ਪੰਦਰਾਂ
ਕੁ ਵਰ੍ਹੇ ਪੁਰਾਣੀ ਗੱਲ ਹੈ। ਮੇਰੇ ਪਾਸ ਇੱਕ ਛੇ ਫੁੱਟ ਦਾ ਹੱਟਾ ਕੱਟਾ ਤੇ ਭਰਵੇਂ
ਸਰੀਰ ਵਾਲਾ ਸਾਧੂਆਂ ਦੇ ਭੇਸ਼ ਵਿੱਚ ਦਿਸਦਾ ਵਿਅਕਤੀ ਆਇਆ। ਉਸਨੇ ਗਲ ਵਿੱਚ ਰੁਦਰਾਕਸ
ਦੀ ਮਾਲਾ ਪਾਈ ਹੋਈ ਸੀ ਤੇ ਸਿਰ ਸਫਾ ਚੱਟ ਕੀਤਾ ਹੋਇਆ ਸੀ। ਕਹਿਣ ਲੱਗਿਆ ‘‘ਬਾਬੂ ਜੀ
ਹਰ ਰੋਜ਼ ਪੰਜ ਦਸ ਸਾਂਢੇ ਮਾਰਕੇ ਪਾਪ ਕਰਨਾ ਪੜਤਾ ਹੈ ਫਿਰ ਵੀ ਵੀਸ ਰੁਪਏ ਸੇ ਅਧਿਕ
ਕਮਾਈ ਨਹੀਂ ਹੋਤੀ। ਆਪ ਮੇਰੇ ਕੋ ਦੋ ਤੀਨ ਜਾਦੂ ਕੇ ਟਰਿੱਕ ਸਿਖਾ ਦੀਜੀਏ ਔਰ ਜਾਦੂ
ਕੀ ਕਿਤਾਬੇ ਦੇ ਦੋ ਮੈਂ ਵੇਚ ਕਰ ਆਪਣੇ ਪੈਸੇ ਲੁਟਾਤਾ ਰਹੂੰਗਾ।’’ ਮੈਨੂੰ ਉਸਦੀ
ਸਕੀਮ ਪਸੰਦ ਆ ਗਈ ਤੇ ਮੈਂ ਸੋਚਿਆ ਕਿ ਇਹ ਤਜ਼ਰਬਾ ਵੀ ਕਰ ਹੀ ਲੈਣਾ ਚਾਹੀਦਾ ਹੈ। ਦਸ
ਬਾਰਾਂ ਦਿਨ ਉਹ ਬਰਨਾਲੇ ਬੱਸ ਸਟੈਂਡ ਤੇ ਆਪਣਾ ਮਜ਼ਮਾ ਲਾ ਕੇ ਜਾਦੂ ਦੇ ਕੁੱਝ ਟਰਿੱਕ
ਵਿਖਾ ਕੇ ਕਿਤਾਬਾਂ ਵੇਚਿਆ ਕਰੇ ਤੇ ਹਰ ਰੋਜ਼ ਹੱਥ ਵਿੱਚ ਦਸ ਦਸ ਰੁਪਏ ਦੇ ਨੋਟਾਂ ਦਾ
ਥੱਬਾ ਫੜਕੇ ਸ਼ਾਮ ਨੂੰ ਮੇਰੇ ਕੋਲ ਪੁੱਜ ਜਾਇਆ ਕਰੇ। ਹਿਸਾਬ ਕਿਤਾਬ ਦੀ ਉਸਨੂੰ ਕੋਈ
ਜਾਣਕਾਰੀ ਨਹੀਂ ਸੀ। ਮੈਂ ਉਸਨੂੰ ਬਣਦਾ ਕਮਿਸ਼ਨ ਹਰ ਰੋਜ਼ ਦੇ ਦਿਆ ਕਰਾਂ। ਮੇਰੇ ਘਰ
ਆਪਣੀ ਫੇਰੀ ਤੇ ਉਹ ਆਚਾਰ ਮੰਗ ਕੇ ਜ਼ਰੂਰ ਖਾਂਦਾ ਅਤੇ ਕਦੇ ਆਚਾਰ ਆਪਣੀ ਸੀਸੀ ਵਿੱਚ
ਪੁਆ ਕੇ ਘਰ ਵੀ ਜ਼ਰੂਰ ਲੈ ਜਾਂਦਾ। ਜਦੋਂ ਵੀ ਕੋਈ ਮਜਮਾ ਵੇਖਣ ਵਾਲਾ ਉਸਨੂੰ ਸੁਆਲ
