ਮੈਂ ਬਰਨਾਲੇ ਦੇ ਚਿੰਟੂ ਪਾਰਕ ਵਿਚ ਸੈਰ ਕਰਨ ਗਿਆ ਹੋਇਆ ਸਾਂ। ਫ਼ੋਨ ਦੀ
ਘੰਟੀ ਵੱਜੀ, ‘‘ਅੰਕਲ ਮੈਂ ਰਾਜਪੁਰੇ ਤੋਂ ਬੋਲ ਰਹੀ ਹਾਂ। ਮੈਂ ਇੱਕ ਲੜਕੇ ਨੂੰ
ਪਿਆਰ ਕਰਦੀ ਹਾਂ ਅਤੇ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹਾਂ। ਮੇਰੇ ’ਤੇ
ਉਸਦੇ ਪਰਿਵਾਰ ਵਾਲੇ ਬੜੀ ਮੁਸ਼ਕਲ ਨਾਲ ਤਿਆਰ ਹੋਏ ਹਨ। ਪਰ ਹੁਣ ਇੱਕ ਹੋਰ ਹੀ
ਰੰਗ ਵਿਚ ਭੰਗ ਪੈ ਗਿਆ ਹੈ। ਜਨਮ ਕੁੰਡਲੀਆਂ ਮਿਲਾਉਣ ਲਈ ਮੈਂ ਇੱਕ ਪ੍ਰਸਿੱਧ
ਜੋਤਸ਼ੀ ਕੋਲ ਗਈ ਤਾਂ ਉਸ ਨੇ ਕਹਿ ਦਿੱਤਾ ਹੈ ਕਿ ਮੈਂ ਮੰਗਲੀਕ ਹਾਂ। ਹੁਣ ਦੱਸੋ
ਮੈਂ ਕੀ ਕਰਾਂ?’’ ਖ਼ੈਰ ਜਿਵੇਂ ਹੁੰਦਾ ਹੈ ਕਾਫ਼ੀ ਲੰਬੀ ਗੱਲਬਾਤ ਤੋਂ ਬਾਅਦ ਮੈਂ
ਕਿਵੇਂ ਨਾ ਕਿਵੇਂ ਉਸਦੇ ਦਿਮਾਗ਼ ਦੀ ਸਫ਼ਾਈ ਕੀਤੀ ਤੇ ਉਸਨੂੰ ਮੰਗਲੀਕ ਹੋਣ ਦੇ
ਵਹਿਮ ਵਿਚੋਂ ਬਾਹਰ ਕੱਢਿਆ। ਜੋਤਿਸ਼ ਬਾਰੇ ਇਹ ਮੈਨੂੰ ਕੋਈ ਪਹਿਲੀ ਕਾਲ ਨਹੀਂ ਸੀ
ਆਈ। ਤਰਕਸ਼ੀਲ ਲਹਿਰ ਦੇ ਇਤਿਹਾਸ ਦੇ ਪਿਛਲੇ 31 ਵਰਿਆਂ ਵਿਚ ਹਜ਼ਾਰਾਂ ਵਿਅਕਤੀ
ਚਿੱਠੀਆਂ, ਫ਼ੋਨਾਂ ਰਾਹੀਂ ਅਤੇ ਨਿਜੀ ਤੌਰ ’ਤੇ ਮਿਲਕੇ ਵੀ ਇਸ ਵਿਸ਼ੇ ’ਤੇ
ਗੱਲਬਾਤ ਕਰ ਚੁੱਕੇ ਹਨ ਅਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ।
ਮੈਂ ਭਵਿੱਖਬਾਣੀਆਂ ਵਿਚ ਯਕੀਨ ਕਰਦਾ ਹਾਂ
ਜੇ ਤੁਸੀਂ ਮੈਨੂੰ ਪੁੱਛੋ ਕਿ ਕੀ ਮੈਂ ਭਵਿੱਖਬਾਣੀਆਂ ਵਿਚ ਯਕੀਨ ਨਹੀਂ ਕਰਦਾ ਹਾਂ?
