ਹੱਡੀ ਬੀਤੀ
ਲੱਖ ਰੁਪਏ ਦੀ ਗੱਲ
ਮੇਘ ਰਾਜ ਮਿੱਤਰ

ਮੇਰਾ ਤਾਇਆ ਚੰਭਾ ਰਾਮ ਮੇਰੇ ਬਾਪ ਦੇ ਸਕੇ ਤਾਏ ਦਾ ਪੁੱਤਰ ਸੀ। ਉਹ ਬੰਦਾ ਬਹੁਤ ਸਾਰੇ ਗੁਣਾਂ ਦੀ ਗੁਥਲੀ ਸੀ। ਰਾਤ ਨੂੰ ਤਾਇਆ ਜੀ ਸਾਨੂੰ ਕੁੱਝ ਮੁੰਡਿਆਂ ਨੂੰ ਇਕੱਠੇ ਕਰ ਲੈਂਦੇ ਫਿਰ ਉਨ੍ਹਾਂ ਨੂੰ ਗਣਿਤ ਦੇ ਗੁੰਝਲਦਾਰ ਸੁਆਲਾਂ ਦੀ ਝੜੀ ਲਾ ਦਿੰਦੇ। ਕਦੇ ਪੁੱਛਦੇ ਕਿ ‘ਮਣ ਧੇਲਿਆਂ ਦਾ ਭਾਰ ਕਿੰਨਾ ਹੋਵੇਗਾ? ਕਦੇ ਸੁਆਲ ਕਰਦੇ ਕਿ ‘‘ਸੀਤੇ ਦੀ ਮਾਂ ਦੇ ਤਿੰਨ ਪੁੱਤਰ ਇੱਕ ਦਾ ਨਾਂ ਅਠਿਆਨੀ ਦੂਜੇ ਦਾ ਨਾਂ ਚੁਆਨੀ ਤੀਜੇ ਦਾ ਨਾਂ ਦੱਸੋ? ਖ਼ੈਰ ਅਸੀਂ ਬਥੇਰਾ ਦਿਮਾਗ਼ ਖਪਾਈ ਕਰਦੇ ਜਦੋਂ ਸਾਨੂੰ ਕੁੱਝ ਨਾ ਸੁਝਦਾ ਤਾਂ ਉਹ ਸਾਥੋਂ ਭਿਆਂ ਕਰਵਾਉਂਦੇ ਤੇ ਫਿਰ ਸਾਨੂੰ ਜੁਆਬ ਦੱਸ ਦਿੰਦੇ। ਅੱਜ ਜੇ ਮੈਂ ਗਣਿਤ ਦੇ ਅਜਿਹੇ ਸੁਆਲਾਂ ਵਾਲੀਆਂ ਕਿਤਾਬਾਂ ਲਿਖਣ ਦੇ ਯੋਗ ਹੋਇਆ ਹਾਂ ਤਾਂ ਇਹ ਸਾਡੇ ਉਸ ਬਜ਼ੁਰਗ ਦੀ ਮੇਰੇ ਬਾਲ ਮਨ ਵਿੱਚ ਸਿਰਜੀ ਇਹ ਜਗਿਆਸਾ ਹੀ ਸੀ।

ਅੱਜ ਤੋਂ ਪੰਜਾਹ ਸੱਠ ਵਰ੍ਹੇ ਪਹਿਲਾਂ ਪੇਂਡੂ ਲੋਕਾਂ ਨੇ ਵਿਆਹਾਂ ਵਿਚ ਹਾਸਾ ਠੱਠਾ ਪੈਦਾ ਕਰਨ ਲਈ ਬਹੁਤ ਸਾਰੀਆਂ ਰਸਮਾਂ ਬਣਾਈਆਂ ਹੁੰਦੀਆਂ ਸਨ। ਬਾਰਾਤ ਦੇ ਰੋਟੀ ਖਾਣ ਵੇਲੇ ਕੁੜੀ ਵਾਲਿਆਂ ਦਾ ਕੋਈ ਸਕੀ ਸਬੰਧੀ ਅਜਿਹਾ ਗੀਤ ਗਾ ਦਿੰਦਾ ਜਿਸਦੇ ਕਿਸੇ ਦੋਹੇ ਵਿੱਚ ਬਰਾਤ ਨੂੰ ਬੰਨ੍ਹ ਦਿੱਤੇ ਜਾਣ ਦਾ ਜ਼ਿਕਰ ਹੁੰਦਾ ਸੀ। ਹੁਣ ਬਰਾਤੀਆਂ ਵਿਚੋਂ ਕਿਸੇ ਇੱਕ ਨੂੰ ਅਜਿਹਾ ਗੀਤ ਗਾਉਣਾ ਪੈਂਦਾ ਸੀ ਜਿਸਦੇ ਕਿਸੇ ਦੋਹੇ ਵਿੱਚ ਬੰਨ੍ਹੀ ਬਰਾਤ ਨੂੰ ਛੁਡਵਾਉਣ ਦਾ ਜ਼ਿਕਰ ਕਰਨਾ ਹੁੰਦਾ ਸੀ ਨਹੀਂ ਤਾਂ ਉਨਾ ਚਿਰ ਬਰਾਤ ਰੋਟੀ ਨਹੀਂ ਖਾ ਸਕਦੀ ਸੀ। ਮੇਰੇ ਤਾਏ ਚੰਬੇ ਰਾਮ ਨੂੰ ਬਰਾਤ ਨੂੰ ਬੰਨ੍ਹਣ ਦਾ ਅਤੇ ਬੰਨ੍ਹੀ ਬਰਾਤ ਨੂੰ ਛੁਡਵਾਉਣ ਦਾ ਹੁਨਰ ਸੀ, ਉਹ ਜਦੋਂ ਉੱਚੀ ਹੇਕ ਲਾ ਕੇ ਆਪਣੇ ਲਿਖੇ ਗੀਤ ਗਾਉਂਦਾ ਤਾਂ ਸਾਰੇ ਬਰਾਤੀ ਅਤੇ ਸਕੇ ਸਬੰਧੀ ਅਸ਼-ਅਸ਼ ਕਰ ਉੱਠਦੇ।

