ਹਰੇਕ ਵਿਅਕਤੀ ਆਪਣੇ ਆਲੇ ਦੁਆਲੇ ਦਾ ਪ੍ਰਭਾਵ ਕਬੂਲਦਾ ਹੈ। ਇਹ ਪ੍ਰਭਾਵ ਚੰਗੇ ਵੀ
ਹੁੰਦੇ ਨੇ ਤੇ ਬੁਰੇ ਵੀ। ਇਹਨਾਂ ਵਿੱਚੋਂ ਕੁਝ ਲੰਬੇ ਸਮੇਂ ਲਈ ਪ੍ਰਭਾਵਿਤ ਕਰਦੇ ਹਨ
ਤੇ ਕੁਝ ਦਾ ਪ੍ਰਭਾਵ ਥੋੜ ਚਿਰਾ ਹੁੰਦਾ ਹੈ। ਥੋੜ੍ਹੀਆਂ ਜਿਹੀਆਂ ਉਦਾਹਰਣਾਂ ਇਸ ਗੱਲ
ਨੂੰ ਪੂਰੀ ਤਰ੍ਹਾਂ ਸਪੱਸ਼ਟ ਕਰ ਸਕਦੀਆਂ ਹਨ। ਪਹਿਲਾਂ ਆਪਾਂ ਚੰਗੇ ਪ੍ਰਭਾਵਾਂ ਦੀ
ਗੱਲ ਕਰ ਲਈਏ। ਅੱਜ ਤੋਂ ਪੰਦਰਾਂ ਕੁ ਸਾਲ ਪਹਿਲਾਂ ਲੁਧਿਆਣੇ ਜ਼ਿਲ੍ਹੇ ਦੇ ਪਿੰਡ
ਬੱਸੀਆਂ ਦੀ ਘਟਨਾ ਹੈ। ਉੱਥੋਂ ਦੇ ਸਰਕਾਰੀ ਹਸਪਤਾਲ ਦਾ ਡਾਕਟਰ ਹਰਜਿੰਦਰ ਸਾਡੀ
ਤਰਕਸ਼ੀਲ ਸੁਸਾਇਟੀ ਦਾ ਮੈਂਬਰ ਸੀ। ਉਸਨੇ ਮੈਨੂੰ ਫ਼ੋਨ ਕੀਤਾ ਤੇ ਕਿਹਾ, ‘‘ਮਿੱਤਰ
ਸਾਹਿਬ ਅੱਜ ਪਿੰਡ ਬੱਸੀਆਂ ਦੇ ਸਰਕਾਰੀ ਹਸਪਤਾਲ ਵਿੱਚ 20 ਕੁ ਨੌਜੁਆਨਾਂ ਨੂੰ ਇਕੱਠੇ
ਕਰਨ ਦਾ ਵਿਚਾਰ ਹੈ। ਤੁਸੀਂ ਆ ਜਾਣਾ, ਨਾਲੇ ਮੁੰਡਿਆਂ ਨਾਲ ਗੱਲਬਾਤ ਹੋ ਜਾਵੇਗੀ
ਨਾਲੇ ਕੁਝ ਕੇਸ ਵੀ ਠੀਕ ਕਰਨੇ ਹਨ।’’ ਨਿਸਚਿਤ ਮਿਤੀ, ਸਮੇਂ ਤੇ ਸਥਾਨ ਤੇ ਮੈਂ ਪੁੱਜ
ਗਿਆ। ਇਹ ਇਕੱਠ ਹਸਪਤਾਲ ਵਿੱਚ ਹੀ ਸੀ। ਉਸੇ ਸਮੇਂ ਉੱਥੇ ਇੱਕ ਟਰੱਕ ਬੈਕ ਕਰਵਾ ਕੇ
ਲੁਆ ਦਿੱਤਾ ਗਿਆ। ਕੁਝ ਨੌਜੁਆਨ ਹਸਪਤਾਲ ਵਿੱਚੋਂ ਸਟਰੈਚਰ ਲੈ ਆਏ। ਇੱਕ ਮਰੀਜ਼ ਨੂੰ
ਮੰਜੇ ਸਮੇਤ ਹੀ ਟਰੱਕ ਵਿੱਚੋਂ ਉਤਾਰ ਕੇ ਸਟਰੈਚਰ ਤੇ ਪਾ ਕੇ ਡਾਕਟਰ ਦੇ ਚੈੱਕ ਕਰਨ
ਵਾਲੇ ਕਮਰੇ ਵਿੱਚ ਲਿਜਾਇਆ ਗਿਆ। ਡਾਕਟਰ ਸਾਹਿਬ ਮੈਨੂੰ ਕਹਿਣ ਲੱਗੇ ਕਿ ‘‘ਇਸ
ਵਿਅਕਤੀ ਨੂੰ ਤੁਸੀਂ ਠੀਕ ਕਰਨਾ ਹੈ। ਇਸ ਨੂੰ ਪਿਛਲੇ ਪੰਦਰਾਂ ਸਾਲਾਂ ਤੋਂ ‘ਭੂਤਾਂ
ਪ੍ਰੇਤਾਂ’ ਨੇ ਮੰਜੇ ਨਾਲ ਹੀ ਜਕੜਿਆ ਹੋਇਆ ਹੈ।’’
ਪ੍ਰੀਵਾਰਕ ਮੈਂਬਰਾਂ ਅਤੇ ਸਬੰਧਿਤ ਵਿਅਕਤੀ ਤੋਂ ਹੀ ਕੁਝ ਹੋਰ ਜਾਣਕਾਰੀ ਲੈ ਕੇ
ਮੈਂ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ। ਜਿਵੇਂ ਹੁੰਦਾ ਹੈ ‘ਭੂਤਾਂ ਪ੍ਰੇਤਾਂ’
ਨਾਲ ਸਬੰਧਤ ਕੇਸਾਂ ਵਾਲੇ ਵਿਅਕਤੀ ਉਹਨਾਂ ਦੇ ਮਨਾਂ ਵਿੱਚ ਪੈਦਾ ਕੀਤੇ ਇਸ ਅੰਧ