ਮੇਰਾ ਜੁਆਬ ‘ਹਾਂ’ ਵਿਚ ਹੋਵੇਗਾ। ਮੈਂ ਉਨਾਂ ਭਵਿੱਖਬਾਣੀਆਂ ਵਿਚ ਯਕੀਨ ਕਰਦਾ ਹਾਂ,
ਜਿਨਾਂ ਦਾ ਆਧਾਰ ਵਿਗਿਆਨਕ ਹੁੰਦਾ ਹੈ। ਮੈਂ ਅਧਿਆਪਕ ਰਿਹਾ ਹਾਂ, ਮੈਂ ਦੱਸ ਸਕਦਾ
ਸਾਂ ਕਿ ਮੇਰਾ ਕਿਹੜਾ ਵਿਦਿਆਰਥੀ ਜਮਾਤ ਵਿੱਚੋਂ ਪਹਿਲੇ ਨੰਬਰ ’ਤੇ ਆਵੇਗਾ ਅਤੇ
ਕਿੰਨੇ ਵਿਦਿਆਰਥੀ ਪਾਸ ਹੋਣਗੇ। ਮੈਂ ਉਨਾਂ ਦੇ ਟੈਸਟ ਲਏ ਸਨ ਅਤੇ ਉਨਾਂ ਦੇ ਪੇਪਰ
ਮਾਰਕ ਕੀਤੇ ਸਨ, ਜਿਨਾਂ ਦੇ ਆਧਾਰ ’ਤੇ ਮੈਂ ਉਨਾਂ ਦੀ ਪ੍ਰੀਖਿਆ ਵਿਚੋਂ ਕਾਰਗੁਜ਼ਾਰੀ
ਦੀ ਭਵਿੱਖ ਬਾਣੀ ਕਰ ਸਕਦਾ ਸਾਂ। ਇੱਕ ਮੌਸਮ ਵਿਗਿਆਨੀ ਬੱਦਲਾਂ ਦੀ ਦਿਸ਼ਾ, ਸੰਘਣਤਾ,
ਦਬਾਓ ਅਤੇ ਤਾਪਮਾਨ ਦਾ ਮਾਪ ਕਰਕੇ ਦੱਸ ਸਕਦਾ ਹੈ ਕਿ ਅਗਲੇ ਕੁੱਝ ਦਿਨਾਂ ਵਿਚ ਕਿਸੇ
ਇਲਾਕੇ ਵਿਚ ਬਰਸਾਤ ਹੋਣ ਦੀ ਸੰਭਾਵਨਾ ਹੈ ਜਾਂ ਨਹੀਂ।
ਇੱਕ ਇੰਜੀਨੀਅਰ ਇਹ ਦੱਸ ਸਕਦਾ ਹੈ ਕਿ ਉਸਦੀ ਕਾਰ ਇੱਕ ਲੀਟਰ ਪੈਟਰੋਲ ਵਿਚ
ਅੰਦਾਜ਼ਨ ਕਿੰਨੀ ਦੂਰੀ ਤੈਅ ਕਰੇਗੀ ਅਤੇ ਉਸਦਾ ਇੰਜਣ ਬਗ਼ੈਰ ਖੁੱਲੇ ਤੋਂ ਕਿੰਨੇ ਲੱਖ
ਕਿਲੋਮੀਟਰ ਦਾ ਸਫ਼ਰ ਕਰ ਸਕੇਗਾ।
ਇੱਕ ਅੰਕੜਾ ਵਿਗਿਆਨੀ ਇਹ ਦੱਸ ਸਕੇਗਾ ਕਿ ਭਾਰਤ ਦੇ ਇੱਕ ਅਰਬ ਚਾਲੀ ਕਰੋੜ ਲੋਕਾਂ
ਲਈ ਆਉਣ ਵਾਲੇ ਸਾਲ ਵਿੱਚ ਕਿੰਨੇ ਅੰਨ ਦੀ ਜ਼ਰੂਰਤ ਪਵੇਗੀ ਅਤੇ ਦੇਸ਼ ਦੇ ਅੰਨ ਭੰਡਾਰਾਂ
ਦੀ ਸਥਿਤੀ ਵੇਖ ਕੇ ਉਹ ਵੀ ਦੱਸ ਸਕਦਾ ਹੈ ਕਿ ਕਿੰਨੇ ਭਾਰਤਵਾਸੀ, ਕਿੰਨੀਆਂ ਰਾਤਾਂ
ਭੁੱਖੇ ਢਿੱਡਾਂ ਨਾਲ ਸੌਣ ਦਾ ਯਤਨ ਕਰਨਗੇ?