ਪੁੱਛਿਆ ਕਰੇ ਤਾਂ ਉਹ ਸ਼ਾਮ ਨੂੰ ਮੈਥੋਂ ਪੁੱਛ ਜਾਇਆ ਕਰੇ। ਇੱਕ ਦਿਨ ਉਹ ਪੁੱਛਣ
ਲੱਗਿਆ ਕਿ ‘‘ਬਾਬੂ ਜੀ ਤੁਹਾਡੇ ਖਿ਼ਆਲ ਵਿੱਚ ਅੱਲਾ, ਗਾਡ ਕੁਛ
ਨਹੀਂ ਹੋਤਾ।’’ ਜਦੋਂ ਮੈਂ ਉਸਨੂੰ ਇਸਦਾ ਜੁਆਬ ਨਾਂਹ ਵਿੱਚ ਦਿੱਤਾ ਤਾਂ ਉਸਦੀ ਹਾਲਤ
ਵੇਖਣ ਵਾਲੀ ਸੀ।
ਖ਼ੈਰ ਇਹ ਸਿਲਸਿਲਾ ਚਲਦਾ ਰਿਹਾ। ਇੱਕ ਦਿਨ ਉਹ ਮੈਨੂੰ ਕਹਿਣ ਲੱਗਿਆ ਕਿ ‘‘ਹੁਣ
ਬਰਨਾਲੇ ਦੀ ਬਜਾਏ ਮੈਂ ਬਠਿੰਡੇ ਬੱਸ ਅੱਡੇ ਤੇ ਮਜਮਾ ਲਾਇਆ ਕਰਾਂਗਾ ਤੇ ਚਾਰ ਪੰਜ
ਦਿਨਾਂ ਬਾਅਦ ਆਕੇ ਹਿਸਾਬ ਕਰ ਜਾਇਆ ਕਰਾਂਗਾ ਕਿਉਂਕਿ ਮੇਰੇ ਬੱਚੇ ਤੇ ਪ੍ਰੀਵਾਰ
ਬਠਿੰਡੇ ਰਹਿੰਦਾ ਹੈ।’’ ਮੈਨੂੰ ਉਸਦੀ ਇਸ ਗੱਲ ਤੇ ਵੀ ਕੋਈ ਇਤਰਾਜ ਨਹੀਂ ਸੀ।
ਮਜਮੇ ਲਾ ਕੇ ਜਾਦੂ ਦਿਖਾਉਣ ਤੇ ਕਿਤਾਬਾਂ ਵੇਚਣ ਦੀ ਟੈਕਨੀਕ ਵੀ ਉਸ ਨੇ ਬਹੁਤ
ਸੁਧਾਰ ਲਈ। ਲੋਕਾਂ ਦੇ ਸੁਆਲਾਂ ਦਾ ਜੁਆਬ ਵੀ ਉਸਨੂੰ ਆਉਣ ਲੱਗ ਪਏ। ਇਨ੍ਹਾਂ ਗੱਲਾਂ
ਨੇ ਕਿਤਾਬਾਂ ਦੀ ਵਿੱਕਰੀ ਵੀ ਵਧਾ ਦਿੱਤੀ। ਤੇ ਹੁਣ ਉਹ ਸ਼ੌਕੀ ਤੋਂ ਅਸ਼ੋਕ ਕੁਮਾਰ
ਬਣ ਗਿਆ। ਜਿੱਧਰ ਵੀ ਉਸਨੇ ਜਾਣਾ ਹੁੰਦਾ ਰਿਕਸ਼ੇ ਤੋਂ ਬਗ਼ੈਰ ਕਦਮ ਨਾ ਪੁੱਟਦਾ।
ਕਿਸੇ ਤੋਂ ਉਸਨੇ ਸੁਣਿਆ ਸੀ ਕਿ ਦੇਸੀ ਘਿਉ ਵਿੱਚ ਬਹੁਤ ਤਾਕਤ ਹੁੰਦੀ ਹੈ ਤੇ ਹੁਣ ਉਹ
ਪਾਈਆ ਪਾਈਆ ਦੇਸੀ ਘੀ ਰੋਜ਼ ਡੀਕ ਲਾ ਕੇ ਪੀਣ ਲੱਗ ਪਿਆ। ਉਸਦੀ ਝੌਂਪੜੀ ਵਿੱਚ ਤਾਂ