ਵਿਸ਼ਵਾਸ ਕਾਰਨ ਹੀ ਮਾਨਸਿਕ ਪੱਖੋਂ ਬੀਮਾਰ ਹੁੰਦੇ ਹਨ। ਅਸੀਂ ਤਰਕਸ਼ੀਲ ਆਪਣੀਆਂ
ਦਲੀਲਾਂ ਨਾਲ ਉਹਨਾਂ ਦੇ ਮਨਾਂ ਵਿੱਚੋਂ ਇਹ ਅੰਧ ਵਿਸ਼ਵਾਸ ਖ਼ਤਮ ਕਰ ਦਿੰਦੇ ਹਾਂ ਅਤੇ
ਕੀ ਕਿਉਂ ਤੇ ਕਿਵੇਂ ਦੇ ਕਿੰਤੂ ਕਰਨ ਦੀ ਪ੍ਰਵਿਰਤੀ ਨੂੰ ਉਨ੍ਹਾਂ ਵਿੱਚ ਭਾਰੂ ਕਰ
ਦਿੰਦੇ ਹਾਂ। ਸਿੱਟੇ ਵਜੋਂ ਮਰੀਜ਼ ਠੀਕ ਹੋ ਜਾਂਦੇ ਹਨ। ਇਸ ਵਿਅਕਤੀ ਨਾਲ ਇੱਕ ਘੰਟੇ
ਲਈ ਗੱਲਬਾਤ ਕਰਕੇ ਮੈਂ ਉਸਨੂੰ ਕਿਹਾ, ‘‘ਹੁਣ ਤੂੰ ਪੂਰੀ ਤਰ੍ਹਾਂ ਠੀਕ ਹੋ ਚੁੱਕਿਆ
ਹੈ। ਹੁਣ ਤੂੰ ਹਸਪਤਾਲ ਦੇ ਸਟਰੈਚਰ ਤੋਂ ਖ਼ੁਦ ਹੀ ਉਤਰੇਂਗਾ ਅਤੇ ਪੈਦਲ ਚੱਲ ਕੇ
ਬਰਾਂਡੇ ਵਿੱਚ ਬੈਠੇ ਸਾਰੇ ਵਿਅਕਤੀਆਂ ਨੂੰ ਨਮਸਕਾਰ ਕਰਦਾ ਹੋਇਆ ਖ਼ੁਦ ਹੀ ਜਾ ਕੇ
ਟਰੱਕ ਤੇ ਚੜ੍ਹੇਗਾ।’’ ਠੀਕ ਇਸੇ ਤਰ੍ਹਾਂ ਹੀ ਹੋਇਆ ਉਸ ਸਮੇਂ ਹਾਜ਼ਰ 20-30 ਵਿਅਕਤੀ
ਮੇਰੇ ਦੁਆਰਾ ਕੀਤੀ ਗਈ ਇਸ ਗੱਲਬਾਤ ਨੂੰ ਹੀ ਇੱਕ ਕ੍ਰਿਸ਼ਮੇਂ ਦੇ ਰੂਪ ਵਿੱਚ ਵੇਖਣ
ਲੱਗ ਪਏ। ਉਸ ਤੋਂ ਬਾਅਦ ਇਹ ਵਿਅਕਤੀ ਸਾਡੀ ਸੰਸਥਾ ਦਾ ਮੈਂਬਰ ਬਣਿਆ ਅਤੇ ਆਲੇ ਦੁਆਲੇ
ਸਾਡੇ ਪ੍ਰੋਗਰਾਮਾਂ ਬਾਰੇ ਇਸਤਿਹਾਰ ਲਾਉਣ ਦੀ ਸੇਵਾ ਨਿਭਾਉਣ ਲੱਗ ਪਿਆ।
ਸੁਆਲਾਂ ਜੁਆਬਾਂ ਸਮੇਂ ਮੈਂ ਹਾਜ਼ਰ ਲੋਕਾਂ ਨੂੰ ਦੱਸਿਆ ਕਿ ਲੋਕਾਂ ਵੱਲੋਂ ਸੁਣਾਏ
‘ਭੂਤਾਂ ਪ੍ਰੇਤਾਂ’ ਦੇ ਕਿੱਸੇ ਕਿਵੇਂ ਸਧਾਰਣ ਵਿਅਕਤੀਆਂ ਨੂੰ ਅੰਧ-ਵਿਸ਼ਵਾਸਾਂ ਵਿੱਚ
ਜਕੜਵਾ ਦਿੰਦੇ ਹਨ ਤੇ ਅਜਿਹੀਆਂ ਹਾਲਤਾਂ ਵਿੱਚ ਤਰਕਸ਼ੀਲ ਦਲੀਲਬਾਜ਼ੀ ਹੀ ਇਨ੍ਹਾਂ
ਗੱਲਾਂ ਦਾ ਇੱਕੋ ਇੱਕ ਹੱਲ ਹੁੰਦੀ ਹੈ।
ਹਿੰਦੂਆਂ ਲਈ ਗੰਗਾਜਲ, ਮੁਸਲਮਾਨਾਂ ਲਈ ਪਵਿੱਤਰ ਕਾਬੇ ਨਾਲ ਛੁਆਹ ਕੇ ਲਿਆਂਦੇ
ਬਰਤਨ ਵਿਚਲਾ ਪਾਣੀ, ਈਸਾਈਆਂ ਲਈ ਈਸਾ ਮਸੀਹ ਦੀ ਦਾੜ੍ਹੀ ਦਾ ਇੱਕ ਵਾਲ, ਬੋਧੀਆਂ ਲਈ
ਦਲਾਈਲਾਮੇ ਦੀ ਲੈਟਰੀਨ ਦੀ ਇੱਕ ਗੋਲੀ, ਗਊ ਭਗਤਾਂ ਲਈ ਗਊ ਦਾ ਮੂਤਰ ਅਤੇ ਮੋਰਾਰ ਜੀ
ਡੀਸਾਈ ਲਈ ਆਪਣਾ ਮੂਤਰ ਸਾਰੇ ਇਸ ਤਰ੍ਹਾਂ ਦੀ ਭੂਮਿਕਾ ਹੀ ਨਿਭਾਉਂਦੇ ਰਹੇ ਨੇ।
ਇਨ੍ਹਾਂ ਗੱਲਾਂ ਵਿੱਚ ਦਲੀਲਾਂ ਕੋਈ ਕੰਮ ਨਹੀਂ ਕਰਦੀਆਂ। ਕੁਝ ਪੱਤਰਕਾਰਾਂ ਨੇ ਜਦੋਂ
