। ਹੁਣ ਤੁਸੀਂ ਹੀ ਦੱਸੋ ਕਿ ਮੇਰੇ ਸਕੂਲ ਦੀ ਦਸਵੀਂ ਜਮਾਤ ਵਿਚ ਹੀ ਕੌਮੀ
ਅਤੇ ਕੌਮਾਂਤਰੀ ਪੱਧਰ ਦੇ ਮਰ ਚੁੱਕੇ ਤਿੰਨ ਆਗੂ ਪੈਦਾ ਹੋ ਗਏ ਸਨ? ਸੋ ਹਿਪਨੋਟਿਜ਼ਮ
ਰਾਹੀਂ ਖਿਆਲ ਉਪਜਾਏ ਜਾਂ ਮਿਟਾਏ ਜਾਣਾ ਸੰਭਵ ਹੁੰਦਾ ਹੈ।
ਸੋ, ਪੁਨਰ-ਜਨਮ ਦੀਆਂ ਛਪ ਰਹੀਆਂ ਅਤੇ ਵਿਖਾਈਆਂ ਜਾ ਰਹੀਆਂ ਸਭ ਘਟਨਾਵਾਂ ਫ਼ਰਜ਼ੀ
ਹਨ ਅਤੇ ਇਨਾਂ ਪਿੱਛੇ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਸਵਾਰਥ ਜ਼ਰੂਰ ਛੁਪਿਆ ਹੈ।
ਅੱਜ ਦੇ ਵਿਗਿਆਨਕ ਯੁੱਗ ਵਿਚ ਜੇ ਭਾਰਤ ਵਿਚ ਗ਼ਰੀਬੀ, ਬੇਰੁਜ਼ਗਾਰੀ, ਬੇਈਮਾਨੀ ਅਤੇ
ਰਿਸ਼ਵਤਖੋਰੀ ਭਾਰੂ ਹਨ ਤਾਂ ਇਸਦਾ ਸਿਰਫ਼ ਇਕੋ-ਇਕ ਕਾਰਨ ਇਥੋਂ ਦੇ ਬਹੁਤੇ ਲੋਕਾਂ ਦਾ
ਲਾਈਲੱਗ ਹੋਣਾ ਹੈ ਅਤੇ ਮੌਜੂਦਾ ਸਿਆਸਤ ਹੀ ਇਨਾਂ ਨੂੰ ਲਾਈਲੱਗ ਬਣਾ ਰਹੀ ਹੈ।
ਮੇਘ ਰਾਜ ਮਿੱਤਰ, ਤਰਕਸ਼ੀਲ ਨਿਵਾਸ
ਗਲੀ ਨੰ: 8, ਕੱਚਾ ਕਾਲਜ ਰੋਡ
ਬਰਨਾਲਾ (ਪੰਜਾਬ)
ਮੋ : 98887-87440
ਈਮੇਲ:
tarksheel@gmail.com
|