ਇਸ ਲਈ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਭਵਿੱਖ ਬਾਣੀਆਂ ਕਰਨਾ ਸੰਭਵ
ਹੈ, ਪਰ ਭਵਿੱਖਬਾਣੀਆਂ ਕਰਨ ਦਾ ਆਧਾਰ ਵਿਗਿਆਨਕ ਹੋਣਾ ਬਹੁਤ ਜ਼ਰੂਰੀ ਹੈ। ਜੇ ਕਿਸੇ
ਗੱਲ ਦਾ ਆਧਾਰ ਵਿਗਿਆਨਕ ਨਹੀਂ ਤਾਂ ਉਸ ਆਧਾਰ ’ਤੇ ਕੀਤੀਆਂ ਭਵਿੱਖ ਬਾਣੀਆਂ ਵੀ ਸਹੀ
ਨਹੀਂ ਹੋ ਸਕਦੀਆਂ।
ਜੋਤਿਸ਼ ਗ਼ੈਰ ਵਿਗਿਆਨਕ ਕਿਵੇਂ?
ਜੋਤਿਸ਼ ਵਿਦਿਆ ਦਾ ਆਧਾਰ ਬਿਲਕੁਲ ਹੀ ਗ਼ੈਰ-ਵਿਗਿਆਨਕ ਹੈ। ਇਸ ਲਈ ਜੋਤਿਸ਼ ਦੀਆਂ
ਭਵਿੱਖਬਾਣੀਆਂ ਬਿਲਕੁਲ ਹੀ ਗ਼ਲਤ ਹੁੰਦੀਆਂ ਹਨ। ਹੁਣ ਤੁਸੀਂ ਜਾਨਣਾ ਚਾਹੋਗੇ ਕਿ
ਜੋਤਿਸ਼ ਦਾ ਆਧਾਰ ਗ਼ੈਰ-ਵਿਗਿਆਨਕ ਕਿਵੇਂ ਹੈ?
ਜੋਤਿਸ਼ ਦੇ ਗ੍ਰੰਥਾਂ ਦੀ ਰਚਨਾ ਲਗਭਗ ਇੱਕ ਹਜ਼ਾਰ ਸਾਲ ਪਹਿਲਾਂ ਹੋਈ ਹੈ। ਇਨਾਂ
ਗ੍ਰੰਥਾਂ ਦੇ ਰਚਨਹਾਰੇ ਬੁੱਧੀਮਾਨ ਵਿਅਕਤੀ ਸਨ ਅਤੇ ਸਾਨੂੰ ਭਾਰਤ ਵਾਸੀਆਂ ਨੂੰ ਉਨਾਂ
’ਤੇ ਮਾਣ ਹੈ, ਪਰ ਉਸ ਸਮੇਂ ਵਿਗਿਆਨਕ ਜਾਣਕਾਰੀ ਤੇ ਉਪਕਰਨ ਹੀ ਉਪਲਬਧ ਨਹੀਂ ਸਨ। ਇਸ
ਲਈ ਉਨਾਂ ਨੇ ਜੋ ਵੀ ਅੰਦਾਜ਼ੇ ਲਗਾਏ, ਉਹ ਠੀਕ ਹੋ ਹੀ ਨਹੀਂ ਸਕਦੇ ਸਨ, ਕਿਉਂਕਿ
ਦੂਰਬੀਨ ਦੀ ਖੋਜ ਨੂੰ ਤਾਂ ਅਜੇ ਪੰਜ ਸੌ ਵਰੇ ਵੀ ਨਹੀਂ ਹੋਏ।
ਜੋਤਿਸ਼ ਦੇ ਗ੍ਰਹਿ ਤੇ ਵਿਗਿਆਨ ਦੇ ਗ੍ਰਹਿ
ਜੋਤਿਸ਼ੀਆਂ ਅਨੁਸਾਰ ਤਾਂ ਸੂਰਜ, ਬੁੱਧ, ਸ਼ੁੱਕਰ, ਮੰਗਲ, ਬ੍ਰਹਿਸਪਤੀ, ਸ਼ਨੀ ਅਤੇ ਚੰਨ