ਮੋਰਾਰ ਜੀ ਡਿਸਾਈ ਨੂੰ ਇਹ ਸੁਆਲ ਕੀਤਾ ਸੀ ਕਿ ਤੁਸੀਂ ਜੋ ਪਿਸ਼ਾਬ ਪੀਂਦੇ ਹੋ ਉਹ
ਤੁਹਾਡੇ ਹੀ ਸਰੀਰ ਦੁਆਰਾ ਫਾਲਤੂ ਸਮਝ ਕੇ ਬਾਹਰ ਕੱਢਿਆ ਗਿਆ ਹੁੰਦਾ ਹੈ ਤੇ ਤੁਸੀਂ
ਉਹਨੂੰ ਦੁਆਰਾ ਉਸੇ ਸਰਕਲ ਵਿਚ ਪਾ ਦਿੰਦੇ ਹੋ ਤਾਂ ਇਸ ਦਾ ਉਹ ਕੋਈ ਵੀ ਤਸੱਲੀ ਬਖ਼ਸ਼
ਜੁਆਬ ਨਹੀਂ ਸੀ ਦੇ ਸਕਿਆ।
ਬੀਜ ਮੰਤਰਾਂ ਰਾਹੀਂ, ਖੰਭ ਲਾ ਕੇ, ਮਰੀਜ਼ਾਂ ਨੂੰ ਠੀਕ ਕਰਨ ਦੇ ਦਾਅਵੇ ਅੱਜ ਦੇ
ਨਹੀਂ ਸਗੋਂ ਸਦੀਆਂ ਪੁਰਾਣੇ ਹਨ। ਲੋਕਾਂ ਦੀਆਂ ਵੱਡੀਆਂ ਭੀੜਾਂ ਅਜਿਹੇ ਡੇਰਿਆਂ ਤੇ
ਇਕੱਠੀਆਂ ਹੁੰਦੀਆਂ ਬਹੁਤ ਸਾਰੇ ਵਿਅਕਤੀਆਂ ਨੇ ਵੇਖੀਆਂ ਹਨ। ਭਾਵੇਂ ਹਰਿਆਣੇ ਦੇ
ਜ਼ਿਲ੍ਹੇ ਹਿਸਾਰ ਦੇ ਇੱਕ ਪਿੰਡ ਦਾ ਬੱਚਾ ਜੋ ਖੰਭ ਲਾਉਂਦਾ ਸੀ ਹੋਵੇ, ਜਾਂ ਪੰਜਾਬ
ਦੇ ਪਿੰਡ ਗੰਗੇ ਜ਼ਿਲ੍ਹਾ ਬਠਿੰਡਾ ਦੀ ਕੋਈ ਬੁੱਢੀ ਮਾਈ ਦਾ ਧਾਗਾ ਹੋਵੇ, ਲਾਈ ਲੱਗਾਂ
ਦੀਆਂ ਵੱਡੀਆਂ ਭੀੜਾਂ ਤੁਰੰਤ ਅਜਿਹੇ ਸਥਾਨਾਂ ਤੇ ਪੁੱਜ ਜਾਂਦੀਆਂ ਹਨ।
ਅੱਜ ਤੋਂ ਲੱਗਭੱਗ ਪੰਦਰਾਂ ਕੁ ਸਾਲ ਪਹਿਲਾਂ ਇੱਥੇ ਈਸਾਈ ਪ੍ਰਚਾਰਕ ਆਉਂਦੇ ਸਨ।
ਉਹ ਪ੍ਰਾਰਥਨਾ ਰਾਹੀਂ ਲੋਕਾਂ ਨੂੰ ਠੀਕ ਕਰਨ ਦਾ ਵਿਸ਼ਵਾਸ ਦਿਵਾਉਂਦੇ ਸਨ। ਅਜਿਹੇ
ਸਥਾਨਾਂ ਤੇ ਲੰਗੜਿਆਂ ਦੀਆਂ ਫਹੁੜੀਆਂ, ਕਮਜ਼ੋਰ ਨਜ਼ਰ ਵਾਲਿਆਂ ਦੀਆਂ ਐਨਕਾਂ,
ਬੋਲਿਆਂ ਦੀਆਂ ਕੰਨ ਵਾਲੀਆਂ ਮਸ਼ੀਨਾਂ ਸਭ ਕੁਝ ਲੁਹਾ ਕੇ ਢੇਰ ਲਗਵਾ ਦਿੰਦੇ ਸਨ। ਪਰ
ਉਨ੍ਹਾਂ ਦੇ ਜਾਣ ਤੋਂ ਕੁਝ ਸਮੇਂ ਬਾਅਦ ਹੀ ਲੋਕ ਨਵੀਆਂ ਫਾਹੁੜੀਆਂ, ਐਨਕਾਂ ਤੇ
ਮਸ਼ੀਨਾਂ ਖ਼੍ਰੀਦਣ ਤੁਰ ਪੈਂਦੇ ਸਨ। ਜਿੱਥੇ ਕਿਤੇ ਵੀ ਅਸੀਂ ਤਰਕਸ਼ੀਲ ਉਨ੍ਹਾਂ ਦੇ
ਇਨ੍ਹਾਂ ਦਾਅਵਿਆਂ ਖਿਲਾਫ਼ ਪੈਂਫਲਟ ਵੰਡਦੇ ਉੱਥੋਂ ਉਹ ਭੱਜ ਨਿਕਲਦੇ।
ਇਹ ਪ੍ਰਭਾਵ ਸਿਰਫ਼ ਹਾਂ ਪੱਖੀ ਹੀ ਨਹੀਂ ਹੁੰਦੇ ਸਗੋਂ ਨਾਂਹ ਪੱਖੀ ਵੀ ਹੁੰਦੇ
ਹਨ। ਜਿਵੇਂ ਇਕ ਵਿਅਕਤੀ ਇਕ ਕਮਰੇ ਵਿੱਚ ਇਕੱਲਾ ਖੜ੍ਹ ਕੇ ਵਧੀਆ ਭਾਸ਼ਣ ਕਰ ਸਕਦਾ ਹੈ
ਪਰ ਜਦੋਂ ਉਸਨੂੰ ਲੋਕਾਂ ਦੀ ਹਾਜ਼ਰੀ ਵਿੱਚ ਸਟੇਜ ਤੇ ਜਾ ਕੇ ਭਾਸ਼ਣ ਕਰਨ ਲਈ ਕਿਹਾ