ਇੱਕ ਦਿਨ ਤਾਇਆ ਚੰਭਾ ਰਾਮ ਜੀ ਕਹਿਣ ਲੱਗੇ ਕਿ ‘‘ਅੱਜ ਮੈਂ ਤੁਹਾਨੂੰ ਇੱਕ ਪੈਸੇ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦੀ ਗੱਲ ਸੁਣਾ ਰਿਹਾ ਹਾਂ। ਇੱਕ ਪੈਸੇ ਦੀ ਗੱਲ ਤਾਂ ਇਹ ਹੈ ਕਿ ਕਮੀਜ਼ ਨਾਲ ਜੇ ਧਾਗਾ ਲਟਕਦਾ ਹੋਵੇ ਉਸਨੂੰ ਖਿੱਚ ਕੇ ਨਾ ਤੋੜੀਏ ਸਗੋਂ ਕੈਂਚੀ ਨਾਲ ਕੱਟੀਏ।’’ ਮੈਂ ਪੁੱਛਿਆ ‘‘ਇਹ ਗੱਲ ਇੱਕ ਪੈਸੇ ਦੀ ਕਿਵੇਂ ਹੋਈ?’’ ਤਾਂ ਉਹ ਕਹਿਣ ਲੱਗੇ ਕਿ ਜੇ ਕਮੀਜ਼ ਵਿੱਚੋਂ ਨਿਕਲਿਆ ਧਾਗਾ ਖਿੱਚ ਕੇ ਤੋੜਿਆ ਜਾਵੇਗਾ ਤਾਂ ਇਹ ਕਮੀਜ਼ ਨੂੰ ਪਾੜ ਸਕਦਾ ਹੈ। ਇਸ ਤਰ੍ਹਾਂ ਕਰਦੇ ਹੋਏ ਉਹ ਕਹਿਣ ਲੱਗੇ ਕਿ ਕਿਸੇ ਜਾਨਵਰ ਦੇ ਸੋਟੀ ਮਾਰਨ ਤੋਂ ਪਹਿਲਾਂ ਆਲਾ-ਦੁਆਲਾ ਚੰਗੀ ਤਰ੍ਹਾਂ ਵੇਖ ਲੈਣਾ ਚਾਹੀਦਾ ਹੈ ਇਹ ਗੱਲ ਦਸ ਰੁਪਏ ਦੀ ਹੈ। ਇੰਝ ਸਮਾਂ ਬੀਤਦਾ ਗਿਆ ਅਤੇ ਸਮੇਂ ਦੇ ਨਾਲ ਹੀ ਤਾਇਆ ਜੀ ਬੀਤ ਗਏ। ਪਿੱਛੇ ਛੱਡ ਗਏ ਮੇਰੀ ਤਾਈ ਭਾਗਵੰਤੀ ਨੂੰ ਜਿਨ੍ਹਾਂ ਨੂੰ ਭਾਗੋ ਕਹਿ ਕੇ ਬੁਲਾਇਆ ਜਾਂਦਾ ਸੀ। ਤਾਈ ਭਾਗੋ ਦਾ ਸੁਭਾਅ ਐਨਾ ਮਿੱਠਾ ਸੀ ਕਿ ਪੂਰਾ ਪਿੰਡ ਹੀ ਉਨ੍ਹਾਂ ਦਾ ਇਸ ਗੱਲੋਂ ਪ੍ਰਸੰਸਕ ਸੀ। ਮੇਰੇ ਜਨਮ ਸਮੇਂ ਮੇਰੀ ਮਾਂ ਨੂੰ ਇਹ ਭਰਮ ਸੀ ਕਿ ‘‘ਜੇ ਮੈਂ ਆਪਣੇ ਪੁੱਤ ਨੂੰ ਕਿਸੇ ਅਜਿਹੇ ਵਿਅਕਤੀ ਕੋਲੋਂ ਗੁੜਤੀ ਦੁਆਵਾਂ ਜਿਸਦਾ ਸੁਭਾਅ ਮਿੱਠਾ ਹੋਵੇ ਤਾਂ ਮੇਰਾ ਪੁੱਤਰ ਵੀ ਮਿੱਠੇ ਸੁਭਾਅ ਵਾਲਾ ਬਣ ਜਾਵੇਗਾ।’’ ਉਸਨੇ ਇਸ ਕੰਮ ਲਈ ਮੇਰੀ ਤਾਈ ਭਾਗੋ ਨੂੰ ਹੀ ਚੁਣਿਆ। ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਤਾਈ ਭਾਗੋ ਦੀ ਗੁੜਤੀ ਦਾ ਕੋਈ ਅਸਰ ਮੇਰੇ ਤੇ ਹੋਇਆ ਜਾਂ ਨਾ ਹੋਇਆ ਪਰ ਇਹ ਗੱਲ ਜ਼ਰੂਰ ਕਹਿ ਸਕਦਾ ਹਾਂ ਕਿ ਕਿਸੇ ਵਿਅਕਤੀ ਦੇ ਸੁਭਾਅ ਦਾ ਸਿਰਜਣਹਾਰ ਉਸਦਾ ਆਲਾ-ਦੁਆਲਾ ਹੀ ਹੁੰਦਾ ਹੈ। ਬੱਚਿਆਂ ਦੀ ਸਰੀਰਕ ਬਣਤਰ ਵਾਲੇ ਜ਼ਿਕਰਾ ਗੁਣ ਉਨ੍ਹਾਂ ਦੇ ਮਾਪਿਆਂ ਵੱਲੋਂ ਜੀਨਾਂ ਦੇ ਰੂਪ ਵਿੱਚ ਹੀ ਮਿਲਦੇ ਹਨ ਪਰ ਸੁਭਾਅ ਵਾਲੇ ਗੁਣ ਤਾਂ ਆਲੇ-ਦੁਆਲੇ ਤੋਂ ਹੀ ਪ੍ਰਾਪਤ ਹੁੰਦੇ ਹਨ।