ਸੱਤ ਗ੍ਰਹਿ ਹਨ। ਇਹ ਸਾਰੇ ਧਰਤੀ ਦੁਆਲੇ ਚੱਕਰ ਲਾ ਰਹੇ ਹਨ, ਪਰ ਅਸਲੀਅਤ ਇਹ ਨਹੀਂ,
ਸਗੋਂ ਇਹ ਹੈ ਕਿ ਚੰਦ ਤੋਂ ਬਗ਼ੈਰ ਧਰਤੀ ਸਮੇਤ ਸਾਰੇ ਗ੍ਰਹਿ ਸੂਰਜ ਦੁਆਲੇ ਚੱਕਰ ਲਾ
ਰਹੇ ਹਨ। ਦੂਸਰੀ ਗੱਲ ਜੋਤਸ਼ੀਆਂ ਅਨੁਸਾਰ ਸੂਰਜ ਇੱਕ ਗ੍ਰਹਿ ਹੈ, ਪਰ ਅੱਜ ਪੰਜਵੀਂ
ਜਮਾਤ ਦਾ ਵਿਦਿਆਰਥੀ ਜਾਣਦਾ ਹੈ ਕਿ ਸੂਰਜ ਇੱਕ ਗ੍ਰਹਿ ਨਹੀਂ, ਸਗੋਂ ਇੱਕ ਤਾਰਾ ਹੈ।
ਇਸੇ ਤਰਾਂ ਜੋਤਿਸ਼ੀ ਚੰਦਰਮਾ ਨੂੰ ਵੀ ਇੱਕ ਗ੍ਰਹਿ ਮੰਨ ਕੇ ਤੁਰਦੇ ਹਨ, ਪਰ ਵਿਗਿਆਨ
ਅਨੁਸਾਰ ਤਾਂ ਚੰਦਰਮਾ ਇੱਕ ਉਪਗ੍ਰਹਿ ਹੈ, ਜੋ ਧਰਤੀ ਦੁਆਲੇ ਚੱਕਰ ਲਾਉਂਦਾ ਹੈ।
ਰਾਹੂ ਕੇਤੂ
ਅਗਲੀ ਗੱਲ ਜੋ ਜੋਤਸ਼ੀਆਂ ਦੀ ਗ਼ਲਤ ਹੈ, ਉਹ ਰਾਹੂ ਤੇ ਕੇਤੂ ਦੀ ਹੈ, ਜਿਸਨੂੰ ਉਹ
ਕਹਿੰਦੇ ਹਨ ਕਿ ਇਹ ਗ੍ਰਹਿ ਮਨੁੱਖ ਦੀ ਕਿਸਮਤ ’ਤੇ ਮਾੜਾ ਅਸਰ ਪਾਉਂਦੇ ਹਨ। ਮੈਂ ਤੀਹ
ਸਾਲ ਸਾਇੰਸ ਪੜਾਉਂਦਾ ਰਿਹਾ ਹਾਂ, ਪਰ ਰਾਹੂ ਤੇ ਕੇਤੂ ਕਿਤੇ ਵੀ ਵਿਗਿਆਨ ਦੇ 9
ਗ੍ਰਹਿਆਂ ਦੀ ਸੂਚੀ ਵਿਚ ਸ਼ਾਮਿਲ ਹੀ ਨਹੀਂ ਹਨ। ਜਦੋਂ ਜੋਤਿਸ਼ੀਆਂ ਨਾਲ ਇਸ ਵਿਸ਼ੇ ’ਤੇ
ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਰਾਹੂ ਤੇ ਕੇਤੂ ਸਾਡੇ ਕਾਲਪਨਿਕ ਗ੍ਰਹਿ ਹਨ।
ਇਸ ਲਈ ਇਨਾਂ ਦੀ ਹੋਂਦ ਤਾਂ ਹੈ ਹੀ ਨਹੀਂ। ਫਿਰ ਇਹ ਮਾੜਾ ਪ੍ਰਭਾਵ ਕਿਵੇਂ ਪਾਉਣਗੇ?