ਜਾਂਦਾ ਹੈ ਤਾਂ ਉਸਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਹਨ।
ਸਾਡੇ ਪਿੰਡ ਇੱਕ ਬਜ਼ੁਰਗ ਹੁੰਦਾ ਸੀ ਉਹ ਹਰ ਵੇਲੇ ਇੱਕ ਹੀ ਗੱਲ ਕਹਿੰਦਾ ਰਹਿੰਦਾ
ਸੀ, ‘‘ਹਾਏ ਰੱਬਾ ਮੈਨੂੰ ਮੁਆਫ਼ ਕਰੀਂ ਮੈਥੋਂ ਡੱਡ ਮਰ ਗਈ’’। ਮੈਂ ਆਪਣੀ ਮਾਤਾ ਜੀ
ਨੂੰ ਪੁੱਛਿਆ ਕਿ ਇਹ ਬਜ਼ੁਰਗ ਹਰ ਵੇਲੇ ਇਹ ਕਿਉਂ ਕਹਿੰਦਾ ਰਹਿੰਦਾ ਹੈ? ਤਾਂ ਮੇਰੇ
ਮਾਤਾ ਜੀ ਕਹਿਣ ਲੱਗੇ, ‘‘ਡੱਡ ਮਾਰਨਾ ਸਭ ਤੋਂ ਵੱਡਾ ਪਾਪ ਹੁੰਦਾ ਹੈ। ਇਸ ਬਜ਼ੁਰਗ
ਤੋਂ ਆਪਣੀ ਜੁਆਨੀ ਸਮੇਂ ਖੇਤ ਨੂੰ ਪਾਣੀ ਲਾਉਂਦਿਆਂ ਇੱਕ ਡੱਡ ਕਹੀ ਨਾਲ ਵੱਢੀ ਗਈ
ਸੀ। ਉਸ ਸਮੇਂ ਤੋਂ ਇਹ ਇਸ ਤਰ੍ਹਾਂ ਹੀ ਕਰਦਾ ਫਿਰਦਾ ਰਹਿੰਦਾ ਹੈ।’’ ਅਸਲ ਵਿੱਚ
ਪਿੰਡ ਵਿਚਲੇ ਬੰਦਿਆਂ ਜਾਂ ਪ੍ਰਚਾਰਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਸੁਣ ਕੇ ਇਸ
ਵਿਅਕਤੀ ਤੋਂ ਅਣਜਾਣੇ ਹੀ ਹੋਈ ਇੱਕ ਘਟਨਾ ਨੇ ਉਸਨੂੰ ਸਾਰੀ ਜ਼ਿੰਦਗੀ ਲਈ ਮਰੀਜ਼ ਬਣਾ
ਦਿੱਤਾ।
ਮੈਂ ਕਈ ਅਜਿਹੇ ਵਿਅਕਤੀਆਂ ਨੂੰ ਜਾਣਦਾਂ ਹਾਂ ਜਿਨ੍ਹਾਂ ਤੋਂ ਕਦੇ ਗੁਰਬਾਣੀ ਬਾਰੇ
ਕੋਈ ਘਟੀਆ ਗੱਲ ਮੂੰਹ ਵਿੱਚੋਂ ਨਿਕਲ ਗਈ ਸੀ ਤੇ ਉਹ ਰਹਿੰਦੀ ਜ਼ਿੰਦਗੀ ਇਸੇ ਦੇ
ਪਛਤਾਵੇ ਕਰਦੇ ਰਹੇ। ਮੇਰੇ ਕਾਲਜ ਸਮੇਂ ਦੀ ਗੱਲ ਹੈ ਕਿ ਲੱਗਭਗ ਤਿੰਨ ਕੁ ਵਜੇ ਇੱਕ
ਪ੍ਰੋਫੈਸਰ ਸਾਹਿਬ ਨੇ ਵੇਖਿਆ ਕਿ ਘੜੇ ਵਿੱਚ ਪਾਣੀ ਘੱਟ ਹੈ ਉਸਨੇ ਰਹਿੰਦੇ ਪਾਣੀ ਨੂੰ
ਕੱਢਣ ਲਈ ਘੜੇ ਨੂੰ ਜੱਗ ਵਿੱਚ ਉਲਟਾ ਲਿਆ ਤਾਂ ਵੇਖਿਆ ਕਿ ਉਸ ਵਿੱਚ ਇੱਕ ਮਰਿਆ ਹੋਇਆ
ਸੱਪ ਸੀ। ਬੱਸ ਫਿਰ ਕੀ ਸਾਰੇ ਹੀ ਪ੍ਰੋਫੈਸਰਾਂ ਨੂੰ ਵੇਖਾ ਵੇਖੀ ਉਲਟੀਆਂ ਲੱਗ ਗਈਆਂ।
ਕਈ ਵਾਰ ਬਹੁਤ ਸਾਰੇ ਲੋਕ ਇਕੱਠੇ ਹੀ ਮਾਨਸਿਕ ਪ੍ਰਭਾਵ ਦੇ ਸ਼ਿਕਾਰ ਹੋ ਜਾਂਦੇ
ਨੇ। ਵਿਗਿਆਨਕ ਭਾਸ਼ਾ ਵਿੱਚ ਇਸ ਵਰਤਾਰੇ ਨੂੰ ਮਾਸ ਹਿਸਟੀਰੀਆ ਕਿਹਾ ਜਾਂਦਾ
ਹੈ। ਹਰਿਆਣੇ ਦੇ ਸ਼ਹਿਰ ਟੋਹਾਣੇ ਨਜ਼ਦੀਕ ਇੱਕ ਕਸਬੇ ਜਮਾਲਪੁਰ ਸ਼ੇਖਾ ਵਿਖੇ ਸਾਰੇ
ਪਿੰਡ ਦੀਆਂ ਨੂੰਹਾਂ ਤੇ ਧੀਆਂ ਦੇ ਘਰੂਟ ਵੱਢੇ ਜਾਣੇ ਸ਼ੁਰੂ ਹੋ ਗਏ ਸਨ। ਬਹੁਤੇ