ਰੇਡੀਓ ਵੀ ਨਸੀਬ ਨਹੀਂ ਸੀ। ਹੁਣ ਉਹ ਸਿੱਧਾ ਹੀ ਰੰਗਦਾਰ ਟੈਲੀਵੀਜ਼ਨ ਲੈ ਆਇਆ। ਉਸਦੇ
ਬੱਚਿਆਂ ਨੇ ਕਦੇ ਸਕੂਲ ਦਾ ਮੂੰਹ ਨਹੀਂ ਸੀ ਵੇਖਿਆ ਪਰ ਹੁਣ ਉਸਨੇ ਉਨ੍ਹਾਂ ਨੂੰ
ਸਿੱਧਾ ਹੀ ਕਿਸੇ ਮਾਡਲ ਪਬਲਿਕ ਸਕੂਲ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਵਿਚਾਰੀ
ਘਰਵਾਲੀ ਨੂੰ ਨਾ ਤਾਂ ਬੱਚਿਆਂ ਦੇ ਵਰਦੀ ਪੁਆਉਣੀ ਆਉਂਦੀ ਸੀ ਤੇ ਨਾ ਹੀ ਉਹਨਾਂ ਦੇ
ਬੈਗ ਵਿੱਚ ਕਿਤਾਬਾਂ ਹੀ ਤਰਤੀਬ ਵਿਚ ਰੱਖ ਸਕਦੀ ਸੀ। ਸਮਾਂ ਉਸ
ਵਿਚਾਰੀ ਨੂੰ ਵੇਖਣਾ ਨਹੀਂ ਸੀ ਆਉਂਦਾ ਜਦੋਂ ਸਕੂਲ ਬੈਨ ਆ ਕੇ ਹਾਰਨ
ਮਾਰ ਦਿੰਦੀ ਤਾਂ ਉਹ ਕਈ ਵਾਰ ਬੱਚਿਆਂ ਨੂੰ ਸਮੇਂ ਸਿਰ ਸਕੂਲ ਭੇਜਣ ਤੋਂ ਅਸਮਰਥ ਹੋ
ਜਾਂਦੀ। ਇਨ੍ਹਾਂ ਗੱਲਾਂ ਤੇ ਘਰ ਵਿੱਚ ਕਾਟੋ ਕਲੇਸ਼ ਹੋਣਾ ਸ਼ੁਰੂ ਹੋ ਗਿਆ ਸੀ। ਅਸੋਕ
ਬਾਬੂ ਨੇ ਜ਼ਿੰਦਗੀ ਵਿੱਚ ਕਦੇ ਵੀ ਸ਼ਰਾਬ ਨੂੰ ਹੱਥ ਨਹੀਂ ਸੀ ਲਾਇਆ ਅਤੇ ਨਾ ਹੀ
ਘਰਵਾਲੀ ਤੇ ਕਦੇ ਹੱਥ ਚੁੱਕਿਆ ਸੀ। ਪੈਸਾ ਆਉਣ ਤੇ ਇਹ ਭੈੜ ਵੀ ਉਸ ਨੂੰ ਘੇਰਨ ਲੱਗ
ਪਏ।
ਕੁੱਟਮਾਰ ਦੀ ਸਤਾਈ ਇਸਤਰੀ ਆਪਣੇ ਪੇਕਿਆਂ ਨੂੰ ਸੱਦ ਲਿਆਈ। ਸ਼ੌਕੀ ਨੇ ਉਨ੍ਹਾਂ
ਨੂੰ ਵੀ ਚੰਗੀ ਤਰ੍ਹਾਂ ਕੁੱਟ ਦਿੱਤਾ। ਪੰਚਾਇਤ ਵੱਲੋਂ ਸਮਝੌਤਾ ਕਰਵਾਉਣ ਦੀਆਂ
ਕੋਸਿ਼ਸ਼ਾਂ ਅਸਫਲ ਹੋਣ ਪਿੱਛੋਂ ਗੱਲ ਥਾਣੇ ਪੁੱਜ ਗਈ। ਕੁੱਝ ਪੁਲਿਸ ਮੁਲਾਜ਼ਮ ਉਸਨੂੰ
ਥਾਣੇ ਲੈ ਗਏ। ਚਾਂਦੀ ਦੀ ਜੁੱਤੀ ਨੇ ਥਾਣੇ ਵਾਲਿਆਂ ਨੂੰ ਵੀ ਕੀਲ ਲਿਆ। ਥਾਣੇਦਾਰ