ਗ੍ਰਹਿ, ਜੋ ਨਵੇਂ ਲੱਭੇ ਗਏ
ਇਸੇ ਤਰਾਂ ਜਦੋਂ 1781 ਵਿੱਚ ਯੁਰੇਨਸ ਦੀ ਖੋਜ ਹੋਈ ਤਾਂ ਜੋਤਿਸ਼ੀਆਂ ਦੀ ਪੁਜ਼ੀਸ਼ਨ ਬੜੀ
ਹਾਸੋਹੀਣੀ ਹੋ ਗਈ। ਕੁੱਝ ਚਲਾਕ ਜੋਤਿਸ਼ੀਆਂ ਨੇ ਇਸ ਨੂੰ ਆਪਣੀਆਂ ਕਿਤਾਬਾਂ ਵਿਚ
ਸ਼ਾਮਿਲ ਕਰ ਲਿਆ। ਫਿਰ 1846 ਵਿਚ ਵਿਗਿਆਨੀਆਂ ਨੂੰ ਨੈਪਚੂਨ ਦੇ ਦਰਸ਼ਨ ਹੋ ਗਏ,
ਜੋਤਿਸ਼ੀਆਂ ਨੂੰ ਫਿਰ ਆਪਣੀਆਂ ਕਿਤਾਬਾਂ ਬਦਲਣੀਆਂ ਪੈ ਗਈਆਂ। 1930 ਵਿਚ ਵਿਗਿਆਨਕੀਆਂ
ਨੂੰ ਪਲੂਟੋ ਮਿਲ ਗਿਆ। ਕਿਵੇਂ ਨਾ ਕਿਵੇਂ ਕਰਕੇ ਜੋਤਿਸ਼ੀਆਂ ਨੇ ਇਸ ਨੂੰ ਵੀ ਆਪਣੀਆਂ
ਕਿਤਾਬਾਂ ਵਿਚ ਦਰਸਾਉਣਾ ਸ਼ੁਰੂ ਕਰ ਦਿੱਤਾ। 2005 ਵਿਚ ਵਿਗਿਆਨਕੀਆਂ ਨੇ ਪਲੂਟੋ ਦੇ
ਗੁਣਾਂ ਦਾ ਅਧਿਐਨ ਕੀਤਾ ਤਾਂ ਉਹ ਬਾਕੀ ਗ੍ਰਹਿਆਂ ਨਾਲੋਂ ਕੁੱਝ ਵੱਖਰੇ ਸਨ। ਇਸ ਲਈ
ਹੁਣ ਉਹਨਾਂ ਨੇ ਪਲੂਟੋ ਤੋਂ ਨੌਵੇਂ ਗ੍ਰਹਿ ਹੋਣ ਦਾ ਦਰਜਾ ਹੀ ਨਹੀਂ ਖੋਹਿਆ, ਸਗੋਂ
ਉਸ ਨੂੰ ਉਸਦੇ ਨਜ਼ਦੀਕੀ ਕੁੱਝ ਹੋਰ ਸਮਾਨ ਗੁਣਾਂ ਵਾਲੇ ਆਕਾਸ਼ੀ ਪਿੰਡਾਂ ਦੀ ਇੱਕ ਲੜੀ
ਵਿਚ ਸ਼ਾਮਿਲ ਕਰ ਦਿੱਤਾ ਗਿਆ ਹੈ।
ਇਸ ਤਰਾਂ ਵਿਗਿਆਨਕ ਜਾਣਕਾਰੀਆਂ ਵਿਚ ਤਬਦੀਲੀਆਂ ਹੁੰਦੀਆਂ ਹੀ ਰਹਿੰਦੀਆਂ ਹਨ, ਪਰ