ਘਰਾਂ ਨੇ ਆਪਣੀਆਂ ਨੂੰਹਾਂ ਧੀਆਂ ਨੂੰ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਭੇਜ ਦਿੱਤਾ
ਸੀ। ਜਦੋਂ ਸਾਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਅਸੀਂ ਇਸ ਪਿੰਡ ਵਿੱਚ ਇੱਕ
ਤਰਕਸ਼ੀਲ ਮੇਲੇ ਦਾ ਪ੍ਰੋਗਰਾਮ ਆਯੋਜਿਤ ਕਰ ਦਿੱਤਾ। ਨਾਟਕਾਂ, ਭਾਸ਼ਣਾਂ, ਗੀਤਾਂ ਅਤੇ
ਜਾਦੂ ਦੇ ਟਰਿੱਕਾਂ ਰਾਹੀਂ ਅਸੀਂ ਲੋਕਾਂ ਨੂੰ ਜਚਾ ਦਿੱਤਾ ਕਿ ‘ਭੂਤਾਂ ਪ੍ਰੇਤਾਂ’ ਦੀ
ਕੋਈ ਹੋਂਦ ਹੀ ਨਹੀਂ ਹੁੰਦੀ। ਸਿੱਟੇ ਵਜੋਂ ਇਸ ਪਿੰਡ ਵਿੱਚ ਘਰੂਟ ਵੱਢੇ ਜਾਣੇ ਬੰਦ
ਹੋ ਗਏ।
2001 ਦੀ ਘਟਨਾ ਹੈ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਅਜਿਹੀ ਅਫ਼ਵਾਹ ਫ਼ੈਲੀ
ਕਿ ਸਮੁੱਚੀ ਦਿੱਲੀ ਦੀ ਰਾਤਾਂ ਦੀ ਨੀਂਦ ਖੰਭ ਲਾ ਕੇ ਉੱਡ ਗਈ। ਹਰੇਕ ਵਿਅਕਤੀ ਨੂੰ
ਸ਼ਰਾਰਤੀ ਬਾਂਦਰ ਹੀ ਨਜ਼ਰ ਆਉਣਾ ਸ਼ੁਰੂ ਹੋ ਗਿਆ। ਬਹੁਤ ਸਾਰੇ ਲੋਕ ਬਾਂਦਰ ਤੋਂ
ਡਰਦੇ ਕੋਠਿਆਂ ਤੋਂ ਛਾਲ ਮਾਰਨ ਲੱਗ ਪਏ। ਇਹ ਘਟਨਾ ਵੀ ਟੈਲੀਵਿਜ਼ਨ ਤੇ ਯੋਜਨਾਬੰਦ
ਢੰਗ ਨਾਲ ਕੀਤੇ ਪ੍ਰਚਾਰ ਸਦਕਾ ਖ਼ਤਮ ਹੋਈ।
ਹੁਣ ਗੱਲ ਇਹ ਪੈਦਾ ਹੁੰਦੀ ਹੈ ਬਾਬਾ ਰਾਮ ਦੇਵ ਲੋਕਾਂ ਤੇ ਮਾਨਸਿਕ ਪ੍ਰਭਾਵ
ਕਿਵੇਂ ਪਾਉਂਦਾ ਹੈ? ਅਸਲ ਵਿੱਚ ਰਾਮ ਦੇਵ ਨੂੰ ਬਾਬਾ ਰਾਮ ਦੇਵ ਬਣਾਉਣ ਵਿੱਚ
ਇਲੈਕਟ੍ਰਾਨਕ ਮੀਡੀਆ ਨੇ ਅਹਿਮ ਰੋਲ ਅਦਾ ਕੀਤਾ ਹੈ। ਜੇ ਇਹ ਕਹਿ ਲਿਆ
ਜਾਵੇ ਕਿ ਬਾਬਾ ਰਾਮ ਦੇਵ ਜੀ ਦੀ ਪੈਦਾਇਸ਼ ਹੀ ਟੈਲੀਵੀਜ਼ਨ ਚੈਨਲਾਂ
ਨੇ ਕੀਤੀ ਹੈ, ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਬਾਬਾ ਰਾਮ ਦੇਵ ਨੇ ਪਹਿਲਾਂ ਪਹਿਲ
ਮੀਡੀਆ ਨੂੰ ਕਰੋੜਾਂ ਰੁਪਏ ਦਿੱਤੇ ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਨਵੈਸਟ
ਕੀਤੇ ਹੁਣ ਉਹ ਇਸ ਇਨਵੈਸਟਮੈਂਟ ਨੂੰ ਕੈਸ਼ ਕਰਵਾ ਰਿਹਾ ਹੈ।
ਆਪਣੀਆਂ ਕਸਰਤਾਂ ਰਾਹੀਂ ਠੀਕ ਹੋਣ ਦਾ ਦਾਅਵਾ ਕਰਨ ਵਾਲੇ ਕੁਝ ਵਿਅਕਤੀਆਂ ਨੂੰ ਵਾਰ