ਸਾਹਿਬ ਆਪਣੇ ਮੁਲਾਜ਼ਮਾਂ ਨੂੰ ਪੁੱਛਣ ਲੱਗਿਆ ਕਿ ਇਹ ਵਿਅਕਤੀ ਕੌਣ ਹੈ। ਵਰਦੀ ਧਾਰੀ
ਪੁਲਿਸ ਮੁਲਾਜ਼ਮ ਕਹਿਣ ਲੱਗੇ ਕਿ ‘‘ਉਹ ਤਰਕਸ਼ੀਲਾਂ ਦੇ ਮੈਂਬਰ ਹੈ ਅਤੇ ਬੱਸ ਅੱਡੇ
ਪਿਛਲੇ ਪਾਸੇ ਮਜਮੇ ਲਾ ਕੇ ਕਿਤਾਬਾਂ ਵੇਚਿਆ ਕਰਦਾ ਹੈ।’’ ਥਾਣੇਦਾਰ ਸਾਹਿਬ ਪਹਿਲਾਂ
ਹੀ ਸ਼ੌਕੀ ਤੇ ਖੁਸ਼ ਸਨ ਉਹ ਕਹਿਣ ਲੱਗੇ, ‘‘ਤਰਕਸ਼ੀਲ ਤਾਂ ਬੰਦੇ ਹੀ ਬਹੁਤ ਵਧੀਆ
ਹੁੰਦੇ ਨੇ’’ ਉਨ੍ਹਾਂ ਨੇ ਉਸੇ ਦਿਨ ਸ਼ੌਕੀ ਨੂੰ ਛੱਡ ਦਿੱਤਾ।
ਇਸ ਤਰ੍ਹਾਂ ਸ਼ੌਕੀ ਨੇ ਜੋੜੀ ਹੋਈ ਸਾਰੀ ਆਪਣੀ ਪੂੰਜੀ ਖ਼ਤਮ ਕਰ ਲਈ। ਕਿਤਾਬਾਂ
ਦਾ ਉਧਾਰ ਉਹ ਮੋੜ ਨਾ ਸਕਿਆ ਤੇ ਅਸੀਂ ਵੀ ਉਸਨੂੰ ਕਿਤਾਬਾਂ ਦੇਣੀਆਂ ਬੰਦ ਕਰ
ਦਿੱਤੀਆਂ ਇਸ ਤੋਂ ਬਾਅਦ ਉਹ ਮੁੜ ਕਿਤੇ ਵੀ ਮਜਮੇ ਲਾਉਂਦਾ ਨਜ਼ਰੀਂ ਨਾ ਆਇਆ। ਬਾਅਦ
ਵਿਚ ਉਸਦੇ ਕੁੱਝ ਰਿਸ਼ਤੇਦਾਰ ਮੈਨੂੰ ਮਿਲੇ ਉਨ੍ਹਾਂ ਨੇ ਦੱਸਿਆ ਕਿ ਸ਼ੌਕੀ ਨੂੰ
ਤਰਕਸ਼ੀਲਾਂ ਨਾਲ ਜੁੜਨ ਦਾ ਇੱਕ ਵੱਡਾ ਫਾਇਦਾ ਹੋਇਆ ਹੈ। ਹਨੂੰਮਾਨਗੜ੍ਹ ਵਿਖੇ ਇੱਕ
ਸੰਤ ਨੇ ਉਸਦੀ ਥਾਂ ਤੇ ਨਜਾਇਜ਼ ਕਬਜ਼ਾ ਕਰ ਰੱਖਿਆ ਸੀ। ਸ਼ੌਕੀ ਨੂੰ ਉਸਦੇ ਪਾਖੰਡਾਂ
ਦੀ ਸਮਝ ਪੈ ਗਈ ਸੀ ਤੇ ਉਸਨੇ ਉਸਨੂੰ ਆਪਣੀ ਜ਼ਮੀਨ ਵਿੱਚੋਂ ਭਜਾ ਦਿੱਤਾ ਹੈ।
ਮੇਘ ਰਾਜ ਮਿੱਤਰ
ਤਰਕਸ਼ੀਲ ਨਿਵਾਸ,
ਗਲੀ ਨੰ : 8, ਕੱਚਾ ਕਾਲਜ ਰੋਡ
ਬਰਨਾਲਾ (ਪੰਜਾਬ)
ਫੋਨ ਨੰ : 09888787440, 01679-241744 |