ਜੋਤਿਸ਼ੀਆਂ ਨੇ ਤਾਂ ਆਪਣੇ ਗਿਆਨ ਦਾ ਆਧਾਰ ਪ੍ਰਾਚੀਨ ਗ੍ਰੰਥਾਂ ਨੂੰ ਬਣਾਇਆ ਹੈ,
ਜਿਨਾਂ ਨੂੰ ਬਦਲਣਾ ਉਨਾਂ ਲਈ ਬੜਾ ਮੁਸ਼ਕਲ ਹੁੰਦਾ ਹੈ। ਇਸ ਤਰਾਂ ਵਿਗਿਆਨ ਦੀ ਹਰ ਖੋਜ
ਜੋਤਿਸ਼ੀਆਂ ਨੂੰ ਉਸਲਵੱਟੇ ਲੈਣ ਲਈ ਮਜਬੂਰ ਕਰ ਦਿੰਦੀ ਹੈ।
ਅਸਲੀ ਸਥਿਤੀ ’ਤੇ ਵਿਖਾਈ ਦੇਣ ਵਾਲੀ ਸਥਿਤੀ
ਜੋਤਸ਼ੀਆਂ ਅਨੁਸਾਰ, ਜੇ ਬੱਚੇ ਦੇ ਜਨਮ ਸਮੇਂ ਵਿਚ ਇੱਕ ਸੈਕਿੰਡ ਦਾ ਫ਼ਰਕ ਵੀ ਪੈ ਜਾਵੇ
ਤਾਂ ਉਨਾਂ ਦਾ ਸਾਰਾ ਟੇਵਾ ਗ਼ਲਤ ਹੋ ਜਾਂਦਾ ਹੈ, ਪਰ ਜੋਤਸ਼ੀਆਂ ਨੂੰ ਇਹ ਨਹੀਂ ਪਤਾ ਕਿ
ਉਹ ਜਨਮ ਸਮੇਂ ਦੀ ਲਗਨ ਵਿਚ ਜਿਹੜੇ ਗ੍ਰਹਿਆਂ ਦੀ ਪੁਜ਼ੀਸ਼ਨ ਵੇਖਦੇ ਹਨ, ਉਹ ਨਕਲੀ
ਹੁੰਦੀ ਹੈ, ਅਸਲੀ ਨਹੀਂ। ਉਦਾਹਰਣ ਦੇ ਤੌਰ ’ਤੇ ਸੂਰਜ ਦੀ ਦੂਰੀ ਸਾਥੋਂ ਪੰਦਰਾਂ
ਕਰੋੜ ਕਿਲੋਮੀਟਰ ਹੈ। ਪ੍ਰਕਾਸ਼ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ
ਚਲਦਾ ਹੋਇਆ ਧਰਤੀ ’ਤੇ ਪਹੁੰਚਣ ਲਈ 500 ਸੈਕਿੰਡ ਭਾਵ 8 ਮਿੰਟ 20 ਸੈਕਿੰਡ ਲਾ
ਦਿੰਦਾ ਹੈ। ਹੁਣ ਸੂਰਜ ਦੀ ਅਸਲੀ ਪੁਜ਼ੀਸ਼ਨ ਤਾਂ 8 ਮਿੰਟ 20 ਸੈਕਿੰਡ ਪਹਿਲਾਂ ਵਾਲੀ