ਵਾਰ ਟੈਲੀਵੀਜ਼ਨ ਕੈਮਰਿਆਂ ਦੇ ਮੂਹਰੇ ਕੀਤਾ ਜਾਂਦਾ ਹੈ। ਜੋ ਬਾਬੇ ਦੀ ਰੱਜ ਕੇ
ਪ੍ਰਸ਼ੰਸਾ ਕਰਦੇ ਹਨ ਤੇ ਦੱਸਦੇ ਹਨ ਕਿ ਬਾਬਾ ਰਾਮ ਦੇਵ ਨੇ ਕਿਵੇਂ ਉਨ੍ਹਾਂ ਨੂੰ ਇੱਕ
ਨਵੀਂ ਜ਼ਿੰਦਗੀ ਜਿਉਣੀ ਸਿਖਾਈ ਹੈ। ਜੇ ਬਾਬੇ ਦੁਆਰਾ ਠੀਕ ਹੋਣ ਦਾ ਦਾਅਵਾ ਕਰਨ ਵਾਲੇ
ਅਜਿਹੇ ਵਿਅਕਤੀਆਂ ਦੀ ਵਿਗਿਆਨਕ ਢੰਗ ਨਾਲ ਪਰਖ ਪੜਚੋਲ ਕੀਤੀ ਜਾਵੇ ਤਾਂ ਇਹਨਾਂ
ਵਿਚੋਂ ਬਹੁਤੇ ਦਾਅਵੇ ਫੇਲ੍ਹ ਹੋ ਜਾਣਗੇ। ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ
ਕਿ ਕਸਰਤ ਹਰੇਕ ਵਿਅਕਤੀ ਦੀ ਜ਼ਿੰਦਗੀ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਇਸ ਨਾਲ
ਛੋਟੀਆਂ ਮੋਟੀਆਂ ਬੀਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ। ਵਿਅਕਤੀਆਂ ਵਿੱਚ ਆਤਮ
ਵਿਸ਼ਵਾਸ ਵਧਦਾ ਹੈ। ਵਾਰ ਵਾਰ ਅਭਿਆਸ ਕਰਨ ਤੇ ਅੰਗਾਂ ਦੀ ਪਕੜ ਮਜ਼ਬੂਤ ਹੁੰਦੀ ਹੈ।
ਜਦੋਂ ਕੋਈ ਵਿਅਕਤੀ ਪ੍ਰਸਿੱਧੀ ਪ੍ਰਾਪਤ ਕਰ ਜਾਂਦਾ ਹੈ ਤਾਂ ਲੋਕਾਂ ਵਿੱਚ ਉਸ
ਦੁਆਰਾ ਪੈਦਾ ਕੀਤੀਆਂ ਹੋਈਆਂ ਵਸਤਾਂ ਦੀ ਮੰਗ ਵੀ ਵਧ ਜਾਂਦੀ ਹੈ। ਬਾਬੇ ਦੀਆਂ
ਸੀਡੀਆਂ, ਪੁਸਤਕਾਂ ਤੇ ਦਵਾਈਆਂ ਦੀ ਵਿੱਕਰੀ ਵਿੱਚ ਵਾਧਾ ਵੀ ਬਾਬੇ ਦੀ ਪ੍ਰਸਿੱਧੀ ਦਾ
ਕਾਰਨ ਹੈ। ਹੁਣ ਉਹ ਭਾਵੇਂ ਸੁਆਹ ਦੀਆਂ ਚੁਟਕੀਆਂ ਭਰ ਭਰ ਕੇ ਲੋਕਾਂ ਨੂੰ ਵੇਚੀ ਜਾਵੇ
ਲੋਕ ਉਹ ਵੀ ਖ੍ਰੀਦਣਗੇ।
ਬਾਬਾ ਰਾਮ ਦੇਵ ਦੁਆਰਾ ਵਧਾ ਚੜ੍ਹਾ ਕੇ ਠੀਕ ਕੀਤੀਆਂ ਬੀਮਾਰੀਆਂ ਦੇ ਦਾਅਵੇ ਸਾਡੇ
ਪੂਰੇ ਦੇਸ਼ ਦੇ ਲੋਕਾਂ ਲਈ ਨੁਕਸਾਨਦੇਹ ਹਨ। ਜਿਵੇਂ ਉਸ ਦੁਆਰਾ ਕੀਤਾ ਜਾ ਰਿਹਾ ਇਹ
ਦਾਅਵਾ ਕਿ ਉਹ ਏਡਜ਼, ਪੋਲੀਓ, ਖੂਨ ਦੇ ਕੈਂਸਰ, ਟੀ. ਬੀ., ਕੈਂਸਰ, ਸ਼ੂਗਰ, ਮਿਰਗੀ,
ਗੁਰਦਿਆਂ ਦੀਆਂ ਬੀਮਾਰੀਆਂ ਦੀ ਜੜ੍ਹ ਸਦਾ ਲਈ ਖ਼ਤਮ ਕਰ ਸਕਦਾ ਹੈ। ਬਿਲਕੁੱਲ ਹੀ
ਬੇਬੁਨਿਆਦ ਹੈ। ਅੱਜ ਤੋਂ ਪੰਜਾਹ ਕੁ ਵਰ੍ਹੇ ਪਹਿਲਾਂ ਟੀ. ਬੀ. ਦਾ ਕੋਈ ਇਲਾਜ ਨਹੀਂ
ਸੀ। ਜੇ ਕਸਰਤ ਨਾਲ ਹੀ ਟੀ. ਬੀ. ਨੇ ਠੀਕ ਹੋਣਾ ਹੁੰਦਾ ਤਾਂ ਇਹ ਪਹਿਲਵਾਨਾਂ ਜਾਂ