ਜਦੋਂ ਮੈਂ ਦਸ ਕੁ ਸਾਲ ਦਾ ਹੋਇਆ ਤਾਂ ਇੱਕ ਦਿਨ ਤ੍ਰਿਕਾਲਾਂ ਸਮੇਂ ਮੈਨੂੰ ਮੇਰੇ ਪਿਤਾ ਜੀ ਨੇ ਦੁਕਾਨ ਦੀ ਛੱਤ ਤੇ ਬੁਲਾਇਆ। ਸਾਡੀ ਦੁਕਾਨ ਸਾਡੇ ਘਰ ਤੋਂ ਪੰਜਾਹ ਕੁ ਗਜ਼ ਦੀ ਵਿੱਥ ਤੇ ਸੀ। ਪਿਤਾ ਜੀ ਕਹਿਣ ਲੱਗੇ, ‘‘ਮੇਘ, ਰਾਤ ਨੂੰ ਸਿਰਹਾਣੇ ਕੁੱਤੇ ਬਹੁਤ ਭੌਂਕਦੇ ਨੇ ਘਰੋਂ ਡਾਂਗ ਚੁੱਕ ਕੇ ਲਿਆ।’’ ਮੈਂ ਇਹ ਸੋਚਦਾ ਹੋਇਆ ਕਿ ਕੁੱਤੇ ਬੜੇ ਭੈੜੇ ਹੁੰਦੇ ਨੇ ਘਰੋਂ ਸੋਟੀ ਚੁੱਕ ਲਿਆਇਆ। ਰਸਤੇ ਵਿੱਚ ਮੇਰਾ ਚਾਚਾ ਟ੍ਰੈਕਟਰ ਪਿੱਛੇ ਬੈਠਾ ਦੀਵੇ ਦੀ ਰੌਸ਼ਨੀ ਵਿੱਚ ਟ੍ਰੈਕਟਰ ਦੀ ਲਿਫਟ ਨੂੰ ਠੀਕ ਕਰਨ ਵਿੱਚ ਰੁੱਝਿਆ ਹੋਇਆ ਸੀ। ਦੀਵੇ ਦੀ ਰੌਸ਼ਨੀ ਕਾਰਨ ਕੰਧ ਤੇ ਪੈ ਰਹੇ ਪਰਛਾਵੇਂ ਨੇ ਕੁੱਤੇ ਦਾ ਪ੍ਰਤੀਬਿੰਬ ਸਿਰਜ ਦਿੱਤਾ। ਕੁੱਤਿਆਂ ਪ੍ਰਤੀ ਮੇਰੀ ਨਫ਼ਰਤ ਨੇ ਨਾ ਆਲਾ ਵੇਖਿਆ ਨਾ ਦੁਆਲਾ। ਮੈਂ ਦੋਹਾਂ ਹੱਥਾਂ ਨਾਲ ਵੱਟ ਕੇ ਸੋਟੀ ਕੁੱਤੇ ਦੇ ਸਿਰ ਵਿੱਚ ਧਰ ਦਿੱਤੀ। ਇਸਦੇ ਨਾਲ ਹੀ ਡਾਂਗ ਦਰਵਾਜੇ ਅਤੇ ਗਲੀ ਦੇ ਵਿਚਕਾਰ ਮੰਜਾ ਡਾਹ ਕੇ ਸੁੱਤੀ ਪਈ ਮੇਰੀ ਤਾਈ ਦੀ ਪੁੜਪੁੜੀ ਤੇ ਜਾ ਲੱਗੀ ਸੀ। ਇੱਕ ਚੀਕ ਸੁਣਾਈ ਦਿੱਤੀ। ਹਾਏ ਬੂ ਮਾਰਤੀ। ਮੇਰੇ ਚਾਚੇ ਨੇ ਦੀਵੇ ਦਾ ਚਾਨਣ ਕੀਤਾ ਤੇ ਵੇਖਿਆ ਕਿ ਮੇਰੀ ਤਾਈ ਭਾਗੋ ਦੀ ਕੰਨਵਟੀ ਵਿਚੋਂ ਖ਼ੂਨ ਦੀ ਤਤੀਰੀ ਬਹਿ ਰਹੀ ਸੀ। ਮੈਂ ਆਪਣੀ ਮਾਂ ਨੂੰ ਹਾਕ ਮਾਰਨ ਹੀ ਲੱਗਿਆ ਸਾਂ ਕਿ ਮੇਰਾ ਚਾਚਾ ਦੀਨਾ ਨਾਥ ਕਹਿਣ ਲੱਗਿਆ। ‘‘ਚੁੱਪ ਕਰ ਜੇ ਬੁੜੀ ਮਰ ਗਈ ਤਾਂ ਹੁਣੇ ਹੀ ਟ੍ਰੈਕਟਰ ਤੇ ਲੱਦ ਕੇ ਲੈ ਜਾਵਾਂਗੇ ਤੇ ਫੂਕ ਦੇਵਾਂਗੇ।’’