ਹੋਈ ਨਾ ਕਿ ਉਹ, ਜੋ ਵਿਖਾਈ ਦਿੰਦੀ ਹੈ। ਇਸ ਤਰਾਂ ਜੁਪੀਟਰ ਤੇ ਨੈਪਚੂਨ ਤੋਂ ਪ੍ਰਕਾਸ਼
ਪਹੁੰਚਣ ਨੂੰ ਘੰਟੇ ਲੱਗ ਜਾਂਦੇ ਨੇ।
ਗ੍ਰਹਿ ਦਾ ਮਨੁੱਖ ’ਤੇ ਪ੍ਰਭਾਵ
ਹੁਣ ਅਗਲਾ ਸੁਆਲ ਪੈਦਾ ਹੁੰਦਾ ਹੈ ਕਿ ਕੀ ਇਹ ਗ੍ਰਹਿ ਮਨੁੱਖੀ ਕਿਸਮਤ ’ਤੇ ਕੋਈ
ਪ੍ਰਭਾਵ ਨਹੀਂ ਪਾਉਂਦੇ? ਮੈਂ ਇਹ ਸਵੀਕਾਰ ਕਰਦਾ ਹਾਂ ਕਿ ਗ੍ਰਹਿਆਂ ਦਾ ਮਨੁੱਖੀ
ਕਿਸਮਤ ’ਤੇ ਪ੍ਰਭਾਵ ਵੀ ਜ਼ਰੂਰ ਪੈਂਦਾ ਹੈ। ਜੇ ਚੰਦਰਮਾ ਧਰਤੀ ਦੇ ਸਮੁੰਦਰਾਂ ਵਿਚ
ਆਪਣੀ ਗੁਰੂਤਾ ਸ਼ਕਤੀ ਨਾਲ ਜਵਾਰਭਾਟੇ ਲਿਆ ਸਕਦਾ ਹੈ ਤਾਂ ਮਨੁੱਖੀ ਮਨ ਵਿਚ ਵੀ ਤਰਲ
ਭਰਿਆ ਹੋਇਆ ਹੈ। ਉਸਦੇ ਉੱਪਰ ਚੰਦਰਮਾ ਦੀ ਖਿੱਚ ਸ਼ਕਤੀ ਦਾ ਕੋਈ ਪ੍ਰਭਾਵ ਨਹੀਂ ਹੋਊ,
ਇਹ ਕਿਵੇਂ ਹੋ ਸਕਦਾ ਹੈ? ਪਰ ਮੇਰਾ ਸੁਆਲ ਇਹ ਹੈ ਕਿ ਕੁੱਤੇ ਨੂੰ 21 ਦਿਨ ਰੋਟੀ
ਪਾਉਣ ਨਾਲ ਇਹ ਗੁਰੂਤਾ ਆਕਰਸ਼ਣ ਦਾ ਪ੍ਰਭਾਵ ਕਿਵੇਂ ਘਟ ਜਾਵੇਗਾ। ਮੈਂ ਤਾਂ ਆਪਣੀ
ਪੜਾਈ ਦੇ ਦੌਰਾਨ ਇਹ ਪੜਿਆ ਸੀ ਕਿ ਇਸ ਪ੍ਰਭਾਵ ਨੂੰ ਘਟਾਉਣ ਲਈ ਜਾਂ ਤਾਂ ਚੰਦਰਮਾ ਦਾ
ਭਾਰ ਘਟਾਉਣਾ ਪਊ ਜਾਂ ਉਸਦੀ ਦੂਰੀ ਨੂੰ ਵਧਾਉਣਾ ਪਊ, ਕਿਉਂਕਿ ਖਿੱਚ ਸ਼ਕਤੀ ਇਨਾਂ ਦੋ
ਚੀਜ਼ਾਂ ’ਤੇ ਹੀ ਨਿਰਭਰ ਹੁੰਦੀ ਹੈ। ਇੱਕ ਭਾਰ ਤੇ ਦੂਸਰੀ ਉਨਾਂ ਦੇ ਕੇਂਦਰਾਂ