ਖਿਡਾਰੀਆਂ ਨੂੰ ਹੁੰਦੀ ਹੀ ਨਾ ਜੇ ਹੋ ਵੀ ਗਈ ਸੀ ਤਾਂ ਉਹ ਕਸਰਤ ਨਾਲ ਠੀਕ ਹੋ
ਜਾਂਦੇ। ਜੇ ਅੱਜ ਟੀ. ਬੀ. ਦਾ ਇਲਾਜ ਹੈ ਤਾਂ ਉਹ ਦਵਾਈ ਕਰਕੇ ਹੀ ਹੈ। ਹੁਣ ਜੇ ਧਰਤੀ
ਤੋਂ ਪੋਲੀਓ ਕਾਫ਼ੀ ਹੱਦ ਤੱਕ ਖ਼ਤਮ ਕਰ ਦਿੱਤਾ ਗਿਆ ਹੈ ਇਹ ਕੋਈ ਬਾਬੇ ਦੀਆਂ ਕਸਰਤਾਂ
ਨਾਲ ਖ਼ਤਮ ਨਹੀਂ ਹੋਇਆ। ਸਗੋਂ ਵਿਗਿਆਨਕ ਢੰਗ ਨਾਲ ਹੋਈ ਖੋਜ ਨੇ ਇਸ ਨੂੰ ਖ਼ਤਮ ਕੀਤਾ
ਹੈ। ਇਸ ਤਰ੍ਹਾਂ ਹੀ ਏਡਜ਼ ਨੇ ਬਾਬੇ ਦੀ ਕਸਰਤ ਰਾਹੀਂ ਖ਼ਤਮ ਨਹੀਂ ਹੋਣਾ, ਸਗੋਂ ਇਸ
ਦੀ ਖੋਜ ਪੜਤਾਲ ਵਿੱਚ ਲੱਗੇ ਵਿਗਿਆਨਕਾਂ ਦੇ ਯਤਨਾਂ ਨੇ ਹੀ ਇਸਦਾ ਖੁਰਾ ਖੋਜ ਸਦਾ ਲਈ
ਮਿਟਾਉਣਾ ਹੈ।
ਬਾਬਾ ਬੇਲੋੜਾ ਪ੍ਰਚਾਰ ਕਰਕੇ ਲੋਕਾਂ ਨੂੰ ਵਿਗਿਆਨਕ ਢੰਗ ਨਾਲ ਇਲਾਜ ਕਰਵਾਉਣ ਤੋਂ
ਰੋਕਦਾ ਹੀ ਨਹੀਂ ਸਗੋਂ ਉਹਨਾਂ ਨੂੰ ਇਲਾਜ਼ ਸ਼ੁਰੂ ਕਰਨ ਵਿੱਚ ਵੀ ਦੇਰੀ ਕਰਵਾਉਂਦਾ
ਹੈ ਜਿਸ ਨਾਲ ਲੋਕਾਂ ਦੀ ਮਰਜ਼ ਦੀ ਸਥਿਤੀ ਬੇਕਾਬੂ ਹੋ ਜਾਂਦੀ ਹੈ।
ਲੋਕਾਂ ਨੂੰ ਇਹ ਗੱਲ ਵੀ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਵਿਗਿਆਨਕਾਂ ਦੁਆਰਾ
ਪੈਦਾ ਕੀਤੀਆਂ ਦਵਾਈਆਂ ਦੀ ਪਰਖ ਕਿਵੇਂ ਹੁੰਦੀ ਹੈ। ਪਹਿਲਾਂ ਉਸ ਦਵਾਈ ਦੀ ਰਸਾਇਣਕ
ਪਰਖ ਹੁੰਦੀ ਹੈ। ਜਿਸਦਾ ਮਤਲਬ ਹੈ ਕਿ ਕਿਹੜਾ ਸੂਖ਼ਮ ਜੀਵ ਬੀਮਾਰੀ ਨੂੰ ਪੈਦਾ ਕਰਦਾ
ਹੈ ਉਸਦੀ ਰਸਾਇਣਕ ਬਣਤਰ ਕੀ ਹੈ। ਕਿਹੜਾ ਰਸਾਇਣ ਉਸ ਨੂੰ ਮਾਰਦਾ ਹੈ ਤੇ ਮਾਰਨ ਤੋਂ
ਬਾਅਦ ਕਿਹੜੇ ਰਸਾਇਣਕ ਪਦਾਰਥ ਪੈਦਾ ਹੁੰਦੇ ਹਨ ਤੇ ਉਹਨਾਂ ਦਾ ਸਰੀਰ ਤੇ ਕੀ ਪ੍ਰਭਾਵ
ਹੁੰਦਾ ਹੈ? ਇਹ ਸਾਰੀਆਂ ਗੱਲਾਂ ਦੀ ਪੜਚੋਲ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਬਣਾਈ
ਗਈ ਦਵਾਈ ਦੀ ਪਰਖ ਚੂਹਿਆਂ ਤੇ ਕੀਤੀ ਜਾਂਦੀ ਹੈ ਕਿਉਂਕਿ ਚੂਹੇ, ਬਾਂਦਰਾਂ ਦੇ ਵੱਡੇ
ਵਡੇਰੇ ਹਨ ਤੇ ਬਾਂਦਰ ਸਾਡੇ। ਇਸ ਤੋਂ ਬਾਅਦ ਇਸ ਦਵਾਈ ਦੀ ਪਰਖ ਬਾਂਦਰਾਂ ਤੇ ਹੁੰਦੀ
ਹੈ। ਇਹਨਾਂ ਪਰਖਾਂ ਵਿੱਚ ਸਫ਼ਲ ਹੋਣ ਤਾਂ ਬਾਅਦ ਹੀ ਦਵਾਈ ਦੇ ਚੰਗੇ ਤੇ ਬੁਰੇ ਅਸਰ