ਕੁੱਝ ਸਮੇਂ ਵਿੱਚ ਹੀ ਸਾਰਾ ਗਲੀ ਮੁਹੱਲਾ ਇਕੱਠਾ ਹੋ ਗਿਆ। ਘਰ ਵਾਲਿਆਂ ਨੇ ਮੈਨੂੰ ਤਾਂ ਤੂੜੀ ਵਾਲੇ ਕੋਠੇ ਵਿਚ ਛੁਪਾ ਦਿੱਤਾ। ਤਾਈ ਨੂੰ ਪਿੰਡ ਦੇ ਡਾਕਟਰ ਕੋਲ ਲਿਜਾਇਆ ਗਿਆ। ਮਹੀਨੇ ਭਰ ਲਈ ਤਾਈ ਦੀ ਮੱਲ੍ਹਮ ਪੱਟੀ ਚੱਲਦੀ ਰਹੀ। ਅੱਜ ਵੀ ਮੈਨੂੰ ਯਾਦ ਹੈ ਕਿ ਤਾਏ ਦੀ ਦੱਸੀ ਹੋਈ ਦਸ ਰੁਪਏ ਵਾਲੀ ਗੱਲ ਮੇਰੇ ਬਾਪ ਨੂੰ ਪੰਜਾਹਵਿਆਂ ਦੇ ਅਖ਼ੀਰਲੇ ਵਰ੍ਹੇ ਵਿਚ ਲਗਭਗ ਸੌ ਰੁਪਏ ਵਿਚ ਪਈ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਿਆਣੇ ਦੇ ਕਹੇ ਦਾ ਤੇ ਔਲੇ ਦੇ ਖਾਧੇ ਦਾ ਬਾਅਦ ਵਿੱਚ ਹੀ ਪਤਾ ਲੱਗਦਾ ਹੈ।
- ਮੇਘ ਰਾਜ ਮਿੱਤਰ

hore-arrow1gif.gif (1195 bytes)


Terms and Conditions
Privacy Policy
© 1999-2009, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2009, 5abi.com