ਵਿਚਕਾਰਲੀ ਦੂਰੀ। ਹੁਣ ਇਸ ਕੁੱਤੇ ਨੂੰ ਰੋਟੀ ਪਾਉਣ ਵਾਲੀ ਗੱਲ ਨੂੰ ਮੈਂ ਕਿਵੇਂ
ਆਪਣੇ ਦਿਮਾਗ਼ ਵਿਚ ਪਾਵਾਂ। ਇਹ ਤਾਂ ਨਿਊਟਨ ਦੇ ਗੁਰੂਤਾ ਖਿੱਚ ਦੇ ਨਿਯਮ ਦੀਆਂ
ਧੱਜੀਆਂ ਉਡਾਉਣ ਵਾਲੀ ਗੱਲ ਹੋਈ। ਵਿਗਿਆਨਕ ਗੱਲਾਂ ਦੀ ਜਾਣਕਾਰੀ ਹੋਣ ਕਰਕੇ ਮੇਰੇ
ਤਾਂ ਇਹ ਗੱਲ ਹਜ਼ਮ ਹੋ ਹੀ ਨਹੀਂ ਸਕਦੀ।
ਫਿਰ ਦੂਸਰੀ ਗੱਲ ਵੀ ਲੈ ਲਈਏ। ਇਨਾਂ ਗ੍ਰਹਿਆਂ ਦਾ ਪ੍ਰਭਾਵ ਮੇਰੇ ’ਤੇ ਕਿਵੇਂ
ਵੱਧ ਹੈ ਕਿਸੇ ਹੋਰ ’ਤੇ ਇਹ ਕਿਵੇਂ ਘੱਟ ਹੈ? ਕਦੇ ਵੀ ਕੋਈ ਜੋਤਿਸ਼ੀ ਇਸ ਗੱਲ ਦਾ
ਤਸੱਲੀਬਖ਼ਸ਼ ਜੁਆਬ ਨਹੀਂ ਦੇ ਸਕਦਾ। ਜੇ ਅਗਾਂਹ ਵੀ ਗੱਲ ਤੋਰੀਏ ਤਾਂ ਮੇਰੀ ਜੇਬ ਵਿਚੋਂ
ਕੁੱਝ ਪੈਸੇ ਨਿਕਲ ਕੇ, ਜਦੋਂ ਜੋਤਿਸ਼ੀ ਦੀ ਜੇਬ ਵਿਚ ਚਲੇ ਜਾਣਗੇ ਤਾਂ ਇਹ ਪ੍ਰਭਾਵ
ਕਿਵੇਂ ਖ਼ਤਮ ਹੋ ਜਾਵੇਗਾ। ਇਸ ਤੋਂ ਅਗਲੀ ਗੱਲ ਰਾਹੂ ਤੇ ਕੇਤੂ ਤੇ ਕੇਤੂ ਤਾਂ ਕੋਈ
ਗ੍ਰਹਿ ਹੀ ਨਹੀਂ ਫਿਰ ਉਹ ਕਿਵੇਂ ਪ੍ਰਭਾਵ ਪਾਉਣਗੇ। ਨਿਊਟਨ ਦੇ ਗੁਰੂਤਾ ਖਿੱਚ
ਅਨੁਸਾਰ ਤਾਂ ਜੇ ਕਿਸੇ ਚੀਜ਼ ਦਾ ਭਾਰ ਜ਼ੀਰੋ ਹੋਵੇਗਾ ਤਾਂ ਉਸਦਾ ਆਕਰਸ਼ਣ ਬਲ ਵੀ ਜ਼ੀਰੋ
ਹੀ ਹੋਵੇਗਾ। |