ਮਨੁੱਖਾਂ ਦੇ ਗਰੁੱਪ ਤੇ ਵੇਖੇ ਜਾਂਦੇ ਹਨ। ਇੱਥੇ ਹੀ ਬੱਸ ਨਹੀਂ ਕਈ ਦਵਾਈਆਂ ਇਸ ਪਰਖ
ਤੋਂ ਬਾਅਦ ਮਾਰਕੀਟ ਵਿੱਚ 20-30 ਵਰ੍ਹੇ ਮਿਲਦੀਆਂ ਰਹਿੰਦੀਆਂ ਹਨ
ਉਸਤੋਂ ਬਾਅਦ ਵੀ ਉਨ੍ਹਾਂ ਤੇ ਪਰਖ ਚਲਦੀ ਰਹਿੰਦੀ ਹੈ ਤੇ ਸੈਂਕੜੇ ਦਵਾਈਆਂ ਤੁਹਾਨੂੰ
ਅਜਿਹੀ ਮਿਲਣਗੀਆਂ ਜਿਹੜੀਆਂ ਇਸ ਤੋਂ ਬਾਅਦ ਵੀ ਮਾਰਕੀਟ ਵਿੱਚ ਹਟਾ ਲਈਆਂ
ਜਾਂਦੀਆਂ ਹਨ। ਐਂਟਰੋਵਾਇਆਫਾਰਮ ਇਸ ਦੀ ਇੱਕ ਉਦਾਹਰਣ ਹੈ ਜੋ ਅੱਜ
ਤੋਂ 30 ਕੁ ਵਰ੍ਹੇ ਪਹਿਲਾਂ ਇਹ ਮਾਰਕੀਟ ਵਿੱਚ ਵੱਡੇ ਪੱਥਰ ਤੇ ਉਪਲਬਧ ਸੀ।
ਆਮ ਤੌਰ ਤੇ ਟੱਟੀਆਂ ਦੇ ਮਰੀਜ਼ ਇਸ ਦੀ ਵਰਤੋਂ ਕਰਦੇ ਸਨ। ਪਰ ਅੱਜ ਕੱਲ੍ਹ ਇਹ
ਮਾਰਕੀਟ ਵਿੱਚੋਂ ਵਾਪਸ ਲੈ ਲਈ ਗਈ ਹੈ। ਇਹਨਾਂ ਐਲੋਪੈਥਕ
ਦਵਾਈਆਂ ਦੇ ਉਪਯੋਗ ਨਾਲ ਸੈਂਕੜੇ ਅਜਿਹੀਆਂ ਬੀਮਾਰੀਆਂ ਮੈਂ ਗਿਣਾ ਸਕਦਾ ਹਾਂ
ਜਿਹੜੀਆਂ ਦੇ ਮਰੀਜ਼ ਹੁਣ ਨਹੀਂ ਮਿਲਦੇ ਕਿਉਂਕਿ ਇਹਨਾਂ ਦੇ ਟੀਕੇ ਬਚਪਨ ਵਿੱਚ ਹੀ ਲਾ
ਦਿੱਤੇ ਜਾਂਦੇ ਹਨ ਤੇ ਬਹੁਤ ਸਾਰੀਆਂ ਅਜਿਹੀਆਂ ਬੀਮਾਰੀਆਂ ਹਨ ਜਿਨ੍ਹਾਂ ਦਾ
ਵਿਗਿਆਨਕਾਂ ਪਾਸ ਸ਼ਰਤੀਆ ਇਲਾਜ ਹੈ।
ਬਾਬੇ ਦੀ ਦਵਾਈਆਂ ਦੀਆਂ ਪਰਖਾਂ ਹੀ ਨਾ ਤਾਂ ਇਸ ਢੰਗ ਨਾਲ ਹੁੰਦੀਆਂ ਹਨ ਤੇ ਨਾ
ਹੀ ਬਾਬੇ ਨੇ ਕਿਸੇ ਬਿਮਾਰੀ ਨੂੰ ਸਦਾ ਲਈ ਖ਼ਤਮ ਕਰਨ ਦੇ ਦਾਅਵੇ ਹੀ ਪ੍ਰਯੋਗਕ
ਪ੍ਰੀਖਣਾਂ ਲਈ ਪੇਸ਼ ਕੀਤੇ ਹਨ। ਇਸ ਲਈ ਬਾਬੇ ਦੀ ਕੋਈ ਦਵਾਈ ਵਰਤਣ ਤੋਂ ਪਹਿਲਾਂ
ਤੁਹਾਨੂੰ ਜ਼ਰੂਰ ਚੌਕਸ ਹੋਣ ਦੀ ਲੋੜ ਹੈ।
ਅੰਤ ਵਿੱਚ ਮੈਂ ਬਾਬੇ ਨੂੰ ਏਡਜ ਦੇ ਦਸ ਮਰੀਜ਼ ਪੇਸ਼ ਕਰਨ ਨੂੰ ਤਿਆਰ
ਹਾਂ ਉਹ ਬਾਬੇ ਦੁਆਰਾ ਦਿੱਤੀਆਂ ਦਵਾਈਆਂ ਤੇ ਨਸੀਹਤਾਂ ਦਾ ਇਸਤੇਮਾਲ ਬਾਬੇ ਦੇ ਕਿਸੇ
ਚੇਲੇ ਦੀ ਨਿਗਰਾਨੀ ਵਿੱਚ ਕਰਨ ਲਈ ਪਾਬੰਦ ਹੋਣਗੇ। ਜੇ ਤਿੰਨ ਮਹੀਨੇ ਦੇ ਸਮੇਂ ਵਿੱਚ
ਉਹ ਦਸਾਂ ਵਿੱਚੋਂ ਨੌਂ ਮਰੀਜ਼ਾਂ ਨੂੰ ਠੀਕ ਕਰ ਦੇਣਗੇ ਤਾਂ ਮੈਂ ਉਨ੍ਹਾਂ ਨੂੰ 25
ਲੱਖ ਰੁਪਏ ਦਾ ਇਨਾਮ ਦੇਣ ਦਾ ਪਾਬੰਦ ਹੋਵਾਂਗਾ।
ਮੇਘ ਰਾਜ ਮਿੱਤਰ
ਸੰਸਥਾਪਕ ਤਰਕਸ਼ੀਲ ਸੁਸਾਇਟੀ
ਤਰਕਸ਼ੀਲ ਨਿਵਾਸ, ਗਲੀ ਨੰ : 8
ਕੱਚਾ ਕਾਲਜ ਰੋਡ (ਬਰਨਾਲਾ) |